ਪੰਜਾਬ ਸਰਕਾਰ ਨੇ 28 ਗੈਂਗਸਟਰਾਂ 'ਤੇ 2 ਕਰੋੜ ਦਾ ਇਨਾਮ ਐਲਾਨਿਆਂ, ਇਹ ਗੈਂਗਸਟਰ ਕੌਣ ਹਨ? ਇਸ ਜਨਤਕ ਮੁਹਿੰਮ 'ਤੇ ਕੀ ਸਵਾਲ ਉੱਠੇ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 6 ਮਿੰਟ

ਪੰਜਾਬ ਸਰਕਾਰ ਨੇ 28 ਭਗੌੜੇ ਗੈਂਗਸਟਰਾਂ ਉੱਤੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿੱਚ ਪੰਜਾਬ ਸਰਕਾਰ ਨੇ ਅਖ਼ਬਾਰਾਂ ਵਿੱਚ ਸ਼ੁੱਕਰਵਾਰ ਨੂੰ ਬਕਾਇਦਾ ਇਸ਼ਤਿਹਾਰ ਜਾਰੀ ਕੀਤਾ ਹੈ, ਜਿਸ ਦੇ ਮੁਤਾਬਕ ਫ਼ਰਾਰ 28 ਗੈਂਗਸਟਰਾਂ ਦੀ ਸੂਹ ਦੇਣ ਵਾਲਿਆਂ ਨੂੰ 5 ਲੱਖ ਤੋਂ 10 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਗਿਆ ਹੈ।

ਯਾਦ ਰਹੇ, ਜਿੰਨਾ ਗੈਂਗਸਟਰਾਂ ਉੱਤੇ ਪੰਜਾਬ ਪੁਲਿਸ ਨੇ ਨਕਦ ਇਨਾਮ ਦਾ ਐਲਾਨ ਕੀਤਾ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਵਿਦੇਸ਼ ਦੀ ਧਰਤੀ 'ਤੇ ਹਨ। ਇਨ੍ਹਾਂ 'ਤੇ ਪੰਜਾਬ ਵਿੱਚ ਫਿਰੌਤੀ, ਨਸ਼ਾ ਤਸਕਰੀ, ਕਤਲ ਅਤੇ ਹੋਰ ਅਪਰਾਧਾਂ ਦਾ ਰੈਕਟ ਚਲਾਉਣ ਦੇ ਇਲਜ਼ਾਮ ਹਨ।

ਗੈਂਗਸਟਰਾਂ ਖ਼ਿਲਾਫ਼ ਪੰਜਾਬ ਪੁਲਿਸ ਨੇ "ਗੈਂਗਸਟਰ-ਮੁਕਤ ਪੰਜਾਬ" ਮੁਹਿੰਮ ਵੀ ਸ਼ੁਰੂ ਕੀਤੀ ਹੋਈ ਹੈ।

ਪੰਜਾਬ ਸਰਕਾਰ ਨੇ ਅਖ਼ਬਾਰਾਂ ਵਿੱਚ ਪੂਰੇ ਪੰਨੇ ਦਾ ਇਸ਼ਤਿਹਾਰ ਜਾਰੀ ਕੀਤਾ ਹੈ, ਜਿਸ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਮੁਲਜ਼ਮਾਂ ਤੋਂ ਲੈ ਕੇ ਮੁਹਾਲੀ ਆਰ.ਪੀ.ਜੀ ਹਮਲੇ ਲਈ ਲੋੜੀਂਦੇ ਗੈਂਗਸਟਰਾਂ ਨੂੰ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਗੋਲਡੀ ਬਰਾੜ ਅਤੇ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਦਾ ਨਾਮ ਵੀ ਪ੍ਰਮੁੱਖ ਤੌਰ 'ਤੇ ਸ਼ਾਮਲ ਹੈ।

"ਗੈਂਗਸਟਰ ਮੁਕਤ ਪੰਜਾਬ, ਤੁਹਾਡੀ ਜਾਣਕਾਰੀ, ਸਾਡੀ ਕਾਰਵਾਈ" ਮੁਹਿੰਮ ਤਹਿਤ ਪੰਜਾਬ ਸਰਕਾਰ ਨੇ ਪਹਿਲੀ ਵਾਰ ਗ੍ਰਿਫਤਾਰੀ ਵਿੱਚ ਸਹਾਇਤਾ, ਪੁਖ਼ਤਾ ਅਤੇ ਭਰੋਸੇਮੰਦ ਸੂਚਨਾ ਦੇਣ ਵਾਲਿਆਂ ਲਈ ਨਕਦ ਇਨਾਮ ਦਾ ਐਲਾਨ ਕੀਤਾ ਹੈ। ਸਰਕਾਰ ਨੇ ਸੂਚਨਾ ਦੇਣ ਲਈ ਇੱਕ ਫ਼ੋਨ ਨੰਬਰ 93946-93946 ਵੀ ਜਾਰੀ ਕੀਤਾ ਹੈ ਅਤੇ ਸੂਚਨਾ ਦੇਣ ਵਾਲੇ ਦੀ ਜਾਣਕਾਰੀ ਗੁਪਤ ਰੱਖਣ ਦੀ ਗੱਲ ਵੀ ਆਖੀ ਹੈ।

ਕਿਹੜੇ ਗੈਂਗਸਟਰ 'ਤੇ ਕਿੰਨਾ ਇਨਾਮ ?

ਜਿਨਾਂ ਗੈਂਗਸਟਰਾਂ ਦੀ ਜਾਣਕਾਰੀ ਦੇਣ ਲਈ ਦਸ ਲੱਖ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ, ਉਸ ਸੂਚੀ ਵਿੱਚ ਸਭ ਤੋਂ ਪਹਿਲਾਂ ਨਾਮ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦਾ ਹੈ।

ਇਸ ਤੋਂ ਇਲਾਵਾ ਤਰਨਤਾਰਨ ਜ਼ਿਲ੍ਹੇ ਦੇ ਹਰੀਕੇ ਦੇ ਰਹਿਣ ਵਾਲੇ ਲਖਬੀਰ ਸਿੰਘ ਉਰਫ਼ ਲੰਡਾ ਦਾ ਨਾਮ ਵੀ ਸ਼ਾਮਲ ਹੈ।

ਲੰਡਾ ਨੂੰ ਭਾਰਤ ਸਰਕਾਰ ਪਹਿਲਾਂ ਹੀ ਪਾਬੰਦੀਸ਼ੁਦਾ ਬੱਬਰ ਖ਼ਾਲਸਾ ਇੰਟਰਨੈਸ਼ਨਲ ਖਾੜਕੂ ਐਲਾਨ ਚੁੱਕੀ ਹੈ ਅਤੇ ਹੁਣ ਪੰਜਾਬ ਸਰਕਾਰ ਨੇ ਉਸ ਦੀ ਸੂਹ ਦੇਣ ਵਾਲਿਆਂ ਨੂੰ ਦਸ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।

ਪੰਜਾਬ ਪੁਲਿਸ ਦੀ ਦਸ ਲੱਖ ਦੀ ਇਨਾਮੀ ਸੂਚੀ ਵਿੱਚ ਤਰਨਤਾਰਨ ਜ਼ਿਲ੍ਹੇ ਨਾਲ ਹੀ ਸਬੰਧਿਤ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਦਾ ਨਾਮ ਵੀ ਹੈ, ਜੋ ਕਿ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੂੰ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ।

ਇਸੇ ਤਰ੍ਹਾਂ ਗੌਰਵ ਪਟਿਆਲ, ਉਰਫ਼ ਲੱਕੀ ਪਟਿਆਲ ਦਾ ਨਾਮ ਵੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਪੰਜਾਬ ਪੁਲਿਸ ਮੁਤਾਬਕ ਲੱਕੀ ਪਟਿਆਲ ਵਿਦੇਸ਼ ਵਿੱਚ ਰਹਿ ਕੇ ਦਵਿੰਦਰ ਬੰਬੀਹਾ ਗੈਂਗ ਨੂੰ ਚਲਾਉਂਦਾ ਹੈ ਅਤੇ ਉਸ ਵਿਰੁੱਧ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਈ ਅਪਰਾਧਕ ਮਾਮਲੇ ਦਰਜ ਹਨ।

ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਿਤ ਪੱਤੀ ਬਲੇਲ ਪਿੰਡ ਦਾ ਰਹਿਣ ਵਾਲਾ ਬਲਵਿੰਦਰ ਸਿੰਘ ਦੋਨੀ ਉਰਫ਼ ਡੋਨੀ ਬੱਲ, ਤਰਨਤਾਰਨ ਦੇ ਦਾਸੂਵਾਲ ਪਿੰਡ ਦਾ ਰਹਿਣ ਵਾਲਾ ਪ੍ਰਭਦੀਪ ਸਿੰਘ ਉਰਫ਼ ਪ੍ਰਭ ਦਾਸੂਵਾਲ, ਤਰਨਤਾਰਨ ਨਾਲ ਸਬੰਧਿਤ ਸਤਬੀਰ ਸਿੰਘ, ਬਟਾਲਾ ਨਾਲ ਸਬੰਧਿਤ ਸਰਵਨ ਸਿੰਘ, ਰਾਜਸਥਾਨ ਦੇ ਬੀਕਾਨੇਰ ਨਾਲ ਸਬੰਧਿਤ ਰੋਹਿਤ ਗੋਦਰਾ ਦਾ ਨਾਮ ਵੀ ਪੰਜਾਬ ਪੁਲਿਸ ਨੇ ਦਸ ਲੱਖ ਰੁਪਏ ਵਾਲੀ ਇਨਾਮੀ ਸੂਚੀ ਵਿੱਚ ਸ਼ਾਮਲ ਕੀਤਾ ਹੈ।

ਪੰਜ ਲੱਖ ਦੀ ਇਨਾਮੀ ਸੂਚੀ ਵਿੱਚ 19 ਗੈਂਗਸਟਰਾਂ ਦੇ ਨਾਮ ਸ਼ਾਮਲ ਹਨ, ਜਿਨ੍ਹਾਂ ਵਿੱਚ ਰਾਜਸਥਾਨ ਦੇ ਅਲਵਰ ਦੇ ਰਹਿਣ ਵਾਲੇ ਹੈਰੀ ਬਾਕਸਰ (ਹਰੀਚੰਦ), ਤਰਨਤਾਰਨ ਦੇ ਗੁਰਵਿੰਦਰ ਸਿੰਘ, ਅੰਮ੍ਰਿਤਸਰ ਜ਼ਿਲ੍ਹੇ ਦੇ ਅਦਿੱਤਿਆ ਕਪੂਰ, ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਿਤ ਅਮਰਜੀਤ ਸਿੰਘ, ਮਨਪ੍ਰੀਤ ਸਿੰਘ (ਅੰਮ੍ਰਿਤਸਰ), ਜੋਬਨਜੀਤ ਸਿੰਘ (ਅੰਮ੍ਰਿਤਸਰ),ਵਰਿੰਦਰ ਸਿੰਘ (ਅੰਮ੍ਰਿਤਸਰ), ਸੁਪ੍ਰੀਤ ਸਿੰਘ (ਅੰਮ੍ਰਿਤਸਰ) ਸਮੇਤ ਹੋਰਨਾਂ ਦੇ ਨਾਮ ਸ਼ਾਮਲ ਹਨ।

ਵਿਦੇਸ਼ ਬੈਠੇ ਗੈਂਗਸਟਰਾਂ ਨਾਲ ਪੰਜਾਬ ਪੁਲਿਸ ਕਿਵੇਂ ਨਜਿੱਠੇਗੀ ?

ਹਾਲਾਂਕਿ ਪੰਜਾਬ ਵਿੱਚ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਤਹਿਤ ਪੰਜਾਬ ਵਿੱਚ ਇਨ੍ਹਾਂ ਦੀ ਮਦਦ ਕਰਨ ਵਾਲੇ ਅਤੇ ਇਨ੍ਹਾਂ ਦੇ ਸਕੇ-ਸੰਬੰਧੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਵਿਦੇਸ਼ ਬੈਠੇ ਗੈਂਗਸਟਰ ਸਰਕਾਰ ਲਈ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਹਨ।

ਵਿਦੇਸ਼ ਬੈਠੇ ਗੈਂਗਸਟਰਾਂ ਅਤੇ ਹੋਰ ਅਪਰਾਧੀਆਂ ਨੂੰ ਵਾਪਸ ਭਾਰਤ ਲਿਆਉਣ ਲਈ ਇਸ ਸਾਲ ਜਨਵਰੀ ਮਹੀਨੇ ਵਿੱਚ ਪੰਜਾਬ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਅਧੀਨ, ਓਵਰਸੀਜ਼ ਫਿਊਜੀਟਿਵ ਟ੍ਰੈਕਿੰਗ ਐਂਡ ਐਕਸਟ੍ਰਾਡੀਸ਼ਨ ਸੈੱਲ (ਓਫਟੈੱਕ ) ਸਥਾਪਤ ਕੀਤਾ ਗਿਆ ਸੀ, ਜਿਸ ਦਾ ਕੰਮ ਵਿਦੇਸ਼ ਬੈਠੇ ਭਗੌੜੇ ਅਪਰਾਧੀਆਂ ਨੂੰ ਟ੍ਰੈਕ ਕਰਨਾ, ਉਨ੍ਹਾਂ ਦੀ ਲੋਕੇਸ਼ਨ ਲੱਭਣਾ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਲਈ ਸਪੁਰਦਗੀ (ਐਕਸਟ੍ਰਾਡੀਸ਼ਨ) ਜਾਂ ਡਿਪੋਰਟੇਸ਼ਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਹੈ।

ਪੰਜਾਬ ਦੇ ਇਸ ਸੈੱਲ ਦੀ ਅਗਵਾਈ ਡੀ ਆਈ ਜੀ ਅਸ਼ੀਸ਼ ਚੌਧਰੀ (ਆਈ ਪੀ ਐਸ) ਕਰ ਰਹੇ ਹਨ, ਜੋ ਪਹਿਲਾਂ ਕੇਂਦਰੀ ਜਾਂਚ ਏਜੰਸੀ (ਐਨਆਈਏ) ਵਿੱਚ ਕੰਮ ਕਰ ਚੁੱਕੇ ਹਨ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਅਸ਼ੀਸ਼ ਚੌਧਰੀ ਨੇ ਦੱਸਿਆ ਕਿ ਇਸ ਸੈੱਲ ਦਾ ਮੁੱਖ ਕੰਮ ਵਿਦੇਸ਼ੀ ਗੈਂਗਸਟਰਾਂ ਨੂੰ ਟਰੈਕ ਕਰਨਾ, ਉਨ੍ਹਾਂ ਬਾਰੇ ਸੂਚਨਾ ਗ੍ਰਹਿ ਵਿਭਾਗ, ਵਿਦੇਸ਼ ਮੰਤਰਾਲੇ ਅਤੇ ਹੋਰ ਭਾਰਤੀ ਏਜੰਸੀਆਂ ਤੋਂ ਇਲਾਵਾ ਵਿਦੇਸ਼ ਸਥਿਤ ਭਾਰਤੀ ਦੂਤਾਵਾਸ ਅਤੇ ਇੰਟਰਪੋਲ ਨਾਲ ਸਾਂਝਾ ਕਰਕੇ ਉਨ੍ਹਾਂ ਨੂੰ ਭਾਰਤ ਲਿਆਉਣਾ ਹੈ।

ਉਨ੍ਹਾਂ ਦੱਸਿਆ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਉੱਤੇ ਉਨ੍ਹਾਂ ਦੀ ਨਜ਼ਰ ਹੈ, ਜਿਸ 'ਚੋਂ ਕਈਆਂ ਦੇ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਦੁਬਈ ਤੋਂ ਉਨ੍ਹਾਂ ਦੇ ਸੈਲ ਵੱਲੋਂ ਕੀਤੀ ਗਈ ਕਾਰਵਾਈ ਦੇ ਤਹਿਤ ਹੀ ਭਾਰਤ ਲਿਆਂਦਾ ਗਿਆ ਹੈ।

ਅੰਮ੍ਰਿਤਪਾਲ ਸਿੰਘ ਮਹਿਰੋਂ 'ਤੇ ਜੂਨ 2025 ਵਿੱਚ ਬਠਿੰਡਾ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ 'ਕਮਲ ਕੌਰ ਭਾਬੀ' ਦੇ ਕਤਲ ਦਾ ਇਲਜ਼ਾਮ ਹੈ।

ਪੰਜਾਬ ਪੁਲਿਸ ਦੇ ਇੱਕ ਹੋਰ ਸੀਨੀਅਰ ਅਧਿਕਾਰੀ ਮੁਤਾਬਕ ਜ਼ਿਆਦਾਤਰ ਗੈਂਗਸਟਰ ਵਿਦੇਸ਼ ਤੋਂ ਪੰਜਾਬ ਵਿੱਚ ਆਪਣੇ ਸਾਥੀਆਂ ਦੀ ਮਦਦ ਨਾਲ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਗੈਂਗਸਟਰ ਫਿਰੌਤੀ, ਕਤਲ, ਹਥਿਆਰਾਂ ਦੀ ਤਸਕਰੀ, ਡਰੱਗਜ਼ ਆਦਿ ਅਪਰਾਧਾਂ ਨੂੰ ਅੰਜਾਮ ਦੇ ਰਹੇ ਹਨ।

ਗੈਂਗਸਟਰਾਂ ਲਈ ਜਾਰੀ ਇਨਾਮੀ ਰਾਸ਼ੀ 'ਤੇ ਸੱਤਾ ਧਿਰ ਅਤੇ ਵਿਰੋਧੀ ਕੀ ਕਹਿ ਰਹੇ ?

ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਮੁਤਾਬਕ, ਪੰਜਾਬ ਸਰਕਾਰ ਨੇ ਗੈਂਗਸਟਰਾਂ ਅਤੇ ਅਪਰਾਧੀਆਂ ਖਿਲਾਫ਼ ਸਖ਼ਤ ਨੀਤੀ ਅਪਣਾਈ ਹੋਈ ਹੈ।

ਸ਼ੁੱਕਰਵਾਰ ਨੂੰ ਪਾਰਟੀ ਵਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਉਨ੍ਹਾਂ ਕਿਹਾ ਹੈ ਕਿ ਜੇਕਰ ਕੋਈ ਅਪਰਾਧੀ ਜਾਂ ਗੈਂਗਸਟਰ ਪੰਜਾਬ ਵਿੱਚ ਅਪਰਾਧ ਕਰਨ ਤੋਂ ਬਾਅਦ ਕਿਸੇ ਦੂਜੇ ਦੇਸ਼ ਵਿੱਚ ਭੱਜ ਜਾਂਦਾ ਹੈ ਤਾਂ ਸਰਕਾਰ ਉਸ ਨੂੰ ਭਾਰਤ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਉਸ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲ ਸਕੇ।

ਦੂਜੇ ਪਾਸੇ, ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਦੀ ਸੂਚਨਾ ਦੇਣ ਲਈ ਇਨਾਮੀ ਰਾਸ਼ੀ ਵਾਲੇ ਇਸ਼ਤਿਹਾਰ 'ਤੇ ਸਵਾਲ ਚੁੱਕੇ ਹਨ।

ਐਕਸ 'ਤੇ ਪੋਸਟ ਵਿੱਚ ਸੀਨੀਅਰ ਭਾਜਪਾ ਆਗੂ ਨੇ ਲਿਖਿਆ, "ਭਗਵੰਤ ਮਾਨ ਸਰਕਾਰ ਦੇ ਗੈਂਗਸਟਰ ਸੱਭਿਆਚਾਰ ਨੂੰ ਖਤਮ ਕਰਨ 'ਚ ਅਸਫਲ ਰਹਿਣ ਤੋਂ ਬਾਅਦ, ਇਨ੍ਹਾਂ ਦੀ ਸੂਚਨਾ ਦੇਣ ਵਾਲੇ ਲੋਕਾਂ ਲਈ ਨਕਦ ਇਨਾਮ ਦਾ ਐਲਾਨ ਕਰਨਾ ਕਾਨੂੰਨ ਵਿਵਸਥਾ ਉੱਤੇ ਇੱਕ ਸ਼ਰਮਨਾਕ ਟਿੱਪਣੀ ਹੈ।"

ਤਰੁਣ ਚੁੱਘ ਲਿਖਦੇ ਹਨ, " ਗੈਂਗਸਟਰਾਂ ਨੂੰ 'ਆਪ' ਸਰਕਾਰ ਵੱਲੋਂ ਸਰਪ੍ਰਸਤੀ ਦਿੱਤੀ ਜਾ ਰਹੀ ਹੈ ਅਤੇ ਗੈਂਗਸਟਰਾਂ ਨੂੰ ਖਤਮ ਕਰਨ 'ਚ ਸਰਕਾਰ ਨਾਕਾਮਯਾਬ ਰਹੀ ਹੈ।"

ਚੁੱਘ ਮੁਤਾਬਕ ਜਿਸ ਸਰਕਾਰ ਨੂੰ ਗੈਂਗਸਟਰਾਂ ਨੂੰ ਫੜਨ ਲਈ ਨਾਗਰਿਕਾਂ ਨੂੰ ਨਕਦ ਇਨਾਮ ਐਲਾਨਣੇ ਪੈ ਰਹੇ ਹਨ, ਉਹ ਮੁੱਢਲੇ ਤੌਰ 'ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)