ਜੰਗ ਵਿਚਾਲੇ ਵੀ ਯਾਤਰੀ ਜਹਾਜ਼ ਕਿਵੇਂ ਉਡਾਣ ਭਰ ਰਹੇ ?

    • ਲੇਖਕ, ਜੌਰਜ ਸੈਂਡੇਮਨ
    • ਰੋਲ, ਬੀਬੀਸੀ
  • ਪੜ੍ਹਨ ਦਾ ਸਮਾਂ: 6 ਮਿੰਟ

ਪਿਛਲੇ ਦੋ ਹਫ਼ਤਿਆਂ ਤੋਂ ਈਰਾਨ ਅਤੇ ਖਾੜੀ ਮੁਲਕਾਂ ਦੇ ਅਸਮਾਨ ਵਿੱਚ ਡਰੋਨ ਅਤੇ ਮਿਜ਼ਾਈਲਾਂ ਦੀ ਗੂੰਜ ਸੁਣਨ ਨੂੰ ਮਿਲ ਰਹੀ ਹੈ ਤਾਂ ਅਜਿਹੇ 'ਚ ਏਅਰ ਟ੍ਰੈਫਿਕ ਕੰਟ੍ਰੋਲਰ ਯਾਤਰੀ ਜਹਾਜ਼ਾਂ ਨੂੰ ਜੰਗੀ ਇਲਾਕਿਆਂ ਨਾਲ ਲੱਗਦੇ ਭੀੜ-ਭਾੜ ਵਾਲੇ ਸੰਕਰੇ ਪਰ ਸੁਰੱਖਿਅਤ ਏਅਰਸਪੇਸ ਚੋਂ ਲੰਘਾ ਰਹੇ ਹਨ।

ਫਲਾਈਟ ਟ੍ਰੈਕਰ ਮੈਪ 'ਤੇ ਨਜ਼ਰ ਮਾਰੀਏ ਤਾਂ ਸਾਫ ਪਤਾ ਚੱਲਦਾ ਹੈ ਕਿ ਇਜਿਪਟ ਅਤੇ ਜੋਰਜੀਆ ਦਾ ਹਵਾਈ ਮਾਰਗ ਬਹੁਤ ਭੀੜ-ਭਾੜ ਵਾਲਾ ਹੋ ਗਿਆ ਹੈ।

ਇਕੱਠੇ ਕੰਮ ਕਰਦੇ ਹੋਏ, ਹਰੇਕ ਕੰਟ੍ਰੋਲਰ ਮੈਪ ਦਾ ਵੱਖੋ-ਵੱਖਰਾ ਹਿੱਸਾ ਸੰਭਾਲਦਾ ਅਤੇ ਆਪਸੀ ਤਾਲਮੇਲ ਜ਼ਰੀਏ ਇਹ ਯਕੀਨੀ ਬਣਾਉਂਦਾ ਹੈ ਕਿ ਕਿਹੜਾ ਜਹਾਜ਼ ਉਨ੍ਹਾਂ ਦੇ ਹਵਾਈ ਖੇਤਰ ਵਿੱਚ ਦਾਖਲ ਹੋ ਰਿਹਾ ਹੈ ਅਤੇ ਕਿਹੜਾ ਬਾਹਰ ਨਿਕਲ ਰਿਹਾ ਹੈ।

ਆਮ ਦਿਨਾਂ ਵਿੱਚ ਇੱਕ ਕੰਟ੍ਰੋਲਰ ਇੱਕ ਵਾਰ 'ਚ ਕਰੀਬ ਛੇ ਜਹਾਜ਼ ਸੰਭਾਲਦਾ ਹੈ ਪਰ ਜਦੋਂ ਜੰਗ ਚੱਲ ਰਹੀ ਹੋਵੇ ਤਾਂ ਇਹ ਗਿਣਤੀ ਦੁੱਗਣੀ ਹੋ ਸਕਦੀ ਹੈ।

ਰਿਟਾਇਰਡ ਏਅਰ ਟ੍ਰੈਫਿਕ ਕੰਟ੍ਰੋਲਰ ਬ੍ਰਾਇਨ ਰੋਸ਼ ਮੁਤਾਬਕ, "ਦਿਮਾਗ ਇਸ ਤਰ੍ਹਾਂ ਦੀ ਤੀਬਰ ਧਿਆਨ ਕੇਂਦਰਤਾ ਸਿਰਫ਼ 20-30 ਮਿੰਟ ਲਈ ਹੀ ਰੱਖ ਸਕਦਾ ਹੈ।"

ਉਹ ਇਸ ਖੇਤਰ 'ਚ 18 ਸਾਲ ਨੌਕਰੀ ਕਰ ਚੁੱਕੇ ਹਨ। ਪਹਿਲਾਂ ਰੋਇਲ ਏਅਰ ਫੋਰਸ ਨਾਲ ਅਤੇ ਫਿਰ ਲੰਡਨ ਵਿੱਚ ਯਾਤਰੀ ਜਹਾਜ਼ਾਂ ਲਈ ਕੰਮ ਕੀਤਾ, ਜਿੱਥੇ ਉਹ ਐਮਰਜੈਂਸੀ ਕਾਲਾਂ ਨੂੰ ਸੰਭਾਲਣ ਵਾਲੀ ਟੀਮ ਦਾ ਹਿੱਸਾ ਸਨ।

ਜਦੋਂ ਟ੍ਰੈਫਿਕ ਵੱਧ ਜਾਂਦਾ ਹੈ ਤਾਂ ਸਬੰਧਤ ਇਲਾਕੇ ਦਾ ਟ੍ਰੈਫਿਕ ਕੰਟ੍ਰੋਲ ਸੰਭਾਲਣ ਲਈ ਹੋਰ ਕੰਟ੍ਰੋਲਰ ਡਿਊਟੀ 'ਤੇ ਲਗਾ ਦਿੱਤੇ ਜਾਂਦੇ ਹਨ ਅਤੇ ਹਰੇਕ ਕੰਟ੍ਰੋਲਰ ਦੀ ਡਿਊਟੀ ਨਿਸ਼ਚਿਤ ਸਮੇਂ ਬਾਅਦ ਬਦਲ ਦਿੱਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਨੂੰ ਥਕਾਵਟ ਮਹਿਸੂਸ ਨਾ ਹੋਵੇ ਅਤੇ ਗਲਤੀ ਦੀ ਗੁੰਜਾਇਸ਼ ਨਾ ਹੋਵੇ ।

ਰੋਸ਼ ਦੱਸਦੇ ਹਨ ਕਿ ਆਮ ਤੌਰ 'ਤੇ ਇੱਕ ਵਾਰ ਦੀ ਸ਼ਿਫਟ 45 ਤੋਂ 60 ਮਿੰਟ ਦੀ ਹੁੰਦੀ ਹੈ, ਜਿਸ ਵਿੱਚ 20 ਤੋਂ 30 ਮਿੰਟ ਦਾ ਬ੍ਰੇਕ ਮਿਲਦਾ ਹੈ ਪਰ ਜੰਗ ਦੌਰਾਨ ਇਹ ਸਮਾਂ ਘਟਾ ਕੇ ਲਗਭਗ 20 ਮਿੰਟ ਦੀ ਡਿਊਟੀ ਅਤੇ ਇੰਨੇ ਹੀ ਸਮੇਂ ਦੀ ਬ੍ਰੇਕ ਵਿੱਚ ਬਦਲ ਦਿੱਤਾ ਜਾਂਦਾ ਹੈ।

ਉਹ ਕਹਿੰਦੇ ਹਨ, "ਇਸ ਸਮੇਂ ਕੰਟ੍ਰੋਲਰ ਬਹੁਤ ਮੁਸ਼ਕਿਲ ਹਾਲਾਤਾਂ 'ਚ ਬੇਹੱਦ ਵੱਡੀ ਗਿਣਤੀ 'ਚ ਜਹਾਜ਼ ਸੰਭਾਲ ਰਹੇ ਹਨ।"

ਜੰਗ ਹਵਾਈ ਯਾਤਰਾ ਦੇ ਰੂਟ ਨੂੰ ਕਿੰਨਾ ਪ੍ਰਭਾਵਿਤ ਕਰ ਸਕਦੀ ਹੈ

2014 'ਚ ਪੂਰਬੀ ਯੂਕ੍ਰੇਨ ਵਿੱਚ ਇੱਕ ਰੂਸੀ ਮਿਜ਼ਾਈਲ ਨੇ ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ MH17 ਨੂੰ ਮਾਰ ਡਿਗਾਇਆ ਸੀ, ਜਿਸ ਵਿੱਚ ਸਵਾਰ ਸਾਰੇ 298 ਮੁਸਾਫ਼ਰਾਂ ਦੀ ਮੌਤ ਹੋ ਗਈ ਸੀ। ਇਹ ਘਟਨਾ ਦਿਖਾਉਂਦੀ ਹੈ ਕਿ ਜੰਗ ਹਵਾਈ ਯਾਤਰਾ ਦੇ ਰੂਟ ਨੂੰ ਕਿੰਨਾ ਪ੍ਰਭਾਵਿਤ ਕਰ ਸਕਦੀ ਹੈ।

ਉਸ ਸਮੇਂ ਯੂਕ੍ਰੇਨ ਇਸ ਮੁਕਾਬਲੇ ਘੱਟ-ਪੱਧਰੀ ਸੰਘਰਸ਼ੀ ਜ਼ੋਨ ਸੀ ਪਰ ਹਾਲ ਹੀ 'ਚ ਅਸਮਾਨ 'ਚ ਜੰਗ ਦਾ ਦਾਇਰਾ ਵਧਿਆ ਅਤੇ ਪਿਛਲੇ ਕੁਝ ਮਹੀਨਿਆਂ ਦੌਰਾਨ ਕਈ ਫੌਜੀ ਜਹਾਜ਼ਾਂ ਨੂੰ ਮਾਰ ਸੁੱਟਿਆ ਗਿਆ। ਕੋਈ ਨਹੀਂ ਚਾਹੁੰਦਾ ਕਿ ਅਜਿਹਾ ਘਟਨਾਕ੍ਰਮ ਦੁਬਾਰਾ ਵਾਪਰੇ।

ਪਿਛਲੇ ਹਫ਼ਤੇ, ਪੱਛਮੀ ਇਰਾਕ 'ਚ ਇੱਕ ਅਮਰੀਕੀ ਰੀਫਿਊਲਿੰਗ ਜਹਾਜ਼ ਦੇ ਕ੍ਰੈਸ਼ ਹੋਣ ਨਾਲ ਛੇ ਅਮਰੀਕੀ ਕਰੂ ਮੈਂਬਰ ਮਾਰੇ ਗਏ ਸਨ।

ਇਹ ਟੈਂਕਰ ਈਰਾਨ ਖਿਲਾਫ ਜਾਰੀ ਅਮਰੀਕਾ ਦੀ ਜੰਗੀ ਕਾਰਵਾਈ ਦਾ ਹਿੱਸਾ ਸੀ ਅਤੇ ਇਸ ਘਟਨਾਕ੍ਰਮ 'ਚ ਸ਼ਾਮਿਲ ਦੋ ਜਹਾਜ਼ਾਂ 'ਚੋਂ ਇੱਕ ਸੀ ਜਦੋਂਕਿ ਦੂਜਾ ਸੁਰੱਖਿਅਤ ਲੈਂਡ ਹੋ ਗਿਆ ਸੀ। ਅਮਰੀਕੀ ਸੈਂਟਰਲ ਕਮਾਂਡ ਨੇ ਪੁਸ਼ਟੀ ਕੀਤੀ ਕਿ ਇਹ ਨਾ ਤਾਂ ਦੁਸ਼ਮਣੀ ਹਮਲੇ ਦਾ ਨਤੀਜਾ ਸੀ ਅਤੇ ਨਾ ਹੀ ਆਪਣੇ ਹੀ ਦਸਤਿਆਂ ਦੀ ਗਲਤੀ ਨਾਲ ਹੋਈ ਫਾਇਰਿੰਗ ਦਾ।

ਜਦੋਂ ਏਅਰਸਪੇਸ ਅਚਾਨਕ ਬੰਦ ਹੋ ਜਾਂਦਾ ਹੈ ਜਾਂ ਸੰਕਰਾ ਹੋ ਜਾਂਦਾ ਹੈ ਤਾਂ ਕੰਟ੍ਰੋਲਰ ਪਾਇਲਟਸ ਨਾਲ ਰਾਬਤਾ ਕਾਇਮ ਕਰਦੇ ਹਨ, ਪੁੱਛਦੇ ਹਨ ਕਿ ਉਨ੍ਹਾਂ ਨੇ ਕਿੱਥੇ ਲੈਂਡ ਕਰਨਾ ਹੈ, ਉਨ੍ਹਾਂ ਕੋਲ ਕਿੰਨਾ ਬਾਲਣ ਹੈ ਅਤੇ ਕਿਹੜਾ ਏਅਰਪੋਰਟ ਉਨ੍ਹਾਂ ਦੇ ਜਹਾਜ਼ ਨੂੰ ਲੈਂਡ ਕਰਵਾਉਣ ਲਈ ਢੁੱਕਵਾਂ ਹੈ।

ਕੰਟ੍ਰੋਲਰਾਂ ਨੂੰ ਇਹ ਯਕੀਨੀ ਬਣਾਉਣਾ ਵੀ ਜ਼ਰੂਰੀ ਹੁੰਦਾ ਹੈ ਕਿ ਸਾਰੇ ਜਹਾਜ਼, ਜੋ ਕਿ ਵੱਖੋ-ਵੱਖਰੇ ਆਕਾਰ ਦੇ ਹੁੰਦੇ ਹਨ, ਇੱਕ-ਦੂਜੇ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖਣ, ਕਿਉਂਕਿ ਵੱਡੇ ਆਕਾਰ ਦੇ ਪੈਸੇਂਜਰ ਜੈੱਟ ਆਪਣੇ ਦੁਆਲੇ ਹਵਾਈ ਝਟਕੇ ਪੈਦਾ ਕਰਦਾ ਹੈ ਜਿਸ ਨਾਲ ਆਸ-ਪਾਸ ਉੱਡਣ ਵਾਲੇ ਜਹਾਜ਼ਾਂ 'ਚ ਅਸਥਿਰਤਾ ਪੈਦਾ ਹੋ ਜਾਂਦੀ ਹੈ।

ਇਸ ਦਾ ਅਰਥ ਇਹ ਹੈ ਕਿ ਛੋਟੇ ਜਹਾਜ਼ਾਂ ਨੂੰ ਦੂਰੀ ਰਹਿਣ ਦੀ ਹਿਦਾਇਤ ਕੀਤੀ ਜਾਂਦੀ ਹੈ ਜਦੋਂਕਿ ਹੋਰ ਛੋਟੇ ਜਹਾਜ਼ਾਂ ਦੀ ਲੋਕੇਸ਼ਨ ਹੀ ਬਦਲ ਦਿੱਤੀ ਜਾਂਦੀ ਹੈ।

ਸੰਘਰਸ਼ੀ ਇਲਾਕਿਆਂ 'ਚ ਜਾਣ ਤੋਂ ਬਚਣ ਲਈ ਯੋਜਨਾ

20 ਸਾਲਾਂ ਤੋਂ ਬਤੌਰ ਪਾਇਲਟ ਕੰਮ ਕਰ ਰਹੇ ਜੋਹਨ (ਕਾਲਪਨਿਕ ਨਾਂਅ) ਨੇ ਦੱਸਿਆ ਕਿ ਅਚਾਨਕ ਜਹਾਜ਼ ਇੱਕ-ਦੂਜੇ ਦੇ ਨੇੜੇ ਆ ਜਾਣ, ਅਜਿਹਾ ਬਹੁਤ ਘੱਟ ਹੁੰਦਾ ਹੈ। ਪਾਇਲਟ ਨੇ ਆਪਣਾ ਅਸਲ ਨਾਂਅ ਨਹੀਂ ਦੱਸਿਆ ਕਿਉਂਕਿ ਉਹ ਅਜੇ ਵੀ ਡਿਊਟੀ 'ਤੇ ਤੈਨਾਤ ਹਨ ਅਤੇ ਮੱਧ-ਪੂਰਬੀ ਇਲਾਕਿਆਂ 'ਚ ਉਡਾਣ ਭਰਦੇ ਹਨ।

ਉਹ ਦੱਸਦੇ ਹਨ ਕਿ ਜ਼ਿਆਦਾਤਰ ਹਵਾਈ ਕੰਪਨੀਆਂ, ਜਦੋਂ ਕਿਸੇ ਖਾਸ ਖੇਤਰ ਦੇ ਏਅਰਸਪੇਸ ਚੋਂ ਨਹੀਂ ਗੁਜ਼ਰਨਾ ਚਾਹੁੰਦੀਆਂ ਤਾਂ ਇਸ ਬਾਬਤ ਬਹੁਤ ਪਹਿਲਾਂ ਤੋਂ ਤਿਆਰੀ ਕਰਕੇ ਰੱਖਦੀਆਂ ਹਨ, ਫਿਰ ਭਾਵੇਂ ਉਹ ਖ਼ਰਾਬ ਮੌਸਮ ਹੋਵੇ ਜਾਂ ਜੰਗ।

ਜੋਹਨ ਕਹਿੰਦੇ ਹਨ, "ਇਸ ਕੇਸ ਵਿੱਚ ਅਸੀਂ ਸਾਰੇ ਜਾਣਦੇ ਸੀ ਕਿ ਮੱਧ-ਪੂਰਬੀ ਇਲਾਕਿਆਂ 'ਚ ਕੁਝ ਨਾ ਕੁਝ ਹੋਣ ਵਾਲਾ ਹੈ। ਸਵਾਲ ਇਹ ਨਹੀਂ ਸੀ ਕਿ ਜੇ ਹੋਇਆ, ਸਵਾਲ ਸੀ ਕਦੋਂ ਹੋਵੇਗਾ।"

ਸੰਘਰਸ਼ੀ ਇਲਾਕਿਆਂ 'ਚ ਜਾਣ ਤੋਂ ਬਚਣ ਲਈ ਵੱਖ-ਵੱਖ ਉਡਾਣ ਪਲਾਨ ਬਾਰੇ ਜਾਣੂੰ ਹੋਣ ਤੋਂ ਇਲਾਵਾ ਪਾਇਲਟ ਆਪਣੇ ਨਾਲ ਵੱਧ ਤੋਂ ਵੱਧ ਬਾਲਣ ਲਿਜਾਉਣ ਦੀ ਵੀ ਕੋਸ਼ਿਸ਼ ਕਰਦੇ ਹਨ ਜੇਕਰ ਉਨ੍ਹਾਂ ਨੂੰ ਵਾਪਸ ਮੁੜਨਾ ਪਵੇ ਜਾਂ ਆਪਣੀ ਮੰਜ਼ਿਲ ਵਾਲੇ ਹਵਾਈ ਅੱਡੇ ਤੋਂ ਦੂਰ ਕਿਸੇ ਹੋਰ ਹਵਾਈ ਅੱਡੇ 'ਤੇ ਲੈਂਡ ਕਰਨਾ ਪਵੇ।

ਜੋਹਨ ਕਹਿੰਦੇ ਹਨ, "ਇਹ ਬਹੁਤ ਸਧਾਰਨ, ਤਜ਼ਰਬੇਕਾਰ ਅਤੇ ਨਿਯੰਤਰਿਤ ਸਥਿਤੀਆਂ ਹੁੰਦੀਆਂ ਹਨ", ਉਹ ਇਸ ਗੱਲ 'ਤੇ ਜ਼ੋਰ ਦਿੰਦਿਆਂ ਦੱਸਦੇ ਹਨ ਕਿ ਕਿਵੇਂ ਪਾਇਲਟ ਅਤੇ ਕੰਟ੍ਰੋਲਰ ਨਿਯਮਾਂ ਦੀ ਬਹੁਤ ਬਰੀਕੀ ਨਾਲ ਪਾਲਣਾ ਕਰਦੇ ਹਨ ਤਾਂ ਜੋ ਭੀੜ-ਭਾੜ ਵਾਲੇ ਏਅਰਸਪੇਸ ਨੂੰ ਆਸਾਨੀ ਨਾਲ ਮੈਨੇਜ ਕੀਤਾ ਜਾ ਸਕੇ। "ਇਹ ਕਿਸੇ ਟ੍ਰੈਫਿਕ ਜਾਮ ਵਰਗਾ ਨਹੀਂ ਹੁੰਦਾ, ਜਿਸ 'ਚ ਬੇਹੱਦ ਪਰੇਸ਼ਾਨੀ ਹੁੰਦੀ ਹੈ।"

ਜੋਹਨ ਦੱਸਦੇ ਹਨ ਕਿ ਉਹ ਅਤੇ ਹੋਰ ਪਾਇਲਟ ਆਪਣੇ ਕਰੂ ਮੈਂਬਰਾਂ ਅਤੇ ਮੁਸਾਫ਼ਰਾਂ ਤੱਕ ਇਹੀ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਸਭ ਕੁਝ ਕੰਟ੍ਰੋਲ ਹੇਠ ਅਤੇ ਸ਼ਾਂਤੀਪੂਰਵਕ ਚੱਲ ਰਿਹਾ ਹੈ।

ਹੈਨਾ ਲੰਬੇ ਰੂਟ ਵਾਲੀਆਂ ਉਡਾਣਾਂ ਦੌਰਾਨ ਕੈਬਿਨ ਕਰੂ ਦੀ ਅਗਵਾਈ ਕਰਨ ਵਿੱਚ ਮਦਦ ਕਰਦੇ ਹਨ । ਅਸੀਂ ਉਨ੍ਹਾਂ ਦਾ ਅਸਲ ਨਾਂਅ ਨਹੀਂ ਦੱਸ ਰਹੇ ਕਿਉਂਕਿ ਆਪਣੀ ਏਅਰਲਾਈਨ ਵੱਲੋਂ ਬੋਲਣ ਲਈ ਉਹ ਅਧਿਕਾਰਤ ਨਹੀਂ ਹਨ।

ਹੈਨਾ ਜਿਨ੍ਹਾਂ ਰੂਟਾਂ 'ਤੇ ਉਡਾਣ ਭਰਦੇ ਹਨ, ਉਹ ਅਕਸਰ ਮਿਡਲ ਈਸਟ ਵਿਚੋਂ ਲੰਘਦੇ ਹਨ । ਉਹ ਕਹਿੰਦੇ ਹਨ ਕਿ ਸੰਘਰਸ਼ ਦੇ ਸਮੇਂ ਉਨ੍ਹਾਂ ਦੀ ਟੀਮ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਖਾਸ ਤੌਰ 'ਤੇ ਘਬਰਾਏ ਹੋਏ ਜਾਂ ਨਰਾਜ਼ ਮੁਸਾਫਰਾਂ ਨੂੰ ਸੰਭਾਲਣ ਲਈ।

ਉਹ ਕਹਿੰਦੇ ਹਨ, "ਸਾਡਾ ਕੰਮ ਆਮ ਧਾਰਨਾ ਤੋਂ ਅੱਗੇ ਵੱਧਕੇ ਹੁੰਦਾ ਹੈ ਜਿਸ ਵਿੱਚ ਅਕਸਰ ਇਹ ਕਿਹਾ ਜਾਂਦਾ ਕਿ ਸਾਡਾ ਕੰਮ ਸਿਰਫ਼ ਮੁਸਾਫਰਾਂ ਨੂੰ ਇਹ ਪੁੱਛਣਾ ਹੈ ਕਿ ਤੁਸੀਂ ਖਾਣੇ 'ਚ ਕੀ ਲਵੋਗੇ।"

"ਬਹੁਤ ਸਾਰੇ ਲੋਕ ਸੁਰੱਖਿਆ ਦੇ ਲਿਹਾਜ਼ ਤੋਂ ਸਾਡੀ ਅਹਿਮੀਅਤ ਨੂੰ ਭੁੱਲ ਜਾਂਦੇ ਹਨ...ਮੁਸਾਫ਼ਰਾਂ ਦੀ ਖਿਦਮਤ ਅਸੀਂ ਉਦੋਂ ਕਰਦੇ ਹਾਂ ਜਦੋਂ ਸਭ ਕੰਟ੍ਰੋਲ ਹੇਠ ਹੁੰਦਾ ਹੈ।"

ਹੈਨਾ ਕਹਿੰਦੇ ਹਨ ਕਿ ਡਾਇਵਰਟ ਰੂਟ ਪਲਾਨ ਅਤੇ ਬੇਤਰਬੀਤ ਸ਼ਡਿਊਲ ਕਾਰਨ ਕੰਮ ਅਤੇ ਜ਼ਿੰਦਗੀ ਨੂੰ ਸੰਤੁਲਿਤ ਰੱਖਣਾ, ਪਾਇਲਟਾਂ ਅਤੇ ਕਰੂ ਮੈਂਬਰਾਂ ਲਈ ਮੁਸ਼ਕਿਲ ਹੋ ਜਾਂਦਾ ਹੈ।

ਹਾਲ ਹੀ 'ਚ ਉਨ੍ਹਾਂ ਦੀ ਏਅਰਲਾਈਨ ਵੱਲੋਂ ਅਜਿਹੇ ਰੂਟ ਪਲਾਨ ਅਪਣਾਏ ਗਏ ਹਨ, ਜਿੱਥੇ ਸਟੋਪੇਜ਼ ਜ਼ਿਆਦਾ ਹੈ ਕਿਉਂਕਿ ਉਹ ਈਰਾਨ ਦੇ ਉੱਪਰੋਂ ਉਡਾਣ ਨਹੀਂ ਭਰ ਸਕਦੇ।

ਉਹ ਮੰਨਦੇ ਹਨ ਕਿ ਇਹ ਔਕੜਾਂ ਜਾਂ ਮੁਸ਼ਕਿਲਾਂ ਉਨ੍ਹਾਂ ਦੇ ਕੰਮ ਦਾ ਹੀ ਹਿੱਸਾ ਹਨ ਜਿਸ ਨੂੰ ਉਹ ਆਪਣੀ 'ਜੀਵਨਸ਼ੈਲੀ ਅਤੇ ਜਜ਼ਬਾ' ਦੱਸਦੇ ਹਨ।

ਉਹ ਕਹਿੰਦੇ ਹਨ, "ਬਤੌਰ ਕੈਬਿਨ ਕਰੂ" ਅਸੀਂ ਇੱਕ ਵੱਡੇ ਪਰਿਵਾਰ ਦਾ ਹਿੱਸਾ ਹਾਂ। ਪੰਖਾਂ ਜ਼ਰੀਏ ਇਕਜੁੱਟ ਹਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)