ਚੀਨੀ ਕੰਪਨੀ ਕਾਰ 'ਚ ਅਵਾਜ਼ ਨਾਲ ਕੰਟੋਰਲ ਹੋਣ ਵਾਲਾ ਟਾਇਲਟ ਲਿਆਈ, ਸਫ਼ਰ 'ਚ ਜਾਣੋ ਇਹ ਕਿਵੇਂ ਕੰਮ ਕਰੇਗਾ

    • ਲੇਖਕ, ਓਸਮੰਡ ਚੀਆ
    • ਰੋਲ, ਬਿਜ਼ਨਸ ਰਿਪੋਰਟਰ
  • ਪੜ੍ਹਨ ਦਾ ਸਮਾਂ: 4 ਮਿੰਟ

ਚੀਨ ਦੀ ਕਾਰ ਨਿਰਮਾਤਾ ਕੰਪਨੀ ਸੇਰੇਜ਼ ਨੂੰ "ਕਾਰ ਅੰਦਰਲੇ ਟਾਇਲਟ" ਲਈ ਪੇਟੈਂਟ ਮਿਲਿਆ ਹੈ। ਇਹ ਟਾਇਲਟ ਯਾਤਰੀ ਦੀ ਸੀਟ ਦੇ ਹੇਠਾਂ ਵਾਲੇ ਪਾਸਿਓਂ ਖਿਸਕ ਕੇ ਬਾਹਰ ਆ ਜਾਂਦਾ ਹੈ, ਤਾਂ ਗੱਡੀ ਚੱਲਣ ਦੌਰਾਨ ਵੀ ਟਾਇਲਟ ਦੀ ਵਰਤੋਂ ਕੀਤੀ ਜਾ ਸਕੇ।

ਸੇਰੇਜ਼ ਦੇ ਇੰਜੀਨੀਅਰਾਂ ਨੇ 10 ਅਪ੍ਰੈਲ ਨੂੰ ਚੀਨ ਵਿੱਚ ਦਾਇਰ ਕੀਤੀ ਆਪਣੀ ਪੇਟੈਂਟ ਅਰਜ਼ੀ ਵਿੱਚ ਲਿਖਿਆ ਕਿ ਇਸ ਫੀਚਰ/ਵਿਸ਼ੇਸ਼ਤਾ ਦਾ ਮਕਸਦ "ਲੰਬੀਆਂ ਯਾਤਰਾਵਾਂ ਦੌਰਾਨ, ਕੈਂਪਿੰਗ ਕਰਦੇ ਸਮੇਂ ਜਾਂ ਕਾਰ ਵਿੱਚ ਹੀ ਰੁਕਦੇ ਸਮੇਂ, ਉਪਭੋਗਤਾਵਾਂ ਦੀਆਂ ਟਾਇਲਟ ਸੰਬੰਧੀ ਲੋੜਾਂ ਨੂੰ ਪੂਰਾ ਕਰਨਾ ਹੈ।"

ਦੱਖਣ-ਪੱਛਮੀ ਸ਼ਹਿਰ ਚੋਂਗਕਿੰਗ ਵਿੱਚ ਸਥਿਤ ਸੇਰੇਜ਼ ਨੇ ਅਜੇ ਤੱਕ ਕਿਸੇ ਅਜਿਹੀ ਕਾਰ ਸਬੰਧੀ ਐਲਾਨ ਨਹੀਂ ਕੀਤਾ ਹੈ ਜਿਸ ਵਿੱਚ ਟਾਇਲਟ ਹੋਵੇ ਅਤੇ ਇਹ ਵੀ ਪੱਕਾ ਨਹੀਂ ਹੈ ਕਿ ਅਜਿਹੀ ਕੋਈ ਕਾਰ ਬਣਾਈ ਵੀ ਜਾਵੇਗੀ ਜਾਂ ਨਹੀਂ।

ਚੀਨ ਦੀਆਂ ਇਲੈਕਟ੍ਰਿਕ ਗੱਡੀਆਂ (ਈਵੀ) ਹੁਣ ਤੇਜ਼ੀ ਨਾਲ ਅਜਿਹੀਆਂ ਅਨੋਖੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੋ ਰਹੀਆਂ ਹਨ, ਤਾਂ ਜੋ ਉਹ ਇਸ ਬਹੁਤ ਹੀ ਮੁਕਾਬਲੇ ਵਾਲੇ ਬਾਜ਼ਾਰ ਵਿੱਚ ਸਭ ਤੋਂ ਵੱਖਰੀਆਂ ਦਿੱਸ ਸਕਣ। ਇਨ੍ਹਾਂ ਵਿਸ਼ੇਸ਼ਤਾਵਾਂ ਵਿੱਚ ਇਨ-ਬਿਲਟ ਮਸਾਜ ਸੀਟਾਂ, ਕੈਰੀਓਕੀ ਸਿਸਟਮ ਅਤੇ ਫ੍ਰਿਜ ਅੱਡੀ ਸ਼ਾਮਲ ਹਨ।

ਪੇਟੈਂਟ ਅਰਜ਼ੀ ਤੋਂ ਸੇਰੇਜ਼ ਦੀ ਇੱਕ ਅਜਿਹੇ ਆਨਬੋਰਡ ਟਾਇਲਟ ਦੀ ਯੋਜਨਾ ਦਾ ਪਤਾ ਲੱਗਦਾ ਹੈ, ਜੋ ਇੱਕ ਬਟਨ ਦਬਾਉਣ 'ਤੇ ਜਾਂ ਆਵਾਜ਼ ਨਾਲ ਦਿੱਤੀ ਕਮਾਂਡ 'ਤੇ ਯਾਤਰੀ ਦੀ ਸੀਟ ਦੇ ਹੇਠਾਂ ਤੋਂ ਬਾਹਰ ਖਿਸਕ ਕੇ ਆ ਜਾਂਦਾ ਹੈ।

ਕਿਵੇਂ ਕੰਮ ਕਰੇਗਾ ਟਾਇਲਟ

ਬੀਬੀਸੀ ਵੱਲੋਂ ਦੇਖੇ ਗਏ ਚੀਨ ਦੇ ਇੰਟਲੈਕਚੁਅਲ ਪ੍ਰਾਪਰਟੀ ਐਡਮਿਨਿਸਟ੍ਰੇਸ਼ਨ (Intellectual Property Administration) 'ਚ ਦਿੱਤੀ ਅਰਜ਼ੀ ਦੇ ਅਨੁਸਾਰ, ਇਸ ਟਾਇਲਟ ਵਿੱਚ ਇੱਕ ਪੱਖਾ ਅਤੇ ਇੱਕ ਐਗਜ਼ੌਸਟ ਪਾਈਪ ਹੋਵੇਗਾ, ਜੋ ਟਾਇਲਟ ਦੀ ਬਦਬੂ ਨੂੰ ਕਾਰ ਤੋਂ ਬਾਹਰ ਕੱਢ ਦੇਵੇਗਾ।

ਮਲ-ਮੂਤਰ (ਵੇਸਟ) ਇੱਕ ਟੈਂਕ ਵਿੱਚ ਇਕੱਠਾ ਹੁੰਦਾ, ਜਿਸ ਨੂੰ ਬਾਅਦ ਵਿੱਚ ਹੱਥ ਨਾਲ ਹੀ ਖਾਲੀ ਕਰਨਾ ਪੈਂਦਾ ਹੈ। ਇਸ ਟਾਇਲਟ ਵਿੱਚ ਇੱਕ ਘੁੰਮਣ ਵਾਲਾ ਹੀਟਿੰਗ ਐਲੀਮੈਂਟ ਵੀ ਲੱਗਾ ਹੈ, ਜੋ ਪੇਸ਼ਾਬ ਨੂੰ ਭਾਫ਼ ਵਿੱਚ ਬਦਲ ਦਿੰਦਾ ਹੈ ਅਤੇ ਬਾਕੀ ਰਹਿੰਦ-ਖੂਹੰਦ ਨੂੰ ਸੁਕਾ ਦਿੰਦਾ ਹੈ।

ਜਦੋਂ ਟਾਇਲਟ ਵਰਤੋਂ ਵਿੱਚ ਨਹੀਂ ਹੁੰਦਾ ਤਾਂ ਇਹ ਸੀਟ ਦੇ ਹੇਠਾਂ ਲੁਕਿਆ ਰਹਿੰਦਾ ਹੈ। ਇਸ ਤਰ੍ਹਾਂ, ਇਹ ਕਾਰ ਦੇ ਅੰਦਰਲੀ ਜਗ੍ਹਾ ਦਾ ਪੂਰਾ ਇਸਤੇਮਾਲ ਕਰਦਾ ਹੈ ਅਤੇ ਇਸ ਲਈ ਕਾਰ ਵਿੱਚ ਕੋਈ ਵਾਧੂ ਜਗ੍ਹਾ ਵੀ ਨਹੀਂ ਘੇਰਦਾ।

ਕੀ ਪਹਿਲਾਂ ਕਦੇ ਕਿਸੇ ਕਾਰ 'ਚ ਟਾਇਲਟ ਦੇਖਿਆ ਗਿਆ ਹੈ

ਕਾਰ ਦੇ ਅੰਦਰ ਟਾਇਲਟ ਹੋਣਾ ਬਹੁਤ ਹੀ ਵਿਲੱਖਣ ਗੱਲ ਹੈ।

ਇਹ ਜ਼ਿਆਦਾਤਰ ਲੰਬੀ ਦੂਰੀ ਦੀਆਂ ਬੱਸਾਂ (ਕੋਚ) ਵਿੱਚ ਹੀ ਵੇਖਣ ਨੂੰ ਮਿਲਦੇ ਹਨ ਪਰ ਕਾਰਾਂ ਵਿੱਚ ਵੀ ਅਜਿਹੇ ਟਾਇਲਟਾਂ ਦਾ ਹੋਣਾ ਪਹਿਲਾਂ ਕਦੇ ਨਹੀਂ ਸੁਣਿਆ ਗਿਆ।

ਨੀਲਾਮੀ ਘਰ ਸਦਬੀ ਦੇ ਅਨੁਸਾਰ, 1950 ਦੇ ਦਹਾਕੇ ਵਿੱਚ ਰੋਲਸ-ਰੋਇਸ ਸਿਲਵਰ ਰੇਥ (Rolls-Royce Silver Wraith) ਦੇ ਇੱਕ ਖ਼ਾਸ ਮਾਡਲ ਵਿੱਚ ਕਾਰ ਦੇ ਅੰਦਰ ਹੀ ਇੱਕ ਟੈਲੀਵਿਜ਼ਨ ਸੈੱਟ ਅਤੇ ਯਾਤਰੀ ਦੀ ਸੀਟ ਦੇ ਹੇਠਾਂ ਇੱਕ ਟਾਇਲਟ ਵੀ ਲੱਗਿਆ ਹੁੰਦਾ ਸੀ।

ਈਵੀਜ਼ ਦੀ ਭਰਮਾਰ

ਸੇਰੇਜ਼ ਆਪਣੀ ਸਹਾਇਕ ਕੰਪਨੀ ਆਇਤੋ (Aito) ਨਾਲ ਮਿਲ ਕੇ ਇਲੈਕਟ੍ਰਿਕ ਸਪੋਰਟ ਯੂਟਿਲਿਟੀ ਵਾਹਨ (ਐਸਯੂਵੀਜ਼) ਬਣਾਉਣ ਲਈ ਜਾਣੀ ਜਾਂਦੀ ਹੈ। ਐਸਯੂਵੀ, ਵੱਡੀਆਂ ਗੱਡੀਆਂ ਹੁੰਦੀਆਂ ਹਨ, ਜੋ ਜ਼ਮੀਨ ਤੋਂ ਉੱਚੀਆਂ ਹੁੰਦੀਆਂ ਹਨ ਅਤੇ ਜਿਨ੍ਹਾਂ ਵਿੱਚ ਸਮਾਨ ਰੱਖਣ ਲਈ ਵੀ ਵੱਧ ਜਗ੍ਹਾ ਹੁੰਦੀ ਹੈ।

ਹਾਲਾਂਕਿ ਸੇਰੇਜ਼ ਨੇ ਹੁਣ ਯੂਰਪ, ਮੱਧ-ਪੂਰਬ ਅਤੇ ਅਫ਼ਰੀਕਾ ਵਿੱਚ ਵੀ ਆਪਣੇ ਪੈਰ ਪਸਾਰ ਲਏ ਹਨ ਪਰ ਕੰਪਨੀ ਦੀਆਂ ਜ਼ਿਆਦਾਤਰ ਗੱਡੀਆਂ ਮੇਨਲੈਂਡ ਚਾਈਨਾ ਵਿੱਚ ਹੀ ਵਿਕਦੀਆਂ ਹਨ।

ਦਰਜਨਾਂ ਮੁਕਾਬਲੇਬਾਜ਼ ਬ੍ਰਾਂਡਾਂ ਦੀ ਮੌਜੂਦਗੀ ਕਾਰਨ, ਚੀਨ ਦਾ ਈਵੀ ਬਾਜ਼ਾਰ ਹੁਣ ਪੂਰੀ ਤਰ੍ਹਾਂ ਭਰ ਚੁੱਕਾ ਹੈ। ਇਸ ਕਾਰਨ ਕੰਪਨੀਆਂ ਵਿਚਕਾਰ ਕੀਮਤਾਂ ਨੂੰ ਲੈ ਕੇ ਜ਼ਬਰਦਸਤ ਹੋੜ ਲੱਗ ਗਈ ਹੈ, ਜਿਸਦਾ ਸਿੱਧਾ ਅਸਰ ਕੰਪਨੀਆਂ ਦੇ ਮੁਨਾਫ਼ੇ 'ਤੇ ਪੈ ਰਿਹਾ ਹੈ।

ਸੇਰੇਜ਼ ਉਨ੍ਹਾਂ ਕੁਝ ਚੀਨੀ ਈਵੀ ਕੰਪਨੀਆਂ ਵਿੱਚੋਂ ਇੱਕ ਹੈ ਜਿਸਨੇ ਮੁਨਾਫ਼ਾ ਕਮਾਇਆ ਹੈ, ਜਿਨ੍ਹਾਂ ਵਿੱਚ ਦੁਨੀਆ ਦੀ ਮੋਹਰੀ ਕੰਪਨੀ ਬੀਵਾਇਡੀ (BYD) ਵੀ ਸ਼ਾਮਲ ਹੈ।

ਕਈ ਵਿਸ਼ਲੇਸ਼ਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਵੱਡੀ ਗਿਣਤੀ ਵਿੱਚ ਚੀਨੀ ਈਵੀ ਕੰਪਨੀਆਂ ਬੰਦ ਹੋਣ ਦੀ ਕਗਾਰ 'ਤੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)