You’re viewing a text-only version of this website that uses less data. View the main version of the website including all images and videos.
ਭਾਰਤੀ ਘਰਾਂ 'ਚ ਰੱਖੇ ਸੋਨੇ ਦੀ ਕਿੰਨੀ ਕੀਮਤ ਹੈ, ਸੋਨੇ ਦੇ ਭੰਡਾਰਾਂ ਦੀ ਸੂਚੀ 'ਚ ਭਾਰਤ ਕਿਹੜੇ ਨੰਬਰ ਉੱਤੇ ਹੈ
- ਲੇਖਕ, ਸਈਦੁਜੱਮਾਂ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 7 ਮਿੰਟ
ਸੋਨਾ ਕਾਫੀ ਲੰਬੇ ਸਮੇਂ ਤੋਂ ਕੌਮਾਂਤਰੀ ਵਿੱਤੀ ਸਿਸਟਮ ਦਾ ਹਿੱਸਾ ਰਿਹਾ ਹੈ। ਇਸ ਨੂੰ ਅਨਿਸ਼ਚਿਤਤਾ ਤੋਂ ਬਚਾਅ ਅਤੇ ਸੰਪਤੀ ਨੂੰ ਵੱਖ-ਵੱਖ ਰੂਪ 'ਚ ਰੱਖਣ ਦਾ ਤਰੀਕਾ ਮੰਨਿਆ ਜਾਂਦਾ ਹੈ।
ਭਾਰਤ 'ਚ ਸੋਨਾ ਘਰੇਲੂ ਬਚਤ ਅਤੇ ਖਰਚ ਦਾ ਅਹਿਮ ਹਿੱਸਾ ਹੈ। ਇਸ ਲਈ ਇਹ ਦੁਨੀਆ ਦੇ ਸਭ ਤੋਂ ਵੱਡੇ ਬਾਜ਼ਾਰਾਂ 'ਚੋਂ ਇੱਕ ਹੈ।
ਹਾਲ ਦੇ ਹਫ਼ਤਿਆਂ 'ਚ ਸੋਨਾ 10 ਫੀਸਦ ਤੋਂ ਵੱਧ ਡਿੱਗ ਚੁੱਕਿਆ ਹੈ।
ਪਿਛਲੇ ਹਫ਼ਤੇ ਇੱਕ ਲੇਖ 'ਚ ਸ਼ਸ਼ੀ ਥਰੂਰ ਨੇ ਲਿਖਿਆ, "ਭਾਰਤ 'ਚ ਸੋਨੇ ਦੀਆਂ ਕਾਫੀ ਸੰਭਾਵਨਾਵਾਂ ਹਨ ਪਰ ਉਤਪਾਦਨ ਅਜੇ ਵੀ ਬਹੁਤ ਘੱਟ ਹੈ।"
ਭਾਰਤ 'ਚ ਸੋਨੇ ਦੀ ਸਥਿਤੀ
ਅਸੀਂ ਇਹ ਸਵਾਲ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ ਦੇ ਇੰਡੀਆ ਗੋਲਡ ਪਾਲਿਸੀ ਸੈਂਟਰ ਦੀ ਮੁਖੀ ਪ੍ਰੋਫੈਸਰ ਸੁੰਦਰਾਵੱਲੀ ਨਰਾਇਣਸਵਾਮੀ ਤੋਂ ਪੁੱਛਿਆ।
ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, "ਕਈ ਤਰ੍ਹਾਂ ਦੇ ਅੰਕੜੇ ਹਨ। ਕੁਝ ਸਹੀ ਹਨ ਅਤੇ ਬਾਕੀ ਅਨੁਮਾਨਿਤ ਹਨ। ਆਰਬੀਆਈ ਕੋਲ ਕਰੀਬ 800-820 ਟਨ ਸੋਨਾ ਹੈ। ਆਰਥਿਕ ਤੌਰ 'ਤੇ ਕੱਢਿਆ ਜਾ ਸਕਣ ਵਾਲਾ ਸੋਨਾ ਕਰੀਬ 70-80 ਟਨ ਹੈ।"
ਆਰਥਿਕ ਤੌਰ 'ਤੇ ਕੱਢਿਆ ਜਾ ਸਕਣ ਵਾਲਾ ਸੋਨਾ ਉਹ ਸੋਨਾ ਹੁੰਦਾ ਹੈ ਜਿਸਨੂੰ ਮੌਜੂਦਾ ਤਕਨੀਕ ਨਾਲ ਫਾਇਦੇ ਸਣੇ ਮਾਈਨ ਕੀਤਾ ਜਾ ਸਕੇ ਯਾਨੀ ਕੱਢਿਆ ਜਾ ਸਕੇ।
ਪ੍ਰੋਫੈਸਰ ਸੁੰਦਰਾਵੱਲੀ ਕਹਿੰਦੇ ਹਨ, "ਭਾਰਤ 'ਚ ਚੰਗੀ ਗੁਣਵੱਤਾ ਵਾਲਾ ਸੋਨਾ ਘੱਟ ਹੈ, ਇਸ ਲਈ ਇੱਥੇ ਮਾਈਨਿੰਗ ਨੂੰ ਲੈਕੇ ਜ਼ਿਆਦਾ ਮੁਕਾਬਲਾ (ਕੰਪੀਟੀਸ਼ਨ) ਨਹੀਂ ਹੈ।"
ਉਨ੍ਹਾਂ ਨੇ ਕਿਹਾ, "ਭਾਰਤੀ ਘਰਾਂ 'ਚ ਬਹੁਤ ਸਾਰਾ ਸੋਨਾ ਹੈ। ਘਰਾਂ 'ਚ ਮੌਜੂਦ ਸੋਨੇ ਨੂੰ ਲੈਕੇ ਵੱਖਰੇ-ਵੱਖਰੇ ਅਨੁਮਾਨ ਹਨ ਪਰ ਆਮ ਤੌਰ 'ਤੇ ਇਸਨੂੰ 25 ਹਜ਼ਾਰ ਤੋਂ 27 ਹਜ਼ਾਰ ਟਨ ਮੰਨਿਆ ਜਾਂਦਾ ਹੈ।"
ਜਦੋਂ ਉਨ੍ਹਾਂ ਤੋਂ ਇਸ ਅੰਕੜੇ ਦਾ ਆਧਾਰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਇੱਕ ਸਧਾਰਨ ਅਨੁਮਾਨ ਹੈ ਜਿਸ ਨੂੰ ਜ਼ਿਆਦਾਤਰ ਲੋਕ ਮੰਨਦੇ ਹਨ।
ਉਨ੍ਹਾਂ ਨੇ ਕਿਹਾ, "ਹਰ ਸਾਲ 600 ਤੋਂ 700 ਟਨ ਸੋਨਾ ਦਰਾਮਦ ਹੁੰਦਾ ਹੈ ਅਤੇ ਬਰਾਮਦ ਬਹੁਤ ਘੱਟ ਹੁੰਦਾ ਹੈ ਇਸ ਲਈ ਇਹ ਸੋਨਾ ਘਰਾਂ 'ਚ ਜਮ੍ਹਾਂ ਹੋ ਗਿਆ ਹੈ।"
ਭਾਰਤ ਤੋਂ ਵੱਧ ਸੋਨਾ ਕਿਹੜੇ ਮੁਲਕਾਂ ਵਿੱਚ ਹੈ ?
ਵਰਲਡ ਗੋਲਡ ਕਾਊਂਸਲ ਮੁਤਾਬਕ ਫਰਵਰੀ 2026 ਤੱਕ ਭਾਰਤ ਕੋਲ ਕਰੀਬ 880 ਟਨ ਅਧਿਕਾਰਤ ਸੋਨਾ ਸੀ।
ਇਸ ਮਾਮਲੇ 'ਚ ਭਾਰਤ ਦੁਨੀਆ 'ਚ ਨੌਵੇਂ ਸਥਾਨ 'ਤੇ ਹੈ। ਅਮਰੀਕਾ, ਜਰਮਨੀ, ਆਈਐਮਐਫ, ਇਟਲੀ, ਫਰਾਂਸ, ਰੂਸ, ਚੀਨ ਅਤੇ ਸਵਿਟਜ਼ਰਲੈਂਡ ਭਾਰਤ ਤੋਂ ਅੱਗੇ ਹਨ।
ਹਾਲਾਂਕਿ, ਅਧਿਕਾਰਤ ਭੰਡਾਰ ਭਾਰਤ ਦੀ ਸੋਨੇ ਦੀ ਕਹਾਣੀ ਦਾ ਸਿਰਫ ਇੱਕ ਹਿੱਸਾ ਹੈ।
ਥਰੂਰ ਨੇ ਆਪਣੇ ਲੇਖ 'ਚ ਕਿਹਾ ਹੈ, "ਸਾਡੇ ਕੋਲ ਕਰੀਬ 500 ਮਿਲੀਅਨ ਟਨ ਸੋਨੇ ਦੀ ਖਦਾਣ ਹਨ (ਉਹ ਪੱਥਰ ਜਾਂ ਮਿੱਟੀ ਜਿਸ ਵਿੱਚ ਸੋਨਾ ਹੁੰਦਾ ਹੈ)" ਪਰ ਉਤਪਾਦਨ ਬਹੁਤ ਘੱਟ ਹੈ।"
ਨੈਸ਼ਨਲ ਮਿਨਰਲ ਇਨਵੈਨਟਰੀ ਮੁਤਾਬਕ ਦੇਸ਼ 'ਚ ਕੁੱਲ 518.23 ਮਿਲੀਅਨ ਟਨ ਸੋਨੇ ਦੀ ਖਦਾਣ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਰਾ ਸੋਨਾ ਆਸਾਨੀ ਨਾਲ ਕੱਢਿਆ ਜਾ ਸਕਦਾ ਹੈ। ਇਸ 'ਚੋਂ 494.50 ਮਿਲੀਅਨ ਟਨ ਕੱਢਣਾ ਮੁਸ਼ਕਿਲ ਹੈ ਜਦੋਂਕਿ 23.72 ਮਿਲੀਅਨ ਟਨ ਨੂੰ ਰਿਜ਼ਰਵ ਮੰਨਿਆ ਜਾਂਦਾ ਹੈ।
ਬਚਿਆ ਹੋਇਆ ਸੰਸਾਧਨ ਉਸਨੂੰ ਕਿਹਾ ਜਾਂਦਾ ਹੈ ਜਿੱਥੇ ਸੋਨਾ ਹੋ ਸਕਦਾ ਹੈ ਪਰ ਉਸਨੂੰ ਕੱਢਣਾ ਮਹਿੰਗਾ ਅਤੇ ਮੁਸ਼ਕਿਲ ਹੈ। ਉਧਰ ਰਿਜ਼ਰਵ ਉਸਨੂੰ ਕਿਹਾ ਜਾਂਦਾ ਹੈ, ਜਿੱਥੋਂ ਸੋਨਾ ਕੱਢਣਾ ਕਿਫਾਇਤੀ ਅਤੇ ਫਾਇਦੇ ਦਾ ਸੌਦਾ ਹੈ।
ਨਿੱਜੀ ਕੰਪਨੀਆਂ ਨਿਵੇਸ਼ ਕਿਉਂ ਨਹੀਂ ਕਰਨਾ ਚਾਹੁੰਦੀਆਂ ?
ਪ੍ਰੋਫੈਸਰ ਸੁੰਦਰਾਵੱਲੀ ਨਰਾਇਣਸਵਾਮੀ ਮੁਤਾਬਕ, "ਇਹ 500 ਮਿਲੀਅਨ ਟਨ ਸੋਨੇ ਦੀ ਖਦਾਣ ਹੈ, ਅਸਲੀ ਸੋਨਾ ਨਹੀਂ ਹੈ। ਔਸਤਨ 1-3 ਗ੍ਰਾਮ ਪ੍ਰਤੀ ਟਨ ਦੇ ਹਿਸਾਬ ਨਾਲ ਇਸ 'ਚ ਸਿਰਫ਼ 500-600 ਟਨ ਸੋਨਾ ਹੋਵੇਗਾ।"
ਇੰਡੀਅਨ ਮਿਨਰਲਸ ਈਅਰਬੁੱਕ 2025 ਮੁਤਾਬਕ, 2023-24 'ਚ ਭਾਰਤ ਨੇ ਸਿਰਫ਼ 1.6 ਟਨ ਸੋਨੇ ਦਾ ਉਤਪਾਦਨ ਕੀਤਾ ਜਦੋਂਕਿ ਦੁਨੀਆ 'ਚ ਸਾਲ 2023 'ਚ ਕਰੀਬ 3300 ਟਨ ਸੋਨਾ ਨਿਕਲਿਆ, ਜਿਸ 'ਚ ਚੀਨ ਨੇ ਇਕੱਲੇ 375 ਟਨ ਉਤਪਾਦਨ ਕੀਤਾ।
ਭਾਰਤ ਦੀ ਸਮਰੱਥਾ ਅਤੇ ਉਤਪਾਦਨ ਵਿਚਾਲੇ ਫਰਕ ਕਈ ਕਾਰਨਾਂ ਕਰਕੇ ਹੈ। ਸੋਨੇ ਦੀਆਂ ਖਦਾਣਾਂ ਦੀ ਖੋਜ ਕਰਨਾ ਮਹਿੰਗਾ ਅਤੇ ਜ਼ੋਖਮ ਭਰਿਆ ਹੈ। ਸਰਕਾਰ ਕੋਲ ਸੀਮਿਤ ਸੰਸਾਧਨ ਅਤੇ ਤਕਨੀਕ ਹੈ ਅਤੇ ਨਿੱਜੀ ਕੰਪਨੀਆਂ ਵੀ ਬਿਨਾਂ ਪੱਕੇ ਸਬੂਤ ਦੇ ਨਿਵੇਸ਼ ਨਹੀਂ ਕਰਨਾ ਚਾਹੁੰਦੀਆਂ।
ਸੰਤੋਸ਼ ਮਲਹੋਤਰਾ ਯੂਨੀਵਰਸਿਟੀ ਆਫ ਬਾਥ ਦੇ ਸੈਂਟਰ ਫਾਰ ਡਿਵਲਪਮੈਂਟ 'ਚ ਵਿਜ਼ੀਟਿੰਗ ਪ੍ਰੋਫੈਸਰ ਹਨ। ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਵੀ ਰਹਿ ਚੁੱਕੇ ਹਨ। ਪ੍ਰੋ. ਸੰਤੋਸ਼ ਨੇ ਬੀਬੀਸੀ ਨੂੰ ਕਿਹਾ,"ਮਾਈਨਿੰਗ ਇੱਕ ਮਹਿੰਗਾ ਕੰਮ ਹੈ। ਇਸ 'ਚ ਲੋਕਾਂ ਅਤੇ ਤਕਨੀਕ 'ਤੇ ਵੱਡਾ ਨਿਵੇਸ਼ ਚਾਹੀਦਾ ਹੈ ਜੋ ਸਰਕਾਰ ਕੋਲ ਨਹੀਂ ਹੈ। ਨਿੱਜੀ ਕੰਪਨੀਆਂ ਵੀ ਉਦੋਂ ਹੀ ਆਉਂਦੀਆਂ ਹਨ ਜਦੋਂ ਉਨ੍ਹਾਂ ਨੂੰ ਭਰੋਸਾ ਹੁੰਦਾ ਹੈ।"
ਭਾਰਤ ਸੋਨੇ ਦੀ ਦਰਾਮਦ 'ਤੇ ਵੱਧ ਨਿਰਭਰ
ਸੋਨੇ ਦੇ ਘੱਟ ਉਤਪਾਦਨ ਕਾਰਨ ਭਾਰਤ ਦਰਾਮਦ 'ਤੇ ਨਿਰਭਰ ਹੈ। ਸਾਲ 2023-24 'ਚ ਦੇਸ਼ ਨੇ ਕਰੀਬ 3600 ਟਨ ਕੱਚਾ ਸੋਨਾ ਅਤੇ 795 ਟਨ ਸੋਨਾ ਦਰਾਮਦ ਕੀਤਾ।
ਹੁਣ ਗੱਲ ਆਉਂਦੀ ਹੈ ਸਭ ਤੋਂ ਵੱਡੇ ਹਿੱਸੇ ਯਾਨੀ ਭਾਰਤੀ ਘਰਾਂ 'ਚ ਮੌਜੂਦ ਸੋਨੇ ਦੀ।
ਐਸੋਚੈਮ ਮੁਤਾਬਕ ਭਾਰਤੀ ਘਰਾਂ 'ਚ ਕਰੀਬ 24 ਹਜ਼ਾਰ ਟਨ ਸੋਨਾ ਹੈ ਜੋ ਦੁਨੀਆ 'ਚ ਸਭ ਤੋਂ ਵੱਧ ਹੈ। ਭਾਰਤ 'ਚ ਸੋਨਾ ਹਮੇਸ਼ਾ ਤੋਂ ਬਚਤ ਦਾ ਪਸੰਦੀਦਾ ਤਰੀਕਾ ਰਿਹਾ ਹੈ।
ਪ੍ਰੋ. ਸੁੰਦਰਾਵੱਲੀ ਮੁਤਾਬਕ ਇਹ ਅਨੁਮਾਨ ਘੱਟ ਹੈ ਅਤੇ ਅਸਲ ਗਿਣਤੀ ਇਸ ਤੋਂ ਵੀ ਵੱਧ ਹੋ ਸਕਦੀ ਹੈ।
ਕੀਮਤ ਦੇ ਹਿਸਾਬ ਨਾਲ ਘਰ 'ਚ ਮੌਜੂਦ ਸੋਨੇ ਦਾ ਭੰਡਾਰ ਬਹੁਤ ਵੱਡਾ ਹੈ। ਮੌਰਗਨ ਸਟੈਨਲੀ ਮੁਤਾਬਕ ਭਾਰਤੀ ਘਰਾਂ 'ਚ ਕਰੀਬ 3.8 ਟ੍ਰਿਲੀਅਨ ਡਾਲਰ ਦਾ ਸੋਨਾ ਹੈ ਜੋ ਦੇਸ਼ ਦੀ ਜੀਡੀਪੀ ਦਾ ਕਰੀਬ 88.8 ਫੀਸਦ ਹੈ।
ਸੋਨੇ ਦੀ ਖਪਤ ਦੇ ਲਿਹਾਜ਼ ਨਾਲ ਐਮਐਮਟੀਸੀ-ਪੀਏਐਮਪੀ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਸਮਿਤ ਗੁਹਾ ਨੇ ਬੀਬੀਸੀ ਨੂੰ ਕਿਹਾ, "ਭਾਰਤ ਨੇ 2025 'ਚ 710.9 ਟਨ ਸੋਨੇ ਦੀ ਖਪਤ ਕੀਤੀ, ਜੋ 2024 ਦੇ 802.8 ਟਨ ਤੋਂ 11 ਫੀਸਦ ਘੱਟ ਹੈ ਪਰ ਅਸਲ ਮਾਇਨੇ ਰੱਖਣ ਵਾਲਾ ਅੰਕੜਾ ਮੁੱਲ ਦੇ ਲਿਹਾਜ਼ ਨਾਲ ਹੈ। ਮੰਗ 30 ਫੀਸਦ ਤੋਂ ਵਧ ਕੇ 7,51,490 ਕਰੋੜ ਰੁਪਏ ਤੱਕ ਪਹੁੰਚ ਗਈ ਜੋ ਇੱਕ ਰਿਕਾਰਡ ਹੈ।"
ਸੋਨਾ ਖਰੀਦਣ ਦੇ ਤਰੀਕਿਆਂ 'ਚ ਵੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਗੁਹਾ ਨੇ ਕਿਹਾ, "ਖਪਤਕਾਰ ਸੋਨੇ ਤੋਂ ਪਿੱਛੇ ਨਹੀਂ ਹੱਟ ਰਹੇ ਹਨ। ਉਹ ਅਜਿਹੇ ਵਿਕਲਪਾਂ 'ਤੇ ਜਾ ਰਹੇ ਹਨ ਜੋ ਉਨ੍ਹਾਂ ਨੂੰ ਪ੍ਰਤੀ ਰੁਪਏ ਵੱਧ ਤੋਂ ਵੱਧ ਧਾਤੂ ਮੁੱਲ ਦੇਵੇ।"
ਇਸ ਦਾ ਮਤਲਬ ਹੈ ਕਿ ਜ਼ਿਆਦਾਤਰ ਲੋਕ ਗਹਿਣਿਆ ਦੀ ਥਾਂ ਸਿੱਕੇ ਜਾਂ ਬਾਰ ਖਰੀਦ ਰਹੇ ਹਨ।
ਗੁਹਾ ਮੁਤਾਬਕ, ਗਹਿਣਿਆਂ ਦੀ ਮਾਤਰਾ 24 ਫੀਸਦ ਤੋਂ ਘੱਟ ਕੇ 430.5 ਟਨ ਰਹਿ ਗਈ ਜਦੋਂ ਕਿ ਬਾਰ ਅਤੇ ਸਿੱਕਿਆਂ ਦੀ ਮੰਗ 17 ਫੀਸਦ ਤੋਂ ਵੱਧ ਕੇ 280.4 ਟਨ ਹੋ ਗਈ, ਜੋ ਇੱਕ ਦਹਾਕੇ ਤੋਂ ਵੱਧ ਸਮੇਂ 'ਚ ਨਿਵੇਸ਼ ਦੀ ਸਭ ਤੋਂ ਮਜਬੂਤ ਮੰਗ ਹੈ।
ਸੋਨਾ ਅਹਿਮ ਕਿਉਂ ਹੈ ?
ਹਾਲ ਦੇ ਸਾਲਾਂ 'ਚ ਦੁਨੀਆ ਭਰ ਦੇ ਕੇਂਦਰੀ ਬੈਂਕ ਸੋਨੇ ਦਾ ਭੰਡਾਰ ਵਧਾ ਰਹੇ ਹਨ। ਕੌਮਾਂਤਰੀ ਤਣਾਅ ਅਤੇ ਆਰਥਿਕ ਅਨਿਸ਼ਚਿਤਚਾ ਸਮੇਂ ਸੋਨਾ ਸੁਰੱਖਿਅਤ ਮੰਨਿਆ ਜਾਂਦਾ ਹੈ। ਸੋਨਾ ਦੇਸ਼ ਦੀ ਅਰਥਵਿਵਸਥਾ ਅਤੇ ਮੁਦਰਾ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਜੇਕਰ ਕੋਈ ਦੇਸ਼ ਜ਼ਿਆਦਾ ਸੋਨਾ ਬਰਾਮਦ ਕਰਦਾ ਹੈ ਤਾਂ ਉਸਦੀ ਮੁਦਰਾ ਮਜਬੂਤ ਹੁੰਦੀ ਹੈ ਪਰ ਭਾਰਤ ਜ਼ਿਆਦਾ ਦਰਾਮਦ ਕਰਦਾ ਹੈ। ਇਸ ਲਈ ਜਦੋਂ ਕੀਮਤ ਵੱਧਦੀ ਹੈ ਤਾਂ ਰੁਪਏ 'ਤੇ ਦਬਾਅ ਆਉਂਦਾ ਹੈ।
ਸੋਨਾ ਕਿਸੇ ਦੇਸ਼ ਦੀ ਅਰਥਵਿਵਸਥਾ ਨੂੰ ਵੀ ਪ੍ਰਭਾਵਿਤ ਕਰਦਾ ਹੈ ਅਤੇ ਇਸ ਦਾ ਸਿੱਧਾ ਅਸਰ ਉਸਦੀ ਮੁਦਰਾ 'ਤੇ ਪੈਂਦਾ ਹੈ।
ਕਿਸੇ ਦੇਸ਼ ਦੀ ਆਮਦਨ ਦਾ ਇੱਕ ਵੱਡਾ ਹਿੱਸਾ ਉਸ ਦੇਸ਼ 'ਚ ਉਤਪਾਦਿਤ ਜਾਂ ਨਿਰਮਿਤ ਵਸਤੂਆਂ ਦੇ ਵਪਾਰ ਤੋਂ ਆਉਂਦਾ ਹੈ। ਇਸ ਦਾ ਮਤਲਬ ਹੈ ਕਿ ਕਿਸੇ ਦੇਸ਼ ਦੇ ਪ੍ਰਮੁੱਖ ਐਕਪੋਰਟ, ਹੋਰਨਾਂ ਦੇਸ਼ਾਂ ਤੋਂ ਹੋਣ ਵਾਲੇ ਇੰਪੋਰਟ ਦੀ ਤੁਲਨਾ 'ਚ ਵੱਧ ਮਾਲੀਆ ਪੈਦਾ ਕਰਦੇ ਹਨ।
ਇਹੀ ਸਿਧਾਂਤ ਸੋਨੇ ਦੀ ਇੰਪੋਰਟ-ਐਕਸਪੋਰਟ 'ਤੇ ਵੀ ਲਾਗੂ ਹੁੰਦਾ ਹੈ। ਜੇਕਰ ਕੋਈ ਦੇਸ਼ ਵਧ ਸੋਨਾ ਐਕਸਪੋਰਟ ਕਰਦਾ ਹੈ ਤਾਂ ਉਸਦੀ ਮੁਦਰਾ ਵੀ ਮਜਬੂਤ ਹੁੰਦੀ ਹੈ। ਹਾਲਾਂਕਿ ਭਾਰਤ ਸੋਨੇ ਦਾ ਇੱਕ ਵੱਡਾ ਇੰਪੋਰਟਰ ਹੈ। ਇਸ ਲਈ ਜਦੋਂ ਵੀ ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ ਵੱਧਦੀ ਹੈ ਭਾਰਤੀ ਰੁਪਏ ਦਾ ਮੁੱਲ ਘੱਟ ਜਾਂਦਾ ਹੈ।
ਕੁੱਲ ਮਿਲਾ ਕੇ ਭਾਰਤ ਦਾ ਸੋਨਾ ਤਿੰਨ ਹਿੱਸਿਆਂ 'ਚ ਵੰਡਿਆ ਹੈ। ਇਹ ਹਨ ਸਰਕਾਰੀ ਭੰਡਾਰ, ਸੋਨੇ ਦੀ ਖਦਾਣ ਅਤੇ ਘਰਾਂ 'ਚ ਰੱਖਿਆ ਸੋਨਾ।
ਅਸਲ 'ਚ ਭਾਰਤ ਦਾ ਜ਼ਿਆਦਾਤਰ ਸੋਨਾ ਸਰਕਾਰ ਜਾਂ ਖਦਾਣਾਂ 'ਚ ਨਹੀਂ ਬਲਕਿ ਲੋਕਾਂ ਦੇ ਕੋਲ ਹੈ। ਇਹੀ ਵਜ੍ਹਾ ਹੈ ਕਿ ਭਾਰਤ ਦੀ ਅਰਥਵਿਵਸਥਾ 'ਚ ਸੋਨਾ ਖਾਸ ਹੈ।
ਇਹ ਸਿਰਫ਼ ਨਿਵੇਸ਼ ਨਹੀਂ ਬਲਕਿ ਲੋਕਾਂ ਲਈ ਬਚਤ ਅਤੇ ਸੁਰੱਖਿਆ ਦਾ ਅਹਿਮ ਜ਼ਰੀਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ