‘ਪੈਸਾ, ਤਾਕਤ, ਰਸੂਖ਼ ਅਤੇ ਜਿਣਸੀ ਸ਼ੋਸ਼ਣ ਦੇ ਮਰਦਾਨਾ ਤੰਤਰ ਦਾ ਨਾਂਅ ਹੈ ਐਪਸਟੀਨ ਫਾਈਲਜ਼’ - ਬਲੌਗ

    • ਲੇਖਕ, ਨਸੀਰੁੱਦੀਨ
    • ਰੋਲ, ਬੀਬੀਸੀ ਹਿੰਦੀ
  • ਪੜ੍ਹਨ ਦਾ ਸਮਾਂ: 8 ਮਿੰਟ

ਬਹੁਤ ਮੁਸ਼ਕਿਲ ਹੈ, ਖੁਦ ਨਾਲ ਹੋਈ ਜਿਣਸੀ ਹਿੰਸਾ ਬਾਰੇ ਬੋਲਣਾ। ਇਹ ਉਦੋਂ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ ਜਦੋਂ ਮੁਲਜ਼ਮ ਹਰ ਪੱਖੋਂ ਤਾਕਤਵਰ ਕੋਈ ਮਰਦ ਹੋਵੇ।

ਪਰ ਮੁਸ਼ਕਿਲਾਂ ਅਤੇ ਖ਼ਤਰਿਆਂ ਦੇ ਬਾਵਜੂਦ ਵੀ ਤਾਕਤਵਰਾਂ ਖਿਲਾਫ ਬੋਲਣਾ ਕਿੰਨਾ ਜ਼ਰੂਰੀ ਹੈ, ਇਹ ਵਾਰ-ਵਾਰ ਸਾਹਮਣੇ ਆਉਂਦਾ ਹੈ। ਕਈ ਵਾਰ ਆਵਾਜ਼ ਬੁਲੰਦ ਹੋਣ 'ਚ ਕਾਫੀ ਸਮਾਂ ਵੀ ਲੱਗਦਾ ਹੈ।

ਅਜਿਹੀਆਂ ਕਈ ਮਿਸਾਲਾਂ ਆਪਣੇ ਮੁਲਕ 'ਚ ਵੀ ਮਿਲ ਜਾਣਗੀਆਂ। ਆਵਾਜ਼ ਉੱਠਣ 'ਚ ਦੇਰੀ ਦਾ ਮਤਲਬ ਇਹ ਕਦੇ ਨਹੀਂ ਹੁੰਦਾ ਕਿ ਕੋਈ ਜੁਰਮ ਹੋਇਆ ਹੀ ਨਹੀਂ ਹੈ।

ਹਾਂ, ਇਸ ਸਭ ਵਿਚਾਲੇ ਬੋਲਣ ਵਾਲੀਆਂ ਬਹਾਦਰ ਮਹਿਲਾਵਾਂ ਨੂੰ ਜੋ ਝੱਲਣਾ ਪੈਂਦਾ ਹੈ, ਉਹ ਬੇਹੱਦ ਤਕਲੀਫ਼ ਦੇਣ ਵਾਲਾ ਹੁੰਦਾ ਹੈ। ਉਨ੍ਹਾਂ ਦੀ ਨੀਅਤ, ਚਰਿੱਤਰ ਅਤੇ ਚੁੱਪੀ 'ਤੇ ਸਵਾਲ ਚੁੱਕੇ ਜਾਂਦੇ ਹਨ।

ਤਾਕਤ ਕਿਸੇ ਚੀਜ਼ ਦੀ ਹੋ ਸਕਦੀ ਹੈ। ਪੈਸਾ, ਰਸੂਖ਼, ਸੱਤਾ ਅਤੇ ਅਹੁਦਾ...ਅਤੇ ਜਦੋਂ ਕਿਸੇ ਮਰਦ ਕੋਲ ਇਹ ਸਾਰੀਆਂ ਤਾਕਤਾਂ ਹੁੰਦੀਆਂ ਹਨ ਤਾਂ ਕਈ ਇਸ ਦਾ ਬੇਖੌਫ਼ ਇਸਤੇਮਾਲ ਜਿਣਸੀ ਸ਼ੋਸ਼ਣ ਅਤੇ ਹਿੰਸਾ ਲਈ ਕਰਦੇ ਹਨ।

ਜਿਣਸੀ ਅਪਰਾਧੀ ਜੈਫਰੀ ਐਪਸਟੀਨ ਅਤੇ ਉਸਦੇ ਦੋਸਤਾਂ ਦੀ ਮੰਡਲੀ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ।

ਇਸੇ ਕਾਰਨ ਕੁਝ ਸਮੇਂ ਤੋਂ ਜੈਫਰੀ ਐਪਸਟੀਨ ਅਤੇ ਉਸਦੇ ਦੋਸਤ-ਮਦਦਗਾਰ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਇਹ ਜਿਣਸੀ ਅਪਰਾਧੀ ਕੌਣ ਸੀ ਜਾਂ ਉਸਦੇ ਦੋਸਤ ਕੌਣ ਹਨ, ਇਸ ਬਾਰੇ ਕਾਫੀ ਕੁਝ ਜਾਣਕਾਰੀ ਸਾਹਮਣੇ ਆ ਚੁੱਕੀ ਹੈ।

ਉਸਦੇ ਦੋਸਤਾਂ 'ਚ ਪੜ੍ਹਾਉਣ ਵਾਲੇ, ਲੇਖਕ, ਕਲਾਕਾਰ, ਬਿਜ਼ਨਸਪਰਸਨ, ਕੰਪਿਊਟਰ ਦਿੱਗਜ, ਸਿਆਸਤਦਾਨ, ਨੌਕਰਸ਼ਾਹ, ਅਫ਼ਸਰ ਸਭ ਸ਼ਾਮਿਲ ਹਨ। ਇਸਦਾ ਸੇਕ ਹੁਣ ਭਾਰਤ ਤੱਕ ਵੀ ਪਹੁੰਚ ਚੁੱਕਿਆ ਹੈ।

ਇਸ ਹੰਗਾਮੇ ਵਿਚਾਲੇ, ਇਹ ਵੀ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਐਪਸਟੀਨ ਫਾਈਲ 'ਚ ਨਾਂਅ ਆਉਣਾ, ਇਸ ਗੱਲ ਦਾ ਸਬੂਤ ਨਹੀਂ ਕਿ ਉਹ ਸ਼ਖਸ ਜਿਣਸੀ ਸ਼ੋਸ਼ਣ ਕਰਨ ਵਾਲਾ ਹੈ। ਇਹ ਸਹੀ ਹੈ। ਉਂਝ ਤਾਂ ਜਿਣਸੀ ਸ਼ੋਸ਼ਕ ਅਤੇ ਉਤਪੀੜਕ ਵੀ ਉਦੋਂ ਤੱਕ ਦੋਸ਼ੀ ਨਹੀਂ ਹਨ, ਜਦੋਂ ਤੱਕ ਕਾਨੂੰਨ ਉਨ੍ਹਾਂ ਨੂੰ ਦੋਸ਼ੀ ਨਾ ਠਹਿਰਾਏ।

ਇਸ ਲਈ ਜ਼ਰੂਰੀ ਹੈ ਕਿ ਐਪਸਟੀਨ ਕੇਸ ਬਾਰੇ ਥੋੜ੍ਹੀ ਜਾਣਕਾਰੀ ਇੱਥੇ ਸਾਂਝੀ ਕੀਤੀ ਜਾਵੇ।

20 ਸਾਲ ਪਹਿਲਾਂ ਲੱਗਿਆ ਸੀ ਇਲਜ਼ਾਮ

ਗੱਲ ਅੱਜ ਤੋਂ ਕਰੀਬ 20 ਸਾਲ ਪਹਿਲਾਂ ਸਾਲ 2005 'ਚ ਸ਼ੁਰੂ ਹੁੰਦੀ ਹੈ। 14 ਸਾਲ ਦੀ ਇੱਕ ਕੁੜੀ ਦੇ ਮਾਂ-ਬਾਪ ਨੇ ਇਲਜ਼ਾਮ ਲਗਾਇਆ ਕਿ ਜੈਫਰੀ ਐਪਸਟੀਨ ਨੇ ਆਪਣੇ ਘਰ 'ਚ ਉਨ੍ਹਾਂ ਦੀ ਧੀ ਨਾਲ ਜਿਣਸੀ ਹਿੰਸਾ ਕੀਤੀ।

ਇਹੀ ਨਹੀਂ, ਐਪਸਟੀਨ ਦੇ ਘਰ ਦੀ ਤਲਾਸ਼ੀ ਦੌਰਾਨ ਕਈ ਹੋਰ ਕੁੜੀਆਂ ਦੀਆਂ ਤਸਵੀਰਾਂ ਵੀ ਮਿਲੀਆਂ।

ਇਸ ਤੋਂ ਬਾਅਦ ਸਾਲ 2008 'ਚ ਐਪਸਟੀਨ ਨੂੰ ਜਿਣਸੀ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ। ਉਸਨੂੰ 18 ਮਹੀਨੇ ਦੀ ਸਜ਼ਾ ਹੋਈ।

ਪਰ ਉਸਨੂੰ 12 ਘੰਟਿਆਂ ਲਈ ਬਾਹਰ ਜਾਣ ਅਤੇ ਕੰਮ ਕਰਨ ਦੀ ਇਜਾਜ਼ਤ ਵੀ ਮਿਲ ਗਈ। ਕਰੀਬ 13 ਮਹੀਨੇ ਤੱਕ ਅਜਿਹੀ ਸਜ਼ਾ ਕੱਟਣ ਤੋਂ ਬਾਅਦ ਉਸਨੂੰ ਰਿਹਾਅ ਕਰ ਦਿੱਤਾ ਗਿਆ।

ਸਜ਼ਾ ਦੇ ਨਾਲ ਹੀ ਐਪਸਟੀਨ ਦਾ ਨਾਂਅ ਸਾਲ 2008 'ਚ ਹੀ ਨਿਊਯਾਰਕ ਦੇ ਜਿਣਸੀ ਸ਼ੋਸ਼ਕਾਂ ਦੇ ਰਜਿਸਟਰ 'ਚ ਜ਼ਿੰਦਗੀ ਭਰ ਲਈ ਦਰਜ ਕਰ ਲਿਆ ਗਿਆ। ਜਿਣਸੀ ਅਪਰਾਧ ਦੇ ਮਾਮਲੇ 'ਚ ਇਹ ਇੱਕ ਅਹਿਮ ਰਜਿਸਟਰ ਹੈ।

ਇਸ 'ਚ ਜਿਨ੍ਹਾਂ ਦਾ ਨਾਂਅ ਦਰਜ ਹੁੰਦਾ ਹੈ, ਉਨ੍ਹਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਅਤੇ ਨਿਗਰਾਨੀ ਹੁੰਦੀ ਹੈ।

ਪਰ ਇਸ ਸਭ ਤੋਂ ਪਹਿਲਾਂ ਉਸਦੇ ਵਕੀਲਾਂ ਨੇ ਘੱਟ ਸਜ਼ਾ ਅਤੇ ਜ਼ਿਆਦਾ ਬਚਾਅ ਦਾ ਤਰੀਕਾ ਕੱਢਿਆ। ਸਰਕਾਰੀ ਵਕੀਲਾਂ ਦੇ ਨਾਲ ਸਮਝੌਤਾ ਹੋਇਆ। ਇਸ ਸਮਝੌਤੇ ਦੀਆਂ ਸ਼ਰਤਾਂ ਨੇ ਜਾਂਚ ਦਾ ਦਾਇਰਾ ਸੀਮਤ ਕਰ ਦਿੱਤਾ।

ਯਾਨੀ ਅੱਗੇ ਇਸਦੀ ਜਾਂਚ ਨਹੀਂ ਹੋਵੇਗੀ ਕਿ ਇਸ ਮਾਮਲੇ 'ਚ ਜਿਣਸੀ ਹਿੰਸਾ ਦੀਆਂ ਪੀੜਤ ਹੋਰ ਵੀ ਕੁੜੀਆਂ ਹਨ ਜਾਂ ਨਹੀਂ ਜਾਂ ਐਪਸਟੀਨ ਦੇ ਨਾਲ-ਨਾਲ ਹੋਰ ਕੌਣ-ਕੌਣ ਲੋਕ ਇਸ ਅਪਰਾਧ 'ਚ ਸ਼ਾਮਿਲ ਸਨ।

ਇਸ ਲਈ ਉਸ ਸਮੇਂ ਪਤਾ ਵੀ ਨਹੀਂ ਲੱਗ ਸਕਿਆ ਕਿ ਇਸ ਜੁਰਮ 'ਚ ਉਸਦੇ ਨਾਲ ਹੋਰ ਕੌਣ-ਕੌਣ ਸ਼ਾਮਿਲ ਸਨ। ਇਹੀ ਨਹੀਂ, ਇਸ ਸਮਝੌਤੇ ਦੀ ਜਾਣਕਾਰੀ ਐਪਸਟੀਨ ਦੇ ਖਿਲਾਫ ਆਵਾਜ਼ ਚੁੱਕਣ ਵਾਲਿਆਂ ਨੂੰ ਨਹੀਂ ਦਿੱਤੀ ਗਈ।

ਰਸੂਖ਼ਦਾਰਾਂ ਨੂੰ ਬਚਾਉਣ ਦੇ ਇਲਜ਼ਾਮ

ਅਪਰਾਧਿਕ ਨਿਆਂ ਪ੍ਰਕਿਰਿਆ ਨੂੰ ਤਾਕਤਵਰ ਮਰਦ ਆਪਣੇ ਹੱਕ 'ਚ ਕਿਵੇਂ ਇਸਤੇਮਾਲ ਕਰਦੇ ਹਨ, ਐਪਸਟੀਨ ਕੇਸ ਇਸਦੀ ਉਦਾਹਰਣ ਹੈ। ਕਈ ਵਾਰ ਪੂਰਾ ਤੰਤਰ ਹੀ ਉਨ੍ਹਾਂ ਨੂੰ ਬਚਾਉਣ 'ਚ ਲੱਗ ਜਾਂਦਾ ਹੈ।

ਭਾਰਤ 'ਚ ਵੀ ਜਿਣਸੀ ਸ਼ੋਸ਼ਣ ਜਾਂ ਅਪਰਾਧ ਦੇ ਕਿਸੇ ਤਾਕਤਵਰ ਮੁਲਜ਼ਮ ਦੇ ਮਾਮਲੇ 'ਚ ਅਜਿਹੇ ਇੱਕ ਨਹੀਂ ਬਲਕਿ ਕਈ ਉਦਾਹਰਨ ਆਸਾਨੀ ਨਾਲ ਮਿਲ ਜਾਂਦੇ ਹਨ। ਅੱਜ ਵੀ ਇਲਜ਼ਾਮ ਲੱਗ ਰਹੇ ਹਨ ਕਿ ਐਪਸਟੀਨ ਨਾਲ ਸ਼ਾਮਿਲ ਤਾਕਤਵਰ ਮਰਦਾਂ ਨੂੰ ਬਚਾਇਆ ਜਾ ਰਿਹਾ ਹੈ।

ਖ਼ੈਰ, ਐਪਸਟੀਨ ਦੇ ਜਿਣਸੀ ਸ਼ੋਸ਼ਣ ਨਾਲ ਜੁੜੀਆਂ ਚਰਚਾਵਾਂ ਨੇ ਉਦੋਂ ਜ਼ੋਰ ਫੜ੍ਹ ਲਿਆ ਜਦੋਂ 'ਮਿਆਮੀ ਹੈਰਾਲਡ' ਦੀ ਖੋਜੀ ਪੱਤਰਕਾਰ ਜੂਲੀ ਕੇ. ਬ੍ਰਾਊਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਸਦੀ ਤਫ਼ਤੀਸ਼ ਕਰਨੀ ਸ਼ੁਰੂ ਕੀਤੀ।

ਉਨ੍ਹਾਂ ਦੀ ਰਿਪੋਰਟ ਨੇ ਐਪਸਟੀਨ ਦੇ ਜਿਣਸੀ ਸ਼ੋਸ਼ਣ ਦੇ ਜਾਲ਼ ਵੱਲ ਲੋਕਾਂ ਦਾ ਧਿਆਨ ਖਿੱਚਿਆ। ਰਿਪੋਰਟ ਮੁਤਾਬਿਕ, ਜੂਲੀ ਬ੍ਰਾਊਨ ਕਰੀਬ 80 ਪੀੜਤਾਂ ਦੀ ਪਹਿਚਾਣ ਕਰਨ 'ਚ ਕਾਮਯਾਬ ਰਹੇ।

ਇਨ੍ਹਾਂ ਵਿੱਚੋਂ ਕਰੀਬ 60 ਮਹਿਲਾਵਾਂ ਨੂੰ ਲੱਭ ਵੀ ਲਿਆ ਗਿਆ। ਅੱਠ ਗੱਲ ਕਰਨ ਲਈ ਤਿਆਰ ਹੋਈਆਂ ਅਤੇ ਸਿਰਫ਼ ਚਾਰ ਆਪਣੀ ਪਛਾਣ ਦੇ ਨਾਲ ਬੋਲਣ ਲਈ ਰਾਜ਼ੀ ਹੋਈਆਂ।

ਤਾਕਤਵਰ ਲੋਕਾਂ ਦੇ ਜ਼ੁਲਮ ਅਤੇ ਜ਼ਿਆਦਤੀ ਦੇ ਖ਼ਿਲਾਫ਼ ਮਹਿਲਾ ਦਾ ਬੋਲਣਾ ਕਿੰਨਾ ਔਖਾ ਹੁੰਦਾ ਹੈ, ਇਹ ਇਸ ਤੋਂ ਵੀ ਸਾਬਤ ਹੁੰਦਾ ਹੈ।

ਰਿਪੋਰਟ ਮੁਤਾਬਕ, ਉਹ ਆਪਣੇ ਨਾਲ ਹੋਈ ਹਿੰਸਾ 'ਤੇ ਸ਼ਰਮਿੰਦਾ ਸਨ। ਉਨ੍ਹਾਂ ਨੂੰ ਕਿਤੇ ਨਾ ਕਿਤੇ ਇਹ ਅਹਿਸਾਸ ਵੀ ਸੀ ਕਿ ਅਜਿਹੇ ਤਾਕਤਵਰ ਲੋਕਾਂ ਦਾ ਕੁਝ ਨਹੀਂ ਵਿਗੜ ਸਕਦਾ। ਇਨ੍ਹਾਂ ਬਹਾਦਰ ਆਵਾਜ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ 2019 ਵਿੱਚ ਐਪਸਟੀਨ ਦੀ ਮੁੜ ਗ੍ਰਿਫ਼ਤਾਰੀ ਹੋਈ।

ਕਰੀਬ ਇੱਕ ਮਹੀਨੇ ਬਾਅਦ ਹੀ ਉਹ ਆਪਣੀ ਜੇਲ੍ਹ ਦੀ ਕੋਠੜੀ ਵਿੱਚ ਮ੍ਰਿਤ ਪਾਇਆ ਗਿਆ। ਹੁਣ ਨਵੇਂ ਸਿਰੇ ਤੋਂ ਉਸ ਦੀ ਮੌਤ ਦੀ ਜਾਂਚ ਨੂੰ ਲੈਕੇ ਮੰਗ ਉੱਠ ਰਹੀ ਹੈ।

ਜਿਣਸੀ ਹਿੰਸਾ ਨਾਲ ਜੁੜੇ ਜੈਫਰੀ ਐਪਸਟੀਨ ਦੇ ਕੇਸ 'ਚ ਤਿੰਨ ਅਹਿਮ ਪੜਾਅ ਹਨ- ਸਾਲ 2005, ਸਾਲ 2008 ਅਤੇ ਸਾਲ 2019।

ਇਨ੍ਹਾਂ ਸਾਲਾਂ ਵਿੱਚ ਉਸ 'ਤੇ ਕਈ ਇਲਜ਼ਾਮ ਲੱਗੇ। ਜੁਰਮ ਸਾਬਤ ਹੋਇਆ। ਫਿਰ ਇਲਜ਼ਾਮਾਂ ਦੀ ਫੇਹਰਿਸਤ ਸਾਹਮਣੇ ਆਈ। ਦੁਬਾਰਾ ਗ੍ਰਿਫ਼ਤਾਰੀ ਹੋਈ।

ਦਿਲਚਸਪ ਗੱਲ ਇਹ ਹੈ ਕਿ ਇਹ ਸਭ ਉਸ ਅਮਰੀਕਾ ਵਿੱਚ ਹੋ ਰਿਹਾ ਸੀ, ਜਿਸਦੀ ਤਾਕਤਵਰ ਸੱਤਾ ਖੁਦ ਨੂੰ ਆਧੁਨਿਕ ਅਤੇ ਇਨਸਾਫ਼ਪਸੰਦ ਮੰਨਦੀ ਹੈ।

ਪਰ ਆਧੁਨਿਕ ਅਤੇ ਇਨਸਾਫ਼ਪਸੰਦ ਹੋਣ ਦਾ ਸਭ ਤੋਂ ਵੱਡਾ ਮਾਪਦੰਡ ਪਿੱਛੜੇ ਵਰਗਾਂ, ਖ਼ਾਸਕਰ ਮਹਿਲਾਵਾਂ ਪ੍ਰਤੀ ਨਜ਼ਰੀਆ ਅਤੇ ਉਨ੍ਹਾਂ ਨਾਲ ਇਨਸਾਫ਼ ਵਾਲਾ ਰਵੱਈਆ ਹੈ।

ਜਿਣਸੀ ਹਿੰਸਾ ਦੀ ਜੜ 'ਚ ਉੱਤਮਤਾ ਅਤੇ ਗੈਰ-ਬਰਾਬਰੀ

ਐਪਸਟੀਨ ਅਤੇ ਉਸ ਦੀ ਮਰਦਾਨਾ ਟੋਲੀ ਉਸ ਪੂਰੀ ਪ੍ਰਣਾਲੀ ਨੂੰ ਬੇਨਕਾਬ ਕਰਦੇ ਹਨ, ਜਿੱਥੇ ਮਹਿਲਾਵਾਂ ਨੂੰ ਮਰਦਾਂ ਲਈ ਸਿਰਫ਼ ਇੱਕ ਜਿਣਸੀ ਚੀਜ਼ ਦੇ ਤੌਰ 'ਤੇ ਸਮਝਿਆ ਜਾਂਦਾ ਹੈ। ਅਜਿਹਾ ਨਹੀਂ ਹੈ ਕਿ ਇਹ ਸਭ ਦੁਨੀਆ ਦੇ ਬਾਕੀ ਹਿੱਸਿਆਂ 'ਚ ਨਹੀਂ ਹੁੰਦਾ।

ਮਰਦ ਸੱਤਾ, ਅਹੁਦਾ, ਪੈਸਾ ਅਤੇ ਰਸੂਖ਼ ਵਰਗੀਆਂ ਤਾਕਤਾਂ ਦੇ ਦਮ 'ਤੇ ਮਹਿਲਾ ਨੂੰ ਸੇਵਕ ਅਤੇ ਜਿਣਸੀ ਦਾਸੀ ਬਣਾਉਣਾ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਲਈ ਮਹਿਲਾ ਸਿਰਫ਼ ਇੱਕ ਦੇਹ ਹੈ। ਉਨ੍ਹਾਂ ਦਾ ਯਕੀਨ ਹੈ ਕਿ ਇਹ ਦੇਹ ਉਨ੍ਹਾਂ ਦੇ ਹੀ ਇਸਤੇਮਾਲ ਲਈ ਹੈ, ਇਸ ਲਈ ਉਹ ਇਸ ਨੂੰ ਹਰ ਤਰੀਕੇ ਨਾਲ ਆਪਣੇ ਕਾਬੂ ਵਿੱਚ ਕਰਨਾ ਚਾਹੁੰਦੇ ਹਨ।

ਇਸ ਜਿਣਸੀ ਸ਼ੋਸ਼ਣ ਅਤੇ ਜਿਣਸੀ ਹਿੰਸਾ ਦੀ ਜੜ ਵਿੱਚ ਹੈ - ਸ਼੍ਰੇਸ਼ਠਤਾ (ਉੱਤਮਤਾ) ਅਤੇ ਗੈਰ-ਬਰਾਬਰੀ ਵਾਲੀ ਸੋਚ। ਭਾਵ ਮਰਦ ਹੀ ਸ਼੍ਰੇਸ਼ਠ ਹੈ ਅਤੇ ਮਹਿਲਾ ਉਸ ਦੇ ਬਰਾਬਰ ਨਹੀਂ ਹੈ ਅਤੇ ਨਾ ਹੀ ਹੋ ਸਕਦੀ ਹੈ। ਮਹਿਲਾ, ਮਰਦ ਦੀ ਸੇਵਾ ਲਈ ਹੈ।

ਐਪਸਟੀਨ ਦੀ ਫ਼ਾਈਲ ਵਿੱਚ ਕੁਝ ਮਹਿਲਾਵਾਂ ਵੀ ਸ਼ਾਮਲ ਹਨ। ਉਹ ਐਪਸਟੀਨ ਨੂੰ ਬਚਾਉਂਦੀਆਂ ਹਨ। ਇਹੀ ਨਹੀਂ, ਸਾਹਮਣੇ ਆਏ ਦਸਤਾਵੇਜ਼ਾਂ ਮੁਤਾਬਕ, ਉਸ ਨਾਲ ਉਨ੍ਹਾਂ ਦੀ ਗੱਲਬਾਤ ਸਿਰਫ਼ ਪੇਸ਼ੇਵਰ ਮਾਮਲਿਆਂ ਤੱਕ ਸੀਮਿਤ ਨਹੀਂ ਹੁੰਦੀ ਹੈ।

ਉਹ ਵੀ ਕੁੜੀਆਂ ਨੂੰ ਮਹਿਜ਼ ਸਰੀਰ ਦੇ ਦਾਇਰੇ ਵਿੱਚ ਦੇਖਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਤਾਂ ਮਰਦਾਂ ਦੀ ਟੋਲੀ ਵੱਲੋਂ ਜਿਣਸੀ ਸ਼ੋਸ਼ਣ ਲਈ ਮਾਸੂਮ, ਨਾਬਾਲਿਗ ਕੁੜੀਆਂ ਨੂੰ ਫੁਸਲਾਉਂਦੀਆਂ ਅਤੇ ਤਿਆਰ ਕਰਦੀਆਂ ਹਨ।

ਆਪਣੇ ਨਾਲ ਹੋਈ ਜਿਣਸੀ ਹਿੰਸਾ ਅਤੇ ਉਤਪੀੜਨ ਦੇ ਖ਼ਿਲਾਫ਼ ਬੋਲਣ ਵਾਲੀ ਇੱਕ ਕੁੜੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਖਾਇਆ ਜਾਂਦਾ ਸੀ ਕਿ ਸਭ ਕੁਝ ਚੁੱਪਚਾਪ ਕਰਨਾ ਹੈ, ਸਹਿਣਾ ਹੈ, ਜੋ-ਜੋ ਜੈਫਰੀ ਕਹੇ ਉਹ ਕਰਕੇ ਉਸ ਨੂੰ ਖੁਸ਼ ਕਰਨਾ ਹੈ।

ਉਹ ਕਹਿੰਦੇ ਹਨ ਕਿ ਇੱਕ ਮਹਿਲਾ ਹੋਣ ਦੇ ਨਾਤੇ ਇਹ ਗੱਲ ਉਨ੍ਹਾਂ ਨੂੰ ਹੋਰ ਵੀ ਚੁਭਦੀ ਸੀ ਕਿ ਇੱਕ ਮਹਿਲਾ ਹੀ ਇਹ ਸਭ ਹੋਣ ਦੇ ਰਹੀ ਹੈ, ਸਗੋਂ ਅਜਿਹਾ ਹੋਣ 'ਚ ਮਦਦ ਕਰ ਰਹੀ ਹੈ।

ਇਹ ਪਿੱਤਰਸੱਤਾ ਦੀ ਉਦਾਹਰਣ ਹੈ। ਮਹਿਲਾਵਾਂ ਨੂੰ ਵੀ ਲੱਗਦਾ ਹੈ ਕਿ ਮਰਦਾਂ ਦੀ ਦੁਨੀਆ ਇਸੇ ਤਰ੍ਹਾਂ ਚੱਲਦੀ ਹੈ। ਜੇ ਉਨ੍ਹਾਂ ਨੇ ਇਸ ਵਿੱਚ ਬਣੇ ਰਹਿਣਾ ਹੈ ਤਾਂ ਮਰਦਾਂ ਦੀ ਇੱਛਾ ਮੁਤਾਬਕ ਕੰਮ ਕਰਨਾ ਹੋਵੇਗਾ।

ਮਰਦਾਨਾ ਤਾਕਤ ਦਾ ਕੁਚੱਕਰ

ਐਪਸਟੀਨ ਦੀ ਅਜਿਹੀ ਹੀ ਇੱਕ ਖਾਸ ਸਹਿਯੋਗੀ ਗਿਲੇਨ ਮੈਕਸਵੈਲ ਨੂੰ ਸਾਲ 2021 ਵਿੱਚ ਨਾਬਾਲਿਗ ਕੁੜੀਆਂ ਨੂੰ ਫੁਸਲਾਉਣ ਅਤੇ ਉਨ੍ਹਾਂ ਦਾ ਜਿਣਸੀ ਸ਼ੋਸ਼ਣ ਕਰਵਾਉਣ ਵਿੱਚ ਮਦਦ ਦੇ ਇਲਜ਼ਾਮ 'ਚ ਦੋਸ਼ੀ ਕਰਾਰ ਦਿੱਤਾ ਗਿਆ।

ਕੁੜੀਆਂ ਲਈ ਮਰਦਾਨਾ ਤਾਕਤ ਦਾ ਇਹ ਕੁਚੱਕਰ ਇੱਕ ਹਨ੍ਹੇਰੇ ਖੂਹ ਵਾਂਗ ਹੈ। ਉਨ੍ਹਾਂ ਨੂੰ ਫਸਾਇਆ ਜਾਂਦਾ ਹੈ ਅਤੇ ਫਿਰ ਮੰਨੋ ਉਹ ਕਿਸੇ ਦਲਦਲ ਵਿੱਚ ਧਸਦੀਆਂ ਚਲੀਆਂ ਜਾਂਦੀਆਂ ਹਨ। ਉਨ੍ਹਾਂ ਲਈ ਬੋਲਣਾ ਆਸਾਨ ਨਹੀਂ ਹੁੰਦਾ।

ਉਨ੍ਹਾਂ ਨਾਲ ਜੁਰਮ ਹੋਇਆ ਹੈ ਅਤੇ ਉਨ੍ਹਾਂ ਨੂੰ ਹੀ ਸ਼ਰਮਿੰਦਗੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਜੁਰਮ ਉਨ੍ਹਾਂ ਨਾਲ ਹੁੰਦਾ ਹੈ ਅਤੇ ਇਹ ਸਮਾਜ ਸਜ਼ਾ ਵੀ ਉਨ੍ਹਾਂ ਨੂੰ ਹੀ ਦਿੰਦਾ ਹੈ। ਇਸੇ ਲਈ ਤਾਂ ਐਪਸਟੀਨ ਦੇ ਮਾਮਲੇ ਵਿੱਚ ਵੀ ਸ਼ੁਰੂਆਤ ਵਿੱਚ ਕੁਝ ਬਹਾਦਰ ਕੁੜੀਆਂ ਹੀ ਬੋਲਣ ਦੀ ਹਿੰਮਤ ਜੁਟਾ ਸਕੀਆਂ।

ਇਹੀ ਨਹੀਂ, ਐਪਸਟੀਨ ਫ਼ਾਈਲ ਹੋਰ ਵੀ ਕੁਝ ਦੱਸਦੀ ਹੈ। ਜਿੱਥੋਂ ਤੱਕ ਮਹਿਲਾਵਾਂ ਨਾਲ ਸਲੂਕ ਦਾ ਸਵਾਲ ਹੈ, ਪ੍ਰਗਤੀਸ਼ੀਲ ਮੰਨੇ ਜਾਣ ਵਾਲੇ ਮਰਦਾਂ 'ਤੇ ਵੀ ਯਕੀਨ ਕਰਨਾ ਮੁਸ਼ਕਿਲ ਹੈ।

ਐਪਸਟੀਨ ਦੁਨੀਆ ਦੇ ਬਿਹਤਰੀਨ ਦਿਮਾਗਾਂ ਤੋਂ ਮਦਦ ਮੰਗ ਰਿਹਾ ਸੀ ਅਤੇ ਉਹ ਉਸ ਨੂੰ ਇਹ ਸਲਾਹ ਦੇ ਰਹੇ ਸਨ ਕਿ ਮੀਡੀਆ ਵਿੱਚ ਉਸ ਦੇ ਜਿਣਸੀ ਅਪਰਾਧਾਂ ਬਾਰੇ ਛਪ ਰਹੀਆਂ ਖ਼ਬਰਾਂ ਨਾਲ ਕਿਵੇਂ ਨਜਿੱਠਿਆ ਜਾਵੇ। ਅਜਿਹੇ ਲੋਕਾਂ ਦੇ ਸ਼ਾਮਿਲ ਹੋਣ ਨਾਲ ਕਈ ਲੋਕਾਂ ਦਾ ਭਰੋਸਾ ਟੁੱਟਿਆ ਹੈ। ਕਈ ਗੁੱਸੇ ਅਤੇ ਸਦਮੇ ਵਿੱਚ ਹਨ।

ਯਾਨੀ, ਦੁਨੀਆ ਦੀ ਸੱਤਾ-ਬਣਾਵਟ ਅਜੇ ਵੀ ਵੱਡੇ ਪੈਮਾਨੇ 'ਤੇ ਮਰਦ-ਕੇਂਦਰਿਤ ਹੈ। ਦਬੰਗ ਮਰਦਾਨਗੀ ਦਾ ਦਬਦਬਾ ਹੈ। ਜ਼ਹਿਰੀਲੀ ਮਰਦਾਨਗੀ ਦਾ ਬੋਝ ਸਮਾਜ 'ਤੇ ਬਹੁਤ ਜ਼ਿਆਦਾ ਹੈ। ਅਜੇ ਵੀ ਮਹਿਲਾ ਦੀ ਗਰਿਮਾ ਵਾਲਾ ਸਮਾਜ ਬਣਨਾ ਬਾਕੀ ਹੈ।

ਪਰ ਬਹੁਤ ਸਾਰੀਆਂ ਮਹਿਲਾਵਾਂ ਖ਼ਾਮੋਸ਼ ਰਹਿਣ ਲਈ ਤਿਆਰ ਨਹੀਂ ਹਨ। ਉਹ ਇਹ ਸਭ ਬਦਲਣਾ ਚਾਹੁੰਦੀਆਂ ਹਨ। ਇਨ੍ਹਾਂ ਵਿੱਚ ਜੈਫਰੀ ਐਪਸਟੀਨ ਅਤੇ ਉਸਦੀ ਦੋਸਤਾਨਾ ਟੋਲੀ ਵੱਲੋਂ ਜਿਣਸੀ ਸ਼ੋਸ਼ਣ ਅਤੇ ਹਿੰਸਾ ਸਹਿਣ ਵਾਲੀਆਂ ਕਈ ਕੁੜੀਆਂ ਸ਼ਾਮਿਲ ਹਨ।

ਇਨ੍ਹਾਂ ਮਹਿਲਾਵਾਂ ਵਿੱਚੋਂ ਇੱਕ ਲਿਜ਼ਾ ਫਿਲਿਪਸ ਕਹਿੰਦੇ ਹਨ, "ਅਸੀਂ ਚਾਹੁੰਦੇ ਹਾਂ ਕਿ ਪੂਰੀ ਫ਼ਾਈਲ ਅਤੇ (ਐਪਸਟੀਨ ਦੇ ਸਾਰੇ ਕਥਿਤ ਸਹਿਯੋਗੀਆਂ ਦੇ) ਨਾਮ ਉਜਾਗਰ ਕੀਤੇ ਜਾਣ। ਮੇਰੇ ਲਈ, ਇਨਸਾਫ਼ ਦਾ ਮਤਲਬ ਹੈ ਜਿਣਸੀ ਤਸਕਰੀ ਦੇ ਜਾਲ਼ ਦਾ ਪਰਦਾਫਾਸ਼ ਕਰਨਾ ਤਾਂ ਜੋ ਅੱਗੇ ਉਹ ਕਿਸੇ ਨੂੰ ਨੁਕਸਾਨ ਨਾ ਪਹੁੰਚਾ ਸਕਣ।"

ਇਹ ਸਾਰੀਆਂ ਬਹਾਦਰ ਮਹਿਲਾਵਾਂ ਹੁਣ ਆਪਣੀ ਆਵਾਜ਼, ਨਾਮ ਅਤੇ ਚਿਹਰਾ ਵੀ ਲੁਕਾਉਣ ਨੂੰ ਤਿਆਰ ਨਹੀਂ ਹਨ। ਉਹ ਸਾਲਾਂ ਦੀ ਜਿਣਸੀ ਹਿੰਸਾ ਦੀ ਪੀੜਾ ਦੇ ਖ਼ਿਲਾਫ਼ ਚੁੱਪੀ ਤੋੜ ਰਹੀਆਂ ਹਨ। ਆਪਣੀ ਆਵਾਜ਼ ਬੁਲੰਦ ਕਰ ਰਹੀਆਂ ਹਨ। ਅਮਰੀਕੀ ਸੰਸਦ ਦੀ ਦਹਿਲੀਜ਼ 'ਤੇ ਦਸਤਕ ਦੇ ਰਹੀਆਂ ਹਨ।

ਉਹ ਮੰਗ ਕਰ ਰਹੀਆਂ ਹਨ ਕਿ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਤਾਕਤਵਰ ਲੋਕਾਂ ਨੂੰ ਬਚਾਇਆ ਨਾ ਜਾਵੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)