ਈਰਾਨ ਵਿੱਚ ਡੇਗੇ ਗਏ ਅਮਰੀਕੀ ਲੜਾਕੂ ਜਹਾਜ਼ ਐੱਫ-15 ਦਾ ਲਾਪਤਾ ਕਰੂ ਮੈਂਬਰ ''ਸੁਰੱਖਿਅਤ'' ਮਿਲਿਆ, ਇਸ ਜਹਾਜ਼ ਦੀ ਕੀ ਹੈ ਖਾਸੀਅਤ

ਪੜ੍ਹਨ ਦਾ ਸਮਾਂ: 6 ਮਿੰਟ

ਈਰਾਨ ਵਿੱਚ ਡੇਗੇ ਗਏ ਅਮਰੀਕੀ ਲੜਾਕੂ ਜਹਾਜ਼ ਐੱਫ-15 ਦੇ ਲਾਪਤਾ ਕਰੂ ਮੈਂਬਰ ਨੂੰ ਲੱਭ ਲਿਆ ਗਿਆ ਹੈ ਅਤੇ ਜਾਣਕਾਰੀ ਮੁਤਾਬਕ ਉਹ ਬਿਲਕੁਲ ਸੁਰੱਖਿਅਤ ਹਨ।

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਖੁਦ ਟਰੁੱਥ ਸੋਸ਼ਲ 'ਤੇ ਇਸਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅਮਰੀਕੀ ਫੌਜ ਵੱਲੋਂ ਬਚਾਏ ਜਾਣ ਤੋਂ ਬਾਅਦ, ਲਾਪਤਾ ਅਮਰੀਕੀ ਕਰੂ ਮੈਂਬਰ "ਸੁਰੱਖਿਅਤ ਅਤੇ ਬਿਲਕੁਲ ਠੀਕ" ਹਨ।

ਟਰੰਪ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਅਮਰੀਕੀ ਫੌਜ ਨੇ ਲਾਪਤਾ ਕਰੂ ਮੈਂਬਰ ਨੂੰ ਬਚਾਉਣ ਲਈ ਈਰਾਨ ਵਿੱਚ "ਦਰਜਨਾਂ ਏਅਰਕ੍ਰਾਫਟ" ਭੇਜੇ।

ਟਰੰਪ ਨੇ ਇਹ ਵੀ ਦੱਸਿਆ ਕਿ ਇਸ ਆਪ੍ਰੇਸ਼ਨ ਨੂੰ "ਇੱਕ ਵੀ ਅਮਰੀਕੀ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਤੋਂ ਬਿਨ੍ਹਾਂ" ਪੂਰਾ ਕੀਤਾ ਗਿਆ ਹੈ।

ਅਮਰੀਕਾ ਦਾ ਇੱਕ ਐਫ-15 ਲੜਾਕੂ ਜਹਾਜ਼ ਈਰਾਨ ਦੇ ਦੱਖਣੀ ਹਿੱਸੇ ਵਿੱਚ ਡੇਗੇ ਜਾਣ ਤੋਂ ਬਾਅਦ ਉਸਦੇ ਚਾਲਕ ਦਲ ਦਾ ਇੱਕ ਮੈਂਬਰ ਲਾਪਤਾ ਸਨ ਅਤੇ ਉਨ੍ਹਾਂ ਅਮਰੀਕਾ ਵੱਲੋਂ ਉਨ੍ਹਾਂ ਨੂੰ ਲੱਭਣ ਲਈ ਖੋਜ ਅਤੇ ਬਚਾਅ ਅਭਿਆਨ ਚਲਾਇਆ ਜਾ ਰਿਹਾ ਸੀ।

ਇਸ ਦੌਰਾਨ ਈਰਾਨ ਵੱਲੋਂ ਵੀ ਕਰੂ ਮੈਂਬਰ ਦੀ ਭਾਲ਼ ਜਾਰੀ ਸੀ। ਇੱਥੋਂ ਤੱਕ ਕਿ ਕਰੂ ਮੈਂਬਰ ਨੂੰ ਜਿਉਂਦਾ ਫੜ੍ਹਨ ਵਾਲੇ ਲਈ ਇਨਾਮ ਦਾ ਵੀ ਐਲਾਨ ਕੀਤਾ ਗਿਆ ਸੀ।

'ਅਸੀਂ ਕਦੇ ਕਿਸੇ ਅਮਰੀਕੀ ਵਾਰਫਾਈਟਰ ਨੂੰ ਪਿੱਛੇ ਨਹੀਂ ਛੱਡਾਂਗੇ' - ਟਰੰਪ

ਟਰੰਪ ਨੇ ਟਰੁੱਥ ਸੋਸ਼ਲ 'ਤੇ ਦੱਸਿਆ, "ਅਸੀਂ ਉਨ੍ਹਾਂ ਨੂੰ ਬਚਾ ਲਿਆ! ਮੇਰੇ ਸਾਥੀ ਅਮਰੀਕੀਓ, ਪਿਛਲੇ ਕੁਝ ਘੰਟਿਆਂ ਵਿੱਚ, ਅਮਰੀਕੀ ਫੌਜ ਨੇ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਸਾਹਸੀ ਖੋਜ ਅਤੇ ਬਚਾਅ ਮੁਹਿੰਮਾਂ ਵਿੱਚੋਂ ਇੱਕ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਹੈ।"

ਉਨ੍ਹਾਂ ਅੱਗੇ ਦੱਸਿਆ ਕਿ ਲਾਪਤਾ ਕਰੂ ਮੈਂਬਰ, ਜੋ "ਇੱਕ ਬਹੁਤ ਸਨਮਾਨਿਤ ਕਰਨਲ" ਹਨ... "ਈਰਾਨ ਦੇ ਖਤਰਨਾਕ ਪਹਾੜਾਂ ਵਿੱਚ ਦੁਸ਼ਮਣ ਦੀ ਸੀਮਾ ਦੇ ਪਿੱਛੇ ਸਨ, ਅਤੇ ਸਾਡੇ ਦੁਸ਼ਮਣ ਉਨ੍ਹਾਂ ਦਾ ਸ਼ਿਕਾਰ ਕਰ ਰਹੇ ਸਨ," ਪਰ ਅਮਰੀਕੀ ਫੌਜ ਦੇ ਸਾਥੀ ਜਵਾਨ "ਦਿਨ-ਰਾਤ 24 ਘੰਟੇ ਉਨ੍ਹਾਂ ਦੀ ਲੋਕੇਸ਼ਨ 'ਤੇ ਨਜ਼ਰ ਰੱਖ ਰਹੇ ਸਨ।"

ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹ "ਹੁਣ ਸੁਰੱਖਿਅਤ ਅਤੇ ਬਿਲਕੁਲ ਠੀਕ ਹਨ!"

ਉਨ੍ਹਾਂ ਦੱਸਿਆ ਕਿ "ਉਨ੍ਹਾਂ ਨੂੰ (ਕਰੂ ਮੈਂਬਰ) ਨੂੰ ਸੱਟਾਂ ਲੱਗੀਆਂ ਹਨ, ਪਰ ਉਹ ਠੀਕ ਹੋ ਜਾਣਗੇ।"

ਇਹ "ਚਮਤਕਾਰੀ" ਮਿਸ਼ਨ ਕੱਲ੍ਹ "ਇੱਕ ਹੋਰ ਬਹਾਦੁਰ ਪਾਇਲਟ" ਨੂੰ ਬਚਾਉਣ ਤੋਂ ਬਾਅਦ ਆਇਆ ਹੈ, ਜਿਸ ਬਾਰੇ ਟਰੰਪ ਦਾ ਕਹਿਣਾ ਹੈ ਕਿ "ਅਸੀਂ ਇਸ ਦੀ ਪੁਸ਼ਟੀ ਨਹੀਂ ਕੀਤੀ, ਕਿਉਂਕਿ ਅਸੀਂ ਆਪਣੇ ਦੂਜੇ ਬਚਾਅ ਆਪ੍ਰੇਸ਼ਨ ਨੂੰ ਖਤਰੇ ਵਿੱਚ ਨਹੀਂ ਪਾਉਣਾ ਚਾਹੁੰਦੇ ਸੀ।"

ਉਨ੍ਹਾਂ ਲਿਖਿਆ, "ਅਸੀਂ ਕਦੇ ਵੀ ਕਿਸੇ ਅਮਰੀਕੀ ਵਾਰਫਾਈਟਰ ਨੂੰ ਪਿੱਛੇ ਨਹੀਂ ਛੱਡਾਂਗੇ!"

ਅਮਰੀਕਾ ਦਾ ਇੱਕ ਐਫ-15 ਲੜਾਕੂ ਜਹਾਜ਼ ਈਰਾਨ ਦੇ ਦੱਖਣੀ ਹਿੱਸੇ ਵਿੱਚ ਡੇਗੇ ਜਾਣ ਤੋਂ ਬਾਅਦ ਖਬਰਾਂ ਆ ਰਹੀਆਂ ਸਨ ਕਿ ਉਸਦੇ ਚਾਲਕ ਦਲ ਦੇ ਇੱਕ ਮੈਂਬਰ ਨੂੰ ਤਾਂ ਲੱਭ ਲਿਆ ਗਿਆ ਸੀ ਜਦਕਿ ਦੂਜੇ ਦੀ ਭਾਲ਼ ਕੀਤੀ ਜਾ ਰਹੀ ਸੀ।

ਬੀਬੀਸੀ ਦੇ ਅਮਰੀਕੀ ਸਹਿਯੋਗੀ ਸੀਬੀਐਸ ਨਿਊਜ਼ ਮੁਤਾਬਕ, ਦੋ ਸਰੋਤਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ।

ਦੋ ਅਮਰੀਕੀ ਅਧਿਕਾਰੀਆਂ ਨੇ ਸੀਬੀਐਸ ਨਿਊਜ਼ ਨੂੰ ਦੱਸਿਆ ਸੀ ਕਿ ਡੇਗੇ ਗਏ ਐਫ-15 ਲੜਾਕੂ ਜਹਾਜ਼ ਦੇ ਚਾਲਕ ਦਲ ਦੇ ਇੱਕ ਮੈਂਬਰ ਨੂੰ ਬਚਾ ਲਿਆ ਗਿਆ ਹੈ।

ਅਧਿਕਾਰੀਆਂ ਮੁਤਾਬਕ, ਚਾਲਕ ਦਲ ਦੇ ਇਸ ਮੈਂਬਰ ਨੂੰ ਅਮਰੀਕੀ ਫੌਜ ਨੇ ਬਚਾਇਆ ਹੈ।

ਦੂਜੇ ਪਸੇ, ਈਰਾਨੀ ਫੌਜਾਂ ਵੀ ਲਾਪਤਾ ਪਾਇਲਟ ਦੀ ਭਾਲ ਕਰ ਰਹੀਆਂ ਸਨ। ਇਹ ਗੱਲ ਈਰਾਨ ਦੇ ਸਰਕਾਰੀ ਮੀਡੀਆ ਨੇ ਦੱਸੀ ਸੀ।

ਈਰਾਨ ਵੱਲੋਂ ਪੇਸ਼ਕਸ਼ ਵੀ ਦਿੱਤੀ ਗਈ ਸੀ ਕਿ ਜੋ ਕੋਈ ਵੀ ਲਾਪਤਾ ਅਮਰੀਕੀ ਪਾਇਲਟ ਨੂੰ ਜ਼ਿੰਦਾ ਫੜ੍ਹੇਗਾ, ਉਸਨੂੰ ਇਨਾਮ ਦਿੱਤਾ ਜਾਵੇਗਾ। ਇਹ ਗੱਲ ਈਰਾਨੀ ਸਰਕਾਰੀ ਟੀਵੀ ਨੇ ਦੱਸੀ ਸੀ।

ਰਿਪੋਰਟਾਂ ਮੁਤਾਬਕ, ਖੋਜ ਅਤੇ ਬਚਾਅ ਕਾਰਜਾਂ ਦੌਰਾਨ ਅਮਰੀਕੀ ਕਰੂਜ਼ 'ਤੇ ਵੀ ਗੋਲੀਆਂ ਚਲਾਈਆਂ ਗਈਆਂ।

'ਅਸੀਂ ਜੰਗ ਵਿੱਚ ਹਾਂ' - ਟਰੰਪ

ਇਸ ਦੌਰਾਨ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਮਰੀਕੀ ਨੈੱਟਵਰਕ ਐਨਬੀਸੀ ਨੂੰ ਕਿਹਾ, "ਅਸੀਂ ਜੰਗ ਵਿੱਚ ਹਾਂ", ਅਤੇ ਲੜਾਕੂ ਜਹਾਜ਼ 'ਤੇ ਹੋਏ ਹਮਲੇ ਦਾ ਅਸਰ ਈਰਾਨ ਨਾਲ ਕਿਸੇ ਵੀ ਗੱਲਬਾਤ 'ਤੇ ਨਹੀਂ ਪਵੇਗਾ।

ਜ਼ਿਕਰਯੋਗ ਹੈ ਕਿ ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ, ਜਦੋਂ ਲੰਘੇਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਸੀ ਕਿ ਈਰਾਨ ਦੀ ਡਰੋਨ ਅਤੇ ਮਿਜ਼ਾਈਲ ਸਮਰੱਥਾ "ਤਬਾਹ" ਕਰ ਦਿੱਤੀ ਗਈ ਹੈ।

ਈਰਾਨ ਨੇ ਇੱਕ ਹੋਰ ਅਮਰੀਕੀ ਜੰਗੀ ਜਹਾਜ਼ ਡੇਗਣ ਦਾ ਦਾਅਵਾ ਕੀਤਾ

ਬੀਤੇ ਦਿਨੀਂ ਈਰਾਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸਨੇ ਪਰਸ਼ੀਅਨ ਖਾੜੀ ਦੇ ਉੱਪਰ ਇੱਕ ਹੋਰ ਅਮਰੀਕੀ ਜੰਗੀ ਜਹਾਜ਼ ਨੂੰ ਡੇਗ ਦਿੱਤਾ ਹੈ।

ਅਮਰੀਕੀ ਮੀਡੀਆ ਦਾ ਕਹਿਣਾ ਹੈ ਕਿ ਪਹਿਲਾਂ ਡੇਗੇ ਗਏ ਜਹਾਜ਼ ਲਈ ਚੱਲ ਰਹੇ ਖੋਜ ਅਤੇ ਬਚਾਅ ਅਭਿਆਨ ਦੌਰਾਨ ਸਟ੍ਰੇਟ ਆਫ਼ ਹੋਰਮੁਜ਼ ਦੇ ਨੇੜੇ ਏ-10 ਲੜਾਕੂ ਜਹਾਜ਼ 'ਤੇ ਹਮਲਾ ਕੀਤਾ ਗਿਆ।

ਪਾਇਲਟ ਨੇ ਜਹਾਜ਼ ਤੋਂ ਬਾਹਰ ਛਾਲ ਮਾਰ ਦਿੱਤੀ ਅਤੇ ਉਸਨੂੰ ਬਚਾ ਲਿਆ ਗਿਆ ਹੈ।

ਦੱਖਣੀ ਈਰਾਨ ਦੇ ਉੱਪਰ ਇੱਕ ਜਹਾਜ਼, ਦੋ ਹੈਲੀਕਾਪਟਰ ਉੱਡਦੇ ਦੇਖੇ ਗਏ

ਬੀਬੀਸੀ ਵੈਰੀਫ਼ਾਈ ਨੇ ਉਸ ਵੀਡੀਓ ਦੀ ਪੁਸ਼ਟੀ ਕੀਤੀ ਹੈ, ਜਿਸ ਵਿੱਚ ਇੱਕ ਅਮਰੀਕੀ ਜਹਾਜ਼ ਨੂੰ ਦੋ ਹੈਲੀਕਾਪਟਰਾਂ ਦੇ ਨਾਲ ਦੱਖਣੀ ਈਰਾਨ ਦੇ ਉੱਪਰ ਉੱਡਦੇ ਹੋਏ ਦੇਖਿਆ ਜਾ ਰਿਹਾ ਹੈ।

ਬੀਬੀਸੀ ਵੈਰੀਫ਼ਾਈ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਇਹ ਵੀਡੀਓ ਖੁਜ਼ੇਸਤਾਨ ਸੂਬੇ ਵਿੱਚ, ਕਾਰੂਨ ਨਦੀ 'ਤੇ ਬਣੇ ਇੱਕ ਪੁਲ ਦੇ ਨੇੜੇ ਇਸ ਥਾਂ 'ਤੇ ਫਿਲਮਾਇਆ ਗਿਆ ਹੈ, ਜਿਸ ਦੀ ਲੋਕੇਸ਼ਨ ਹੈ : 32.263547, 49.077475.

ਵੀਡੀਓ ਦੇ ਸਮੇਂ ਦੀ ਵੀ ਜਾਂਚ ਕੀਤੀ ਗਈ ਹੈ ਅਤੇ ਇਹ ਵੀ ਜਾਂਚਿਆ ਗਿਆ ਹੈ ਕਿ ਇਸ ਵਿੱਚ ਏਆਈ ਨਾਲ ਛੇੜਛਾੜ ਦੇ ਕੋਈ ਸੰਕੇਤ ਤਾਂ ਨਹੀਂ ਹਨ।

ਅਮਰੀਕੀ ਮੀਡੀਆ ਵਿੱਚ ਸਾਹਮਣੇ ਆਈਆਂ ਰਿਪੋਰਟਾਂ ਵਿੱਚ ਅਧਿਕਾਰੀਆਂ ਨੇ ਨਾਮ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ ਦੱਸਿਆ ਹੈ ਕਿ ਈਰਾਨ ਦੇ ਉੱਪਰ ਇੱਕ ਅਮਰੀਕੀ ਲੜਾਕੂ ਜਹਾਜ਼ ਨੂੰ ਗਿਰਾਏ ਜਾਣ ਤੋਂ ਬਾਅਦ ਉਸਦੀ ਤਲਾਸ਼ ਲਈ ਅਭਿਆਨ ਚਲਾਇਆ ਜਾ ਰਿਹਾ ਹੈ।

ਇਸ ਆਪਰੇਸ਼ਨ ਨਾਲ ਜੁੜੇ ਹੋਏ ਹੋਰ ਵੀਡੀਓ ਫੁਟੇਜ ਦੀ ਵੀ ਬੀਬੀਸੀ ਵੈਰੀਫ਼ਾਈ ਜਾਂਚ ਕਰ ਰਿਹਾ ਹੈ।

ਅਮਰੀਕਾ ਦੇ ਐਫ-15ਈ ਜੈੱਟ ਬਾਰੇ ਅਹਿਮ ਜਾਣਕਾਰੀ

ਕ੍ਰਿਸ ਪਾਰਟ੍ਰਿਜ

ਬੀਬੀਸੀ ਨਿਊਜ਼ ਦੇ ਹਥਿਆਰ ਵਿਸ਼ਲੇਸ਼ਕ

ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਇੱਕ ਦੁਰਘਟਨਾਗ੍ਰਸਤ ਜਹਾਜ਼ ਦੇ ਮਲਬੇ ਤੋਂ ਪਤਾ ਲੱਗਦਾ ਹੈ ਕਿ ਇਹ ਐਫ-15ਈ ਸਟ੍ਰਾਈਕ ਈਗਲ ਦੇ ਮਲਬੇ ਨਾਲ ਮੇਲ ਖਾਂਦਾ ਹੈ।

ਇਹ ਲੜਾਕੂ ਜਹਾਜ਼ ਹਵਾ-ਤੋਂ-ਜ਼ਮੀਨ ਅਤੇ ਹਵਾ-ਤੋਂ-ਹਵਾ ਦੋਵੇਂ ਕਿਸਮ ਦੇ ਮਿਸ਼ਨਾਂ ਲਈ ਡਿਜ਼ਾਈਨ ਕੀਤਾ ਗਿਆ ਹੈ।

ਈਰਾਨ ਦੇ ਮਾਮਲੇ ਵਿੱਚ, ਸੰਭਵ ਹੈ ਕਿ ਇਨ੍ਹਾਂ ਦੀ ਵਰਤੋਂ ਈਰਾਨੀ ਡਰੋਨ ਅਤੇ ਕਰੂਜ਼ ਮਿਜ਼ਾਇਲਾਂ ਨੂੰ ਮਾਰ ਗਿਰਾਉਣ ਲਈ ਰੱਖਿਆਤਮਕ ਹਵਾਈ ਕਾਰਵਾਈ ਵਿੱਚ ਕੀਤੀ ਗਈ ਹੋਵੇ।

ਆਪਣੀ ਹਵਾ ਤੋਂ ਜ਼ਮੀਨ 'ਤੇ ਹਮਲੇ ਦੀ ਭੂਮਿਕਾ ਵਿੱਚ, ਇਹ ਜੈੱਟ ਲੇਜ਼ਰ ਅਤੇ ਜੀਪੀਐਸ ਰਾਹੀਂ ਸਟੀਕ ਗੋਲਾ-ਬਾਰੂਦ ਦੇ ਨਾਲ-ਨਾਲ ਹੋਰ ਬੰਬ ਗਿਰਾਉਣ ਵਿੱਚ ਵੀ ਸਮਰੱਥ ਹੈ।

ਇਸ ਜਹਾਜ਼ ਵਿੱਚ ਦੋ ਕਰੂ ਮੈਂਬਰ (ਚਾਲਕ ਦਲ) ਹੁੰਦੇ ਹਨ। ਅੱਗੇ ਵਾਲੀ ਸੀਟ 'ਤੇ ਪਾਇਲਟ ਜੋ ਜੈੱਟ ਉਡਾਉਂਦਾ ਹੈ ਅਤੇ ਪਿੱਛੇ ਵਾਲੀ ਸੀਟ 'ਤੇ ਹਥਿਆਰ ਪ੍ਰਣਾਲੀ ਅਧਿਕਾਰੀ ਹੁੰਦਾ ਹੈ।

ਸਾਨੂੰ ਠੀਕ ਤੌਰ 'ਤੇ ਪਤਾ ਨਹੀਂ ਹੈ ਕਿ ਇਸ ਅਮਰੀਕੀ ਜਹਾਜ਼ ਦੇ ਡਿੱਗਣ ਦਾ ਕਾਰਨ ਕੀ ਸੀ, ਪਰ ਜੇਕਰ ਇਸਨੂੰ ਈਰਾਨ ਨੇ ਗਿਰਾਇਆ ਹੈ ਤਾਂ ਇਸਦਾ ਸਭ ਤੋਂ ਸੰਭਾਵਿਤ ਕਾਰਨ ਸਤਹ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਸਾਈਲ (ਐਸਏਐਮ) ਹੋ ਸਕਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)