ਆਈਪੀਐਲ : ਪੰਜਾਬ ਕਿੰਗਜ਼ ਟਾਪ ’ਤੇ, ਅਰਸ਼ਦੀਪ ਦੀ ਗੇਂਦਬਾਜ਼ੀ ਤੇ ਕਪਤਾਨ ਅਈਅਰ ਦੇ ਕੈਚ ਸਣੇ ਮੁੰਬਈ ਖਿਲਾਫ਼ ਕੀ-ਕੀ ਕਮਾਲ ਹੋਇਆ

ਪੜ੍ਹਨ ਦਾ ਸਮਾਂ: 6 ਮਿੰਟ

ਪੰਜਾਬ ਕਿੰਗਜ਼ ਇਸ ਵੇਲੇ ਆਈਪੀਐਲ - 2026 ਦੇ ਆਪਣੇ ਸ਼ਾਨਦਾਰ ਦੌਰ 'ਚ ਚੱਲ ਰਹੀ ਹੈ। ਲੰਘੀ 16 ਅਪ੍ਰੈਲ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਆਪਣੇ ਹੀ ਘਰ ਵਿੱਚ ਮੁੰਬਈ ਇੰਡੀਅਨਜ਼ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਪੰਜਾਬ ਕਿੰਗਜ਼ ਨੇ ਪੁਆਇੰਟ ਟੇਬਲ ਵਿੱਚ ਪਹਿਲੇ ਸਥਾਨ 'ਤੇ ਕਬਜ਼ਾ ਕਰ ਲਿਆ ਹੈ।

ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਕਿੰਗਜ਼ ਨੂੰ 196 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਪੰਜਾਬ ਨੇ ਮਹਿਜ਼ 16.3 ਓਵਰਾਂ ਵਿੱਚ ਹੀ ਪੂਰਾ ਕਰ ਲਿਆ।

ਮੁੰਬਈ ਵੱਲੋਂ ਕੁਇੰਟਨ ਡੀ ਕੌਕ ਨੇ 112 ਦੌੜਾਂ ਦੀ ਨਾਬਾਦ ਪਾਰੀ ਖੇਡੀ ਅਤੇ ਨਮਨ ਧੀਰ ਨੇ 31 ਗੇਂਦਾਂ ਵਿੱਚ 50 ਦੌੜਾਂ ਦਾ ਯੋਗਦਾਨ ਪਾਇਆ। ਪਰ ਦੋਵਾਂ ਦੀ ਇਹ ਪਾਰੀ ਵੀ ਮੁੰਬਈ ਦੇ ਸਕੋਰ ਨੂੰ 200 ਪਾਰ ਨਾ ਪਹੁੰਚਾ ਸਕੀ।

ਦੂਜੇ ਪਾਸੇ, ਪੰਜਾਬ ਕਿੰਗਜ਼ ਦੇ ਪ੍ਰਭਸਿਮਰਨ ਸਿੰਘ ਨੇ 39 ਗੇਂਦਾਂ 'ਚ ਨਾਬਾਦ 80 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਸਿਰਫ਼ 23 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ।

ਕਪਤਾਨ ਸ਼੍ਰੇਅਸ ਅਈਅਰ ਨੇ ਵੀ 35 ਗੇਂਦਾਂ 'ਚ ਸ਼ਾਨਦਾਰ 66 ਦੌੜਾਂ ਬਣਾਈਆਂ। ਅਈਅਰ ਅਤੇ ਪ੍ਰਭਸਿਮਰਨ ਨੇ ਤੀਸਰੇ ਵਿਕਟ ਲਈ 139 ਦੌੜਾਂ ਦੀ ਭਾਗੀਦਾਰੀ ਕਰਕੇ ਮੈਚ ਨੂੰ ਪੂਰੀ ਤਰ੍ਹਾਂ ਪੰਜਾਬ ਦੇ ਪਲੜੇ ਵਿੱਚ ਰੱਖਿਆ।

ਗੇਂਦਬਾਜ਼ੀ ਵਿੱਚ ਅਰਸ਼ਦੀਪ ਸਿੰਘ ਚਮਕੇ, ਜਿਨ੍ਹਾਂ ਨੇ ਮੈਚ ਵਿੱਚ ਸਭ ਤੋਂ ਜ਼ਿਆਦਾ 3 ਵਿਕਟ ਲਏ ਅਤੇ 2 ਵਿਕੇਟ ਮਹਿਜ਼ ਇੱਕ ਓਵਰ ਵਿੱਚ ਹੀ ਝਟਕੇ।

ਪੰਜਾਬ ਨੇ ਹੁਣ ਤੱਕ ਇਸ ਸੀਜ਼ਨ ਵਿੱਚ ਕੁੱਲ 5 ਮੈਚਾਂ ਵਿੱਚੋਂ 4 ਵਿੱਚ ਜਿੱਤ ਦਰਜ ਕੀਤੀ ਹੈ ਜਦਕਿ ਇੱਕ ਮੈਚ ਮੀਂਹ ਕਰਕੇ ਰੱਦ ਹੋ ਗਿਆ ਸੀ ਅਤੇ ਦੋਵੇਂ ਟੀਮਾਂ ਨੂੰ 1-1 ਅੰਕ ਮਿਲ ਗਿਆ ਸੀ।

ਇਸ ਹਿਸਾਬ ਨਾਲ ਦੇਖੀਏ ਤਾਂ ਇਸ ਵਾਰ ਦੇ ਸੀਜ਼ਨ ਵਿੱਚ ਪੰਜਾਬ ਟੀਮ ਹੁਣ ਤੱਕ ਇੱਕ ਵੀ ਮੈਚ ਨਹੀਂ ਹਾਰੀ ਹੈ।

ਸ਼੍ਰੇਅਸ ਅਈਅਰ ਨੇ ਲਿਆ ਕਮਾਲ ਦਾ ਕੈਚ

ਮੈਚ ਵਿੱਚ ਸ਼੍ਰੇਅਸ ਅਈਅਰ ਨਾ ਸਿਰਫ਼ ਬੱਲੇਬਾਜ਼ੀ ਕਰਦੇ ਹੋਏ ਕਪਤਾਨੀ ਪਾਰੀ ਖੇਡੀ ਸਗੋਂ ਫੀਲਡਿੰਗ ਵਿੱਚ ਵੀ ਖੂਬ ਤਾਰੀਫਾਂ ਬਟੋਰੀਆਂ।

ਉਨ੍ਹਾਂ ਨੇ ਜਦੋਂ ਮੁੰਬਈ ਟੀਮ ਦੇ ਕਪਤਾਨ ਹਾਰਦਿਕ ਪਾਂਡਿਆ ਦਾ ਕੈਚ ਲਪਕਿਆ ਤਾਂ ਇੱਕ ਪਲ ਲਈ ਦਰਸ਼ਕਾਂ ਨੂੰ ਸਮਝ ਹੀ ਨਹੀਂ ਆਇਆ ਕਿ ਕੀ ਵਾਕਈ ਇਹ ਕੈਚ ਲਿਆ ਗਿਆ ਹੈ ਜਾਂ ਨਹੀਂ ਪਰ ਪੰਜਾਬ ਦੇ ਕਪਤਾਨ ਅਈਅਰ ਇਸ ਵੇਲੇ ਪੂਰੇ ਭਰੋਸੇ ਵਿੱਚ ਨਜ਼ਰ ਆਏ ਤੇ ਆਖਿਰ ਪਾਂਡਿਆ ਨੂੰ ਪਵੇਲੀਅਨ ਪਰਤਣਾ ਪਿਆ।

ਇਹ ਕੈਚ ਮਾਰਕੋ ਜੈਨਸਨ ਦੁਆਰਾ ਸੁੱਟੇ ਗਏ 18ਵੇਂ ਓਵਰ ਦੀ ਤੀਜੀ ਗੇਂਦ 'ਤੇ ਆਇਆ। ਮੁੰਬਈ ਦੇ ਕਪਤਾਨ ਹਾਰਦਿਕ ਪਾਂਡਿਆ ਨੇ ਓਵਰ ਦੀ ਤੀਜੀ ਗੇਂਦ ਨੂੰ ਬੱਲੇ ਨਾਲ ਹਵਾ 'ਚ ਉਛਾਲਿਆ ਅਤੇ ਗੇਂਦ ਬਾਊਂਡਰੀ ਪਾਰ ਚਲੀ ਹੀ ਗਈ ਸੀ ਪਰ ਸ਼੍ਰੇਅਸ ਅਈਅਰ ਨੇ ਭੱਜਦੇ ਹੋਏ ਛਾਲ ਮਾਰੀ ਅਤੇ ਗੇਂਦ ਨੂੰ ਹਵਾ ਵਿੱਚ ਹੀ ਕੈਚ ਕਰਕੇ ਜ਼ੇਵੀਅਰ ਬਾਰਟਲੇਟ ਵੱਲ ਸੁੱਟ ਦਿੱਤਾ ਅਤੇ ਉਨ੍ਹਾਂ ਨੇ ਕੈਚ ਪੂਰਾ ਕੀਤਾ।

ਇੱਥੋਂ ਤੱਕ ਕਿ ਮੈਚ ਖਤਮ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਜਿਹੀ ਕੀ ਚੀਜ਼ ਸੀ ਜਿਸਨੇ ਮੁੰਬਈ ਇੰਡੀਅਨ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕ ਦਿੱਤਾ ਤਾਂ ਕਪਤਾਨ ਸ਼੍ਰੇਅਸ ਅਈਅਰ ਨੇ ਹੱਸਦਿਆਂ ਕਿਹਾ ''ਮੈਨੂੰ ਲੱਗਦਾ ਹੈ ਮੇਰਾ ਕੈਚ।''

ਇਸ ਕੈਚ ਦੀ ਪ੍ਰਸ਼ੰਸਾ ਕਰਦਿਆਂ ਸਾਬਕਾ ਗੇਂਦਬਾਜ਼ ਇਰਫ਼ਾਨ ਪਠਾਨ ਕੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਕੈਚ ਇਸ ਟੂਰਨਾਮੈਂਟ ਵਿੱਚ ਨਹੀਂ ਦੇਖਿਆ।

ਸਟਾਰ ਸਪੋਰਟਸ ਇੰਡੀਆ ਦੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਇੱਕ ਵੀਡੀਓ ਵਿੱਚ ਉਨ੍ਹਾਂ ਕਿਹਾ, ''ਸ਼੍ਰੇਅਸ ਅਈਅਰ ਨੇ ਡਾਈਵ ਲਗਾਉਣੀ ਹੈ, ਹਵਾ 'ਚ ਰਹਿਣਾ ਹੈ, ਹਵਾ 'ਚ ਰਹਿਣ ਤੋਂ ਬਾਅਦ ਜ਼ਮੀਨ 'ਤੇ ਪੈਰ ਰੱਖਣ ਤੋਂ ਪਹਿਲਾਂ ਗੇਂਦ ਨੂੰ ਥ੍ਰੋਅ ਕਰ ਦੇਣਾ ਹੈ। ਬੈਸਟ ਕੈਚ ਆਫ਼ ਦਿਸ ਟਾਟਾ ਆਈਪੀਐਲ।''

ਉਨ੍ਹਾਂ ਕਿਹਾ ਕਿ ਸ਼ਾਇਦ ਇਹ ਆਈਪੀਐਲ ਦੇ ਇਤਿਹਾਸ ਦੇ ਬੈਸਟ ਤਿੰਨ ਕੈਚਾਂ ਵਿੱਚੋਂ ਇੱਕ ਹੋਵੇ।

ਇਰਫ਼ਾਨ ਨੇ ਅਈਅਰ ਦੀ ਫਿਟਨੈਸ ਦੀ ਤਾਰੀਫ ਕਰਦਿਆਂ ਕਿਹਾ ਕਿ ਜੋ ਸ਼੍ਰੇਅਸ ਅਈਅਰ ਨੇ ਕੀਤਾ ਹੈ ਉਸਦੇ ਲਈ ''ਫਿਟਨੈਸ ਚਾਹੀਦੀ ਹੈ, ਮਸਲਜ਼ ਨੂੰ ਰੋਕਣ ਦੀ ਤਾਕਤ ਚਾਹੀਦੀ ਹੈ ਤੇ ਦਿਮਾਗ ਵੀ ਕਿ ਇੰਨੇ ਦਬਾਅ ਹੇਠ ਤੁਸੀਂ ਗੇਂਦ ਵੀ ਸੁੱਟਣੀ ਹੈ। ਬਹੁਤ ਸਪੈਸ਼ਲ ਹੈ।''

ਅਰਸ਼ਦੀਪ ਸਿੰਘ - ਪਲੇਅਰ ਆਫ਼ ਦਿ ਮੈਚ

ਗੇਂਦਬਾਜ਼ੀ ਦੇ ਮਾਮਲੇ ਵਿੱਚ ਵੀ ਇਸ ਮੈਚ 'ਚ ਪੰਜਾਬ ਦਾ ਪਲੜਾ ਭਾਰੀ ਰਿਹਾ। ਅਰਸ਼ਦੀਪ ਸਿੰਘ ਨੇ ਨਾ ਸਿਰਫ਼ ਮੈਚ 'ਚ ਸਭ ਤੋਂ ਵੱਧ ਵਿਕਟਾਂ ਲਈਆਂ ਸਗੋਂ ਇੱਕ ਹੀ ਓਵਰ ਵਿੱਚ 2 ਵਿਕਟਾਂ ਲੈਕੇ ਮੁੰਬਈ ਟੀਮ ਦੀ ਪਾਰੀ ਨੂੰ ਕਮਜ਼ੋਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।

ਉਨ੍ਹਾਂ ਨੇ ਆਪਣੇ ਦੁਆਰਾ ਸੁੱਟੇ ਗਏ ਚਾਰ ਓਵਰਾਂ ਵਿੱਚ 3 ਵਿਕਟਾਂ ਝਟਕਦੇ ਹੋਏ ਮਹਿਜ਼ 22 ਦੌੜਾਂ ਦਿੱਤੀਆਂ।

ਆਪਣੇ ਇਸ ਪ੍ਰਦਰਸ਼ਨ ਦੇ ਲਈ ਉਨ੍ਹਾਂ ਨੂੰ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ।

ਆਪਣੇ ਪ੍ਰਦਰਸ਼ਨ ਬਾਰੇ ਗੱਲ ਕਰਦਿਆਂ ਮੈਚ ਖਤਮ ਹੋਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਹੈਡ ਕੋਚ ਰਿਕੀ ਪੋੰਟਿੰਗ ਨੇ ਉਨ੍ਹਾਂ ਨੂੰ ਇਸ ਵਿੱਚ ਮਦਦ ਕੀਤੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪੌਂਟਿੰਗ ਨਾਲ ਇਸ ਬਾਰੇ ਗੱਲ ਕੀਤੀ ਸੀ ਕਿ ਗੇਂਦ ਉਨ੍ਹਾਂ ਕੋਲੋਂ ਚੰਗੇ ਤਰੀਕੇ ਨਾਲ ਨਹੀਂ ਆ ਰਹੀ। ''ਇਹ ਤਕਨੀਕੀ ਮਾਮਲਾ ਘੱਟ ਸੀ ਅਤੇ ਮਾਨਸਿਕ ਮਾਮਲਾ ਵੱਧ ਸੀ ਕਿਉਂਕਿ ਮੈਂ ਵਿਸ਼ਵ ਕੱਪ ਤੋਂ ਬਾਅਦ ਆਪਣੇ ਆਪ ਤੋਂ ਬਹੁਤ ਜ਼ਿਆਦਾ ਉਮੀਦ ਕਰ ਰਿਹਾ ਸੀ। ਰਿਕੀ ਪੌਂਟਿੰਗ ਨੇ ਮੈਨੂੰ ਯਾਦ ਦਿਵਾਇਆ ਕਿ ਤੁਸੀਂ ਹਰ ਸਮੇਂ ਉਸੇ ਉੱਚਾਈ 'ਤੇ ਨਹੀਂ ਰਹਿ ਸਕਦੇ ਅਤੇ ਇਸ ਨੇ ਮੈਨੂੰ ਰਾਹਤ ਦਿੱਤੀ।''

'ਹਰ ਮੈਚ ਨਾਲ ਹੋਰ ਬਿਹਤਰ ਹੁੰਦੇ ਜਾ ਰਹੇ ਹਨ ਪ੍ਰਭਸਿਮਰਨ'

ਇਸ ਮੈਚ ਵਿੱਚ ਪੰਜਾਬ ਕਿੰਗਜ਼ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਪ੍ਰਭਸਿਮਰਨ ਸਿੰਘ ਨੂੰ ਉਨ੍ਹਾਂ ਦੀ ਇਸ ਪਾਰੀ ਲਈ ਖੂਬ ਪ੍ਰਸ਼ੰਸਾ ਮਿਲ ਰਹੀ ਹੈ।

ਮੈਚ ਤੋਂ ਬਾਅਦ ਉਨ੍ਹਾਂ ਦੇ ਪ੍ਰਦਰਸ਼ਨ ਦੀ ਤਾਰੀਫ਼ ਕਰਦਿਆਂ ਕਪਤਾਨ ਅਈਅਰ ਨੇ ਕਿਹਾ ਕਿ ''ਇੱਕ ਸ਼ਾਨਦਾਰ ਨਤੀਜਾ ਮਿਲਣਾ ਅਤੇ ਪ੍ਰਭਸਿਮਰਨ ਸਿੰਘ ਨੂੰ ਪਿਛਲੇ ਸੀਜ਼ਨ ਦੇ ਮੁਕਾਬਲੇ ਵਧੇਰੇ ਸਮਝਦਾਰੀ ਨਾਲ ਆਪਣੇ ਖੇਡ ਦਾ ਪੱਧਰ ਉੱਚਾ ਕਰਦੇ ਦੇਖਣਾ ਬਹੁਤ ਚੰਗਾ ਲੱਗਿਆ।''

''ਹੁਣ ਉਹ ਮੈਚਾਂ ਨੂੰ ਫਿਨਿਸ਼ ਕਰ ਰਹੇ ਹਨ ਅਤੇ ਹਰ ਮੈਚ ਨਾਲ ਹੋਰ ਬਿਹਤਰ ਹੁੰਦੇ ਜਾ ਰਹੇ ਹਨ।'

ਪ੍ਰਭਸਿਮਰਨ ਸਿੰਘ ਆਪਣੀ ਖੇਡ ਬਿਹਤਰ ਹੋਣ ਪਿੱਛੇ ਯੁਵਰਾਜ ਸਿੰਘ ਨੂੰ ਕਾਫੀ ਕਰੈਡਿਟ ਦਿੰਦੇ ਹਨ। ਉਨ੍ਹਾਂ ਨੇ ਕਾਫੀ ਟਾਈਮ ਪ੍ਰਭਸਿਮਰਨ ਨੂੰ ਟ੍ਰੇਨਿੰਗ ਦਿੱਤੀ ਹੈ।

ਡੀ ਕੌਕ ਦਾ ਸੈਂਕੜਾ ਗਿਆ ਬੇਕਾਰ ਤੇ ਨਹੀਂ ਚੱਲੇ ਗੇਂਦਬਾਜ਼

ਮੁੰਬਈ ਇੰਡੀਅਨਜ਼ ਦੀ ਗੱਲ ਕਰੀਏ ਤਾਂ ਕੁਇੰਟਨ ਡੀ ਕੌਕ ਵੱਲੋਂ ਬਣਾਇਆ ਚੰਗਾ ਸੈਂਕੜਾ ਬੇਕਾਰ ਚਲਾ ਗਿਆ।

ਮੁੰਬਈ ਲਈ ਉਨ੍ਹਾਂ ਨੇ ਹੀ ਸਭ ਤੋਂ ਵੱਧ 122 ਦੌੜਾਂ ਬਣਾਈਆਂ ਅਤੇ ਨਾਬਾਦ ਰਹੇ। ਉਨ੍ਹਾਂ ਤੋਂ ਇਲਾਵਾ ਨਮਨ ਧੀਰ ਨੇ ਵੀ ਅਰਧ ਸੈਂਕੜਾ ਬਣਾਇਆ। ਜਦਕਿ ਬਾਕੀ ਦੇ ਬੱਲੇਬਾਜ਼ ਕੁਝ ਖਾਸ ਕਮਾਲ ਨਹੀਂ ਦਿਖਾ ਸਕੇ।

ਇੱਥੋਂ ਤੱਕ ਕਿ ਸੂਰਿਆ ਕੁਮਾਰ ਯਾਦਵ ਵੀ ਜ਼ੀਰੋ 'ਤੇ ਆਊਟ ਹੋ ਗਏ। ਉਨ੍ਹਾਂ ਦਾ ਵਿਕਟ ਅਰਸ਼ਦੀਪ ਸਿੰਘ ਨੂੰ ਮਿਲਿਆ।

ਗੇਂਦਬਾਜ਼ੀ ਵਿੱਚ ਵੀ ਟੀਮ ਕਮਜ਼ੋਰ ਨਜ਼ਰ ਆਈ। ਟੀਮ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ 4 ਓਵਰਾਂ ਵਿੱਚ 41 ਦੌੜਾਂ ਦੇਕੇ ਇੱਕ ਵਿਕਟ ਵੀ ਆਪਣੇ ਖਾਤੇ ਨਹੀਂ ਕਰ ਸਕੇ। ਬੁਮਰਾਹ ਇਸ ਆਈਪੀਐੱਲ ਵਿੱਚ ਹੁਣ ਤੱਕ ਇੱਕ ਵੀ ਵਿਕਟ ਨਹੀਂ ਲੈ ਸਕੇ ਹਨ।

ਹਾਰਦਿਕ ਪਾਂਡਿਆ ਅਤੇ ਦੀਪਕ ਚਹਿਰ ਨੇ ਵੀ ਵਿਕਟਾਂ ਦੇ ਮਾਮਲੇ ਵਿਚ ਖਾਤਾ ਨਹੀਂ ਖੋਲ੍ਹਿਆ।

ਮੁੰਬਈ ਲਈ ਅੱਲਾਹ ਮੁਹਮੰਦ ਗਜ਼ਨਫਰ ਅਤੇ ਸ਼ਾਰਦੁਲ ਠਾਕੁਰ ਨੇ ਕ੍ਰਮਵਾਰ 2 ਅਤੇ 1 ਵਿਕਟਾਂ ਲਈਆਂ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)