You’re viewing a text-only version of this website that uses less data. View the main version of the website including all images and videos.
2000 ਕੀੜੀਆਂ ਦੀ ਹੋ ਰਹੀ ਸੀ 'ਤਸਕਰੀ', ਹਵਾਈ ਅੱਡੇ 'ਤੇ ਤਲਾਸ਼ੀ ਦੌਰਾਨ ਖੁਲਾਸਾ ਹੋਇਆ, ਇਹ ਕੀੜੀਆਂ ਕਿੰਨੀਆਂ ਖ਼ਾਸ ਹਨ
- ਲੇਖਕ, ਵਾਈਕਲਿਫ ਮੂਆ
- ਰੋਲ, ਬੀਬੀਸੀ ਨਿਊਜ਼, ਨਾਇਰੋਬੀ, ਕੀਨੀਆ
- ਪੜ੍ਹਨ ਦਾ ਸਮਾਂ: 4 ਮਿੰਟ
ਕੀਨੀਆ ਦੇ ਮੁੱਖ ਹਵਾਈ ਅੱਡੇ 'ਤੇ ਚੀਨੀ ਮੂਲ ਦੇ ਇੱਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ 'ਤੇ ਅਫਰੀਕੀ ਦੇਸ਼ ਕੇਨੀਆ ਤੋਂ 2,000 ਤੋਂ ਵੱਧ ਰਾਣੀ ਕੀੜੀਆਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਦਾ ਇਲਜ਼ਾਮ ਹੈ।
ਰਾਜਧਾਨੀ ਨਾਇਰੋਬੀ ਦੇ ਜੋਮੋ ਕੇਨਯਾਟਾ ਕੌਮਾਂਤਰੀ ਹਵਾਈ ਅੱਡੇ 'ਤੇ ਸੁਰੱਖਿਆ ਜਾਂਚ ਦੌਰਾਨ ਝਾਂਗ ਕੇਕੁਨ ਨੂੰ ਰੋਕਿਆ ਗਿਆ। ਅਧਿਕਾਰੀਆਂ ਨੂੰ ਉਨ੍ਹਾਂ ਦੇ ਸਮਾਨ ’ਚੋਂ ਜਿਉਂਦੀਆਂ ਕੀੜੀਆਂ ਦੀ ਇੱਕ ਖੇਪ ਮਿਲੀ, ਜਿਸਨੂੰ ਚੀਨ ਲਿਜਾਇਆ ਜਾ ਰਿਹਾ ਸੀ।
ਮੁਲਜ਼ਮ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਦਾ ਜਵਾਬ ਨਹੀਂ ਦਿੱਤਾ ਹੈ ਪਰ ਜਾਂਚ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਉਹ ਕੀੜੀਆਂ ਦੀ ਤਸਕਰੀ ਕਰਨ ਵਾਲੇ ਇੱਕ ਨੈੱਟਵਰਕ ਨਾਲ ਜੁੜਿਆ ਹੋਇਆ ਸੀ, ਜਿਸ ਦਾ ਪਿਛਲੇ ਸਾਲ ਕੀਨੀਆ 'ਚ ਖੁਲਾਸਾ ਹੋਇਆ ਸੀ।
ਕੀੜੀਆਂ ਨੂੰ ਕੌਮਾਂਤਰੀ ਜੈਵ ਵਿਭਿੰਨਤਾ ਸਮਝੌਤਿਆਂ ਦੇ ਤਹਿਤ ਸੁਰੱਖਿਅਤ ਕੀਤਾ ਗਿਆ ਅਤੇ ਉਨ੍ਹਾਂ ਦੇ ਵਪਾਰ 'ਤੇ ਸਖਤ ਨਿਯਮ ਲਾਗੂ ਹਨ।
ਪਿਛਲੇ ਸਾਲ, ਕੀਨੀਆ ਜੰਗਲੀ ਜੀਵ ਸੇਵਾ (ਕੇਡਬਲਿਊਐਸ) ਨੇ ਯੂਰਪ ਅਤੇ ਏਸ਼ੀਆ 'ਚ ਬਗੀਚੇ ਦੀਆਂ ਕੀੜੀਆਂ (ਵਿਗਿਆਨਕ ਤੌਰ 'ਤੇ ਮੇਸਰ ਸੇਫਾਲੋਟਸ ਵਜੋਂ ਜਾਣੀਆਂ ਜਾਂਦੀਆਂ) ਦੀ ਵਧਦੀ ਮੰਗ ਬਾਰੇ ਚਿਤਾਵਨੀ ਦਿੱਤੀ ਸੀ, ਜਿੱਥੇ ਸੰਭਾਲ ਕਰਨ ਵਾਲੇ ਉਨ੍ਹਾਂ ਨੂੰ ਪਾਲਤੂ ਜੀਵ ਵਾਂਗ ਰੱਖਦੇ ਹਨ।
ਬੁੱਧਵਾਰ ਨੂੰ ਇੱਕ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਝਾਂਗ ਨੇ ਕੁਝ ਕੀੜੀਆਂ ਨੂੰ ਟੈਸਟ ਟਿਊਬ 'ਚ ਪੈਕ ਕੀਤਾ ਜਦੋਂਕਿ ਹੋਰਾਂ ਨੂੰ ਟਿਸ਼ੂ ਪੇਪਰ ਦੇ ਰੋਲ 'ਚ ਲੁਕਾ ਕੇ ਆਪਣੇ ਸੂਟਕੇਸ 'ਚ ਰੱਖਿਆ।
ਸਰਕਾਰੀ ਵਕੀਲ ਐਲਨ ਮੁਲਾਮਾ ਨੇ ਅਦਾਲਤ ਨੂੰ ਦੱਸਿਆ ਕਿ "ਉਸਦੇ ਨਿੱਜੀ ਸਮਾਨ 'ਚ ਵਿਸ਼ੇਸ਼ ਟੈਸਟ ਟਿਊਬ 'ਚ ਪੈਕ ਕੀਤੀਆਂ ਗਈਆਂ 1948 ਬਗੀਚੇ ਦੀਆਂ ਕੀੜੀਆਂ ਪਾਈਆਂ ਗਈਆਂ।"
ਉਨ੍ਹਾਂ ਨੇ ਅੱਗੇ ਕਿਹਾ, "ਸਮਾਨ ਦੇ ਅੰਦਰ ਟਾਇਲਟ ਪੇਪਰ ਦੇ ਤਿੰਨ ਰੋਲ 'ਚ 300 ਜਿਉਂਦੀਆਂ ਕੀੜੀਆਂ ਲੁਕਾਈਆਂ ਹੋਈਆਂ ਮਿਲੀਆਂ।"
ਸਰਕਾਰੀ ਵਕੀਲ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਸ਼ੱਕੀ ਦੇ ਇਲੈਕਟ੍ਰਾਨਿਕ ਉਪਕਰਨਾਂ ਜਿਵੇਂ ਉਸਦੇ ਮੋਬਾਈਲ ਫੋਨ ਅਤੇ ਨਿੱਜੀ ਕੰਪਿਊਟਰ ਦੀ ਫੋਰੈਂਸਿਕ ਜਾਂਚ ਦੀ ਇਜਾਜ਼ਤ ਦਿੱਤੀ ਜਾਵੇ।
ਕੀੜੀਆਂ ਦੀ ਤਸਕਰੀ ਕਰਨ ਵਾਲਿਆਂ ਦਾ ਕੌਮਾਂਤਰੀ ਨੈੱਟਵਰਕ
ਇੱਕ ਸੀਨੀਅਰ ਕੇਡਬਲਿਊ ਐਸ ਅਧਿਕਾਰੀ ਡੰਕਨ ਜੁਮਾ ਨੇ ਬੀਬੀਸੀ ਨੂੰ ਦੱਸਿਆ ਕਿ ਜਾਂਚ ਅਧਿਕਾਰੀਆਂ ਨੇ ਆਪਣੀ ਜਾਂਚ ਦਾ ਦਾਇਰਾ ਕੀਨੀਆ ਦੇ ਉਨ੍ਹਾਂ ਸ਼ਹਿਰਾਂ ਤੱਕ ਵਧਾ ਦਿੱਤਾ ਹੈ ਜਿੱਥੇ ਕੀੜੀਆਂ ਇਕੱਠੀ ਕਰਨ ਦੀ ਗੈਰ-ਕਾਨੂੰਨੀ ਗਤੀਵਿਧੀ ਜਾਰੀ ਹੋਣ ਦਾ ਸ਼ੱਕ ਹੈ।
ਪਿਛਲੇ ਮਈ ਮਹੀਨੇ ਵਿੱਚ ਕੀਨੀਆ ਦੀ ਇੱਕ ਅਦਾਲਤ ਨੇ ਚਾਰ ਪੁਰਸ਼ਾਂ ਨੂੰ ਇੱਕ ਸਾਲ ਦੀ ਕੈਦ ਜਾਂ 7,700 ਡਾਲਰ (£5,800) ਜੁਰਮਾਨੇ ਦੀ ਸਜ਼ਾ ਸੁਣਾਈ ਸੀ,ਜੋ ਹਜ਼ਾਰਾਂ ਜ਼ਿੰਦਾ ਰਾਣੀ ਕੀੜੀਆਂ ਦੀ ਤਸਕਰੀ ਕਰ ਮੁਲਕ ਤੋਂ ਬਾਹਰ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਆਪਣੀ ਕਿਸਮ ਦਾ ਪਹਿਲਾ ਅਜਿਹਾ ਮਾਮਲਾ ਸੀ।
ਚਾਰ ਸ਼ੱਕੀ, ਜਿਨ੍ਹਾਂ ਵਿੱਚ ਦੋ ਬੈਲਜੀਅਨ, ਇੱਕ ਵਿਆਤਨਾਮੀ ਅਤੇ ਇੱਕ ਕੀਨਿਆਈ ਸ਼ਾਮਿਲ ਸਨ, ਨੇ ਗ੍ਰਿਫ਼ਤਾਰੀ ਤੋਂ ਬਾਅਦ ਆਪਣੇ 'ਤੇ ਲੱਗੇ ਇਲਜ਼ਾਮ ਕਬੂਲ ਕੀਤੇ ਸਨ। ਕੇਡਬਲਿਊਐਸ ਨੇ ਇਸ ਕਾਰਵਾਈ ਨੂੰ "ਸੰਯੋਜਿਤ ਅਤੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਕੀਤੀ ਗਈ ਕਾਰਵਾਈ" ਕਰਾਰ ਦਿੱਤਾ ਸੀ।
ਬੈਲਜੀਅਨ ਮੁਲਜ਼ਮਾਂ ਨੇ ਅਦਾਲਤ ਨੂੰ ਦੱਸਿਆ ਕਿ ਉਹ ਬੇਹੱਦ ਡਿਮਾਂਡ 'ਚ ਰਹਿਣ ਵਾਲੀਆਂ ਇਨ੍ਹਾਂ ਕੀੜੀਆਂ ਨੂੰ ਸ਼ੌਂਕ ਵਜੋਂ ਇਕੱਠੀਆਂ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਗੈਰਕਾਨੂੰਨੀ ਹੈ।
ਹੁਣ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਝਾਂਗ ਇਸ ਤਸਕਰੀ ਗਿਰੋਹ ਦਾ ਮੁੱਖ ਸਰਗਨਾ ਸੀ ਜੋ ਪਿਛਲੇ ਸਾਲ ਕਿਸੇ ਫਰਜ਼ੀ ਪਾਸਪੋਰਟ ਜ਼ਰੀਏ ਕੀਨੀਆ ਤੋਂ ਫਰਾਰ ਹੋ ਗਿਆ ਸੀ।
ਬੁੱਧਵਾਰ ਨੂੰ ਅਦਾਲਤ ਨੇ ਪ੍ਰੋਸਿਕਿਊਟਰਾਂ ਨੂੰ ਉਸਨੂੰ ਪੰਜ ਦਿਨਾਂ ਲਈ ਹਿਰਾਸਤ ਵਿੱਚ ਰੱਖਣ ਦੀ ਇਜਾਜ਼ਤ ਦਿੱਤੀ, ਤਾਂ ਜੋ ਜਾਂਚ ਅਧਿਕਾਰੀ ਹੋਰ ਤਫ਼ਤੀਸ਼ ਕਰ ਸਕਣ।
ਕੇਡਬਲਿਊਐਸ, ਜੋ ਆਮ ਤੌਰ 'ਤੇ ਸ਼ੇਰ ਅਤੇ ਹਾਥੀ ਵਰਗੇ ਵੱਡੇ ਜੰਗਲੀ ਜਾਨਵਰਾਂ ਦੀ ਸੁਰੱਖਿਆ ਲਈ ਜਾਣਿਆ ਜਾਂਦਾ ਹੈ, ਨੇ ਪਿਛਲੇ ਸਾਲ ਦੇ ਇਸ ਫੈਸਲੇ ਨੂੰ "ਇੱਕ ਮੀਲ ਪੱਥਰ ਵਾਲਾ ਕੇਸ" ਕਿਹਾ ਸੀ।
ਪਿਛਲੇ ਸਾਲ ਜ਼ਬਤ ਕੀਤੀਆਂ ਕੀੜੀਆਂ ਜਾਇੰਟ ਐਫਰੀਕਨ ਹਾਰਵੈਸਟਰ ਕੀੜੀਆਂ ਸਨ। ਕੇਡਬਲਿਊਐਸ ਨੇ ਕਿਹਾ ਕਿ ਇਹ ਕੀੜੀਆਂ ਵਾਤਾਵਰਨ ਲਈ ਬੇਹੱਦ ਅਹਿਮ ਹਨ ਕਿਉਂਕਿ ਜੇ ਇਹਨਾਂ ਨੂੰ ਕੁਦਰਤੀ ਚੱਕਰ ਚੋਂ ਹਟਾ ਦਿੱਤਾ ਜਾਵੇ ਤਾਂ ਮਿੱਟੀ ਦੀ ਸਿਹਤ ਅਤੇ ਜੈਵਿਕ ਵਿਭਿੰਨਤਾ 'ਤੇ ਨਕਾਰਾਤਮਕ ਅਸਰ ਪੈ ਸਕਦਾ ਹੈ।
ਮੰਨਿਆ ਜਾਂਦਾ ਹੈ ਕਿ ਇਹ ਕੀੜੀਆਂ ਯੂਰੋਪ ਅਤੇ ਏਸ਼ੀਆ ਦੇ ਵਿਲੱਖਣ ਪਾਲਤੂ ਜਾਨਵਰਾਂ ਦੇ ਬਾਜ਼ਾਰਾਂ ਵਿੱਚ ਵੇਚਣ ਲਈ ਭੇਜੀਆਂ ਜਾਣੀਆਂ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)