ਸਰਬਜੀਤ ਦੇ ਭਾਰਤੀ ਪਤੀ ਨੇ ਨਵੀਂ ਪਟੀਸ਼ਨ ਵਿੱਚ ਪਾਕਿਸਤਾਨ ਸਰਕਾਰ ਤੋਂ ਕੀ ਮੰਗ ਕੀਤੀ ਹੈ, ਮਾਮਲੇ ਵਿੱਚ ਕਦੋਂ ਕਿਹੜੇ ਮੋੜ ਆਏ

ਤਸਵੀਰ ਸਰੋਤ, Ehtisham Shami/BBC
ਲਾਹੌਰ ਹਾਈ ਕੋਰਟ ਵਿੱਚ ਜਸਟਿਸ ਫਾਰੂਕ ਹੈਦਨ ਨੇ ਸਰਬਜੀਤ ਕੌਰ ਦੇ ਭਾਰਤੀ ਪਤੀ ਕਰਨਲ ਸਿੰਘ ਵੱਲੋਂ ਦਾਇਰ ਕੀਤੀ ਪਟੀਸ਼ਨ 'ਤੇ ਸੁਣਵਾਈ ਕੀਤੀ ਹੈ।
ਬੀਬੀਸੀ ਪੱਤਰਕਾਰ ਸ਼ੁਮਾਇਲਾ ਖਾਨ ਮੁਤਾਬਕ ਐਡਵੋਕੇਟ ਅਲੀ ਚੰਗੇਜ਼ੀ ਸਿੰਧੂ ਅਤੇ ਐਡਵੋਕੇਟ ਮੁਹੰਮਦ ਨਵਾਜ ਸ਼ੇਖ ਨੇ ਰਜਿਸਟਰਾਰ ਦਫ਼ਤਰ ਵੱਲੋਂ ਚੁੱਕੇ ਗਏ ਇਤਰਾਜ਼ ਬਾਰੇ ਦਲੀਲਾਂ ਪੇਸ਼ ਕੀਤੀਆਂ।
ਸਪੈਸ਼ਲ ਪਾਵਰ ਆਫ ਅਟਾਰਨੀ ਨਾਲ ਜੁੜੇ ਇਤਰਾਜ਼ਾਂ 'ਤੇ ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਅਦਾਲਤ ਅੱਗੇ ਸਬੰਧਤ ਇੰਟਰਨੈਸ਼ਨਲ ਕਾਨੂੰਨ ਅਤੇ ਨਿਆਂਇਕ ਉਦਾਹਰਣ ਪੇਸ਼ ਕੀਤੇ ਜਾਣ ਅਤੇ ਸੁਣਵਾਈ 2 ਮਾਰਚ, 2026 ਤੱਕ ਟਾਲ ਦਿੱਤੀ ਹੈ।
ਦਰਅਸਲ ਸਰਬਜੀਤ ਕੌਰ ਦੇ ਭਾਰਤੀ ਪਤੀ ਨੇ ਪਾਕਿਸਤਾਨ ਦੇ ਐਡਵੋਕੇਟ ਅਲੀ ਚੰਗੇਜ਼ੀ ਸੰਧੂ ਰਾਹੀਂ ਨਵੀਂ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਭਾਰਤੀ ਪਤੀ ਤੋਂ ਤਲਾਕ ਲਏ ਬਿਨਾਂ ਇੱਕ ਪਾਕਿਸਤਾਨੀ ਵਿਅਕਤੀ ਨਾਲ ਕੀਤੇ ਉਸਦੇ ਨਿਕਾਹ ਨੂੰ ਰੱਦ ਕਰਕੇ ਉਨ੍ਹਾਂ ਦੇ ਵਿਆਹ ਦੀ ਹੋਂਦ ਨੂੰ ਕਾਇਮ ਰੱਖਣ ਦੀ ਮੰਗ ਕੀਤੀ ਗਈ ਹੈ।
ਸਰਬਜੀਤ ਕੌਰ ਦੇ ਭਾਰਤੀ ਪਤੀ ਕਰਨੈਲ ਸਿੰਘ ਨੇ ਲਾਹੌਰ ਹਾਈ ਕੋਰਟ, ਲਾਹੌਰ ਵਿੱਚ ਸਰਬਜੀਤ ਦੇ ਨਾਸਿਰ ਹੁਸੈਨ ਨਾਲ ਵਿਆਹ ਨੂੰ ਰੱਦ ਕਰਨ ਲਈ ਇੱਕ ਤਾਜ਼ਾ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਦਾ ਤਰਕ ਹੈ ਕਿ ਉਸਨੇ ਇੱਕ ਗੈਰ-ਮੁਸਲਿਮ ਵਿਆਹੁਤਾ ਔਰਤ ਲਈ ਧਰਮ ਪਰਿਵਰਤਨ ਤੋਂ ਬਾਅਦ ਮੁਸਲਿਮ ਮਰਦ ਨਾਲ ਵਿਆਹ ਕਰਨ ਲਈ ਫੈਡਰਲ ਸ਼ਰੀਅਤ ਅਦਾਲਤ ਅਤੇ ਸੰਵਿਧਾਨਕ ਅਦਾਲਤਾਂ ਦੁਆਰਾ ਤੈਅ ਕਾਨੂੰਨ ਦੀ ਉਚਿਤ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ।
ਐਡਵੋਕੇਟ ਅਲੀ ਚੰਗੇਜ਼ੀ ਸੰਧੂ ਦੇ ਅਨੁਸਾਰ, ਪਾਕਿਸਤਾਨ ਦੀਆਂ ਸੰਵਿਧਾਨਕ ਅਦਾਲਤਾਂ, ਖਾਸ ਕਰਕੇ ਫੈਡਰਲ ਸ਼ਰੀਅਤ ਅਦਾਲਤ ਨੇ ਇੱਕ ਗੈਰ-ਮੁਸਲਿਮ ਵਿਆਹੁਤਾ ਔਰਤ ਲਈ ਮੁਸਲਿਮ ਨਾਲ ਵਿਆਹ ਕਰਨ ਦੇ ਸਿਧਾਂਤ ਤੈਅ ਕੀਤੇ ਹਨ ਜਿਵੇਂ ਕਿ:
ਉਸਨੂੰ ਆਪਣੇ ਘਰੇਲੂ ਕਾਨੂੰਨਾਂ ਅਨੁਸਾਰ ਅਦਾਲਤੀ ਤਲਾਕ ਦੀ ਲੋੜ ਹੈ।
ਐਡਵੋਕੇਟ ਅਲੀ ਚੰਗੇਜ਼ੀ ਸੰਧੂ ਦੇ ਅਨੁਸਾਰ, ਉਸਨੂੰ ਦੋ ਗਵਾਹਾਂ ਦੀ ਮੌਜੂਦਗੀ ਵਿੱਚ ਆਪਣੇ ਗੈਰ-ਮੁਸਲਿਮ ਪਤੀ ਨੂੰ ਇਸਲਾਮ ਕਬੂਲ ਕਰਨ ਲਈ ਕਹਿਣਾ ਪੈਂਦਾ ਹੈ ਅਤੇ ਜੇਕਰ ਉਹ ਨਹੀਂ ਮੰਨਦਾ ਤਾਂ ਵਿਆਹ ਨੂੰ ਖਤਮ ਕਰਨ ਲਈ 90 ਦਿਨਾਂ ਦੀ ਉਡੀਕ ਕਰਨੀ ਪਵੇਗੀ।
ਐਡਵੋਕੇਟ ਅਲੀ ਚੰਗੇਜ਼ੀ ਸੰਧੂ ਦੇ ਅਨੁਸਾਰ,ਵਿਆਹ ਟੁੱਟਣ ਤੋਂ ਬਾਅਦ ਹੀ ਉਹ ਕਿਸੇ ਮੁਸਲਿਮ ਨਾਲ ਵਿਆਹ ਕਰ ਸਕਦੀ ਹੈ।
ਪਟੀਸ਼ਨ ਵਿੱਚ ਕੀ ਮੰਗਾਂ ਹਨ?
ਐਡਵੋਕੇਟ ਅਲੀ ਚੰਗੇਜ਼ੀ ਸੰਧੂ ਦੇ ਅਨੁਸਾਰ, ਪਿਛਲੇ ਵਿਆਹ ਦੇ ਰਹਿੰਦਿਆਂ, ਦੂਸਰੇ ਵਿਆਹ ਦੇ ਅਧਾਰ 'ਤੇ ਸਹਿਵਾਸ ਜਾਂ ਸਰੀਰਕ ਸਬੰਧਾਂ ਨੂੰ "ਜ਼ਿਨਾਹ" (ਵਿਭਚਾਰ) ਕਿਹਾ ਜਾਵੇਗਾ। ਇਸ ਲਈ, ਨਾਸਿਰ ਹੁਸੈਨ ਦੇ ਖਿਲਾਫ ਜ਼ਿਨਾਹ ਦੇ ਇਲਜ਼ਾਮਾਂ ਤਹਿਤ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਦੀ ਅਪੀਲ ਕੀਤੀ ਗਈ ਹੈ।
ਐਡਵੋਕੇਟ ਅਲੀ ਚੰਗੇਜ਼ੀ ਸੰਧੂ ਦੇ ਅਨੁਸਾਰ, ਕਰਨੈਲ ਸਿੰਘ ਆਪਣੀ ਪਤਨੀ ਨੂੰ ਨਾਸਿਰ ਤੋਂ ਵਾਪਸ ਚਾਹੁੰਦੇ ਹਨ ਅਤੇ ਨਾਲ ਹੀ ਉਸਨੂੰ ਦੇਸ ਨਿਕਾਲਾ ਦੇਣ ਅਤੇ ਨਾਸਿਰ ਦੇ ਖਿਲਾਫ ਬਲਾਤਕਾਰ ਦੇ ਇਲਜ਼ਾਮਾਂ ਦੀ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਚਾਹੁੰਦੇ ਹਨ, ਜਿਸ ਨੇ ਤਲਾਕ ਤੋਂ ਬਿਨਾਂ ਇੱਕ ਵਿਆਹੁਤਾ ਔਰਤ ਨਾਲ ਵਿਆਹ ਦੇ ਇਸਲਾਮੀ ਸਿਧਾਂਤਾਂ ਦੀ ਸਰਾਸਰ ਉਲੰਘਣਾ ਕੀਤੀ ਹੈ।
ਐਡਵੋਕੇਟ ਅਲੀ ਚੰਗੇਜ਼ੀ ਸੰਧੂ ਦੇ ਅਨੁਸਾਰ, ਸਰਬਜੀਤ ਕੌਰ ਦਾ ਕਰਨੈਲ ਸਿੰਘ ਨਾਲ ਵਿਆਹ ਅਜੇ ਵੀ ਬਰਕਰਾਰ ਹੈ ਕਿਉਂਕਿ ਉਸਨੇ ਅਜੇ ਤੱਕ ਤਲਾਕ ਨਹੀਂ ਲਿਆ ਹੈ। ਇਸਲਾਮੀ ਕਾਨੂੰਨਾਂ, ਫੌਰਨਰਜ਼ ਐਕਟ 1946 ਅਤੇ ਤੀਰਥ ਯਾਤਰਾ ਵੀਜ਼ੇ ਦੀ ਘੋਰ ਉਲੰਘਣਾ ਕਰਨ ਕਰਕੇ, ਉਸਨੂੰ ਦੇਸ਼ ਨਿਕਾਲਾ ਦੇਣ ਦੀ ਅਪੀਲ ਕੀਤੀ ਗਈ ਹੈ।
ਐਡਵੋਕੇਟ ਅਲੀ ਚੰਗੇਜ਼ੀ ਸੰਧੂ ਦਾ ਦਾਅਵਾ ਹੈ ਕਿ ਜਬਰੀ ਧਰਮ ਪਰਿਵਰਤਨ ਦੇ ਇਲਜ਼ਾਮਾਂ ਦੇ ਨਾਲ-ਨਾਲ ਦਸਤਾਵੇਜ਼ੀ ਸਬੂਤਾਂ ਨਾਲ ਪੁਸ਼ਟੀ ਕੀਤੇ ਗਏ ਸਾਰੇ ਵਿੱਤੀ ਸਬੂਤ ਪਟੀਸ਼ਨ ਵਿੱਚ ਸ਼ਾਮਲ ਕੀਤੇ ਗਏ ਹਨ ਅਤੇ ਇਤਰਾਜ਼ਯੋਗ ਤਸਵੀਰਾਂ ਅਤੇ ਵੀਡੀਓਜ਼ ਦੇ ਹਵਾਲੇ ਨਾਲ ਜਬਰੀ ਧਰਮ ਪਰਿਵਰਤਨ ਦੇ ਤੱਤ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਗਈ ਹੈ।
ਐਡਵੋਕੇਟ ਅਲੀ ਚੰਗੇਜ਼ੀ ਸੰਧੂ ਦੇ ਅਨੁਸਾਰ, ਅੱਗੇ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਪਟੀਸ਼ਨ ਦੇ ਨਿਪਟਾਰੇ ਤੱਕ ਸਰਬਜੀਤ ਕੌਰ ਨੂੰ ਮਹਿਲਾ ਸ਼ੈਲਟਰ ਹਾਊਸ ਭੇਜਿਆ ਜਾਵੇ, ਉਸਨੂੰ ਦੇਸ ਨਿਕਾਲਾ ਦਿੱਤਾ ਜਾਵੇ, ਉਸਦੇ ਪੁੱਤਰਾਂ ਅਤੇ ਪਟੀਸ਼ਨਰ ਨੂੰ ਸਰਬਜੀਤ ਕੌਰ ਨਾਲ ਗੱਲ ਕਰਨ ਦਿੱਤੀ ਜਾਵੇ ਅਤੇ ਕਥਿਤ ਤੌਰ 'ਤੇ ਨੱਥੀ ਕਾਲ ਰਿਕਾਰਡਿੰਗਾਂ ਦੀ ਅਵਾਜ਼ ਦੀ ਫੋਰੈਂਸਿਕ ਜਾਂਚ ਕੀਤੀ ਜਾਵੇ।

ਕੀ ਹੈ ਪੂਰਾ ਮਾਮਲਾ?
ਮਾਮਲਾ ਰੌਸ਼ਨੀ ਵਿੱਚ ਆਇਆ ਜਦੋਂ ਭਾਰਤੀ ਨਾਗਰਿਕ ਸਰਬਜੀਤ ਕੌਰ (48), ਉਹ 13 ਨਵੰਬਰ 2026 ਨੂੰ ਆਪਣਾ ਵੀਜ਼ਾ ਖ਼ਤਮ ਹੋਣ ਦੇ ਬਾਵਜੂਦ ਭਾਰਤ ਵਾਪਸ ਨਹੀਂ ਪਰਤੀ।
ਇਸ ਦੇ ਨਾਲ ਹੀ ਉਸ ਉੱਤੇ ਇਲਜ਼ਾਮ ਹੈ ਕਿ ਉਸ ਨੇ ਇੱਕ ਪਾਕਿਸਤਾਨੀ ਨਾਗਰਿਕ ਨਾਲ ਵਿਆਹ ਕਰਵਾ ਲਿਆ।
ਸ਼ੇਖੂਪੁਰਾ ਜ਼ਿਲ੍ਹਾ ਪੁਲਿਸ ਅਧਿਕਾਰੀ ਬਿਲਾਲ ਜ਼ਫਰ ਸ਼ੇਖ ਮੁਤਾਬਕ, ਸਰਬਜੀਤ ਕੌਰ ਨੇ ਇੱਕ ਪਾਕਿਸਤਾਨੀ ਨਾਗਰਿਕ ਨਾਸਿਰ ਹੁਸੈਨ ਨਾਲ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਇਹ ਜੋੜਾ ਕਿਤੇ ਲੁਕ ਗਿਆ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਸਰਬਜੀਤ ਕੌਰ 4 ਨਵੰਬਰ ਨੂੰ ਸਿੱਖ ਸ਼ਰਧਾਲੂਆਂ ਨਾਲ ਪਾਕਿਸਤਾਨ ਪਹੁੰਚੀ ਸੀ ਅਤੇ ਅਗਲੇ ਦਿਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਨਨਕਾਣਾ ਸਾਹਿਬ ਜਾਣ ਵਾਲੀ ਸੀ।
ਹਾਲਾਂਕਿ, ਔਰਤ ਵੱਲੋਂ 7 ਨਵੰਬਰ ਨੂੰ ਸ਼ੇਖੂਪੁਰਾ ਦੇ ਜੁਡੀਸ਼ੀਅਲ ਮੈਜਿਸਟਰੇਟ ਕੋਲ ਦਾਇਰ ਕੀਤੇ ਬਿਆਨ ਅਨੁਸਾਰ, ਉਸਨੇ ਪਾਕਿਸਤਾਨ ਪਹੁੰਚਣ ਤੋਂ ਬਾਅਦ ਆਪਣੀ ਮਰਜ਼ੀ ਨਾਲ ਇਸਲਾਮ ਧਰਮ ਅਪਣਾ ਲਿਆ ਸੀ ਅਤੇ ਨਾਸਿਰ ਹੁਸੈਨ ਨਾਮ ਦੇ ਇੱਕ ਪਾਕਿਸਤਾਨੀ ਨਾਗਰਿਕ ਨਾਲ ਵਿਆਹ ਕਰਵਾ ਲਿਆ ਸੀ।
ਇਸ ਬਿਆਨ ਵਿੱਚ ਉਸਦੇ ਵਕੀਲ ਅਹਿਮਦ ਹਸਨ ਪਾਸ਼ਾ ਦਾ ਕਹਿਣਾ ਹੈ ਕਿ ਵਿਆਹ ਸ਼ੇਖੂਪੁਰਾ ਦੀ ਸਬੰਧਤ ਯੂਨੀਅਨ ਕੌਂਸਲ ਵਿੱਚ ਰਜਿਸਟਰਡ ਹੋ ਗਿਆ ਹੈ। ਉਹ ਕਹਿੰਦੇ ਹਨ ਕਿ ਸਰਬਜੀਤ ਕੌਰ ਅਤੇ ਨਾਸਿਰ ਹੁਸੈਨ ਨੇ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨਾਲ ਸੰਪਰਕ ਕੀਤਾ ਸੀ।
ਕਦੋਂ-ਕਦੋਂ ਕੀ ਕੁਝ ਹੋਇਆ?

ਉਪਲਭਦ ਜਾਣਕਾਰੀ ਦੇ ਅਧਾਰ 'ਤੇ ਸਰਬਜੀਤ ਕੌਰ ਦੇ ਮਾਮਲੇ ਵਿੱਚ ਹੇਠ ਲਿਖੇ ਅਹਿਮ ਮੋੜ ਆਏ:
ਸਾਲ 2016: ਸਰਬਜੀਤ ਕੌਰ ਅਤੇ ਪਾਕਿਸਤਾਨੀ ਨਾਗਰਿਕ ਨਾਸਿਰ ਹੁਸੈਨ ਦੀ ਸੋਸ਼ਲ ਮੀਡੀਆ (ਟਿੱਕਟੌਕ) ਰਾਹੀਂ ਪਹਿਲੀ ਵਾਰ ਮੁਲਾਕਾਤ ਹੋਈ ਅਤੇ ਉਨ੍ਹਾਂ ਵਿਚਕਾਰ ਰਿਸ਼ਤਾ ਬਣਿਆ।
4 ਨਵੰਬਰ 2025: ਸਰਬਜੀਤ ਕੌਰ 2,000 ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਪਾਕਿਸਤਾਨ ਪਹੁੰਚੀ।
5 ਨਵੰਬਰ 2025: ਸਰਬਜੀਤ ਨੇ ਕਾਜ਼ੀ ਹਾਫਿਜ਼ ਰਿਜ਼ਵਾਨ ਭੱਟੀ ਕੋਲ ਇਸਲਾਮ ਕਬੂਲ ਕੀਤਾ (ਨਵਾਂ ਨਾਮ 'ਨੂਰ') ਅਤੇ ਨਾਸਿਰ ਹੁਸੈਨ ਨਾਲ ਨਿਕਾਹ ਕੀਤਾ।
7 ਨਵੰਬਰ 2025: ਸਰਬਜੀਤ ਨੇ ਸ਼ੇਖੂਪੁਰਾ ਦੇ ਜੁਡੀਸ਼ੀਅਲ ਮੈਜਿਸਟਰੇਟ ਕੋਲ ਬਿਆਨ ਦਰਜ ਕਰਵਾਇਆ ਕਿ ਉਸਨੇ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਅਤੇ ਵਿਆਹ ਕੀਤਾ ਹੈ।
8 ਨਵੰਬਰ 2025: ਪੁਲਿਸ ਨੇ ਨਾਸਿਰ ਹੁਸੈਨ ਦੇ ਘਰ ਛਾਪਾ ਮਾਰਿਆ। ਇਸ ਤੋਂ ਬਾਅਦ ਲਾਹੌਰ ਹਾਈ ਕੋਰਟ ਨੇ ਪੁਲਿਸ ਨੂੰ ਜੋੜੇ ਨੂੰ ਪਰੇਸ਼ਾਨ ਨਾ ਕਰਨ ਦਾ ਹੁਕਮ ਦਿੱਤਾ।
13 ਨਵੰਬਰ 2025: ਸਿੱਖ ਸ਼ਰਧਾਲੂਆਂ ਦਾ ਜਥਾ ਭਾਰਤ ਵਾਪਸ ਪਰਤਿਆ, ਪਰ ਸਰਬਜੀਤ ਕੌਰ ਉਨ੍ਹਾਂ ਦੇ ਨਾਲ ਵਾਪਸ ਨਹੀਂ ਆਈ। ਉਸਦਾ ਵੀਜ਼ਾ ਖ਼ਤਮ ਹੋ ਗਿਆ।
15 ਨਵੰਬਰ 2025: ਵਕੀਲ ਅਹਿਮਦ ਹਸਨ ਪਾਸ਼ਾ ਨੇ ਜੋੜੇ ਨੂੰ ਬਿਆਨ ਦਰਜ ਕਰਵਾਉਣ ਲਈ ਬੁਲਾਇਆ, ਪਰ ਉਹ ਨਹੀਂ ਪਹੁੰਚੇ ਅਤੇ ਰੂਪੋਸ਼ ਹੋ ਗਏ।
4 ਜਨਵਰੀ 2026: ਖੁਫ਼ੀਆ ਜਾਣਕਾਰੀ ਦੇ ਅਧਾਰ 'ਤੇ ਇੰਟੈਲੀਜੈਂਸ ਬਿਊਰੋ ਨੇ ਪਿੰਡ ਪੇਹਰੇ ਵਾਲੀ ਤੋਂ ਸਰਬਜੀਤ ਕੌਰ ਅਤੇ ਨਾਸਿਰ ਹੁਸੈਨ ਨੂੰ ਹਿਰਾਸਤ ਵਿੱਚ ਲਿਆ।
ਜਨਵਰੀ ਦੇ ਅੱਧ ਵਿੱਚ: ਸਰਬਜੀਤ ਕੌਰ ਨੂੰ ਲਾਹੌਰ ਦੇ ਮਹਿਲਾ ਸ਼ੈਲਟਰ ਹੋਮ (ਦਾਰੁਲ ਅਮਾਨ) ਵਿੱਚ ਰੱਖਿਆ ਗਿਆ। ਪਾਕਿਸਤਾਨੀ ਮੰਤਰੀਆਂ ਨੇ ਵੀਜ਼ਾ ਉਲੰਘਣਾ ਕਾਰਨ ਡਿਪੋਰਟੇਸ਼ਨ ਦੀ ਗੱਲ ਕਹੀ।
ਸਾਬਕਾ ਸੰਸਦੀ ਸਕੱਤਰ ਮਹਿੰਦਰ ਪਾਲ ਸਿੰਘ ਨੇ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਸਰਬਜੀਤ ਨੂੰ ਡਿਪੋਰਟ ਕਰਨ ਦੀ ਮੰਗ ਕੀਤੀ।
ਫਰਵਰੀ 2026 (ਪਹਿਲਾ ਪੱਖ): ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਿਆਸੀ ਆਧਾਰ 'ਤੇ ਸਰਬਜੀਤ ਨੂੰ ਦੇਸ਼ ਨਿਕਾਲਾ ਨਹੀਂ ਦਿੱਤਾ ਜਾ ਸਕਦਾ। ਸਰਬਜੀਤ ਨੂੰ ਸ਼ੈਲਟਰ ਹੋਮ ਤੋਂ ਰਿਹਾਅ ਕਰਕੇ ਪਤੀ ਦੇ ਘਰ ਜਾਣ ਦੀ ਇਜਾਜ਼ਤ ਮਿਲੀ।
24 ਫਰਵਰੀ 2026: ਸਰਬਜੀਤ ਦੇ ਭਾਰਤੀ ਪਤੀ ਕਰਨੈਲ ਸਿੰਘ ਨੇ ਐਡਵੋਕੇਟ ਅਲੀ ਚੰਗੇਜ਼ੀ ਸੰਧੂ ਰਾਹੀਂ ਲਾਹੌਰ ਹਾਈ ਕੋਰਟ ਵਿੱਚ ਨਵੀਂ ਪਟੀਸ਼ਨ ਦਾਇਰ ਕੀਤੀ। ਉਸਨੇ ਦਾਅਵਾ ਕੀਤਾ ਕਿ ਸਰਬਜੀਤ ਨੇ ਤਲਾਕ ਲਏ ਬਿਨਾਂ ਦੂਜਾ ਵਿਆਹ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਅਤੇ ਨਾਸਿਰ 'ਤੇ ਬਲਾਤਕਾਰ/ਜ਼ਿਨਾਹ ਦੇ ਇਲ ਜ਼ਾਮ ਲਾਏ।
ਮੌਜੂਦਾ ਸਥਿਤੀ: ਮਾਮਲਾ ਅਜੇ ਵੀ ਲਾਹੌਰ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































