ਚੰਡੀਗੜ੍ਹ ਵਿੱਚ ਭਾਜਪਾ ਦਫ਼ਤਰ ਬਾਹਰ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮਾਂ ਬਾਰੇ ਪੁਲਿਸ ਨੇ ਕੀ ਦੱਸਿਆ

ਤਸਵੀਰ ਸਰੋਤ, Punjab Police India/FB
ਚੰਡੀਗੜ੍ਹ 'ਚ ਭਾਜਪਾ ਦੇ ਦਫ਼ਤਰ ਅੱਗੇ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ 2 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਗੌਰਵੀ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਗ੍ਰਿਫ਼ਤਾਰੀ ਸਬੰਧੀ ਸਾਰੀ ਜਾਣਕਾਰੀ ਮੀਡੀਆ ਨੂੰ ਦਿੱਤੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਹਰਿਆਣਾ ਸਪੈਸ਼ਲ ਟਾਸਕ ਫੋਰਸ ਦੀ ਮਦਦ ਨਾਲ ਧਮਾਕੇ ਦੇ ਮੁੱਖ ਮੁਲਜ਼ਮਾਂ ਨੂੰ 4 ਅਪ੍ਰੈਲ ਨੂੰ ਰੇਵਾੜੀ ਤੋਂ ਰਾਤ 10 ਵਜੇ ਦੇ ਕਰੀਬ ਗ੍ਰਿਫ਼ਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਨਾਮ ਗੁਰਤੇਜ ਸਿੰਘ ਅਤੇ ਅਮਨਪ੍ਰੀਤ ਸਿੰਘ ਹਨ ਜੋ ਰੂਪਨਗਰ ਦੇ ਪਿੰਡ ਰਤਨਗੜ੍ਹ ਦੇ ਰਹਿਣ ਵਾਲੇ ਹਨ।
ਡੀਜੀਪੀ ਯਾਦਵ ਮੁਤਾਬਕ, ਮੁਲਜ਼ਮ ਅਮਨਪ੍ਰੀਤ ਸਿੰਘ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ ਅਤੇ ਉਸ ਵਿਰੁੱਧ ਮੋਹਾਲੀ ਵਿੱਚ ਚੋਰੀ ਅਤੇ ਹਿਮਾਚਲ ਦੇ ਬਿਲਾਸਪੁਰ ਵਿੱਚ ਲੁੱਟ-ਖੋਹ ਦੀਆਂ ਐਫਆਈਆਰ ਦਰਜ ਹਨ।
'ਵਿਦੇਸ਼ਾਂ 'ਚ ਬੈਠੇ ਹੈਂਡਲਰਾਂ ਦੇ ਇਸ਼ਾਰੇ 'ਤੇ ਹੋਇਆ ਹਮਲਾ'

ਤਸਵੀਰ ਸਰੋਤ, @DGPPunjabPolice/BBC
ਡੀਜੀਪੀ ਯਾਦਵ ਨੇ ਦੱਸਿਆ ਕਿ ''ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਆਈਐਸਆਈ ਸਮਰਥਿਤ ਵਿਦੇਸ਼ਾਂ 'ਚ ਬੈਠੇ ਹੈਂਡਲਰਾਂ ਬਲਜੋਤ ਸਿੰਘ ਉਰਫ਼ ਜੋਤ (ਪੁਰਤਗਾਲ) ਅਤੇ ਹਰਜੀਤ ਸਿੰਘ ਲਾਡੀ (ਜਰਮਨੀ) ਵੱਲੋਂ ਨਿਰਦੇਸ਼ ਦਿੱਤੇ ਜਾ ਰਹੇ ਸਨ ਅਤੇ ਹਮਲੇ ਨੂੰ ਅੰਜਾਮ ਦੇਣ ਲਈ ਉਨ੍ਹਾਂ ਨੂੰ 2 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ।''
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ''ਲਗਭਗ ਛੇ ਮਹੀਨੇ ਪਹਿਲਾਂ ਮੁਲਜ਼ਮ ਗੁਰਤੇਜ ਸਿੰਘ ਦਾ ਸੰਪਰਕ ਇੱਕ ਵਿਦੇਸ਼-ਅਧਾਰਿਤ ਹੈਂਡਲਰ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਹੋਇਆ ਸੀ।''
''ਹੈਂਡਲਰ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ, ਗੁਰਤੇਜ ਨੇ ਆਪਣੇ ਸਾਥੀ ਮੁਲਜ਼ਮਾਂ ਰੁਬਲ ਚੌਹਾਨ ਅਤੇ ਮਨਦੀਪ ਉਰਫ਼ ਅਭਿਜੋਤ ਸ਼ਰਮਾ (ਜਿਨ੍ਹਾਂ ਦੀ ਪਹਿਲਾਂ ਹੀ ਗ੍ਰਿਫ਼ਤਾਰੀ ਹੋ ਚੁੱਕੀ ਹੈ) ਨਾਲ ਮਿਲ ਕੇ 28 ਮਾਰਚ 2026 ਨੂੰ ਐਸਬੀਐਸ ਨਗਰ ਦੇ ਪਿੰਡ ਭਾਰਾਪੁਰ ਤੋਂ ਜਸਵੀਰ ਉਰਫ਼ ਜੱਸੀ ਕੋਲੋਂ ਹਥਿਆਰਾਂ ਅਤੇ ਗ੍ਰੇਨੇਡ ਪ੍ਰਾਪਤ ਕੀਤੇ ਸਨ।''
''ਬਲਜੋਤ ਸਿੰਘ ਜੋਤ ਨੇ ਹੀ ਗੁਰਤੇਜ ਨੂੰ ਰੇਕੀ ਕਰਨ ਲਈ ਕਿਹਾ ਸੀ ਅਤੇ ਅਮਨਪ੍ਰੀਤ ਨੂੰ ਗੁਰਤੇਜ ਨੇ ਹੀ ਰਿਕ੍ਰਿਊਟ ਕੀਤਾ ਸੀ।''
ਉਨ੍ਹਾਂ ਦੱਸਿਆ, ''ਦੋਵੇਂ ਮੋਟਰਸਾਈਕਲ ਚਾਲਕ ਰੈਪੀਡੋ 'ਚ ਕੰਮ ਕਰਦੇ ਸਨ ਅਤੇ ਇੱਕ ਤਾਰੀਖ ਨੂੰ ਜਦੋਂ ਅਮਨਪ੍ਰੀਤ ਨੇ ਗ੍ਰਨੇਡ ਸੁੱਟਿਆ ਸੀ, ਗੁਰਤੇਜ ਨੇ ਉਸਦਾ ਵੀਡੀਓ ਬਣਾਇਆ ਸੀ।''
ਪਹਿਲਾਂ ਵੀ ਹੋਈਆਂ 5 ਗ੍ਰਿਫ਼ਤਾਰੀਆਂ
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਚੰਡੀਗੜ੍ਹ ਦੇ ਸੈਕਟਰ 37 ਸਥਿਤ ਬੀਜੇਪੀ ਦਫ਼ਤਰ ਬਾਹਰ ਹੋਏ 'ਗ੍ਰਨੇਡ ਅਟੈਕ' ਮਾਮਲੇ ਨੂੰ ਸੁਲਝਾ ਲਿਆ ਗਿਆ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਸੀ ਕਿ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਦੋ ਫਰਾਰ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ, "ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਚੰਡੀਗੜ੍ਹ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ 'ਚ ਚੰਡੀਗੜ੍ਹ ਗ੍ਰਨੇਡ ਅਟੈਕ ਕੇਸ ਨੂੰ ਸੁਲਝਾਉਣ 'ਚ ਕਾਮਯਾਬੀ ਹਾਸਲ ਕੀਤੀ ਹੈ।"
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ 'ਚੋਂ ਤਿੰਨ ਨਵਾਂਸ਼ਹਿਰ, ਇੱਕ ਸੰਗਰੂਰ ਅਤੇ ਇੱਕ ਸ਼ਿਮਲਾ ਦਾ ਰਹਿਣ ਵਾਲਾ ਦੱਸਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਬਲਵਿੰਦਰ ਸਿੰਘ, ਜਸਵੀਰ ਸਿੰਘ , ਚਰਨਜੀਤ ਸਿੰਘ, ਮਨਦੀਪ ਉਰਫ਼ ਅਭੀਜੋਤ ਸ਼ਰਮਾ , ਰੂਬਲ ਚੌਹਾਨ ਵਜੋਂ ਦੱਸੀ ਗਈ ਹੈ।
ਡੀਜੀਪੀ ਗੌਰਵ ਯਾਦਵ ਨੇ ਕੀ-ਕੀ ਦੱਸਿਆ ?

ਤਸਵੀਰ ਸਰੋਤ, @DGPPunjabPolice
ਡੀਜੀਪੀ ਨੇ ਕਿਹਾ , "ਇਸ ਮਾਮਲੇ 'ਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਸ ਹਮਲੇ 'ਚ ਸ਼ਾਮਿਲ ਦੋ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ ਦੇ ਫੌਰਵਰਡ ਅਤੇ ਬੈਕਵਰਡ ਲਿੰਕ ਖੰਗਾਲੇ ਜਾ ਰਹੇ ਹਨ।"
"ਫਰਾਰ ਮੁਲਜ਼ਮਾਂ ਦੀ ਤਲਾਸ਼ ਲਈ ਪੁਲਿਸ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਮੁਲਜ਼ਮਾਂ ਕੋਲੋਂ ਇੱਕ ਗ੍ਰਨੇਡ ਸਣੇ ਕੁਝ ਹੋਰ ਹਥਿਆਰ ਬਰਾਮਦ ਕੀਤੇ ਗਏ ਹਨ।"
ਡੀਜੀਪੀ ਨੇ ਅੱਗੇ ਦੱਸਿਆ, "ਸ਼ੁਰੂਆਤੀ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਇਹ ਮੋਡਿਊਲ ਪਾਕਿਸਤਾਨ 'ਚ ਆਈਐਸਆਈ ਅਤੇ ਪੁਰਤਗਾਲ ਅਤੇ ਜਰਮਨੀ 'ਚ ਬੈਠੇ ਵਿਦੇਸ਼ੀ ਹੈਂਡਲਰਾਂ ਵੱਲੋਂ ਚਲਾਇਆ ਜਾ ਰਿਹਾ ਸੀ।
ਮੁਲਜ਼ਮਾਂ ਤੱਕ ਕਿਵੇਂ ਪਹੁੰਚੀ ਪੁਲਿਸ ?

ਮੁਲਜ਼ਮਾਂ ਦੀ ਭਾਲ ਲਈ ਚਲਾਏ ਆਪ੍ਰੇਸ਼ਨ ਬਾਰੇ ਹੋਰ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਸਟੇਟ ਸਪੈਸ਼ਲ ਆਪ੍ਰੇਸ਼ਨਸ ਸੈੱਲ ਦੇ ਏਆਈਜੀ ਦੀਪਕ ਪਾਰਿਕ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਹੈਂਡ ਗ੍ਰਨੇਡ, ਹਥਿਆਰ ਅਤੇ ਜ਼ਿੰਦਾ ਕਾਰਤੂਸਾਂ ਦਾ ਜ਼ਖੀਰਾ ਲਿਆਂਦਾ ਗਿਆ ਸੀ। ਜਿਸਨੂੰ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਤੱਕ ਪਹੁੰਚਾਉਣ ਤੋਂ ਪਹਿਲਾਂ ਵੱਖ-ਵੱਖ ਕਈ ਹੈਂਡਲਰਾਂ ਕੋਲ ਘੁੰਮਦਾ ਰਿਹਾ।
ਏਆਈਜੀ ਦੀਪਕ ਪਾਰਿਕ ਨੇ ਦੱਸਿਆ ਕਿ ਪੁਰਤਗਾਲ ਬੈਠੇ ਹੈਂਡਲਰਾਂ ਦੇ ਇਸ਼ਾਰਿਆਂ 'ਤੇ ਇਹ ਮੁਲਜ਼ਮ ਹਥਿਆਰਾਂ ਅਤੇ ਹਮਲੇ ਨੂੰ ਅੰਜਾਮ ਦੇਣ ਲਈ ਆਪਸ 'ਚ ਤਾਲਮੇਲ ਕਰ ਰਹੇ ਸਨ।
ਇਸ ਸਬੰਧ 'ਚ ਮੁਹਾਲੀ ਐਸਐਸਓਸੀ ਪੁਲਿਸ ਸਟੇਸ਼ਨ 'ਚ ਤਿੰਨ ਅਪ੍ਰੈਲ ਨੂੰ ਆਰਮਜ਼ ਐਕਟ ਦੀ ਧਾਰਾ 25(1), ਬੀਐਨਐਸ ਦੀ ਧਾਰਾ 61(2) ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

ਚੰਡੀਗੜ੍ਹ ਪੁਲਿਸ ਨੇ ਕੀ ਦੱਸਿਆ?
ਚੰਡੀਗੜ੍ਹ ਪੁਲਿਸ ਵੱਲੋਂ ਵੀ ਪੰਜਾਬ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੀ ਜਾਣਕਾਰੀ ਦਿੱਤੀ ਗਈ। ਚੰਡੀਗੜ੍ਹ ਪੁਲਿਸ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਲਿਖਿਆ, "ਹਮਲੇ ਵਿੱਚ ਸ਼ਾਮਲ ਦੋ ਮੁੱਖ ਮੁਲਜ਼ਮ, ਜਿਨ੍ਹਾਂ ਦੀ ਪਛਾਣ ਗੁਰਤੇਜ ਸਿੰਘ ਅਤੇ ਅਮਨਪ੍ਰੀਤ ਸਿੰਘ ਵਜੋਂ ਹੋਈ ਹੈ, ਇਸ ਵੇਲੇ ਫਰਾਰ ਹਨ ਅਤੇ ਪੁਲਿਸ ਟੀਮਾਂ ਉਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ।"
"ਮੁਲਜ਼ਮ ਇੱਕ ਅਜਿਹੇ ਨੈੱਟਵਰਕ ਦਾ ਹਿੱਸਾ ਸਨ, ਜਿਸ ਵਿੱਚ ਹਮਲੇ ਨੂੰ ਅੰਜਾਮ ਦੇਣ ਲਈ ਕਈ ਕਟਆਉਟ ਅਤੇ ਸਬ-ਮੋਡੀਊਲ ਸ਼ਾਮਲ ਸਨ।"
ਚੰਡੀਗੜ੍ਹ 'ਚ ਬੀਜੇਪੀ ਦਫ਼ਤਰ ਬਾਹਰ ਹੋਇਆ ਸੀ ਬਲਾਸਟ

ਇੱਕ ਅਪ੍ਰੈਲ ਯਾਨੀ ਬੁੱਧਵਾਰ ਨੂੰ ਚੰਡੀਗੜ੍ਹ ਦੇ ਸੈਕਟਰ 37 ਸਥਿਤ ਬੀਜੇਪੀ ਦਫ਼ਤਰ ਦੇ ਬਾਹਰ ਅਚਾਨਕ ਜ਼ੋਰਦਾਰ ਧਮਾਕਾ ਹੋਇਆ ਸੀ। ਸ਼ਾਮ ਕਰੀਬ ਪੰਜ ਵਜੇ ਦੇ ਆਸ-ਪਾਸ ਇਹ ਧਮਾਕਾ ਹੋਇਆ ਦੱਸਿਆ ਗਿਆ ਸੀ। ਧਮਾਕੇ ਕਾਰਨ ਦਫ਼ਤਰ ਬਾਹਰ ਖੜ੍ਹੇ ਕਈ ਵਾਹਨ ਨੁਕਸਾਨ ਗਏ ਸਨ। ਫਾਰੈਂਸਿਕ ਟੀਮਾਂ ਵੱਲੋਂ ਮੌਕੇ ਤੋਂ ਕਈ ਸਬੂਤ ਜੁਟਾਏ ਗਏ ਸਨ।
ਹਮਲੇ ਬਾਰੇ ਜਾਣਕਾਰੀ ਦਿੰਦਿਆਂ ਬੀਜੇਪੀ ਆਗੂ ਵਿਨੀਤ ਜੋਸ਼ੀ ਨੇ ਦੱਸਿਆ ਸੀ ਕਿ ਧਮਾਕੇ ਤੋਂ ਬਾਅਦ ਜਦੋਂ ਬੀਜੇਪੀ ਦਫ਼ਤਰ ਦੇ ਸਟਾਫ ਨੇ ਬਾਹਰ ਆ ਕੇ ਦੇਖਿਆ ਤਾਂ ਧੂੜ ਉੱਡੀ ਹੋਈ ਸੀ। ਸਕੂਟਰੀ ਅਤੇ ਕਾਰ ਨੁਕਸਾਨੀ ਗਈ ਸੀ। ਛਰੇ ਦੇ ਨਿਸ਼ਾਨ ਵੀ ਕੰਧ ਉੱਤੇ ਸਨ।
ਇਸ ਹਮਲੇ ਦੀ ਪੰਜਾਬ ਬੀਜੇਪੀ ਦੇ ਲੀਡਰਾਂ ਵੱਲੋਂ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ





























