ਅਮਰੀਕਾ-ਈਰਾਨ: 21 ਘੰਟਿਆਂ ਦੀ ਗੱਲਬਾਤ ਤੋਂ ਬਾਅਦ ਜੇਡੀ ਵੈਂਸ ਨੇ ਕਿਹਾ, 'ਈਰਾਨ ਨਾਲ ਕੋਈ ਸਮਝੌਤਾ ਨਹੀਂ', ਦੋਵੇਂ ਧਿਰਾਂ ਦੀਆਂ ਕੀ ਸ਼ਰਤਾਂ ਹਨ

ਜੇਡੀ ਵੈਂਸ

ਤਸਵੀਰ ਸਰੋਤ, White House

ਤਸਵੀਰ ਕੈਪਸ਼ਨ, ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ
ਪੜ੍ਹਨ ਦਾ ਸਮਾਂ: 6 ਮਿੰਟ

ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਕੋਈ ਸਮਝੌਤਾ ਨਹੀਂ ਹੋਇਆ ਹੈ।

ਉਨ੍ਹਾਂ ਇਸਲਾਮਾਬਾਦ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, "ਅਸੀਂ 21 ਘੰਟਿਆਂ ਤੋਂ ਇਸ 'ਤੇ ਲੱਗੇ ਹੋਏ ਹਾਂ ਪਰ ਮਾੜੀ ਖ਼ਬਰ ਇਹ ਹੈ ਕਿ ਅਸੀਂ ਕਿਸੇ ਸਮਝੌਤੇ 'ਤੇ ਨਹੀਂ ਪਹੁੰਚ ਸਕੇ ਹਾਂ।"

ਉਨ੍ਹਾਂ ਕਿਹਾ, "ਅਸੀਂ ਆਪਣੀ ਸੀਮਾ ਸਪਸ਼ਟ ਕਰ ਦਿੱਤੀ ਹੈ। ਉਨ੍ਹਾਂ ਨੇ ਸਾਡੀਆਂ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਗੱਲਬਾਤ ਵਿੱਚ ਜੋ ਵੀ ਕਮੀਆਂ ਸਨ, ਉਹ ਪਾਕਿਸਤਾਨੀਆਂ ਕਰਕੇ ਨਹੀਂ ਸਨ, ਜਿਨ੍ਹਾਂ ਨੇ ਸ਼ਾਨਦਾਰ ਕੰਮ ਕੀਤਾ।"

ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਅਤੇ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਦੀ ਪ੍ਰਸ਼ੰਸਾ ਕੀਤੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਮਰੀਕੀ ਪ੍ਰਤੀਨਿਧੀ ਮੰਡਲ ਹੁਣ ਪਾਕਿਸਤਾਨ ਤੋਂ ਰਵਾਨਾ ਹੋ ਰਿਹਾ ਹੈ।

ਜੇਡੀ ਵੈਂਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਗੱਲਬਾਤ ਖ਼ਤਮ ਹੋਣ ਤੋਂ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਈਰਾਨ ਨਾਲ ਸਮਝੌਤਾ ਹੁੰਦਾ ਹੈ ਜਾਂ ਨਹੀਂ, ਇਸ ਨਾਲ ਉਨ੍ਹਾਂ ਨੂੰ "ਕੋਈ ਫ਼ਰਕ ਨਹੀਂ ਪੈਂਦਾ।"

ਇਸ ਤੋਂ ਪਹਿਲਾਂ ਈਰਾਨ ਅਤੇ ਅਮਰੀਕੀ ਦੇ ਪ੍ਰਤੀਨਿਧੀ ਮੰਡਲਾਂ ਵਿਚਕਾਰ ਸ਼ਨੀਵਾਰ ਨੂੰ ਸ਼ੁਰੂ ਹੋਈ ਇਸਲਾਮਾਬਾਦ ਗੱਲਬਾਤ ਦੇਰ ਰਾਤ ਤੱਕ ਚੱਲੀ। ਪਾਕਿਸਤਾਨ ਦੋਵਾਂ ਦੇਸ਼ਾਂ ਵਿਚਕਾਰ ਵਿਚੋਲਗੀ ਦੀ ਭੂਮਿਕਾ ਨਿਭਾ ਰਿਹਾ ਸੀ।

ਇਹ ਗੱਲਬਾਤ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਸੇਰੇਨਾ ਹੋਟਲ ਵਿੱਚ ਚੱਲ ਰਹੀ ਸੀ।

ਗੱਲਬਾਤ ਖ਼ਤਮ ਹੋਣ ਤੋਂ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਈਰਾਨ ਨਾਲ ਸਮਝੌਤਾ ਹੁੰਦਾ ਹੈ ਜਾਂ ਨਹੀਂ, ਇਸ ਨਾਲ ਉਨ੍ਹਾਂ ਨੂੰ "ਕੋਈ ਫ਼ਰਕ ਨਹੀਂ ਪੈਂਦਾ।"

'ਈਰਾਨ ਦਾ ਪਰਮਾਣੂ ਪ੍ਰੋਗਰਾਮ ਰੋਕਣਾ ਮੁੱਖ ਮੁੱਦਾ'

ਜੇਡੀ ਵੈਂਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਜੇਡੀ ਵੈਂਸ ਨੇ ਕਿਹਾ ਕਿ ਈਰਾਨ ਦਾ ਪਰਮਾਣੂ ਪ੍ਰੋਗਰਾਮ "ਤਬਾਹ ਕਰ ਦਿੱਤਾ ਗਿਆ ਹੈ"

ਵੈਂਸ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ, "ਸਿੱਧੀ ਗੱਲ ਇਹ ਹੈ ਕਿ ਸਾਨੂੰ ਈਰਾਨ ਤੋਂ ਸਾਫ਼ ਅਤੇ ਠੋਸ ਵਚਨਬੱਧਤਾ ਚਾਹੀਦੀ ਹੈ ਕਿ ਉਹ ਨਾ ਤਾਂ ਪਰਮਾਣੂ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰੇਗਾ ਅਤੇ ਨਾ ਹੀ ਅਜਿਹੇ ਸਾਧਨ ਇਕੱਠੇ ਕਰੇਗਾ, ਜਿਨ੍ਹਾਂ ਨਾਲ ਉਹ ਜਲਦੀ ਪਰਮਾਣੂ ਹਥਿਆਰ ਬਣਾ ਸਕੇ।"

ਉਨ੍ਹਾਂ ਨੇ ਇਸਨੂੰ ਡੋਨਾਲਡ ਟਰੰਪ ਦਾ 'ਮੁੱਖ ਟੀਚਾ' ਦੱਸਿਆ।

ਜੇਡੀ ਵੈਂਸ ਨੇ ਕਿਹਾ ਕਿ ਈਰਾਨ ਦਾ ਪਰਮਾਣੂ ਪ੍ਰੋਗਰਾਮ "ਤਬਾਹ ਕਰ ਦਿੱਤਾ ਗਿਆ ਹੈ", ਪਰ ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਭਵਿੱਖ ਵਿੱਚ ਈਰਾਨ ਵੱਲੋਂ ਪਰਮਾਣੂ ਹਥਿਆਰ ਵਿਕਸਿਤ ਨਾ ਕਰਨ ਲਈ "ਮਜ਼ਬੂਤ ਅਤੇ ਬੁਨਿਆਦੀ ਇੱਛਾ ਸ਼ਕਤੀ" ਦੀ ਲੋੜ ਹੈ।

"ਸਾਨੂੰ ਅਜੇ ਤੱਕ ਅਜਿਹੀ ਵਚਨਬੱਧਤਾ ਨਜ਼ਰ ਨਹੀਂ ਆਈ ਹੈ। ਸਾਨੂੰ ਉਮੀਦ ਹੈ ਕਿ ਉਹ ਮਿਲੇਗੀ।"

ਵੈਂਸ ਨੇ ਕਿਹਾ ਕਿ ਗੱਲਬਾਤ ਦੌਰਾਨ ਈਰਾਨ ਦੀਆਂ ਫ੍ਰੀਜ਼ ਕੀਤੀਆਂ ਕਈ ਜਾਇਦਾਦਾਂ 'ਤੇ ਵੀ ਚਰਚਾ ਹੋਈ।

ਜੇਡੀ ਵੈਂਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਜੇਡੀ ਵੈਂਸ ਆਪਣੇ 'ਏਅਰ ਫੋਰਸ ਟੂ' ਜਹਾਜ਼ ਰਾਹੀਂ ਪਾਕਿਸਤਾਨ ਤੋਂ ਰਵਾਨਾ ਹੁੰਦੇ ਹੋਏ।

ਉਨ੍ਹਾਂ ਕਿਹਾ, "ਅਸੀਂ ਉਨ੍ਹਾਂ ਸਾਰੇ ਮੁੱਦਿਆਂ 'ਤੇ ਗੱਲ ਕੀਤੀ ਅਤੇ ਉਨ੍ਹਾਂ ਤੋਂ ਅੱਗੇ ਦੇ ਕਈ ਹੋਰ ਮੁੱਦਿਆਂ 'ਤੇ ਵੀ ਚਰਚਾ ਹੋਈ।"

"ਪਰ ਅਸੀਂ ਅਜਿਹੀ ਸਥਿਤੀ ਤੱਕ ਨਹੀਂ ਪਹੁੰਚ ਸਕੇ, ਜਿੱਥੇ ਈਰਾਨ ਸਾਡੇ ਪ੍ਰਸਤਾਵਾਂ ਨੂੰ ਸਵੀਕਾਰ ਕਰਨ ਲਈ ਤਿਆਰ ਹੋਵੇ।"

ਗੱਲਬਾਤ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, "ਮੈਨੂੰ ਲੱਗਦਾ ਹੈ ਕਿ ਅਸੀਂ ਕਾਫ਼ੀ ਫਲੈਕਸੀਬਲ ਰਹੇ ਅਤੇ ਅਸੀਂ ਕਾਫ਼ੀ ਸਹੂਲਤ ਦੇਣ ਵਾਲਾ ਰੁਖ ਅਪਣਾਇਆ।"

ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਵੀ ਕਈ ਵਾਰ ਗੱਲ ਕੀਤੀ। "ਮੈਨੂੰ ਨਹੀਂ ਪਤਾ ਅਸੀਂ ਉਨ੍ਹਾਂ ਨਾਲ ਕਿੰਨੀ ਵਾਰ ਗੱਲ ਕੀਤੀ, ਪਿਛਲੇ 21 ਘੰਟਿਆਂ ਵਿੱਚ ਅੱਧਾ ਦਰਜਨ ਵਾਰ, ਜਾਂ ਦਰਜਨ ਵਾਰ।"

ਯੂਐਸ ਨੂੰ 'ਜ਼ਿਆਦਾ ਮੰਗਾਂ' ਕਰਨ ਤੋਂ ਬਚਣਾ ਚਾਹੀਦਾ ਹੈ - ਈਰਾਨ

ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ, ਇਸਮਾਈਲ ਬਾਕੇਈ

ਤਸਵੀਰ ਸਰੋਤ, Atta Kenare via Getty Images

ਤਸਵੀਰ ਕੈਪਸ਼ਨ, ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਕੇਈ ਨੇ ਵਾਸ਼ਿੰਗਟਨ ਨੂੰ "ਜ਼ਿਆਦਾ ਮੰਗਾਂ ਅਤੇ ਗੈਰ-ਕਾਨੂੰਨੀ ਬੇਨਤੀਆਂ" ਕਰਨ ਤੋਂ ਬਚਣ ਅਤੇ ਈਰਾਨ ਦੇ "ਕਾਨੂੰਨੀ ਅਧਿਕਾਰਾਂ ਅਤੇ ਹਿੱਤਾਂ" ਨੂੰ ਸਵੀਕਾਰ ਕਰਨ ਦੀ ਵੀ ਅਪੀਲ ਕੀਤੀ।

ਇਸ ਤੋਂ ਪਹਿਲਾਂ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ, ਇਸਮਾਈਲ ਬਾਕੇਈ ਨੇ ਸੋਸ਼ਲ ਮੀਡੀਆ 'ਤੇ ਜਾਰੀ ਇੱਕ ਪੋਸਟ ਵਿੱਚ ਗੱਲਬਾਤ ਨੂੰ "ਇੰਟੈਂਸਿਵ" ਦੱਸਿਆ, ਪਰ ਨਾਲ ਹੀ ਕਿਹਾ ਕਿ ਚੱਲ ਰਹੀ ਗੱਲਬਾਤ ਦੀ ਸਫਲਤਾ "ਦੂਜੇ ਪੱਖ ਦੀ ਗੰਭੀਰਤਾ ਅਤੇ ਚੰਗੇ ਇਰਾਦੇ 'ਤੇ ਨਿਰਭਰ ਕਰਦੀ ਹੈ"।

ਬਾਕੇਈ ਨੇ ਵਾਸ਼ਿੰਗਟਨ ਨੂੰ "ਜ਼ਿਆਦਾ ਮੰਗਾਂ ਅਤੇ ਗੈਰ-ਕਾਨੂੰਨੀ ਬੇਨਤੀਆਂ" ਕਰਨ ਤੋਂ ਬਚਣ ਅਤੇ ਈਰਾਨ ਦੇ "ਕਾਨੂੰਨੀ ਅਧਿਕਾਰਾਂ ਅਤੇ ਹਿੱਤਾਂ" ਨੂੰ ਸਵੀਕਾਰ ਕਰਨ ਦੀ ਵੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਸ਼ਿਆਂ 'ਤੇ ਚਰਚਾ ਹੋ ਰਹੀ ਹੈ, ਉਨ੍ਹਾਂ ਵਿੱਚ ਸਟ੍ਰੇਟ ਆਫ਼ ਹੋਰਮੁਜ਼, ਈਰਾਨ ਦਾ ਨਿਊਕਲੀਅਰ ਪ੍ਰੋਗਰਾਮ ਅਤੇ "ਈਰਾਨ ਵਿੱਚ ਜੰਗ ਦਾ ਪੂਰੀ ਤਰ੍ਹਾਂ ਅੰਤ" ਸ਼ਾਮਲ ਹਨ।

ਅੱਧੀ ਸਦੀ ਬਾਅਦ ਅਮਰੀਕਾ-ਈਰਾਨ ਦੀ ਆਹਮੋ-ਸਾਹਮਣੇ ਗੱਲਬਾਤ

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ (ਖੱਬੇ) ਅਤੇ ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ (ਵਿਚਕਾਰ) ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ (ਸੱਜੇ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ (ਖੱਬੇ) ਅਤੇ ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ (ਵਿਚਕਾਰ) ਨੇ ਮੀਟਿੰਗ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ (ਸੱਜੇ) ਨਾਲ ਮੁਲਾਕਾਤ ਕੀਤੀ

ਇਸਲਾਮਾਬਾਦ ਵਿੱਚ ਬੀਬੀਸੀ ਦੇ ਮੁੱਖ ਅੰਤਰਰਾਸ਼ਟਰੀ ਪੱਤਰਕਾਰ ਲੀਜ਼ ਡੂਸੇਟ ਦੇ ਮੁਤਾਬਕ, ਲਗਭਗ 50 ਸਾਲ ਦੀ ਦੁਸ਼ਮਨੀ ਅਤੇ ਦੋ ਜੰਗਾਂ ਤੋਂ ਬਾਅਦ ਅਮਰੀਕਾ ਅਤੇ ਈਰਾਨ ਨੇ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਕੀਤੀ ਹੈ।

ਇਹ ਇੱਕ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ, ਜੋ ਦੋਵੇਂ ਪੱਖਾਂ ਦੀ ਉੱਚ ਪੱਧਰੀ ਅਗਵਾਈ ਅਤੇ ਗੱਲਬਾਤ ਦੀ ਇੱਛਾ ਦੇ ਕਾਰਨ ਸੰਭਵ ਹੋਇਆ ਹੈ।

ਈਰਾਨੀ ਪ੍ਰਤੀਨਿਧੀ ਮੰਡਲ ਅਜਿਹੇ ਸਮੇਂ ਇਸਲਾਮਾਬਾਦ ਪਹੁੰਚਿਆ ਸੀ, ਜਦੋਂ ਉਸਨੇ ਕੂਟਨੀਤੀ 'ਤੇ ਗਹਿਰਾ ਅਵਿਸ਼ਵਾਸ ਜਤਾਇਆ ਸੀ। ਪਿਛਲੇ ਸਾਲ ਅਤੇ ਇਸ ਸਾਲ ਅਮਰੀਕਾ ਨਾਲ ਉਸਦੀ ਗੱਲਬਾਤ ਜੰਗ ਦੀ ਵਜ੍ਹਾ ਨਾਲ ਟੁੱਟ ਗਈ ਸੀ।

ਇਸੇ ਕਾਰਨ ਈਰਾਨ ਨੇ ਸੀਨੀਅਰ ਅਮਰੀਕੀ ਅਧਿਕਾਰੀ, ਖ਼ਾਸ ਕਰਕੇ ਉਪ-ਰਾਸ਼ਟਰਪਤੀ ਜੇਡੀ ਵੈਂਸ ਨਾਲ ਗੱਲਬਾਤ ਦੀ ਸ਼ਰਤ ਰੱਖੀ ਸੀ।

ਸਾਲ 2015 ਵਿੱਚ ਜਦੋਂ ਈਰਾਨ ਅਤੇ ਵਿਸ਼ਵ ਤਾਕਤਾਂ ਦੇ ਵਿਚਕਾਰ ਪਰਮਾਣੂ ਸਮਝੌਤਾ ਹੋਇਆ ਸੀ, ਉਦੋਂ ਇਸ ਵਿੱਚ 18 ਮਹੀਨੇ ਲੱਗੇ ਸਨ।

ਟਰੰਪ ਤੇਜ਼ ਨਤੀਜਿਆਂ ਨੂੰ ਤਰਜੀਹ ਦੇਣ ਲਈ ਜਾਣੇ ਜਾਂਦੇ ਹਨ।

ਇਹ ਸਿਰਫ਼ ਸ਼ੁਰੂਆਤ ਹੈ, ਪਰ ਮੌਜੂਦਾ ਤਣਾਅਪੂਰਨ ਹਾਲਾਤਾਂ ਵਿੱਚ ਇਹ ਸ਼ੁਰੂਆਤ ਵੀ ਅਹਿਮ ਮੰਨੀ ਜਾ ਰਹੀ ਹੈ।

ਦੱਸ ਦੇਈਏ ਕਿ ਫਿਲਹਾਲ ਇਸ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੈ ਅਤੇ ਯੂਐਸ ਦੇ ਅਧਿਕਾਰੀ ਵਾਪਸ ਚਲੇ ਗਏ ਹਨ।

ਜੰਗ, ਜੰਗਬੰਦੀ ਅਤੇ ਬੇਨਤੀਜਾ ਗੱਲਬਾਤ

ਮਿਜ਼ਾਇਲਾਂ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪਿਛਲੇ ਸਾਲ ਦੋ ਹਮਲੇ ਝੱਲਣ ਤੋਂ ਬਾਅਦ, ਭਾਵੇਂ ਗੱਲਬਾਤ ਚੱਲ ਰਹੀ ਸੀ, ਈਰਾਨ ਇਹ ਗਾਰੰਟੀ ਵੀ ਮੰਗ ਰਿਹਾ ਹੈ ਕਿ ਅਜਿਹੀਆਂ ਘਟਨਾਵਾਂ ਭਵਿੱਖ ਵਿੱਚ ਦੁਬਾਰਾ ਨਾ ਹੋਣ

ਅਮਰੀਕਾ ਅਤੇ ਇਜ਼ਰਾਈਲ ਵੱਲੋਂ 28 ਫਰਵਰੀ ਨੂੰ ਈਰਾਨ ਉੱਤੇ ਹਮਲਾ ਕੀਤੇ ਜਾਣ ਤੋਂ ਬਾਅਦ ਦੁਨੀਆ ਭਰ ਵਿੱਚ ਅਤੇ ਖਾਸ ਕਰਕੇ ਮੱਧ-ਪੂਰਬ ਵਿੱਚ ਲਗਾਤਾਰ ਤਣਾਅ ਦੀ ਸਥਿਤੀ ਬਣੀ ਹੋਈ ਹੈ।

ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਲੰਘੇ ਬੁਧਵਾਰ (8 ਅਪ੍ਰੈਲ) ਨੂੰ ਦੋ ਹਫਤਿਆਂ ਦੀ ਜੰਗਬੰਦੀ ਦਾ ਐਲਾਨ ਕਰ ਦਿੱਤਾ ਅਤੇ ਈਰਾਨ ਦੀ ਸੁਪਰੀਮ ਨੈਸ਼ਨਲ ਸਿਕਿਓਰਿਟੀ ਕੌਂਸਲ ਨੇ ਵੀ ਸ਼ਰਤਾਂ ਸਹਿਤ ਜੰਗਬੰਦੀ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਹੁਣ ਅੱਗੇ ਦੀ ਗੱਲਬਾਤ ਇਸਲਾਮਾਬਾਦ ਵਿੱਚ ਹੋਵੇਗੀ।

ਬੀਬੀਸੀ ਦੇ ਡਿਪਲੋਮੈਟਿਕ ਪੱਤਰਕਾਰ ਪਾਲ ਐਡਮਜ਼ ਮੁਤਾਬਕ, ਈਰਾਨੀ ਵਫ਼ਦ ਦੀ ਅਗਵਾਈ ਕਰ ਰਹੇ ਵਿਅਕਤੀ ਦੁਆਰਾ ਪਹਿਲਾਂ ਰੱਖੀਆਂ ਗਈਆਂ ਗੁੰਝਲਦਾਰ ਚੁਣੌਤੀਆਂ ਨੂੰ ਉਜਾਗਰ ਕਰਨ ਵਾਲੀਆਂ ਹਨ।

ਇਨ੍ਹਾਂ ਸ਼ਰਤਾਂ ਵਿੱਚ ਲੇਬਨਾਨ ਵਿੱਚ ਜੰਗਬੰਦੀ ਅਤੇ ਅਰਬਾਂ ਡਾਲਰ ਦੀਆਂ ਈਰਾਨੀ ਜਾਇਦਾਦਾਂ ਨੂੰ ਅਨ-ਫ੍ਰੀਜ਼ ਕਰਨਾ ਸ਼ਾਮਲ ਹੈ।

ਸਭ ਤੋਂ ਵੱਡਾ ਅਤੇ ਲੰਬੇ ਸਮੇਂ ਤੋਂ ਚੱਲ ਰਿਹਾ ਮੁੱਦਾ ਪਰਮਾਣੂ ਪ੍ਰੋਗਰਾਮ ਨਾਲ ਸਬੰਧਤ ਹੈ, ਜੋ ਲੰਬੇ ਸਮੇਂ ਤੋਂ ਪੱਛਮੀ ਦੇਸ਼ਾਂ ਲਈ ਚਿੰਤਾ ਦਾ ਮੁੱਖ ਕਾਰਨ ਰਿਹਾ ਹੈ।

ਈਰਾਨ ਦਾ ਕਹਿਣਾ ਹੈ ਕਿ ਉਸਨੇ ਕਦੇ ਵੀ ਪਰਮਾਣੂ ਬੰਬ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਹਾਲਾਂਕਿ, ਅੱਠ ਸਾਲ ਪਹਿਲਾਂ ਡੌਨਲਡ ਟਰੰਪ ਦੇ ਪਹਿਲਾਂ ਤੋਂ ਮੌਜੂਦ ਪਰਮਾਣੂ ਸਮਝੌਤੇ ਤੋਂ ਪਿੱਛੇ ਹਟਣ ਤੋਂ ਬਾਅਦ, ਈਰਾਨ ਨੇ ਆਪਣੇ ਨਾਗਰਿਕ ਪ੍ਰੋਗਰਾਮ ਦੀਆਂ ਜ਼ਰੂਰਤਾਂ ਤੋਂ ਕਿਤੇ ਵੱਧ ਯੂਰੇਨੀਅਮ ਨੂੰ ਸੰਸ਼ੋਧਿਤ ਕੀਤਾ ਹੈ।

ਅਮਰੀਕਾ ਚਾਹੁੰਦਾ ਹੈ ਕਿ ਈਰਾਨ ਆਪਣੇ ਮੌਜੂਦਾ ਸੰਸ਼ੋਧਿਤ ਯੂਰੇਨੀਅਮ ਦੇ ਭੰਡਾਰ ਅਮਰੀਕਾ ਨੂੰ ਸੌਂਪ ਦੇਵੇ। ਮੰਨਿਆ ਜਾਂਦਾ ਹੈ ਕਿ ਇਹ ਇਸਫਾਹਾਨ ਦੇ ਨੇੜੇ ਇੱਕ ਸਹੂਲਤ ਦੇ ਮਲਬੇ ਹੇਠ ਦੱਬਿਆ ਹੋਇਆ ਹੈ।

ਇਸ ਤੋਂ ਇਲਾਵਾ, ਅਮਰੀਕਾ ਚਾਹੁੰਦਾ ਹੈ ਕਿ ਈਰਾਨ ਇਹ ਵਾਅਦਾ ਕਰੇ ਕਿ ਉਹ ਕਦੇ ਵੀ ਪਰਮਾਣੂ ਹਥਿਆਰ ਨਹੀਂ ਬਣਾਵੇਗਾ।

ਈਰਾਨ ਦਾਅਵਾ ਕਰਦਾ ਹੈ ਕਿ ਯੂਰੇਨੀਅਮ ਸੰਸ਼ੋਧਨ ਉਸਦਾ ਪ੍ਰਭੂਸੱਤਾ ਦਾ ਅਧਿਕਾਰ ਹੈ ਅਤੇ ਇਸ ਬਾਰੇ ਗੱਲਬਾਤ ਲਈ ਉਸਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ।

ਫਿਰ ਮੁੱਦਾ ਆਉਂਦਾ ਹੈ ਸਟ੍ਰੇਟ ਆਫ਼ ਹੋਰਮੁਜ਼ ਦਾ। ਇੱਕ ਅਜਿਹਾ ਮਾਮਲਾ ਜੋ ਇਸ ਟਕਰਾਅ ਤੋਂ ਪਹਿਲਾਂ ਵਿਵਾਦ ਦਾ ਵਿਸ਼ਾ ਨਹੀਂ ਸੀ, ਪਰ ਹੁਣ ਈਰਾਨ ਲਈ ਇੱਕ ਸ਼ਕਤੀਸ਼ਾਲੀ ਲੀਵਰੇਜ ਟੂਲ ਵਜੋਂ ਉਭਰਿਆ ਹੈ।

ਨਾਲ ਹੀ ਅਮਰੀਕਾ ਅਤੇ ਇਜ਼ਰਾਈਲ ਮੰਗ ਕਰਦੇ ਹਨ ਕਿ ਈਰਾਨ ਆਪਣੇ ਖੇਤਰੀ ਪ੍ਰਭਾਵ ਦੇ ਖੇਤਰ ਨੂੰ ਖਤਮ ਕਰ ਦੇਵੇ, ਜਿਸਨੂੰ ਉਹ ਅਸਥਿਰ ਕਰਨ ਵਾਲਾ ਸਮਝਦੇ ਹਨ। ਇਸ ਦੇ ਉਲਟ, ਈਰਾਨ ਸਾਰੀਆਂ ਅੰਤਰਰਾਸ਼ਟਰੀ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਹਟਾਉਣ ਦੀ ਮੰਗ ਕਰ ਰਿਹਾ ਹੈ, ਨਾਲ ਹੀ ਪਿਛਲੇ ਮਹੀਨੇ ਦੌਰਾਨ ਹੋਏ ਨੁਕਸਾਨ ਲਈ ਮੁਆਵਜ਼ਾ ਵੀ ਮੰਗ ਰਿਹਾ ਹੈ।

ਪਿਛਲੇ ਸਾਲ ਦੋ ਹਮਲੇ ਝੱਲਣ ਤੋਂ ਬਾਅਦ - ਭਾਵੇਂ ਗੱਲਬਾਤ ਚੱਲ ਰਹੀ ਸੀ - ਈਰਾਨ ਇਹ ਗਾਰੰਟੀ ਵੀ ਮੰਗ ਰਿਹਾ ਹੈ ਕਿ ਅਜਿਹੀਆਂ ਘਟਨਾਵਾਂ ਭਵਿੱਖ ਵਿੱਚ ਦੁਬਾਰਾ ਨਾ ਹੋਣ।

ਫਿਲਹਾਲ, ਇਨ੍ਹਾਂ ਸਾਰੇ ਮੁੱਦਿਆਂ 'ਤੇ ਹੋਈ ਲੰਮੀ ਗੱਲਬਾਤ ਤੋਂ ਬਾਅਦ ਵੀ ਕੋਈ ਸਪਸ਼ਟ ਨਤੀਜਾ ਸਾਹਮਣੇ ਨਹੀਂ ਆਇਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)