ਭਗਵੰਤ ਮਾਨ ਦੀ ਨਵੀਂ 'ਕਿੱਕਲੀ' ਨਾਲ ਸਿਆਸਤ ਗਰਮਾਈ, ਕਲਾ ਅਤੇ ਸਿਆਸਤ ਇਕੱਠਿਆਂ ਕਿਵੇਂ ਕੰਮ ਕਰਦੀਆਂ ਹਨ

    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 6 ਮਿੰਟ

ਚਾਰ ਸਾਲ ਤੋਂ ਵੱਧ ਸਮਾਂ ਸੱਤਾ ਵਿੱਚ ਰਹਿਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਰੈਲੀਆਂ ਵਿੱਚ 'ਕਿੱਕਲੀ' ਗਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

ਭਗਵੰਤ ਮਾਨ ਦੀ ਨਵੀਂ 'ਕਿੱਕਲੀ' ਨਾਲ ਸਿਆਸਤ ਗਰਮਾ ਗਈ ਹੈ ਅਤੇ ਅਕਾਲੀ ਦਲ ਵੱਲੋਂ ਵੀ ਮਾਨ ਉਪਰ ਸਿਆਸੀ ਹਮਲੇ ਸ਼ੁਰੂ ਹੋ ਗਏ ਹਨ।

ਅਕਾਲੀ ਦਲ 'ਕਿੱਕਲੀ' ਦਾ ਏਆਈ ਰਾਹੀਂ ਵੀਡੀਓ ਬਣਾ ਕੇ ਜਵਾਬ ਦੇ ਰਿਹਾ ਹੈ ਅਤੇ ਭਗਵੰਤ ਮਾਨ ਨੂੰ ਆਪਣੀ 'ਲੋਕਪ੍ਰਿਯਤਾ' ਚੈਕ ਕਰਨ ਲਈ ਲੋਕਾਂ ਵਿੱਚ ਭਾਰੀ ਪੁਲਿਸ ਫੋਰਸ ਤੋਂ ਬਿਨਾਂ ਜਾਣ ਲਈ ਚੁਣੌਤੀ ਦੇ ਰਿਹਾ ਹੈ।

ਦਰਅਸਲ, ਸਾਲ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਭਗਵੰਤ ਮਾਨ ਦੀ 'ਕਿੱਕਲੀ' ਕਾਫ਼ੀ ਮਸ਼ਹੂਰ ਹੋਈ ਸੀ, ਜਿਸ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਲੋਕ ਸਭਾ ਮੈਂਬਰ ਪਤਨੀ ਹਰਸਿਮਰਤ ਕੌਰ ਬਾਦਲ ਉਪਰ ਵਿਅੰਗ ਕਰਦੇ ਸਨ।

ਰਾਜਨੀਤੀ ਦੇ ਮਾਹਰ ਮੰਨਦੇ ਹਨ ਕਿ ਭਗਵੰਤ ਮਾਨ ਆਪਣੀ ਕਲਾਕਾਰ ਵਜੋਂ ਅਤੇ ਪੇਂਡੂ ਪਿਛੋਕੜ ਕਾਰਨ ਲੋਕਾਂ ਨੂੰ ਵਧੇਰੇ ਚੰਗੀ ਤਰ੍ਹਾਂ ਆਪਣਾ ਰਾਜਨੀਤਿਕ ਸੁਨੇਹਾ ਦੇਣ ਵਿੱਚ ਸਫ਼ਲ ਰਹਿੰਦੇ ਹਨ ਪਰ ਇਸ ਵਾਰ ਕਿੱਕਲੀ ਵਿੱਚ ਵਰਤੀਆਂ ਗਈਆਂ ਦਲੀਲਾਂ ਨੂੰ ਲੈ ਕੀ ਵੀ ਸਵਾਲ ਉੱਠ ਰਹੇ ਹਨ।

ਕਿੱਕਲੀ ਕੀ ਹੈ?

ਪੰਜਾਬ ਵਿੱਚ ਕੁੜੀਆਂ ਨੱਚਣ ਸਮੇਂ 'ਕਿੱਕਲੀ' ਪਾਉਂਦੀਆਂ ਹਨ। ਦੋ ਕੁੜੀਆਂ ਇੱਕ ਦੂਜੀ ਦਾ ਹੱਥ ਫੜ ਕੇ ਘੁੰਮਦੀਆਂ ਹਨ ਅਤੇ ਗਾਉਂਦੀਆਂ ਹਨ ਕਿ, 'ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ, ਦੁਪੱਟਾ ਭਰਜਾਈ ਦਾ, ਫਿੱਟੇ ਮੂੰਹ ਜਵਾਈ ਦਾ।'

ਪੰਜਾਬੀ ਦੇ ਕਵੀ ਗੁਰਭਜਨ ਗਿੱਲ ਕਹਿੰਦੇ ਹਨ ਕਿ 'ਕਿੱਕਲੀ' ਸਾਡੇ ਪੰਜਾਬੀ ਲੋਕ ਨਾਚ ਅਤੇ ਲੋਕ ਗੀਤਾਂ ਦਾ ਅੰਗ ਹੈ।

ਗਿੱਲ ਕਹਿੰਦੇ ਹਨ ਕਿ 'ਕਿੱਕਲੀ' ਸੱਭਿਆਚਾਰਕ ਜਾਂ ਰਾਜਨੀਤਿਕ ਸੁਨੇਹੇ ਵਾਲੀ ਵੀ ਲਿਖੀ ਜਾ ਸਕਦੀ ਹੈ।

ਹਾਸਰਾਸ ਕਲਾਕਾਰ ਰਹੇ ਭਗਵੰਤ ਮਾਨ ਨੇ ਇਸੇ 'ਕਿੱਕਲੀ' ਦੀ ਤਰਜ ਉਪਰ ਬਾਦਲ ਪਰਿਵਾਰ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਉਪਰ ਵਿਅੰਗ ਬਣਾ ਕੇ ਸੁਣਾਉਣਾ ਸ਼ੁਰੂ ਕੀਤਾ ਸੀ।

ਭਗਵੰਤ ਮਾਨ ਦੀ ਨਵੀਂ 'ਕਿੱਕਲੀ'

4 ਅਪ੍ਰੈਲ ਨੂੰ ਮੋਗਾ ਵਿੱਚ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਪਣੀ 'ਕਿੱਕਲੀ' ਦੀ ਨਵੀਂ ਤੁਕਬੰਦੀ ਸੁਣਾਈ।

ਮਾਨ ਨੇ ਸਟੇਜ ਤੋਂ ਬੋਲਦਿਆਂ ਕਿਹਾ, "ਇੱਕ ਨਵੀਂ ਚੀਜ਼ ਸੁਣਾਵਾ ਫਿਰ?"

ਇਸ ਤੋਂ ਬਾਅਦ ਉਹ ਸੁਣਾਉਂਦੇ ਹਨ, "ਕਿੱਕਲੀ ਕਲੀਰ ਦੀ, ਮੱਤ......"

ਦਰਅਸਲ ਆਪਣੀ ਨਵੀਂ ਕਿੱਕਲੀ ਵਿੱਚ ਉਨ੍ਹਾਂ ਸੁਖਬੀਰ ਬਾਦਲ ਨੂੰ ਪੰਜਾਬ ਵਿੱਚ ਲੋਕਾਂ ਦਾ ਸਹਿਯੋਗ ਨਾ ਮਿਲਣ ਸਮੇਤ ਕਈ ਦਲੀਲਾਂ ਦੇ ਕੇ ਵਿਅੰਗ ਕੀਤਾ ਸੀ।

ਸੋਮਵਾਰ ਨੂੰ ਚੰਡੀਗੜ੍ਹ ਵਿੱਚ 'ਕਿੱਕਲੀ' 'ਤੇ ਅਕਾਲੀ ਦਲ ਵੱਲੋਂ ਦਿੱਤੇ ਜਾ ਰਹੇ ਜਵਾਬ ਬਾਰੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ, "ਉਹ ਜਵਾਬ ਦੇਈ ਜਾਣ, ਉਨ੍ਹਾਂ ਦਾ ਹੱਕ ਹੈ। ਮੈਂ ਤਾਂ ਸੱਚ ਬੋਲਿਆ ਹੈ।"

ਅਕਾਲੀ ਦਲ ਦਾ ਭਗਵੰਤ ਮਾਨ ਨੂੰ ਜਵਾਬ ਅਤੇ ਚੁਣੌਤੀ

ਸ਼੍ਰੋਮਣੀ ਅਕਾਲੀ ਦਲ ਨੇ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਵਿਅੰਗਾਂ ਦਾ ਜਵਾਬ ਏਆਈ ਰਾਹੀਂ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ 'ਤੇ ਦਿੱਤਾ ਅਤੇ ਦਾਅਵਾ ਕੀਤਾ ਕਿ ਭਗਵੰਤ ਮਾਨ 'ਸੁਖਬੀਰ ਬਾਦਲ ਤੋਂ ਡਰਦੇ' ਹਨ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਨੂੰ ਕਿੱਕਲੀਆਂ ਪਾਉਣ ਦਾ ਹੁਣ ਕੋਈ ਫਾਇਦਾ ਨਹੀਂ ਹੋਵੇਗਾ ਅਤੇ ਪੰਜਾਬੀ ਉਨ੍ਹਾਂ ਨੂੰ ਕਿੱਕਲੀ ਭੁਲਾ ਦੇਣਗੇ।

ਬਾਦਲ ਨੇ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਬਿਨਾਂ ਪੰਜ ਸੌ ਪੁਲਿਸ ਮੁਲਾਜ਼ਮਾਂ ਦੇ ਕਿਸੇ ਵੀ ਪਿੰਡ ਜਾਂ ਸ਼ਹਿਰ ਵਿੱਚ ਜਾ ਕੇ ਦੇਖਣ।

ਕਲਾ ਅਤੇ ਸਿਆਸੀ ਹਮਲੇ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਰਾਜਨੀਤੀ ਵਿਭਾਗ ਵਿੱਚੋਂ ਸੇਵਾ ਮੁਕਤ ਸਹਾਇਕ ਪ੍ਰੋਫੈਸਰ ਜਤਿੰਦਰ ਸਿੰਘ ਕਹਿੰਦੇ ਹਨ ਕਿ ਭਗਵੰਤ ਮਾਨ ਆਪਣੀ ਟਰੇਨਿੰਗ ਰਾਹੀਂ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਨ।

ਉਹ ਕਹਿੰਦੇ ਹਨ, "ਕਿੱਕਲੀ ਮਾੜੀ ਨਹੀਂ, ਜੇਕਰ ਇਹ ਨਫ਼ਰਤ ਨਹੀਂ ਫੈਲਾਉਂਦੀ ਅਤੇ ਮਾੜੀ ਭਾਸ਼ਾ ਨਹੀਂ ਵਰਤੀ ਜਾਂਦੀ। ਭਗਵੰਤ ਮਾਨ ਜਿੱਥੋਂ ਆਏ ਹਨ, ਉਹ ਕਲਾ ਦਾ ਖੇਤਰ ਅਤੇ ਪੇਂਡੂ ਪਿਛੋਕੜ ਹੈ, ਉਨ੍ਹਾਂ ਦੀ ਇਹੋ ਟਰੇਨਿੰਗ ਹੈ। ਹਰ ਬੰਦੇ ਦੀ ਆਪਣੀ ਟਰੇਨਿੰਗ ਹੁੰਦੀ ਹੈ ਅਤੇ ਉਹ ਉਸੇ ਤਰੀਕੇ ਨਾਲ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਹੈ। ਮਾਨ ਦਾ ਤਰੀਕਾ ਮਜ਼ਾਕੀਆ ਹੈ।"

ਜਤਿੰਦਰ ਸਿੰਘ ਕਹਿੰਦੇ ਹਨ, "ਇਹ ਵੀ ਕੋਈ ਜ਼ਰੂਰੀ ਨਹੀਂ ਕਿ ਵੱਡੀਆਂ ਸਿਆਸੀ ਥਿਊਰੀਆਂ ਰਾਹੀਂ ਹੀ ਲੋਕਾਂ ਨੂੰ ਗੱਲ ਸਮਝਾਈ ਜਾ ਸਕੇ, ਜੇਕਰ ਕੋਈ ਕਿਸੇ ਭਾਈਚਾਰੇ ਖਿਲਾਫ਼ ਨਹੀਂ ਬੋਲ ਰਿਹਾ ਤਾਂ ਉਹ ਆਪਣੇ ਤਰੀਕੇ ਨਾਲ ਵੋਟਾਂ ਮੰਗ ਹੀ ਸਕਦਾ ਹੈ।"

ਪੰਜਾਬੀ ਕਵੀ ਗੁਰਭਜਨ ਗਿੱਲ ਕਹਿੰਦੇ ਹਨ ਕਿ ਸਾਰੀਆਂ ਹੀ ਪਾਰਟੀਆਂ ਵੱਲੋਂ ਇੱਕ ਦੂਜੇ ਦੇ ਅਕਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਕਾਂਗਰਸ ਸਾਰੇ ਹੀ ਕਰ ਰਹੇ ਹਨ।

ਗੁਰਭਜਨ ਗਿੱਲ ਮੁਤਾਬਕ ਕਿੱਕਲੀ ਵਿੱਚ ਭਾਸ਼ਾ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਪਰ ਹੁਣ ਰਾਜਨੀਤੀ ਵਿੱਚ ਭਾਸ਼ਾ ਦੀ ਵਰਤੋਂ ਕਰੀਬ ਇੱਕ ਦਹਾਕੇ ਤੋਂ ਵਿਗੜ ਰਹੀ ਹੈ।

ਸਮਾਜ ਸ਼ਾਸ਼ਤਰੀ ਸਾਬਕਾ ਪ੍ਰੋਫੈਸਰ ਪਰਮਜੀਤ ਸਿੰਘ ਜੱਜ ਕਹਿੰਦੇ ਹਨ, "ਦਰਅਸਲ ਭਾਰਤ ਦਾ ਰਾਜਨੀਤਿਕ ਸੱਭਿਆਚਾਰ ਖਤਮ ਕਰ ਦਿੱਤਾ ਗਿਆ ਹੈ। ਭਗਵੰਤ ਮਾਨ ਨੂੰ ਆਪਣੇ ਕੀਤੇ ਕੰਮਾਂ ਨੂੰ ਲੈ ਕੇ ਲੋਕਾਂ ਵਿੱਚ ਜਾਣਾ ਚਾਹੀਦਾ ਹੈ।"

ਪੰਜਾਬ ਦੀ ਰਾਜਨੀਤੀ 'ਚ ਗੀਤਾਂ ਅਤੇ ਸਾਹਿਤ ਦੀ ਵਰਤੋਂ

ਕਵੀ ਗੁਰਭਜਨ ਗਿੱਲ ਕਹਿੰਦੇ ਹਨ ਕਿ 1962 ਵਿੱਚ ਖੱਬੇਪੱਖੀ ਧਿਰਾਂ ਦੇ ਪ੍ਰਤਾਪ ਸਿੰਘ ਕੈਰੋ ਖਿਲਾਫ਼ ਚੋਣਾਂ ਵਿੱਚ ਸਾਹਿਤ ਵੀ ਵਰਤੋਂ ਕਰਦਿਆਂ ਇੱਕ ਗੀਤ ਬਣਾਇਆ ਸੀ।

ਉਹ ਕਹਿੰਦੇ ਹਨ, "ਇਸੇ ਤਰ੍ਹਾਂ 1967 ਦੀਆਂ ਚੋਣਾਂ ਵਿੱਚ ਕਾਂਗਰਸ ਵੱਲੋਂ ਸੰਤ ਫਤਿਹ ਸਿੰਘ ਖਿਲਾਫ਼ ਪੰਜਾਬੀ ਸੂਬਾ ਬਣਾਏ ਜਾਣ ਨੂੰ ਲੈ ਕੇ ਇੱਕ ਗੀਤ ਬਣਾਇਆ ਗਿਆ ਪਰ ਉਸ ਤੋਂ ਲੰਮਾਂ ਸਮਾਂ ਬਾਅਦ ਰਾਜਨੀਤਿਕ ਵਿਅੰਗ ਨਹੀਂ ਆਇਆ।"

ਉਹ ਦੱਸਦੇ ਹਨ, "ਸਾਲ 1989 ਵਿਚ ਕਾਂਗਰਸ ਨੇ ਬਾਬੂ ਸਿੰਘ ਮਾਨ ਤੋਂ ਇੱਕ ਗੀਤ ਲਿਖਵਾਇਆ ਸੀ ਜੋ ਮੁਹੰਮਦ ਸਦੀਕ ਨੇ ਗਾਇਆ ਸੀ।"

ਗਿੱਲ ਮੁਤਾਬਕ, "ਇਸੇ ਤਰ੍ਹਾਂ ਭਗਵੰਤ ਮਾਨ ਨੇ 2022 ਦੀਆਂ ਚੋਣਾਂ ਵਿੱਚ ਗਾਇਕ ਆਰ ਨੇਤ ਦੇ ਗਾਣੇ ਨੂੰ ਪ੍ਰਚਾਰ ਲਈ ਵਰਤਿਆ ਅਤੇ ਉਸ ਨੇ ਕਿੱਕਲੀ ਲਿਖਣੀ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ, ਅਕਾਲੀਆ ਨੇ ਵੀ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਭਗਵੰਤ ਮਾਨ ਕੋਲ ਜੋ ਵਿਅੰਗ ਹੈ, ਉਸ ਦਾ ਟਾਕਰਾ ਕਰਨ ਵਾਲਾ ਵਿਅੰਗ ਹਾਲੇ ਕਿਸੇ ਹੋਰ ਕੋਲ ਨਹੀਂ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)