You’re viewing a text-only version of this website that uses less data. View the main version of the website including all images and videos.
ਔਰਤਾਂ ਨੂੰ ਕਦੇ ਵੀ ਪਿੱਠ ਦੇ ਬਲ ਲੇਟ ਕੇ ਜਨਮ ਦੇਣ ਲਈ ਨਹੀਂ ਬਣਾਇਆ ਗਿਆ ਸੀ, ਜਾਣੋ ਇਤਿਹਾਸ ਵਿੱਚ ਔਰਤਾਂ ਕਿਵੇਂ ਜਨਮ ਦਿੰਦੀਆਂ ਸਨ
- ਲੇਖਕ, ਲੂਸੀ ਸ਼ੈਰਿਫ ਬੀ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 7 ਮਿੰਟ
ਆਮ ਤੌਰ 'ਤੇ ਔਰਤਾਂ ਲਈ ਲੇਟ ਕੇ ਬੱਚੇ ਨੂੰ ਜਨਮ ਦੇਣਾ ਜ਼ਿਆਦਾ ਖ਼ਤਰਨਾਕ ਹੁੰਦਾ ਹੈ, ਫਿਰ ਵੀ ਉਹ ਅਜਿਹਾ ਕਿਉਂ ਕਰਦੀਆਂ ਹਨ? ਇਸ ਦਾ ਇੱਕ ਕਾਰਨ ਇੱਕ ਫਰਾਂਸੀਸੀ ਵਿਅਕਤੀ ਸੀ, ਜਿਸ ਨੇ ਇਸਨੂੰ ਮਰਦਾਂ ਲਈ ਜ਼ਿਆਦਾ ਸੁਵਿਧਾਜਨਕ ਮੰਨਿਆ।
ਹਜ਼ਾਰਾਂ ਸਾਲਾਂ ਤੋਂ, ਦੁਨੀਆ ਭਰ ਵਿੱਚ ਔਰਤਾਂ ਆਮ ਤੌਰ 'ਤੇ ਸਿੱਧੀ ਅਵਸਥਾ ਵਿੱਚ ਜਨਮ ਦਿੰਦੀਆਂ ਰਹੀਆਂ ਹਨ, ਭਾਵੇਂ ਕਲੀਓਪੈਟਰਾ ਵਾਂਗ ਗੋਡਿਆਂ 'ਤੇ ਬੈਠ ਕੇ, ਜਨਮ ਵਾਲੀਆਂ ਸਟੂਲ ਜਾਂ ਕੁਰਸੀਆਂ ਵਰਤ ਕੇ ਜਾਂ ਝੁੱਕ ਕੇ। ਦਰਅਸਲ, ਝੁੱਕਣ ਨਾਲ ਪੈਲਵਿਕ ਡਾਇਮੀਟਰ ਘੱਟੋ-ਘੱਟ 2.5 ਸੈਂਟੀਮੀਟਰ (1 ਇੰਚ) ਤੱਕ ਵੱਧ ਸਕਦਾ ਹੈ ਅਤੇ ਗ੍ਰੈਵਿਟੀ ਨਾਲ ਜਨਮ ਦੇਣਾ ਕਾਫੀ ਆਸਾਨ ਹੋ ਜਾਂਦਾ ਹੈ।
ਫਿਰ ਅੱਜਕੱਲ੍ਹ ਇੰਨੀ ਔਰਤਾਂ ਪਿੱਠ ਦੇ ਬਲ ਲੇਟ ਕੇ ਜਨਮ ਕਿਉਂ ਦਿੰਦੀਆਂ ਹਨ?
ਯੂਕੇ ਵਿੱਚ ਐਕਟਿਵ ਬਰਥ ਸੈਂਟਰ ਦੀ ਸੰਸਥਾਪਕ ਅਤੇ ਕਈ ਕਿਤਾਬਾਂ ਦੀ ਲੇਖਿਕਾ ਜੈਨਟ ਬਾਲਾਸਕਸ ਕਹਿੰਦੀ ਹੈ, "ਪੇਸ਼ੇਵਰਾਂ ਅਤੇ ਗਰਭਵਤੀ ਔਰਤਾਂ ਵਿੱਚ ਜਨਮ ਦੇਣ ਦੀ ਪ੍ਰਕਿਰਿਆ ਬਾਰੇ ਆਮ ਜਾਣਕਾਰੀ ਦੀ ਕਮੀ ਹੈ।"
ਜੈਨਟ ਵੱਲੋਂ ਲਿਖੀਆਂ ਗਈਆਂ ਕਿਤਾਬਾਂ ਵਿੱਚ ਦੱਸਿਆ ਗਿਆ ਹੈ ਕਿ ਮਾਵਾਂ ਆਪਣੇ ਜਨਮ ਦੇ ਤਜਰਬੇ 'ਤੇ ਕਿਵੇਂ ਕੰਟ੍ਰੋਲ ਕਰ ਸਕਦੀਆਂ ਹਨ। 1982 ਵਿੱਚ, ਬਾਲਾਸਕਸ ਨੇ ਇੱਕ "ਐਕਟਿਵ ਬਰਥ ਮੈਨਿਫੈਸਟੋ" ਪ੍ਰਕਾਸ਼ਿਤ ਹੋਇਆ ਜੋ ਉਨ੍ਹਾਂ ਦੀ ਸੰਸਥਾ ਦਾ ਕੇਂਦਰੀ ਸਿਧਾਂਤ ਬਣ ਗਿਆ।
ਮੈਨਿਫੈਸਟੋ ਵਿੱਚ ਲਿਖਿਆ ਹੈ, "ਦੁਨੀਆ ਭਰ ਵਿੱਚ ਅਤੇ ਹਜ਼ਾਰਾਂ ਸਾਲਾਂ ਤੋਂ, ਔਰਤਾਂ ਨੇ ਆਪਣੇ ਆਪ ਹੀ ਸਿੱਧੀ ਜਾਂ ਝੁੱਕੀ ਹੋਈ ਅਵਸਥਾ ਵਿੱਚ ਡਿਲੀਵਰੀ ਕੀਤੀ ਹੈ, ਭਾਵੇਂ ਜਾਤ ਜਾਂ ਸੱਭਿਆਚਾਰ ਵਿਭਿੰਨ ਹੋਣ… ਇਹੋ ਜਿਹੀਆਂ ਸਿੱਧੀਆਂ ਅਵਸਥਾਵਾਂ ਹੀ ਵੱਧ ਮਿਲਦੀਆਂ ਹਨ।"
ਬਾਲਾਸਕਸ ਕਹਿੰਦੀ ਹੈ ਕਿ ਉਦਯੋਗਿਕ ਯੁੱਗ ਤੋਂ ਬਾਅਦ ਦੇਸ਼ਾਂ ਵਿੱਚ ਜ਼ਿਆਦਾਤਰ ਔਰਤਾਂ ਨੂੰ ਹਸਪਤਾਲਾਂ ਵਿੱਚ ਲੇਟਣ ਵਾਲੀ ਅਵਸਥਾ ਵਿੱਚ ਰੱਖਿਆ ਜਾਂਦਾ ਹੈ।
ਉਹ ਦਲੀਲ ਦਿੰਦੀ ਹੈ, "ਇਹ ਪ੍ਰਥਾ ਤਰਕਸੰਗਤ ਨਹੀਂ ਹੈ, ਇਹ ਜਨਮ ਦੀ ਪ੍ਰਕਿਰਿਆ ਨੂੰ ਬਿਨਾਂ ਲੋੜ ਦੇ ਜਟਿਲ ਅਤੇ ਮਹਿੰਗਾ ਬਣਾ ਦਿੰਦੀ ਹੈ, ਇੱਕ ਕੁਦਰਤੀ ਪ੍ਰਕਿਰਿਆ ਨੂੰ ਮੈਡੀਕਲ ਘਟਨਾ ਵਿੱਚ ਬਦਲ ਦਿੰਦੀ ਹੈ ਅਤੇ ਜਨਮ ਦੇ ਰਹੀ ਔਰਤ ਨੂੰ ਨਿਰਜੀਵ ਮਰੀਜ਼ ਬਣਾ ਦਿੰਦੀ ਹੈ।"
"ਕੋਈ ਹੋਰ ਜੀਵ ਜਾਤੀ ਇਸ ਤਰ੍ਹਾਂ ਦੇ ਮਹੱਤਵਪੂਰਨ ਸਮੇਂ 'ਤੇ ਇੰਨੀ ਨੁਕਸਾਨਦਾਇਕ ਅਵਸਥਾ ਨਹੀਂ ਅਪਨਾਉਂਦੀ।"
ਹੋਰ ਮਾਹਰ ਵੀ ਇਸ ਨਾਲ ਸਹਿਮਤ ਹਨ। ਆਸਟ੍ਰੇਲੀਆ ਦੀ ਵੈਸਟਰਨ ਸਿਡਨੀ ਯੂਨੀਵਰਸਿਟੀ ਵਿੱਚ ਮਿਡਵਾਈਫਰੀ ਦੀ ਪ੍ਰੋਫੈਸਰ ਹੈਨਾ ਡਾਹਲਨ ਨੇ 2013 ਵਿੱਚ ਦਿ ਕਨਵਰਸੇਸ਼ਨ ਲਈ ਲਿਖੇ ਲੇਖ ਵਿੱਚ ਕਿਹਾ ਸੀ ਕਿ ਲੇਟ ਕੇ ਜਨਮ ਦੇਣਾ ਇੱਕ "ਤੁਲਨਾਤਮਕ ਤੌਰ 'ਤੇ ਆਧੁਨਿਕ ਘਟਨਾ" ਹੈ।
ਗਰਭਾਵਸਥਾ ਨੂੰ 'ਬਿਮਾਰੀ' ਵਜੋਂ ਦੇਖਣਾ
ਸਿਰਫ਼ ਪਿਛਲੇ 300 ਤੋਂ 400 ਸਾਲਾਂ ਵਿੱਚ ਹੀ ਔਰਤਾਂ ਵੱਡੇ ਪੱਧਰ 'ਤੇ ਪਿੱਠ ਦੇ ਬਲ ਜਨਮ ਦੇਣ ਲੱਗੀਆਂ ਹਨ। ਇਸ ਲਈ ਉਹ ਫਰਾਂਸੀਸੀ ਵਿਅਕਤੀ ਫਰਾਂਸਵਾ ਮੌਰਿਸੋ ਦਾ ਧੰਨਵਾਦ ਕਰ ਸਕਦੀਆਂ ਹਨ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਲੇਟਣ ਵਾਲੀ ਪੋਜ਼ੀਸ਼ਨ ਗਰਭਵਤੀ ਔਰਤ ਲਈ ਹੋਰ ਆਰਾਮਦਾਇਕ ਹੋਵੇਗੀ ਅਤੇ ਉਸ ਦੀ ਦੇਖਭਾਲ ਕਰ ਰਹੇ ਮਰਦ ਡਾਕਟਰ ਲਈ ਵੀ ਜ਼ਿਆਦਾ ਸੁਵਿਧਾਜਨਕ ਰਹੇਗੀ (ਉਸ ਸਮੇਂ ਦਾਈਆਂ ਨੂੰ ਹਟਾ ਕੇ ਮਰਦ ਸਰਜਨਾਂ ਨੂੰ ਜਨਮ ਦੌਰਾਨ ਮੌਜੂਦ ਕਰਨ ਦਾ ਰੁਝਾਨ ਵੀ ਉਭਰ ਰਿਹਾ ਸੀ)।
ਮੌਰਿਸੋ ਗਰਭਾਵਸਥਾ ਨੂੰ ਇੱਕ ਬਿਮਾਰੀ ਵਜੋਂ ਦੇਖਦੇ ਸੀ। ਆਪਣੀ 1668 ਦੀ ਕਿਤਾਬ "ਦਿ ਡਿਜ਼ੀਜ਼ਿਜ਼ ਆਫ ਵੂਮੈਨ ਵਿਦ ਚਾਈਲਡ ਐਂਡ ਇਨ ਚਾਈਲਡ-ਬੈਡ" ਵਿੱਚ ਉਨ੍ਹਾਂ ਨੇ ਸਲਾਹ ਦਿੱਤੀ, "ਸਭ ਤੋਂ ਵਧੀਆ ਅਤੇ ਯਕੀਨੀ ਤਰੀਕਾ ਇਹ ਹੈ ਕਿ ਔਰਤਾਂ ਨੂੰ ਆਪਣੇ ਬਿਸਤਰੇ 'ਤੇ ਹੀ ਜਨਮ ਦੇਣਾ ਚਾਹੀਦਾ ਹੈ, ਤਾਂ ਜੋ ਬਾਅਦ ਵਿੱਚ ਉਨ੍ਹਾਂ ਨੂੰ ਉੱਥੇ ਲੈ ਕੇ ਜਾਣ ਦੀ ਅਸੁਵਿਧਾ ਅਤੇ ਪਰੇਸ਼ਾਨੀ ਤੋਂ ਬਚਿਆ ਜਾ ਸਕੇ।"
ਹਾਲਾਂਕਿ ਕੁਝ ਵਿਦਵਾਨ ਦਲੀਲ ਦਿੰਦੇ ਹਨ ਕਿ ਜਨਮ ਦੀ ਪੋਜ਼ੀਸ਼ਨ ਵਿੱਚ ਬਦਲਾਅ ਦਾ ਕਾਰਨ ਇੱਕ ਹੋਰ ਫਰਾਂਸੀਸੀ ਵਿਅਕਤੀ ਹੋ ਸਕਦਾ ਹੈ, ਜੋ ਮੌਰਿਸੋ ਦੇ ਸਮੇਂ ਵਿੱਚ ਹੀ ਰਹਿੰਦਾ ਸੀ, ਰਾਜਾ ਲੂਈ ਚੌਦਵਾਂ।
ਅਮਰੀਕਾ ਦੇ ਮੇਰੀਲੈਂਡ ਵਿੱਚ ਮੈਕਡੇਨਿਅਲ ਕਾਲਜ ਦੀ ਸਮਾਜਸ਼ਾਸਤਰ ਦੀ ਪ੍ਰੋਫੈਸਰ ਲੌਰਨ ਡੰਡਸ ਨੇ 1987 ਵਿੱਚ ਜਨਮ ਸਥਿਤੀਆਂ ਦੇ ਵਿਕਾਸ ਬਾਰੇ ਆਪਣੇ ਪੇਪਰ ਵਿੱਚ ਲਿਖਿਆ, "ਕਿਉਂਕਿ ਲੂਈ ਚੌਦਵਾਂ ਨੂੰ ਕਥਿਤ ਤੌਰ 'ਤੇ ਔਰਤਾਂ ਨੂੰ ਜਨਮ ਦਿੰਦੇ ਦੇਖਣਾ ਪਸੰਦ ਸੀ, ਇਸ ਲਈ ਜਦੋਂ ਜਨਮ ਬਰਥਿੰਗ ਸਟੂਲ 'ਤੇ ਹੁੰਦਾ ਸੀ ਤਾਂ ਉਸਨੂੰ ਦ੍ਰਿਸ਼ ਸਾਫ਼ ਨਹੀਂ ਦਿਖਦਾ ਸੀ ਅਤੇ ਉਸ ਨੇ ਨਵੀਂ ਲੇਟਣ ਵਾਲੀ ਪੋਜ਼ੀਸ਼ਨ ਨੂੰ ਉਤਸ਼ਾਹਿਤ ਕੀਤਾ।"
ਉਨ੍ਹਾਂ ਨੇ ਕਿਹਾ, "ਰਾਜੇ ਦੀ ਨੀਤੀ ਦਾ ਅਸਰ ਕਿੰਨਾ ਸੀ, ਇਹ ਅਨਜਾਣ ਹੈ, ਹਾਲਾਂਕਿ ਸ਼ਾਹੀ ਵਰਗ ਦੇ ਵਿਹਾਰ ਦਾ ਲੋਕਾਂ 'ਤੇ ਕੁਝ ਹੱਦ ਤੱਕ ਅਸਰ ਪਿਆ ਹੋਵੇਗਾ। ਲੂਈ ਚੌਦਵਾਂ ਦੀ ਬਦਲਾਅ ਦੀ ਮੰਗ ਜਨਮ ਦੀ ਪੋਜ਼ੀਸ਼ਨ ਵਿੱਚ ਆਏ ਬਦਲਾਅ ਨਾਲ ਮਿਲਦੀ ਹੈ ਅਤੇ ਸੰਭਵ ਹੈ ਕਿ ਇਹ ਇੱਕ ਯੋਗਦਾਨ ਪਾਉਣ ਵਾਲਾ ਪ੍ਰਭਾਵ ਰਿਹਾ ਹੋਵੇ।"
ਔਰਤਾਂ ਦਾ ਪਿੱਠ ਦੇ ਬਲ ਜਨਮ ਦੇਣਾ ਕਿਵੇਂ ਵੀ ਸ਼ੁਰੂ ਹੋਇਆ ਹੋਵੇ, ਇਹ ਰੁਝਾਨ ਜਾਰੀ ਰਿਹਾ, ਜਿਸ ਨਾਲ ਉਨ੍ਹਾਂ ਦੀ ਡਿਲੀਵਰੀ ਨੂੰ ਕਾਫੀ ਨੁਕਸਾਨ ਪਹੁੰਚਿਆ।
ਬਾਲਾਸਕਸ ਕਹਿੰਦੀ ਹੈ, "ਜਨਮ ਹੁਣ ਸੰਸਥਾਗਤ ਹੋ ਗਿਆ ਹੈ, ਜਿੱਥੇ ਘਰ ਵਿੱਚ ਜਨਮ ਦੇਣ ਵਰਗੇ ਬਦਲ, ਜੋ ਕਈ ਔਰਤਾਂ ਲਈ ਸਰੀਰਕ ਜਾਂ 'ਕੁਦਰਤੀ' ਜਨਮ ਲਈ ਹੋਰ ਉਚਿਤ ਹੁੰਦੇ ਹਨ ਘੱਟ ਰਹਿ ਗਏ ਹਨ।"
ਵਿਗਿਆਨ ਦੁਆਰਾ ਸਾਬਤ ਕਰਨਾ
ਹਜ਼ਾਰਾਂ ਸਾਲਾਂ ਤੋਂ ਔਰਤਾਂ ਵੱਲੋਂ ਸਿੱਧੀ ਅਵਸਥਾ ਵਿੱਚ ਜਨਮ ਦੇਣ ਦਾ ਮੁੱਖ ਕਾਰਨ ਸਧਾਰਣ ਹੈ, ਗ੍ਰੈਵਿਟੀ। ਇੱਕ ਬੱਚੇ ਨੂੰ ਜਨਮ ਮਾਰਗ ਰਾਹੀਂ ਹੇਠਾਂ ਵੱਲ ਆਉਣਾ ਹੁੰਦਾ ਹੈ ਅਤੇ ਇਸ ਪ੍ਰਕਿਰਿਆ ਵਿੱਚ ਗ੍ਰੈਵਿਟੀ ਮਦਦਗਾਰ ਹੁੰਦੀ ਹੈ।
ਇਹ ਵੀ ਸਾਹਮਣੇ ਆਇਆ ਹੈ ਕਿ ਜੇ ਔਰਤਾਂ ਨੂੰ ਆਪਣੇ ਤਰੀਕੇ ਨਾਲ ਰਹਿਣ ਦਿੱਤਾ ਜਾਵੇ, ਤਾਂ ਉਹ ਜਨਮ ਦੌਰਾਨ ਸੁਭਾਵਿਕ ਤੌਰ 'ਤੇ ਅੱਗੇ ਵੱਲ ਝੁਕਦੀਆਂ ਹਨ, ਪਿੱਛੇ ਨਹੀਂ ਅਤੇ ਝੁੱਕ ਕੇ ਬੈਠਣਾ, ਹੱਥਾਂ ਅਤੇ ਗੋਡਿਆਂ 'ਤੇ ਝੁਕਣਾ ਜਾਂ ਕਿਸੇ ਨੀਵੀਂ ਵਸਤੂ ਦਾ ਸਹਾਰਾ ਲੈਣ ਵਰਗੀਆਂ ਅਵਸਥਾਵਾਂ ਅਪਣਾਉਂਦੀਆਂ ਹਨ।
2013 ਵਿੱਚ 5,200 ਤੋਂ ਵੱਧ ਔਰਤਾਂ ਦੀ ਸ਼ਮੂਲੀਅਤ ਵਾਲੇ 25 ਅਧਿਐਨਾਂ ਦੀ ਸਮੀਖਿਆ, ਦੇਖਿਆ ਗਿਆ ਕਿ ਜੋ ਔਰਤਾਂ ਬਿਸਤਰੇ 'ਤੇ ਲੇਟਣ ਦੀ ਬਜਾਏ ਸਿੱਧੀ ਅਤੇ ਸਰਗਰਮ ਅਵਸਥਾ ਵਿੱਚ ਜਨਮ ਦਿੰਦੀਆਂ ਹਨ, ਉਨ੍ਹਾਂ ਵਿੱਚ ਕੁਝ ਮਹੱਤਵਪੂਰਨ ਨਤੀਜੇ ਵੀ ਵੇਖੇ ਗਏ।
ਇਨ੍ਹਾਂ ਵਿੱਚ "ਸੀਜੇਰੀਅਨ ਜਨਮ ਦਾ ਖ਼ਤਰਾ ਘੱਟ ਹੋਣਾ, ਦਰਦ ਘਟਾਉਣ ਲਈ ਐਪੀਡਿਊਰਲ ਦੀ ਘੱਟ ਵਰਤੋਂ ਅਤੇ ਬੱਚਿਆਂ ਨੂੰ ਨਵਜਾਤ ਯੂਨਿਟ ਵਿੱਚ ਦਾਖ਼ਲ ਕਰਨ ਦੀ ਸੰਭਾਵਨਾ ਘੱਟ ਹੋਣਾ ਸ਼ਾਮਲ ਸੀ।"
ਹਾਲਾਂਕਿ, ਇਸ ਸਮੀਖਿਆ ਵਿੱਚ ਇਹ ਵੀ ਕਿਹਾ ਗਿਆ ਕਿ ਉੱਚ ਜੋਖ਼ਮ ਵਾਲੀਆਂ ਔਰਤਾਂ ਲਈ ਹੋਰ ਅਧਿਐਨ ਦੀ ਲੋੜ ਹੈ, ਕਿਉਂਕਿ ਕੁਝ ਅਧਿਐਨਾਂ ਵਿੱਚ ਸਿੱਧੀ ਅਵਸਥਾ ਵਿੱਚ ਜਨਮ ਦੌਰਾਨ ਖੂਨ ਵੱਧ ਵਗਣ ਦੀ ਗੱਲ ਵੀ ਸਾਹਮਣੇ ਆਈ ਹੈ।
ਸਿੱਧੀ ਅਵਸਥਾ ਵਿੱਚ ਜਨਮ ਦੇਣ ਨਾਲ ਇਹ ਵੀ ਦੇਖਿਆ ਗਿਆ ਹੈ ਕਿ ਜਨਮ ਦੀ ਪ੍ਰਕਿਰਿਆ ਦਾ ਸਮਾਂ ਘੱਟ ਹੋ ਜਾਂਦਾ ਹੈ।
ਡਾਹਲਨ ਨੇ 2013 ਵਿੱਚ ਲਿਖਿਆ, "ਸਿੱਧੀ ਅਵਸਥਾ ਵਿੱਚ ਡਿਲੀਵਰੀ ਦਰਦ ਸਹਿਣ ਕਰਨਾ ਅਤੇ ਸਿੱਧੀ ਅਵਸਥਾ ਵਿੱਚ ਜਨਮ ਦੇਣਾ ਮਾਂ ਅਤੇ ਬੱਚੇ ਦੋਵਾਂ ਲਈ ਫਾਇਦੇਮੰਦ ਹੈ।"
ਉਨ੍ਹਾਂ ਨੇ ਕਈ ਫਾਇਦੇ ਗਿਣਾਏ, ਜਿਸ ਵਿੱਚ "ਜ਼ਿਆਦਾ ਪ੍ਰਭਾਵਸ਼ਾਲੀ ਸੁੰਗੜਾਅ, ਮਾਂ ਨੂੰ ਘੱਟ ਦਰਦ, ਫੋਰਸੈਪਸ ਅਤੇ ਵੈਕਿਊਮ ਜਨਮ ਦੀ ਘੱਟ ਲੋੜ, ਐਪੀਸੀਓਟੋਮੀ ਦੇ ਘੱਟ ਮਾਮਲੇ ਅਤੇ ਮਾਂ ਦੇ ਗਰਭ ਵਿੱਚ ਬੱਚੇ ਨੂੰ ਵਧੀਆ ਆਕਸੀਜਨ ਮਿਲਣਾ" ਸ਼ਾਮਲ ਹੈ, ਕਿਉਂਕਿ ਯੂਟਰਸ ਦੁਆਰਾ ਏਓਰਟਾ 'ਤੇ ਦਬਾਅ ਨਹੀਂ ਪੈਂਦਾ।
2011 ਵਿੱਚ, ਡਾਹਲਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਜਣੇਪੇ ਵਾਲੀਆਂ ਔਰਤਾਂ 'ਤੇ ਇੱਕ ਅਧਿਐਨ ਕੀਤਾ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਜਨਮ ਦਾ ਮਾਹੌਲ ਔਰਤਾਂ ਵੱਲੋਂ ਅਪਣਾਈ ਗਈ ਅਵਸਥਾ 'ਤੇ ਕਿਵੇਂ ਅਸਰ ਪਾਂਦਾ ਹੈ।
ਉਨ੍ਹਾਂ ਨੇ ਦੋ ਤਰ੍ਹਾਂ ਦੇ ਹਾਲਾਤ ਦੀ ਜਾਂਚ ਕੀਤੀ, ਬਰਥ ਸੈਂਟਰ, ਜਿੱਥੇ ਗੇਂਦਾਂ, ਜਨਮ ਸਟੂਲ ਅਤੇ ਬੀਨ ਬੈਗ ਵਰਗਾ ਸਹਾਇਕ ਸਮਾਨ ਮੌਜੂਦ ਸੀ ਅਤੇ ਡਿਲੀਵਰੀ ਵਾਰਡ, ਜਿੱਥੇ ਸਿਰਫ਼ ਮੈਡੀਕਲ ਹਸਪਤਾਲ ਦਾ ਬਿਸਤਰਾ ਹੀ ਬਦਲ ਸੀ।
ਉਨ੍ਹਾਂ ਨੇ ਦੇਖਿਆ ਕਿ ਬਰਥ ਸੈਂਟਰਾਂ ਵਿੱਚ ਔਰਤਾਂ ਪਹਿਲੇ ਅਤੇ ਦੂਜੇ ਦੌਰ ਦੇ ਜਣੇਪੇ ਦੌਰਾਨ ਸਿੱਧੀ ਅਵਸਥਾ ਅਪਣਾਉਣ ਦੀ ਕਾਫ਼ੀ ਵੱਧ ਸੰਭਾਵਨਾ ਰੱਖਦੀਆਂ ਸਨ, ਬਰਥ ਸੈਂਟਰਾਂ ਵਿੱਚ 82% ਔਰਤਾਂ ਨੇ ਅਜਿਹਾ ਕੀਤਾ, ਜਦਕਿ ਡਿਲੀਵਰੀ ਵਾਰਡਾਂ ਵਿੱਚ ਇਹ ਅੰਕੜਾ 25% ਸੀ।
ਬਾਲਾਸਕਸ ਕਹਿੰਦੀ ਹੈ ਕਿ ਪੱਛਮੀ ਦੇਸ਼ਾਂ ਵਿੱਚ ਹੁਣ "ਐਕਟਿਵ ਬਰਥ" ਦੇ ਸੰਕਲਪ ਬਾਰੇ ਜਾਗਰੂਕਤਾ ਵਧ ਰਹੀ ਹੈ।
ਇਹ ਇੱਕ ਅਜਿਹਾ ਤਰੀਕਾ ਹੈ ਜੋ ਮਾਂ ਨੂੰ ਜਣੇਪੇ ਦੌਰਾਨ ਖੁੱਲ੍ਹੇ ਤੌਰ 'ਤੇ ਹਿਲਣ-ਡੁੱਲਣ ਅਤੇ ਆਪਣੇ ਸੁਭਾਵਿਕ ਤਰੀਕੇ ਨਾਲ ਸਿੱਧੀਆਂ ਅਵਸਥਾਵਾਂ ਅਪਣਾਉਣ ਲਈ ਉਤਸ਼ਾਹਿਤ ਕਰਦਾ ਹੈ, ਬਜਾਇ ਇਸਦੇ ਕਿ ਉਹ ਮਸ਼ੀਨਾਂ ਅਤੇ ਮਾਨੀਟਰਾਂ ਨਾਲ ਜੁੜ ਕੇ ਪਿੱਠ ਦੇ ਬਲ ਲੇਟੀ ਰਹੇ। ਹਾਲਾਂਕਿ ਉਹ ਕਹਿੰਦੀ ਹੈ ਕਿ ਸੀਜੇਰੀਅਨ ਦਰਾਂ "ਚਿੰਤਾਜਨਕ" ਤਰੀਕੇ ਨਾਲ ਵੱਧ ਰਹੀਆਂ ਹਨ।
ਉਨ੍ਹਾਂ ਦਾ ਕਹਿਣਾ ਹੈ, "ਯੂਕੇ ਵਿੱਚ ਐਕਟਿਵ ਬਰਥ ਨੇ ਜਣੇਪਾ ਸੇਵਾਵਾਂ ਵਿੱਚ ਬਦਲਾਅ 'ਤੇ ਅਸਰ ਪਾਇਆ ਹੈ, ਜਿਵੇਂ ਕਿ ਦਾਈਆਂ ਦੁਆਰਾ ਚਲਾਏ ਜਾਣ ਵਾਲੇ ਬਰਥ ਸੈਂਟਰਾਂ ਦਾ ਬਦਲ" ਅਤੇ ਉਹ ਇਹ ਵੀ ਦੱਸਦੇ ਹਨ ਕਿ ਇਹ ਆਮ ਤੌਰ 'ਤੇ ਹਸਪਤਾਲਾਂ ਦੇ ਅੰਦਰ ਹੁੰਦੇ ਹਨ ਅਤੇ ਇਸ ਤਰ੍ਹਾਂ ਤਿਆਰ ਕੀਤੇ ਜਾਂਦੇ ਹਨ ਕਿ ਔਰਤਾਂ ਨੂੰ ਖੁੱਲ੍ਹ ਕੇ ਹਿਲਜੁੱਲ ਅਤੇ ਬਰਥ ਪੂਲ ਦੀ ਸੁਵਿਧਾ ਮਿਲ ਸਕੇ। "ਇਹ 50 ਸਾਲ ਪਹਿਲਾਂ ਮੌਜੂਦ ਨਹੀਂ ਸੀ।"
ਯੂਕੇ ਦੇ ਨੈਸ਼ਨਲ ਇੰਸਟੀਚਿਊਟ ਫੋਰ ਹੈਲਥ ਐਂਡ ਕੇਅਰ ਐਕਸੀਲੈਂਸ (ਨਾਈਸ) ਦੇ ਦਿਸ਼ਾ-ਨਿਰਦੇਸ਼ਸੁਝਾਉਂਦੇ ਹਨ ਕਿ ਜਣੇਪੇ ਦੇ ਦੂਜੇ ਦੌਰ ਵਿੱਚ ਔਰਤਾਂ ਨੂੰ "ਪਿੱਠ ਦੇ ਬਲ ਜਾਂ ਅੱਧ-ਲੇਟਣ ਵਾਲੀ ਅਵਸਥਾ ਵਿੱਚ ਰਹਿਣ ਤੋਂ ਹੌਂਸਲਾ ਤੋੜਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਉਹ ਅਵਸਥਾ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਸਭ ਤੋਂ ਆਰਾਮਦਾਇਕ ਲੱਗੇ।"
ਹਮੇਸ਼ਾ ਵਾਂਗ, ਜਾਣਕਾਰੀ ਤਾਕਤ ਹੁੰਦੀ ਹੈ ਅਤੇ ਜਿੰਨੀਆਂ ਵੱਧ ਔਰਤਾਂ ਆਪਣੇ ਜਨਮ ਦੇ ਬਦਲਾਂ ਬਾਰੇ ਜਾਣੂ ਹੋਣਗੀਆਂ, ਉਨ੍ਹਾਂ ਲਈ ਆਪਣੇ ਲਈ ਸਹੀ ਲੱਗਣ ਵਾਲਾ ਫ਼ੈਸਲਾ ਕਰਨਾ ਉਨਾ ਹੀ ਆਸਾਨ ਹੋਵੇਗਾ।
ਕੈਨੇਡਾ ਦੀ ਮੈਕਮਾਸਟਰ ਯੂਨੀਵਰਸਿਟੀ ਵਿੱਚ ਮਿਡਵਾਈਫਰੀ ਸਿੱਖਿਆ ਪ੍ਰੋਗਰਾਮ ਚਲਾਉਣ ਵਾਲੀ ਅਤੇ ਜਨਮ ਬਾਰੇ ਕਈ ਲੇਖ ਲਿਖ ਚੁੱਕੀ ਆਇਲੀਨ ਹੱਟਨ ਕਹਿੰਦੀ ਹੈ, "ਜਨਤਕ ਸਿੱਖਿਆ ਜਨਮ ਦੇ ਬਦਲਾਂ ਬਾਰੇ ਹਮੇਸ਼ਾ ਲਾਭਦਾਇਕ ਰਹੇਗੀ।"
"ਹਰਮਨ ਪਿਆਰਾ ਸਾਹਿਤ, ਟੈਲੀਵਿਜ਼ਨ ਅਤੇ ਫ਼ਿਲਮਾਂ ਵਿੱਚ ਜਨਮ ਦੀ ਪ੍ਰਕਿਰਿਆ ਨੂੰ ਦੇਖਣ ਨਾਲ ਸਪਸ਼ਟ ਹੋ ਜਾਂਦਾ ਹੈ ਕਿ ਇਸ ਪ੍ਰਕਿਰਿਆ ਨੂੰ ਗ਼ਲਤ ਢੰਗ ਨਾਲ ਦਰਸਾਇਆ ਜਾਂਦਾ ਹੈ। ਇਸਦਾ ਸੰਤੁਲਨ ਪੈਦਾ ਕਰਨਾ ਸਿਰਫ਼ ਮਦਦਗਾਰ ਹੀ ਹੋ ਸਕਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ