"ਮੇਰਾ ਜਨਮ ਉਸੇ ਦਿਨ ਹੋਇਆ ਸੀ ਜਦੋਂ ਭਾਰਤ ਨੇ ਇਜ਼ਰਾਈਲ ਨੂੰ ਮਾਨਤਾ ਦਿੱਤੀ ਸੀ", ਪੀਐੱਮ ਮੋਦੀ ਨੇ ਇਜ਼ਰਾਈਲੀ ਸੰਸਦ ਵਿੱਚ ਹਮਾਸ ਹਮਲੇ ਤੇ ਹੋਲੋਕਾਸਟ ਬਾਰੇ ਕੀ ਕਿਹਾ

ਤਸਵੀਰ ਸਰੋਤ, @narendramodi
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਦੋ ਦਿਨਾਂ ਦੌਰੇ 'ਤੇ ਇਜ਼ਰਾਈਲ ਪਹੁੰਚੇ। ਪਹਿਲੇ ਦਿਨ, ਪ੍ਰਧਾਨ ਮੰਤਰੀ ਮੋਦੀ ਨੇ ਯੇਰੂਸ਼ਲਮ ਵਿੱਚ ਇਜ਼ਰਾਈਲੀ ਸੰਸਦ, ਕਨੇਸੇਟ ਨੂੰ ਸੰਬੋਧਨ ਕੀਤਾ।
ਬੁੱਧਵਾਰ ਨੂੰ ਯੇਰੂਸ਼ਲਮ ਪਹੁੰਚੇ ਨਰਿੰਦਰ ਮੋਦੀ ਕਨੇਸੇਟ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ।
ਪ੍ਰਧਾਨ ਮੰਤਰੀ ਮੋਦੀ ਦੇ 2017 ਵਿੱਚ ਇਜ਼ਰਾਈਲ ਦੌਰੇ ਤੋਂ ਬਾਅਦ ਦੋਵੇਂ ਮੁਲਕਾਂ ਦੇ ਵਿਚਕਾਰ ਨਜ਼ਦੀਕੀਆਂ ਬਹੁਤ ਤੇਜ਼ੀ ਨਾਲ ਵਧੀਆਂ ਹਨ। ਬੁੱਧਵਾਰ ਨੂੰ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੇ ਸੰਬੋਧਨਾਂ ਵਿੱਚ ਵੀ ਇਨ੍ਹਾਂ ਰਿਸ਼ਤਿਆਂ ਦੀ ਇੱਕ ਨਵੀਂ ਉੱਚਾਈ ਦੀ ਝਲਕ ਦੇਖਣ ਨੂੰ ਮਿਲੀ।
ਨਰਿੰਦਰ ਮੋਦੀ ਦੀ ਮੌਜੂਦਾ ਇਜ਼ਰਾਈਲ ਯਾਤਰਾ ਕਾਫ਼ੀ ਵੱਖਰੀ ਮੰਨੀ ਜਾ ਰਹੀ ਹੈ।
ਇਸ ਯਾਤਰਾ ਦੌਰਾਨ ਪੀਐਮ ਮੋਦੀ ਅਤੇ ਇਸਰਾਈਲ ਦੇ ਪੀਐਮ ਬੈਂਜਾਮਿਨ ਨੇਤਨਯਾਹੂ ਦੇ ਵਿਚਕਾਰ ਜੋ ਗਰਮਜੋਸ਼ੀ ਨਜ਼ਰ ਆਈ, ਉਹ ਹਾਲੀਆ ਦਿਨਾਂ ਵਿੱਚ ਬਹੁਤ ਘੱਟ ਆਗੂਆਂ ਵਿਚਕਾਰ ਦੇਖੀ ਗਈ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਦੁਨੀਆ ਦੇ ਦੋ ਦੇਸ਼ਾਂ ਦੇ ਰਾਸ਼ਟਰ ਪ੍ਰਮੁਖਾਂ ਵਿਚਕਾਰ ਇਸ ਤਰ੍ਹਾਂ ਦੇ ਨਿੱਜੀ ਰਿਸ਼ਤੇ ਹੋਣ, ਤਾਂ ਇਹ ਸੰਬੰਧਤ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਇੱਕ ਨਵੇਂ ਮਾਅਨੇ ਦੇ ਸੰਕੇਤ ਦਿੰਦੇ ਹਨ।
ਸਵਾਲ ਇਹ ਹੈ ਕਿ ਭਾਰਤ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਇਸ ਗਰਮਜੋਸ਼ੀ ਦੇ ਮਾਅਨੇ ਕੀ ਹਨ?
ਪਰ ਇਸ ਤੋਂ ਪਹਿਲਾਂ ਜਾਣ ਲੈਂਦੇ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੈਂਜਾਮਿਨ ਨੇਤਨਯਾਹੂ ਨੇ ਇਜ਼ਰਾਈਲੀ ਸੰਸਦ ਵਿੱਚ ਆਪਣੇ ਸੰਬੋਧਨ ਦੌਰਾਨ ਕੀ-ਕੀ ਕਿਹਾ...
"ਨਾਗਰਿਕਾਂ ਦੀ ਹੱਤਿਆ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ'' - ਪ੍ਰਧਾਨ ਮੰਤਰੀ ਮੋਦੀ

ਤਸਵੀਰ ਸਰੋਤ, Narendra Modi/YT
ਪ੍ਰਧਾਨ ਮੰਤਰੀ ਮੋਦੀ ਨੇ ਇਜ਼ਰਾਈਲ 'ਤੇ 7 ਅਕਤੂਬਰ, 2023 ਨੂੰ ਹੋਏ ਹਮਾਸ ਹਮਲੇ ਦੀ ਸਪਸ਼ਟ ਨਿੰਦਾ ਕਰਦੇ ਹੋਏ ਕਿਹਾ ਕਿ "ਭਾਰਤ ਇਸ ਵਹਿਸ਼ੀ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਸਾਰੇ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹੈ ਅਤੇ ਪ੍ਰਭਾਵਿਤ ਲੋਕਾਂ ਦੇ ਦੁੱਖ ਨੂੰ ਸਾਂਝਾ ਕਰਦਾ ਹੈ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਇਜ਼ਰਾਈਲ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਹਨ ਅਤੇ ਦੋਵੇਂ ਦੇਸ਼ ਕਈ ਮੁੱਦਿਆਂ 'ਤੇ ਸਹਿਯੋਗ ਕਰ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਪਹਿਲ, ਗਾਜ਼ਾ ਪੀਸ ਇਨੀਸ਼ੀਏਟਿਵ ਦਾ ਸਮਰਥਨ ਕੀਤਾ ਹੈ।
ਉਨ੍ਹਾਂ ਕਿਹਾ, "ਸਾਡਾ ਮੰਨਣਾ ਹੈ ਕਿ ਇਸ ਨਾਲ ਖੇਤਰ ਵਿੱਚ ਸ਼ਾਂਤੀ ਸਥਾਪਤ ਕਰਨ ਵਿੱਚ ਮਦਦ ਮਿਲੇਗੀ ਅਤੇ ਫਲਸਤੀਨ ਦੇ ਮੁੱਦੇ ਨੂੰ ਵੀ ਹੱਲ ਹੋਵੇਗਾ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਨਾਗਰਿਕਾਂ ਦੀ ਹੱਤਿਆ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।"
ਉਨ੍ਹਾਂ ਕਿਹਾ ਕਿ ਭਾਰਤ ਇਸ ਗੱਲ ਨੂੰ ਸਮਝਦਾ ਹੈ ਕਿ "ਮੁੰਬਈ ਹਮਲਿਆਂ ਵਿੱਚ ਸਾਡੇ ਨਿਰਦੋਸ਼ ਨਾਗਰਿਕਾਂ ਦੀ ਜਾਂ ਗਈ ਹੈ, ਜਿਸ ਵਿੱਚ ਇਜ਼ਰਾਈਲੀ ਨਾਗਰਿਕ ਵੀ ਸ਼ਾਮਲ ਸਨ।''
ਪ੍ਰਧਾਨ ਮੰਤਰੀ ਮੋਦੀ ਤੋਂ ਪਹਿਲਾਂ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੰਸਦ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ "ਦੋਸਤ ਤੋਂ ਵੱਧ, ਇੱਕ ਭਰਾ" ਦੱਸਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਜ਼ਰਾਈਲ ਦੇ ਦੋ ਦਿਨਾਂ ਦੇ ਸਰਕਾਰੀ ਦੌਰੇ 'ਤੇ ਗਏ ਹਨ। ਰਾਜਧਾਨੀ ਤੇਲ ਅਵੀਵ ਪਹੁੰਚਣ 'ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੀ ਪਤਨੀ ਸਾਰਾ ਨਾਲ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕੀਤਾ।
"ਮੇਰਾ ਜਨਮ ਉਸ ਦਿਨ ਹੋਇਆ ਸੀ ਜਦੋਂ ਭਾਰਤ ਨੇ ਇਜ਼ਰਾਈਲ ਨੂੰ ਮਾਨਤਾ ਦਿੱਤੀ ਸੀ"

ਤਸਵੀਰ ਸਰੋਤ, Press Information Bureau (PIB)/Anadolu via Getty Images
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੋਲੋਕਾਸਟ (ਕਤਲੇਆਮ) ਨੂੰ ਵਿਸ਼ਵ ਇਤਿਹਾਸ ਦਾ ਸਭ ਤੋਂ ਕਾਲਾ ਅਧਿਆਇ ਦੱਸਿਆ।
ਭਾਰਤ ਅਤੇ ਇਜ਼ਰਾਈਲ ਦੀਆਂ ਹਜ਼ਾਰਾਂ ਸਾਲ ਪੁਰਾਣੀਆਂ ਸੱਭਿਅਤਾਵਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਲੋਕ ਇਜ਼ਰਾਈਲ ਦੀਆਂ ਪ੍ਰਾਪਤੀਆਂ ਲਈ ਉਸ ਦਾ ਸਨਮਾਨ ਕਰਦੇ ਹਨ।
ਇਜ਼ਰਾਈਲ ਨਾਲ ਆਪਣੇ ਵਿਸ਼ੇਸ਼ ਸਬੰਧਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਜਨਮ ਉਸੇ ਦਿਨ 17 ਸਤੰਬਰ, 1950 ਨੂੰ ਹੋਇਆ ਸੀ, ਜਿਸ ਦਿਨ ਭਾਰਤ ਨੇ ਇਜ਼ਰਾਈਲ ਨੂੰ ਮਾਨਤਾ ਦਿੱਤੀ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ ਦੀ ਸੰਸਦ, ਕਨੇਸੇਟ ਨੂੰ ਅੰਗਰੇਜ਼ੀ ਵਿੱਚ ਸੰਬੋਧਨ ਕਰਦਿਆਂ ਆਪਣਾ ਭਾਸ਼ਣ "ਸ਼ਲੋਮ ਨਮਸਤੇ" ਨਾਲ ਸ਼ੁਰੂ ਕੀਤਾ।
ਪ੍ਰਧਾਨ ਮੰਤਰੀ ਨੇ ਇਜ਼ਰਾਈਲੀ ਸੰਸਦ ਦੇ ਸਪੀਕਰ ਨੂੰ ਕਨੇਸੇਟ ਦੀ ਇਮਾਰਤ ਨੂੰ ਭਾਰਤੀ ਝੰਡੇ ਦੇ ਰੰਗਾਂ ਵਿੱਚ ਰੰਗਣ ਲਈ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਜ਼ਰਾਈਲ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੇ ਪਤਨੀ ਸਾਰਾ ਨੇਤਨਯਾਹੂ ਨੇ ਬੇਨ ਗੁਰਿਅਨ ਹਵਾਈ ਅੱਡੇ 'ਤੇ ਮੋਦੀ ਦਾ ਸਵਾਗਤ ਕੀਤਾ।
ਇਸ ਤੋਂ ਪਹਿਲਾਂ, ਇਜ਼ਰਾਈਲ ਪਹੁੰਚਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਐਕਸ ਅਕਾਊਂਟ 'ਤੇ ਲਿਖਿਆ, "ਇਜ਼ਰਾਈਲ ਵਿੱਚ ਲੈਂਡ ਕਰ ਗਿਆ ਹਾਂ। ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਸ਼੍ਰੀਮਤੀ ਨੇਤਨਯਾਹੂ ਦੁਆਰਾ ਹਵਾਈ ਅੱਡੇ 'ਤੇ ਮੇਰਾ ਸਵਾਗਤ ਕੀਤੇ ਜਾਣ ਨਾਲ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਸਾਡੀ ਦੁਵੱਲੀ ਗੱਲਬਾਤ ਨਾਲ ਸਕਾਰਾਤਮਕ ਨਤੀਜੇ ਨਿਕਲਣਗੇ ਅਤੇ ਭਾਰਤ-ਇਜ਼ਰਾਈਲ ਦੋਸਤੀ ਹੋਰ ਮਜ਼ਬੂਤ ਹੋਵੇਗੀ।"
"ਸਿਰਫ਼ ਦੋਸਤ ਹੀ ਨਹੀਂ, ਸਗੋਂ ਭਰਾ ਹਾਂ"

ਤਸਵੀਰ ਸਰੋਤ, ANI
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਨੇਸੇਟ ਵਿੱਚ ਸਵਾਗਤ ਕਰਦੇ ਹੋਏ ਕਿਹਾ, ''ਮੈਂ ਤੁਹਾਨੂੰ ਦੱਸਣਾ ਹੈ, ਨਰਿੰਦਰ, ਮੇਰੇ ਪਿਆਰੇ ਦੋਸਤ, ਅੱਜ ਤੁਹਾਡੇ ਇੱਥੇ ਆਉਣ ਨਾਲ ਮੈਂ ਬੇਹੱਦ, ਬੇਹੱਦ ਭਾਵੁਕ ਹਾਂ।"
"ਮੈਂ ਇਸ ਦੌਰੇ ਨਾਲ ਜਿੰਨਾ ਭਾਵੁਕ ਅੱਜ ਹਾਂ, ਓਨਾ ਪਹਿਲਾਂ ਕਦੇ ਨਹੀਂ ਹੋਇਆ। ਤੁਸੀਂ ਇਜ਼ਰਾਈਲ ਦੇ ਬਹੁਤ ਅਨਿੱਖੜਵੇਂ ਮਿੱਤਰ ਹੋਂ, ਭਾਰਤ-ਇਜ਼ਰਾਈਲ ਸਾਂਝੇਦਾਰੀ ਦੇ ਇੱਕ ਵੱਡੇ ਸਮਰਥਕ ਹੋਂ, ਅਤੇ ਵਿਸ਼ਵ ਮੱਚ 'ਤੇ ਇੱਕ ਮਹਾਨ ਆਗੂ ਹੋਂ। ਯੇਰੂਸ਼ਲਮ ਵਿੱਚ ਤੁਹਾਡਾ ਸਵਾਗਤ ਹੈ, ਮੇਰੇ ਪਿਆਰੇ ਦੋਸਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤੁਹਾਡੇ ਵਿਸ਼ੇਸ਼ ਪ੍ਰਤੀਨਿਧੀ ਮੰਡਲ ਦਾ ਵੀ ਸਵਾਗਤ ਹੈ।"
"ਮੈਂ ਇਹ ਕਹਿਣ ਦੀ ਵੀ ਹਿੰਮਤ ਕਰ ਸਕਦਾ ਹਾਂ ਕਿ ਤੁਸੀਂ ਸਿਰਫ਼ ਇੱਕ ਦੋਸਤ ਨਹੀਂ ਹੋ, ਸਗੋਂ ਇੱਕ ਭਰਾ ਹੋ। ਪਿਛਲੀ ਵਾਰ ਜਦੋਂ ਤੁਸੀਂ ਇੱਥੇ ਸੀ, ਅਸੀਂ ਦੋਵੇਂ ਭੂਮੱਧ ਸਾਗਰ ਦੇ ਕੰਢੇ 'ਤੇ ਸੀ, ਅਤੇ ਮੈਂ ਕਿਹਾ, 'ਕਿਉਂ ਨਾ ਜੁੱਤੇ ਉਤਾਰ ਕੇ ਪਾਣੀ 'ਚ ਚੱਲੀਏ?'... ਅਸੀਂ ਪਾਣੀ 'ਤੇ ਤਾਂ ਨਹੀਂ ਤੁਰੇ, ਪਰ ਉਦੋਂ ਤੋਂ ਅਸੀਂ ਚਮਤਕਾਰ ਜ਼ਰੂਰ ਦਿਖਾਏ ਹਨ। ਕਿਉਂਕਿ ਆਪਣੇ ਵਪਾਰ ਨੂੰ ਦੁੱਗਣਾ ਕੀਤਾ ਹੈ, ਆਪਣੇ ਸਹਿਯੋਗ ਨੂੰ ਤਿੰਨ ਗੁਣਾ ਵਧਾਇਆ ਹੈ ਅਤੇ ਆਪਣੀ ਆਪਸੀ ਸਮਝ ਨੂੰ ਚੌਗੁਣਾ ਗਹਿਰਾ ਕੀਤਾ ਹੈ।"
ਭਾਰਤ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਇਸ ਗਰਮਜੋਸ਼ੀ ਦੇ ਮਾਅਨੇ ਕੀ ਹਨ, ਇਸ ਬਾਰੇ ਬੀਬੀਸੀ ਪੱਤਰਕਾਰ ਦੀਪਕ ਮੰਡਲ ਨੇ ਮਾਹਿਰਾਂ ਨਾਲ ਗੱਲਬਾਤ ਕੀਤੀ। ਜਾਣੋ ਮਾਹਿਰ ਇਸ ਨੂੰ ਕਿਸ ਤਰ੍ਹਾਂ ਦੇਖਦੇ ਹਨ...
ਨਿੱਜੀ ਅਤੇ ਭਾਵੁਕ ਰਿਸ਼ਤਾ

ਤਸਵੀਰ ਸਰੋਤ, Press Information Bureau (PIB)/Anadolu via Getty Images
ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਨੇਤਨਯਾਹੂ ਆਪਣੇ ਦੇਸ਼ ਦੀ ਸੰਸਦ ਨੂੰ ਸੰਬੋਧਨ ਕਰ ਰਹੇ ਸਨ, ਤਾਂ ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਭਾਰਤ ਨਾਲ ਉਨ੍ਹਾਂ ਦੇ ਦੇਸ਼ ਦਾ ਸੰਬੰਧ ਸਿਰਫ਼ ਟ੍ਰਾਂਜ਼ੈਕਸ਼ਨਲ ਯਾਨੀ ਲੈਣ-ਦੇਣ ਵਾਲਾ ਨਹੀਂ ਹੈ।
ਜਾਮਿਆ ਮਿਲਿਆ ਇਸਲਾਮੀਆ ਯੂਨੀਵਰਸਿਟੀ ਦੇ ਨੇਲਸਨ ਮੰਡੇਲਾ ਸੈਂਟਰ ਫ਼ਾਰ ਪੀਸ ਐਂਡ ਕਾਨਫ਼ਲਿਕਟ ਰਿਜ਼ੋਲਿਊਸ਼ਨ ਦੇ ਫੈਕਲਟੀ ਮੈਂਬਰ ਪ੍ਰੇਮਾਨੰਦ ਮਿਸ਼ਰਾ ਕਹਿੰਦੇ ਹਨ, "ਇੱਕ ਅਜਿਹੇ ਸਮੇਂ ਵਿੱਚ ਜਦੋਂ ਦੁਨੀਆ ਭਰ ਦੀ ਜਿਓਪੋਲਿਟਿਕਸ ਵਿੱਚ ਬਹੁਤ ਅਨਿਸ਼ਚਿਤਤਾ ਦਾ ਮਾਹੌਲ ਹੈ, ਨੇਤਨਯਾਹੂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਭਾਰਤ ਨਾਲ ਇਜ਼ਰਾਈਲ ਦੇ ਰਿਸ਼ਤੇ ਨਿੱਜੀ ਅਤੇ ਭਾਵਨਾਤਮਕ ਹਨ।"
"ਇਸੇ ਕਰਕੇ ਉਨ੍ਹਾਂ ਨੇ ਪੀਐਮ ਮੋਦੀ ਨੂੰ 'ਦੋਸਤ ਤੋਂ ਵੱਧ ਭਰਾ' ਦੱਸਿਆ।"
"ਉਨ੍ਹਾਂ ਦੀ ਨਜ਼ਰ ਵਿੱਚ ਦੋਵੇਂ ਦੇਸ਼ਾਂ ਦੇ ਰਿਸ਼ਤੇ ਦੋ ਸੱਭਿਆਚਾਰਾਂ ਦੇ ਰਿਸ਼ਤੇ ਹਨ ਅਤੇ ਇਨ੍ਹਾਂ ਵਿੱਚ ਬਹੁਤ ਗਹਿਰਾਈ ਹੈ। ਇਸ ਦੇ ਨਾਲ ਇਹ ਸੰਦੇਸ਼ ਜਾਂਦਾ ਹੈ ਕਿ ਅੰਤਰਰਾਸ਼ਟਰੀ ਸਿਆਸਤ ਵਿੱਚ ਉਥਲ-ਪੁਥਲ ਦੇ ਇਸ ਦੌਰ ਵਿੱਚ ਭਾਰਤ ਅਤੇ ਇਜ਼ਰਾਈਲ ਇਕੱਠੇ ਖੜ੍ਹੇ ਹਨ।"
ਘਰੇਲੂ ਸਿਆਸਤ ਵਿੱਚ ਸੰਦੇਸ਼

ਤਸਵੀਰ ਸਰੋਤ, @narendramodi
ਇਜ਼ਰਾਈਲ ਵਿੱਚ ਅਕਤੂਬਰ ਵਿੱਚ ਚੋਣਾਂ ਹੋਣੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਘਰੇਲੂ ਸਿਆਸਤ ਵਿੱਚ ਨੇਤਨਯਾਹੂ ਦੀ ਸਥਿਤੀ ਬਹੁਤੀ ਮਜ਼ਬੂਤ ਨਹੀਂ ਹੈ। ਗਾਜ਼ਾ ਪੀਸ ਬੋਰਡ ਵਿੱਚ ਸ਼ਾਮਲ ਹੋਣਾ ਵੀ ਨੇਤਨਯਾਹੂ ਲਈ ਕਾਫ਼ੀ ਮੁਸ਼ਕਲ ਫੈਸਲਾ ਸੀ।
ਪ੍ਰੇਮਾਨੰਦ ਮਿਸ਼ਰਾ ਕਹਿੰਦੇ ਹਨ, "ਇਜ਼ਰਾਈਲ ਵਰਗੇ 'ਸਿਕਿਊਰਿਟੀ ਸਟੇਟ' ਵਿੱਚ ਸੁਰੱਖਿਆ ਦੇ ਪਹਿਲੂ ਦਾ ਘਰੇਲੂ ਸਿਆਸਤ ਨਾਲ ਜੋ ਸੰਬੰਧ ਹੈ, ਉਹ ਦੇਖਣਾ ਹੋਵੇਗਾ। ਨੇਤਨਯਾਹੂ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਦੇ ਅਗਵਾਈ ਹੇਠ ਇਜ਼ਰਾਈਲ ਅਲੱਗ-ਥਲੱਗ ਨਹੀਂ ਪੈਣ ਵਾਲਾ ਹੈ। ਭਾਰਤ ਵਰਗਾ ਦੁਨੀਆ ਦਾ ਵੱਡਾ ਦੇਸ਼ ਉਸਦੇ ਨਾਲ ਖੜ੍ਹਾ ਹੈ। ਕਿਉਂਕਿ ਗਾਜ਼ਾ ਯੁੱਧ ਤੋਂ ਬਾਅਦ ਨੇਤਨਯਾਹੂ ਦੁਨੀਆ ਵਿੱਚ ਅਲੱਗ-ਥਲੱਗ ਪੈਂਦੇ ਨਜ਼ਰ ਆਏ ਸਨ।"
ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਤੋਂ ਇਲਾਵਾ ਕਿਸੇ ਦੇਸ਼ ਦੇ ਆਗੂ ਨੇ 7 ਅਕਤੂਬਰ 2023 ਤੋਂ ਬਾਅਦ ਇਜ਼ਰਾਈਲ ਦਾ ਦੌਰਾ ਨਹੀਂ ਕੀਤਾ ਸੀ। ਨੇਤਨਯਾਹੂ ਆਪਣੇ ਚੋਣ ਪ੍ਰਚਾਰ ਵਿੱਚ ਆਪਣੀ ਇਸ ਕੂਟਨੀਤਿਕ ਪਹਿਲ ਦਾ ਵੀ ਲਾਭ ਚੁੱਕਣ ਦੀ ਕੋਸ਼ਿਸ਼ ਕਰਨਗੇ।
"ਨੇਤਨਯਾਹੂ ਵਿਰੋਧੀ ਸਿਆਸੀ ਦਬਾਅ ਦਾ ਸਾਹਮਣਾ ਕਰ ਰਹੇ ਹਨ। ਉਹ ਇਸ ਯਾਤਰਾ ਨੂੰ ਆਪਣੀਆਂ ਮੁੱਖ ਉਪਲੱਭਧੀਆਂ ਵਿੱਚੋਂ ਇੱਕ ਵਜੋਂ ਵੀ ਪੇਸ਼ ਕਰ ਰਹੇ ਹਨ।"

ਤਸਵੀਰ ਸਰੋਤ, YEFIMOVICH / AFP via Getty Images
ਇਜ਼ਰਾਈਲ ਵਿੱਚ ਮੌਜੂਦ ਸੀਨੀਅਰ ਪੱਤਰਕਾਰ ਹਰੇਂਦਰ ਮਿਸ਼ਰਾ ਨੇ ਬੀਬੀਸੀ ਨੂੰ ਕਿਹਾ ਕਿ ਇਜ਼ਰਾਈਲ ਵਿੱਚ ਵਿਰੋਧੀ ਪਾਰਟੀਆਂ ਦੇ ਆਗੂ ਅਤੇ ਬੈਂਜਾਮਿਨ ਨੇਤਨਯਾਹੂ ਦੇ ਸਮਰਥਕ ਵੋਟਰ ਵੀ ਭਾਰਤ ਨੂੰ ਇੱਕ ਚੰਗੇ ਦੋਸਤ ਵਜੋਂ ਦੇਖਦੇ ਹਨ।
ਹਰੇਂਦਰ ਮਿਸ਼ਰਾ ਮੁਤਾਬਕ, ਨੇਤਨਯਾਹੂ ਦੇ ਵੋਟਰਾਂ ਦਾ ਮੰਨਣਾ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਵਿੱਚ ਉਹ ਸਮਰੱਥਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਸਮੇਤ ਦੁਨੀਆ ਦੇ ਵੱਡੇ ਤਾਕਤਵਰ ਦੇਸ਼ਾਂ ਦੇ ਸਾਹਮਣੇ ਡਟ ਕੇ ਖੜ੍ਹੇ ਹੋ ਸਕਣ।
"ਨੇਤਨਯਾਹੂ ਵੀ ਇਹ ਦਿਖਾਉਣਾ ਚਾਹੁੰਦੇ ਹਨ ਕਿ ਦੁਨੀਆ ਦੀ ਵੱਡੀ ਅਤੇ ਤੇਜ਼ੀ ਨਾਲ ਉੱਭਰ ਰਹੀ ਤਾਕਤ ਵਜੋਂ ਭਾਰਤ ਵਰਗਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।"
ਹਰੇਂਦਰ ਮਿਸ਼ਰਾ ਦਾ ਕਹਿਣਾ ਹੈ ਕਿ ਇੱਥੇ ਵਿਸ਼ਲੇਸ਼ਕ ਇਹ ਵੀ ਕਹਿ ਰਹੇ ਹਨ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਦੌਰਾ ਨੇਤਨਯਾਹੂ ਨੂੰ ਵੀ ਮਜ਼ਬੂਤੀ ਦੇਣ ਲਈ ਹੋ ਰਿਹਾ ਹੈ।
ਆਰਥਿਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼

ਤਸਵੀਰ ਸਰੋਤ, JACK GUEZ/AFP via Getty Images
ਪਿਛਲੇ ਕੁਝ ਸਮੇਂ ਵਿੱਚ ਭਾਰਤ ਨੇ ਯੂਰਪੀ ਯੂਨੀਅਨ ਸਮੇਤ ਕਈ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਯਾਨੀ ਐਫਟੀਏ ਕੀਤੇ ਹਨ।
ਭਾਰਤ ਇਜ਼ਰਾਈਲ ਨਾਲ ਵੀ ਆਪਣੇ ਆਰਥਿਕ ਸੰਬੰਧਾਂ ਨੂੰ ਐਫਟੀਏ ਵੱਲ ਲੈ ਕੇ ਲੈਕੇ ਦੀ ਕੋਸ਼ਿਸ਼ ਕਰ ਰਿਹਾ ਹੈ।
ਭਾਰਤ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਜ਼ਰਾਈਲ ਨਾਲ ਉਸਦੇ ਸੰਬੰਧ ਸਿਰਫ਼ ਰੱਖਿਆ ਸਮਝੌਤਿਆਂ ਤੱਕ ਹੀ ਸੀਮਿਤ ਨਹੀਂ ਹਨ।
ਪ੍ਰੇਮਾਨੰਦ ਮਿਸ਼ਰਾ ਕਹਿੰਦੇ ਹਨ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਇਹ ਕਹਿ ਰਹੇ ਸਨ ਕਿ ਦੋਵੇਂ ਦੇਸ਼ਾਂ ਦੇ ਸੰਬੰਧਾਂ ਵਿੱਚ ਸਕੇਲ ਅਤੇ ਸਕੋਪ ਦੀ ਕੋਈ ਸੀਮਾ ਨਹੀਂ ਹੈ, ਤਾਂ ਇਸਦਾ ਮਤਲਬ ਇਹ ਹੈ ਕਿ ਭਾਰਤ ਦੋਵੇਂ ਦੇਸ਼ਾਂ ਵਿਚਕਾਰ ਲਗਭਗ ਚਾਰ ਅਰਬ ਡਾਲਰ ਦੇ ਵਪਾਰ ਨੂੰ ਹੋਰ ਅੱਗੇ ਲੈਕੇ ਜਾਣਾ ਚਾਹੁੰਦਾ ਹੈ।"
ਖੇਤੀਬਾੜੀ, ਤਕਨੀਕ ਅਤੇ ਏਆਈ

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਖੇਤੀਬਾੜੀ ਵਿੱਚ ਰਿਸਰਚ ਲਈ ਇਜ਼ਰਾਈਲ ਦੀ ਮਦਦ ਨੂੰ ਯਾਦ ਕੀਤਾ ਅਤੇ 'ਹਰ ਬੂੰਦ ਜ਼ਿਆਦਾ ਫਸਲ' ਵਰਗੀ ਇਜ਼ਰਾਈਲੀ ਤਕਨੀਕ ਨੂੰ ਭਾਰਤੀ ਖੇਤੀ ਲਈ ਮਦਦਗਾਰ ਦੱਸਿਆ। ਇਹ ਤਕਨੀਕ 2015 ਵਿੱਚ ਪ੍ਰਧਾਨ ਮੰਤਰੀ ਖੇਤੀਬਾੜੀ ਸਿੰਚਾਈ ਯੋਜਨਾ ਦਾ ਹਿੱਸਾ ਰਹੀ ਹੈ।
ਪ੍ਰੇਮਾਨੰਦ ਮਿਸ਼ਰਾ ਦੇ ਮੁਤਾਬਕ "ਪੀਐਮ ਨੇ ਇਸਦਾ ਜ਼ਿਕਰ ਕਰਕੇ ਇਹ ਦੱਸਣਾ ਚਾਹਿਆ ਹੈ ਕਿ ਭਾਰਤ ਇਜ਼ਰਾਈਲ ਨਾਲ ਆਪਣੀ ਤਕਨੀਕ ਦੀ ਸਾਂਝ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦਾ ਹੈ। ਪ੍ਰਧਾਨ ਮੰਤਰੀ ਨੂੰ ਲੱਗਦਾ ਹੈ ਕਿ ਦੁਨੀਆ ਦੇ ਕਿਸੇ ਵੀ ਦੇਸ਼ ਨਾਲ ਤੁਲਨਾ ਵਿੱਚ ਇਜ਼ਰਾਈਲ ਭਾਰਤ ਨੂੰ ਤਕਨੀਕ ਟ੍ਰਾਂਸਫਰ ਵਿੱਚ ਵਧੇਰੇ ਖੁੱਲ੍ਹਾਪਣ ਅਪਣਾਏਗਾ।"
ਹਮਾਸ, ਫ਼ਲਸਤੀਨ ਬਨਾਮ ਆਪ੍ਰੇਸ਼ਨ ਸਿੰਦੂਰ

ਤਸਵੀਰ ਸਰੋਤ, @netanyahu
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਉਹ 7 ਅਕਤੂਬਰ 2023 ਦੇ ਹਮਾਸ ਦੇ ਹਮਲੇ ਦੀ ਸਪਸ਼ਟ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ, ਪਰ ਨਾਲ ਹੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਪਹਿਲ, ਗਾਜ਼ਾ ਪੀਸ ਇਨੀਸ਼ਿਏਟਿਵਜ਼ ਦਾ ਵੀ ਸਮਰਥਨ ਕਰਦੇ ਹਨ।
ਪ੍ਰੇਮਾਨੰਦ ਮਿਸ਼ਰਾ ਕਹਿੰਦੇ ਹਨ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਭਾਰਤ ਨੂੰ ਅਜਿਹਾ ਦੇਸ਼ ਦੱਸ ਰਹੇ ਸਨ ਜੋ ਲੰਬੇ ਸਮੇਂ ਤੱਕ 'ਅੱਤਵਾਦ' ਦਾ ਸਾਹਮਣਾ ਕਰਦਾ ਰਿਹਾ ਹੈ, ਤਾਂ ਉਨ੍ਹਾਂ ਦੇ ਦਿਮਾਗ ਵਿੱਚ ਇਹ ਗੱਲ ਵੀ ਸੀ ਕਿ 'ਆਪ੍ਰੇਸ਼ਨ ਸਿੰਦੂਰ' ਦੌਰਾਨ ਭਾਰਤ ਦੇ ਨਾਲ ਜੋ ਦੇਸ਼ ਸਭ ਤੋਂ ਜ਼ਿਆਦਾ ਖੁੱਲ੍ਹ ਕੇ ਖੜ੍ਹਾ ਸੀ, ਉਹ ਇਜ਼ਰਾਈਲ ਹੀ ਸੀ।"
"ਭਾਰਤ ਨੇ ਇਹ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਫ਼ਲਸਤੀਨ ਦੇ ਮਸਲੇ ਨੂੰ ਮਨੁੱਖੀ ਆਧਾਰ 'ਤੇ ਸੁਲਝਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦਾ ਹੈ, ਪਰ ਇਸਦੇ ਲਈ ਉਹ ਇਜ਼ਰਾਈਲ ਨਾਲ ਆਪਣੇ ਸੰਬੰਧਾਂ ਨੂੰ ਸੀਮਿਤ ਨਹੀਂ ਕਰਨਾ ਚਾਹੇਗਾ।"
ਉਹ ਕਹਿੰਦੇ ਹਨ, "ਇਸ ਮਸਲੇ ਦਾ ਭਾਰਤ ਅਤੇ ਇਜ਼ਰਾਈਲ ਦੋਵਾਂ ਦੀ ਘਰੇਲੂ ਸਿਆਸਤ ਵਿੱਚ ਕਾਫ਼ੀ ਮਹੱਤਵ ਹੈ। ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੋਟਰਾਂ ਦਾ ਰੁਝਾਨ ਇਜ਼ਰਾਈਲ ਸਮਰਥਕ ਰਿਹਾ ਹੈ। ਇਜ਼ਰਾਈਲ ਦਾ ਸਮਰਥਨ ਕਰਕੇ ਪੀਐਮ ਮੋਦੀ ਘਰੇਲੂ ਸਿਆਸਤ ਵਿੱਚ ਵੀ ਇੱਕ ਸੰਦੇਸ਼ ਦੇਣਾ ਚਾਹੁੰਦੇ ਹਨ। ਠੀਕ ਅਜਿਹਾ ਹੀ ਸੰਦੇਸ਼ ਨੇਤਨਯਾਹੂ ਰਿਵਾਇਤੀ ਯਹੂਦੀ ਵੋਟਰਾਂ ਨੂੰ ਦੇਣਾ ਚਾਹੁੰਦੇ ਹਨ।"
ਇਜ਼ਰਾਈਲ ਦੀ ਲੇਬਰ ਮਾਰਕੀਟ ਵਿੱਚ ਹਿੱਸੇਦਾਰੀ

ਤਸਵੀਰ ਸਰੋਤ, MENAHEM KAHANA/AFP via Getty Images
ਭਾਰਤ ਆਪਣੇ ਆਪ ਨੂੰ ਇੱਕ ਅਜਿਹੇ ਦੇਸ਼ ਵਜੋਂ ਪੇਸ਼ ਕਰਨਾ ਚਾਹੁੰਦਾ ਹੈ ਜੋ ਇਜ਼ਰਾਈਲ ਸਮੇਤ ਦੁਨੀਆ ਭਰ ਦੇ ਟਕਰਾਅ ਵਾਲੇ ਖੇਤਰਾਂ ਵਿੱਚ ਮਜ਼ਦੂਰਾਂ ਦੀ (ਲੇਬਰ) ਸਮਰੱਥਾ ਵਿਕਸਤ ਕਰਦਾ ਹੈ।
7 ਅਕਤੂਬਰ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਅੰਦਰ ਫ਼ਲਸਤੀਨੀਆਂ ਲਈ ਪਰਮਿਟ ਖਤਮ ਕਰ ਦਿੱਤਾ ਗਿਆ ਸੀ। ਇਸ ਨਾਲ ਇਜ਼ਰਾਈਲ ਵਿੱਚ ਭਾਰਤੀ ਮਜ਼ਦੂਰਾਂ ਦੀ ਮੰਗ ਕਾਫ਼ੀ ਵਧ ਗਈ ਹੈ। ਇਸ ਕਾਰਨ ਭਾਰਤ ਦੇ ਸੈਂਕੜੇ ਲੋਕਾਂ ਨੂੰ ਉੱਥੇ ਕੰਮ ਮਿਲਿਆ ਹੈ। ਵੱਡੀ ਗਿਣਤੀ ਵਿੱਚ ਭਾਰਤੀ ਮਜ਼ਦੂਰ ਉੱਥੇ ਗਏ ਹਨ।
ਪ੍ਰੇਮਾਨੰਦ ਮਿਸ਼ਰਾ ਕਹਿੰਦੇ ਹਨ, "ਇਸ ਤਰ੍ਹਾਂ ਸੰਘਰਸ਼ ਵਾਲੇ ਇਲਾਕਿਆਂ ਵਿੱਚ ਮਜ਼ਦੂਰ ਬਲ ਸਪਲਾਈ ਕਰਕੇ ਭਾਰਤ ਆਪਣੇ ਦੁਵੱਲੇ ਸੰਬੰਧਾਂ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਇਹ ਦੱਸਣਾ ਚਾਹੁੰਦਾ ਹੈ ਕਿ ਉਹ ਇਜ਼ਰਾਈਲ ਸਮੇਤ ਪੂਰੀ ਦੁਨੀਆ ਲਈ ਸਿਰਫ਼ ਵੱਡਾ ਬਾਜ਼ਾਰ ਹੀ ਨਹੀਂ ਹੈ, ਬਲਕਿ ਉਸਦੇ ਕੋਲ ਮਜ਼ਦੂਰ ਸਮਰੱਥਾ ਵੀ ਹੈ ਜੋ ਦੁਨੀਆ ਦੇ ਬਾਜ਼ਾਰ ਲਈ ਕੰਮ ਆ ਸਕਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































