ਜਰਮਨੀ 'ਚ ਵਿਸਾਖੀ ਸਮਾਗਮ ਦੌਰਾਨ ਇੱਕ ਗੁਰਦੁਆਰੇ 'ਚ ਦੋ ਧਿਰਾਂ ਵਿਚਾਲੇ ਝੜਪਾਂ ਹੋਈਆਂ, ਹੁਣ ਤੱਕ ਕੀ-ਕੀ ਪਤਾ ਹੈ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 4 ਮਿੰਟ

ਜਰਮਨੀ ਦੇ ਮੋਰਸ ਸ਼ਹਿਰ ਦੇ ਇੱਕ ਗੁਰਦੁਆਰੇ ਵਿੱਚ ਦੋ ਧੜਿਆਂ ਵਿਚਾਲੇ ਹੋਈ ਝੜਪ ਵਿੱਚ ਚਾਰ ਲੋਕ ਜ਼ਖਮੀ ਹੋ ਗਏ ਹਨ।

ਜਰਮਨੀ ਦੀ ਵੇਸਲ ਜ਼ਿਲ੍ਹਾ ਪੁਲਿਸ ਅਥਾਰਿਟੀ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ।

ਦੂਜੇ ਪਾਸੇ ਗੁਰਦੁਆਰਾ ਦੇ ਪ੍ਰਬੰਧਕਾਂ ਮੁਤਾਬਕ ਫ਼ਿਲਹਾਲ ਪੁਲਿਸ ਨੇ ਗੁਰੂ ਘਰ ਨੂੰ ਸੰਗਤ ਲਈ ਬੰਦ ਕਰ ਦਿੱਤਾ ਹੈ।

ਘਟਨਾ ਕਿੰਨੀ ਗੰਭੀਰ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਸਥਿਤੀ ਉੱਤੇ ਕਾਬੂ ਪਾਉਣ ਦੇ ਲਈ ਸਪੈਸ਼ਲ ਫੋਰਸ ਦੇ ਜਵਾਨਾਂ ਨੂੰ ਤੈਨਾਤ ਕਰਨਾ ਪਿਆ।

ਵਿਸਾਖੀ ਸਮਾਗਮ ਦੌਰਾਨ ਹਿੰਸਾ

ਇਹ ਘਟਨਾ ਜਰਮਨੀ ਦੇ ਮੋਰਸ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ਡੁਇਸਬਰਗ ਸਿੱਖ ਸੰਗਤ ਵਿੱਚ ਬੀਤੇ ਐਤਵਾਰ ਨੂੰ ਵਿਸਾਖੀ ਮੌਕੇ ਕਰਵਾਏ ਸਮਾਗਮ ਦੌਰਾਨ ਵਾਪਰੀ।

ਗੁਰਦੁਆਰਾ ਸਿੰਘ ਸਭਾ ਡੁਇਸਬਰਗ ਮੋਰਸ ਸਿੱਖ ਸੰਗਤ ਦੀ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਬਲਵਿੰਦਰ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਫ਼ੋਨ ਉੱਤੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਦੋ ਧਿਰਾਂ ਵਿਚਾਲੇ ਝਗੜਾ ਚੱਲ ਰਿਹਾ ਸੀ।

ਉਨ੍ਹਾਂ ਮੁਤਾਬਕ, "ਵਿਸਾਖੀ ਦੇ ਮੌਕੇ ਉੱਤੇ ਜਦੋਂ ਧਾਰਮਿਕ ਸਮਾਗਮ ਚੱਲ ਰਿਹਾ ਸੀ ਤਾਂ ਉੱਥੇ ਸੰਗਤ ਵਿੱਚ ਮੌਜੂਦ ਕੁਝ ਲੋਕਾਂ ਅਤੇ ਪ੍ਰਬੰਧਕਾਂ ਵਿਚਾਲੇ ਝਗੜਾ ਹੋ ਗਿਆ। ਝਗੜੇ ਦੌਰਾਨ ਤੇਜ਼ਧਾਰ ਵਾਲੇ ਹਥਿਆਰ ਵੀ ਵਰਤੇ ਗਏ, ਜਿਸ ਵਿੱਚ ਕੁਝ ਲੋਕ ਜ਼ਖਮੀ ਹੋ ਗਏ।"

"ਇਸ ਦੌਰਾਨ ਝਗੜੇ ਵਿੱਚ ਕੁਝ ਲੋਕਾਂ ਦੀਆਂ ਦਸਤਾਰਾਂ ਵੀ ਉਤਰੀਆਂ।"

ਝਗੜੇ ਦੀ ਖ਼ਬਰ ਮਿਲਣ ਤੋਂ ਬਾਅਦ ਜਰਮਨੀ ਦੀ ਸਪੈਸ਼ਲ ਫੋਰਸ ਦੇ ਜਵਾਨ ਵੀ ਮੌਕੇ ਉੱਤੇ ਪਹੁੰਚੇ ਅਤੇ ਉਨ੍ਹਾਂ ਨੇ ਸਥਿਤੀ ਉੱਤੇ ਕਾਬੂ ਪਾਇਆ।

ਇਸ ਦੌਰਾਨ ਪੁਲਿਸ ਦੇ ਹੈਲੀਕਾਪਟਰ ਨੇ ਵੀ ਇਲਾਕੇ ਵਿੱਚ ਗਸ਼ਤ ਕੀਤੀ।

ਪਿਛਲੇ ਤੀਹ ਸਾਲਾਂ ਤੋਂ ਜਰਮਨੀ ਦੇ ਮੋਰਸ ਸ਼ਹਿਰ ਦੇ ਵਸਨੀਕ ਬਲਵਿੰਦਰ ਸਿੰਘ ਨੇ ਦੱਸਿਆ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ, ਜਿਸ ਨੂੰ ਲੈ ਕੇ ਸਿੱਖ ਸੰਗਤ ਵਿੱਚ ਰੋਸ ਹੈ।

ਬਲਵਿੰਦਰ ਸਿੰਘ ਮੁਤਾਬਕ, "ਫ਼ਿਲਹਾਲ ਗੁਰੂ ਘਰ ਸੰਗਤ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।"

ਉਨ੍ਹਾਂ ਦੱਸਿਆ ਜਿਸ ਸਮੇਂ ਝਗੜਾ ਹੋਇਆ, ਉਸ ਵਕਤ ਗੁਰਦੁਆਰਾ ਸਾਹਿਬ ਵਿੱਚ ਬੱਚੇ, ਔਰਤਾਂ ਅਤੇ ਬਜ਼ੁਰਗ ਵੀ ਮੌਜੂਦ ਸਨ।

ਜਰਮਨੀ ਦੇ ਸਿੱਖ ਭਾਈਚਾਰੇ ਦੀ ਪ੍ਰਤੀਕਿਰਿਆ

ਗੁਰਦੁਆਰਾ ਸਿੰਘ ਸਭਾ ਡੁਇਸਬਰਗ ਮੋਰਸ ਵਿੱਚ ਵਾਪਰੀ ਘਟਨਾ ਨੇ ਜਰਮਨੀ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਵੀ ਨਿਰਾਸ਼ ਕੀਤਾ ਹੈ।

ਕਰੀਬ ਚਾਲੀ ਸਾਲ ਤੋਂ ਜਰਮਨੀ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਗੁਰਦੀਪ ਸਿੰਘ ਰੰਧਾਵਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਇਹ ਘਟਨਾ ਬਹੁਤ ਮੰਦਭਾਗੀ ਹੈ ਅਤੇ ਇਸ ਨਾਲ ਇੱਥੇ ਰਹਿਣ ਵਾਲਾ ਭਾਰਤੀ ਭਾਈਚਾਰਾ ਖ਼ਾਸ ਤੌਰ ਉੱਤੇ ਸਿੱਖ ਸੰਗਤ ਨਿਰਾਸ਼ ਹੈ।

ਉਨ੍ਹਾਂ ਆਖਿਆ, "ਜਰਮਨੀ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਹੋਈ ਲੜਾਈ ਲਈ ਇਥੋਂ ਦੀ ਸਪੈਸ਼ਲ ਫੋਰਸ ਦੇ ਜਵਾਨਾਂ ਨੂੰ ਤੈਨਾਤ ਕਰਨਾ ਪਿਆ ਹੈ।"

"ਜਿਸ ਗੁਰਦੁਆਰਾ ਸਾਹਿਬ ਵਿਚ ਇਹ ਘਟਨਾ ਹੋਈ ਹੈ, ਉਹ ਕਰੀਬ 15 ਸਾਲ ਪਹਿਲਾਂ ਬਣਾਇਆ ਗਿਆ ਸੀ।"

ਉਨ੍ਹਾਂ ਮੁਤਾਬਕ ਇਹ ਲੜਾਈ ਅਸਲ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਹੋਈ ਹੈ ਜਿਸ ਵਿੱਚ ਗੁਰੂ ਘਰ ਦੀ ਪੁਰਾਣੀ ਕਮੇਟੀ ਅਤੇ ਨਵੀਂ ਕਮੇਟੀ ਦੇ ਅਹੁਦੇਦਾਰ ਪ੍ਰਮੁੱਖ ਤੌਰ ਉੱਤੇ ਸ਼ਾਮਲ ਹਨ।

ਜਰਮਨੀ ਦੀ ਪ੍ਰਮੁੱਖ ਸਿਆਸੀ ਪਾਰਟੀ, ਡੈਮੋਕ੍ਰੇਟਿਕ ਯੂਨੀਅਨ (ਸੀਡੀਯੂ) ਪਾਰਟੀ ਦੇ ਮੈਂਬਰ ਗੁਰਦੀਪ ਸਿੰਘ ਰੰਧਾਵਾ ਨੇ ਦੱਸਿਆ, "ਮੋਰਸ ਸ਼ਹਿਰ ਅਤੇ ਆਸ ਪਾਸ ਇਲਾਕੇ ਵਿੱਚ 500-600 ਦੇ ਕਰੀਬ ਪੰਜਾਬੀ ਭਾਈਚਾਰੇ ਦੇ ਲੋਕ ਰਹਿੰਦੇ ਹਨ ਅਤੇ ਜ਼ਿਆਦਾਤਰ ਆਪਣਾ ਕਾਰੋਬਾਰ ਕਰਦੇ ਹਨ ਜਿਸ ਵਿੱਚ, ਜਾਇਦਾਦ, ਕੱਪੜਾ ਅਤੇ ਰੇਸਤਰਾਂ ਦੇ ਖੇਤਰ ਪ੍ਰਮੁੱਖ ਹਨ।"

ਉਨ੍ਹਾਂ ਦੱਸਿਆ ਕੁਝ ਲੋਕ ਨੌਕਰੀਆਂ ਵੀ ਕਰਦੇ ਹਨ।

ਜਰਮਨੀ ਦੀ ਸਿਆਸੀ ਪਾਰਟੀ ਵਿੱਚ ਦਸਤਾਰਧਾਰੀ ਗੁਰਦੀਪ ਸਿੰਘ ਰੰਧਾਵਾ ਮੁਤਾਬਕ ਪੰਜਾਬੀ ਬਹੁਤ ਪੁਰਾਣੇ ਵਕਤ ਤੋਂ ਜਰਮਨੀ ਵਿੱਚ ਆ ਰਹੇ ਹਨ ਅਤੇ ਕੁਝ ਪਰਿਵਾਰ ਤਾਂ ਅਜਿਹੇ ਹਨ, ਜਿੰਨਾ ਦੀ ਤੀਜੀ ਪੀੜੀ ਜਰਮਨੀ ਵਿੱਚ ਵਿਚਰ ਰਹੀ ਹੈ।

ਪੁਲਿਸ ਦੀ ਕਾਰਵਾਈ ਤੇ ਜਾਂਚ

ਵੇਸਲ ਜ਼ਿਲ੍ਹਾ ਪੁਲਿਸ ਅਥਾਰਿਟੀ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਪੁਲਿਸ ਵੱਲੋਂ 19 ਅਪ੍ਰੈਲ ਨੂੰ ਜਾਰੀ ਕੀਤੀ ਸੂਚਨਾ ਮੁਤਾਬਕ ਘਟਨਾ ਐਤਵਾਰ ਨੂੰ ਦੁਪਹਿਰ ਕਰੀਬ 2 ਵੱਜ ਕੇ 20 ਮਿੰਟ (ਸਥਾਨਕ ਸਮਾਂ) ਉੱਤੇ ਮੋਰਸ ਸ਼ਹਿਰ ਦੇ ਇੱਕ ਸਿੱਖ ਕਮਿਊਨਿਟੀ ਸੈਂਟਰ ਵਿੱਚ ਹੋਈ, ਜਿੱਥੇ ਪੁਲਿਸ ਵੱਲੋਂ ਵੱਡੀ ਕਾਰਵਾਈ ਵੀ ਕੀਤੀ ਗਈ।

ਪੁਲਿਸ ਵੱਲੋਂ ਜਾਰੀ ਕੀਤੀ ਸੂਚਨਾ ਮੁਤਾਬਕ ਅਰਦਾਸ ਸਮਾਗਮ ਮੌਕੇ ਗੁਰਦੁਆਰਾ ਵਿੱਚ ਮੌਜੂਦ ਲੋਕਾਂ ਦੇ ਦੋ ਸਮੂਹਾਂ ਵਿਚਾਲੇ ਝਗੜਾ ਹੋ ਗਿਆ, ਜਿਸ ਵਿੱਚ ਚਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਇਸ ਵਿੱਚ ਇੱਕ ਧਿਰ ਦੇ ਸਰੀਰ 'ਤੇ ਕੱਟ ਲੱਗਣ ਦਾ ਨਿਸ਼ਾਨ ਵੀ ਸੀ।

ਪੁਲਿਸ ਦੇ ਪ੍ਰੈਸ ਨੋਟ ਮੁਤਾਬਕ ਮੌਕੇ ਉੱਤੇ ਮੌਜੂਦ ਲੋਕਾਂ ਵੱਲੋਂ ਗੋਲੀ ਚੱਲਣ ਦੇ ਪ੍ਰਗਟਾਏ ਗਏ ਖ਼ਦਸ਼ੇ ਕਾਰਨ, ਉੱਥੇ ਵਿਸ਼ੇਸ਼ ਬਲਾਂ (ਸਪੈਸ਼ਲ ਫੌਰਸ) ਨੂੰ ਬੁਲਾਇਆ ਗਿਆ। ਇਸ ਤੋਂ ਇਲਾਵਾ ਕੁਝ ਸਮੇਂ ਲਈ ਪੁਲਿਸ ਹੈਲੀਕਾਪਟਰ ਦੀ ਵੀ ਮਦਦ ਲਈ ਗਈ।

ਵੇਸਲ ਪੁਲਿਸ ਅਥਾਰਿਟੀ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)