ਨਹੁੰ ਚੱਬਣ ਤੋਂ ਲੈ ਕੇ, ਸੋਸ਼ਲ ਮੀਡੀਆ ਨੂੰ ਲਗਾਤਾਰ ਸਕ੍ਰੋਲ ਕਰਨ ਵਰਗੀਆਂ ਆਦਤਾਂ ਛੱਡਣ ਵਿੱਚ 'ਬੁਣਾਈ' ਕਿਵੇਂ ਮਦਦ ਕਰ ਸਕਦੀ ਹੈ

ਬੁਣਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2020 ਦੇ ਇੱਕ ਅਧਿਐਨ ਵਿੱਚ 90 ਫ਼ੀਸਦੀ ਨੇ ਕਿਹਾ ਕਿ ਕਰੋਸ਼ੀਆ ਉਨ੍ਹਾਂ ਦੀ ਸ਼ਾਂਤ ਰਹਿਣ ਵਿੱਚ ਮਦਦ ਕਰਦਾ ਹੈ
    • ਲੇਖਕ, ਐਲੀਜ਼ਾਬੈਥ ਐਨੀ ਬ੍ਰਾਊਨ
    • ਰੋਲ, ਬੀਬੀਸੀ ਨਿਊਜ਼
  • ਪੜ੍ਹਨ ਦਾ ਸਮਾਂ: 10 ਮਿੰਟ

ਸਸਤਾ ਅਤੇ ਸ਼ੁਰੂ ਕਰਨ ਵਿੱਚ ਅਸਾਨ ਤਰੀਕਾ ਹੈ ਬੁਣਾਈ ਜੋ ਨਹੁੰ ਚੱਬਣ ਤੋਂ ਲੈ ਕੇ, ਸੋਸ਼ਲ ਮੀਡੀਆ ਨੂੰ ਲਗਾਤਾਰ ਸਕ੍ਰੋਲ ਕਰਨ ਵਰਗੀਆਂ ਆਦਤਾਂ ਤੋਂ ਲੈ ਕੇ ਸੜਕਾਂ 'ਤੇ ਵਰਤੇ ਜਾਣ ਵਾਲੇ ਨਸ਼ਿਆਂ ਨਾਲ ਜੂਝ ਰਹੇ ਲੋਕਾਂ ਦੀ ਵੀ ਮਦਦ ਕਰ ਸਕਦੀ ਹੈ।

ਇਸ ਦਾ ਇੱਕੋ ਇੱਕ ਸਾਈਡ ਇਫੈਕਟ ਕੀ ਹੈ? ਬਹੁਤ ਜ਼ਿਆਦਾ ਸਕਾਰਫ਼ ਅਤੇ ਟੋਪੀਆਂ ਬਣ ਜਾਣਾ।

ਕੈਨੇਡਾ ਦੇ ਮਿਸੀਸਾਗਾ ਵਿੱਚ ਇੱਕ ਫ਼ਾਈਨਾਂਸ ਵਰਕਰ ਅਮਾਂਡਾ ਵਿਲਸਨ ਅਜਿਹੀ ਸੰਵੇਦਨਾਤਮਕ ਆਦਤ ਨਾਲ ਜੂਝ ਰਹੀ ਸੀ। ਉਹ ਦੱਸਦੀ ਹੈ, "ਮੈਂ ਆਪਣੀ ਚਮੜੀ ਨੂੰ ਇੰਨਾ ਪੱਟਦੀ ਸੀ ਕਿ ਜ਼ਖ਼ਮ ਹੋ ਜਾਂਦੇ ਸਨ ਅਤੇ ਨਹੁੰਆਂ ਨੂੰ ਚਬਾ ਕੇ ਇੰਨਾ ਛੋਟਾ ਕਰ ਦਿੰਦੀ ਸੀ ਕਿ ਇਨਫੈਕਸ਼ਨ ਹੋ ਜਾਂਦੀ ਸੀ।"

ਉਹ 'ਆਬਸੈਸਿਵ ਕੰਪਲਸਿਵ ਡਿਸਆਰਡਰ' ਤੋਂ ਪੀੜਤ ਸੀ। ਫਿਰ ਉਸ ਨੇ ਧਾਗਾ ਅਤੇ ਸਿਲਾਈਆਂ ਲੈ ਲਈਆਂ। ਉਹ ਕਹਿੰਦੀ ਹੈ, "ਜਦੋਂ ਤੋਂ ਮੈਂ ਬੁਣਾਈ ਸ਼ੁਰੂ ਕੀਤੀ ਹੈ, ਮੇਰੇ ਨਹੁੰ ਬਹੁਤ ਸੋਹਣੇ ਹਨ ਅਤੇ ਸਿਹਤਮੰਦ ਚਮੜੀ ਹੈ।"

ਭਾਵੇਂ ਕਿ ਇਸ ਨੂੰ ਬਜ਼ੁਰਗਾਂ ਦਾ ਸ਼ੌਂਕ ਕਿਹਾ ਜਾਂਦਾ ਰਿਹਾ ਹੈ, ਹੁਣ ਇਸ ਨੂੰ ਕਿਸੇ ਵੀ ਉਮਰ ਦੇ ਲੋਕਾਂ ਲਈ ਸਿਹਤ ਸੰਭਾਲ ਦੇ ਸਹੀ ਤਰੀਕੇ ਵਜੋਂ ਸਤਿਕਾਰ ਮਿਲਣ ਲੱਗਿਆ ਹੈ।

ਨਿੱਜੀ ਤਜਰਬੇ ਅਤੇ ਸ਼ੁਰੂਆਤੀ ਵਿਗਿਆਨਕ ਅਧਿਐਨ ਦੱਸਦੇ ਹਨ ਕਿ ਬੁਣਾਈ ਅਤੇ ਕਰੋਸ਼ੀਆ ਭਾਵਨਾਤਮਕ ਸਿਹਤ ਬਿਹਤਰ ਕਰ ਸਕਦੇ ਹਨ ਅਤੇ ਨਹੁੰ ਚੱਬਣ ਤੋਂ ਲੈ ਕੇ ਫੋਨ ਦੀ ਜ਼ਿਆਦਾ ਵਰਤੋਂ ਅਤੇ ਨਸ਼ਿਆਂ ਦੀ ਲਤ ਛੁਡਾਉਣ ਵਿੱਚ ਮਦਦ ਕਰ ਸਕਦੇ ਹਨ।

ਕੈਨੇਡਾ ਦੀ ਯੁਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਮਨੋਵਿਗਿਆਨ ਦੇ ਪ੍ਰੋਫੈਸਰ ਕਾਰਲ ਬਰਮਿੰਘਮ ਕਹਿੰਦੇ ਹਨ, "ਲੋਕਾਂ ਲਈ ਵਿਸ਼ਵਾਸ ਕਰਨਾ ਔਖਾ ਹੈ ਕਿ ਬੁਣਾਈ ਪੀਟੀਐੱਸਡੀ ਅਤੇ ਖਾਣ-ਪੀਣ ਸਬੰਧੀ ਵਿਕਾਰਾਂ ਲਈ ਇੰਨੀ ਅਸਰਦਾਰ ਹੋ ਸਕਦੀ ਹੈ, ਪਰ ਬਹੁਤਿਆਂ ਲਈ ਇਹ ਵਿਸ਼ਵਾਸ ਕਰਨਾ ਫ਼ਾਇਦੇ ਦਾ ਸੌਦਾ ਹੈ।"

ਉਹ ਕਹਿੰਦੇ ਹਨ ਕਿ ਬੁਣਾਈ ਸਸਤੀ ਹੈ ਅਤੇ ਕਿਤੇ ਵੀ ਕੀਤੀ ਜਾ ਸਕਦੀ ਹੈ। ਇਸ ਦਾ ਇੱਕੋ ਇੱਕ ਨੁਕਸਾਨ ਹੈ ਕਿ ਤੁਹਾਡੇ ਕੋਲ ਬੁਣੀਆਂ ਹੋਈ ਬਹੁਤ ਜ਼ਿਆਦਾ ਟੋਪੀਆਂ ਹੋ ਸਕਦੀਆਂ ਹਨ।

ਸਵੈਟਰ ਬੁਣਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਰੋਸ਼ੀਆ ਅਤੇ ਬੁਣਾਈ ਕਰਨ ਵਾਲੇ ਲੋਕਾਂ ਵਿੱਚ ਇਹ ਗਤੀਵਿਧੀਆਂ ਮਨ ਨੂੰ ਸ਼ਾਂਤ ਕਰਨ ਅਤੇ ਆਰਾਮ ਦੇਣ ਵਾਲੇ ਸਮੇਂ ਬਿਤਾਉਣ ਦੇ ਤਰੀਕਿਆਂ ਵਜੋਂ ਜਾਣੀਆਂ ਜਾਂਦੀਆਂ ਹਨ

ਸਬੂਤ ਕੀ ਹੈ ?

ਵਿਗਿਆਨਕ ਦੁਨੀਆਂ ਵਿੱਚ ਬੁਣਾਈ ਲਈ ਪਬਲਿਕ ਰਿਲੇਸ਼ਨਜ਼ ਸਮੱਸਿਆ ਰਹੀ ਹੈ। ਬੁਣਾਈ ਦੇ ਉਪਚਾਰਕ ਫ਼ਾਇਦਿਆਂ ਬਾਰੇ ਇੱਕ ਅਧਿਐਨ ਦੀ ਸਹਿ-ਲੇਖਕ, ਤੰਦਰੁਸਤੀ ਕੋਚ ਅਤੇ ਫੀਜ਼ੀਓਥੈਰੇਪਿਸਟ ਬੇਟਸਿਨ ਕੋਰਖਿਲ ਕਹਿੰਦੀ ਹੈ ਕਿ ਵਿਗਿਆਨੀ ਅਤੇ ਡਾਕਟਰ ਮਾਨਸਿਕ ਸਿਹਤ ਦੇ ਨਵੇਂ ਇਲਾਜ ਵਜੋਂ ਹਮੇਸ਼ਾ 'ਦੁਤਰਫ਼ਾ, ਤਾਲਬੱਧ ਅਤੇ ਮਨੋ-ਸਮਾਜਿਕ ਤਰੀਕਿਆਂ' ਨੂੰ ਤਵੱਜੋ ਦਿੰਦੇ ਹਨ। ਪਰ ਜਦੋਂ ਹੀ ਉਹ ਬੁਣਾਈ ਦਾ ਜ਼ਿਕਰ ਲਿਆਉਂਦੀ ਹੈ ਤਾਂ ਉਤਸ਼ਾਹ ਉੱਡ ਜਾਂਦਾ ਹੈ।

ਬੁਣਾਈ ਦੇ ਮਾਨਸਿਕ ਸਿਹਤ ਲਈ ਫ਼ਾਇਦਿਆਂ ਬਾਰੇ ਪੋਡਕਾਸਟ ਕਰਨ ਵਾਲੀ ਅਤੇ ਲੰਡਨ ਵਿੱਚ ਇੱਕ ਕਲੀਨਿਕਲ ਮਨੋਵਿਗਿਆਨੀ ਮੀਆ ਹੌਬਸ ਕਹਿੰਦੀ ਹੈ ਕਿ ਸ਼ਾਇਦ ਇਹ ਇਸ ਲਈ ਹੈ ਕਿਉਂਕਿ ਬੁਣਾਈ ਇਤਿਹਾਸਕ ਪੱਖੋਂ ਔਰਤਾਂ ਲਈ ਇੱਕ ਗਤੀਵਿਧੀ ਰਹੀ ਹੈ।

ਨਤੀਜੇ ਵਜੋਂ, ਬੁਣਾਈ ਅਤੇ ਕਰੋਸ਼ੀਆ ਦੇ ਸਿਹਤ 'ਤੇ ਪ੍ਰਭਾਵਾਂ ਬਾਰੇ ਬਹੁਤ ਥੋੜ੍ਹੇ ਵਿਗਿਆਨਕ ਅਧਿਐਨ ਹਨ। ਜ਼ਿਆਦਾਤਰ ਸਰਵੇਖਣ ਅਜਿਹੇ ਹਨ ਜੋ ਤਜ਼ਰਬੇਕਾਰ ਬੁਣਕਰਾਂ ਨੂੰ ਪੁੱਛਦੇ ਹਨ ਕਿ ਉਨ੍ਹਾਂ ਮੁਤਾਬਕ ਬੁਣਾਈ ਕਿਵੇਂ ਉਨ੍ਹਾਂ ਦੀ ਮਦਦ ਕਰਦੀ ਹੈ?

ਇਹ ਸਰਵੇਖਣ ਪ੍ਰਭਾਵਸ਼ਾਲੀ ਹਨ- ਉਦਾਹਰਨ ਵਜੋਂ 2020 ਦੇ ਇੱਕ ਅਧਿਐਨ ਵਿੱਚ 90 ਫ਼ੀਸਦੀ ਨੇ ਕਿਹਾ ਕਿ ਕਰੋਸ਼ੀਆ ਉਨ੍ਹਾਂ ਦੀ ਸ਼ਾਂਤ ਰਹਿਣ ਵਿੱਚ ਮਦਦ ਕਰਦਾ ਹੈ।

ਪਰ ਹੌਬਸ ਕਹਿੰਦੀ ਹੈ ਕਿ ਸਾਡੇ ਕੋਲ ਉਨ੍ਹਾਂ ਅਧਿਐਨਾਂ ਦੀ ਕਮੀ ਹੈ ਜੋ ਗੈਰ-ਬੁਣਕਰਾਂ ਨੂੰ ਬੁਣਾਈ ਨਾਲ ਜੋੜਦੇ ਹੋਣ, ਉਸੇ ਤਰ੍ਹਾਂ ਜਿਵੇਂ ਦਵਾਈਆਂ ਦੇ ਕਲੀਨਿਕਲ ਟ੍ਰਾਇਲ ਕੀਤੇ ਜਾਂਦੇ ਹਨ। ਉਹ ਇਹ ਵੀ ਕਹਿੰਦੀ ਹੈ ਕਿ ਇਨ੍ਹਾਂ ਇਨ੍ਹਾਂ ਸਰਵੇਖਣਾਂ ਵਿੱਚ ਜ਼ਿਆਦਾਤਰ 'ਗੋਰੀਆਂ' ਨੂੰ ਹੀ ਲਿਆ ਗਿਆ ਹੈ।

ਹੁਣ ਤੱਕ, ਸਭ ਤੋਂ ਨੇੜੇ ਦੇ ਮਿਲੇ ਅਧਿਐਨ ਉਹ ਹਨ ਜੋ ਰਿਹਾਇਸ਼ੀ ਇਲਾਜ ਕੇਂਦਰਾਂ ਵਿੱਚ ਬੁਣਾਈ 'ਤੇ ਕੀਤੇ ਗਏ ਹਨ। ਅਜਿਹੇ ਕੇਂਦਰ, ਖਾਣ-ਪੀਣ ਸਬੰਧੀ ਵਿਕਾਰਾਂ ਜਾਂ ਨਸ਼ੇ ਦੀ ਲਤ ਵਾਲੇ ਮਰੀਜ਼ ਪੂਰਾ ਸਮਾਂ ਰਹਿੰਦੇ ਹਨ ਅਤੇ ਇਲਾਜ ਲੈਂਦੇ ਹਨ।

ਬਰਮਿੰਘਮ ਕਹਿੰਦੇ ਹਨ, ਭਾਵੇਂ ਸੈਂਪਲ ਸਾਈਜ਼ ਛੋਟਾ ਹੈ, ਪਰ ਅਧਿਐਨ ਕਰਨ ਲਈ ਇਹ ਇੱਕ ਮਦਦਗਾਰ ਸਥਾਪਨਾ ਹੈ ਕਿਉਂਕਿ ਅਧਿਐਨ ਵਿੱਚ ਹਿੱਸਾ ਲੈਣ ਵਾਲਿਆਂ ਕੋਲ ਇਸ ਹੁਨਰ ਨੂੰ ਸਿੱਖਣ ਲਈ ਸਮਾਂ ਹੁੰਦਾ ਹੈ ਅਤੇ ਬੁਰੀ ਲਤ ਦੇ ਮੁਕਾਬਲੇ ਲਈ ਇਸ ਨੂੰ ਸਿੱਖਣ ਦੀ ਪ੍ਰੇਰਨਾ ਹੁੰਦੀ ਹੈ।

ਬੁਣਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੁਣਾਈ ਅਤੇ ਕਰੋਸ਼ੀਆ ਦੇ ਸਿਹਤ 'ਤੇ ਪ੍ਰਭਾਵਾਂ ਬਾਰੇ ਬਹੁਤ ਥੋੜ੍ਹੇ ਵਿਗਿਆਨਕ ਅਧਿਐਨ ਹਨ

ਭਾਵਨਾਤਮਕ ਪ੍ਰਬੰਧਨ

ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਮਨੋਵਿਗਿਆਨ ਦੇ ਪ੍ਰੋਫੈਸਰ ਬਰਮਿੰਘਮ ਕਹਿੰਦੇ ਹਨ ਕਿ ਉਹ 2009 ਤੋਂ ਬੁਣਾਈ ਦਾ ਪ੍ਰਚਾਰ ਕਰ ਰਹੇ ਹਨ ਜਦੋਂ ਉਨ੍ਹਾਂ ਨੇ ਖਾਣ ਪੀਣ ਦੇ ਗੰਭੀਰ ਵਿਕਾਰਾਂ ਨਾਲ ਜੂਝ ਰਹੀਆਂ ਔਰਤਾਂ ਦੇ ਇਲਾਜ ਕੇਂਦਰ ਵਿੱਚ 'ਬੁਣਾਈ 'ਤੇ ਅਧਿਐਨ' ਕੀਤਾ।

ਬਰਮਿੰਘਮ ਨੇ ਦੱਸਿਆ, "ਉਹ ਸਖਤ ਪ੍ਰੋਟੋਕੋਲ ਦੀ ਪਾਲਣਾ ਕਰ ਰਹੀਆਂ ਸੀ, ਜਿਸ ਵਿੱਚ ਜ਼ਿਆਦਾ ਖਾਣਾ ਵੀ ਸ਼ਾਮਲ ਸੀ ਇਸ ਲਈ ਇਹ ਉਨ੍ਹਾਂ ਲਈ ਬਹੁਤ ਜ਼ਿਆਦਾ ਚਿੰਤਾ ਪੈਦਾ ਕਰਨ ਵਾਲਾ ਸੀ।"

ਪਰ ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਤਣਾਅ ਦੇ ਪੱਧਰ 'ਤੇ ਬੁਣਾਈ ਦਾ ਅਸਰ ਬਾਕਮਾਲ ਸੀ। ਉਨ੍ਹਾਂ ਦੱਸਿਆ ਕਿ ਅਧਿਐਨ ਵਿੱਚ ਹਿੱਸਾ ਲੈਣ ਵਾਲੇ 75 ਫ਼ੀਸਦੀ ਲੋਕਾਂ ਨੇ ਕਿਹਾ ਕਿ ਬੁਣਾਈ ਨੇ ਉਨ੍ਹਾਂ ਦੀ ਖਾਣੇ ਨਾਲ ਜੁੜੀ ਚਿੰਤਾ ਦੂਰ ਕਰਨ ਵਿੱਚ ਬਹੁਤ ਮਦਦ ਕੀਤੀ।

ਪਰ ਬੁਣਾਈ ਦਾ ਇੰਨਾ ਅਸਰ ਕਿਵੇਂ ਹੋ ਸਕਦਾ ਹੈ ? ਬਰਮਿੰਘਮ, ਬੁਣਾਈ ਦੀ ਦੁਹਰਾਉਣ ਵਾਲੀ ਅਤੇ ਦੋਹੇਂ ਹੱਥਾਂ ਦੀਆਂ ਹਰਕਤਾਂ ਦੀ ਤੁਲਨਾ ਈਐੱਮਡੀਆਰ (ਆਈ ਮੂਵਮੈਂਟ ਡੀਸੈਂਸਟਾਈਜ਼ੇਸ਼ਨ ਐਂਡ ਰੀਪ੍ਰੋਸੈਸਿੰਗ) ਨਾਲ ਕਰਦੇ ਹਨ ਜੋ ਕਿ ਚਿੰਤਾ ਅਤੇ ਪੀਟੀਐੱਸਡੀ ਦੇ ਇਲਾਜ ਦੀ ਇੱਕ ਕਿਸਮ ਹੈ।

ਇਸ ਵਿੱਚ ਦਿਮਾਗ਼ ਦੇ ਦੋਹਾਂ ਹਿੱਸਿਆਂ ਨੂੰ ਸਰਗਰਮ ਕਰਨ ਲਈ ਖੱਬੇ ਤੋਂ ਸੱਜੇ ਪਾਸੇ ਹਲਕੀ ਤਾਲਬੱਧ ਮੂਵਮੈਂਟ ਕਰਵਾਈ ਜਾਂਦੀ ਹੈ। (ਅਜਿਹਾ ਇਸ ਲਈ ਨਹੀਂ ਹੈ ਕਿਉਂਕਿ ਦਿਮਾਗ ਦਾ ਖੱਬਾ ਹਿੱਸਾ 'ਵਿਸ਼ਲੇਸ਼ਮਾਤਮਕ' ਅਤੇ ਸੱਜਾ ਹਿੱਸਾ 'ਰਚਨਾਤਮਕ' ਹੈ, ਇਹ ਸਿਰਫ਼ ਵਿਗਿਆਗਨਕ ਮਿੱਥ ਹੈ। ਬਲਕਿ ਇਸ ਲਈ ਕਿਉਂਕਿ ਖੱਬਾ ਹਿੱਸਾ ਸਰੀਰ ਦੇ ਸੱਜੇ ਪਾਸੇ ਦੀਆਂ ਹਰਕਤਾਂ ਨੂੰ ਕਾਬੂ ਕਰਦਾ ਹੈ ਅਤੇ ਸੱਜਾ ਹਿੱਸਾ ਖੱਬੇ ਹਿੱਸੇ ਨੂੰ।)

ਹੌਬਸ ਕਹਿੰਦੇ ਹਨ ਕਿ ਅਸੀਂ ਜਾਣਦੇ ਹਾਂ ਕਿ ਦੁਹਰਾਈਆਂ ਜਾਣ ਵਾਲੀਆਂ ਹਰਕਤਾਂ, ਪੈਰਾ ਸਿੰਪਥੈਟਿਕ ਨਰਵਸ ਸਿਸਟਮ ਨੂੰ ਸਰਗਰਮ ਕਰ ਸਕਦੀਆਂ ਹਨ। ਇਹ ਸਾਡੇ ਅੰਦਰਲਾ ਉਹ ਨੈਟਵਰਕ ਹੈ ਜੋ ਕਿਤੇ ਖਤਰੇ ਤੋਂ ਬਾਅਦ ਸਰੀਰ ਅਤੇ ਮਨ ਨੂੰ ਸ਼ਾਂਤ ਹੋਣ ਵਿੱਚ ਮਦਦ ਕਰਦਾ ਹੈ।

ਬਰਮਿੰਘਮ ਕਹਿੰਦੇ ਹਨ ਕਿ ਉਨ੍ਹਾਂ ਨੇ ਈਈਜੀ (ਦਿਮਾਗ਼ ਅੰਦਰ ਇਲੈਕਟ੍ਰੀਕਲ ਸਿਗਨਲ ਮਾਪਣ ਲਈ ਸਿਰ 'ਤੇ ਰੱਖੇ ਜਾਂਦੇ ਇਲੈਕਟ੍ਰੋਡ) ਜ਼ਰੀਏ ਬੁਣਾਈ ਦੇ ਦਿਮਾਗ਼ 'ਤੇ ਅਸਰ ਬਾਰੇ ਵੀ ਜਾਂਚਿਆ ਹੈ।

ਭਾਵੇਂ ਕਿ ਉਨ੍ਹਾਂ ਨੇ ਹਾਲੇ ਤੱਕ ਇਹ ਨਤੀਜੇ ਕਿਸੇ ਪੀਅਰ-ਰਿਵਿਊ ਵਿਗਿਆਨਕ ਅਧਿਐਨ ਵਿੱਚ ਪ੍ਰਕਾਸ਼ਿਤ ਨਹੀਂ ਕੀਤੇ, ਪਰ ਉਹ ਮੰਨਦੇ ਹਨ ਕਿ ਸ਼ੁਰੂਆਤੀ ਟੈਸਟ ਇਹ ਦਰਸਾਉਂਦੇ ਹਨ ਕਿ ਬੁਣਾਈ ਇੰਸੂਲਾ ਅਤੇ ਐਮੀਗਡਾਲਾ ਵਿੱਚ ਸਰਗਰਮੀ ਘਟਾ ਸਕਦੀ ਹੈ। ਦਿਮਾਗ਼ ਦੇ ਇਹ ਦੋਵੇਂ ਹਿੱਸੇ ਤਣਾਅ ਜਾਂ ਡਰ ਵਾਲੀ ਪ੍ਰਤੀਕਿਰਿਆ ਨਾਲ ਜੁੜੇ ਹੁੰਦੇ ਹਨ।

ਅਤੇ ਇਸ ਸ਼ਾਂਤਮਈ ਪ੍ਰਭਾਵ ਲਈ ਤੁਹਾਡਾ ਨਿਪੁੰਨ ਬੁਣਕਰ ਹੋਣਾ ਜ਼ਰੂਰੀ ਨਹੀਂ ਹੈ। ਬਰਮਿੰਘਮ ਕਹਿੰਦੇ ਹਨ, "ਤੁਸੀਂ ਇੱਕ ਬਹੁਤ ਮਾੜੇ ਬੁਣਕਰ ਹੋ ਸਕਦੇ ਹੋ, ਪਰ ਜਦੋਂ ਤੱਕ ਤੁਸੀਂ ਦਿਮਾਗ਼ ਦੇ ਦੋਹਾਂ ਹਿੱਸਿਆਂ ਦੀ ਵਰਤੋਂ ਕਰ ਰਹੇ ਹੋ, ਇਹ ਫਾਇਦੇਮੰਦ ਹੈ।"

ਕੇਸੀ

ਆਦਤ ਛੱਡਣ ਲਈ ਬੁਣਾਈ

ਹੌਬਸ ਕਹਿੰਦੇ ਹਨ ਕਿ ਜੇ ਤੁਸੀਂ ਕਿਸੇ ਲਤ ਤੋਂ ਛੁਟਕਾਰਾ ਪਾਉਣ ਬਾਰੇ ਸੋਚ ਰਹੇ ਹੋ ਤਾਂ ਬੁਣਾਈ ਦੋਹਰਾ ਫ਼ਾਇਦਾ ਕਰਦੀ ਹੈ।

ਇਹ ਬੁਰੀਆਂ ਆਦਤਾਂ ਨੂੰ ਉਕਸਾਉਣ ਵਾਲੀਆਂ ਨਕਰਾਤਮਕ ਭਾਵਨਾਵਾਂ ਨੂੰ ਦੂਰ ਰੱਖਣ ਵਿੱਚ ਮਦਦ ਕਰਦੀ ਹੈ ਅਤੇ ਵੈਸੇ ਵੀ ਤੁਹਾਡੇ ਦੋਹੇਂ ਹੱਥਾਂ ਨੂੰ ਰੁਝਾ ਕੇ ਰੱਖਦੀ ਹੈ। ਹੌਬਸ ਕਹਿੰਦੀ ਹੈ, "ਬੁਣਨ ਵਾਲੇ ਬਹੁਤ ਸਾਰੇ ਲੋਕ ਬੁਣਾਈ ਨੂੰ ਆਪਣੀਆਂ ਭਾਵਨਾਵਾਂ ਸਹਿਣ ਦੇ ਤਰੀਕੇ ਵਜੋਂ ਦੇਖਦੇ ਹਨ।"

ਬੁਣਾਈ ਨੂੰ 'ਆਦਤ ਬਦਲਣ ਦੇ ਇਲਾਜ' ਵਜੋਂ ਵੀ ਵਰਤਿਆ ਜਾ ਸਕਦਾ ਹੈ ਜਿੱਥੇ ਇੱਕ ਮਾੜੀ ਆਦਤ ਦੀ ਨੂੰ ਇੱਕ ਸਿਹਤਮੰਦ ਤੇ ਸਕੂਨ ਦੇਣ ਵਾਲੀ ਗਤੀਵਿਧੀ ਨਾਲ ਬਦਲਿਆ ਜਾਂਦਾ ਹੈ। ਕਾਮਯਾਬੀ ਦੀ ਇੱਕ ਮਸ਼ਹੂਰ ਕਹਾਣੀ ਨੀਦਰਲੈਂਡ ਤੋਂ ਲੋਇਸ ਵੀਨਸਟਰਾ ਦੀ ਹੈ, ਜਿਸ ਨੇ ਸਿਗਰਟ ਦੀ ਲਤ ਛੱਡਣ ਲਈ 550 ਤੋਂ ਵੱਧ ਸਵੈਟਰ ਬੁਣੇ।

ਕੈਲੀਫੋਰਨੀਆਂ ਤੋਂ ਇੱਕ 60 ਸਾਲਾ ਟੈਕਨਾਲੋਜੀ ਮੈਨੇਜਰ ਕੇਸੀ ਨੇ ਦੱਸਿਆ ਕਿ ਬੁਣਾਈ ਦੀ ਮਦਦ ਨਾਲ ਸਿਗਰਟ ਦੀ ਲਤ ਛੱਡਣ ਤੋਂ ਪਹਿਲਾਂ ਉਹ ਇੱਕ ਦਿਨ ਵਿੱਚ ਇੱਕ ਪੈਕੇਟ ਸਿਗਰਟ ਪੀ ਜਾਂਦੀ ਸੀ ਅਤੇ ਉਸ ਨੂੰ 46 ਸਾਲ ਤੋਂ ਸਿਗਰਟ ਦੀ ਲਤ ਸੀ।

ਕੇਸੀ ਕਹਿੰਦੀ ਹੈ ਕਿ ਉਸ ਨੇ ਕਈ ਸਭ ਤਰੀਕੇ ਅਜਮਾਉਣ ਵਿੱਚ 10 ਸਾਲ ਗੁਜ਼ਾਰੇ, "ਕੋਲਡ ਟਰਕੀ, ਵੈਲਬਿਊਟਰਿਨ, ਪੈਚ, ਮੈਡੀਟੇਸ਼ਨ, ਐਕਿਊਪੰਕਚਰ ਅਤੇ ਕਈ ਹੋਰ ਤਰੀਕੇ। ਪਰ ਕੋਈ ਫ਼ਾਇਦਾ ਨਹੀਂ ਹੋਇਆ।"

ਉਹ ਕਹਿੰਦੀ ਹੈ, "ਮੈਂ ਬਸ ਇਹ ਜਾਣਦੀ ਸੀ ਕਿ ਮੈਂ ਆਪਣੀ ਮਾਂ ਵਾਂਗ ਜਾਨ ਨਹੀਂ ਗਵਾਉਣੀ, ਜੋ ਕਿ ਆਪਣੇ ਸਾਹ ਨਲੀ ਦੇ ਆਪ੍ਰੇਸ਼ਨ ਦੌਰਾਨ ਵੀ ਸਿਗਰਟ ਪੀ ਰਹੀ ਸੀ।"

ਇਸ ਲਈ ਉਸ ਨੇ ਆਪਣੇ ਸਥਾਨਕ ਐਲੀਮੈਂਟਰੀ ਸਕੂਲ ਦੇ ਜੀਵਨ ਭਰ ਸਿੱਖਿਆ ਪ੍ਰੋਗਰਾਮ ਤਹਿਤ ਬੁਣਾਈ ਸਿੱਖੀ। ਉਸ ਨੇ ਥੋੜ੍ਹੇ ਤੋਂ ਸ਼ੁਰੂਆਤ ਕੀਤੀ- ਉਸ ਦਾ ਪਹਿਲਾ ਪ੍ਰੌਜੈਕਟ ਪੌਟਹੋਲਡਰ ਬਣਾਉਣਾ ਸੀ, ਜੋ ਕਿ ਦੁਨੀਆਂ ਦਾ ਸਭ ਤੋਂ 'ਭੱਦਾ ਚਤੁਰਭੁਜ' ਬਣ ਗਿਆ ਸੀ।

ਪਰ ਛੇਤੀ ਹੀ ਉਹ ਲੰਬੇ ਸਕਾਰਫ਼ ਬਣਾਉਣ ਲੱਗ ਗਈ ਸੀ। ਕੇਸੀ ਨੇ ਦੇਖਿਆ ਕਿ ਇਹ ਸਿਗਰਟਨੋਸ਼ੀ ਦੀ ਆਦਤ ਦਾ ਇੱਕ ਵਧੀਆ ਬਦਲ ਸੀ। ਉਹ ਕਹਿੰਦੀ ਹੈ, "ਇਸ ਨੇ ਮੇਰੀ ਤਲਬ ਨੂੰ ਸ਼ਾਂਤ ਕਰ ਦਿੱਤਾ।"

ਕੇਸੀ ਦੱਸਦੀ ਹੈ, "ਸਿਗਰਟ ਛੱਡੇ ਨੂੰ ਤਿੰਨ ਹਫ਼ਤੇ ਹੀ ਹੋਏ ਸਨ, ਮੈਂ ਕੰਮ ਤੋਂ ਬੇਹਦ ਤਣਾਅਪੂਰਨ ਫੋਨ ਕਾਲ ਤੋਂ ਵਿਹਲੀ ਹੋਈ ਅਤੇ ਮੇਰੇ ਮਨ ਅੰਦਰ ਤਣਾਅਮੁਕਤ ਹੋਣ ਲਈ ਸਿਗਰਟ ਪੀਣ ਦਾ ਵਿਚਾਰ ਆਇਆ। ਪਰ ਮੈਂ ਬੁਣਤੀ ਸ਼ੁਰੂ ਕਰ ਦਿੱਤੀ ਅਤੇ ਚਾਰ ਲਾਈਨਾਂ ਬੁਣ ਦਿੱਤੀਆਂ। ਸਿਗਰਟ ਪੀਣ ਦਾ ਖਿਆਲ ਚਲਾ ਗਿਆ। ਉਦੋਂ ਮੈਨੂੰ ਅਹਿਸਾਸ ਹੋਇਆ ਕਿ ਇਹ ਸੱਚ ਹੈ ਅਤੇ ਮੈਂ ਰੋਈ।"

ਕਰੋਸ਼ੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੁਰੂਆਤੀ ਵਿਗਿਆਨਕ ਅਧਿਐਨ ਦੱਸਦੇ ਹਨ ਕਿ ਬੁਣਾਈ ਅਤੇ ਕਰੋਸ਼ੀਆ ਭਾਵਨਾਤਮਕ ਸਿਹਤ ਬਿਹਤਰ ਕਰ ਸਕਦੇ ਹਨ

ਹੁਣ ਦੋ ਸਾਲ ਤੋਂ ਉਸ ਦੀ ਸਿਗਰਟਨੋਸ਼ੀ ਛੁੱਟ ਚੁੱਕੀ ਹੈ ਅਤੇ ਉਹ ਜੁਰਾਬਾਂ, ਟੋਪੀ ਅਤੇ ਕੰਬਲ ਬੁਣ ਰਹੀ ਹੈ।

ਇਸੇ ਤਰ੍ਹਾਂ, ਨਸ਼ਾ ਛੁਡਾਓ ਕੇਂਦਰਾਂ ਵਿੱਚ ਹੁਣ ਤੱਕ ਕੀਤੇ ਅਧਿਐਨ ਭਾਵੇਂ ਨਿਰਣਾਇਕ ਨਹੀਂ, ਪਰ ਆਸਵੰਦ ਕਰਨ ਵਾਲੇ ਹਨ।

ਸਾਲ 2024 ਦੇ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਨਸ਼ਾ ਛਡਾਊ ਕੇਂਦਰਾਂ ਵਿੱਚ 'ਬੁਣਾਈ ਰਾਹੀਂ ਨਸ਼ਾ ਤਿਆਗਣ' ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਬਾਅਦ ਉਨ੍ਹਾਂ ਨੇ ਪਹਿਲਾਂ ਦੀ ਤੁਲਨਾ ਵਿੱਚ ਸਿਗਰਟ ਪੀਣਾ ਘੱਟ ਕਰ ਦਿੱਤਾ।

ਅਧਿਐਨ ਦੇ ਮੁੱਖ ਲੇਖਕ ਅਤੇ ਯੂਐਸ ਵਿੱਚ ਜੌਹਨ ਹੌਪਕਿਨਜ਼ ਯੁਨੀਵਰਸਿਟੀ ਵਿੱਚ ਪਬਲਿਕ ਹੈਲਥ ਦੇ ਐਸੋਸੀਏਟ ਪ੍ਰੋਫੈਸਰ ਐਲੀਸਨ ਵੈਸਟ ਕਹਿੰਦੇ ਹਨ, "ਪਰ ਕਿਉਂਕਿ ਹਿੱਸਾ ਲੈਣ ਵਾਲੇ ਸਮੂਹ ਨੇ ਆਪਣੀਆਂ ਮੀਟਿੰਗਾਂ ਵਿੱਚ ਸਿਗਰਟਨੋਸ਼ੀ ਦੇ ਸਿਹਤ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਸੁਣਿਆ, ਇਸ ਲਈ ਅਸੀਂ ਪੁਖਤਾ ਤੌਰ 'ਤੇ ਇਹ ਨਹੀਂ ਕਹਿ ਸਕਦੇ ਕਿ ਇਹ ਬਦਲਾਅ ਸਿਰਫ਼ ਬੁਣਾਈ ਕਾਰਨ ਹੀ ਆਇਆ ਹੈ।"

ਸਾਲ 2007 ਦੇ ਇੱਕ ਹੋਰ ਅਧਿਐਨ ਵਿੱਚ ਬੁਣਾਈ ਨੂੰ ਔਰਤਾਂ ਦੇ ਸ਼ਰਾਬ, ਹੈਰੋਇਨ ਅਤੇ ਡਾਕਟਰੀ ਡਰੱਗਜ਼ ਜਿਹੇ ਨਸ਼ੀਲੇ ਪਦਾਰਥਾਂ ਦੀ ਲਤ ਦੇ ਰਿਹਾਇਸ਼ੀ ਇਲਾਜ ਨਾਲ ਜੋੜ ਕੇ ਵੀ ਦੇਖਿਆ ਗਿਆ।

ਹਾਲਾਂਕਿ ਸ਼ੁਰੂਆਤ ਵਿੱਚ ਬੁਣਤੀ ਸਿੱਖਣ ਦੀਆਂ ਮੁਸ਼ਕਲਾਂ ਕਾਰਨ ਨਵੀਆਂ ਬੁਣਕਰਾਂ ਨੂੰ ਨਿਰਾਸ਼ਾ ਹੋਈ, ਪਰ ਕਈਆਂ ਨੇ ਕਿਹਾ ਕਿ ਇਹ ਬੁਰੀ ਲਤ ਨਾਲ ਮੁਕਾਬਲਾ ਕਰਨ ਦਾ ਚੰਗਾ ਬਦਲ ਬਣ ਗਿਆ ਹੈ ਕਿਉਂਕਿ ਉਹ ਨਸ਼ਾ ਛੱਡਣ ਦੇ ਲੱਛਣਾਂ, ਅਦਾਲਤੀ ਪੇਸ਼ੀਆਂ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨਾਲ ਜੂਝ ਰਹੀਆਂ ਸਨ।

ਭਾਗ ਲੈਣ ਵਾਲੀ ਇੱਕ ਮਹਿਲਾ ਨੇ ਦੱਸਿਆ, "ਜਦੋਂ ਮੇਰਾ ਇਲਾਜ ਛੱਡ ਕੇ ਭੱਜਣ ਨੂੰ ਜੀਅ ਕਰਦਾ ਹੈ ਤਾਂ ਬੁਣਾਈ ਮੈਨੂੰ ਇੱਥੇ ਟਿਕਾਈ ਰੱਖਦੀ ਹੈ।"

ਹੱਥਾਂ ਨੂੰ ਰੁਝਾ ਕੇ ਰੱਖਣ ਨਾਲ ਵਾਲ ਪੁੱਟਣ ਅਤੇ ਚਮੜੀ ਦੇ ਫੋੜੇ-ਫਿਨਸੀਆ ਭੰਨਣ ਦੀ ਆਦਤ ਤੋਂ ਲੈ ਕੇ, ਬਿਨ੍ਹਾਂ ਸੋਚੇ ਸਮਝੇ ਸ਼ੋਸ਼ਲ ਮੀਡੀਆ ਦੇ ਇਸਤੇਮਾਲ, ਬੋਰੀਅਤ ਖ਼ਤਮ ਕਰਨ ਲਈ ਕੁਝ ਖਾਣ ਜਿਹੀਆਂ ਆਦਤਾਂ ਛੱਡਣ ਵਿੱਚ ਵੀ ਮਦਦ ਮਿਲਦੀ ਹੈ, ਭਾਵੇਂ ਇਨ੍ਹਾਂ ਬਾਰੇ ਕੋਈ ਪੁਖਤਾ ਅਧਿਐਨ ਨਹੀਂ ਹਨ।

ਸਿਲਾਈਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਵੇਂ ਬੁਣਾਈ ਦੇ ਫ਼ਾਇਦਿਆਂ ਬਾਰੇ ਸਿਹਤ ਸੰਬੰਧੀ ਕਈ ਦਾਅਵੇ ਕੀਤੇ ਜਾਂਦੇ ਹਨ, ਪਰ ਇਹ ਲਤ ਵਾਲੀਆਂ ਆਦਤਾਂ ਦੇ ਖ਼ਿਲਾਫ਼ ਇੱਕ ਪ੍ਰਭਾਵਸ਼ਾਲੀ ਤਰੀਕਾ ਸਾਬਤ ਹੋ ਸਕਦੀ ਹੈ

ਫ਼ਿਲਹਾਲ ਪੂਰੀ ਤਰ੍ਹਾਂ ਵਿਕਸਤ ਨਹੀਂ

ਤੁਸੀਂ ਸ਼ਾਇਦ ਅਜਿਹੇ ਦਾਅਵੇ ਦੇਖਦੇ ਹੋਣਗੇ ਜੋ ਕਹਿੰਦੇ ਹਨ ਕਿ ਬੁਣਤੀ ਦਿਲ ਦੀ ਧੜਕਣ ਅਤੇ ਖੂਨ ਦੇ ਵਹਾਅ ਦਾ ਦਬਾਅ ਘੱਟ ਕਰਨ ਵਿੱਚ ਮਦਦ ਕਰਦੀ ਹੈ। ਹੌਬਸ ਕਹਿੰਦੀ ਹੈ ਕਿ ਭਾਵੇਂ ਇਸ ਦੇ ਸੱਚ ਹੋਣ ਦੀਆਂ ਕਾਫ਼ੀ ਸੰਭਾਵਨਾਵਾਂ ਹਨ ਪਰ ਇਹ ਵਿਗਿਆਨਕ ਤੌਰ 'ਤੇ ਸਾਬਿਤ ਨਹੀਂ ਹੋ ਸਕਿਆ ਹੈ।

ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਪੋਸਟਾਂ ਅਤੇ ਆਨਲਾਈਨ ਆਰਟੀਕਲ ਮੈਸੇਚਿਉਸਟੇਸ ਜਨਰਲ ਹਸਪਤਾਲ ਦੇ ਇੱਕ ਖੋਜਕਰਤਾ ਹਰਬਰਟ ਬੇਨਸਨ ਵੱਲੋਂ ਕੀਤੇ ਗਏ ਵਿਗਿਆਨਕ ਅਧਿਐਨ ਦਾ ਹਵਾਲਾ ਦਿੰਦੇ ਹਨ।

ਉਨ੍ਹਾਂ ਨੇ 'ਸ਼ਾਂਤ ਹੋਣ ਦੀ ਪ੍ਰਕਿਰਿਆ' ਨੂੰ 'ਲੜੋ ਜਾਂ ਭੱਜੋ' ਸਥਿਤੀ ਦੇ ਉਲਟ ਲਿਖਿਆ। ਪਰ ਹਸਪਤਾਲ ਦੇ ਬੈਨਸਨ-ਹੈਨਰੀ ਇੰਸਟੀਚਿਊਟ ਆਫ ਮਾਈਂਡ-ਬਾਡੀ ਮੈਡੀਸਿਨ ਨੇ ਬੀਬੀਸੀ ਕੋਲ ਪੁਸ਼ਟੀ ਕੀਤੀ ਕਿ ਬੁਣਤੀ, ਦਿਲ ਦੀ ਧੜਕਣ ਅਤੇ ਖੂਨ ਦੇ ਦਬਾਅ ਬਾਰੇ ਅਜਿਹਾ ਕੋਈ ਅਧਿਐਨ ਨਾ ਕੀਤਾ ਗਿਆ ਅਤੇ ਨਾ ਹੀ ਪ੍ਰਕਾਸ਼ਿਤ ਕੀਤਾ ਗਿਆ।

ਇੱਕ ਹੋਰ ਦਾਅਵਾ ਹੈ ਕਿ ਬੁਣਤੀ ਅਲਜ਼ਾਈਮਰ ਅਤੇ ਡੀਮੈਂਸ਼ੀਆ ਜਿਹੀਆਂ ਯਾਦਾਸ਼ਤ ਸਬੰਧੀ ਕਮਜ਼ੋਰੀਆਂ ਨੂੰ ਰੋਕਣ ਵਿੱਚ ਮਦਦ ਕਰਦੀ ਹੈ।

ਅਕਸਰ ਹਵਾਲਾ ਦਿੱਤੇ ਜਾਣ ਵਾਲਾ 2011 ਦਾ ਇੱਕ ਅਧਿਐਨ ਕਹਿੰਦਾ ਹੈ ਕਿ ਬੁਣਤੀ ਕਰਨ ਵਾਲੇ ਬਜ਼ੁਰਗਾਂ ਵਿੱਚ ਮਾਨਸਿਕ ਗਿਰਾਵਟ ਦੀ ਸੰਭਾਵਨਾ ਘੱਟ ਹੁੰਦੀ ਹੈ। ਪਰ ਹੌਬਸ ਕਹਿੰਦੀ ਹੈ ਕਿ ਇਹ 'ਪਹਿਲਾਂ ਮੁਰਗੀ ਆਈ ਜਾਂ ਅੰਡਾ' ਵਾਲੀ ਇੱਕ ਹੋਰ ਉਲਝਣ ਹੈ।

ਹੌਬਸ ਮਹਿਸੂਸ ਕਰਦੀ ਹੈ ਕਿ ਹੋ ਸਕਦਾ ਹੈ ਕਿ ਉਹ ਇਸ ਲਈ ਬੁਣਾਈ ਕਰ ਰਹੇ ਹੋਣ ਕਿਉਂਕਿ ਉਨ੍ਹਾਂ ਦੀ ਯਾਦਾਸ਼ਤ ਹਾਲੇ ਤੱਕ ਕਮਜ਼ੋਰ ਨਹੀਂ ਹੋਈ ਹੈ, ਨਾ ਕਿ ਇਸ ਲਈ ਕਿ ਬੁਣਤੀ ਨੇ ਉਨ੍ਹਾਂ ਦੀ ਯਾਦਾਸ਼ਤ ਨੂੰ ਬਚਾਇਆ ਹੋਵੇ।

ਸਿਲਾਈਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਿਰ ਕਹਿੰਦੇ ਹਨ ਕਿ ਬੁਣਾਈ ਹਰ ਕਿਸੇ ਦੀ ਸਮੱਸਿਆ ਦਾ ਹੱਲ ਨਹੀਂ ਹੈ- ਕੁਝ ਲੋਕਾਂ ਦੇ ਹੱਥਾਂ ਵਿੱਚ ਓਨੀ ਲਚਕ ਨਹੀਂ ਹੁੰਦੀ ਜਾਂ ਕਈਆਂ ਨੂੰ ਇਹ ਕੰਮ ਉਲ਼ਝਾਉਣ ਵਾਲਾ ਲੱਗ ਸਕਦਾ ਹੈ

ਇੱਕ ਵਾਰ ਵਿੱਚ ਇੱਕ ਟਾਂਕਾ

ਇਹ ਸਮਝਣਾ ਜ਼ਰੂਰੀ ਹੈ ਕਿ ਬੁਣਤੀ ਕਰਨਾ ਅਤੇ ਬੁਣਾਈ ਸਿੱਖਣਾ ਦੋ ਵੱਖ-ਵੱਖ ਗਤੀਵਿਧੀਆਂ ਹਨ। ਜਿੱਥੇ ਪਹਿਲਾ ਤਰੀਕਾ ਤੁਹਾਨੂੰ ਮਾਨਸਿਕ ਸ਼ਾਂਤੀ ਵਾਲੀ ਸਥਿਤੀ ਵਿੱਚ ਲਿਜਾ ਸਕਦਾ ਹੈ, ਉੱਥੇ ਹੀ ਦੂਜੀ ਗਤੀਵਿਧੀ ਵਿੱਚ ਗੁੱਸੇ ਵਿੱਚ ਬੁੜਬੁੜਾਉਣਾ ਪੈ ਸਕਦਾ ਹੈ।

ਤਜਰਬੇਕਾਰ ਬੁਣਕਰ ਦੱਸਦੇ ਹਨ ਕਿ ਇਸ ਸਥਿਤੀ ਵਿੱਚੋਂ ਨਿਕਲਣ ਲਈ ਸਥਾਨਕ ਬੁਣਾਈ ਸਮੂਹ ਕੋਲ ਜਾਣ ਦੀ ਸਲਾਹ ਦਿੰਦੇ ਹਨ। ਹੌਬਸ ਦੱਸਦੀ ਹੈ,"ਮੇਰੇ ਇਲਾਕੇ ਵਿੱਚ ਇੱਕ ਸਥਾਨਕ ਉਨ ਦੀ ਦੁਕਾਨ 'ਤੇ ਖ਼ਾਸ ਕਲੀਨਿਕ ਹੈ ਜਿੱਥੇ ਤੁਸੀਂ ਬੁਣਾਈ ਸਬੰਧੀ ਆਪਣੀਆਂ ਸਮੱਸਿਆਵਾਂ ਲੈ ਕੇ ਜਾ ਸਕਦੇ ਹੋ।"

ਹਾਲਾਂਕਿ ਮਾਹਿਰ ਕਹਿੰਦੇ ਹਨ ਕਿ ਬੁਣਾਈ ਹਰ ਕਿਸੇ ਦੀ ਸਮੱਸਿਆ ਦਾ ਹੱਲ ਨਹੀਂ ਹੈ- ਕੁਝ ਲੋਕਾਂ ਦੇ ਹੱਥਾਂ ਵਿੱਚ ਓਨੀ ਲਚਕ ਨਹੀਂ ਹੁੰਦੀ ਜਾਂ ਕਈਆਂ ਨੂੰ ਇਹ ਕੰਮ ਉਲ਼ਝਾਉਣ ਵਾਲਾ ਲੱਗ ਸਕਦਾ ਹੈ।

ਬਰਮਿੰਘਮ, ਬਿਨ੍ਹਾਂ ਸਿਰਦਰਦੀ ਦੇ ਅਜਿਹਾ ਹੀ ਪ੍ਰਭਾਵ ਪਾਉਣ ਲਈ 'ਵਰੀ ਬੀਡਸ' ਦੀ ਸਲਾਹ ਵੀ ਦਿੰਦੇ ਹਨ ਜੋ ਕਿ ਸਦੀਆਂ ਪੁਰਾਣਾ ਇੱਕ ਖਿਡੌਣਾ ਹੈ ਜਿਸ ਵਿੱਚ ਇੱਕ ਧਾਗੇ ਅੰਦਰ ਪਰੋਏ ਮਣਕਿਆਂ ਨੂੰ ਹਿਲਾਉਣ ਨਾਲ ਹੱਥਾਂ ਅਤੇ ਮਨ ਨੂੰ ਰੁਝਾ ਕੇ ਰੱਖਿਆ ਜਾਂਦਾ ਹੈ।

ਬਰਮਿੰਘਮ ਇਹ ਵੀ ਕਹਿੰਦੇ ਹਨ ਕਿ ਪਰ ਇਸ ਦਾ ਫ਼ਾਇਦਾ ਲੈਣ ਲਈ ਤੁਹਾਨੂੰ ਲਗਾਤਾਰ ਦੋਹਾਂ ਹੱਥਾਂ ਦੀ ਵਰਤੋਂ ਕਰਨੀ ਪਏਗੀ।

ਇਸ ਤੋਂ ਪਹਿਲਾਂ ਕਿ ਬੁਣਤੀ, ਮੁੱਖ ਧਾਰਾ ਦਾ ਡਾਕਟਰੀ ਨੁਸਖਾ ਬਣ ਸਕੇ, ਬੁਣਾਈ ਦੇ ਸਭ ਤੋਂ ਵੱਡੇ ਸਮਰਥਕ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਇਸ ਬਾਰੇ ਕਲੀਨਿਕਲ ਟ੍ਰਾਇਲ ਅਤੇ ਡੂੰਘੀ ਜਾਂਚ ਦੀ ਲੋੜ ਹੈ, ਜਿਵੇਂ ਕਿ ਦਵਾਈਆਂ ਦੇ ਅਧਿਐਨ ਵਿਚ ਹੁੰਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)