ਇੰਟਰਨੈੱਟ 'ਤੇ ਵਿਕ ਰਹੀ ਤੁਹਾਡੀ ਨਿੱਜੀ ਜਾਣਕਾਰੀ ਨੂੰ ਗੂਗਲ ਦੇ ਇਸ ਟੂਲ ਨਾਲ ਹਟਾ ਸਕਦੇ ਹੋ, ਜਾਣੋ ਕਿਵੇਂ ਇਸਤੇਮਾਲ ਕਰਨਾ ਹੈ

ਤਸਵੀਰ ਸਰੋਤ, Serenity Strull/ BBC
- ਲੇਖਕ, ਥੋਮਸ ਜਰਮੈਨ
- ਰੋਲ, ਬੀਬੀਸੀ ਨਿਊਜ਼
- ਪੜ੍ਹਨ ਦਾ ਸਮਾਂ: 6 ਮਿੰਟ
ਇੱਕ ਮੁਫ਼ਤ ਆਟੋਮੈਟਿਕ ਟੂਲ ਹੈ ਜੋ ਗੂਗਲ ਸਰਚ ਨਤੀਜਿਆਂ ਤੋਂ ਤੁਹਾਡੇ ਬਾਰੇ ਜਾਣਕਾਰੀ ਹਟਾ ਦਿੰਦਾ ਹੈ। ਕਿਸੇ ਕਾਰਨ ਕਰਕੇ ਜ਼ਿਆਦਾਤਰ ਲੋਕ ਇਸਦਾ ਇਸਤੇਮਾਲ ਨਹੀਂ ਕਰਦੇ।
ਕੀ ਤੁਹਾਨੂੰ ਪਤਾ ਹੈ ਕਿ ਬੇਸ਼ੁਮਾਰ ਕੰਪਨੀਆਂ ਤੁਹਾਡਾ ਨਾਮ, ਘਰ ਦਾ ਪਤਾ, ਫੋਨ ਨੰਬਰ ਅਤੇ ਹੋਰ ਜਾਣਕਾਰੀ ਆਨਲਾਈਨ ਵੇਚ ਰਹੀਆਂ ਹਨ?
ਇਨ੍ਹਾਂ ਨੂੰ ਡਾਟਾ ਬ੍ਰੋਕਰ ਕਿਹਾ ਜਾਂਦਾ ਹੈ। ਇਹ ਲੋਕ ਤੁਹਾਡੀ ਜਾਣਕਾਰੀ ਬਹੁਤ ਸਸਤੀ ਕੀਮਤ 'ਤੇ ਕਿਸੇ ਵੀ ਖਰੀਦਦਾਰ ਨੂੰ ਦੇ ਦਿੰਦੇ ਹਨ। ਇਸ ਵਿੱਚ ਟੈਲੀਮਾਰਕੇਟਰ, ਈਰਖਾ ਕਰਨ ਵਾਲੇ ਪੁਰਾਣੇ ਸਾਥੀ ਤੋਂ ਲੈ ਕੇ ਪਛਾਣ ਚੋਰੀ ਕਰਨ ਵਾਲੇ ਲੋਕ ਵੀ ਹੋ ਸਕਦੇ ਹਨ। ਇਸ ਨਾਲ ਤੁਹਾਡੀ ਸੁਰੱਖਿਆ ਖ਼ਤਰੇ ਵਿੱਚ ਪੈ ਸਕਦੀ ਹੈ।
ਪਰ ਇੱਕ ਟੂਲ ਹੈ ਜੋ ਇਸ ਜਾਣਕਾਰੀ ਨੂੰ ਲੱਭਣਾ ਔਖਾ ਕਰ ਦਿੰਦਾ ਹੈ। ਇਹ ਗੂਗਲ ਦੀ ਇੱਕ ਮੁਫ਼ਤ ਸੇਵਾ ਹੈ ਜਿਸਦਾ ਨਾਮ ਰਿਜ਼ਲਟਸ ਅਬਾਊਟ ਯੂ (Results About You) ਹੈ। ਸਮੱਸਿਆ ਇਹ ਹੈ ਕਿ ਕਈ ਲੋਕਾਂ ਨੂੰ ਇਸ ਬਾਰੇ ਪਤਾ ਹੀ ਨਹੀਂ।
ਗੂਗਲ ਆਪਣੇ ਸਰਚ ਇੰਜਨ ਲਈ ਇੰਟਰਨੈੱਟ ਤੋਂ ਲਗਾਤਾਰ ਜਾਣਕਾਰੀ ਇਕੱਠੀ ਕਰਦਾ ਹੈ। ਇਸ ਵਿੱਚ ਡਾਟਾ ਬ੍ਰੋਕਰਾਂ ਤੋਂ ਮਿਲੀ ਸੰਵੇਦਨਸ਼ੀਲ ਜਾਣਕਾਰੀ ਵੀ ਸ਼ਾਮਲ ਹੋ ਸਕਦੀ ਹੈ, ਜਿਸਨੂੰ ਤੁਸੀਂ ਗੁਪਤ ਰੱਖਣਾ ਚਾਹੁੰਦੇ ਹੋ।
ਇਸ ਪ੍ਰਕਿਰਿਆ ਦੌਰਾਨ ਕਈ ਵਾਰ ਕੰਪਨੀ ਅਣਜਾਣੇ ਵਿੱਚ ਤੁਹਾਨੂੰ ਗੰਭੀਰ ਖ਼ਤਰਿਆਂ ਦੇ ਸਾਹਮਣੇ ਰੱਖ ਦਿੰਦੀ ਹੈ। ਪਰ ਰਿਜ਼ਲਟਸ ਅਬਾਊਟ ਯੂ ਵਿੱਚ ਇੱਕ ਬਟਨ ਨਾਲ ਤੁਸੀਂ ਗੂਗਲ ਨੂੰ ਆਪਣੀ ਜਾਣਕਾਰੀ ਹਟਾਉਣ ਲਈ ਕਹਿ ਸਕਦੇ ਹੋ।
ਇਹ ਇੰਨਾ ਹੀ ਆਸਾਨ ਹੈ। ਕੰਪਨੀ ਨੇ ਹਾਲ ਹੀ ਵਿੱਚ ਇਸ ਸੇਵਾ ਨੂੰ ਹੋਰ ਵੀ ਲਾਭਦਾਇਕ ਬਣਾਉਣ ਲਈ ਅਪਡੇਟ ਕੀਤਾ ਹੈ।
ਅਮਰੀਕਾ ਵਿੱਚ ਡਿਜ਼ੀਟਲ ਹੱਕਾਂ ਲਈ ਕੰਮ ਕਰਨ ਵਾਲੇ ਗਰੁੱਪ ਇਲੈਕਟ੍ਰੋਨਿਕ ਫਰੰਟੀਅਰ ਫਾਊਂਡੇਸ਼ਨ (ਈਐੱਫਐੱਫ) ਦੇ ਸੁਰੱਖਿਆ ਅਤੇ ਪ੍ਰਾਈਵੇਸੀ ਕਾਰਕੁਨ ਥੋਰਿਨ ਕਲੋਸੋਵਸਕੀ ਕਹਿੰਦੇ ਹਨ ਕਿ ਇਹ ਬਿਲਕੁਲ ਸੌਖਾ ਫ਼ੈਸਲਾ ਹੈ।
ਉਹ ਕਹਿੰਦੇ ਹਨ ਕਿ ਰਿਜ਼ਲਟਸ ਅਬਾਊਟ ਯੂ ਮਾਰਕੀਟ ਵਿੱਚ ਮੌਜੂਦ ਸਭ ਤੋਂ ਮਹੱਤਵਪੂਰਨ ਅਤੇ ਆਸਾਨ ਪ੍ਰਾਈਵੇਸੀ ਟੂਲਾਂ ਵਿੱਚੋਂ ਇੱਕ ਹੈ।
"ਜੇ ਗੱਲ ਕੀਤੀ ਜਾਵੇ ਕਿ ਕੀ ਤੁਰੰਤ ਅਤੇ ਬਿਨਾਂ ਜ਼ਿਆਦਾ ਮਿਹਨਤ ਦੇ ਮਿਲ ਸਕਦਾ ਹੈ, ਤਾਂ ਇਹ ਸ਼ਾਇਦ ਨੰਬਰ ਇੱਕ ਹੈ। ਇਸ ਤਰ੍ਹਾਂ ਦੀ ਜਾਣਕਾਰੀ ਤੱਕ ਤੇਜ਼ ਪਹੁੰਚ ਨੂੰ ਵੱਡੇ ਜਾਂ ਛੋਟੇ ਦੋਵੇਂ ਤਰੀਕਿਆਂ ਨਾਲ ਗ਼ਲਤ ਢੰਗ ਨਾਲ ਵਰਤਿਆ ਜਾ ਸਕਦਾ ਹੈ।"
ਜਦੋਂ ਤੁਸੀਂ ਇਸਨੂੰ ਸੈਟ ਕਰ ਲੈਂਦੇ ਹੋ, ਤਾਂ ਗੂਗਲ ਤੁਹਾਨੂੰ ਈਮੇਲ ਕਰਦਾ ਹੈ ਜਦੋਂ ਉਹ ਤੁਹਾਡਾ ਨਾਮ, ਈਮੇਲ, ਫੋਨ ਨੰਬਰ ਜਾਂ ਪਤਾ ਲੱਭਦਾ ਹੈ।
ਤੁਸੀਂ ਇੱਕ ਕਲਿੱਕ ਨਾਲ ਉਹ ਵੈਬਸਾਈਟਾਂ ਵੇਖ ਸਕਦੇ ਹੋ ਜਿੱਥੇ ਇਹ ਜਾਣਕਾਰੀ ਮਿਲੀ ਹੈ। ਅਮਰੀਕਾ ਵਿੱਚ ਰਿਜ਼ਲਟਸ ਅਬਾਊਟ ਯੂ ਸੋਸ਼ਲ ਸਿਕਿਊਰਟੀ ਨੰਬਰ ਅਤੇ ਪਾਸਪੋਰਟ ਜਾਂ ਡਰਾਈਵਰ ਲਾਇਸੈਂਸ ਦੀ ਜਾਣਕਾਰੀ ਵੀ ਦਰਸਾ ਸਕਦਾ ਹੈ।
ਇਸ ਆਟੋਮੈਟਿਕ ਸੇਵਾ ਲਈ ਗੂਗਲ ਖਾਤਾ ਚਾਹੀਦਾ ਹੈ, ਪਰ ਜੇ ਤੁਸੀਂ ਆਪਣੇ ਆਪ ਸਰਚ ਨਤੀਜਿਆਂ ਵਿੱਚ ਸੰਵੇਦਨਸ਼ੀਲ ਜਾਣਕਾਰੀ ਲੱਭ ਲੈਂਦੇ ਹੋ ਤਾਂ ਉਸਨੂੰ ਹਟਾਉਣ ਲਈ ਮੈਨੁਅਲ ਤਰੀਕਾ ਵੀ ਹੈ ਅਤੇ ਇਸ ਲਈ ਖਾਤਾ ਲਾਜ਼ਮੀ ਨਹੀਂ।
ਜੇ ਇਹ ਜਾਣਕਾਰੀ ਖੁੱਲੀ ਰਹਿੰਦੀ ਹੈ ਤਾਂ ਇਸ ਨਾਲ ਕਈ ਤਰ੍ਹਾਂ ਦੇ ਖ਼ਤਰੇ ਹੋ ਸਕਦੇ ਹਨ। ਤੁਸੀਂ ਇਹ ਟੂਲ ਇੱਥੇ ਲੱਭ ਸਕਦੇ ਹੋ, ਪਰ ਲਿੰਕ 'ਤੇ ਕਲਿੱਕ ਕਰਨ ਤੋਂ ਪਹਿਲਾਂ ਕੁਝ ਮਹੱਤਵਪੂਰਨ ਗੱਲਾਂ ਸਮਝਣ ਲੈਣਾ ਜ਼ਰੂਰੀ ਹੈ।

ਇਸ ਵਿੱਚ ਰੁਕਾਵਟ ਕੀ ਹੈ?
ਅਪਰਾਧੀ ਹੈਕ ਅਤੇ ਡਾਟਾ ਲੀਕ ਤੋਂ ਮਿਲੀ ਸੰਵੇਦਨਸ਼ੀਲ ਜਾਣਕਾਰੀ ਨੂੰ ਲਗਾਤਾਰ ਖਰੀਦਦੇ ਅਤੇ ਵੇਚਦੇ ਰਹਿੰਦੇ ਹਨ। ਇਸ ਮਾਮਲੇ ਵਿੱਚ ਗੂਗਲ ਤੁਹਾਡੀ ਮਦਦ ਨਹੀਂ ਕਰ ਸਕਦਾ।
ਇਹ ਵੀ ਸਮਝਣਾ ਜ਼ਰੂਰੀ ਹੈ ਕਿ ਰਿਜ਼ਲਟਸ ਅਬਾਊਟ ਯੂ ਹੋਰ ਵੈਬਸਾਈਟਾਂ 'ਤੇ ਮੌਜੂਦ ਜਾਣਕਾਰੀ ਨੂੰ ਮਿਟਾਉਂਦਾ ਨਹੀਂ। ਇਹ ਸਿਰਫ਼ ਗੂਗਲ ਸਰਚ ਤੋਂ ਉਸ ਦੇ ਲਿੰਕ ਹਟਾਉਂਦਾ ਹੈ। ਪਰ ਇਸ ਨਾਲ ਵੱਡਾ ਫਰਕ ਪੈਂਦਾ ਹੈ।
ਇਹ ਟੂਲ ਤੁਹਾਨੂੰ ਪੂਰੀ ਪ੍ਰਾਈਵੇਸੀ ਅਤੇ ਪੂਰੀ ਤਸੱਲੀ ਨਹੀਂ ਦੇਵੇਗਾ, ਪਰ ਇਹ ਰੁਕਾਵਟਾਂ ਪੈਦਾ ਕਰਦਾ ਹੈ ਤਾਂ ਜੋ ਤੁਸੀਂ ਆਸਾਨ ਨਿਸ਼ਾਨਾ ਨਾ ਬਣੋ।
ਕਲੋਸੋਵਸਕੀ ਕਹਿੰਦੇ ਹਨ, "ਜੇ ਕੋਈ ਬਹੁਤ ਜ਼ਿਆਦਾ ਕੋਸ਼ਿਸ਼ ਕਰੇ ਤਾਂ ਉਹ ਤੁਹਾਨੂੰ ਲੱਭ ਸਕਦਾ ਹੈ। ਪਰ ਗੂਗਲ ਹਰ ਜਗ੍ਹਾ ਵਰਤਿਆ ਜਾਂਦਾ ਹੈ ਅਤੇ ਇਸਨੂੰ ਵਰਤਣਾ ਬਹੁਤ ਆਸਾਨ ਹੈ, ਇਸ ਲਈ ਸਭ ਤੋਂ ਸਪੱਸ਼ਟ ਅਤੇ ਆਸਾਨੀ ਨਾਲ ਮਿਲਣ ਵਾਲੀ ਜਾਣਕਾਰੀ ਨੂੰ ਹਟਾਉਣਾ ਕਾਫੀ ਮਦਦਗਾਰ ਹੈ। ਇਸ ਨਾਲ ਉਹ ਪਹਿਲੀ ਪਰਤ ਹਟ ਜਾਂਦੀ ਹੈ ਜੋ ਸਭ ਤੋਂ ਆਸਾਨੀ ਨਾਲ ਮਿਲਦੀ ਹੈ।"
ਜੇ ਤੁਸੀਂ ਜਾਣਕਾਰੀ ਨੂੰ ਪੂਰੀ ਤਰ੍ਹਾਂ ਇੰਟਰਨੈੱਟ ਤੋਂ ਹਟਾਉਣਾ ਚਾਹੁੰਦੇ ਹੋ ਤਾਂ ਇਸ ਲਈ ਹੋਰ ਕਦਮ ਚੁੱਕਣੇ ਪੈਣਗੇ।
ਤੁਹਾਨੂੰ ਰਿਜ਼ਲਟਸ ਅਬਾਊਟ ਮੀ ਨੂੰ ਇਹ ਵੀ ਦੱਸਣਾ ਪਵੇਗਾ ਕਿ ਕੀ ਲੱਭਣਾ ਹੈ। ਇਸਦਾ ਮਤਲਬ ਹੈ ਕਿ ਤੁਹਾਨੂੰ ਆਪਣੀ ਇਹ ਸੰਵੇਦਨਸ਼ੀਲ ਜਾਣਕਾਰੀ ਗੂਗਲ ਦੇ ਸਿਸਟਮ ਵਿੱਚ ਟਾਈਪ ਕਰਨੀ ਪਵੇਗੀ।
ਤੁਹਾਨੂੰ ਇਹ ਡੇਟਾ ਕਿਸੇ ਅਜਿਹੀ ਕੰਪਨੀ ਨੂੰ ਸੌਂਪਣ ਬਾਰੇ ਇਤਰਾਜ਼ ਹੋ ਸਕਦਾ ਹੈ, ਜਿਸਦਾ ਪ੍ਰਾਈਵੇਸੀ ਵਿਵਾਦਾਂ ਨਾਲ ਆਪਣਾ ਇਤਿਹਾਸ ਰਿਹਾ ਹੈ। ਪਰ ਕਲੋਸੋਵਸਕੀ ਕਹਿੰਦੇ ਹਨ ਕਿ ਗੂਗਲ ਕੋਲ ਤੁਹਾਡਾ ਪਤਾ ਅਤੇ ਫੋਨ ਨੰਬਰ ਪਹਿਲਾਂ ਹੀ ਹੋ ਸਕਦਾ ਹੈ, ਕਿਉਂਕਿ ਇਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਡਾਟਾ ਇਕੱਠਾ ਕਰਨ ਵਾਲੀਆਂ ਪ੍ਰਣਾਲੀਆਂ ਵਿੱਚੋਂ ਇੱਕ ਨੂੰ ਚਲਾਉਂਦਾ ਹੈ। ਇਸ ਤੋਂ ਇਲਾਵਾ ਗੂਗਲ ਇਸ ਸੇਵਾ ਬਾਰੇ ਖ਼ਾਸ ਪ੍ਰਾਈਵੇਸੀ ਭਰੋਸੇ ਵੀ ਦਿੰਦਾ ਹੈ।
ਗੂਗਲ ਦੇ ਇੱਕ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਰਿਜ਼ਲਟਸ ਅਬਾਊਟ ਯੂ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਹੋਰ ਮਕਸਦ ਲਈ ਵਰਤੀ ਨਹੀਂ ਜਾਂਦੀ। ਕੰਪਨੀਆਂ ਨੂੰ ਤੁਹਾਡੀ ਪ੍ਰਾਈਵੇਸੀ ਬਾਰੇ ਝੂਠ ਬੋਲਣ 'ਤੇ ਲੱਖਾਂ ਜਾਂ ਅਰਬਾਂ ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ। ਗੂਗਲ ਦਾ ਕਹਿਣਾ ਹੈ ਕਿ ਇਹ ਮਜ਼ਬੂਤ ਸੁਰੱਖਿਆ ਅਤੇ ਇੰਕ੍ਰਿਪਸ਼ਨ ਪ੍ਰਣਾਲੀ ਵੀ ਵਰਤਦਾ ਹੈ।

ਤਸਵੀਰ ਸਰੋਤ, Serenity Strull/ BBC
ਕਿਵੇਂ ਸ਼ੁਰੂ ਕਰੀਏ
ਇਹ ਟੂਲ ਸਧਾਰਨ ਹੈ। ਸਿਰਫ਼ ਰਿਜ਼ਲਟਸ ਅਬਾਊਟ ਯੂ ਦੇ ਹੱਬ 'ਤੇ ਜਾਓ ਅਤੇ ਫਾਰਮ ਭਰੋ। ਤੁਸੀਂ ਗੂਗਲ 'ਤੇ ਮਿਲਣ ਵਾਲੀ ਕਿਸੇ ਵੀ ਸਮੱਸਿਆ ਵਾਲੇ ਕੰਟੈਂਟ ਨੂੰ ਖੁਦ ਵੀ ਭੇਜ ਸਕਦੇ ਹੋ। ਸਰਚ ਨਤੀਜੇ ਵਿੱਚ ਲਿੰਕ ਦੇ ਨਾਲ ਤਿੰਨ ਬਿੰਦੂਆਂ (ਡੌਟਸ) ਵਾਲਾ ਮੀਨੂ ਖੋਲ੍ਹੋ ਅਤੇ "ਰਿਮੂਵ ਰਿਜ਼ਲਟਸ" 'ਤੇ ਕਲਿੱਕ ਕਰੋ ਜਾਂ ਇਸ ਪੇਜ ਦਾ ਇਸਤੇਮਾਲ ਕਰੋ।
ਕੁਝ ਮਾਮਲਿਆਂ ਵਿੱਚ ਗੂਗਲ ਪਰਿਵਾਰਕ ਮੈਂਬਰਾਂ ਨਾਲ ਸੰਬੰਧਤ ਜਾਣਕਾਰੀ ਵਾਲੇ ਨਤੀਜੇ ਵੀ ਹਟਾ ਸਕਦਾ ਹੈ। ਹਾਲਾਂਕਿ ਇਹ ਤੁਹਾਡੀ ਮੰਗ 'ਤੇ ਹਰ ਚੀਜ਼ ਨੂੰ ਸਰਚ ਇੰਜਨ ਤੋਂ ਨਹੀਂ ਹਟਾਏਗਾ। ਉਦਾਹਰਨ ਲਈ ਸਰਕਾਰੀ ਅਤੇ ਖ਼ਬਰੀ ਵੈਬਸਾਈਟਾਂ ਦੀ ਕੰਟੈਂਟ ਇਸ ਤੋਂ ਬਾਹਰ ਰਹਿੰਦੀਆਂ ਹਨ।
ਕਈ ਲੋਕਾਂ ਲਈ ਜੇ ਗੂਗਲ 'ਤੇ ਜਾਣਕਾਰੀ ਨਹੀਂ ਮਿਲਦੀ ਤਾਂ ਬਹੁਤੇ ਲੋਕਾਂ ਨੂੰ ਲੱਗਦਾ ਹੈ ਮੌਜੂਦ ਨਹੀਂ ਹੈ। ਪਰ ਜੇ ਤੁਸੀਂ ਇੰਟਰਨੈੱਟ ਤੋਂ ਇਹ ਡਾਟਾ ਪੂਰੀ ਤਰ੍ਹਾਂ ਹਟਾਉਣਾ ਚਾਹੁੰਦੇ ਹੋ ਤਾਂ ਇਹ ਹੋਰ ਮੁਸ਼ਕਲ ਹੈ।
ਤੁਸੀਂ ਡਾਟਾ ਬ੍ਰੋਕਰਾਂ ਨਾਲ ਸਿੱਧਾ ਸੰਪਰਕ ਕਰਕੇ ਆਪਣੀ ਜਾਣਕਾਰੀ ਮਿਟਾਉਣ ਲਈ ਕਹਿ ਸਕਦੇ ਹੋ। ਕੁਝ ਭੁਗਤਾਨ ਵਾਲੀਆਂ ਸੇਵਾਵਾਂ ਇਹ ਕੰਮ ਤੁਹਾਡੇ ਲਈ ਕਰ ਦਿੰਦੀਆਂ ਹਨ। .
ਕੈਲੀਫੋਰਨੀਆ ਦੇ ਨਿਵਾਸੀ ਰਾਜ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਫ਼ਤ ਡਿਲੀਟ ਰਿਕੁਵੈਸਟ ਐਂਡ ਓਪਟ ਪਲੇਟਫਾਰਮ (ਡਰੌਪ) ਦੀ ਵਰਤੋਂ ਕਰ ਸਕਦੇ ਹਨ। ਇਹ ਹਜ਼ਾਰਾਂ ਡਾਟਾ ਬ੍ਰੋਕਰਾਂ ਨੂੰ ਇਕੱਠੇ ਤੁਹਾਡਾ ਡਾਟਾ ਮਿਟਾਉਣ ਲਈ ਕਹਿੰਦੀ ਹੈ ਅਤੇ ਹੁਣ ਤੱਕ ਇਹ ਇਸ ਕਿਸਮ ਦਾ ਇਕੱਲਾ ਸਰਕਾਰੀ ਟੂਲ ਹੈ।
ਜੇ ਤੁਸੀਂ ਡੂੰਘਾਈ ਵਿੱਚ ਜਾਣਾ ਚਾਹੁੰਦੇ ਹੋ, ਤਾਂ ਨਿਗਰਾਨੀ ਸਵੈ-ਰੱਖਿਆ ਲਈ ਈਐੱਫਐੱਫ ਦੀ ਗਾਈਡ ਦੇਖੋ।
ਗੂਗਲ ਦੇ ਅਨੁਸਾਰ 2022 ਵਿੱਚ ਸ਼ੁਰੂ ਹੋਣ ਤੋਂ ਬਾਅਦ 1 ਕਰੋੜ ਤੋਂ ਵੱਧ ਲੋਕ ਰਿਜ਼ਲਟਸ ਅਬਾਊਟ ਯੂ ਦੀ ਵਰਤੋਂ ਕਰ ਚੁੱਕੇ ਹਨ। ਇਹ ਵੱਡੀ ਗਿਣਤੀ ਹੈ, ਪਰ ਲਗਭਗ 1.8 ਅਰਬ ਗੂਗਲ ਖਾਤਿਆਂ ਦੇ ਮੁਕਾਬਲੇ ਇਹ ਕਾਫ਼ੀ ਘੱਟ ਹੈ। ਇੰਨੀ ਘੱਟ ਮਿਹਨਤ ਨਾਲ ਇੰਨੀ ਸੁਰੱਖਿਆ ਦੇਣ ਵਾਲਾ ਹੋਰ ਕੋਈ ਪ੍ਰਾਈਵੇਸੀ ਟੂਲ ਤੁਹਾਨੂੰ ਲੱਭਣਾ ਮੁਸ਼ਕਲ ਹੋਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



























