ਪੰਜਾਬ ਵਿਧਾਨ ਸਭਾ ਚੋਣਾਂ 2022: ਵੋਟਾਂ ਪੈਣ ਤੋਂ ਨਤੀਜਿਆਂ ਤੱਕ ਸਾਰੇ ਅਹਿਮ ਸਵਾਲਾਂ ਦੇ ਜਵਾਬ

ਤਸਵੀਰ ਸਰੋਤ, NARINDER NANU/getty image
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋ ਚੁੱਕੀ ਹੈ, ਤੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।
ਪੰਜਾਬ ਸਣੇ ਚਾਰ ਹੋਰ ਰਾਜਾਂ ਵਿੱਚ ਵੀ ਚੋਣਾਂ ਹੋਣੀਆਂ ਹਨ ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼, ਉੱਤਰਾਖੰਡ, ਮਨੀਪੁਰ ਤੇ ਗੋਆ ਸ਼ਾਮਲ ਹਨ।
1. ਕਦੋਂ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ?
ਪੰਜਾਬ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪਈਆਂ। 16ਵੀਂ ਪੰਜਾਬ ਵਿਧਾਨ ਸਭਾ ਲਈ 117 ਹਲਕਿਆਂ 'ਤੇ ਚੋਣਾਂ ਹੋਈਆਂ।
ਪਿਛਲੀਆਂ ਵਿਧਾਨ ਸਭਾ ਚੋਣਾਂ ਸਾਲ 2017 ਵਿੱਚ ਹੋਈਆਂ ਸੀ, ਜਿਸ ਦੀ ਮਿਆਦ 28 ਮਾਰਚ 2022 ਨੂੰ ਖ਼ਤਮ ਹੋ ਜਾਵੇਗੀ।
ਪੰਜਾਬ ਵਿੱਚ ਦੇਸ਼ ਦੇ ਬਾਕੀ ਸੂਬਿਆਂ ਵਾਂਗ ਹਰ 5 ਸਾਲਾਂ ਬਾਅਦ ਚੋਣਾਂ ਹੁੰਦੀਆਂ ਹਨ।

ਤਸਵੀਰ ਸਰੋਤ, Hindustan Times/getty
2. ਕਿੰਨੇ ਹਨ ਹਲਕੇ ਅਤੇ ਕੀ ਹੈ ਬਹੁਮਤ ਦਾ ਅੰਕੜਾ?
ਪੰਜਾਬ ਵਿਧਾਨ ਸਭਾ ਵਿੱਚ 117 ਵਿਧਾਨ ਸਭਾ ਹਲਕੇ ਹਨ।
ਵਿਧਾਨ ਸਭਾ ਚੋਣਾਂ 'ਚ ਜਿੱਤਣ ਲਈ ਕਿਸੇ ਵੀ ਪਾਰਟੀ ਜਾਂ ਗਠਜੋੜ ਨੂੰ 59 ਦਾ ਅੰਕੜਾ ਹਾਸਲ ਕਰਨਾ ਹੁੰਦਾ ਹੈ।
ਇਸ ਲਈ ਜਿਹੜੀ ਵੀ ਪਾਰਟੀ ਚੋਣਾਂ 'ਚ 59 ਜਾਂ ਉਸ ਤੋਂ ਵੱਧ ਸੀਟਾਂ ਹਾਸਲ ਕਰ ਲੈਂਦੀ ਹੈ, ਉਸ ਦੇ ਸਿਰ ਸੱਜਦਾ ਹੈ ਪੰਜਾਬ ਦੀ ਸੱਤਾ ਦਾ ਤਾਜ।
ਇਹ ਵੀ ਪੜ੍ਹੋ
3. ਕੌਣ ਹਨ ਮੁੱਖ ਉਮੀਦਵਾਰ?
ਕਾਂਗਰਸ

ਤਸਵੀਰ ਸਰੋਤ, Hindustan Times/getty
ਚਰਨਜੀਤ ਸਿੰਘ ਚੰਨੀ - ਪੰਜਾਬ ਵਿੱਚ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨ ਦਿੱਤਾ ਹੈ।
ਉਹ ਪੰਜਾਬ ਦੇ ਪਹਿਲੇ ਅਜਿਹੇ ਮੰਤਰੀ ਹਨ ਜੋ ਦਲਿਤ ਭਾਈਚਾਰੇ ਨਾਲ ਸੰਬੰਧਤ ਹਨ। ਆਪਣੇ ਥੋੜ੍ਹੇ ਜਿਹੇ ਸਮੇਂ ਵਿੱਚ ਵੀ ਚੰਨੀ ਨੇ ਲੋਕਾਂ ਤੱਕ ਪਹੁੰਚ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ।
ਨਵਜੋਤ ਸਿੰਘ ਸਿੱਧੂ - ਪੰਜਾਬ ਕਾਂਗਰਸ ਦੀ ਕਮਾਨ ਹੱਥ ਆਉਣ ਤੋਂ ਬਾਅਦ ਸਿੱਧੂ ਦਾ ਰੁਤਬਾ ਹੋਰ ਵੱਧ ਗਿਆ ਹੈ। ਹਾਲਾਂਕਿ ਸਿੱਧੂ ਵੱਲੋਂ ਨਾਰਾਜ਼ ਹੋ ਕੇ ਇੱਕ ਵਾਰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਅਤੇ ਫਿਰ ਪ੍ਰਧਾਨਗੀ ਦੇ ਅਹੁਦੇ 'ਤੇ ਬਣੇ ਰਹਿਣ ਨੇ ਉਨ੍ਹਾਂ ਦੇ ਸਿਆਸੀ ਅਕਸ ਨੂੰ ਥੋੜ੍ਹਾ ਜਿਹਾ ਧੁੰਦਲਾ ਤਾਂ ਜ਼ਰੂਰ ਕੀਤਾ ਜਾਪਦਾ ਹੈ। ਪਰ ਜੇਕਰ ਕਾਂਗਰਸ ਦੀ ਸਰਕਾਰ ਮੁੜ ਸੱਤਾ 'ਚ ਆਉਂਦੀ ਹੈ ਤਾਂ ਇਨ੍ਹਾਂ ਦੀ ਅਹਿਮ ਭੂਮਿਕਾ ਦੀ ਉਮੀਦ ਕੀਤੀ ਜਾ ਰਹੀ ਹੈ।
ਪਰਗਟ ਸਿੰਘ - ਓਲੰਪਿਅਨ ਪਰਗਟ ਸਿੰਘ (ਜੋ ਮੌਜੂਦਾ ਮੰਤਰੀ ਮੰਡਲ ਵਿੱਚ ਸਿੱਖਿਆ ਮੰਤਰੀ ਹਨ) ਨੂੰ ਹਾਲੇ ਤੱਕ ਤਾਂ ਕੋਈ ਅਹਿਮ ਅਹੁਦਾ ਪੰਜਾਬ ਸਰਕਾਰ 'ਚ ਨਹੀਂ ਮਿਲਿਆ ਪਰ ਨਵਜੋਤ ਸਿੰਘ ਸਿੱਧੂ ਨਾਲ ਨਜ਼ਦੀਕੀ ਇਨ੍ਹਾਂ ਨੂੰ ਵੀ ਅਹਿਮ ਰੋਲ ਦਿਵਾ ਸਕਦੀ ਹੈ।
ਸ਼ੋਮਣੀ ਅਕਾਲੀ ਦਲ

ਤਸਵੀਰ ਸਰੋਤ, Hindustan Times/getty
ਪ੍ਰਕਾਸ਼ ਸਿੰਘ ਬਾਦਲ - ਸੂਬੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਚੋਣ ਮੈਦਾਨ ਵਿੱਚ ਹਨ।
ਸੁਖਬੀਰ ਸਿੰਘ ਬਾਦਲ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਭਾਵੇਂ ਮੌਜੂਦਾ ਸਮੇਂ 'ਚ ਸਾਂਸਦ ਹਨ ਪਰ ਉਹ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ 'ਚ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਅਕਾਲੀ ਦਲ ਦਾ ਪ੍ਰਮੁੱਖ ਚਿਹਰਾ ਹਨ। ਉਹ ਜਲਾਲਾਬਾਦ ਸੀਟ ਤੋਂ ਚੋਣ ਮੈਦਾਨ ਵਿੱਚ ਹਨ।
ਬਿਕਰਮਜੀਤ ਸਿੰਘ ਮਜੀਠਿਆ - ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਹਰਸਿਮਰਤ ਕੌਰ ਬਾਦਲ ਦੇ ਭਰਾ ਬਿਕਰਮਜੀਤ ਸਿੰਘ ਮਜੀਠਿਆ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਅੰਮ੍ਰਿਤਸਰ ਈਸਟ ਤੋਂ ਚੋਣ ਮੈਦਾਨ ਵਿੱਚ ਹਨ।
ਆਮ ਆਦਮੀ ਪਾਰਟੀ

ਤਸਵੀਰ ਸਰੋਤ, Hindustan Times/getty
ਭਗਵੰਤ ਮਾਨ - ਭਗਵੰਤ ਮਾਨ ਆਮ ਆਦਮੀ ਪਾਰਟੀ (ਆਪ) ਦੇ ਇਕਲੌਤੇ ਸੰਸਦ ਮੈਂਬਰ ਤਾਂ ਹਨ। ਆਮ ਆਦਮੀ ਪਾਰਟੀ ਨੇ ਉਨ੍ਹਾਂ ਨੇ ਆਪਣੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨ ਦਿੱਤਾ ਹੈ।
ਕੁੰਵਰ ਵਿਜੇ ਪ੍ਰਤਾਪ ਸਿੰਘ - ਪੰਜਾਬ ਪੁਲਿਸ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੁਲਿਸ ਤੋਂ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਬੇਅਦਬੀ ਮਾਮਲੇ ਦੀ ਜਾਂਚ 'ਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ। ਉਹ ਅੰਮ੍ਰਿਤਸਰ ਨਾਰਥ ਤੋਂ ਚੋਣ ਮੈਦਾਨ ਵਿੱਚ ਹਨ।
ਬਲਜਿੰਦਰ ਕੌਰ - ਆਮ ਆਦਮੀ ਪਾਰਟੀ 'ਚ ਮਹਿਲਾਵਾਂ ਦੀ ਨੁਮਾਇੰਦਗੀ ਕਰਦੀ ਬਲਜਿੰਦਰ ਕੌਰ ਵੀ ਪਾਰਟੀ ਦਾ ਅਹਿਮ ਚਿਹਰਾ ਹੈ।
ਅਨਮੋਲ ਗਗਨ ਮਾਨ - ਪੰਜਾਬ ਦੀ ਜਾਣੀ-ਪਛਾਣੀ ਗਾਇਕਾ ਅਨਮੋਲ ਗਗਨ ਮਾਨ ਇਸ ਵਕਤ ਪੰਜਾਬ ਦੀ ਸਿਆਸਤ 'ਚ ਨਵਾਂ ਪਰ ਕਾਫ਼ੀ ਸਰਗਰਮ ਚਿਹਰਾ ਹੈ।
4. ਕਿਹੜੇ ਹਨ ਮੁੱਖ ਵਿਧਾਨਸਭਾ ਹਲਕੇ?
•ਪਟਿਆਲਾ ਸ਼ਹਿਰੀ - ਕੈਪਟਨ ਅਮਰਿੰਦਰ ਸਿੰਘ ਦਾ ਹਲਕਾ
•ਲੰਬੀ - ਪ੍ਰਕਾਸ਼ ਸਿੰਘ ਬਾਦਲ ਦਾ ਹਲਕਾ
•ਜਲਾਲਾਬਾਦ - ਸੁਖਬੀਰ ਸਿੰਘ ਬਾਦਲ ਦਾ ਹਲਕਾ
•ਅੰਮ੍ਰਿਤਸਰ (ਈਸਟ) - ਨਵਜੋਤ ਸਿੰਘ ਸਿੱਧੂ ਦਾ ਹਲਕਾ
•ਚਮਕੌਰ ਸਾਹਿਬ - ਚਰਨਜੀਤ ਸਿੰਘ ਚੰਨੀ ਦਾ ਹਲਕਾ
ਇਹ ਵੀ ਪੜ੍ਹੋ
5. ਪੰਜਾਬ ਦੀਆਂ ਵਿਧਾਨਸਭਾ ਚੋਣਾਂ 'ਚ ਮੁੱਖ ਮੁੱਦੇ ਕਿਹੜੇ ਰਹਿਣਗੇ?

ਤਸਵੀਰ ਸਰੋਤ, Hindustan Times/getty
ਖੇਤੀ ਕਾਨੂੰਨਾਂ ਦਾ ਵਿਰੋਧ - ਇੱਕ ਸਮੇਂ ਤੋਂ ਵੱਧ ਕਿਸਾਨ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਰਹੇ। ਇਸ ਕਰਕੇ ਹੀ ਅਕਾਲੀ ਦਲ ਨੇ ਭਾਜਪਾ ਨਾਲ ਆਪਣਾ ਦਹਾਕਿਆਂ ਪੁਰਾਣਾ ਗਠਜੋੜ ਤੋੜ ਦਿੱਤਾ।
ਬੇਅਦਬੀ ਮਾਮਲੇ 'ਚ ਨਿਆਂ ਨਾ ਮਿਲਣਾ - ਬੇਅਦਬੀ ਮਾਮਲੇ 'ਚ ਅਜੇ ਵੀ ਨਿਆਂ ਦੀ ਉਡੀਕ ਦਰਕਾਰ ਹੈ। ਨਵਜੋਤ ਸਿੰਘ ਸਿੱਧੂ ਇਸ ਮੁੱਦੇ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰ ਚੁੱਕੇ ਹਨ।
ਬੇਰੁਜ਼ਗਾਰੀ - ਕੈਪਟਨ ਅਮਰਿੰਦਰ ਸਿੰਘ ਦਾ 'ਘਰ-ਘਰ ਨੌਕਰੀ' ਦਾ ਵਾਅਦਾ ਪੰਜਾਬ ਦੀ ਸਿਆਸਤ 'ਚ ਕਈ ਵਾਰ ਭੁਚਾਲ ਲਿਆ ਚੁੱਕਿਆ ਹੈ।
ਨਸ਼ਾ, ਮਾਈਨਿੰਗ ਅਤੇ ਬਿਜਲੀ ਦੇ ਮੁੱਦਾ ਵੀ ਇਨ੍ਹਾਂ ਵਿਧਾਨ ਸਭਾ ਚੋਣਾਂ 'ਚ ਅਹਿਮ ਰਹਿਣਗੇ।
6. 2017 ਦੇ ਚੋਣ ਨਤੀਜੇ ਕੀ ਕਹਿੰਦੇ ਹਨ?

ਤਸਵੀਰ ਸਰੋਤ, Getty Images
ਮੌਜੂਦਾ ਸਮੇਂ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਸੂਬਾ ਸਰਕਾਰ ਚੱਲ ਰਹੀ ਹੈ।
ਚੋਣਾਂ ਤੋਂ ਮਹਿਜ਼ 4 ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਵਿਧਾਇਕਾਂ ਅਤੇ ਮੰਤਰੀਆਂ ਦੇ ਵਿਰੋਧ ਦੇ ਚਲਦਿਆਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ।
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਇੰਡੀਅਨ ਨੈਸ਼ਨਲ ਕਾਂਗਰਸ ਨੇ 117 ਵਿਧਾਨ ਸਭਾ ਹਲਕਿਆਂ 'ਚੋਂ 77 'ਤੇ ਜਿੱਤ ਹਾਸਲ ਕੀਤੀ ਸੀ।
ਪੰਜਾਬ ਦੇ ਚੋਣ ਮੈਦਾਨ 'ਚ ਪਹਿਲੀ ਵਾਰ ਉਤਰੀ ਆਮ ਆਦਮੀ ਪਾਰਟੀ 20 ਸੀਟਾਂ 'ਤੇ ਜਿੱਤ ਦਰਜ ਕਰਵਾ ਕੇ ਸੂਬੇ ਵਿੱਚ ਦੂਜੇ ਨੰਬਰ ਦੀ ਪਾਰਟੀ ਬਣ ਗਈ ਸੀ।
ਕਾਂਗਰਸ ਦੀ ਇਸ ਵੱਡੀ ਜਿੱਤ ਨੇ ਪੰਜਾਬ ਦੀ ਰਵਾਇਤੀ ਪਾਰਟੀ ਸ਼੍ਰੋਮਣੀ ਅਕਾਲੀ ਦਲ - ਭਾਜਪਾ ਗਠਜੋੜ ਨੂੰ ਸੂਬੇ ਦੀ ਸਿਆਸਤ 'ਚ ਤੀਸਰੇ ਨੰਬਰ ਪਾਇਦਾਨ 'ਤੇ ਲਿਆ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਨੂੰ 15 ਅਤੇ ਭਾਜਪਾ ਨੂੰ 3 ਸੀਟਾਂ 'ਤੇ ਜਿੱਤ ਹਾਸਲ ਹੋਈ ਸੀ।
ਲੋਕ ਇਨਸਾਫ਼ ਪਾਰਟੀ ਨੇ ਦੋ ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ।
ਸ਼੍ਰੋਮਣੀ ਅਕਾਲੀ ਦਲ ਪਾਰਟੀ ਜੋ ਕਿ ਕਰੀਬ ਤਿੰਨ ਦਹਾਕਿਆਂ ਤੋਂ ਭਾਜਪਾ ਦੀ ਭਾਈਵਾਲ ਪਾਰਟੀ ਰਹੀ ਹੈ, ਨੇ ਕੇਂਦਰ ਸਰਕਾਰ ਵੱਲੋਂ 2020 'ਚ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਜਪਾ ਤੋਂ ਵੱਖ ਹੋਣ ਦਾ ਫੈਸਲਾ ਲਿਆ।
ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਬਸਪਾ ਦੇ ਨਾਲ ਗਠਜੋੜ ਕਰ ਲਿਆ।
ਆਮ ਆਦਮੀ ਪਾਰਟੀ (ਆਪ) ਨੇ ਸਾਲ 2017 'ਚ ਲੋਕ ਇਨਸਾਫ ਪਾਰਟੀ ਨਾਲ ਗਠਜੋੜ ਕਰਕੇ ਚੋਣ ਲੜੀ ਸੀ ਪਰ ਬਾਅਦ ਵਿੱਚ ਇਹ ਗਠਜੋੜ ਵੀ ਟੁੱਟ ਗਿਆ।
• 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਨੂੰ 38.5 ਫ਼ੀਸਦ (59,24,995) ਵੋਟਾਂ ਮਿਲੀਆਂ ਸਨ।
• ਸ਼੍ਰੋਮਣੀ ਅਕਾਲੀ ਦਲ ਨੂੰ 25.3 ਫ਼ੀਸਦ (38,98,161) ਵੋਟਾਂ ਮਿਲੀਆਂ ਸਨ।
• ਆਮ ਆਦਮੀ ਪਾਰਟੀ ਨੂੰ 23.8 ਫ਼ੀਸਦ (36,59,266) ਵੋਟਾਂ ਮਿਲੀਆਂ ਸਨ।
• ਭਾਜਪਾ ਨੂੰ 5.3 ਫ਼ੀਸਦ (8,19,927) ਵੋਟਾਂ ਮਿਲੀਆਂ ਸਨ।
ਜੇਕਰ ਪੰਜਾਬ ਵਿੱਚ 2017 ਦੇ ਚੋਣ ਨਤੀਜਿਆਂ ਦੌਰਾਨ ਮਾਲਵਾ, ਮਾਝਾ ਅਤੇ ਦੋਆਬਾ ਦੇ ਸਮੀਕਰਨ ਨੂੰ ਸਮਝਣਾ ਹੋਵੇ ਤਾਂ ਅੰਕੜੇ ਕੁਝ ਇਸ ਤਰ੍ਹਾਂ ਹਨ -
• ਮਾਲਵਾ - ਕਾਂਗਰਸ (40), ਆਮ ਆਦਮੀ ਪਾਰਟੀ (18), ਸ਼੍ਰੋਮਣੀ ਅਕਾਲੀ ਦਲ (8), ਭਾਰਤੀ ਜਨਤਾ ਪਾਰਟੀ (1), ਲੋਕ ਇਨਸਾਫ਼ ਪਾਰਟੀ (2)
• ਮਾਝਾ - ਕਾਂਗਰਸ (22), ਸ਼੍ਰੋਮਣੀ ਅਕਾਲੀ ਦਲ (2), ਭਾਰਤੀ ਜਨਤਾ ਪਾਰਟੀ (1)
• ਦੋਆਬਾ - ਕਾਂਗਰਸ (15), ਸ਼੍ਰੋਮਣੀ ਅਕਾਲੀ ਦਲ (5), ਆਮ ਆਦਮੀ ਪਾਰਟੀ (2), ਭਾਰਤੀ ਜਨਤਾ ਪਾਰਟੀ (1)
7. ਈਵੀਐਮ ਅਤੇ ਵੀਵੀਪੀਏਟੀ ਕੀ ਹੁੰਦਾ ਹੈ?
ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐਮ) ਇੱਕ ਮਸ਼ੀਨ ਹੈ, ਜਿਸ 'ਤੇ ਉਮੀਦਵਾਰਾਂ ਦੇ ਨਾਮ ਅਤੇ ਪਾਰਟੀਆਂ ਦੇ ਚੋਣ ਨਿਸ਼ਾਨ ਬਣੇ ਹੁੰਦੇ ਹਨ।
ਉਮੀਦਵਾਰਾਂ ਦੇ ਨਾਮ ਉਨ੍ਹਾਂ ਭਾਸ਼ਾਵਾਂ ਵਿੱਚ ਲਿਖੇ ਜਾਂਦੇ ਹਨ ਜੋ ਹਲਕੇ ਵਿੱਚ ਜ਼ਿਆਦਾ ਬੋਲੀਆਂ ਜਾਂਦੀਆਂ ਹਨ।
ਅਨਪੜ੍ਹ ਵੋਟਰਾਂ ਲਈ ਹਰ ਉਮੀਦਵਾਰ ਦੀ ਪਛਾਣ ਚੋਣ ਨਿਸ਼ਾਨਾਂ ਨਾਲ ਵੀ ਹੁੰਦੀ ਹੈ। ਜਿਵੇਂ ਕਿ ਕਮਲ ਭਾਜਪਾ ਦਾ ਚੋਣ ਨਿਸ਼ਾਨ ਹੈ ਅਤੇ ਹੱਥ ਕਾਂਗਰਸ ਦਾ।
ਜਦੋਂ ਤੁਸੀਂ ਵੋਟ ਪਾਉਣ ਲਈ ਤਿਆਰ ਹੋ, ਆਪਣੇ ਪਸੰਦੀਦਾ ਉਮੀਦਵਾਰ ਦੇ ਨਾਮ ਦੇ ਅੱਗੇ ਲੱਗਿਆ ਨੀਲਾ ਬਟਨ ਦਬਾਓ।
ਥੋੜ੍ਹੀ ਦੇਰ ਰੁਕੋ, ਇਸ ਦਾ ਮਤਲਬ ਇਹ ਨਹੀਂ ਕਿ ਤੁਹਾਡਾ ਵੋਟ ਰਿਕਾਰਡ ਹੋ ਗਿਆ ਹੈ।
ਇਹ ਉਦੋਂ ਹੀ ਹੋਵੇਗਾ ਜਦੋਂ ਤੁਹਾਨੂੰ ਬੀਪ ਦੀ ਆਵਾਜ਼ ਸੁਣਾਈ ਦੇਵੇਗੀ ਅਤੇ ਕੰਟਰੋਲ ਯੂਨਿਟ ਦੀ ਲਾਈਟ ਬੰਦ ਹੋ ਜਾਏਗੀ।

ਤਸਵੀਰ ਸਰੋਤ, Hindustan Times/getty
ਤੁਸੀਂ ਹੁਣ ਵੋਟ ਪਾ ਦਿੱਤੀ ਹੈ! ਵੋਟ ਪਾਉਣ ਤੋਂ ਬਾਅਦ ਪੋਲਿੰਗ ਅਫਸਰਾਂ ਦੇ ਈਵੀਐਮ ਦਾ "ਕਲੋਜ਼" ਬਟਨ ਦਬਾਉਣ ਦੇ ਬਾਅਦ ਮਸ਼ੀਨ ਵੋਟਾਂ ਰਿਕਾਰਡ ਕਰਨੀਆਂ ਬੰਦ ਕਰ ਦਿੰਦੀ ਹੈ ਤਾਂ ਕਿ ਇਸ ਨਾਲ ਕੋਈ ਛੇੜਛਾੜ ਨਾ ਹੋ ਸਕੇ।
ਇਸ ਨੂੰ ਮੋਮ ਅਤੇ ਸੁਰੱਖਿਅਤ ਸਟ੍ਰਿਪ ਦੇ ਨਾਲ ਸੀਲ ਕੀਤਾ ਜਾਂਦਾ ਹੈ ਅਤੇ ਚੋਣ ਕਮਿਸ਼ਨ ਦੁਆਰਾ ਸੀਰੀਅਲ ਨੰਬਰ ਦਿੱਤਾ ਜਾਂਦਾ ਹੈ।
ਵੋਟਾਂ ਦੀ ਗਿਣਤੀ ਸ਼ੁਰੂ ਹੋਣ 'ਤੇ ਹੀ ਇਸ ਨੂੰ ਖੋਲ੍ਹਿਆ ਜਾਂਦਾ ਹੈ।
ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਗਿਣਤੀ ਕਰਨ ਵਾਲਾ ਸਟਾਫ ਅਤੇ ਉਮੀਦਵਾਰਾਂ ਦੇ ਏਜੰਟ ਇਸ ਨੂੰ ਜਾਂਚਦੇ ਹਨ। ਇਹ ਸਾਰਾ ਕੁਝ "ਰਿਟਰਨਿੰਗ ਅਫਸਰ" ਦੀ ਨਿਗਰਾਨੀ ਵਿੱਚ ਹੁੰਦਾ ਹੈ।
ਜਦੋਂ ਰਿਟਰਨਿੰਗ ਅਫਸਰ ਤਸੱਲੀ ਕਰ ਲੈਂਦਾ ਹੈ ਕਿ ਵੋਟਿੰਗ ਮਸ਼ੀਨ ਨਾਲ ਛੇੜ-ਛਾੜ ਨਹੀਂ ਹੋਈ ਹੈ, ਉਹ "ਰਿਜ਼ਲਟ" ਦਾ ਬਟਨ ਦਬਾਉਂਦਾ ਹੈ।

ਅਫਸਰ ਕੰਟਰੋਲ ਯੂਨਿਟ 'ਤੇ ਨਜ਼ਰ ਆ ਰਹੀਆਂ ਹਰ ਉਮੀਦਵਾਰ ਨੂੰ ਪਈਆਂ ਵੋਟਾਂ ਦਾ ਜਾਇਜ਼ਾ ਲੈਂਦਾ ਹੈ।
ਤਸੱਲੀ ਕਰਨ ਤੋਂ ਬਾਅਦ, ਰਿਟਰਨਿੰਗ ਅਫ਼ਸਰ ਨਤੀਜਿਆਂ ਦੀ ਸ਼ੀਟ 'ਤੇ ਸਾਈਨ ਕਰਦਾ ਹੈ ਅਤੇ ਚੋਣ ਕਮਿਸ਼ਨ ਨੂੰ ਦਿੰਦਾ ਹੈ।
ਚੋਣ ਕਮਿਸ਼ਨ ਨਾਲ ਦੇ ਨਾਲ ਨਤੀਜੇ ਨੂੰ ਆਪਣੀ ਵੈਬਸਾਈਟ 'ਤੇ ਦਿਖਾਉਂਦਾ ਹੈ।
ਵੀਵੀਪੀਏਟੀ ਯਾਨੀ ਵੋਟਰ ਵੇਰੀਫਾਇਬਲ ਪੇਪਰ ਆਡਿਟ ਟ੍ਰੇਲ ਵਿਵਸਥਾ ਦੇ ਤਹਿਤ ਵੋਟ ਪਾਉਣ ਤੋਂ ਤੁਰੰਤ ਬਾਅਦ ਕਾਗਜ਼ ਦੀ ਇੱਕ ਪਰਚੀ ਬਣਦੀ ਹੈ। ਇਸ ਉੱਤੇ ਜਿਸ ਉਮੀਦਵਾਰ ਨੂੰ ਵੋਟ ਦਿੱਤਾ ਗਿਆ ਹੈ, ਉਸ ਦਾ ਨਾਮ ਅਤੇ ਚੋਣ ਨਿਸ਼ਾਨ ਛਪਿਆ ਹੁੰਦਾ ਹੈ।
ਇਹ ਵਿਵਸਥਾ ਇਸ ਲਈ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਵਿਵਾਦ ਹੋਣ 'ਤੇ ਈਵੀਐਮ 'ਚ ਪਏ ਵੋਟ ਦੇ ਨਾਲ ਪਰਚੀ ਦਾ ਮਿਲਾਨ ਕੀਤਾ ਜਾ ਸਕੇ।
ਈਵੀਐਮ 'ਤੇ ਲੱਗੇ ਸ਼ੀਸ਼ੇ ਦੀ ਸਕ੍ਰੀਨ 'ਤੇ ਇਹ ਪਰਚੀ 7 ਸੈਕਿੰਡ ਤੱਕ ਦਿਖਦੀ ਹੈ।
ਭਾਰਤ ਇਲੈਕਟ੍ਰਾਨਿਕਸ ਲਿਮਿਟਡ ਅਤੇ ਇਲੈਕਟ੍ਰੋਨਿਕ ਕਾਰਪੋਰੇਸ਼ਨ ਆਫ਼ ਇੰਡੀਆ ਲਿਮਿਟਿਡ ਨੇ ਇਹ ਮਸ਼ੀਨ 2013 ਵਿੱਚ ਡਿਜ਼ਾਈਨ ਕੀਤੀ ਸੀ।
9. ਕੌਣ ਹੈ ਯੋਗ ਵੋਟਰ ਤੇ ਤੁਸੀਂ ਕਿਵੇਂ ਵੋਟ ਪਾ ਸਕਦੇ ਹੋ?

ਤਸਵੀਰ ਸਰੋਤ, NARINDER NANU/getty
ਵੋਟ ਪਾਉਣ ਲਈ ਤੁਹਾਡੀ ਉਮਰ ਘੱਟ ਤੋਂ ਘੱਟ 18 ਸਾਲ ਹੋਣੀ ਚਾਹੀਦੀ ਹੈ।
ਪੋਲਿੰਗ ਸਟੇਸ਼ਨ ਪਹੁੰਚਣ ਤੋਂ ਬਾਅਦ ਤੁਹਾਨੂੰ ਛੋਟੇ ਗਰੁੱਪਸ ਵਿੱਚ ਅੰਦਰ ਭੇਜਿਆ ਜਾਵੇਗਾ। ਜਦੋਂ ਤੁਹਾਡੀ ਵਾਰੀ ਆਏਗੀ, ਪੋਲਿੰਗ ਅਫ਼ਸਰ ਤੁਹਾਡੀ ਪਛਾਣ ਪੱਤਰ ਦੀ ਜਾਂਚ ਕਰੇਗਾ।
ਦੂਜਾ ਅਧਿਕਾਰੀ ਤੁਹਾਡੀ ਉਂਗਲ 'ਤੇ ਨਾ ਮਿਟ ਸਕਣ ਵਾਲੀ ਸਿਆਹੀ ਲਗਾਏਗਾ। ਇਸ ਤੋਂ ਬਾਅਦ ਤੁਸੀਂ ਵੋਟਰਾਂ ਦੇ ਰਜਿਸਟਰ 'ਤੇ ਸਾਈਨ ਕਰੋਗੇ।
ਤੀਜਾ ਪੋਲਿੰਗ ਅਧਿਕਾਰੀ ਤੁਹਾਡੀ ਵੋਟਰ ਸਲਿਪ ਲਵੇਗਾ ਅਤੇ ਈਵੀਐਮ ਦੇ ਕੰਟਰੋਲ ਯੂਨਿਟ 'ਤੇ ਬਟਨ ਦਬਾਏਗਾ ਜਿਸ 'ਤੇ "ਬੈਲਟ" ਲਿਖਿਆ ਹੈ।
ਤੁਸੀਂ ਹੁਣ ਵੋਟ ਪਾਉਣ ਲਈ ਤਿਆਰ ਹੋ।
ਤੁਹਾਨੂੰ ਵੋਟਿੰਗ ਕੰਪਾਰਟਮੈਂਟ ਵੱਲ ਭੇਜਿਆ ਜਾਵੇਗਾ ਜਿੱਥੇ ਤੁਹਾਨੂੰ ਈਵੀਐਮ ਦਿਖੇਗਾ ਜੋ ਤੁਹਾਡੇ ਵੋਟ ਨੂੰ ਰਿਕਾਰਡ ਕਰੇਗਾ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
































