ਇਜ਼ਰਾਇਲੀ ਪੀਐੱਮ ਨੇਤਨਯਾਹੂ ਬੋਲੇ, 'ਆਉਂਦੇ ਦਿਨਾਂ 'ਚ ਈਰਾਨ 'ਤੇ ਹਮਲੇ ਹੋਰ ਤੇਜ਼ ਕਰਾਂਗੇ', ਹੁਣ ਤੱਕ ਕੀ-ਕੀ ਹੋਇਆ

ਤਸਵੀਰ ਸਰੋਤ, GPO
ਅਮਰੀਕਾ-ਇਜ਼ਰਾਇਲ ਅਤੇ ਈਰਾਨ ਵਿਚਾਲੇ ਜਾਰੀ ਹਮਲਿਆਂ 'ਤੇ ਅਜੇ ਵਿਰਾਮ ਲੱਗਦਾ ਨਜ਼ਰ ਨਹੀਂ ਆ ਰਿਹਾ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕਿਹਾ, "ਰੱਖਿਆ ਮੰਤਰੀ, ਚੀਫ ਆਫ ਸਟਾਫ ਅਤੇ ਮੋਸਾਦ ਸੁਰੱਖਿਆ ਸਰਵਿਸ ਦੇ ਮੁਖੀ ਨਾਲ ਹੋਈ ਮੀਟਿੰਗ ਦੌਰਾਨ ਹਮਲਿਆਂ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ।"
ਨੇਤਨਯਾਹੂ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ, "ਸਾਡੀਆਂ ਫੌਜਾਂ ਹੁਣ ਤਹਿਰਾਨ ਦੇ ਦਿਲ 'ਤੇ ਹੋਰ ਵੀ ਤੇਜ਼ੀ ਅਤੇ ਮਜ਼ਬੂਤੀ ਨਾਲ ਹਮਲੇ ਕਰ ਰਹੀਆਂ ਅਤੇ ਆਉਣ ਵਾਲੇ ਦਿਨਾਂ 'ਚ ਇਹ ਹਮਲੇ ਹੋਰ ਵੀ ਤੇਜ਼ ਹੋਣਗੇ।"
"ਹਾਲਾਂਕਿ ਇਹ ਬਹੁਤ ਦੁਖਦਾਈ ਦਿਨ ਹਨ। ਬੀਤੇ ਕੱਲ੍ਹ ਤੇਲ ਅਵੀਵ ਅਤੇ ਹੁਣ ਬੇਤ ਸ਼ੇਮੇਸ਼ 'ਚ ਅਸੀਂ ਆਪਣੇ ਕਈ ਪਿਆਰਿਆਂ ਨੂੰ ਗੁਆਇਆ ਹੈ। ਮੇਰੀ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦਿਲੀ ਹਮਦਰਦੀ ਹੈ ਅਤੇ ਜ਼ਖਮੀਆਂ ਦੀ ਸਿਹਤਯਾਬੀ ਦੀ ਅਰਦਾਸ ਕਰਦਾ ਹਾਂ।"
ਉਧਰ ਅਮਰੀਕੀ ਸੈਂਟਰਲ ਕਮਾਂਡ ਨੇ ਦਾਅਵਾ ਕੀਤਾ ਕਿ ਉਨ੍ਹਾਂ ਈਰਾਨ ਦੇ ਇੱਕ ਯੁੱਧਪੋਤ ਨੂੰ ਡੁਬੋ ਦਿੱਤਾ। ਸੋਸ਼ਲ ਮੀਡੀਆ ਐਕਸ 'ਤੇ ਪਾਈ ਪੋਸਟ 'ਚ ਸੈਂਟਕੋਮ ਨੇ ਕਿਹਾ ਕਿ ਅਮਰੀਕੀ ਫੌਜਾਂ ਨੇ ਸ਼ਨੀਵਾਰ ਨੂੰ ਸ਼ੁਰੂ ਹੋਣ ਆਪ੍ਰੇਸ਼ਨ ਐਪਿਕ ਫਰੀ ਦੌਰਾਨ ਜਾਮਰਾਨ-ਕਲਾਸ ਕੋਰਵੇਟ ਨੂੰ ਨਿਸ਼ਾਨਾ ਬਣਾਇਆ ਅਤੇ ਇਹ ਜੰਗੀ ਜਹਾਜ਼ ਓਮਾਨ ਦੀ ਖਾੜੀ 'ਚ ਡੁੱਬ ਗਿਆ।
ਯੂਐਸ ਸੈਂਟਰਲ ਕਮਾਂਡ (ਸੈਂਟਕੋਮ) ਨੇ ਆਪ੍ਰੇਸ਼ਨ ਐਪਿਕ ਫਰੀ ਦੌਰਾਨ ਹੁਣ ਤੱਕ ਤਿੰਨ ਅਮਰੀਕੀ ਫੌਜੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਅਮਰੀਕੀ ਫੌਜ ਮੁਤਾਬਕ ਪੰਜ ਹੋਰ ਜਵਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ।
'ਖਾਮੇਨਈ ਵੱਲੋਂ ਦਿਖਾਏ ਮਾਰਗ 'ਤੇ ਚੱਲਦੇ ਰਹਾਂਗੇ' , ਈਰਾਨੀ ਵਿਦੇਸ਼ ਮੰਤਰੀ ਦਾ ਬਿਆਨ

ਤਸਵੀਰ ਸਰੋਤ, Getty Images
ਈਰਾਨ ਦੇ ਸੁਪਰੀਮ ਲੀਡਰ ਅਲੀ ਖਾਮੇਨਈ ਦੀ ਮੌਤ ਨੂੰ ਲੈਕੇ ਇਰਾਨੀ ਵਿਦੇਸ਼ ਮੰਤਰਾਲੇ ਵੱਲੋਂ ਬਿਆਨ ਜਾਰੀ ਕੀਤਾ ਗਿਆ।
ਬਿਆਨ 'ਚ ਈਰਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਲੈਕੇ ਤਹਿਰਾਨ ਅਤੇ ਵਾਸ਼ਿੰਗਟਨ ਵਿਚਾਲੇ ਜਾਰੀ ਦੁਵੱਲੀ ਵਾਰਤਾ ਦਰਮਿਆਨ ਅਮਰੀਕਾ ਅਤੇ ਇਜ਼ਰਾਇਲ ਵੱਲੋਂ ਕੀਤੇ ਗਏ ਹਵਾਈ ਹਮਲੇ ਦੀ ਇੱਕ ਵਾਰ ਮੁੜ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਗਈ ਹੈ।
ਹਾਲ ਹੀ ਵਿੱਚ ਹੋਏ ਹਵਾਈ ਹਮਲੇ ਅਜਿਹੇ ਸਮੇਂ 'ਚ ਕੀਤੇ ਗਏ ਜਦੋਂ 26 ਜਨਵਰੀ ਨੂੰ ਜੇਨੇਵਾ 'ਚ ਵਾਸ਼ਿੰਗਟਨ ਅਤੇ ਤਹਿਰਾਨ ਵਿਚਾਲੇ ਚੱਲ ਰਹੀ ਵਾਰਤਾ ਦੀ ਓਮਾਨ ਵੱਲੋਂ ਵਿਚੋਲਗੀ ਕੀਤੀ ਗਈ ਸੀ।
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਬਿਆਨ ਵਿੱਚ ਕਿਹਾ ਕਿ 'ਖਾਮੇਨਈ ਵੱਲੋਂ ਦਿਖਾਏ ਮਾਰਗ 'ਤੇ ਚੱਲਦੇ ਰਹਾਂਗੇ।'
ਪਾਕਿਸਤਾਨ ਦੇ ਕਰਾਚੀ 'ਚ ਅਮਰੀਕੀ ਕੌਂਸਲੇਟ 'ਤੇ ਗੁੱਸਾਈ ਭੀੜ ਦਾ ਹਮਲਾ, 6 ਲੋਕਾਂ ਦੀ ਮੌਤ

ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਤੋਂ ਬਾਅਦ ਪਾਕਿਸਤਾਨ ਦੇ ਕਰਾਚੀ 'ਚ ਹਿੰਸਕ ਪ੍ਰਦਰਸ਼ਨ ਹੋਇਆ ਹੈ। ਸ਼ਹਿਰ ਦੇ ਅਮਰੀਕੀ ਕੌਂਸਲੇਟ ਦੇ ਬਾਹਰ ਹੋਏ ਇਸ ਹਿੰਸਕ ਪ੍ਰਦਰਸ਼ਨ 'ਚ 6 ਲੋਕਾਂ ਦੀ ਮੌਤ ਹੋਈ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਕੁਝ ਲੋਕਾਂ ਨੇ ਕੌਂਸਲੇਟ ਦਾ ਗੇਟ ਤੋੜਿਆ ਅਤੇ ਰਿਸੈਪਸ਼ਨ ਦੇ ਨੇੜੇ ਸਥਿਤ ਸੁਰੱਖਿਆ ਕਮਰੇ ਦੀਆਂ ਖਿੜਕੀਆਂ ਤੋੜ ਦਿੱਤੀਆਂ।
ਮਜਲਿਸ-ਏ-ਵਹਾਦਤ ਮੁਸਲਿਮੀਨ ਦੇ ਬੁਲਾਰੇ ਦੇ ਮੁਤਾਬਕ ਇਹ ਇੱਕ ਜਨਤਕ ਵਿਰੋਧ ਪ੍ਰਦਰਸ਼ਨ ਸੀ ਜਿਸ ਵਿੱਚ ਲੋਕ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਤੋਂ ਬਾਅਦ ਅਮਰੀਕੀ ਕੌਂਸਲੇਟ ਦੇ ਬਾਹਰ ਇਕੱਠੇ ਹੋਏ ਸਨ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਲੋਕਾਂ 'ਤੇ ਕੌਂਸਲੇਟ ਦੇ ਅੰਦਰੋਂ ਵੀ ਗੋਲੀਆਂ ਚਲਾਈਆਂ ਗਈਆਂ। ਕਰਾਚੀ ਪੁਲਿਸ ਦੇ ਅਧਿਕਾਰੀ ਡਾਕਟਰ ਸਮੀ ਸੈਯਦ ਨੇ ਪੁਸ਼ਟੀ ਕੀਤੀ ਕਿ ਪ੍ਰਦਰਸ਼ਨ ਦੌਰਾਨ ਛੇ ਲੋਕ ਮਾਰੇ ਗਏ ਅਤੇ 8 ਜ਼ਖਮੀ ਹੋਏ ਹਨ।
ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਗ੍ਰਹਿ ਮੰਤਰੀ ਜ਼ਿਆ-ਉਲ-ਹਸਨ ਲਾਂਜਰ ਨੇ ਅਮਰੀਕੀ ਕੌਂਸਲੇਟ ਦੇ ਬਾਹਰ ਹੋਏ ਵਿਰੋਧ ਪ੍ਰਦਰਸ਼ਨ 'ਤੇ ਕਰਾਚੀ ਦੇ ਵਧੀਕ ਆਈਜੀ ਕਰਾਚੀ ਤੋਂ ਰਿਪੋਰਟ ਮੰਗੀ ਹੈ।
ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸ਼ਾਂਤੀ ਵਿਵਸਥਾ ਨੂੰ ਭੰਗ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਪੁਲਿਸ ਨੂੰ ਸੰਵੇਦਨਸ਼ੀਲ ਥਾਵਾਂ ਦੀ ਸੁਰੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਨਿਰਦੇਸ਼ ਦਿੱਤੇ।

ਤਸਵੀਰ ਸਰੋਤ, Getty Images
ਉਧਰ ਸਮਾਚਾਰ ਏਜੰਸੀ ਏਐਫਪੀ ਦੇ ਇੱਕ ਪੱਤਰਕਾਰ ਮੁਤਾਬਿਕ ਐਤਵਾਰ ਨੂੰ ਸੈਂਕੜੇ ਈਰਾਨ ਹਿਮਾਇਤੀ ਪ੍ਰਦਰਸ਼ਨਕਾਰੀਆਂ ਨੇ ਕਰਾਚੀ 'ਚ ਅਮਰੀਕੀ ਕੌਂਸਲੇਟ 'ਤੇ ਧਾਵਾ ਬੋਲਣ ਦੀ ਕੋਸ਼ਿਸ਼ ਕੀਤੀ।
ਪ੍ਰਦਰਸ਼ਨਕਾਰੀਆਂ ਦੀ ਭੀੜ ਗੇਟ 'ਤੇ ਚੜ੍ਹ ਗਈ ਅਤੇ ਕੌਂਸਲੇਟ ਬਿਲਡਿੰਗ ਦੇ ਡ੍ਰਾਈਵ ਵੇਅ 'ਚ ਦਾਖਲ ਹੋ ਗਈ, ਜਿਸ ਨਾਲ ਕੁਝ ਖਿੜਕੀਆਂ ਟੁੱਟ ਗਈਆਂ। ਏਐਫਪੀ ਦੇ ਪੱਤਰਕਾਰ ਮੁਤਾਬਕ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਹੰਝੂ ਗੈਸ ਦੇ ਗੋਲੇ ਛੱਡੇ, ਜਿਸ ਕਾਰਨ ਉਹ ਖਿੰਡ ਗਏ।
ਅਮਰੀਕਾ ਅਤੇ ਇਜ਼ਰਾਈਲੀ ਹਮਲਿਆਂ ਵਿੱਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਾਮੇਨਈ ਦੀ ਮੌਤ ਦੀ ਪੁਸ਼ਟੀ ਤੋਂ ਬਾਅਦ, ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਅਮਰੀਕੀ ਦੂਤਾਵਾਸਾਂ ਅਤੇ ਕੌਂਸਲੇਟਾਂ ਦੇ ਬਾਹਰ ਵਿਰੋਧ ਪ੍ਰਦਰਸ਼ਨਾਂ ਦੀਆਂ ਰਿਪੋਰਟਾਂ ਆ ਰਹੀਆਂ ਹਨ।
ਈਰਾਕੀ ਸ਼ਹਿਰ ਬਗਦਾਦ ਵਿੱਚ ਵੀ ਪ੍ਰਦਰਸ਼ਨਕਾਰੀਆਂ ਨੇ ਗ੍ਰੀਨ ਜ਼ੋਨ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਅਮਰੀਕੀ ਦੂਤਾਵਾਸ ਸਥਿਤ ਹੈ।
ਈਰਾਨ ਦੇ ਸਰਕਾਰੀ ਟੀਵੀ ਨੇ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਖਾਮਨੇਈ ਦੀ ਮੌਤ ਦਾ ਐਲਾਨ ਕਰਦੇ ਹੋਏ ਸਰਕਾਰੀ ਟੀਵੀ ਪ੍ਰੀਜ਼ੈਂਟਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਦੇਸ਼ ਵਿੱਚ 40 ਦਿਨਾਂ ਦਾ ਸੋਗ ਰਹੇਗਾ।
ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਦਾਅਵਾ ਕੀਤਾ ਸੀ ਕਿ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਦੀ ਮੌਤ ਹੋ ਚੁੱਕੀ ਹੈ।

ਤਸਵੀਰ ਸਰੋਤ, EPA/Shutterstock
ਸ਼ਨੀਵਾਰ ਨੂੰ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਦੇ ਕਈ ਸ਼ਹਿਰਾਂ 'ਤੇ ਹਮਲੇ ਕੀਤੇ ਸਨ ਅਤੇ ਐਤਵਾਰ ਤੜਕੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ ਟਰੁੱਥ ਸੋਸ਼ਲ 'ਤੇ ਖਾਮੇਨਈ ਦੀ ਮੌਤ ਨੂੰ ਲੈ ਕੇ ਦਾਅਵਾ ਕੀਤਾ ਸੀ।
ਟਰੰਪ ਨੇ ਟਰੁੱਥ ਸੋਸ਼ਲ 'ਤੇ ਲਿਖਿਆ ਹੈ, "ਇਤਿਹਾਸ ਦੇ ਸਭ ਤੋਂ ਬੁਰੇ ਲੋਕਾਂ ਵਿੱਚੋਂ ਇੱਕ ਖਾਮੇਨਈ ਹੁਣ ਮਰ ਚੁੱਕੇ ਹਨ।"
ਹਾਲਾਂਕਿ ਈਰਾਨ ਦੀ ਨਿਊਜ਼ ਏਜੰਸੀ ਫਾਰਸ ਨੇ ਪਹਿਲਾਂ ਕਿਹਾ ਸੀ ਕਿ ਜਾਣਕਾਰ ਸਰੋਤਾਂ ਨੇ ਦੱਸਿਆ ਹੈ ਕਿ ਅਲੀ ਖਾਮੇਨਈ ਦੀ ਮੌਤ ਦੀ ਖ਼ਬਰ ਝੂਠੀ ਹੈ ਅਤੇ ਇਹ ਅਮਰੀਕੀ ਮਨੋਵਿਗਿਆਨਿਕ ਜੰਗ ਦਾ ਨਤੀਜਾ ਹੈ। ਪਰ ਹੁਣ ਈਰਾਨ ਦੇ ਸਰਕਾਰੀ ਟੀਵੀ ਨੇ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ।
ਰੇਵੋਲਿਊਸ਼ਨਰੀ ਗਾਰਡਜ਼ ਦੀ ਕਰੀਬੀ ਮੰਨੀ ਜਾਣ ਵਾਲੀ ਫਾਰਸ ਨਿਊਜ਼ ਏਜੰਸੀ ਨੇ ਪਹਿਲਾਂ ਇਸ ਖ਼ਬਰ ਦਾ ਖੰਡਨ ਕਰਦੇ ਹੋਏ ਲਿਖਿਆ ਸੀ, "ਟਰੰਪ ਦਾ ਝੂਠੀਆਂ ਅਤੇ ਫ਼ਰਜ਼ੀ ਖ਼ਬਰਾਂ ਫੈਲਾਉਣ ਦਾ ਲੰਮਾ ਇਤਿਹਾਸ ਰਿਹਾ ਹੈ। ਇਸ ਤਰ੍ਹਾਂ ਦੇ ਵਿਵਹਾਰ ਦੇ ਪਿਛਲੇ ਉਦਾਹਰਣਾਂ ਵਿੱਚੋਂ ਇੱਕ ਮਸ਼ਹਦ ਸ਼ਹਿਰ ਦੇ ਪਤਨ ਬਾਰੇ ਉਹਨਾਂ ਦਾ ਦਾਅਵਾ ਹੈ, ਜੋ ਕੁਝ ਸਮੇਂ ਬਾਅਦ ਬੇਬੁਨਿਆਦ ਸਾਬਤ ਹੋਇਆ ਅਤੇ ਸਿਰਫ਼ ਮੀਡੀਆ ਦਾ ਸਨਸਨੀਖੇਜ਼ ਪ੍ਰਚਾਰ ਸੀ।"

ਤਸਵੀਰ ਸਰੋਤ, Getty Images
ਈਰਾਨ ਨੇ 27 ਅਮਰੀਕੀ ਟਿਕਾਣਿਆ ਤੇ ਇਜ਼ਰਾਈਲੀ ਫੌਜ ਦੇ ਹੈੱਡਕੁਆਟਰ ਨੂੰ ਨਿਸ਼ਾਨਾ ਬਣਾਉਣ ਦਾ ਕੀਤਾ ਦਾਅਵਾ
ਇਸਾਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਰਜੀਸੀ) ਵੱਲੋਂ ਇੱਕ ਤਾਜ਼ਾ ਬਿਆਨ ਜਾਰੀ ਕੀਤਾ ਗਿਆ ਹੈ।
ਬੀਬੀਸੀ ਫਾਰਸੀ ਦੇ ਮੁਤਾਬਕ, ਬਿਆਨ ਵਿੱਚ ਆਈਰਜੀਸੀ ਨੇ ਕਿਹਾ ਕਿ ਉਸ ਨੇ 'ਇਲਾਕੇ ਵਿੱਚ 27 ਅਮਰੀਕੀ ਟਿਕਾਣਿਆਂ ਦੇ ਨਾਲ-ਨਾਲ ਤੇਲ ਅਵੀਵ ਬੇਸ, ਇਜ਼ਰਾਈਲੀ ਫੌਜ ਦੇ ਜਨਰਲ ਕਮਾਂਡ ਹੈੱਡਕੁਆਟਰ ਅਤੇ ਤੇਲ ਅਵੀਵ ਵਿੱਚ ਲਾਰਜ ਡਿਫੈਂਸ ਇੰਡਸਟਰੀਅਲ ਕੰਪਲੈਕਸ' ਨੂੰ ਨਿਸ਼ਾਨਾ ਬਣਾਇਆ ਹੈ।
ਈਰਾਨ ਵੱਲੋਂ ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਕਿ ਜਦੋਂ ਐਤਵਾਰ ਸਵੇਰੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਵਿੱਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਦੇ ਮਾਰੇ ਜਾਣ ਦੀ ਖ਼ਬਰ ਆਈ।
ਬਿਆਨ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਈਰਾਨ ਦੀ ਫੌਜ ਕਬਜ਼ੇ ਵਾਲੇ ਇਲਾਕਿਆਂ ਅਤੇ ਅਮਰੀਕੀ ਟਿਕਾਣਿਆਂ ਉੱਤੇ ਵੱਜਣ ਵਾਲੇ ਖ਼ਤਰੇ ਦੇ ਸਾਇਰਨ ਨੂੰ ਸ਼ਾਂਤ ਨਹੀਂ ਹੋਣ ਦੇਵੇਗੀ।
ਈਰਾਨ ਦੀ ਚੇਤਾਵਨੀ- 'ਇਤਿਹਾਸ ਦਾ ਸਭ ਤੋਂ ਖ਼ਤਰਨਾਕ ਹਮਲਾ ਕੁਝ ਹੀ ਪਲਾਂ ਵਿੱਚ'

ਤਸਵੀਰ ਸਰੋਤ, Getty Images
ਈਰਾਨ ਦੀ ਇਸਲਾਮਿਕ ਰਿਵੋਲੂਸ਼ਨਰੀ ਗਾਰਡ ਕੋਰ ਦਾ ਇੱਕ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਸਨੇ ਚੇਤਾਵਨੀ ਦਿੱਤੀ ਹੈ ਕਿ ਉਹ ਅਮਰੀਕੀ ਟਿਕਾਣਿਆਂ ਅਤੇ ਇਜ਼ਰਾਈਲ 'ਤੇ ਹਮਲਾ ਕਰੇਗਾ।
ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ "ਇਸਲਾਮਿਕ ਰਿਪਬਲਿਕ ਆਫ਼ ਈਰਾਨ ਦੀ ਆਰਮਡ ਫੋਰਸ ਦੇ ਇਤਿਹਾਸ ਦਾ ਸਭ ਤੋਂ ਖ਼ਤਰਨਾਕ ਹਮਲਾ ਕੁਝ ਹੀ ਪਲਾਂ ਵਿੱਚ ਕਬਜ਼ੇ ਵਾਲੇ ਇਲਾਕਿਆਂ ਅਤੇ ਅਮਰੀਕੀ ਅੱਤਵਾਦੀ ਅੱਡਿਆਂ ਵੱਲ ਸ਼ੁਰੂ ਹੋਵੇਗਾ।"
ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਈਰਾਨ ਦੇ ਸਰਕਾਰੀ ਮੀਡੀਆ ਚੈਨਲ ਨੇ ਕਿਹਾ ਹੈ ਕਿ ਈਰਾਨ ਦੇ ਸੁhjrc ਲੀਡਰ ਅਯਾਤੁੱਲਾ ਅਲੀ ਖਾਮੇਨਈ ਦੀ ਮੌਤ ਹੋ ਚੁੱਕੀ ਹੈ।
ਈਰਾਨ ਦੇ ਕਰਾਜ ਸ਼ਹਿਰ ਵਿੱਚ ਕਥਿਤ ਤੌਰ 'ਤੇ ਜਸ਼ਨ

ਤਸਵੀਰ ਸਰੋਤ, Mamlekate/X
ਖਾਮੇਨਈ ਦੀ ਮੌਤ ਦੀਆਂ ਖਬਰਾਂ ਤੋਂ ਬਾਅਦ ਈਰਾਨ ਦੇ ਕਰਾਜ ਸ਼ਹਿਰ ਵਿੱਚ ਕਥਿਤ ਤੌਰ 'ਤੇ ਜਸ਼ਨ ਮਨਾਏ ਜਾਂਦੇ ਦੇਖਿਆ ਗਿਆ।
ਇੱਕ ਸੋਸ਼ਲ ਮੀਡੀਆ ਵੀਡੀਓ, ਜਿਸ ਨੂੰ ਐਕਸ 'ਤੇ ਸਾਂਝਾ ਕੀਤਾ ਗਿਆ ਅਤੇ ਉਸ ਨੂੰ ਬੀਬੀਸੀ ਫ਼ਾਰਸੀ ਨੇ ਵੈਰੀਫਾਈ ਵੀ ਕੀਤਾ ਹੈ, ਉਸ ਵਿੱਚ ਕੁਝ ਈਰਾਨੀਆਂ ਨੂੰ ਕਰਾਜ ਵਿੱਚ ਖਾਮੇਨਈ ਦੀ ਮੌਤ ਦੀ ਰਿਪੋਰਟ ਤੋਂ ਬਾਅਦ ਜਸ਼ਨ ਮਨਾਉਂਦੇ ਦੇਖਿਆ ਗਿਆ ਹੈ।
ਹਾਲਾਂਕਿ ਇਹ ਸਭ ਟਰੰਪ ਦੇ ਐਕਸ 'ਤੇ ਪੋਸਟ ਕਰਨ ਤੋਂ ਪਹਿਲਾਂ ਹੋਇਆ ਸੀ।
ਅਮਰੀਕਾ ਦੀ ਰਾਜਧਾਨੀ ਵਿੱਚ ਈਰਾਨੀ ਲੋਕਾਂ ਦਾ ਜਸ਼ਨ

ਵਾਸ਼ਿੰਗਟਨ ਤੋਂ ਬੀਬੀਸੀ ਫ਼ਾਰਸੀ ਸੇਵਾ ਦੇ ਸੈਮ ਫਰਜ਼ਾਨੇਹ ਦੀ ਰਿਪੋਰਟ ਮੁਤਾਬਕ, ਵਾਸ਼ਿੰਗਟਨ ਸਥਿਤ ਨੈਸ਼ਨਲ ਸੋਲਿਡਿਟਰੀ ਗਰੁੱਪ ਆਫ਼ ਈਰਾਨ ਲੰਬੇ ਸਮੇਂ ਤੋਂ ਮ੍ਰਿਤਕਾਂ ਦੀ ਯਾਦ ਵਿੱਚ ਵਾਸ਼ਿੰਗਟਨ ਵਿੱਚ ਰੈਲੀ ਆਯੋਜਿਤ ਕਰਨ ਦੀ ਯੋਜਨਾ ਬਣਾ ਰਿਹਾ ਸੀ। ਪਰ ਈਰਾਨ ਦੇ ਸੁਪਰੀਮ ਆਗੂ ਅਯਾਤੁੱਲਾ ਅਲੀ ਖਾਮੇਨਈ ਦੀ ਮੌਤ ਦੀ ਖ਼ਬਰ ਆਉਣ ਤੋਂ ਬਾਅਦ ਰੈਲੀ ਦਾ ਮਾਹੌਲ ਜਸ਼ਨ ਵਿੱਚ ਬਦਲ ਗਿਆ।
ਰੈਲੀ ਵਿੱਚ ਮੌਜੂਦ ਕਈ ਲੋਕ ਖੁਸ਼ੀ ਨਾਲ ਨੱਚ ਰਹੇ ਸਨ। ਕੁਝ ਲੋਕ ਮਿਠਾਈ ਵੰਡ ਰਹੇ ਸਨ, ਕੁਝ ਲੋਕਾਂ ਨੂੰ ਫੁੱਲ ਦੇ ਰਹੇ ਸਨ ਅਤੇ ਕਈ ਲੋਕ ਇੱਕ-ਦੂਜੇ ਨੂੰ ਗਲ਼ੇ ਲਗਾ ਰਹੇ ਸਨ।
ਰੈਲੀ ਵਿੱਚ ਸ਼ਾਮਲ ਲੋਕਾਂ ਨੇ "ਅਮਰੀਕਾ" ਦੇ ਨਾਅਰੇ ਲਗਾ ਕੇ ਸਰਕਾਰ ਦਾ ਧੰਨਵਾਦ ਕੀਤਾ।
ਸੰਗੀਤਕਾਰ ਅਤੇ ਮਸ਼ਹੂਰ ਇਰਾਨੀ ਗਾਇਕ ਮੁਹੰਮਦ ਰਜ਼ਾ ਸ਼ਾਜੇਰੀਅਨ ਦੀ ਧੀ ਮੋਜ਼ਗਨ ਸ਼ਾਜੇਰੀਅਨ ਨੇ ਸਮਾਰੋਹ ਵਿੱਚ ਭਾਸ਼ਣ ਦਿੱਤਾ ਅਤੇ ਮ੍ਰਿਤਕ ਲੋਕਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਅੱਜ ਦੇ ਦਿਨ ਉਨ੍ਹਾਂ ਦੀ ਥਾਂ ਖਾਲੀ ਹੈ।
ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਵਿੱਚ 130 ਤੋਂ ਵੱਧ ਈਰਾਨੀ ਨਾਗਰਿਕਾਂ ਦੀ ਮੌਤ: ਹਿਊਮਨ ਰਾਈਟਸ ਗਰੁੱਪ
ਵਾਸ਼ਿੰਗਟਨ ਸਥਿਤ ਈਰਾਨੀ ਮਨੁੱਖੀ ਅਧਿਕਾਰ ਗਰੁੱਪ ਹਿਊਮਨ ਰਾਈਟਸ ਐਕਟਿਵਿਸਟਸ ਨਿਊਜ਼ ਏਜੰਸੀ ਦੇ ਅਨੁਸਾਰ, ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਵਿੱਚ ਘੱਟੋ-ਘੱਟ 133 ਈਰਾਨੀ ਨਾਗਰਿਕਾਂ ਦੀ ਮੌਤ ਹੋਈ ਹੈ ਅਤੇ 200 ਲੋਕ ਜ਼ਖ਼ਮੀ ਹੋਏ ਹਨ।
ਗਰੁੱਪ ਨੇ ਦੱਸਿਆ ਕਿ ਇਹ ਜਾਣਕਾਰੀ ਸ਼ੁਰੂਆਤੀ ਰਿਪੋਰਟਾਂ 'ਤੇ ਆਧਾਰਿਤ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ 18 ਸੂਬਿਆਂ ਵਿੱਚ ਘੱਟੋ-ਘੱਟ 58 ਹਮਲੇ ਦਰਜ ਕੀਤੇ ਗਏ ਅਤੇ ਤੇਹਰਾਨ ਵਿੱਚ ਸਭ ਤੋਂ ਵੱਧ ਘਟਨਾਵਾਂ ਹੋਈਆਂ ਹਨ।
ਤੇਹਰਾਨ ਵਿੱਚ ਪਿਛਲੇ ਕਈ ਘੰਟਿਆਂ ਤੋਂ ਧਮਾਕਿਆਂ ਦੀਆਂ ਆਵਾਜ਼ਾਂ ਲਗਾਤਾਰ ਸੁਣੀਆਂ ਜਾ ਰਹੀਆਂ ਹਨ।
ਉੱਥੇ ਹੀ ਈਰਾਨ ਦੀ ਇਸਲਾਮਿਕ ਰਿਵੋਲੂਸ਼ਨਰੀ ਗਾਰਡ ਕੋਰ ਦਾ ਇੱਕ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਸਨੇ ਚੇਤਾਵਨੀ ਦਿੱਤੀ ਹੈ ਕਿ ਉਹ ਅਮਰੀਕੀ ਅੱਡਿਆਂ ਅਤੇ ਇਜ਼ਰਾਈਲ 'ਤੇ ਹਮਲਾ ਕਰੇਗਾ।
ਟਰੰਪ ਨੇ ਖਾਮੇਨਈ ਦੀ ਮੌਤ ਬਾਰੇ ਕੀ ਕਿਹਾ?

ਤਸਵੀਰ ਸਰੋਤ, Reuters
ਡੌਨਲਡ ਟਰੰਪ ਨੇ ਟਰੁੱਥ ਸੋਸ਼ਲ ਪਲੇਟਫ਼ਾਰਮ 'ਤੇ ਲਿਖਿਆ, "ਖਾਮੇਨਈ, ਜੋ ਇਤਿਹਾਸ ਦੇ ਸਭ ਤੋਂ ਬੁਰੇ ਲੋਕਾਂ ਵਿੱਚੋਂ ਇੱਕ ਸਨ, ਹੁਣ ਮਰ ਚੁੱਕੇ ਹਨ। ਇਹ ਸਿਰਫ਼ ਈਰਾਨ ਦੇ ਲੋਕਾਂ ਲਈ ਹੀ ਨਿਆਂ ਨਹੀਂ ਹੈ, ਸਗੋਂ ਉਨ੍ਹਾਂ ਮਹਾਨ ਅਮਰੀਕੀਆਂ ਅਤੇ ਦੁਨੀਆ ਦੇ ਕਈ ਦੇਸ਼ਾਂ ਦੇ ਉਨ੍ਹਾਂ ਲੋਕਾਂ ਲਈ ਵੀ ਨਿਆਂ ਹੈ, ਜਿਨ੍ਹਾਂ ਨੂੰ ਖਾਮੇਨਈ ਅਤੇ ਉਨ੍ਹਾਂ ਦੇ ਖੂਨੀ ਗਿਰੋਹ ਨੇ ਮਾਰ ਦਿੱਤਾ ਜਾਂ ਜ਼ਖ਼ਮੀ ਕਰ ਦਿੱਤਾ।"
"ਉਹ ਸਾਡੀਆਂ ਖੁਫ਼ੀਆ ਅਤੇ ਅਤਿਆਧੁਨਿਕ ਟ੍ਰੈਕਿੰਗ ਪ੍ਰਣਾਲੀਆਂ ਤੋਂ ਬਚ ਨਹੀਂ ਸਕੇ, ਅਤੇ ਇਜ਼ਰਾਈਲ ਦੇ ਨਾਲ ਮਿਲ ਕੇ ਕੀਤੇ ਗਏ ਅਭਿਆਨ ਵਿੱਚ, ਨਾ ਤਾਂ ਉਹ ਅਤੇ ਨਾ ਹੀ ਉਨ੍ਹਾਂ ਦੇ ਨਾਲ ਮਾਰੇ ਗਏ ਹੋਰ ਆਗੂ ਕੁਝ ਕਰ ਸਕੇ।"
"ਇਹ ਇਰਾਨ ਦੇ ਲੋਕਾਂ ਲਈ ਆਪਣੇ ਦੇਸ਼ ਨੂੰ ਵਾਪਸ ਲੈਣ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮੌਕਾ ਹੈ। ਸਾਨੂੰ ਸੁਣਨ ਵਿੱਚ ਆ ਰਿਹਾ ਹੈ ਕਿ ਉਨ੍ਹਾਂ ਦੇ ਕਈ ਆਈਆਰਜੀਸੀ, ਫੌਜੀ ਅਧਿਕਾਰੀ ਅਤੇ ਹੋਰ ਸੁਰੱਖਿਆ ਅਤੇ ਪੁਲਿਸ ਬਲ ਹੁਣ ਲੜਨਾ ਨਹੀਂ ਚਾਹੁੰਦੇ ਅਤੇ ਸਾਡੇ ਕੋਲੋਂ ਸੁਰੱਖਿਆ (ਇਮਿਊਨਿਟੀ) ਮੰਗ ਰਹੇ ਹਨ। ਜਿਵੇਂ ਕਿ ਮੈਂ ਕੱਲ੍ਹ ਰਾਤ ਕਿਹਾ ਸੀ - 'ਅਜੇ ਉਹ ਸੁਰੱਖਿਆ ਪ੍ਰਾਪਤ ਕਰ ਸਕਦੇ ਹਨ, ਪਰ ਬਾਅਦ ਵਿੱਚ ਉਨ੍ਹਾਂ ਨੂੰ ਸਿਰਫ਼ ਮੌਤ ਮਿਲੇਗੀ'।"
"ਉਮੀਦ ਹੈ ਕਿ ਆਈਆਰਜੀਸੀ ਤੇ ਪੁਲਿਸ ਸ਼ਾਂਤੀਪੂਰਨ ਈਰਾਨ ਦੇ ਦੇਸ਼ ਭਗਤਾਂ ਨਾਲ ਮਿਲ ਜਾਣਗੇ ਅਤੇ ਇੱਕ ਇਕਾਈ ਵਾਂਗ ਦੇਸ਼ ਨੂੰ ਉਸ ਮਹਾਨਤਾ ਤੱਕ ਵਾਪਿਸ ਲੈ ਜਾਣਗੇ, ਜਿਸਦੇ ਉਹ ਲਾਇਕ ਹਨ। ਇਹ ਪ੍ਰਤੀਕਿਰਿਆ ਛੇਤੀ ਹੀ ਸ਼ੁਰੂ ਹੋਣੀ ਚਾਹੀਦੀ ਹੈ, ਕਿਉਂਕਿ ਸਿਰਫ਼ ਖਾਮਨੇਈ ਦੀ ਮੌਤ ਹੀ ਨਹੀਂ, ਸਗੋਂ ਦੇਸ਼ ਇੱਕ ਹੀ ਦਿਨ ਵਿੱਚ ਬਹੁਤ ਹੱਦ ਤੱਕ ਬਰਬਾਦ ਇੱਥੋਂ ਤੱਕ ਕਿ ਲਗਭਗ ਮਿਟ ਚੁੱਕਿਆ ਹੈ।"
"ਹਾਲਾਂਕਿ, ਭਾਰੀ ਅਤੇ ਸਟੀਕ ਬੰਬਾਰੀ ਪੂਰੇ ਹਫ਼ਤੇ ਜਾਂ ਜਿੰਨਾ ਸਮਾਂ ਜ਼ਰੂਰੀ ਹੋਵੇ, ਬਿਨਾਂ ਰੁਕੇ ਜਾਰੀ ਰਹੇਗੀ, ਤਾਂ ਜੋ ਅਸੀਂ ਪੂਰੇ ਮੱਧ ਪੂਰਬ ਵਿੱਚ ਅਤੇ ਅਸਲ ਵਿੱਚ ਦੁਨੀਆ ਵਿੱਚ ਸ਼ਾਂਤੀ ਦੇ ਆਪਣੇ ਟੀਚੇ ਨੂੰ ਹਾਸਲ ਕਰ ਸਕੀਏ।"
ਖਮੇਨਈ ਦੀ ਧੀ, ਜਵਾਈ ਅਤੇ ਪੋਤੇ ਦੇ ਮਾਰੇ ਜਾਣ ਦੀ ਰਿਪੋਰਟ

ਤਸਵੀਰ ਸਰੋਤ, Getty Images
ਬੀਬੀਸੀ ਫਾਰਸੀ ਸੇਵਾ ਦੇ ਪੱਤਰਕਾਰ ਘੋਂਚੇਹ ਹਬੀਬੀਯਾਜ਼ਾਦ ਦੀ ਰਿਪੋਰਟ ਮੁਤਾਬਕ, ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨਾਲ ਜੁੜੀ ਫਾਰਸ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਈਰਾਨ ਦੇ ਸੁਪਰੀਮ ਲੀਡਰ, ਅਯਾਤੁੱਲਾ ਅਲੀ ਖਾਮੇਨਈ ਦੀ ਧੀ, ਜਵਾਈ ਅਤੇ ਦੋਹਤੇ ਹਮਲਿਆਂ ਵਿੱਚ ਮਾਰੇ ਗਏ ਹਨ।
ਏਜੰਸੀ ਨੇ ਇਹ ਵੀ ਰਿਪੋਰਟ ਦਿੱਤੀ ਕਿ "ਇਹ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਹਮਲਿਆਂ ਵਿੱਚ ਖਾਮੇਨਈ ਦੀ ਇੱਕ ਨੂੰਹ ਦੀ ਵੀ ਮੌਤ ਹੋ ਗਈ ਹੈ।"
ਪਹਿਲਾਂ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਉਨ੍ਹਾਂ ਦੀ ਨੂੰਹ ਅਤੇ ਜਵਾਈ ਦੀ ਮੌਤ ਹੋ ਗਈ ਹੈ, ਪਰ ਬਾਅਦ ਵਿੱਚ ਇਨ੍ਹਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ।
ਭਾਰਤ ਵਿੱਚ ਸ਼੍ਰੀਨਗਰ 'ਚ ਵਿਰੋਧ ਪ੍ਰਦਰਸ਼ਨ

ਤਸਵੀਰ ਸਰੋਤ, ANI
ਆਯਤੁੱਲਾ ਅਲੀ ਖਾਮਨੇਈ ਦੀ ਮੌਤ ਤੋਂ ਬਾਅਦ ਭਾਰਤ 'ਚ ਸ਼੍ਰੀਨਗਰ ਦੇ ਸੈਦਾ ਕਦਲ ਇਲਾਕੇ ਵਿੱਚ ਲੋਕ ਪ੍ਰਦਰਸ਼ਨ ਕਰ ਰਹੇ ਹਨ।
ਨਿਊਜ਼ ਏਜੰਸੀ ਏਐਨਆਈ ਦੇ ਮੁਤਾਬਕ, ਸ਼੍ਰੀਨਗਰ ਦੇ ਲਾਲ ਚੌਕ 'ਤੇ ਵੀ ਕਸ਼ਮੀਰੀ ਸ਼ੀਆ ਮੁਸਲਮਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ।
'ਇਸਲਾਮਿਕ ਰਿਪਬਲਿਕ ਦਾ ਪ੍ਰਭਾਵ ਖ਼ਤਮ ਹੋ ਗਿਆ' - ਰਜ਼ਾ ਪਹਿਲਵੀ

ਤਸਵੀਰ ਸਰੋਤ, Getty Images
ਈਰਾਨ ਦੇ ਆਖ਼ਰੀ ਸ਼ਾਹ (ਰਾਜਾ) ਦੇ ਜਲਾਵਤਨ ਪੁੱਤਰ ਰਜ਼ਾ ਪਹਿਲਵੀ ਨੇ ਸੁਪ੍ਰੀਮ ਲੀਡਰ ਆਯਤੁੱਲਾ ਅਲੀ ਖਾਮੇਨਈ ਦੀ ਮੌਤ ਦੀ ਖਬਰ ਦਾ ਸਵਾਗਤ ਕੀਤਾ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਖਾਮੇਨਈ, ਜਿਨ੍ਹਾਂ ਨੇ ਹਜ਼ਾਰਾਂ ਈਰਾਨੀਆਂ ਨੂੰ ਮਾਰਿਆ, ਹੁਣ ਇਤਿਹਾਸ ਦਾ ਹਿੱਸਾ ਬਣ ਗਏ ਹਨ।"
ਰਜ਼ਾ ਪਹਿਲਵੀ ਨੇ ਕਿਹਾ ਕਿ "ਉਨ੍ਹਾਂ ਦੀ ਮੌਤ ਨਾਲ ਇਸਲਾਮਿਕ ਰਿਪਬਲਿਕ ਦਾ ਪ੍ਰਭਾਵ ਖ਼ਤਮ ਹੋ ਗਿਆ ਹੈ।"
ਉਨ੍ਹਾਂ ਨੇ ਈਰਾਨੀ ਅਧਿਕਾਰੀਆਂ ਨੂੰ ਕਿਸੇ ਨਵੇਂ ਆਗੂ ਦੀ ਚੋਣ ਨਾ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਫੌਜ ਅਤੇ ਪੁਲਿਸ ਕੋਲ ਹੁਣ ਜਨਤਾ ਨਾਲ ਜੁੜਨ ਦਾ 'ਆਖ਼ਰੀ ਮੌਕਾ' ਹੈ।
ਉਨ੍ਹਾਂ ਲਿਖਿਆ, "ਇਹ ਸਾਡੇ ਵੱਡੇ ਰਾਸ਼ਟਰੀ ਜਸ਼ਨ ਦੀ ਸ਼ੁਰੂਆਤ ਹੈ, ਪਰ ਇਹ ਅੰਤ ਨਹੀਂ ਹੈ।"
ਰਜ਼ਾ ਪਹਿਲਵੀ 1979 ਦੀ ਕ੍ਰਾਂਤੀ ਤੋਂ ਬਾਅਦ ਆਪਣੇ ਪਰਿਵਾਰ ਨਾਲ ਦੇਸ਼ ਛੱਡ ਕੇ ਅਮਰੀਕਾ ਵਿੱਚ ਵੱਸ ਗਏ ਸਨ ਅਤੇ ਉਦੋਂ ਤੋਂ ਉੱਥੇ ਹੀ ਰਹਿ ਰਹੇ ਹਨ।
ਈਰਾਨ 'ਤੇ ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ ਨੂੰ ਲੈ ਕੇ ਚੀਨ ਨੇ ਕੀ ਕਿਹਾ?

ਤਸਵੀਰ ਸਰੋਤ, Getty Images
ਚੀਨ ਦੇ ਡਿਪਲੋਮੈਟ ਫੂ ਕੋਂਗ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਐਮਰਜੈਂਸੀ ਬੈਠਕ ਵਿੱਚ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ 'ਤੇ ਕੀਤੇ ਗਏ ਹਮਲਿਆਂ ਨਾਲ ਉਨ੍ਹਾਂ ਦਾ ਦੇਸ਼ ਗਹਿਰੀ ਚਿੰਤਾ ਵਿੱਚ ਹੈ।
ਉਨ੍ਹਾਂ ਨੇ ਨਾਗਰਿਕਾਂ ਦੀਆਂ ਮੌਤਾਂ ਦੀਆਂ ਰਿਪੋਰਟਾਂ 'ਤੇ ਚਿੰਤਾ ਜ਼ਾਹਿਰ ਕੀਤੀ ਹੈ।
ਉਨ੍ਹਾਂ ਨੇ ਖੇਤਰ ਵਿੱਚ ਸ਼ਾਂਤੀ ਅਤੇ ਵਧਦੀ ਹਿੰਸਾ ਨੂੰ ਰੋਕਣ ਲਈ ਤੁਰੰਤ ਫੌਜੀ ਕਾਰਵਾਈ ਬੰਦ ਕਰਨ ਦੀ ਅਪੀਲ ਕੀਤੀ।
ਫੂ ਕੋਂਗ ਨੇ ਕਿਹਾ, "ਹਥਿਆਰਬੰਦ ਸੰਘਰਸ਼ ਵਿੱਚ ਨਾਗਰਿਕਾਂ ਦੀ ਸੁਰੱਖਿਆ ਲਈ ਹਮੇਸ਼ਾ ਸੀਮਾ ਰੇਖਾ ਦੀ ਉਲੰਘਣਾ ਨਹੀਂ ਹੋਣੀ ਚਾਹੀਦਾ ਅਤੇ ਅੰਨ੍ਹੇਵਾਹ ਤਾਕਤ ਦਾ ਪ੍ਰਯੋਗ ਅਸਵੀਕਾਰਯੋਗ ਹੈ।"
ਉਨ੍ਹਾਂ ਨੇ ਸਾਰੇ ਪੱਖਾਂ ਨੂੰ ਅੰਤਰਰਾਸ਼ਟਰੀ ਕਾਨੂੰਨ ਅਤੇ ਮਾਨਵੀ ਕਾਨੂੰਨ ਤਹਿਤ ਆਪਣੇ ਫ਼ਰਜ਼ ਨਿਭਾਉਣ ਲਈ ਕਿਹਾ।
ਉਨ੍ਹਾਂ ਇਹ ਵੀ ਕਿਹਾ ਕਿ ਚੀਨ ਅੰਤਰਰਾਸ਼ਟਰੀ ਭਾਈਚਾਰੇ ਨਾਲ ਮਿਲ ਕੇ ਜਲਦ ਤੋਂ ਜਲਦ ਵੇਸਟ ਏਸ਼ੀਆ ਵਿੱਚ ਸ਼ਾਂਤੀ ਅਤੇ ਸਥਿਰਤਾ ਕਾਇਮ ਕਰਨ ਦੇ ਯਤਨਾਂ ਵਿੱਚ ਕੰਮ ਕਰਨ ਲਈ ਤਿਆਰ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































