ਈਰਾਨ-ਇਜ਼ਰਾਈਲ ਸੰਘਰਸ਼: ਕੁਵੈਤ ਵਿੱਚ ਕਈ ਅਮਰੀਕੀ ਲੜਾਕੂ ਜਹਾਜ਼ ਹਾਦਸਾਗ੍ਰਸਤ, ਹੁਣ ਤੱਕ ਕੀ ਪਤਾ ਲੱਗਾ

ਤਸਵੀਰ ਸਰੋਤ, Getty Images
- ਇਜ਼ਰਾਈਲ ਅਤੇ ਅਮਰੀਕਾ ਵਲੋਂ ਸ਼ਨੀਵਾਰ ਸਵੇਰੇ ਈਰਾਨ 'ਤੇ ਕੀਤੇ ਗਏ ਹਮਲੇ ਤੋਂ ਬਾਅਦ ਤਣਾਅ ਜਾਰੀ
- ਈਰਾਨ ਨੇ ਵੀ ਦੁਬਈ, ਦੋਹਾ, ਰਿਆਧ, ਬਹਿਰੀਨ ਅਤੇ ਕੁਵੈਤ ਸਮੇਤ ਪੱਛਮੀ ਏਸ਼ੀਆ ਵਿੱਚ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਜਵਾਬੀ ਹਮਲੇ ਕੀਤੇ
- ਈਰਾਨ 'ਤੇ ਹਮਲਿਆਂ ਦੇ ਦੂਜੇ ਦਿਨ ਗਾਂਧੀ ਅਤੇ ਖਤਮ ਅਲ-ਅਨਬਿਆ ਹਸਪਤਾਲਾਂ ਅਤੇ ਈਰਾਨੀ ਰੈਡ ਕ੍ਰਿਸੈਂਟ ਪੀਸ ਬਿਲਡਿੰਗ ਨੂੰ ਨਿਸ਼ਾਨਾ ਬਣਾਇਆ ਗਿਆ
- ਇਜ਼ਰਾਈਲ 'ਤੇ ਅਮਰੀਕੀ ਹਮਲਿਆਂ ਵਿੱਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਦੀ ਹੋਈ ਮੌਤ, ਦੇਸ਼ ਵਿੱਚ 40 ਦਿਨ ਦਾ ਸੋਗ
- ਈਰਾਨੀ ਫੌਜ ਦੇ ਚੀਫ਼ ਆਫ਼ ਸਟਾਫ਼ ਅਤੇ ਰੱਖਿਆ ਮੰਤਰੀ ਦੀ ਹਵਾਈ ਹਮਲਿਆਂ ਵਿੱਚ ਮੌਤ
- ਫ਼ਾਰਸ ਨਿਊਜ਼ ਏਜੰਸੀ ਮੁਤਾਬਕ, ਖਾਮੇਨਈ ਦੀ ਧੀ, ਜਵਾਈ ਅਤੇ ਦੋਹਤੇ ਦੀ ਵੀ ਹਮਲਿਆਂ 'ਚ ਮੌਤ
- ਖਾਮੇਨਈ ਦੀ ਮੌਤ ਤੋਂ ਬਾਅਦ ਅਲੀ ਰਜ਼ਾ ਅਰਾਫ਼ੀ ਹੋਣਗੇ ਅੰਤਰਿਮ ਲੀਡਰਸ਼ਿਪ ਕੌਂਸਲ ਦੇ ਮੈਂਬਰ
- ਈਰਾਨ ਦੇ ਸੁਰੱਖਿਆ ਮੁਖੀ ਅਲੀ ਲਾਰੀਜਾਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਿਹਾ ਕਿ ਉਨ੍ਹਾਂ ਦਾ ਦੇਸ਼ "ਅਮਰੀਕਾ ਨਾਲ ਗੱਲਬਾਤ ਨਹੀਂ ਕਰੇਗਾ"
- ਅਮਰੀਕੀ ਰਾਸ਼ਟਰਪਤੀ ਟਰੰਪ ਬੋਲੇ, ਜਦੋਂ ਤੱਕ ਸਾਡਾ ਟੀਚਾ ਪੂਰਾ ਨਹੀਂ ਹੁੰਦਾ ਇਹ ਸੰਘਰਸ਼ ਜਾਰੀ ਰਹੇਗਾ
- ਭਾਰਤੀ ਪੀਐੱਮ ਨਰਿੰਦਰ ਮੋਦੀ ਨੇ ਐਤਵਾਰ ਦੇਰ ਰਾਤ ਇਜ਼ਰਾਈਲ ਦੇ ਪੀਐਮ ਬੈਂਜਾਮਿਨ ਨੇਤਨਯਾਹੂ ਨਾਲ ਫ਼ੋਨ 'ਤੇ ਗੱਲ ਕੀਤੀ
- ਭਾਰਤ ਨੇ ਐਤਵਾਰ ਦੇਰ ਸ਼ਾਮ ਕੈਬਿਨੇਟ ਸੁਰੱਖਿਆ ਕਮੇਟੀ (ਸੀਸੀਐਸ) ਦੀ ਬੈਠਕ ਕੀਤੀ
- ਚੀਨ ਨੇ ਵੀ ਚੱਲ ਰਹੇ ਤਣਾਅ ਨੂੰ ਲੈ ਕੇ ਚਿੰਤਾ ਪ੍ਰਗਟਾਈ 'ਤੇ ਗੱਲਬਾਤ ਕਰਨ ਉੱਤੇ ਜ਼ੋਰ ਦਿੱਤਾ
- ਸ਼ਨੀਵਾਰ ਨੂੰ ਇਜ਼ਰਾਈਲ ਤੇ ਅਮਰੀਕਾ ਵੱਲੋਂ ਈਰਾਨ ਉੱਤੇ ਹਮਲੇ ਸ਼ੁਰੂ ਕੀਤੇ ਗਏ ਸਨ।
ਕੁਵੈਤ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਐਤਵਾਰ ਸਵੇਰੇ ਕਈ ਅਮਰੀਕੀ ਲੜਾਕੂ ਜਹਾਜ਼ਾਂ ਦੇ ਜ਼ਮੀਨ 'ਤੇ ਕ੍ਰੈਸ਼ ਹੋਣ ਦੀ ਰਿਪੋਰਟ ਮਿਲੀ ਹੈ।
ਮੰਤਰਾਲੇ ਨੇ ਕਿਹਾ ਕਿ ਚਾਲਕ ਦਲ ਸੁਰੱਖਿਅਤ ਹਨ, ਉਨ੍ਹਾਂ ਨੂੰ ਡਾਕਟਰੀ ਜਾਂਚ ਲਈ ਹਸਪਤਾਲ ਲਿਆਂਦਾ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।
ਕੁਵੈਤ ਨੇ ਕਿਹਾ ਕਿ ਉਹ ਆਪਣੇ ਅਮਰੀਕੀ ਸਹਿਯੋਗੀ ਨਾਲ ਇਸ ਘਟਨਾ 'ਤੇ ਚਰਚਾ ਕਰ ਰਿਹਾ ਹੈ ਅਤੇ ਇਸ ਦੇ ਕਾਰਨਾਂ ਦੀ ਜਾਂਚ ਜਾਰੀ ਹੈ।
ਸ਼ਨੀਵਾਰ ਨੂੰ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ 'ਤੇ ਹਮਲਾ ਕੀਤਾ।
ਈਰਾਨ ਦੇ ਸੁਪਰੀਮ ਲੀਡਰ, ਅਯਾਤੁੱਲ੍ਹਾ ਅਲੀ ਖਾਮੇਨੇਈ, ਐਤਵਾਰ ਨੂੰ ਇਜ਼ਰਾਈਲ ਅਤੇ ਅਮਰੀਕਾ ਦੇ ਹਮਲੇ ਵਿੱਚ ਮਾਰੇ ਗਏ ਸਨ।

ਤਸਵੀਰ ਸਰੋਤ, Getty Images
ਈਰਾਨ ਦੇ ਹਮਲਿਆਂ ਵਿਚਾਲੇ ਅਮੀਰਾਤ ਏਅਰਲਾਈਨਜ਼ ਅਤੇ ਕਤਰ ਏਅਰਵੇਜ਼ ਨੇ ਇਹ ਅਪਡੇਟ ਜਾਰੀ ਕੀਤਾ ਹੈ
ਅਮੀਰਾਤ ਏਅਰਲਾਈਨਜ਼ ਅਤੇ ਕਤਰ ਏਅਰਵੇਜ਼ ਨੇ ਆਪਣੀਆਂ ਉਡਾਣਾਂ ਸੰਬੰਧੀ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਬਿਆਨ ਵਿੱਚ, ਅਮੀਰਾਤ ਏਅਰਲਾਈਨਜ਼ ਨੇ ਕਿਹਾ, "ਕਈ ਖੇਤਰਾਂ ਵਿੱਚ ਹਵਾਈ ਖੇਤਰ ਬੰਦ ਹੋਣ ਕਾਰਨ, ਅਮੀਰਾਤ ਏਅਰਲਾਈਨ ਨੇ ਦੁਬਈ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ। ਇਹ ਪ੍ਰਬੰਧ ਮੰਗਲਵਾਰ, 3 ਮਾਰਚ ਨੂੰ ਯੂਏਈ ਦੇ ਸਮੇਂ ਅਨੁਸਾਰ ਦੁਪਹਿਰ 3 ਵਜੇ ਤੱਕ ਲਾਗੂ ਰਹੇਗਾ।"
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, "ਸਥਿਤੀ ਲਗਾਤਾਰ ਬਦਲ ਹੋ ਰਹੀ ਹੈ ਅਤੇ ਇਸਦਾ ਲਗਾਤਾਰ ਮੁਲਾਂਕਣ ਕੀਤਾ ਜਾ ਰਿਹਾ ਹੈ।"
ਉੱਥੇ ਕਤਰ ਏਅਰਵੇਜ਼ ਨੇ ਐਕਸ 'ਤੇ ਇਹ ਵੀ ਲਿਖਿਆ, "ਕਤਰ ਦੇ ਹਵਾਈ ਖੇਤਰ ਬੰਦ ਹੋਣ ਕਾਰਨ ਕਤਰ ਏਅਰਵੇਜ਼ ਦੀਆਂ ਉਡਾਣਾਂ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤੀਆਂ ਗਈਆਂ ਹਨ।"
"ਕਤਰ ਸਿਵਲ ਏਵੀਏਸ਼ਨ ਅਥਾਰਟੀ ਵੱਲੋਂ ਕਤਰ ਦੇ ਹਵਾਈ ਖੇਤਰ ਨੂੰ ਸੁਰੱਖਿਅਤ ਢੰਗ ਨਾਲ ਦੁਬਾਰਾ ਖੋਲ੍ਹਣ ਦਾ ਐਲਾਨ ਕਰਨ ਤੋਂ ਬਾਅਦ ਕਤਰ ਏਅਰਵੇਜ਼ ਆਪਣੀਆਂ ਉਡਾਣਾਂ ਮੁੜ ਸ਼ੁਰੂ ਕਰ ਦੇਵੇਗੀ।"
ਬੇਰੂਤ ਅਤੇ ਦੱਖਣੀ ਲੇਬਨਾਨ 'ਤੇ ਹਮਲਾ
ਲੇਬਨਾਨ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਇਜ਼ਰਾਈਲ ਨੇ ਬੇਰੂਤ ਅਤੇ ਦੱਖਣੀ ਲੇਬਨਾਨ 'ਤੇ ਹਮਲਾ ਕੀਤਾ ਹੈ।
ਮੰਤਰਾਲੇ ਦਾ ਕਹਿਣਾ ਹੈ ਕਿ ਹਮਲਿਆਂ ਵਿੱਚ 31 ਲੋਕ ਮਾਰੇ ਗਏ ਅਤੇ 149 ਜ਼ਖਮੀ ਹੋਏ।
ਇੱਕ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੌਤਾਂ ਦੀ ਗਿਣਤੀ ਸ਼ੁਰੂਆਤੀ ਅੰਕੜੇ ਹਨ।
ਇਸ ਤੋਂ ਪਹਿਲਾਂ, ਇਜ਼ਰਾਈਲ ਨੇ 50 ਤੋਂ ਵੱਧ ਲੇਬਨਾਨੀ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਨੂੰ ਹਮਲਿਆਂ ਤੋਂ ਬਚਣ ਲਈ ਤੁਰੰਤ ਆਪਣੇ ਘਰ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਸੀ।

ਤਸਵੀਰ ਸਰੋਤ, AFP via Getty Images
ਇਜ਼ਰਾਈਲੀ ਫੌਜ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਹ ਹਿਜ਼ਬੁੱਲ੍ਹਾ ਤੋਂ ਪ੍ਰੋਜੈਕਟਾਈਲ ਫਾਇਰ ਦੇ ਜਵਾਬ ਵਿੱਚ ਲੇਬਨਾਨ ਵਿੱਚ ਟੀਚਿਆਂ 'ਤੇ ਹਮਲਾ ਕਰ ਰਿਹਾ ਹੈ।
ਹਿਜ਼ਬੁੱਲ੍ਹਾ ਨੇ ਇਹ ਵੀ ਪੁਸ਼ਟੀ ਕੀਤੀ ਕਿ ਉਸਨੇ ਲੇਬਨਾਨ ਤੋਂ ਇਜ਼ਰਾਈਲ ਵੱਲ ਮਿਜ਼ਾਈਲਾਂ ਅਤੇ ਡਰੋਨ ਦਾਗੇ ਹਨ।
ਸਮੂਹ ਨੇ ਕਿਹਾ ਕਿ ਇਹ ਕਾਰਵਾਈ ਈਰਾਨ ਦੇ ਸੁਪਰੀਮ ਲੀਡਰ, ਆਯਤੁੱਲਾ ਅਲੀ ਖਾਮੇਨਈ ਦੇ ਕਤਲ ਦੇ ਬਦਲੇ ਵਿੱਚ ਕੀਤੀ ਗਈ ਹੈ।

ਤਸਵੀਰ ਸਰੋਤ, UGC
ਈਰਾਨ ਅਤੇ ਇਜ਼ਰਾਈਲ ਵਿਚਕਾਰ ਟਕਰਾਅ ਅਜੇ ਵੀ ਜਾਰੀ ਹੈ। ਇਜ਼ਰਾਈਲ ਅਤੇ ਅਮਰੀਕਾ ਨੇ ਸ਼ਨੀਵਾਰ ਸਵੇਰੇ ਈਰਾਨ 'ਤੇ ਪਹਿਲਾ ਹਮਲਾ ਕੀਤਾ ਸੀ।
ਈਰਾਨ ਦੀ ਰਾਜਧਾਨੀ ਤੇਹਰਾਨ ਵਿੱਚ ਤਾਜ਼ਾ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ। ਹਾਲਾਂਕਿ, ਇੰਟਰਨੈੱਟ 'ਤੇ ਪਾਬੰਦੀ ਹੋਣ ਕਾਰਨ, ਦੇਸ਼ ਅੰਦਰਲੇ ਹਾਲਾਤਾਂ ਦੀ ਸਪੱਸ਼ਟ ਜਾਣਕਾਰੀ ਨਹੀਂ ਮਿਲ ਪਾ ਰਹੀ ਹੈ।
ਇਸ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ, ''ਜਦੋਂ ਤੱਕ ਸਾਰੇ ਟੀਚੇ ਹਾਸਲ ਨਹੀਂ ਹੋ ਜਾਂਦੇ, ਅਮਰੀਕਾ ਦੇ ਹਮਲੇ ਜਾਰੀ ਰਹਿਣਗੇ।''
ਭਾਰਤ ਨੇ ਵੀ ਐਤਵਾਰ ਦੇਰ ਸ਼ਾਮ ਕੈਬਿਨੇਟ ਸੁਰੱਖਿਆ ਕਮੇਟੀ (ਸੀਸੀਐਸ) ਦੀ ਮੀਟਿੰਗ ਕੀਤੀ। ਇਸ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ।
ਈਰਾਨ ਨੇ ਕਿਹਾ, 'ਅਸੀਂ ਅਮਰੀਕਾ ਨਾਲ ਗੱਲਬਾਤ ਨਹੀਂ ਕਰਾਂਗੇ'

ਤਸਵੀਰ ਸਰੋਤ, Getty Images
ਈਰਾਨ ਦੇ ਸੁਰੱਖਿਆ ਮੁਖੀ ਅਲੀ ਲਾਰੀਜਾਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਿਹਾ ਕਿ ਉਨ੍ਹਾਂ ਦਾ ਦੇਸ਼ "ਅਮਰੀਕਾ ਨਾਲ ਗੱਲਬਾਤ ਨਹੀਂ ਕਰੇਗਾ।"
ਲਾਰੀਜਾਨੀ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਈਰਾਨੀ ਅਧਿਕਾਰੀ ਅਮਰੀਕਾ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂ ਉਸ ਦੇ ਜਵਾਬ 'ਚ ਉਨ੍ਹਾਂ ਇਹ ਗੱਲ ਕਹੀ।
ਲਾਰੀਜਾਨੀ ਈਰਾਨ ਦੀ ਸੁਪਰੀਮ ਨੈਸ਼ਨਲ ਸਿਕਿਓਰਿਟੀ ਕੌਂਸਲ ਦੇ ਸਕੱਤਰ ਹਨ ਅਤੇ ਈਰਾਨੀ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਦੇ ਸਲਾਹਕਾਰ ਵਜੋਂ ਸੇਵਾ ਨਿਭਾ ਚੁੱਕੇ ਹਨ।
ਭਾਰਤ ਵਿੱਚ ਕੈਬਿਨੇਟ ਸੁਰੱਖਿਆ ਕਮੇਟੀ ਦੀ ਮੀਟਿੰਗ 'ਚ ਇਨ੍ਹਾਂ ਗੱਲਾਂ 'ਤੇ ਹੋਈ ਚਰਚਾ

ਤਸਵੀਰ ਸਰੋਤ, ANI
ਭਾਰਤ ਵਿੱਚ ਕੈਬਿਨੇਟ ਸੁਰੱਖਿਆ ਕਮੇਟੀ (ਸੀਸੀਐਸ) ਮੀਟਿੰਗ ਵਿੱਚ ਪੱਛਮੀ ਏਸ਼ੀਆ ਦੀ ਬਦਲ ਰਹੀ ਸਥਿਤੀ ਦੀ ਸਮੀਖਿਆ ਕੀਤੀ ਗਈ। ਨਾਲ ਹੀ ਕਮੇਟੀ ਨੇ ਖੇਤਰ ਵਿੱਚ ਵੱਡੀ ਭਾਰਤੀ ਪਰਵਾਸੀ ਆਬਾਦੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ।
ਸੀਸੀਐੱਸ ਨੇ ਭਾਰਤੀ ਯਾਤਰੀਆਂ ਅਤੇ ਵਿਦਿਆਰਥੀਆਂ ਨੂੰ ਹੋ ਰਹੀਆਂ ਦਿੱਕਤਾਂ ਦੀ ਸਮੀਖਿਆ ਕੀਤੀ।
ਸੀਸੀਐੱਸ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਪ੍ਰਭਾਵਿਤ ਭਾਰਤੀ ਨਾਗਰਿਕਾਂ ਦੀ ਮਦਦ ਲਈ ਜ਼ਰੂਰੀ ਅਤੇ ਸੰਭਵ ਕਦਮ ਚੁੱਕਣ।
ਮੀਟਿੰਗ ਵਿੱਚ ਸੰਘਰਸ਼ ਨੂੰ ਜਲਦੀ ਤੋਂ ਜਲਦੀ ਰੋਕਣ ਅਤੇ ਗੱਲਬਾਤ ਅਤੇ ਕੂਟਨੀਤੀ ਨੂੰ ਮੁੜ ਸ਼ੁਰੂ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਗਿਆ।
ਤੇਹਰਾਨ ਵਿੱਚ ਗਾਂਧੀ ਅਤੇ ਖ਼ਤਮ ਅਲ-ਅਨਬਿਆ ਹਸਪਤਾਲਾਂ ਨੂੰ ਨੁਕਸਾਨ
ਈਰਾਨ 'ਤੇ ਇਜ਼ਰਾਈਲ ਅਤੇ ਅਮਰੀਕਾ ਦੇ ਹਮਲਿਆਂ ਦੇ ਦੂਜੇ ਦਿਨ ਈਰਾਨੀ ਮੀਡੀਆ ਨੇ ਦੱਸਿਆ ਕਿ ਗਾਂਧੀ ਅਤੇ ਖ਼ਤਮ ਅਲ-ਅਨਬਿਆ ਹਸਪਤਾਲਾਂ ਅਤੇ ਈਰਾਨੀ ਰੈਡ ਕ੍ਰਿਸੈਂਟ ਪੀਸ ਬਿਲਡਿੰਗ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਫਿਲਹਾਲ ਇਸ ਦਾਅਵੇ 'ਤੇ ਇਜ਼ਰਾਈਲੀ ਫੌਜ ਅਤੇ ਅਮਰੀਕੀ ਰੱਖਿਆ ਵਿਭਾਗ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਬੀਬੀਸੀ ਫ਼ਾਰਸੀ ਮੁਤਾਬਕ, ਸੋਸ਼ਲ ਮੀਡੀਆ 'ਤੇ ਅਜਿਹੇ ਵੀਡੀਓ ਵੀ ਪੋਸਟ ਕੀਤੇ ਗਏ ਹਨ, ਜਿਨ੍ਹਾਂ ਵਿੱਚ ਦੋਵੇਂ ਹਸਪਤਾਲਾਂ ਦੀਆਂ ਖਿੜਕੀਆਂ ਅਤੇ ਬਾਹਰੀ ਹਿੱਸਿਆਂ ਨੂੰ ਹੋਏ ਨੁਕਸਾਨ ਨੂੰ ਦਿਖਾਇਆ ਗਿਆ ਹੈ, ਪਰ ਸਿੱਧੇ ਮਿਜ਼ਾਈਲ ਹਮਲੇ ਦਾ ਕੋਈ ਸਬੂਤ ਨਹੀਂ ਹੈ।
ਹਾਲਾਂਕਿ ਅਧਿਕਾਰਤ ਰਿਪੋਰਟਾਂ ਦੇ ਨਾਲ-ਨਾਲ ਈਰਾਨੀ ਸਰਕਾਰ ਦੇ ਕਰੀਬੀ ਮੀਡੀਆ ਆਉਟਲੈਟਸ ਦਾ ਕਹਿਣਾ ਹੈ ਕਿ ਇਨ੍ਹਾਂ ਸਿਹਤ ਕੇਂਦਰਾਂ ਨੂੰ 'ਨਿਸ਼ਾਨਾ ਬਣਾਇਆ ਗਿਆ' ਹੈ।
ਈਰਾਨ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਨ੍ਹਾਂ ਦੋ ਹਸਪਤਾਲਾਂ ਤੋਂ ਇਲਾਵਾ ਤੇਹਰਾਨ ਵਿੱਚ ਮੋਤਾਹਾਰੀ ਹਸਪਤਾਲ, ਅਹਵਾਜ਼ ਵਿੱਚ ਅਬੁਜ਼ਰ ਹਸਪਤਾਲ ਅਤੇ ਸਰਬ, ਚਾਬਹਾਰ ਅਤੇ ਹਮਦਾਨ ਵਿੱਚ ਸਥਿਤ ਤਿੰਨ ਐਮਰਜੈਂਸੀ ਕੇਂਦਰ ਇਜ਼ਰਾਈਲੀ ਅਤੇ ਅਮਰੀਕੀ ਹਮਲਿਆਂ ਵਿੱਚ ਨੁਕਸਾਨੇ ਗਏ ਹਨ।
ਹਿਜ਼ਬੁੱਲ੍ਹਾ ਨਾਲ ਸੰਘਰਸ਼ ਹੋਇਆ ਤੇਜ਼, ਇਜ਼ਰਾਈਲ ਨੇ ਲੇਬਨਾਨ ਦੇ ਕਈ ਪਿੰਡ ਖਾਲੀ ਕਰਨ ਨੂੰ ਕਿਹਾ

ਤਸਵੀਰ ਸਰੋਤ, Getty Images
ਇਜ਼ਰਾਈਲ ਨੇ ਲੇਬਨਾਨ ਦੇ 50 ਤੋਂ ਵੱਧ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਹਮਲਿਆਂ ਤੋਂ ਬਚਣ ਲਈ ਤੁਰੰਤ ਆਪਣੇ ਘਰ ਖਾਲੀ ਕਰ ਦੇਣ।
ਤਸਵੀਰਾਂ ਵਿੱਚ ਦੇਖਿਆ ਜਾ ਰਿਹਾ ਹੈ ਕਿ ਚੇਤਾਵਨੀ ਤੋਂ ਬਾਅਦ ਬੇਰੂਤ ਅਤੇ ਸਿਡੋਨ ਸ਼ਹਿਰ ਤੋਂ ਲੋਕ ਜਾ ਰਹੇ ਹਨ, ਜਿਸ ਕਾਰਨ ਜਾਮ ਦੀ ਸਥਿਤੀ ਪੈਦਾ ਹੋ ਗਈ ਹੈ।
ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਲੋਕ ਘੱਟੋ-ਘੱਟ ਇੱਕ ਹਜ਼ਾਰ ਮੀਟਰ ਦੂਰ ਖੁੱਲ੍ਹੇ ਇਲਾਕੇ ਵਿੱਚ ਚਲੇ ਜਾਣ।
ਇਸ ਵਿੱਚ ਕਿਹਾ ਗਿਆ ਹੈ, "ਆਪਣੀ ਸੁਰੱਖਿਆ ਲਈ ਤੁਹਾਨੂੰ ਤੁਰੰਤ ਆਪਣੇ ਘਰ ਛੱਡਣੇ ਪੈਣਗੇ ਅਤੇ ਪਿੰਡਾਂ ਤੋਂ ਘੱਟੋ-ਘੱਟ ਇੱਕ ਹਜ਼ਾਰ ਮੀਟਰ ਦੂਰ ਖੁੱਲ੍ਹੇ ਇਲਾਕੇ ਵਿੱਚ ਜਾਣਾ ਪਵੇਗਾ।"
ਇਸ ਤੋਂ ਇਲਾਵਾ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ "ਜੋ ਵੀ ਹਿਜ਼ਬੁੱਲ੍ਹਾ ਦੇ ਮੈਂਬਰਾਂ, ਉਸਦੇ ਟਿਕਾਣਿਆਂ ਜਾਂ ਫੌਜੀ ਸਾਧਨਾਂ ਦੇ ਨੇੜੇ ਹੋਵੇਗਾ, ਉਹ ਆਪਣੇ ਜੀਵਨ ਨੂੰ ਖਤਰੇ ਵਿੱਚ ਪਾ ਰਿਹਾ ਹੈ।"

ਤਸਵੀਰ ਸਰੋਤ, Getty Images
ਕੀ-ਕੀ ਬੋਲੇ ਟਰੰਪ
ਡੌਨਲਡ ਟਰੰਪ ਨੇ ਕਿਹਾ, "ਜਿਨ੍ਹਾਂ ਲੋਕਾਂ ਨੇ ਪੂਰੀ ਮਨੁੱਖੀ ਸੱਭਿਅਤਾ ਦੇ ਖ਼ਿਲਾਫ਼ ਜੰਗ ਛੇੜੀ ਹੈ, ਅਮਰੀਕਾ ਉਨ੍ਹਾਂ ਅੱਤਵਾਦੀਆਂ ਨੂੰ ਸਭ ਤੋਂ ਸਖਤ ਸਜ਼ਾ ਦੇਵੇਗਾ ਅਤੇ ਜਿਨ੍ਹਾਂ ਬੇਗੁਨਾਹਾਂ ਦੀਆਂ ਜਾਨਾਂ ਗਈਆਂ ਹਨ, ਉਨ੍ਹਾਂ ਦੀ ਮੌਤ ਦਾ ਬਦਲਾ ਲਵੇਗਾ।"
ਟਰੰਪ ਨੇ ਅੱਗੇ ਚੇਤਾਵਨੀ ਦਿੰਦੇ ਹੋਏ ਕਿਹਾ, "ਮੈਂ ਇੱਕ ਵਾਰ ਫਿਰ ਰੈਵੋਲਿਊਸ਼ਨਰੀ ਗਾਰਡਜ਼ ਅਤੇ ਈਰਾਨੀ ਸੈਨਿਕ ਪੁਲਿਸ ਨੂੰ ਅਪੀਲ ਕਰਦਾ ਹਾਂ ਕਿ ਉਹ ਹਮਲੇ ਰੋਕ ਦੇਣ ਅਤੇ ਮਹਿਫੂਜ਼ ਰਹਿਣ। ਨਹੀਂ ਤਾਂ ਆਉਣ ਵਾਲੀ ਮੌਤ ਲਈ ਤਿਆਰ ਰਹਿਣ।"

ਤਸਵੀਰ ਸਰੋਤ, Getty Images
ਟਰੰਪ ਨੇ ਕਿਹਾ ਕਿ ਈਰਾਨ ਵਿੱਚ ਸੱਤਾ ਪਰਿਵਰਤਨ ਜ਼ਰੂਰੀ ਹੈ ਅਤੇ ਇਸ ਲਈ ਉਨ੍ਹਾਂ ਨੇ ਈਰਾਨ ਦੀ ਜਨਤਾ ਨੂੰ ਅਪੀਲ ਕੀਤੀ।
ਉਨ੍ਹਾਂ ਕਿਹਾ, "ਉਹ ਸਾਰੇ ਈਰਾਨੀ ਦੇਸ਼ਭਗਤ ਜੋ ਆਜ਼ਾਦ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਇਸ ਮੌਕੇ 'ਤੇ ਹਿੰਮਤ ਦਿਖਾਓ, ਵੀਰ ਬਣੋ ਅਤੇ ਆਪਣਾ ਦੇਸ਼ ਵਾਪਸ ਲੈ ਲਵੋ। ਅਮਰੀਕਾ ਤੁਹਾਡੇ ਨਾਲ ਹੈ।"
ਦੂਜੇ ਪਾਸੇ ਬ੍ਰਿਟੇਨ, ਫਰਾਂਸ ਅਤੇ ਜਰਮਨੀ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਈਰਾਨ ਵੱਲੋਂ ਵੇਸਟ ਏਸ਼ੀਆ ਦੇ ਦੇਸ਼ਾਂ 'ਤੇ ਲਗਾਤਾਰ ਹਮਲਿਆਂ ਲਈ ਆਲੋਚਨਾ ਕੀਤੀ।
ਉਨ੍ਹਾਂ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, "ਸਾਡਾ ਫੌਜੀ ਅਭਿਆਨ ਪੂਰੀ ਤਾਕਤ ਨਾਲ ਜਾਰੀ ਹੈ। ਬਦਕਿਸਮਤੀ ਨਾਲ ਸੰਭਵ ਹੈ ਹੋਰ ਅਮਰੀਕੀ ਲੋਕਾਂ ਦੀਆਂ ਜਾਨਾਂ ਜਾਣ।"
ਉਨ੍ਹਾਂ ਇਹ ਵੀ ਕਿਹਾ, "ਜੰਗ ਵਿੱਚ ਅਜਿਹਾ ਹੀ ਹੁੰਦਾ ਹੈ।"
ਪੀਐੱਮ ਮੋਦੀ ਨੇ ਨੇਤਨਯਾਹੂ ਨਾਲ ਕੀ ਗੱਲ ਕੀਤੀ?

ਤਸਵੀਰ ਸਰੋਤ, Getty Images
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਦੇਰ ਰਾਤ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਫ਼ੋਨ 'ਤੇ ਗੱਲ ਕੀਤੀ। ਦੋਵੇਂ ਆਗੂਆਂ ਨੇ ਮੌਜੂਦਾ ਸਥਿਤੀ 'ਤੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਕਿ ਉਨ੍ਹਾਂ ਨੇ ਹਾਲੀਆ ਘਟਨਾਕ੍ਰਮ 'ਤੇ ਭਾਰਤ ਦੀ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ।
ਪੀਐੱਮ ਮੋਦੀ ਨੇ ਵੀ ਦੁਹਰਾਇਆ ਕਿ ਜਲਦੀ ਤੋਂ ਜਲਦੀ ਸੰਘਰਸ਼ ਰੋਕਣਾ ਜ਼ਰੂਰੀ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਐਤਵਾਰ ਰਾਤ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰਪਤੀ ਸ਼ੇਖ਼ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਵੀ ਗੱਲ ਕੀਤੀ।
ਪੀਐੱਮ ਮੋਦੀ ਨੇ ਯੂਏਈ 'ਤੇ ਹੋਏ ਹਮਲਿਆਂ ਦੀ ਨਿੰਦਾ ਕੀਤੀ ਹੈ ਅਤੇ ਯੂਏਈ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦਾ ਖ਼ਿਆਲ ਰੱਖਣ ਲਈ ਸ਼ੇਖ਼ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦਾ ਧੰਨਵਾਦ ਕੀਤਾ ਹੈ।
ਅਮਰੀਕਾ ਅਤੇ ਇਜ਼ਰਾਈਲ ਨੇ ਸ਼ਨੀਵਾਰ ਨੂੰ ਈਰਾਨ 'ਤੇ ਵੱਡੇ ਹਮਲੇ ਕੀਤੇ ਸਨ, ਜਿਸ ਵਿੱਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨਈ ਦੀ ਮੌਤ ਹੋ ਗਈ ਹੈ।
ਹਿਜ਼ਬੁੱਲ੍ਹਾ ਨੇ ਇਜ਼ਰਾਈਲ ਵੱਲ ਮਿਜ਼ਾਈਲ ਅਤੇ ਡਰੋਨ ਦਾਗੇ

ਤਸਵੀਰ ਸਰੋਤ, HAZEM BADER / AFP via Getty Images
ਇਜ਼ਰਾਈਲੀ ਫੌਜ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਹਿਜ਼ਬੁੱਲ੍ਹਾ ਵੱਲੋਂ ਕੀਤੀ ਗਈ ਪ੍ਰੋਜੈਕਟਾਈਲ ਫਾਇਰ ਦੇ ਜਵਾਬ ਵਿੱਚ ਲੇਬਨਾਨ ਵਿੱਚ ਨਿਸ਼ਾਨਿਆਂ 'ਤੇ ਹਮਲਾ ਕਰ ਰਹੀ ਹੈ।
ਇਸ ਦਰਮਿਆਨ ਹਿਜ਼ਬੁੱਲ੍ਹਾ ਨੇ ਵੀ ਪੁਸ਼ਟੀ ਕੀਤੀ ਹੈ ਕਿ ਉਸ ਨੇ ਲੇਬਨਾਨ ਤੋਂ ਇਜ਼ਰਾਈਲ ਵੱਲ ਮਿਜ਼ਾਇਲਾਂ ਅਤੇ ਡਰੋਨ ਦਾਗੇ ਹਨ।
ਸਮੂਹ ਦਾ ਕਹਿਣਾ ਹੈ ਕਿ ਇਹ ਕਾਰਵਾਈ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨਈ ਦੇ ਕਤਲ ਦੇ ਬਦਲੇ ਵਜੋਂ ਕੀਤੀ ਗਈ ਹੈ।
ਇਜ਼ਰਾਈਲੀ ਫੌਜ ਦੇ ਮੁਤਾਬਕ, ਦਾਗੇ ਗਏ ਪ੍ਰੋਜੈਕਟਾਈਲ ਇਜ਼ਰਾਈਲ ਦੇ ਖੁੱਲ੍ਹੇ ਇਲਾਕਿਆਂ ਵਿੱਚ ਡਿੱਗੇ।
ਹਿਜ਼ਬੁੱਲ੍ਹਾ ਇੱਕ ਸ਼ੀਆ ਮੁਸਲਿਮ ਸਿਆਸੀ ਅਤੇ ਫੌਜੀ ਸੰਗਠਨ ਹੈ, ਜਿਸ ਨੂੰ ਈਰਾਨ ਦਾ ਮਜ਼ਬੂਤ ਸਮਰਥਨ ਪ੍ਰਾਪਤ ਹੈ ਅਤੇ ਜੋ ਇਜ਼ਰਾਈਲ ਦੀ ਹੋਂਦ ਦੇ ਅਧਿਕਾਰ ਦਾ ਵਿਰੋਧ ਕਰਦਾ ਹੈ।
ਈਰਾਨ ਲਈ ਇਨ੍ਹਾਂ ਮੁਸਲਿਮ ਦੇਸ਼ਾਂ ਨੇ ਜਾਰੀ ਕੀਤੀ ਚੇਤਾਵਨੀ

ਤਸਵੀਰ ਸਰੋਤ, Getty Images
ਗਲਫ਼ ਕੋਆਪਰੇਸ਼ਨ ਕਾਊਂਸਿਲ (ਜੀਸੀਸੀ) ਦੇ ਮੈਂਬਰ ਦੇਸ਼ਾਂ ਨੇ ਐਤਵਾਰ ਨੂੰ ਇੱਕ ਮੀਟਿੰਗ ਵਿੱਚ ਈਰਾਨੀ ਹਮਲਿਆਂ ਨਾਲ ਹੋਏ ਨੁਕਸਾਨ 'ਤੇ ਚਰਚਾ ਕੀਤੀ।
ਜੀਸੀਸੀ ਦਾ ਕਹਿਣਾ ਹੈ ਕਿ ਨਾਗਰਿਕ ਟਿਕਾਣਿਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਜੀਸੀਸੀ ਵਿੱਚ ਯੂਨਾਈਟਡ ਅਰਬ ਅਮੀਰਾਤ (ਯੂਏਈ), ਬਹਿਰੀਨ, ਸਾਊਦੀ ਅਰਬ, ਓਮਾਨ, ਕਤਰ ਅਤੇ ਕੁਵੈਤ ਸ਼ਾਮਲ ਹਨ।
ਇਨ੍ਹਾਂ ਸਾਰੇ ਦੇਸ਼ਾਂ ਨੇ ਈਰਾਨ ਦੇ ਹਮਲਿਆਂ ਦੀ ਨਿੰਦਾ ਕੀਤੀ ਅਤੇ ਈਰਾਨ 'ਤੇ ਉਨ੍ਹਾਂ ਦੀ ਪ੍ਰਭੂਸੱਤਾ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਦਾ ਇਲਜ਼ਾਮ ਲਗਾਇਆ।
ਜੀਸੀਸੀ ਵੱਲੋਂ ਜਾਰੀ ਬਿਆਨ ਵਿੱਚ ਈਰਾਨ ਨੂੰ ਹਮਲੇ ਰੋਕਣ ਦੀ ਅਪੀਲ ਕੀਤੀ ਗਈ।
ਹਾਲਾਂਕਿ ਸਮੂਹ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੀ ਸੁਰੱਖਿਆ ਦੀ ਰੱਖਿਆ ਲਈ 'ਸਾਰੇ ਜ਼ਰੂਰੀ ਕਦਮ' ਚੁੱਕੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































