ਈਰਾਨ ਵਿੱਚ ਡੇਗੇ ਗਏ ਅਮਰੀਕੀ ਐੱਫ-15 ਦਾ ਲਾਪਤਾ ਅਫ਼ਸਰ ਕਿਵੇਂ ਮਿਲਿਆ, ਟਰੰਪ ਨੇ ਆਪ੍ਰੇਸ਼ਨ ਬਾਰੇ ਹੋਰ ਕੀ ਕੁਝ ਕਿਹਾ

ਪੜ੍ਹਨ ਦਾ ਸਮਾਂ: 6 ਮਿੰਟ

ਅਮਰੀਕਾ ਨੇ ਕਿਹਾ ਹੈ ਕਿ ਈਰਾਨ ਵਿੱਚ ਡੇਗੇ ਗਏ ਅਮਰੀਕੀ ਲੜਾਕੂ ਜਹਾਜ਼ ਐੱਫ-15 ਦੇ ਲਾਪਤਾ ਹੋਏ ਕਰੂ ਮੈਂਬਰ ਨੂੰ ਬਚਾਅ ਲਿਆ ਗਿਆ ਹੈ।

ਟਰੰਪ ਨੇ ਇਸ ਨੂੰ ਅਮਰੀਕੀ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ 'ਦਲੇਰਾਨਾ' ਆਪ੍ਰੇਸ਼ਨ ਕਿਹਾ ਹੈ।

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪ ਟਰੁੱਥ ਸੋਸ਼ਲ 'ਤੇ ਇਸਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅਮਰੀਕੀ ਫੌਜ ਵੱਲੋਂ ਬਚਾਏ ਜਾਣ ਤੋਂ ਬਾਅਦ, ਲਾਪਤਾ ਅਮਰੀਕੀ ਕਰੂ ਮੈਂਬਰ 'ਸੁਰੱਖਿਅਤ ਅਤੇ ਬਿਲਕੁਲ ਠੀਕ' ਹੈ।

ਟਰੰਪ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਅਮਰੀਕੀ ਫੌਜ ਨੇ ਲਾਪਤਾ ਕਰੂ ਮੈਂਬਰ ਨੂੰ ਬਚਾਉਣ ਲਈ ਈਰਾਨ ਵਿੱਚ 'ਦਰਜਨਾਂ ਏਅਰਕ੍ਰਾਫਟ' ਭੇਜੇ।

ਟਰੰਪ ਨੇ ਇਹ ਵੀ ਦੱਸਿਆ ਕਿ ਇਸ ਆਪ੍ਰੇਸ਼ਨ ਨੂੰ 'ਇੱਕ ਵੀ ਅਮਰੀਕੀ ਦੇ ਮਾਰੇ ਜਾਣ ਜਾਂ ਜ਼ਖਮੀ ਹੋਏ ਬਗ਼ੈਰ' ਪੂਰਾ ਕੀਤਾ ਗਿਆ ਹੈ।

ਅਮਰੀਕਾ ਦਾ ਇੱਕ ਐੱਫ-15 ਲੜਾਕੂ ਜਹਾਜ਼ ਈਰਾਨ ਦੇ ਦੱਖਣੀ ਹਿੱਸੇ ਵਿੱਚ ਡੇਗੇ ਜਾਣ ਤੋਂ ਬਾਅਦ ਉਸਦੇ ਚਾਲਕ ਦਲ ਦਾ ਇੱਕ ਮੈਂਬਰ ਲਾਪਤਾ ਸੀ ਅਤੇ ਉਨ੍ਹਾਂ ਅਮਰੀਕਾ ਵੱਲੋਂ ਉਨ੍ਹਾਂ ਨੂੰ ਲੱਭਣ ਲਈ ਖੋਜ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਸੀ।

ਇਸ ਦੌਰਾਨ ਈਰਾਨ ਵੱਲੋਂ ਵੀ ਕਰੂ ਮੈਂਬਰ ਦੀ ਭਾਲ ਜਾਰੀ ਸੀ। ਇੱਥੋਂ ਤੱਕ ਕਿ ਕਰੂ ਮੈਂਬਰ ਨੂੰ ਜਿਉਂਦਾ ਫੜ੍ਹਨ ਵਾਲੇ ਲਈ ਇਨਾਮ ਦਾ ਵੀ ਐਲਾਨ ਕੀਤਾ ਗਿਆ ਸੀ।

ਕ੍ਰਿਸ ਪੈਟਰਿਜ, ਬੀਬੀਸੀ ਨਿਊਜ਼ ਵੈਪਨਸ ਐਨਾਲਿਸਟ

ਇਹ ਸਪਸ਼ਟ ਹੋ ਰਿਹਾ ਹੈ ਕਿ ਇਹ ਬਚਾਅ ਆਪ੍ਰੇਸ਼ਨ ਕਾਫ਼ੀ ਪੇਚੀਦਾ ਸੀ ਜਿਸ ਵਿੱਚ ਵੱਡੇ ਪੱਧਰ ਉੱਤੇ ਅਮਰੀਕੀ ਫੌਜ ਦੇ ਸਾਧਨ ਵਰਤੇ ਗਏ। ਅਮਰੀਕੀ ਅਫ਼ਸਰ ਦੀ ਭਾਲ ਲਈ ਸੈਂਕੜੇ ਫੌਜੀ, ਕਈ ਦਰਜਨ ਜੰਗੀ ਜਹਾਜ਼ ਅਤੇ ਹੈਲੀਕਾਪਟਰਾਂ ਤੋਂ ਕੰਮ ਲਿਆ ਗਿਆ।

ਸੀਬੀਐੱਸ ਨਿਊਜ਼ ਨੇ ਇਸ ਬਾਰੇ ਦੱਸਿਆ ਹੈ ਕਿ 'ਵੈਪਨਜ਼ ਸਿਸਟਮ' ਅਫ਼ਸਰ ਜੋ ਕਿ 'ਐੱਫ-15ਈ ਸਟ੍ਰਾਈਕ ਈਗਲ' ਦੀ ਦੂਜੀ ਸੀਟ ਉੱਤੇ ਬੈਠਦਾ ਹੈ ਕਿਵੇਂ ਦੱਖਣੀ ਈਰਾਨ ਉੱਤੇ ਜਹਾਜ਼ ਤੋਂ ਬਾਹਰ ਨਿਕਲਣ ਦੀ ਪ੍ਰਕਿਰਿਆ ਦੇ ਦੌਰਾਨ ਜ਼ਖ਼ਮੀ ਹੋ ਗਿਆ ਸੀ।

ਡੇਗਿਆ ਗਿਆ ਜਹਾਜ਼ ਪਹਿਲਾ 'ਐੱਫ-15ਈ ਸਟ੍ਰਾਈਕ ਈਗਲ' ਸੀ ਜਿਸ ਨੂੰ 20 ਸਾਲਾਂ ਤੋਂ ਵੱਧ ਸਮੇਂ ਵਿੱਚ ਲੜਾਈ ਦੇ ਦੌਰਾਨ ਡੇਗਿਆ ਗਿਆ ਹੈ।

ਬਚਾਏ ਗਏ ਅਮਰੀਕੀ ਫੌਜ ਦੇ ਅਫ਼ਸਰ ਨੂੰ ਕੁਝ ਸੱਟਾਂ ਲੱਗੀਆਂ ਹਨ, ਪਰ ਇਹ ਰਿਪੋਰਟ ਕੀਤਾ ਜਾ ਰਿਹਾ ਹੈ ਕਿ ਉਹ ਉੱਥੋਂ ਨਿਕਲਣ ਵਿੱਚ ਕਾਮਯਾਬ ਸੀ। ਉਸ ਕੋਲ ਸਿਰਫ਼ ਇੱਕ ਹੈਂਡਗੰਨ ਸੀ।

ਰਿਪੋਰਟਾਂ ਮੁਤਾਬਕ ਅਮਰੀਕੀ ਬਲਾਂ ਨੇ ਈਰਾਨੀ ਫੌਜਾਂ ਨੂੰ ਅਫ਼ਸਰ ਦੀ ਲੋਕੇਸ਼ਨ ਤੋਂ ਦੂਰ ਕਰਨ ਲਈ ਬੰਬਾਂ ਅਤੇ ਹਥਿਆਰਾਂ ਦੀ ਵਰਤੋਂ ਕੀਤੀ।

'ਅਸੀਂ ਕਦੇ ਕਿਸੇ ਅਮਰੀਕੀ ਵਾਰਫਾਈਟਰ ਨੂੰ ਪਿੱਛੇ ਨਹੀਂ ਛੱਡਾਂਗੇ' - ਟਰੰਪ

ਟਰੰਪ ਨੇ ਟਰੁੱਥ ਸੋਸ਼ਲ 'ਤੇ ਦੱਸਿਆ, 'ਅਸੀਂ ਉਨ੍ਹਾਂ ਨੂੰ ਬਚਾ ਲਿਆ! ਮੇਰੇ ਸਾਥੀ ਅਮਰੀਕੀਓ, ਪਿਛਲੇ ਕੁਝ ਘੰਟਿਆਂ ਵਿੱਚ, ਅਮਰੀਕੀ ਫੌਜ ਨੇ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਦਲੇਰਾਨਾ ਖੋਜ ਅਤੇ ਬਚਾਅ ਮੁਹਿੰਮਾਂ ਵਿੱਚੋਂ ਇੱਕ ਨੂੰ ਸਫ਼ਲ ਤੌਰ ਉੱਤੇ ਅੰਜਾਮ ਦਿੱਤਾ ਹੈ।'

ਉਨ੍ਹਾਂ ਅੱਗੇ ਦੱਸਿਆ ਕਿ ਲਾਪਤਾ ਕਰੂ ਮੈਂਬਰ, ਜੋ 'ਇੱਕ ਬਹੁਤ ਸਨਮਾਨਿਤ ਕਰਨਲ' ਹਨ... 'ਈਰਾਨ ਦੇ ਖ਼ਤਰਨਾਕ ਪਹਾੜਾਂ ਵਿੱਚ ਦੁਸ਼ਮਣ ਦੀ ਸੀਮਾ ਦੇ ਪਿੱਛੇ ਸਨ, ਅਤੇ ਸਾਡੇ ਦੁਸ਼ਮਣ ਉਨ੍ਹਾਂ ਦਾ ਸ਼ਿਕਾਰ ਕਰ ਰਹੇ ਸਨ,' ਪਰ ਅਮਰੀਕੀ ਫੌਜ ਦੇ ਸਾਥੀ ਜਵਾਨ 'ਦਿਨ-ਰਾਤ 24 ਘੰਟੇ ਉਨ੍ਹਾਂ ਦੀ ਲੋਕੇਸ਼ਨ 'ਤੇ ਨਜ਼ਰ ਰੱਖ ਰਹੇ ਸਨ।'

ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹ 'ਹੁਣ ਸੁਰੱਖਿਅਤ ਅਤੇ ਬਿਲਕੁਲ ਠੀਕ ਹਨ!'

ਉਨ੍ਹਾਂ ਦੱਸਿਆ ਕਿ 'ਉਨ੍ਹਾਂ ਨੂੰ (ਕਰੂ ਮੈਂਬਰ) ਨੂੰ ਸੱਟਾਂ ਲੱਗੀਆਂ ਹਨ, ਪਰ ਉਹ ਠੀਕ ਹੋ ਜਾਣਗੇ।'

ਇਹ 'ਚਮਤਕਾਰੀ' ਮਿਸ਼ਨ ਕੱਲ੍ਹ 'ਇੱਕ ਹੋਰ ਬਹਾਦੁਰ ਪਾਇਲਟ' ਨੂੰ ਬਚਾਉਣ ਤੋਂ ਬਾਅਦ ਆਇਆ ਹੈ, ਜਿਸ ਬਾਰੇ ਟਰੰਪ ਦਾ ਕਹਿਣਾ ਹੈ ਕਿ 'ਅਸੀਂ ਇਸ ਦੀ ਪੁਸ਼ਟੀ ਨਹੀਂ ਕੀਤੀ, ਕਿਉਂਕਿ ਅਸੀਂ ਆਪਣੇ ਦੂਜੇ ਬਚਾਅ ਆਪ੍ਰੇਸ਼ਨ ਨੂੰ ਖ਼ਤਰੇ ਵਿੱਚ ਨਹੀਂ ਪਾਉਣਾ ਚਾਹੁੰਦੇ ਸੀ।'

ਉਨ੍ਹਾਂ ਲਿਖਿਆ, 'ਅਸੀਂ ਕਦੇ ਵੀ ਕਿਸੇ ਅਮਰੀਕੀ ਵਾਰਫਾਈਟਰ ਨੂੰ ਪਿੱਛੇ ਨਹੀਂ ਛੱਡਾਂਗੇ!'

ਅਮਰੀਕਾ ਦਾ ਇੱਕ ਐਫ-15 ਲੜਾਕੂ ਜਹਾਜ਼ ਈਰਾਨ ਦੇ ਦੱਖਣੀ ਹਿੱਸੇ ਵਿੱਚ ਡੇਗੇ ਜਾਣ ਤੋਂ ਬਾਅਦ ਖਬਰਾਂ ਆ ਰਹੀਆਂ ਸਨ ਕਿ ਉਸਦੇ ਚਾਲਕ ਦਲ ਦੇ ਇੱਕ ਮੈਂਬਰ ਨੂੰ ਤਾਂ ਲੱਭ ਲਿਆ ਗਿਆ ਸੀ ਜਦਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਸੀ।

ਬੀਬੀਸੀ ਦੇ ਅਮਰੀਕੀ ਸਹਿਯੋਗੀ ਸੀਬੀਐੱਸ ਨਿਊਜ਼ ਮੁਤਾਬਕ, ਦੋ ਸਰੋਤਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ।

ਦੋ ਅਮਰੀਕੀ ਅਧਿਕਾਰੀਆਂ ਨੇ ਸੀਬੀਐੱਸ ਨਿਊਜ਼ ਨੂੰ ਦੱਸਿਆ ਸੀ ਕਿ ਡੇਗੇ ਗਏ ਐਫ-15 ਲੜਾਕੂ ਜਹਾਜ਼ ਦੇ ਚਾਲਕ ਦਲ ਦੇ ਇੱਕ ਮੈਂਬਰ ਨੂੰ ਬਚਾ ਲਿਆ ਗਿਆ ਹੈ।

ਅਧਿਕਾਰੀਆਂ ਮੁਤਾਬਕ, ਚਾਲਕ ਦਲ ਦੇ ਇਸ ਮੈਂਬਰ ਨੂੰ ਅਮਰੀਕੀ ਫੌਜ ਨੇ ਬਚਾਇਆ ਹੈ।

ਦੂਜੇ ਪਸੇ, ਈਰਾਨੀ ਫੌਜਾਂ ਵੀ ਲਾਪਤਾ ਪਾਇਲਟ ਦੀ ਭਾਲ ਕਰ ਰਹੀਆਂ ਸਨ। ਇਹ ਗੱਲ ਈਰਾਨ ਦੇ ਸਰਕਾਰੀ ਮੀਡੀਆ ਨੇ ਦੱਸੀ ਸੀ।

ਈਰਾਨ ਵੱਲੋਂ ਪੇਸ਼ਕਸ਼ ਵੀ ਦਿੱਤੀ ਗਈ ਸੀ ਕਿ ਜੋ ਕੋਈ ਵੀ ਲਾਪਤਾ ਅਮਰੀਕੀ ਪਾਇਲਟ ਨੂੰ ਜ਼ਿੰਦਾ ਫੜ੍ਹੇਗਾ, ਉਸਨੂੰ ਇਨਾਮ ਦਿੱਤਾ ਜਾਵੇਗਾ। ਇਹ ਗੱਲ ਈਰਾਨੀ ਸਰਕਾਰੀ ਟੀਵੀ ਨੇ ਦੱਸੀ ਸੀ।

ਰਿਪੋਰਟਾਂ ਮੁਤਾਬਕ, ਖੋਜ ਅਤੇ ਬਚਾਅ ਕਾਰਜਾਂ ਦੌਰਾਨ ਅਮਰੀਕੀ ਕਰੂਜ਼ 'ਤੇ ਵੀ ਗੋਲੀਆਂ ਚਲਾਈਆਂ ਗਈਆਂ।

ਈਰਾਨੀ ਮੀਡੀਆ ਕੀ ਕਹਿ ਰਿਹਾ?

ਈਰਾਨੀ ਮੀਡੀਆ ਦੇ ਵੱਲੋਂ ਰਿਪੋਰਟ ਕੀਤਾ ਜਾ ਰਿਹਾ ਹੈ ਕਿ ਇਸਲਾਮਿਲ ਰੈਵੋਲਿਊਸ਼ਨਰੀ ਗਾਰਡ ਕੋਰਪਸ ਨੇ 'ਲਾਪਤਾ' ਅਮਰੀਕੀ ਅਫ਼ਸਰ ਦੀ ਭਾਲ ਕਰ ਰਹੇ ਇੱਕ ਡ੍ਰੋਨ ਨੂੰ ਫੁੰਡਿਆ ਹੈ।

ਆਈਆਰਜੀਸੀ ਦੇ ਲੋਕ ਸੰਚਾਰ ਦਫ਼ਤਰ ਦੇ ਹਵਾਲੇ ਨਾਲ ਈਰਾਨ ਦੀ ਅਰਧ-ਸਰਕਾਰੀ ਖ਼ਬਰ ਏਜੰਸੀ ਫਾਰਸ ਨੇ ਲਿਖਿਆ ਕਿ ਅਮਰੀਕੀ ਡ੍ਰੋਨ ਈਰਾਨ ਦੇ ਦੱਖਣੀ ਸੂਬੇ ਇਸਫਹਾਨ ਸੂਬੇ ਵਿੱਚ ਕ੍ਰੈਸ਼ ਹੋਇਆ। ਇਨ੍ਹਾਂ ਰਿਪਰਟਾਂ ਦੀ ਹਾਲੇ ਅਮਰੀਕਾ ਨੇ ਪੁਸ਼ਟੀ ਨਹੀਂ ਕੀਤੀ।

ਅਮਰੀਕਾ ਦੇ ਐਫ-15ਈ ਜੈੱਟ ਬਾਰੇ ਅਹਿਮ ਜਾਣਕਾਰੀ

ਕ੍ਰਿਸ ਪਾਰਟ੍ਰਿਜ

ਬੀਬੀਸੀ ਨਿਊਜ਼ ਦੇ ਹਥਿਆਰ ਵਿਸ਼ਲੇਸ਼ਕ

ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਇੱਕ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੇ ਮਲਬੇ ਤੋਂ ਪਤਾ ਲੱਗਦਾ ਹੈ ਕਿ ਇਹ ਐਫ-15ਈ ਸਟ੍ਰਾਈਕ ਈਗਲ ਦੇ ਮਲਬੇ ਨਾਲ ਮੇਲ ਖਾਂਦਾ ਹੈ।

ਇਹ ਲੜਾਕੂ ਜਹਾਜ਼ ਹਵਾ-ਤੋਂ-ਜ਼ਮੀਨ ਅਤੇ ਹਵਾ-ਤੋਂ-ਹਵਾ ਦੋਵੇਂ ਕਿਸਮ ਦੇ ਮਿਸ਼ਨਾਂ ਲਈ ਡਿਜ਼ਾਈਨ ਕੀਤਾ ਗਿਆ ਹੈ।

ਈਰਾਨ ਦੇ ਮਾਮਲੇ ਵਿੱਚ, ਸੰਭਵ ਹੈ ਕਿ ਇਨ੍ਹਾਂ ਦੀ ਵਰਤੋਂ ਈਰਾਨੀ ਡਰੋਨ ਅਤੇ ਕਰੂਜ਼ ਮਿਜ਼ਾਇਲਾਂ ਨੂੰ ਮਾਰ ਗਿਰਾਉਣ ਲਈ ਰੱਖਿਆਤਮਕ ਹਵਾਈ ਕਾਰਵਾਈ ਵਿੱਚ ਕੀਤੀ ਗਈ ਹੋਵੇ।

ਆਪਣੀ ਹਵਾ ਤੋਂ ਜ਼ਮੀਨ 'ਤੇ ਹਮਲੇ ਦੀ ਭੂਮਿਕਾ ਵਿੱਚ, ਇਹ ਜੈੱਟ ਲੇਜ਼ਰ ਅਤੇ ਜੀਪੀਐੱਸ ਰਾਹੀਂ ਸਟੀਕ ਗੋਲਾ-ਬਾਰੂਦ ਦੇ ਨਾਲ-ਨਾਲ ਹੋਰ ਬੰਬ ਗਿਰਾਉਣ ਵਿੱਚ ਵੀ ਸਮਰੱਥ ਹੈ।

ਇਸ ਜਹਾਜ਼ ਵਿੱਚ ਦੋ ਕਰੂ ਮੈਂਬਰ ਹੁੰਦੇ ਹਨ। ਅੱਗੇ ਵਾਲੀ ਸੀਟ 'ਤੇ ਪਾਇਲਟ ਜੋ ਜੈੱਟ ਉਡਾਉਂਦਾ ਹੈ ਅਤੇ ਪਿੱਛੇ ਵਾਲੀ ਸੀਟ 'ਤੇ ਵੈਪਨ ਸਿਸਟਮਸ ਅਫ਼ਸਰ ਹੁੰਦਾ ਹੈ।

ਅਮਰੀਕੀ ਜਹਾਜ਼ ਦੇ ਡਿੱਗਣ ਦੇ ਕਾਰਨ ਬਾਰੇ ਹਾਲੇ ਪਤਾ ਨਹੀਂ ਹੈ ਪਰ ਜੇਕਰ ਇਸਨੂੰ ਈਰਾਨ ਨੇ ਡੇਗਿਆ ਹੈ ਤਾਂ ਇਸਦਾ ਸਭ ਤੋਂ ਸੰਭਾਵਿਤ ਕਾਰਨ ਤਲ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ (ਐਸਏਐਮ) ਹੋ ਸਕਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)