ਪਿਸ਼ਾਬ ਕਰਨ ਤੋਂ ਬਾਅਦ ਵੀ ਕੁਝ ਬੂੰਦਾਂ ਦਾ ਟਪਕਣਾ, ਇਹ ਕਿਸ ਬਿਮਾਰੀ ਦਾ ਲੱਛਣ ਹੋ ਸਕਦਾ ਹੈ ਤੇ ਇਸ ਨੂੰ ਠੀਕ ਕਿਵੇਂ ਕੀਤਾ ਜਾਵੇ

    • ਲੇਖਕ, ਓਂਕਾਰ ਕਰੰਬੇਲਕਰ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 11 ਮਿੰਟ

ਪਿਸ਼ਾਬ ਕਰਨ ਤੋਂ ਕੁਝ ਸਕਿੰਟ ਬਾਅਦ ਜਾਂ ਟਾਇਲਟ ਤੋਂ ਬਾਹਰ ਆਉਣ ਤੋਂ ਬਾਅਦ ਅਚਾਨਕ ਪਿਸ਼ਾਬ ਟਪਕਣ ਨੂੰ ਪੋਸਟ ਮਿਕਚੁਰੇਸ਼ਨ ਡ੍ਰਿਬਲ (ਪੀਐੱਮਡੀ) ਕਿਹਾ ਜਾਂਦਾ ਹੈ। ਹਾਲਾਂਕਿ ਇਹ ਸਮੱਸਿਆ ਮਾਮੂਲੀ ਲੱਗ ਸਕਦੀ ਹੈ, ਪਰ ਇਹ ਕਈ ਮਰਦਾਂ ਦੇ ਰੋਜ਼ਾਨਾ ਜੀਵਨ, ਆਤਮ-ਵਿਸ਼ਵਾਸ ਅਤੇ ਮਾਨਸਿਕ ਸਿਹਤ 'ਤੇ ਅਸਰ ਪਾਉਂਦੀ ਹੈ।

ਆਮ ਧਾਰਨਾ ਇਹ ਹੈ ਕਿ ਪੀਐੱਮਡੀ ਉਮਰ ਦੇ ਨਾਲ ਹੁੰਦਾ ਹੈ, ਪਰ ਅਸਲ ਵਿੱਚ ਪੀਐੱਮਡੀ ਨੌਜਵਾਨ ਮਰਦਾਂ ਵਿੱਚ ਵੀ ਓਨਾ ਹੀ ਆਮ ਹੈ। ਕਮਜ਼ੋਰ ਪੈਲਵਿਕ ਫਲੋਰ ਮਾਸਪੇਸ਼ੀਆਂ, ਪਿਸ਼ਾਬ ਰੋਕਣ ਅਤੇ ਪਿਸ਼ਾਬ ਕਰਨ ਦੀਆਂ ਖ਼ਰਾਬ ਆਦਤਾਂ ਇਸ ਦੇ ਮੁੱਖ ਕਾਰਨ ਹਨ।

ਪੀਐੱਮਡੀ ਕਿਉਂ ਹੁੰਦਾ ਹੈ, ਇਸ ਦੇ ਮਹੱਤਵਪੂਰਨ ਲੱਛਣ ਕੀ ਹਨ ਅਤੇ ਅਸਲ ਵਿੱਚ ਕਿਹੜੇ ਇਲਾਜ ਮਦਦਗਾਰ ਹਨ, ਇਸ ਨੂੰ ਠੀਕ ਕਰਨ ਵੱਲ ਪਹਿਲਾ ਕਦਮ ਇਹੀ ਹੈ ਕਿ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭੇ ਜਾਣ।

ਕਈ ਮਰਦਾਂ ਨੂੰ ਪਿਸ਼ਾਬ ਕਰਨ ਦੇ ਤੁਰੰਤ ਬਾਅਦ ਪਿਸ਼ਾਬ ਟਪਕਣ, ਅੰਡਰਵੇਅਰ ਗਿੱਲਾ ਹੋ ਜਾਣ ਜਾਂ ਟਾਇਲਟ ਤੋਂ ਬਾਹਰ ਆਉਣ ਤੋਂ ਬਾਅਦ ਅਸਹਿਜ ਮਹਿਸੂਸ ਕਰਨ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਹਾਲਾਂਕਿ ਇਹ ਅਸਹਿਜਤਾ ਆਮ ਹੈ, ਫਿਰ ਵੀ ਮਰਦ ਅਕਸਰ ਇਸ ਬਾਰੇ ਗੱਲ ਕਰਨ ਤੋਂ ਕਤਰਾਉਂਦੇ ਹਨ।

ਪਿਸ਼ਾਬ ਕਰਨ ਤੋਂ ਬਾਅਦ ਬੂੰਦ-ਬੂੰਦ ਪਿਸ਼ਾਬ ਟਪਕਣ (ਪੀਐੱਮਡੀ) ਦਾ ਵਿਸ਼ਾ ਅਕਸਰ ਸ਼ਰਮ ਜਾਂ ਮਜ਼ਾਕ ਬਣਨ ਦੇ ਡਰ ਕਾਰਨ ਦਬਿਆ ਰਹਿੰਦਾ ਹੈ। ਨਾਲ ਹੀ ਇਹ ਗ਼ਲਤ ਧਾਰਨਾ ਕਿ 'ਇਹ ਸਿਰਫ਼ ਬੁਢਾਪੇ ਵਿੱਚ ਹੁੰਦਾ ਹੈ', ਜਾਂ ਇਹ ਸੋਚ ਕਿ ਇਹ ਕੋਈ ਗੰਭੀਰ ਸਮੱਸਿਆ ਨਹੀਂ ਹੈ, ਇਸ ਵਿਸ਼ੇ ਨੂੰ ਦਬਾ ਕੇ ਰੱਖਦੀ ਹੈ।

ਦਰਅਸਲ, ਪੀਐੱਮਡੀ (ਪੋਸਟ ਮਿਕਚੁਰੇਸ਼ਨ ਡ੍ਰਿਬਲ) ਸਿਰਫ਼ ਬਜ਼ੁਰਗਾਂ ਦੀ ਸਮੱਸਿਆ ਨਹੀਂ ਹੈ। ਕਈ ਨੌਜਵਾਨ ਮਰਦ ਵੀ ਇਸ ਨਾਲ ਪ੍ਰਭਾਵਿਤ ਹੁੰਦੇ ਹਨ।

ਦਿਨ ਭਰ ਪਿਸ਼ਾਬ ਦੀਆਂ ਬੂੰਦਾਂ ਦੇ ਅਚਾਨਕ ਨਿਕਲਣ ਨਾਲ ਗਿੱਲਾਪਣ ਮਹਿਸੂਸ ਹੋਣਾ, ਕੰਮ 'ਤੇ ਅਸਹਿਜ ਮਹਿਸੂਸ ਕਰਨਾ, ਕੱਪੜਿਆਂ 'ਤੇ ਲਗਾਤਾਰ ਧਿਆਨ ਦੇਣਾ ਅਤੇ ਬਾਹਰ ਘੁੰਮਣ ਜਾਂ ਯਾਤਰਾ ਦੌਰਾਨ ਤਣਾਅ ਵਧਣਾ, ਇਹ ਸਾਰੀਆਂ ਚੀਜ਼ਾਂ ਰੋਜ਼ਾਨਾ ਜੀਵਨ ਅਤੇ ਆਤਮ-ਵਿਸ਼ਵਾਸ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

ਕਈ ਮਰਦ ਇਸ ਸਮੱਸਿਆ ਨੂੰ ਸਿੱਧਾ ਪ੍ਰੋਸਟੇਟ ਗ੍ਰੰਥੀ ਨਾਲ ਜੋੜ ਲੈਂਦੇ ਹਨ ਅਤੇ ਬਿਨ੍ਹਾਂ ਕਿਸੇ ਆਧਾਰ ਦੇ ਆਪਣੇ ਮਨ 'ਚ ਡਰ ਪੈਦਾ ਕਰ ਲੈਂਦੇ ਹਨ। ਕੁਝ ਲੋਕ ਇੰਟਰਨੈੱਟ 'ਤੇ ਗ਼ਲਤ ਜਾਣਕਾਰੀ ਪੜ੍ਹ ਕੇ ਉਲਝਣ ਵਿੱਚ ਪੈ ਜਾਂਦੇ ਹਨ, ਜਦਕਿ ਦੂਸਰੇ ਇਸ ਮੁੱਦੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੰਦੇ ਹਨ।

ਹਾਲਾਂਕਿ, ਮਾਹਰਾਂ ਦਾ ਕਹਿਣਾ ਹੈ ਕਿ ਪੀਐੱਮਡੀ ਕੋਈ ਗੰਭੀਰ ਬਿਮਾਰੀ ਨਹੀਂ ਹੈ ਅਤੇ ਇਹ ਅਕਸਰ ਪੈਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਦੀ ਤਾਕਤ ਵਿੱਚ ਕਮੀ, ਪਿਸ਼ਾਬ ਮਾਰਗ ਵਿੱਚ ਪਿਸ਼ਾਬ ਸਬੰਧੀ ਥੋੜ੍ਹੀ ਰੁਕਾਵਟ ਜਾਂ ਬੈਠੇ ਰਹਿਣ ਵਾਲੀ ਜੀਵਨਸ਼ੈਲੀ ਕਾਰਨ ਹੁੰਦਾ ਹੈ।

ਸਹੀ ਕਸਰਤ, ਕੁਝ ਸਧਾਰਣ ਤਰੀਕੇ ਅਤੇ ਪਿਸ਼ਾਬ ਕਰਨ ਦੀ ਸਹੀ ਵਿਧੀ ਅਪਨਾਉਣ ਨਾਲ ਪੀਐੱਮਡੀ ਨੂੰ ਆਸਾਨੀ ਨਾਲ ਘਟਾਇਆ ਜਾ ਸਕਦਾ ਹੈ।

ਕਈ ਮਰਦਾਂ ਨੂੰ ਪੀਐੱਮਡੀ (ਪੋਸਟ ਮਿਕਚੁਰੇਸ਼ਨ ਡ੍ਰਿਬਲ) ਦੀ ਸਮੱਸਿਆ ਹੁੰਦੀ ਹੈ। ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਜਾਂਦੀ। ਇਸ ਲਈ ਇਸ ਸਮੱਸਿਆ ਦੇ ਪਿੱਛੇ ਦੇ ਵਿਗਿਆਨ, ਕਾਰਨਾਂ ਅਤੇ ਹੱਲ ਨੂੰ ਸਮਝਣਾ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਕਦਮ ਹੈ।

ਪੀਐੱਮਡੀ ਕੀ ਹੈ?

ਪੀਐੱਮਡੀ ਦਾ ਮਤਲਬ ਹੈ ਪਿਸ਼ਾਬ ਕਰਨ ਤੋਂ ਬਾਅਦ ਪਿਸ਼ਾਬ ਦਾ ਰਿਸਾਅ ਹੋਣਾ।

ਇਸ ਦਾ ਮੁੱਖ ਲੱਛਣ ਟਾਇਲਟ ਤੋਂ ਬਾਹਰ ਆਉਣ ਤੋਂ ਕੁਝ ਸਕਿੰਟ ਜਾਂ ਮਿੰਟ ਬਾਅਦ ਅਚਾਨਕ ਪਿਸ਼ਾਬ ਟਪਕਣਾ ਹੈ।

ਇਹ ਸਮੱਸਿਆ ਅਕਸਰ ਪਿਸ਼ਾਬ ਮਾਰਗ ਦੇ ਨਿਚਲੇ ਹਿੱਸੇ (ਬਲਬਰ ਮੂਤਰਮਾਰਗ) ਵਿੱਚ ਥੋੜ੍ਹੀ ਮਾਤਰਾ ਵਿੱਚ ਪਿਸ਼ਾਬ ਫਸੇ ਰਹਿਣ ਕਾਰਨ ਹੁੰਦੀ ਹੈ। ਪੈਲਵਿਕ ਫਲੋਰ ਦੀਆਂ ਕਮਜ਼ੋਰ ਮਾਸਪੇਸ਼ੀਆਂ, ਪ੍ਰੋਸਟੇਟ ਦਾ ਵਧਣਾ, ਬੈਠਕ ਵਾਲੀ ਜੀਵਨ ਸ਼ੈਲੀ, ਗ਼ਲਤ ਤਰੀਕੇ ਨਾਲ ਪਿਸ਼ਾਬ ਕਰਨਾ ਜਾਂ ਮੂਤਰਮਾਰਗ ਦੀਆਂ ਮਾਸਪੇਸ਼ੀਆਂ ਦੇ ਖ਼ਰਾਬ ਤਾਲਮੇਲ ਕਾਰਨ ਪੀਐੱਮਡੀ ਹੋ ਸਕਦਾ ਹੈ।

ਠਾਣੇ ਦੇ ਕੇਆਈਐੱਮਐੱਸ ਹਸਪਤਾਲ ਵਿੱਚ ਸਲਾਹਕਾਰ ਪਿਸ਼ਾਬ ਰੋਗ ਮਾਹਰ ਵਜੋਂ ਕੰਮ ਕਰ ਰਹੇ ਡਾਕਟਰ ਅਕਿਲ ਖ਼ਾਨ ਨੇ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ।

ਡਾਕਟਰ ਖ਼ਾਨ ਕਹਿੰਦੇ ਹਨ, "ਪਿਸ਼ਾਬ ਕਰਨ ਤੋਂ ਬਾਅਦ ਪਿਸ਼ਾਬ ਦੀਆਂ ਕੁਝ ਬੂੰਦਾਂ ਨਿਕਲਣਾ, ਭਾਵ ਪੋਸਟ ਮਿਕਚੁਰੇਸ਼ਨ ਡ੍ਰਿਬਲ, ਭਾਵ ਟਾਇਲਟ ਤੋਂ ਬਾਹਰ ਆਉਣ ਤੋਂ ਬਾਅਦ ਪਿਸ਼ਾਬ ਦਾ ਥੋੜ੍ਹਾ-ਥੋੜ੍ਹਾ ਰਿਸਾਅ ਹੋਣਾ, ਇਹ 'ਪਿਸ਼ਾਬ ਅਸੰਤੁਲਨ' ਦੀ ਰਵਾਇਤੀ ਸ਼੍ਰੇਣੀ ਵਿੱਚ ਨਹੀਂ ਆਉਂਦਾ।"

"ਇਹ 'ਮੂਤਰ ਤਿਆਗਣ ਵਿੱਚ ਮੁਸ਼ਕਲ' ਨਾਮ ਦੀ ਇੱਕ ਵੱਖਰੀ ਸ਼੍ਰੇਣੀ ਵਿੱਚ ਆਉਂਦਾ ਹੈ, ਜਿਸ ਵਿੱਚ ਪਿਸ਼ਾਬ ਕਰਨ ਤੋਂ ਬਾਅਦ ਮੂਤਰਮਾਰਗ ਵਿੱਚ ਥੋੜ੍ਹੀ ਮਾਤਰਾ ਵਿੱਚ ਪਿਸ਼ਾਬ/ਮੂਤਰ ਰਹਿ ਜਾਂਦਾ ਹੈ ਅਤੇ ਫਿਰ ਰਿਸ ਕੇ ਬਾਹਰ ਨਿਕਲ ਜਾਂਦਾ ਹੈ।"

ਹਾਲਾਂਕਿ ਇਹ ਸਮੱਸਿਆ ਅਸੁਵਿਧਾਜਨਕ ਹੈ, ਪਰ ਮਾਹਰਾਂ ਦਾ ਮੰਨਣਾ ਹੈ ਕਿ ਸਹੀ ਕਸਰਤ ਅਤੇ ਤਰੀਕਿਆਂ ਨਾਲ ਇਸ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਹੈ।

ਪੈਲਵਿਕ ਫਲੋਰ ਕੀ ਹੈ?

ਪੈਲਵਿਕ ਫਲੋਰ ਢਿੱਡ ਦੇ ਨਿਚਲੇ ਹਿੱਸੇ ਵਿੱਚ ਸਥਿਤ ਮਾਸਪੇਸ਼ੀਆਂ, ਟਿਸ਼ੂਆਂ ਅਤੇ ਲਿਗਾਮੈਂਟਸ ਦੀ ਇੱਕ ਮਜ਼ਬੂਤ ਪਰ ਲਚਕੀਲੀ ਪਰਤ ਹੁੰਦੀ ਹੈ। ਇਹ ਪੂਰੀ ਬਣਤਰ ਇੱਕ ਝੂਲੇ ਜਾਂ ਸਹਾਰੇ ਦੇ ਜਾਲ ਵਾਂਗ ਕੰਮ ਕਰਦੀ ਹੈ ਅਤੇ ਪੈਲਵਿਕ ਵਿੱਚ ਮੌਜੂਦ ਮਹੱਤਵਪੂਰਨ ਅੰਗਾਂ, ਜਿਵੇਂ ਬਲੈਡਰ, ਮੂਤਰਮਾਰਗ, ਆਂਦਰਾਂ ਅਤੇ ਮਰਦਾਂ ਵਿੱਚ ਪ੍ਰੋਸਟੇਟ ਗ੍ਰੰਥੀ ਨੂੰ ਸਥਿਰਤਾ ਪ੍ਰਦਾਨ ਕਰਦੀ ਹੈ।

ਇਹ ਮਾਸਪੇਸ਼ੀਆਂ ਅੰਗਾਂ ਦਾ ਭਾਰ ਝੱਲਦੀਆਂ ਹਨ ਅਤੇ ਸਰੀਰ ਦੇ ਖੜ੍ਹੇ ਹੋਣ ਜਾਂ ਤੁਰਨ ਦੌਰਾਨ ਉਨ੍ਹਾਂ ਨੂੰ ਸਹੀ ਸਥਿਤੀ ਵਿੱਚ ਕਾਇਮ ਰੱਖਦੀਆਂ ਹਨ।

ਇਨ੍ਹਾਂ ਮਾਸਪੇਸ਼ੀਆਂ ਦਾ ਇੱਕ ਹੋਰ ਮਹੱਤਵਪੂਰਨ ਕੰਮ ਮੂਤਰ ਅਤੇ ਮਲ ਨੂੰ ਕੰਟ੍ਰੋਲ ਕਰਨ ਵਾਲੇ ਵਾਲਵਾਂ (ਸਫਿੰਕਟਰ) ਨੂੰ ਲੋੜੀਂਦਾ ਸਹਾਰਾ ਦੇਣਾ ਹੈ। ਸਾਹ ਲੈਣ, ਖੰਘਣ, ਛਿੱਕਣ, ਭਾਰ ਚੁੱਕਣ ਅਤੇ ਕਸਰਤ ਕਰਨ ਦੌਰਾਨ ਜਦੋਂ ਢਿੱਡ ਵਿੱਚ ਦਬਾਅ ਵੱਧਦਾ ਹੈ, ਤਾਂ ਇਹ ਤਣਾਅ ਪੈਲਵਿਕ ਫਲੋਰ ਮਾਸਪੇਸ਼ੀਆਂ ਦੁਆਰਾ ਝੱਲ ਲੈਂਦਾ ਹੈ ਅਤੇ ਅੰਗਾਂ ਨੂੰ ਲੋੜੀਂਦੀ ਸਥਿਰਤਾ ਦਿੰਦਾ ਹੈ।

ਇਸ ਲਈ, ਪੈਲਵਿਕ ਫਲੋਰ ਸਰੀਰ ਦੇ ਸੰਤੁਲਨ, ਕੋਰ ਦੀ ਤਾਕਤ ਅਤੇ ਆਂਦਰ ਕੰਟ੍ਰੋਲ ਲਈ ਇੱਕ ਬਹੁਤ ਹੀ ਮਹੱਤਵਪੂਰਨ ਪਰ ਅਕਸਰ ਨਜ਼ਰਅੰਦਾਜ਼ ਕੀਤੀ ਜਾਣ ਵਾਲੀ ਬਣਤਰ ਹੈ।

ਪੀਐੱਮਡੀ ਕਿਸ ਨੂੰ ਹੁੰਦਾ ਹੈ ਅਤੇ ਕੀ ਇਸਦਾ ਸਬੰਧ ਪ੍ਰੋਸਟੇਟ ਗ੍ਰੰਥੀ ਨਾਲ ਹੈ?

ਪੀਐੱਮਡੀ ਦਾ ਸਭ ਤੋਂ ਆਮ ਕਾਰਨ ਕਮਜ਼ੋਰ ਜਾਂ ਖ਼ਰਾਬ ਤਾਲਮੇਲ ਵਾਲੀਆਂ ਪੈਲਵਿਕ ਫਲੋਰ ਮਾਸਪੇਸ਼ੀਆਂ ਹੁੰਦੀਆਂ ਹਨ, ਜੋ ਪਿਸ਼ਾਬ ਦੀਆਂ ਆਖ਼ਰੀ ਬੂੰਦਾਂ ਨੂੰ ਬਾਹਰ ਕੱਢਣ ਲਈ ਜ਼ਿੰਮੇਵਾਰ ਹੁੰਦੀਆਂ ਹਨ।

ਜੇ ਪੈਲਵਿਕ ਫਲੋਰ ਮਾਸਪੇਸ਼ੀਆਂ ਕਮਜ਼ੋਰ ਹੋਣ ਤਾਂ ਕੁਝ ਪਿਸ਼ਾਬ ਜਾਂ ਮੂਤਰ ਮੂਤਰਮਾਰਗ ਵਿੱਚ ਫਸ ਜਾਂਦਾ ਹੈ ਅਤੇ ਫਿਰ ਰਿਸਣ ਲੱਗ ਪੈਂਦਾ ਹੈ। ਇਹ ਇੱਕ ਗਲਤ ਧਾਰਨਾ ਹੈ ਕਿ ਇਹ ਸਮੱਸਿਆ ਸਿਰਫ਼ ਬਜ਼ੁਰਗਾਂ ਨੂੰ ਹੁੰਦੀ ਹੈ

ਨੌਜਵਾਨ ਮਰਦਾਂ ਵਿੱਚ ਵੀ ਬੈਠਣ ਵਾਲੀ ਜੀਵਨ ਸ਼ੈਲੀ, ਕਸਰਤ ਦੀ ਕਮੀ, ਮੋਟਾਪਾ ਜਾਂ ਪਿਸ਼ਾਬ ਕਰਨ ਦੀਆਂ ਗ਼ਲਤ ਆਦਤਾਂ ਪੀਐੱਮਡੀ ਦੇ ਖ਼ਤਰੇ ਨੂੰ ਵਧਾਉਂਦੀਆਂ ਹਨ।

ਇੱਕ ਹੋਰ ਆਮ ਗ਼ਲਤਫ਼ਹਿਮੀ ਇਹ ਹੈ ਕਿ ਪੀਐੱਮਡੀ ਦਾ ਸਿੱਧਾ ਸਬੰਧ ਪ੍ਰੋਸਟੇਟ ਨਾਲ ਹੈ। ਦਰਅਸਲ, ਕੁਝ ਮਾਮਲਿਆਂ ਵਿੱਚ ਪ੍ਰੋਸਟੇਟ ਦਾ ਵਧਣਾ ਇਸਦਾ ਕਾਰਨ ਹੋ ਸਕਦਾ ਹੈ, ਪਰ ਜ਼ਿਆਦਾਤਰ ਮਰਦਾਂ, ਖ਼ਾਸ ਕਰਕੇ ਨੌਜਵਾਨ ਮਰਦਾਂ ਵਿੱਚ ਪ੍ਰੋਸਟੇਟ ਦੀ ਕੋਈ ਬੀਮਾਰੀ ਨਹੀਂ ਹੁੰਦੀ। ਉਨ੍ਹਾਂ ਵਿੱਚ ਪੀਐੱਮਡੀ ਕੋਈ ਢਾਂਚਾਗਤ ਸਮੱਸਿਆ ਨਹੀਂ, ਸਗੋਂ ਇਹ ਮਾਸਪੇਸ਼ੀਆਂ ਦੇ ਕੰਮ ਨਾਲ ਸਬੰਧਤ ਇੱਕ "ਕਾਰਜਸ਼ੀਲ" ਸਮੱਸਿਆ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਜੇ ਪੀਐੱਮਡੀ ਦੇ ਨਾਲ ਸਿਰਫ਼ ਹਲਕਾ ਰਿਸਾਅ ਹੀ ਨਹੀਂ ਸਗੋਂ ਹੋਰ ਲੱਛਣ ਵੀ ਹੋਣ ਤਾਂ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।

ਜਿਵੇਂ ਪਿਸ਼ਾਬ ਕਰਦੇ ਸਮੇਂ ਜਲਨ, ਪਿਸ਼ਾਬ ਦੀ ਧਾਰ ਕਮਜ਼ੋਰ ਹੋਣਾ, ਪਿਸ਼ਾਬ ਕਰਨ ਵਿੱਚ ਜ਼ੋਰ ਲਗਣਾ, ਵਾਰ-ਵਾਰ ਪਿਸ਼ਾਬ ਆਉਣਾ, ਪਿਸ਼ਾਬ ਵਿੱਚ ਖ਼ੂਨ ਆਉਣਾ ਜਾਂ ਪੈਲਵਿਕ ਫਲੋਰ ਵਿੱਚ ਦਰਦ ਹੋਣਾ। ਜੇ ਅਜਿਹੇ ਲੱਛਣ ਮੌਜੂਦ ਹੋਣ ਤਾਂ ਮੂਤਰ ਮਾਰਗ ਇਨਫੈਕਸ਼ਨ, ਮੂਤਰਮਾਰਗ ਦਾ ਸੁੰਗੜਨਾ ਜਾਂ ਪ੍ਰੋਸਟੇਟ ਵਿੱਚ ਸੋਜ ਵਰਗੀਆਂ ਸਥਿਤੀਆਂ ਦੀ ਜਾਂਚ ਕਰਵਾਉਣਾ ਜ਼ਰੂਰੀ ਹੈ।

ਇਸ ਬੀਮਾਰੀ ਦਾ ਨਿਦਾਨ ਕਿਵੇਂ ਕੀਤਾ ਜਾਂਦਾ ਹੈ ਅਤੇ ਪੈਲਵਿਕ ਫਲੋਰ ਕਸਰਤ ਦੀ ਕੀ ਭੂਮਿਕਾ ਹੈ?

ਲੱਛਣਾਂ ਦਾ ਇਤਿਹਾਸ ਅਤੇ ਇੱਕ ਸਧਾਰਣ ਸਰੀਰਕ ਜਾਂਚ ਇਸ ਹਾਲਤ ਦੇ ਨਿਦਾਨ ਵਿੱਚ ਮਦਦਗਾਰ ਹੁੰਦੇ ਹਨ।

ਕਦੇ-ਕਦੇ ਯੂਰੋਫ਼ਲੋਮੈਟਰੀ ਜਾਂ ਪਿਸ਼ਾਬ ਦੀ ਜਾਂਚ ਵਰਗੇ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਲਾਜ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਹੈ, ਪੈਲਵਿਕ ਫਲੋਰ ਕਸਰਤਾਂ ਨੂੰ ਸਹੀ ਢੰਗ ਨਾਲ ਕਰਨਾ

ਡਾਕਟਰ ਅਕੀਲ ਖ਼ਾਨ ਕਹਿੰਦੇ ਹਨ, "ਇਸਦਾ ਨਿਦਾਨ ਮੁੱਖ ਤੌਰ 'ਤੇ ਕਲੀਨਿਕਲ ਹੁੰਦਾ ਹੈ, ਜੋ ਲੱਛਣਾਂ ਦੇ ਇਤਿਹਾਸ ਅਤੇ ਸਰੀਰਕ ਜਾਂਚ 'ਤੇ ਆਧਾਰਿਤ ਹੁੰਦਾ ਹੈ। ਕੁਝ ਮਾਮਲਿਆਂ ਵਿੱਚ ਪਿਸ਼ਾਬ ਦੀ ਜਾਂਚ ਜਾਂ ਯੂਰੋਫ਼ਲੋਮੈਟਰੀ ਵਰਗੇ ਟੈਸਟ ਦੀ ਸਲਾਹ ਦਿੱਤੀ ਜਾ ਸਕਦੀ ਹੈ।"

"ਵਿਅਕਤੀ ਖ਼ੁਦ ਵੀ ਕੁਝ ਪੈਟਰਨ ਦੇਖ ਸਕਦਾ ਹੈ, ਜਿਵੇਂ ਪਿਸ਼ਾਬ ਕਰਨ ਤੋਂ ਬਾਅਦ ਵੀ ਲਗਾਤਾਰ ਬੂੰਦ-ਬੂੰਦ ਪਿਸ਼ਾਬ ਆਉਣਾ। ਹਾਲਾਂਕਿ ਕਿਸੇ ਗੰਭੀਰ ਕਾਰਨ ਦੀ ਪੁਸ਼ਟੀ ਲਈ ਸਹੀ ਢੰਗ ਨਾਲ ਮੈਡੀਕਲ ਜਾਂਚ ਕਰਾਉਣਾ ਜ਼ਰੂਰੀ ਹੈ।"

ਡਾਕਟਰ ਅਕੀਲ ਖ਼ਾਨ ਨੇ ਅੱਗੇ ਕਿਹਾ, "ਪੀਐੱਮਡੀ ਦੇ ਪ੍ਰਬੰਧਨ ਵਿੱਚ ਪੈਲਵਿਕ ਫਲੋਰ ਕਸਰਤਾਂ ਸਭ ਤੋਂ ਮਹੱਤਵਪੂਰਨ ਹਨ। 'ਯੂਰੇਥਰਲ ਮਿਲਕਿੰਗ' ਦਾ ਅਰਥ ਹੈ ਪਿਸ਼ਾਬ ਕਰਨ ਤੋਂ ਬਾਅਦ ਅੰਡਕੋਸ਼ ਦੇ ਪਿੱਛਲੇ ਹਿੱਸੇ 'ਤੇ ਹਲਕਾ ਦਬਾਅ ਦੇਣਾ, ਜਿਸ ਨਾਲ ਬਚਿਆ ਹੋਇਆ ਮੂਤਰ ਬਾਹਰ ਨਿਕਲ ਜਾਂਦਾ ਹੈ।"

"ਕੀਗਲ ਕਸਰਤ ਨੂੰ ਗ਼ਲਤ ਜਾਂ ਅਨਿਯਮਿਤ ਤਰੀਕੇ ਨਾਲ ਕਰਨਾ ਇੱਕ ਆਮ ਗ਼ਲਤੀ ਹੈ। ਠੀਕ ਮਾਰਗਦਰਸ਼ਨ ਲਾਜ਼ਮੀ ਹੈ। ਜਦੋਂ ਤੱਕ ਇਨਫੈਕਸ਼ਨ ਜਾਂ ਪ੍ਰੋਸਟੇਟ ਵਧਣ ਵਰਗੀ ਕੋਈ ਸਬੰਧਤ ਸਮੱਸਿਆ ਨਾ ਹੋਵੇ, ਦਵਾਈ ਦੀ ਲੋੜ ਨਹੀਂ ਹੁੰਦੀ।"

ਪੀਐੱਮਡੀ ਦੇ ਨਾਲ ਦੇਖੀਆਂ ਜਾਣ ਵਾਲੀਆਂ ਗੰਭੀਰ ਸਮੱਸਿਆਵਾਂ ਦੇ ਲੱਛਣ

ਜੇ ਤੁਹਾਨੂੰ ਪੀਐੱਮਡੀ ਹੈ ਪਰ ਨਾਲ ਹੀ ਹੋਰ ਲੱਛਣ ਵੀ ਨਜ਼ਰ ਆ ਰਹੇ ਹਨ, ਤਾਂ ਇਹ ਕਿਸੇ ਗੰਭੀਰ ਸਮੱਸਿਆ ਦਾ ਸੰਕੇਤ ਹੋ ਸਕਦੇ ਹਨ।

ਪਿਸ਼ਾਬ ਵਿੱਚ ਖ਼ੂਨ ਆਉਣਾ, ਜਲਨ, ਬੁਖ਼ਾਰ, ਪੈਲਵਿਕ ਜਾਂ ਪੇਰਿਨੀਅਲ ਖੇਤਰ ਵਿੱਚ ਦਰਦ, ਕਮਜ਼ੋਰ ਧਾਰ ਜਾਂ ਵਾਰ-ਵਾਰ ਇਨਫੈਕਸ਼ਨ ਵਰਗੇ ਲੱਛਣ ਇਸ ਗੱਲ ਦਾ ਸੰਕੇਤ ਹਨ ਕਿ ਤੁਹਾਨੂੰ ਤੁਰੰਤ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ। ਇਹ ਲੱਛਣ ਕਿਸੇ ਪ੍ਰਕਾਰ ਨਾਲ ਸੁੰਗੜਨ, ਇਨਫੈਕਸ਼ਨ ਜਾਂ ਰੁਕਾਵਟ ਦਾ ਸੰਕੇਤ ਹੋ ਸਕਦੇ ਹਨ।

ਡਾਕਟਰ ਸ਼ਿਆਮ ਵਰਮਾ ਨੇ ਇਸ ਬਾਰੇ ਹੋਰ ਜਾਣਕਾਰੀ ਦਿੱਤੀ। ਉਹ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਪਿਸ਼ਾਬ ਰੋਗ ਮਾਹਰ ਅਤੇ ਕਿਡਨੀ ਟ੍ਰਾਂਸਪਲਾਂਟ ਸਰਜਨ ਵਜੋਂ ਕੰਮ ਕਰ ਰਹੇ ਹਨ।

ਡਾਕਟਰ ਸ਼ਿਆਮ ਵਰਮਾ ਕਹਿੰਦੇ ਹਨ, "ਜੇ ਪੀਐੱਮਡੀ ਦੇ ਨਾਲ ਪਿਸ਼ਾਬ ਵਿੱਚ ਖ਼ੂਨ ਆਉਣਾ, ਦਰਦ ਜਾਂ ਪਿਸ਼ਾਬ ਦਾ ਕਮਜ਼ੋਰ ਵਹਾਅ ਜਿਹੇ ਲੱਛਣ ਵੀ ਹੋਣ ਤਾਂ ਇਹ ਸਿਰਫ਼ ਪੀਐੱਮਡੀ ਨਹੀਂ ਹੈ। ਸੰਭਵ ਹੈ ਕਿ ਇਹ ਕੋਈ ਅੰਦਰੂਨੀ ਸਮੱਸਿਆ ਹੈ ਅਤੇ ਇਸਦੀ ਜਾਂਚ ਕਰਵਾਉਣਾ ਜ਼ਰੂਰੀ ਹੈ।"

ਪੀਐੱਮਡੀ ਅਕਸਰ ਮੂਤਰਮਾਰਗ ਦੇ ਨਿਚਲੇ ਹਿੱਸੇ ਨਾਲ ਸਬੰਧਤ ਹੋਰ ਸਮੱਸਿਆਵਾਂ ਨਾਲ ਹੁੰਦਾ ਹੈ।

ਓਵਰਐਕਟਿਵ ਬਲੈਡਰ ਦੇ ਮਾਮਲਿਆਂ ਵਿੱਚ ਪਹਿਲਾਂ ਹੀ ਵਾਰ-ਵਾਰ ਪਿਸ਼ਾਬ ਆਉਣ ਅਤੇ ਪਿਸ਼ਾਬ ਕਰਨ ਦੀ ਤੀਬਰ ਇੱਛਾ ਹੁੰਦੀ ਹੈ, ਜਿਸ ਨਾਲ ਪਿਸ਼ਾਬ ਕਰਨ ਤੋਂ ਬਾਅਦ ਬੂੰਦ-ਬੂੰਦ ਪਿਸ਼ਾਬ ਆਉਣਾ ਹੋਰ ਵੀ ਦਰਦਨਾਕ ਬਣ ਜਾਂਦਾ ਹੈ।

ਜੇ ਮੂਤਰਮਾਰਗ ਦੇ ਸੁੰਗੜਨ ਕਾਰਨ ਇਹ ਦਬ ਜਾਂਦਾ ਹੈ, ਤਾਂ ਅਕਸਰ ਮੂਤਰਮਾਰਗ ਦਾ ਆਖ਼ਰੀ ਹਿੱਸਾ ਠੀਕ ਤਰੀਕੇ ਨਾਲ ਖਾਲੀ ਨਹੀਂ ਹੁੰਦਾ। ਪ੍ਰੋਸਟੇਟਾਈਟਿਸ ਵਿੱਚ ਪੈਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਵਿੱਚ ਸੋਜਿਸ਼ ਅਤੇ ਦਰਦਨਾਕ ਸੁੰਗੜਾਅ ਪੀਐੱਮਡੀ ਨੂੰ ਵਧਾ ਸਕਦੇ ਹਨ। (ਪਿਸ਼ਾਬ ਕਰਨ ਤੋਂ ਬਾਅਦ ਦੀ ਹਾਲਤ ਨੂੰ ਪੋਸਟ ਵੌਇਡ ਕਿਹਾ ਜਾਂਦਾ ਹੈ।)

ਡਾਕਟਰ ਵਰਮਾ ਕਹਿੰਦੇ ਹਨ, "ਪ੍ਰੋਸਟੇਟਾਈਟਿਸ ਵਿੱਚ ਬਲੈਡਰ ਦੀ ਅਤਿਸੰਵੇਦਨਸ਼ੀਲਤਾ, ਸੁੰਗੜਨਾ ਜਾਂ ਸੋਜਸ਼, ਇਹ ਸਭ ਪਿਸ਼ਾਬ ਦੇ ਟਪਕਣ ਨੂੰ ਪ੍ਰਭਾਵਿਤ ਕਰ ਸਕਦੇ ਹਨ, ਕਿਉਂਕਿ ਮੂਤਰਮਾਰਗ ਪੂਰੀ ਤਰ੍ਹਾਂ ਖਾਲੀ ਨਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।"

ਪੀਐੱਮਡੀ ਦਾ ਡਾਕਟਰੀ ਨਿਦਾਨ ਕਿਵੇਂ ਕੀਤਾ ਜਾ ਸਕਦਾ ਹੈ?

ਜਾਂਚ ਦੀ ਸ਼ੁਰੂਆਤ ਵਿਸਥਾਰਪੂਰਨ ਜਾਣਕਾਰੀ ਨਾਲ ਹੁੰਦੀ ਹੈ। ਪਿਸ਼ਾਬ ਟਪਕਣ ਦੀ ਸਮੱਸਿਆ ਕਦੋਂ ਹੁੰਦੀ ਹੈ, ਕਿੰਨੀ ਵਾਰ ਹੁੰਦੀ ਹੈ, ਕੀ ਜਲਨ ਜਾਂ ਦਰਦ ਹੁੰਦਾ ਹੈ ਅਤੇ ਇਸਦਾ ਰੋਜ਼ਾਨਾ ਜੀਵਨ 'ਤੇ ਕਿੰਨਾ ਅਸਰ ਪੈਂਦਾ ਹੈ।

ਇਸ ਤੋਂ ਬਾਅਦ ਸਰੀਰਕ ਜਾਂਚ, ਲੋੜ ਪੈਣ 'ਤੇ ਪ੍ਰੋਸਟੇਟ ਦੀ ਜਾਂਚ, ਪਿਸ਼ਾਬ ਦੀ ਜਾਂਚ, ਪਿਸ਼ਾਬ ਦੇ ਪ੍ਰਵਾਹ ਦਾ ਮਾਪ ਅਤੇ ਪਿਸ਼ਾਬ ਕਰਨ ਤੋਂ ਬਾਅਦ ਬਚੇ ਹੋਏ ਪਿਸ਼ਾਬ ਦੀ ਮਾਤਰਾ ਮਾਪੀ ਜਾਂਦੀ ਹੈ। ਚੇਤਾਵਨੀ ਵਾਲੇ ਲੱਛਣ ਹੋਣ 'ਤੇ ਸਿਸਟੋਸਕੋਪੀ ਜਾਂ ਇਮੇਜਿੰਗ ਦੀ ਸਲਾਹ ਦਿੱਤੀ ਜਾਂਦੀ ਹੈ।

ਜੇ ਪੀਐੱਮਡੀ ਦੀ ਸਮੱਸਿਆ ਲਗਾਤਾਰ ਬਣੀ ਰਹਿੰਦੀ ਹੈ ਅਤੇ ਵਧਦੀ ਜਾਂਦੀ ਹੈ, ਦਰਦਨਾਕ ਬਣ ਜਾਂਦੀ ਹੈ ਜਾਂ ਇਸਦੇ ਨਾਲ ਜਲਨ, ਦਰਦ, ਪਿਸ਼ਾਬ ਵਿੱਚ ਖ਼ੂਨ ਆਉਣਾ ਜਾਂ ਪਿਸ਼ਾਬ ਦਾ ਵਹਾਅ ਕਮਜ਼ੋਰ ਹੋਣ ਵਰਗੇ ਹੋਰ ਲੱਛਣ ਵੀ ਹੋਣ ਤਾਂ ਇਸਦੀ ਜਾਂਚ ਕਰਵਾਉਣੀ ਚਾਹੀਦੀ ਹੈ। ਖ਼ਾਸ ਕਰਕੇ ਨੌਜਵਾਨ ਮਰਦਾਂ ਨੂੰ ਇਸ ਨੂੰ ਬਿਲਕੁਲ ਅਣਗੌਲਿਆ ਨਹੀਂ ਕਰਨਾ ਚਾਹੀਦਾ।

ਪੀਐੱਮਡੀ ਦੀ ਹਲਕੀ ਸਮੱਸਿਆ ਖ਼ਤਰਨਾਕ ਨਹੀਂ ਹੁੰਦੀ, ਪਰ ਜੇ ਇਹ ਕਿਸੇ ਗੰਭੀਰ ਸਮੱਸਿਆ ਦਾ ਲੱਛਣ ਹੈ ਤਾਂ ਨਿਦਾਨ ਵਿੱਚ ਦੇਰੀ ਹੋਰ ਦਿੱਕਤਾਂ ਪੈਦਾ ਕਰ ਸਕਦੀ ਹੈ। ਅਕਸਰ ਸਭ ਤੋਂ ਵੱਡੀ ਸਮੱਸਿਆ ਮਨੋਵਿਗਿਆਨਕ ਤਣਾਅ ਅਤੇ ਜੀਵਨ ਦੀ ਗੁਣਵੱਤਾ ਵਿੱਚ ਕਮੀ ਹੁੰਦੀ ਹੈ।

ਘਰੇ ਕੀਤੇ ਜਾ ਸਕਣ ਵਾਲੇ ਉਪਾਅ ਅਤੇ ਜਾਂਚ

ਪੀਐੱਮਡੀ ਨਾਲ ਪੀੜਤ ਲੋਕਾਂ ਲਈ ਇੱਕ ਸਧਾਰਣ 'ਬਲੈਡਰ ਡਾਇਰੀ' ਰੱਖਣਾ ਮਦਦਗਾਰ ਹੋ ਸਕਦਾ ਹੈ। ਇਸ ਵਿੱਚ ਪਿਸ਼ਾਬ ਟਪਕਣ ਦਾ ਸਮਾਂ, ਮਾਤਰਾ ਅਤੇ ਇੰਤਜ਼ਾਰ ਕਰਨ ਨਾਲ ਕੋਈ ਫ਼ਰਕ ਪੈਂਦਾ ਹੈ ਜਾਂ ਨਹੀਂ, ਇਸ ਤਰ੍ਹਾਂ ਦੀ ਜਾਣਕਾਰੀ ਦਰਜ ਕੀਤੀ ਜਾ ਸਕਦੀ ਹੈ।

ਹਾਲਾਂਕਿ, ਇਹ ਰਿਕਾਰਡ ਬਣਾਉਣ ਦਾ ਇਹ ਮਤਲਬ ਨਹੀਂ ਹੈ ਕਿ ਡਾਕਟਰ ਨੂੰ ਮਿਲਣਾ ਲਾਜ਼ਮੀ ਨਹੀਂ ਹੈ। ਜੇ ਲੱਛਣ ਵਧ ਰਹੇ ਹਨ ਤਾਂ ਡਾਕਟਰ ਦੀ ਮਦਦ ਲੈਣਾ ਜ਼ਰੂਰੀ ਹੈ।

ਇਸ ਸਬੰਧ ਵਿੱਚ ਡਾਕਟਰ ਵਰਮਾ ਕਹਿੰਦੇ ਹਨ, "ਇਹ ਡਾਇਰੀ ਲਾਭਦਾਇਕ ਹੈ, ਕਿਉਂਕਿ ਇਸ ਨਾਲ ਲੱਛਣਾਂ ਦਾ ਪੈਟਰਨ ਸਪਸ਼ਟ ਹੋ ਜਾਂਦਾ ਹੈ। ਪਰ ਜੇ ਲੱਛਣ ਬਣੇ ਰਹਿੰਦੇ ਹਨ ਤਾਂ ਸਿਰਫ਼ ਖੁਦ 'ਤੇ ਨਜ਼ਰ ਰੱਖਣਾ ਕਾਫ਼ੀ ਨਹੀਂ ਹੈ, ਡਾਕਟਰ ਤੋਂ ਜਾਂਚ ਕਰਵਾਉਣਾ ਜ਼ਰੂਰੀ ਹੈ।"

ਉਨ੍ਹਾਂ ਅੱਗੇ ਕਿਹਾ, "ਦਵਾਈ ਦੀ ਲੋੜ ਉਦੋਂ ਹੀ ਹੁੰਦੀ ਹੈ ਜਦੋਂ ਕੁਝ ਬੂੰਦਾਂ ਦੇ ਨਿਕਲਣ ਦਾ ਕੋਈ ਗੰਭੀਰ ਕਾਰਨ ਹੋਵੇ। ਸਿਰਫ਼ ਕੁਝ ਬੂੰਦਾਂ ਲਈ ਦਵਾਈ ਬਹੁਤ ਘੱਟ ਦਿੱਤੀ ਜਾਂਦੀ ਹੈ। ਪੈਲਵਿਕ ਫਲੋਰ ਟ੍ਰੇਨਿੰਗ ਅਤੇ ਯੂਰੇਥਰਲ ਮਿਲਕਿੰਗ ਪੀਐੱਮਡੀ ਲਈ ਸਭ ਤੋਂ ਲਾਭਦਾਇਕ ਅਤੇ ਨਤੀਜਾ-ਆਧਾਰਿਤ ਤਕਨੀਕਾਂ ਹਨ।"

ਡਾਕਟਰ ਵਰਮਾ ਦਾ ਕਹਿਣਾ ਹੈ ਕਿ ਕੀਗਲ ਕਸਰਤ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਉਨ੍ਹਾਂ ਕਿਹਾ, "ਸਭ ਤੋਂ ਵੱਡੀਆਂ ਗ਼ਲਤੀਆਂ ਗਲਤ ਮਾਸਪੇਸ਼ੀਆਂ ਨੂੰ ਕੱਸਣਾ, ਢਿੱਡ, ਕੁੱਲ੍ਹੇ ਜਾਂ ਪੱਟਾਂ ਦੀਆਂ ਮਾਸਪੇਸ਼ੀਆਂ ਦਾ ਜ਼ਿਆਦਾ ਇਸਤੇਮਾਲ ਕਰਨਾ, ਸਾਹ ਰੋਕਣਾ, ਅਨਿਯਮਿਤ ਤਰੀਕੇ ਨਾਲ ਕਸਰਤ ਕਰਨਾ ਜਾਂ ਕੁਝ ਹੀ ਦਿਨਾਂ ਵਿੱਚ ਤੁਰੰਤ ਨਤੀਜੇ ਦੀ ਉਮੀਦ ਕਰਨਾ ਹਨ।"

"ਕਈ ਮਰਦ 'ਕੱਸਣ' ਵਾਲੀਆਂ ਕਸਰਤਾਂ ਕਰਦੇ ਹਨ, ਪਰ ਉਨ੍ਹਾਂ ਨੂੰ ਪੈਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਨੂੰ ਠੀਕ ਤਰੀਕੇ ਨਾਲ ਸੰਕੁਚਿਤ ਕਰਨਾ ਨਹੀਂ ਸਿਖਾਇਆ ਜਾਂਦਾ। ਉਨ੍ਹਾਂ ਲਈ ਕਸਰਤ ਦੀ ਤਕਨੀਕ, ਕਸਰਤ ਦੀ ਤੀਬਰਤਾ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੁੰਦੀ ਹੈ।"

ਪੀਐੱਮਡੀ ਦਾ ਮਾਨਸਿਕ ਸਿਹਤ 'ਤੇ ਅਸਰ

ਹਾਲਾਂਕਿ ਮੈਡੀਕਲ ਤੌਰ 'ਤੇ ਇਹ ਗੰਭੀਰ ਸਮੱਸਿਆ ਨਹੀਂ ਹੈ, ਫਿਰ ਵੀ ਪੀਐੱਮਡੀ ਕਈ ਮਰਦਾਂ ਵਿੱਚ ਸ਼ਰਮਿੰਦਗੀ, ਚਿੰਤਾ ਅਤੇ ਆਤਮ-ਵਿਸ਼ਵਾਸ ਵਿੱਚ ਕਮੀ ਦਾ ਕਾਰਨ ਬਣ ਸਕਦੀ ਹੈ। ਕੱਪੜਿਆਂ 'ਤੇ ਦਾਗ਼ ਲੱਗਣ ਦੇ ਡਰ ਕਰਕੇ ਸਮਾਜਿਕ ਮੇਲ-ਜੋਲ ਤੋਂ ਬਚਣ ਦਾ ਸੁਭਾਅ ਬਣ ਜਾਂਦਾ ਹੈ।

ਇਸ ਸਬੰਧ ਵਿੱਚ ਡਾਕਟਰ ਵਰਮਾ ਨੇ ਕਿਹਾ, "ਕਈ ਮਰੀਜ਼ ਪੀਐੱਮਡੀ ਬਾਰੇ ਗੱਲ ਕਰਨ ਵਿੱਚ ਹਿਚਕਿਚਾਉਂਦੇ ਹਨ। ਪਰ ਇਸ ਵਿੱਚ ਸ਼ਰਮਿੰਦਗੀ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਇਹ ਇੱਕ ਆਮ ਅਤੇ ਇਲਾਜਯੋਗ ਸਮੱਸਿਆ ਹੈ।"

ਜੇ ਤੁਸੀਂ ਆਪਣੀ ਜੀਵਨ ਸ਼ੈਲੀ ਵਿੱਚ ਕੋਈ ਮਹੱਤਵਪੂਰਨ ਬਦਲਾਅ ਕਰਨਾ ਚਾਹੁੰਦੇ ਹੋ, ਆਪਣੇ ਆਹਾਰ ਵਿੱਚ ਤਬਦੀਲੀ ਕਰਨਾ ਚਾਹੁੰਦੇ ਹੋ ਜਾਂ ਸਰੀਰਕ ਕਸਰਤ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਡਾਕਟਰ ਅਤੇ ਇੱਕ ਸਹੀ ਟ੍ਰੇਨਰ ਦੀ ਮਦਦ ਲੈਣਾ ਮਹੱਤਵਪੂਰਨ ਹੈ।

ਬਿਹਤਰ ਇਹੀ ਹੋਵੇਗਾ ਕਿ ਤੁਸੀਂ ਆਪਣੇ ਸਰੀਰ ਅਤੇ ਲੱਛਣਾਂ ਦੀ ਡਾਕਟਰ ਤੋਂ ਚੰਗੀ ਤਰ੍ਹਾਂ ਜਾਂਚ ਕਰਵਾਓ ਅਤੇ ਉਨ੍ਹਾਂ ਦੀ ਸਲਾਹ ਦੇ ਆਧਾਰ 'ਤੇ ਜੀਵਨ ਸ਼ੈਲੀ ਵਿੱਚ ਬਦਲਾਅ ਕਰੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)