ਕੈਨੇਡਾ ਦੇ ਸਕੂਲ 'ਚ ਹੋਈ ਗੋਲੀਬਾਰੀ ਮਾਮਲੇ ਦੇ 18 ਸਾਲਾ ਸ਼ੱਕੀ ਹਮਲਾਵਰ ਬਾਰੇ ਕੀ ਪਤਾ ਲੱਗਿਆ

ਕੈਨੇਡਾ ਦੇ ਸਕੂਲ 'ਚ ਗੋਲੀਬਾਰੀ

ਤਸਵੀਰ ਸਰੋਤ, Getty Images

ਪੜ੍ਹਨ ਦਾ ਸਮਾਂ: 7 ਮਿੰਟ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਹੋਈ ਗੋਲੀਬਾਰੀ ਵਿੱਚ ਅੱਠ ਲੋਕ ਮਾਰੇ ਗਏ ਹਨ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ 18 ਸਾਲਾ ਵਿਅਕਤੀ ਦੀ ਸ਼ੱਕੀ ਵਜੋਂ ਪਛਾਣ ਕੀਤੀ ਹੈ।

ਪੁਲਿਸ ਨੇ ਕਿਹਾ ਕਿ ਸ਼ੱਕੀ, ਜੈਸੀ ਵੈਨ ਰੂਟਸੇਲਰ ਮੌਕੇ 'ਤੇ ਮ੍ਰਿਤ ਪਾਏ ਗਏ। ਉਨ੍ਹਾਂ ਦੇ ਸਰੀਰ 'ਤੇ ਖੁਦ ਨੂੰ ਗੋਲ਼ੀ ਮਾਰਨ ਕਾਰਨ ਜ਼ਖਮ ਦੇ ਨਿਸ਼ਾਨ ਸਨ। ਹਮਲੇ ਦਾ ਮਕਸਦ ਅਜੇ ਤੱਕ ਸਪਸ਼ਟ ਨਹੀਂ ਹੈ।

ਛੇ ਲੋਕ ਟੰਬਲਰ ਰਿਜ ਸੈਕੰਡਰੀ ਸਕੂਲ ਵਿੱਚ ਮਾਰੇ ਗਏ ਅਤੇ ਘੱਟੋ-ਘੱਟ 25 ਹੋਰ ਜ਼ਖਮੀ ਹੋ ਗਏ, ਜਦਕਿ ਦੋ ਹੋਰ ਲੋਕ ਨੇੜਲੇ ਘਰ ਵਿੱਚ ਵੀ ਮ੍ਰਿਤਕ ਪਾਏ ਗਏ। ਇਨ੍ਹਾਂ ਵਿੱਚ ਸ਼ੱਕੀ ਦੀ 39 ਸਾਲਾ ਮਾਂ ਅਤੇ 11 ਸਾਲਾ ਮਤਰੇਆ ਭਰਾ ਸ਼ਾਮਲ ਹਨ।

ਅਧਿਕਾਰੀਆਂ ਨੇ ਕਿਹਾ ਕਿ ਵੈਨ ਰੂਟਸੇਲਰ ਜਨਮ ਤੋਂ ਪੁਰਸ਼ ਸਨ, ਪਰ ਉਹ ਆਪਣੀ ਪਛਾਣ ਮਹਿਲਾ ਵਜੋਂ ਕਰਦੇ ਸਨ।

ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੇ ਡਿਪਟੀ ਕਮਿਸ਼ਨਰ ਡਵੇਨ ਮੈਕਡੋਨਲਡ ਨੇ ਕਿਹਾ, "ਮੈਂ ਕਹਿ ਸਕਦਾ ਹਾਂ ਕਿ ਜੈਸੀ ਪੁਰਸ਼ ਵਜੋਂ ਪੈਦਾ ਹੋਏ ਸਨ, ਜਿਨ੍ਹਾਂ ਨੇ ਲਗਭਗ ਛੇ ਸਾਲ ਪਹਿਲਾਂ ਮਹਿਲਾ ਵਜੋਂ ਤਬਦੀਲੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ।"

ਮੈਕਡੋਨਲਡ ਨੇ ਕਿਹਾ ਕਿ ਗੋਲੀਬਾਰੀ ਪਹਿਲਾਂ ਨੇੜਲੇ ਘਰ ਵਿੱਚ ਹੋਈ, ਫਿਰ ਸ਼ੱਕੀ ਸਕੂਲ 'ਚ ਵੜ ਗਿਆ।

ਸਕੂਲ ਵਿੱਚ ਮਾਰੇ ਗਏ ਲੋਕਾਂ ਵਿੱਚ ਇੱਕ 39 ਸਾਲਾ ਮਹਿਲਾ ਅਧਿਆਪਕਾ, ਤਿੰਨ ਵਿਦਿਆਰਥਣਾਂ - ਸਾਰੀਆਂ 12 ਸਾਲ ਦੀ ਉਮਰ ਦੀਆਂ, ਅਤੇ ਦੋ ਵਿਦਿਆਰਥੀ - ਇੱਕ 12 ਸਾਲ ਦਾ ਅਤੇ ਦੂਜਾ 13 ਸਾਲ ਦੇ ਸਨ।

ਅਧਿਕਾਰੀਆਂ ਦਾ ਮੰਨਣਾ ਹੈ ਕਿ ਗੋਲੀਬਾਰੀ ਵਿੱਚ ਹੋਰ ਸ਼ੱਕੀ ਸ਼ਾਮਲ ਨਹੀਂ ਹਨ।

ਪੁਲਿਸ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਵਿੱਚ ਕਈ ਵਾਰ ਸ਼ੱਕੀ ਦੇ ਘਰ ਗਏ ਸਨ, ਜਿਨ੍ਹਾਂ ਵਿੱਚੋਂ ਕੁੱਝ ਕਾਲਾਂ ਮਾਨਸਿਕ ਸਿਹਤ ਚਿੰਤਾਵਾਂ ਨਾਲ ਸਬੰਧਤ ਸਨ।

ਮੈਕਡੋਨਲਡ ਨੇ ਕਿਹਾ ਕਿ ਵੈਨ ਰੂਟਸੇਲਰ ਕੋਲ ਪਹਿਲਾਂ ਇੱਕ ਵੈਧ ਬੰਦੂਕ ਲਾਇਸੈਂਸ ਵੀ ਸੀ, ਜੋ ਖਤਮ ਹੋ ਚੁੱਕਿਆ ਸੀ।

ਪੁਲਿਸ ਨੇ ਕਿਹਾ ਕਿ ਵੈਨ ਰੂਟਸੇਲਰ ਨੇ ਚਾਰ ਸਾਲ ਪਹਿਲਾਂ ਟੰਬਲਰ ਰਿਜ ਸੈਕੰਡਰੀ ਸਕੂਲ ਛੱਡ ਦਿੱਤਾ ਸੀ।

ਕੈਨੇਡਾ

ਤਸਵੀਰ ਸਰੋਤ, Reuters

ਪੁਲਿਸ ਦਾ ਕਹਿਣਾ ਹੈ ਕਿ ਪੱਛਮੀ ਕੈਨੇਡਾ ਵਿੱਚ ਇੱਕ ਸਕੂਲ ਅਤੇ ਘਰ ਵਿੱਚ ਹੋਈਆਂ ਸਬੰਧਤ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਨੌਂ ਲੋਕ ਮਾਰੇ ਗਏ ਹਨ ਅਤੇ 25 ਜ਼ਖ਼ਮੀ ਹੋਏ ਹਨ।

ਜੇਕਰ ਤੁਸੀਂ ਹੁਣੇ ਸਾਡੇ ਨਾਲ ਜੁੜੇ ਹੋ, ਤਾਂ ਬ੍ਰਿਟਿਸ਼ ਕੋਲੰਬੀਆ ਦੇ ਸ਼ਾਂਤ ਇਲਾਕੇ ਟੰਬਲਰ ਰਿਜ ਵਿੱਚ ਹੋਈ ਦੁਖਦਾਈ ਸਮੂਹਿਕ ਗੋਲੀਬਾਰੀ ਬਾਰੇ ਤਾਜ਼ਾ ਜਾਣਕਾਰੀ ਇੱਥੇ ਹੈ:

  • ਕੈਨੇਡੀਅਨ ਪੁਲਿਸ ਦਾ ਮੰਨਣਾ ਹੈ ਕਿ ਟੰਬਲਰ ਰਿਜ ਦੇ ਘਰ ਅਤੇ ਸਕੂਲ ਵਿੱਚ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ 'ਆਪਸ ਵਿੱਚ ਜੁੜੀਆਂ' ਹਨ।
  • ਪੁਲਿਸ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਇੱਕ ਹਮਲਾਵਰ ਨੇ ਆਪਣੀ ਜਾਨ ਲੈਣ ਤੋਂ ਪਹਿਲਾਂ ਨੌਂ ਲੋਕਾਂ ਦਾ ਕਤਲ ਕਰ ਦਿੱਤਾ।
  • ਛੇ ਪੀੜਤ ਟੰਬਲਰ ਰਿਜ ਸੈਕੰਡਰੀ ਸਕੂਲ ਦੇ ਅੰਦਰ ਮ੍ਰਿਤਕ ਪਾਏ ਗਏ, ਜਦੋਂ ਕਿ ਸੱਤਵੇਂ ਵਿਅਕਤੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਹਮਲਾਵਰ ਦੀ ਲਾਸ਼ ਵੀ ਸਕੂਲ ਵਿੱਚੋਂ ਹੀ ਬਰਾਮਦ ਹੋਈ ਹੈ।
  • ਨੇੜਲੀ ਇੱਕ ਰਿਹਾਇਸ਼ (ਘਰ) ਦੇ ਅੰਦਰ ਦੋ ਹੋਰ ਲੋਕ ਮ੍ਰਿਤਕ ਪਾਏ ਗਏ ਹਨ।
  • ਭਾਈਚਾਰੇ ਨੂੰ ਭੇਜੀ ਗਈ ਇੱਕ 'ਸਰਗਰਮ ਸ਼ੂਟਰ' ਦੀ ਚੇਤਾਵਨੀ ਵਿੱਚ ਪੁਲਿਸ ਨੇ ਸ਼ੱਕੀ ਦਾ ਵਰਣਨ "ਡਰੈੱਸ ਪਾਈ ਹੋਈ ਅਤੇ ਭੂਰੇ ਵਾਲਾਂ ਵਾਲੀ ਇੱਕ ਔਰਤ" ਵਜੋਂ ਕੀਤਾ ਹੈ।
  • ਪੁਲਿਸ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਘੱਟੋ-ਘੱਟ ਦੋ ਹੋਰ ਜਣਿਆਂ ਨੂੰ ਗੰਭੀਰ ਜਾਂ ਜਾਨਲੇਵਾ ਸੱਟਾਂ ਕਾਰਨ ਹਸਪਤਾਲ ਲਿਜਾਇਆ ਗਿਆ, ਅਤੇ ਲਗਭਗ 25 ਜਣਿਆਂ ਦਾ ਗੈਰ-ਗੰਭੀਰ ਸੱਟਾਂ ਲਈ ਇਲਾਜ ਕੀਤਾ ਜਾ ਰਿਹਾ ਸੀ।
  • ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਉਹ ਇਸ ਗੋਲੀਬਾਰੀ ਕਾਰਨ "ਬਹੁਤ ਦੁਖੀ" ਹਨ ਅਤੇ ਉਨ੍ਹਾਂ ਦੀ ਸਰਕਾਰ "ਇਸ ਭਿਆਨਕ ਦੁਖਾਂਤ ਦਾ ਸਾਹਮਣਾ ਕਰ ਰਹੇ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਨਾਲ ਖੜ੍ਹੀ ਹੈ।
  • ਇਸ ਗੋਲੀਬਾਰੀ ਦੇ ਮੱਦੇ ਨਜ਼ਰ ਪ੍ਰਧਾਨ ਮੰਤਰੀ ਨੇ 'ਮਿਊਨਿਖ ਸੁਰੱਖਿਆ ਕਾਨਫਰੰਸ' ਲਈ ਆਪਣੀ ਤੈਅ ਯਾਤਰਾ ਰੱਦ ਕਰ ਦਿੱਤੀ ਹੈ।

ਕੈਨੇਡਾ ਦੇ ਇਤਿਹਾਸ ਦੀਆਂ ਸਭ ਤੋਂ ਘਾਤਕ ਘਟਨਾਵਾਂ ਵਿੱਚੋਂ ਇੱਕ

ਟੰਬਲਰ ਰਿਜ ਦਾ ਇਹ ਦੁਖਾਂਤ ਕੈਨੇਡੀਅਨ ਇਤਿਹਾਸ ਦੀਆਂ ਸਭ ਤੋਂ ਘਾਤਕ ਗੋਲੀਬਾਰੀ ਦੀਆਂ ਘਟਨਾਵਾਂ ਵਿੱਚੋਂ ਇੱਕ ਹੈ।

ਸਾਲ 2020 ਵਿੱਚ, ਪੁਲਿਸ ਅਧਿਕਾਰੀ ਦਾ ਭੇਸ ਧਾਰਨ ਕਰਕੇ ਇੱਕ ਬੰਦੂਕਧਾਰੀ ਨੇ ਨੋਵਾ ਸਕੋਸ਼ੀਆ ਵਿੱਚ ਦੋ ਦਿਨਾਂ ਦੌਰਾਨ 22 ਜਾਨਾਂ ਲੈ ਲਈਆਂ ਸਨ।

ਸਾਲ 1989 ਵਿੱਚ, ਮਾਂਟਰੀਅਲ ਦੀ 'ਐਲ'ਐਕੋਲ ਪੌਲੀਟੈਕਨਿਕ' ਯੂਨੀਵਰਸਿਟੀ ਵਿੱਚ ਇੱਕ ਨਾਰੀ-ਵਿਰੋਧੀ ਹਮਲੇ ਵਿੱਚ 14 ਔਰਤਾਂ ਮਾਰੀਆਂ ਗਈਆਂ ਸਨ।

ਅਮਰੀਕਾ ਦੇ ਮੁਕਾਬਲੇ ਕੈਨੇਡਾ ਵਿੱਚ ਬੰਦੂਕ ਦੇ ਕਾਨੂੰਨ ਵਧੇਰੇ ਸਖ਼ਤ ਹਨ, ਜਿਸ ਕਾਰਨ ਉੱਥੇ ਇਸ ਤਰ੍ਹਾਂ ਦੇ ਸਮੂਹਿਕ ਹਮਲੇ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।

ਆਰਸੀਐਮਪੀ ਦੀ ਗੱਡੀ

ਤਸਵੀਰ ਸਰੋਤ, Getty Images

ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਸ਼ੱਕੀ ਇੱਕ ਔਰਤ ਹੋ ਸਕਦੀ ਹੈ।

ਆਰਸੀਐਮਪੀ, ਕੈਨੇਡਾ ਦੀ ਸੰਘੀ ਪੁਲਿਸ ਫੋਰਸ ਦੀ ਵਰਚੁਅਲ ਨਿਊਜ਼ ਕਾਨਫਰੰਸ ਵਿੱਚ ਚੀਫ ਸੁਪਰਡੈਂਟ ਫਲਾਇਡ ਨੇ ਗੱਲਬਾਤ ਕੀਤੀ।

ਨਿਊਜ਼ ਕਾਨਫਰੰਸ ਵਿੱਚ, ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਕੂਲ ਵਿੱਚ ਮ੍ਰਿਤਕ ਮਿਲਿਆ ਸ਼ੱਕੀ ਉਹੀ ਵਿਅਕਤੀ ਹੈ ਜਿਸਦਾ ਵਰਣਨ ਪੁਲਿਸ ਨੇ ਫੋਨਾਂ 'ਤੇ ਭੇਜੀ ਗਈ ਇੱਕ ਚੇਤਾਵਨੀ ਵਿੱਚ ਕੀਤਾ ਸੀ।

ਕੈਨੇਡੀਅਨ ਮੀਡੀਆ ਦੇ ਅਨੁਸਾਰ, ਉਸ ਚੇਤਾਵਨੀ ਵਿੱਚ ਸ਼ੱਕੀ ਦਾ ਵਰਣਨ ਇੱਕ ਭੂਰੇ ਵਾਲਾਂ ਵਾਲੀ ਅਤੇ ਡਰੈੱਸ ਪਾਈ ਹੋਈ ਔਰਤ ਵਜੋਂ ਕੀਤਾ ਗਿਆ ਸੀ।

ਕੈਨੇਡਾ ਗੋਲੀਬਾਰੀ 'ਤੇ ਪੀਐੱਮ ਮੋਦੀ ਨੇ ਜਤਾਇਆ ਅਫ਼ਸੋਸ

ਪੀਐੱਮ ਮੋਦੀ

ਤਸਵੀਰ ਸਰੋਤ, X@NarendraModi

ਕੈਨੇਡਾ ਗੋਲੀਬਾਰੀ ਬਾਰੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਐਕਸ ਹੈਂਡਲ ਉੱਤੇ ਅਫ਼ਸੋਸ ਜਤਾਂਦਿਆਂ ਹਾ, "ਕੈਨੇਡਾ 'ਚ ਵਾਪਰੇ ਭਿਆਨਕ ਗੋਲੀਬਾਰੀ ਬਿਰਤਾਂਤ ਨਾਲ ਬੇਹੱਦ ਦੁਖੀ ਹਾਂ...ਮੈਨੂੰ ਉਨ੍ਹਾਂ ਪਰਿਵਾਰਾਂ ਪ੍ਰਤੀ ਦਿਲੋਂ ਹਮਦਰਦੀ ਹੈ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਇਸ ਦਰਦਨਾਕ ਵਾਰਦਾਤ 'ਚ ਗੁਆ ਦਿੱਤਾ ਅਤੇ ਜ਼ਖਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਕਰਦਾ ਹਾਂ। ਭਾਰਤ ਇਸ ਦੁਖ ਦੀ ਘੜੀ ਵਿੱਚ ਕੈਨੇਡਾ ਦੇ ਲੋਕਾਂ ਨਾਲ ਇੱਕਜੁੱਟਤਾ ਨਾਲ ਖੜ੍ਹਾ ਹੈ।"

ਪੁਲਿਸ ਦੀ ਪ੍ਰੈੱਸ ਕਾਨਫਰੰਸ ਤੋਂ ਕੀ ਪਤਾ ਲਗਦਾ ਹੈ

ਆਰਸੀਐਮਪੀ, ਦੇ ਚੀਫ ਸੁਪਰਡੈਂਟ ਫਲਾਇਡ

ਅਧਿਕਾਰੀਆਂ ਦੇ ਪਹੁੰਚਣ ਤੋਂ ਬਾਅਦ, ਸਕੂਲ ਵਿੱਚ ਇੱਕ ਸਰਗਰਮ ਸ਼ੂਟਰ ਹੋਣ ਦੀਆਂ ਕਾਲਾਂ ਦਾ ਜਵਾਬ ਦਿੰਦੇ ਹੋਏ, ਲਗਭਗ 100 ਵਿਦਿਆਰਥੀਆਂ ਅਤੇ ਸਟਾਫ ਨੂੰ ਸਕੂਲ ਵਿੱਚੋਂ ਬਾਹਰ ਕੱਢਿਆ ਗਿਆ।

ਪੁਲਿਸ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਹਮਲਾਵਰ ਦੀ ਪਛਾਣ ਕਰ ਲਈ ਹੈ, ਪਰ ਫਿਲਹਾਲ ਜਨਤਕ ਤੌਰ 'ਤੇ ਉਸਦਾ ਨਾਮ ਜਾਰੀ ਨਹੀਂ ਕਰ ਰਹੇ।

ਹਮਲੇ ਦਾ ਮਕਸਦ ਫਿਲਹਾਲ ਅਗਿਆਤ ਹੈ। ਉਨ੍ਹਾਂ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਪਤਾ ਲਗਾਉਣ ਵਿੱਚ ਮੁਸ਼ਕਲ ਆਵੇਗੀ ਕਿ ਇਹ ਕਿਉਂ ਹੋਇਆ, ਪਰ ਅਸੀਂ ਇਹ ਪਤਾ ਲਗਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸਲ ਵਿੱਚ ਕੀ ਵਾਪਰਿਆ ਸੀ।

ਉਨ੍ਹਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਪੀੜਤਾਂ ਵਿੱਚੋਂ ਕਿੰਨੇ ਬੱਚੇ ਹਨ।

ਉਨ੍ਹਾਂ ਕਿਹਾ ਕਿ ਸਕੂਲ ਅਤੇ ਨੇੜਲੇ ਘਰ ਵਿੱਚ ਹੋਈ ਗੋਲੀਬਾਰੀ ਆਪਸ ਵਿੱਚ ਜੁੜੀ ਹੋਈ ਹੈ, ਪਰ ਜਾਂਚਕਰਤਾ ਅਜੇ ਉਸ ਸਬੰਧ ਨੂੰ ਸਾਂਝਾ ਕਰਨ ਲਈ ਤਿਆਰ ਨਹੀਂ ਹਨ।

ਹਮਲੇ ਤੋਂ ਬਾਅਦ ਸਥਾਨਕ ਸਕੂਲ ਡਿਸਟਰਿਕਟ ਵੱਲੋਂ ਜਾਰੀ ਬਿਆਨ ਮੁਤਾਬਕ ਘਟਨਾ ਤੋਂ ਬਾਅਦ ਸਾਰੇ ਸਥਾਨਕ ਸਕੂਲਾਂ ਵਿੱਚ ਰਹਿੰਦੇ ਸਮੇਂ ਲਈ ਛੁੱਟੀ ਕਰ ਦਿੱਤੀ ਗਈ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਦਾ ਸੰਦੇਸ਼

ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਉਹ 'ਭਿਆਨਕ' ਗੋਲੀਬਾਰੀ ਕਾਰਨ 'ਬਹੁਤ ਦੁਖੀ' ਹਨ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਉਹ ਟੰਬਲਰ ਰਿਜ ਵਿੱਚ ਹੋਈਆਂ "ਅੱਜ ਦੀਆਂ ਭਿਆਨਕ ਗੋਲੀਬਾਰੀ" ਦੀਆਂ ਘਟਨਾਵਾਂ ਕਾਰਨ "ਬਹੁਤ ਦੁਖੀ" ਹਨ।

ਕਾਰਨੀ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, "ਮੇਰੀਆਂ ਅਰਦਾਸਾਂ ਅਤੇ ਡੂੰਘੀ ਸੰਵੇਦਨਾ ਉਨ੍ਹਾਂ ਪਰਿਵਾਰਾਂ ਅਤੇ ਦੋਸਤਾਂ ਦੇ ਨਾਲ ਹੈ ਜਿਨ੍ਹਾਂ ਨੇ ਹਿੰਸਾ ਦੀਆਂ ਇਨ੍ਹਾਂ ਭਿਆਨਕ ਘਟਨਾਵਾਂ ਵਿੱਚ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕੈਨੇਡਾ ਵਾਸੀਆਂ ਦੇ ਇਸ ਦੁੱਖ ਵਿੱਚ ਸ਼ਾਮਲ ਹਨ ਅਤੇ ਉਨ੍ਹਾਂ ਨੇ ਉਨ੍ਹਾਂ "ਪਹਿਲਾਂ ਪ੍ਰਤੀਕਿਰਿਆ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਸਾਥੀ ਨਾਗਰਿਕਾਂ ਦੀ ਰੱਖਿਆ ਲਈ ਆਪਣੀ ਜਾਨ ਖ਼ਤਰੇ ਵਿੱਚ ਪਾਈ।"

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ "ਇਸ ਭਿਆਨਕ ਦੁਖਾਂਤ ਦਾ ਸਾਹਮਣਾ ਕਰ ਰਹੇ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਨਾਲ ਖੜ੍ਹੀ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਮੈਂ ਆਪਣੀ ਸੰਵੇਦਨਾ ਪ੍ਰਗਟ ਕਰਨ ਲਈ ਪ੍ਰੀਮੀਅਰ ਈਬੀ ਨਾਲ, ਅਤੇ ਜਨਤਕ ਸੁਰੱਖਿਆ ਮੰਤਰੀ, ਗੈਰੀ ਆਨੰਦਸੰਗਰੀ ਨਾਲ ਸੰਪਰਕ ਕੀਤਾ ਹੈ, ਜੋ ਸੰਘੀ ਕਾਰਵਾਈ ਤਾਲਮੇਲ ਕਰ ਰਹੇ ਹਨ।"

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਸੂਰਤੇ ਹਾਲ ਦੇ ਮੱਦੇ ਨਜ਼ਰ ਪ੍ਰਧਾਨ ਮੰਤਰੀ ਨੇ ਆਪਣਾ ਜਰਮਨੀ ਦੌਰਾਨ ਟਾਲ ਦਿੱਤਾ ਹੈ।

'ਸ਼ਾਇਦ ਇਸ ਤੋਂ ਵੀ ਵੱਡੇ ਦੁਖਾਂਤ ਨੂੰ ਟਾਲ ਦਿੱਤਾ ਗਿਆ ਹੈ'

ਐਮਰਜੈਂਸੀ ਸੇਵਾਵਾਂ ਦੀਆਂ ਗੱਡੀਆਂ ਘਟਨਾ ਵਾਲੀ ਥਾਂ ਵੱਲ ਜਾਂਦੀਆਂ ਦੇਖੀਆਂ ਗਈਆਂ

ਤਸਵੀਰ ਸਰੋਤ, Madi Taylor / Facebook

ਤਸਵੀਰ ਕੈਪਸ਼ਨ, ਐਮਰਜੈਂਸੀ ਸੇਵਾਵਾਂ ਦੀਆਂ ਗੱਡੀਆਂ ਘਟਨਾ ਵਾਲੀ ਥਾਂ ਵੱਲ ਜਾਂਦੀਆਂ ਦੇਖੀਆਂ ਗਈਆਂ

ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਈਬੀ ਦਾ ਕਹਿਣਾ ਹੈ ਕਿ ਐਮਰਜੈਂਸੀ ਸੇਵਾਵਾਂ ਨੂੰ ਕਾਲ ਮਿਲਣ ਦੇ ਦੋ ਮਿੰਟਾਂ ਦੇ ਅੰਦਰ ਹੀ ਮੌਕੇ 'ਤੇ ਪਹੁੰਚਣ ਵਾਲੇ ਅਧਿਕਾਰੀਆਂ ਨੇ ਸ਼ਾਇਦ ਕਈ ਜਾਨਾਂ ਬਚਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤੇਜ਼ ਕਾਰਵਾਈ ਦਾ ਮਤਲਬ ਸੀ ਕਿ ਇੱਕ "ਵਿਨਾਸ਼ਕਾਰੀ ਦੁਖਾਂਤ ਨੂੰ ਹੋਰ ਵੀ ਭਿਆਨਕ ਹੋਣ ਤੋਂ ਰੋਕ ਲਿਆ ਗਿਆ।"

ਉਨ੍ਹਾਂ ਨੇ ਨੋਟ ਕੀਤਾ ਕਿ ਅਧਿਕਾਰੀਆਂ ਨੇ ਸਕੂਲ ਦੇ ਅੰਦਰ ਤੇਜ਼ੀ ਨਾਲ ਦਾਖਲ ਹੋ ਕੇ ਆਪਣੀ ਜਾਨ ਖ਼ਤਰੇ ਵਿੱਚ ਪਾਈ। ਈਬੀ ਨੇ ਕਿਹਾ, "ਇਹ ਬਹਾਦਰੀ ਵਾਲਾ ਕੰਮ ਹੈ, ਅਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ।"

ਇੱਕ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਈਬੀ ਨੇ ਕਿਹਾ ਕਿ ਪੁਲਿਸ "ਅਜੇ ਵੀ ਪੀੜਤਾਂ ਦੇ ਪਰਿਵਾਰਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਸੰਪਰਕ ਕਰ ਰਹੀ ਹੈ।" ਉਨ੍ਹਾਂ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਸਾਨੂੰ ਜਲਦੀ ਹੀ ਪੁਲਿਸ ਤੋਂ ਅਗਲੀ ਜਾਣਕਾਰੀ ਮਿਲੇਗੀ।"

ਈਬੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਵਿੱਖ ਵਿੱਚ ਸੰਘੀ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ।

ਪ੍ਰੀਮੀਅਰ ਦਾ ਸ਼ੋਕ ਸੰਦੇਸ਼

ਡੇਵਿਡ ਈਬੀ, ਪ੍ਰੀਮੀਅਰ, ਬ੍ਰਿਟਿਸ਼ ਕੋਲੰਬੀਆ

ਤਸਵੀਰ ਸਰੋਤ, Getty Images

ਸੂਬੇ ਦੇ ਪ੍ਰੀਮੀਅਰ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਇਸ 'ਅਕਲਪਿਤ ਦੁਖਾਂਤ' ਤੋਂ ਬਾਅਦ ਮਦਦ ਦਾ ਭਰੋਸਾ ਦਿੱਤਾ ਹੈ।

ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ, ਡੇਵਿਡ ਈਬੀ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਆਪਣਾ ਸ਼ੋਕ ਸੰਦੇਸ਼ ਪੋਸਟ ਕੀਤਾ ਹੈ।

ਉਹ ਲਿਖਦੇ ਹਨ, "ਅੱਜ ਰਾਤ ਸਾਡਾ ਦਿਲ ਟੰਬਲਰ ਰਿਜ ਦੇ ਉਨ੍ਹਾਂ ਪਰਿਵਾਰਾਂ ਦੇ ਨਾਲ ਹੈ ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਹੈ।"

"ਸਰਕਾਰ ਆਉਣ ਵਾਲੇ ਦਿਨਾਂ ਵਿੱਚ ਭਾਈਚਾਰੇ ਦੇ ਮੈਂਬਰਾਂ ਨੂੰ ਹਰ ਸੰਭਵ ਸਹਾਇਤਾ ਦੇਣਾ ਯਕੀਨੀ ਬਣਾਏਗੀ, ਕਿਉਂਕਿ ਅਸੀਂ ਸਾਰੇ ਇਸ ਅਕਲਪਿਤ ਦੁਖਾਂਤ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।"

ਟੰਬਲਰ ਰਿਜ ਤੋਂ ਲਗਭਗ 160 ਕਿਲੋਮੀਟਰ ਪੂਰਬ ਵਿੱਚ ਸਥਿਤ ਸੂਬੇ, ਅਲਬਰਟਾ ਦੀ ਪ੍ਰੀਮੀਅਰ ਨੇ ਵੀ ਆਪਣਾ ਸ਼ੋਕ ਸੰਦੇਸ਼ ਭੇਜਿਆ ਹੈ।

ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ, "ਮੇਰੀਆਂ ਸੰਵੇਦਨਾਵਾਂ ਅੱਜ ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜ ਸੈਕੰਡਰੀ ਸਕੂਲ ਵਿੱਚ ਹੋਈ ਇਸ ਭਿਆਨਕ ਗੋਲੀਬਾਰੀ ਤੋਂ ਪ੍ਰਭਾਵਿਤ ਹੋਣ ਵਾਲੇ ਹਰ ਵਿਅਕਤੀ ਦੇ ਨਾਲ ਹਨ।"

"ਮੈਂ ਸਿਰਫ਼ ਕਲਪਨਾ ਹੀ ਕਰ ਸਕਦੀ ਹਾਂ ਕਿ ਇਸ ਸਮੇਂ ਵਿਦਿਆਰਥੀ, ਪਰਿਵਾਰ, ਸਟਾਫ਼ ਅਤੇ ਸਾਰਾ ਭਾਈਚਾਰਾ ਕਿਸ ਕਦਰ ਟੁੱਟਿਆ ਹੋਇਆ ਮਹਿਸੂਸ ਕਰ ਰਿਹਾ ਹੋਵੇਗਾ।"

"ਦੁਖੀ ਪਰਿਵਾਰਾਂ, ਪ੍ਰਭਾਵਿਤ ਹੋਣ ਵਾਲੇ ਦੋਸਤਾਂ ਅਤੇ ਸਹਿਪਾਠੀਆਂ, ਅਤੇ ਮੌਕੇ 'ਤੇ ਮੌਜੂਦ ਪਹਿਲਾਂ ਪਹੁੰਚਣ ਵਾਲਿਆਂ ਲਈ — ਇਹ ਜਾਣ ਲਵੋ ਕਿ ਅਲਬਰਟਾ ਅਤੇ ਪੂਰਾ ਕੈਨੇਡਾ ਤੁਹਾਡੇ ਬਾਰੇ ਸੋਚ ਰਿਹਾ ਹੈ ਅਤੇ ਸਾਡਾ ਦਿਲ ਤੁਹਾਡੇ ਅਤੇ ਤੁਹਾਡੇ ਭਾਈਚਾਰੇ ਦੇ ਨਾਲ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)