'ਟੀਮ ਨੂੰ ਸ਼ਰਮ ਆਉਣੀ ਚਾਹੀਦੀ ਹੈ', ਕੋਚ ਅਤੇ ਕਪਤਾਨ ਵੱਲੋਂ ਟੀ-20 ਵਿਸ਼ਵ ਕੱਪ ਦੀ ਟਰਾਫ਼ੀ ਮੰਦਰ ਲੈ ਕੇ ਜਾਣ 'ਤੇ ਹੋਇਆ ਵਿਵਾਦ

ਤਸਵੀਰ ਸਰੋਤ, ANI
ਸਾਬਕਾ ਕ੍ਰਿਕਟਰ ਅਤੇ ਹੁਣ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕੀਰਤੀ ਆਜ਼ਾਦ ਨੇ ਟੀ-20 ਵਰਲਡ ਕੱਪ ਟਰਾਫ਼ੀ ਨੂੰ ਮੰਦਰ ਵਿੱਚ ਲੈ ਕੇ ਜਾਣ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦੇ ਇਸ ਬਿਆਨ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ।
1983 ਵਿੱਚ ਵਰਲਡ ਕੱਪ ਜੇਤੂ ਭਾਰਤੀ ਟੀਮ ਦੇ ਮੈਂਬਰ ਰਹੇ ਕੀਰਤੀ ਆਜ਼ਾਦ ਨੇ ਕਿਹਾ ਹੈ ਕਿ ਜਿੱਤਣ ਵਾਲੀ ਟੀਮ ਵਿੱਚ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਸਾਰੇ ਸਨ ਪਰ ਟਰਾਫ਼ੀ ਮੰਦਰ ਲੈ ਜਾਂਦੀ ਗਈ। ਇੰਡੀਅਨ ਟੀਮ ਨੂੰ ਇਸ 'ਤੇ ਸ਼ਰਮ ਆਉਣੀ ਚਾਹੀਦੀ ਹੈ।
ਆਜ਼ਾਦ ਦੇ ਇਸ ਬਿਆਨ ਤੋਂ ਬਾਅਦ ਚੈਂਪੀਅਨ ਟੀਮ ਵਿੱਚ ਸ਼ਾਮਲ ਈਸ਼ਾਨ ਕਿਸ਼ਨ ਸਮੇਤ ਕਈ ਸਾਬਕਾ ਖਿਡਾਰੀਆਂ ਅਤੇ ਸਿਆਸੀ ਆਗੂਆਂ ਨੇ ਪ੍ਰਤੀਕਿਰਿਆ ਦਿੱਤੀ ਹੈ।
ਐਤਵਾਰ ਨੂੰ ਭਾਰਤ ਨੇ ਟੀ-20 ਵਰਲਡ ਕੱਪ ਦੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਦਿੱਤਾ ਸੀ। ਟੀ-20 ਵਰਲਡ ਕੱਪ ਦੀ ਟਰਾਫ਼ੀ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ, ਕੋਚ ਗੌਤਮ ਗੰਭੀਰ ਅਤੇ ਆਈਸੀਸੀ ਚੇਅਰਮੈਨ ਜੈ ਸ਼ਾਹ ਅਹਿਮਦਾਬਾਦ ਦੇ ਇੱਕ ਹਨੂਮਾਨ ਮੰਦਰ ਪਹੁੰਚੇ ਸਨ। ਇਸ 'ਤੇ ਕੀਰਤੀ ਆਜ਼ਾਦ ਨੇ ਟਿੱਪਣੀ ਕੀਤੀ ਸੀ।
ਉਨ੍ਹਾਂ ਨੇ ਐਕਸ 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, "ਸ਼ੇਮ ਆਨ ਟੀਮ ਇੰਡੀਆ। ਅਸੀਂ 1983 ਵਿੱਚ ਕਪਿਲ ਦੇਵ ਦੀ ਕਪਤਾਨੀ ਵਿੱਚ ਵਰਲਡ ਕੱਪ ਜਿੱਤਿਆ ਸੀ, ਸਾਡੀ ਟੀਮ ਵਿੱਚ ਹਿੰਦੂ, ਮੁਸਲਿਮ, ਈਸਾਈ ਅਤੇ ਸਿੱਖ ਸਨ। ਅਸੀਂ ਟਰਾਫ਼ੀ ਨੂੰ ਆਪਣੀ ਧਾਰਮਿਕ ਜਨਮ ਭੂਮੀ, ਆਪਣੀ ਮਾਤ ਭੂਮੀ ਭਾਰਤ ਹਿੰਦੁਸਤਾਨ ਵਿੱਚ ਲੈ ਕੇ ਆਏ। ਆਖ਼ਰ ਭਾਰਤੀ ਕ੍ਰਿਕਟ ਟਰਾਫ਼ੀ ਨੂੰ ਕਿਉਂ ਘੜੀਸਿਆ ਜਾ ਰਿਹਾ ਹੈ?"
ਉਨ੍ਹਾਂ ਨੇ ਅੱਗੇ ਲਿਖਿਆ, "ਮਸਜਿਦ ਕਿਉਂ ਨਹੀਂ? ਚਰਚ ਕਿਉਂ ਨਹੀਂ? ਗੁਰਦੁਆਰਾ ਕਿਉਂ ਨਹੀਂ? ਇਹ ਟੀਮ ਭਾਰਤ ਦੀ ਨੁਮਾਇੰਦਗੀ ਕਰਦੀ ਹੈ, ਸੂਰਿਆਕੁਮਾਰ ਯਾਦਵ ਜਾਂ ਜੈ ਸ਼ਾਹ ਦੇ ਪਰਿਵਾਰ ਦੀ ਨਹੀਂ! ਸਿਰਾਜ ਨੇ ਇਸ ਨੂੰ ਕਦੇ ਮਸਜਿਦ ਵਿੱਚ ਲੈ ਕੇ ਨਹੀਂ ਗਏ, ਸੰਜੂ ਇਸ ਨੂੰ ਕਦੇ ਚਰਚ ਨਹੀਂ ਲੈ ਕੇ ਗਏ। ਇਹ ਟਰਾਫ਼ੀ ਹਰ ਧਰਮ ਦੇ 140 ਕਰੋੜ ਭਾਰਤੀਆਂ ਦੀ ਹੈ। ਇਹ ਕਿਸੇ ਇੱਕ ਧਰਮ ਦੀ ਜਿੱਤ ਦਾ ਜਸ਼ਨ ਨਹੀਂ ਹੈ!"
ਕੋਚ ਗੌਤਮ ਗੰਭੀਰ ਨੇ ਕੀ ਕਿਹਾ?

ਤਸਵੀਰ ਸਰੋਤ, ANI
ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਕੀਰਤੀ ਆਜ਼ਾਦ ਦੇ ਬਿਆਨ 'ਤੇ ਨਿਰਾਸ਼ਾ ਜ਼ਾਹਰ ਕੀਤੀ ਹੈ।
ਏਐੱਨਆਈ ਦੇ ਪੌਡਕਾਸਟ ਵਿੱਚ ਗੌਤਮ ਗੰਭੀਰ ਨੇ ਕਿਹਾ, "ਦੇਖੋ, ਮੈਂ ਇਸ ਬਾਰੇ ਕੀ ਬੋਲਾਂ। ਇਸ ਸਵਾਲ ਦਾ ਜਵਾਬ ਦੇਣਾ ਵੀ ਬੇਕਾਰ ਹੈ। ਪੂਰੇ ਦੇਸ਼ ਲਈ ਇਹ ਇੱਕ ਵੱਡਾ ਪਲ ਹੈ। ਜੇਕਰ ਤੁਸੀਂ ਮੈਨੂੰ ਪੁੱਛੋ, ਤਾਂ ਇਹ ਸਾਡੇ ਪੂਰੇ ਦੇਸ਼ ਲਈ ਇੱਕ ਬਹੁਤ ਵੱਡਾ ਮੌਕਾ ਹੈ। ਮੈਨੂੰ ਲੱਗਦਾ ਹੈ ਕਿ ਇਹ ਜ਼ਰੂਰੀ ਹੈ ਕਿ ਅਸੀਂ ਵਰਲਡ ਕੱਪ ਜੇਤੂਆਂ ਦਾ ਜਸ਼ਨ ਮਨਾਈਏ। ਇਸੇ ਲਈ ਮੈਂ ਕੁਝ ਗੱਲਾਂ ਕਹੀਆਂ, ਕੁਝ ਗੱਲਾਂ ਨੂੰ ਚੁੱਕਣ ਦਾ ਕੋਈ ਮਤਲਬ ਨਹੀਂ ਹੈ, ਕਿਉਂਕਿ ਇਹ ਗੱਲਾਂ ਸਿਰਫ਼ ਖਿਡਾਰੀਆਂ ਦੀ ਕਾਮਯਾਬੀ ਨੂੰ ਕਮਜ਼ੋਰ ਕਰਨਗੀਆਂ।"
"ਜੇਕਰ ਤੁਸੀਂ ਉਨ੍ਹਾਂ 15 ਖਿਡਾਰੀਆਂ ਦੀ ਕਾਮਯਾਬੀ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਹੋ ਤਾਂ ਕੱਲ੍ਹ ਨੂੰ ਕੋਈ ਵੀ ਉੱਠ ਕੇ ਕੁਝ ਵੀ ਬਿਆਨ ਦੇ ਦੇਵੇਗਾ ਅਤੇ ਅਸੀਂ ਉਸ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿਆਂਗੇ, ਜੋ ਮੁੰਡਿਆਂ ਲਈ ਸਹੀ ਨਹੀਂ ਹੈ।"
ਗੌਤਮ ਗੰਭੀਰ ਨੇ ਕਿਹਾ ਕਿ ਦੱਖਣੀ ਅਫਰੀਕਾ ਦੇ ਖ਼ਿਲਾਫ਼ ਮੈਚ ਤੋਂ ਬਾਅਦ ਖਿਡਾਰੀ ਜਿੰਨੇ ਦਬਾਅ ਵਿੱਚ ਸਨ ਅਤੇ ਫਿਰ ਉਹ ਚੈਂਪੀਅਨ ਬਣੇ, ਇਸ ਤਰ੍ਹਾਂ ਦੇ ਬਿਆਨ ਉਨ੍ਹਾਂ ਦੀ ਕਾਮਯਾਬੀ ਨੂੰ ਡੀਗ੍ਰੇਡ ਕਰਨਗੇ।
ਉਨ੍ਹਾਂ ਨੇ ਕਿਹਾ, "ਕਲਪਨਾ ਕਰੋ ਕਿ ਖਿਡਾਰੀਆਂ ਨੇ ਕਿੰਨਾ ਕੁਝ ਝੱਲਿਆ ਹੋਵੇਗਾ। ਸਾਊਥ ਅਫਰੀਕਾ ਦੇ ਖ਼ਿਲਾਫ਼ ਇੱਕ ਮੈਚ ਹਾਰਨ ਤੋਂ ਬਾਅਦ ਉਨ੍ਹਾਂ 'ਤੇ ਕਿੰਨਾ ਪ੍ਰੈਸ਼ਰ ਰਿਹਾ ਹੋਵੇਗਾ। ਅੱਜ ਜੇਕਰ ਤੁਸੀਂ ਅਜਿਹਾ ਬਿਆਨ ਦੇ ਰਹੇ ਹੋ, ਤਾਂ ਤੁਸੀਂ ਸੱਚਮੁੱਚ ਆਪਣੇ ਹੀ ਖਿਡਾਰੀਆਂ ਅਤੇ ਆਪਣੀ ਹੀ ਟੀਮ ਨੂੰ ਨੀਵਾਂ ਦਿਖਾ ਰਹੇ ਹੋ, ਜੋ ਨਹੀਂ ਕਰਨਾ ਚਾਹੀਦਾ।"
ਈਸ਼ਾਨ ਕਿਸ਼ਨ ਨੇ ਆਜ਼ਾਦ ਦੇ ਕਮੈਂਟ 'ਤੇ ਕੀ ਕਿਹਾ

ਤਸਵੀਰ ਸਰੋਤ, Punit PARANJPE / AFP via Getty Images
ਪਟਨਾ ਪਹੁੰਚੇ ਈਸ਼ਾਨ ਕਿਸ਼ਨ ਨੇ ਏਅਰਪੋਰਟ 'ਤੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਕੀਰਤੀ ਆਜ਼ਾਦ ਦੇ ਕਮੈਂਟ ਬਾਰੇ ਸਵਾਲ ਕੀਤਾ ਗਿਆ, ਜਿਸ 'ਤੇ ਉਨ੍ਹਾਂ ਨੇ ਕਿਹਾ, "ਇੰਨਾ ਚੰਗਾ ਵਰਲਡ ਕੱਪ ਜਿੱਤੇ, ਚੰਗੇ ਸਵਾਲ ਤੁਸੀਂ ਲੋਕ ਕਰਿਆ ਕਰੋ। ਇਹ ਕੀਰਤੀ ਆਜ਼ਾਦ ਕੀ ਬੋਲੇ? ਇਸ 'ਤੇ ਮੈਂ ਕੀ ਬੋਲਾਂ? ਕੁਝ ਚੰਗਾ ਸਵਾਲ ਕਰੋ।"
ਕਾਂਗਰਸ ਸੰਸਦ ਮੈਂਬਰ ਤਾਰਿਕ ਅਨਵਰ ਨੇ ਕਿਹਾ, "ਕੀਰਤੀ ਆਜ਼ਾਦ ਬਿਲਕੁਲ ਸਹੀ ਹਨ। ਜੋ ਕੁਝ ਉਨ੍ਹਾਂ ਨੇ ਕਿਹਾ ਹੈ ਉਸ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ। ਇਹ ਸਾਡੇ ਇੱਥੇ ਪਰੰਪਰਾ ਨਹੀਂ ਰਹੀ ਹੈ ਕਿ ਟਰਾਫ਼ੀ ਨੂੰ ਲੈ ਕੇ ਮੰਦਰ ਜਾਂ ਮਸਜਿਦ ਜਾਂ ਦੂਜੀ ਜਗ੍ਹਾ ਜਾਓ। ਇਹ ਗਲਤ ਪਰੰਪਰਾ ਦੀ ਸ਼ੁਰੂਆਤ ਹੈ।"
ਅਹਿਮਦਾਬਾਦ ਵਿੱਚ ਹਨੂਮਾਨ ਮੰਦਰ ਦੇ ਮਹੰਤ ਈਸ਼ਵਰਦਾਸ ਮਹਾਰਾਜ ਨੇ ਕਿਹਾ, "ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਸਾਡੀ ਆਸਥਾ, ਸ਼ਰਧਾ ਅਤੇ ਦਰਸ਼ਨ ਨਾਲ ਜੁੜਿਆ ਹੈ। ਪਰ ਜੋ ਇਹ ਨਹੀਂ ਸਮਝਦੇ ਉਹ ਇਸ 'ਤੇ ਸਵਾਲ ਉਠਾਉਂਦੇ ਹਨ।"
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ, "ਮੈਂ ਨਹੀਂ ਜਾਣਦਾ ਕਿ ਇਹ ਕਿਸ ਨੇ ਕੀਤਾ ਪਰ ਭਾਰਤ ਸਨਾਤਨੀਆਂ ਨਾਲ ਜੁੜਿਆ ਹੈ। ਭਾਰਤ ਦੀ ਪਛਾਣ ਕ੍ਰਿਸ਼ਚੀਅਨ ਅਤੇ ਮੁਸਲਮਾਨਾਂ ਨਾਲ ਨਹੀਂ ਹੈ।"
ਸ਼ਿਵ ਸੈਨਾ ਦੇ ਨੇਤਾ ਕ੍ਰਿਸ਼ਨਾ ਹੇਗੜੇ ਨੇ ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ, "ਇਸ ਨੂੰ ਧਰਮ ਨਾਲ ਜੋੜਨਾ ਠੀਕ ਨਹੀਂ ਹੈ। ਭਾਰਤੀ ਟੀਮ ਨੂੰ ਇਹ ਆਜ਼ਾਦੀ ਹੈ ਕਿ ਉਹ ਜਿੱਥੇ ਟਰਾਫ਼ੀ ਲੈ ਕੇ ਜਾਣਾ ਚਾਹੁੰਦੇ ਲੈ ਕੇ ਜਾ ਸਕਦੇ ਹਨ। ਉਨ੍ਹਾਂ ਨੂੰ ਕੀਰਤੀ ਆਜ਼ਾਦ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ। ਕੀਰਤੀ ਆਜ਼ਾਦ ਨੂੰ ਅਜਿਹੇ ਭੜਕਾਊ ਭਾਸ਼ਣ ਦੇ ਕੇ ਭਾਈਚਾਰਿਆਂ ਵਿਚਾਲੇ ਵੰਡ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।"
ਸਾਬਕਾ ਭਾਰਤੀ ਸਪਿਨ ਗੇਂਦਬਾਜ਼ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਕਿਹਾ ਕਿ ਭਾਰਤੀ ਕਪਤਾਨ ਅਤੇ ਕੋਚ ਦੇ ਮੰਦਰ ਜਾਣ 'ਤੇ ਇਸ ਤਰ੍ਹਾਂ ਦੇ ਸਵਾਲ ਨਹੀਂ ਖੜ੍ਹੇ ਕੀਤੇ ਜਾਣੇ ਚਾਹੀਦੇ ਅਤੇ ਇਹ ਉਨ੍ਹਾਂ ਦੀ ਆਸਥਾ ਹੈ।
ਹਰਭਜਨ ਸਿੰਘ ਨੇ ਕਿਹਾ, ''ਉਨ੍ਹਾਂ ਦੀਆਂ ਗੱਲਾਂ ਨਾ ਸੁਣੋ.. ਦੇਖੋ, ਖੇਡ ਅਤੇ ਰਾਜਨੀਤੀ ਨੂੰ ਵੱਖ ਰੱਖੋ। ਤੁਹਾਡੀ ਆਸਥਾ ਹੈ ਤੁਸੀਂ ਮੰਦਰ ਜਾਓ, ਗੁਰਦੁਆਰੇ ਜਾਓ ਜਾਂ ਕਿਤੇ ਵੀ ਜਾਓ। ਜੇਕਰ ਉਹ ਕਿਤੇ ਗਏ ਵੀ ਹਨ ਤਾਂ ਇਹ ਉਨ੍ਹਾਂ ਦੀ ਇੱਛਾ ਹੈ।''
ਕੌਣ ਹਨ ਕੀਰਤੀ ਆਜ਼ਾਦ

ਤਸਵੀਰ ਸਰੋਤ, Sondeep Shankar/Getty Images
ਈਐੱਸਪੀਐੱਨ ਕ੍ਰਿਕਇੰਫੋ ਮੁਤਾਬਕ ਸੱਜੇ ਹੱਥ ਦੇ ਬੱਲੇਬਾਜ਼ ਅਤੇ ਆਫ ਬ੍ਰੇਕ ਗੇਂਦਬਾਜ਼ ਕੀਰਤੀ ਆਜ਼ਾਦ ਨੇ ਭਾਰਤ ਲਈ 7 ਟੈਸਟ ਮੈਚ ਖੇਡੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ 135 ਦੌੜਾਂ ਬਣਾਈਆਂ।
ਆਜ਼ਾਦ ਨੇ 1981 ਵਿੱਚ ਨਿਊਜ਼ੀਲੈਂਡ ਦੇ ਖ਼ਿਲਾਫ਼ ਵੈਲਿੰਗਟਨ ਵਿੱਚ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਵਨਡੇ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਟੀਮ ਇੰਡੀਆ ਵੱਲੋਂ ਪਹਿਲਾ ਮੁਕਾਬਲਾ 6 ਦਸੰਬਰ 1980 ਨੂੰ ਆਸਟ੍ਰੇਲੀਆ ਦੇ ਖ਼ਿਲਾਫ਼ ਖੇਡਿਆ ਸੀ।
ਉਨ੍ਹਾਂ ਨੇ 25 ਵਨਡੇ ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ 269 ਦੌੜਾਂ ਬਣਾਈਆਂ। ਵਨਡੇ ਵਿੱਚ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ 39 ਦੌੜਾਂ (ਨਾਬਾਦ) ਰਿਹਾ।
ਕੀਰਤੀ ਆਜ਼ਾਦ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਜ਼ਿਆਦਾ ਕਾਮਯਾਬੀ ਨਹੀਂ ਮਿਲੀ, ਪਰ ਉਹ 1980 ਤੋਂ ਲੈ ਕੇ 1990 ਦੇ ਅੱਧ ਤੱਕ ਦਿੱਲੀ ਕ੍ਰਿਕਟ ਦੇ ਸਟਾਰ ਰਹੇ।
ਉਨ੍ਹਾਂ ਦੀ ਅਗਵਾਈ ਵਿੱਚ ਹੀ ਦਿੱਲੀ ਨੇ 1991-92 ਵਿੱਚ 16 ਸਾਲਾਂ ਦੇ ਵਕਫੇ ਤੋਂ ਬਾਅਦ ਰਣਜੀ ਟਰਾਫ਼ੀ ਜਿੱਤੀ ਸੀ।
ਇਹ ਵੀ ਸੰਯੋਗ ਹੈ ਕਿ ਦਿੱਲੀ ਜਿਨ੍ਹਾਂ ਪੰਜ ਮੌਕਿਆਂ 'ਤੇ ਰਣਜੀ ਚੈਂਪੀਅਨ ਬਣੀ, ਉਨ੍ਹਾਂ ਵਿੱਚ ਖੇਡਣ ਵਾਲੇ ਕੀਰਤੀ ਇਕੱਲੇ ਖਿਡਾਰੀ ਹਨ।
ਕੀਰਤੀ ਆਜ਼ਾਦ 2002 ਤੋਂ 2006 ਦੇ ਵਿਚਕਾਰ ਉੱਤਰੀ ਖੇਤਰ ਵੱਲੋਂ ਰਾਸ਼ਟਰੀ ਚੋਣਕਾਰ ਵੀ ਰਹੇ।
ਇਹ ਉਹ ਦੌਰ ਸੀ ਜਦੋਂ ਐੱਮਐੱਸ ਧੋਨੀ, ਪਾਰਥਿਵ ਪਟੇਲ, ਐਲ ਬਾਲਾਜੀ, ਆਕਾਸ਼ ਚੋਪੜਾ, ਇਰਫ਼ਾਨ ਪਠਾਨ, ਗੌਤਮ ਗੰਭੀਰ ਅਤੇ ਸ਼੍ਰੀਸੰਤ ਵਰਗੇ ਕ੍ਰਿਕਟਰਾਂ ਨੇ ਆਪਣਾ ਡੈਬਿਊ ਕੀਤਾ ਸੀ।
ਇਸ ਤੋਂ ਇਲਾਵਾ ਕੀਰਤੀ ਆਜ਼ਾਦ ਇੰਡੀਅਨ ਪ੍ਰੀਮੀਅਰ ਲੀਗ ਦੇ ਵੀ ਸਖ਼ਤ ਆਲੋਚਕ ਰਹੇ ਹਨ।
ਉਨ੍ਹਾਂ ਨੇ ਇਸ ਨੂੰ ਮੈਚ ਫਿਕਸਿੰਗ ਨੂੰ ਉਤਸ਼ਾਹਿਤ ਕਰਨ ਵਾਲਾ ਟੂਰਨਾਮੈਂਟ ਦੱਸਿਆ ਸੀ। ਆਈਪੀਐਲ ਨਾਲ ਜੁੜੇ ਵਿਵਾਦਾਂ ਵਿੱਚ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਬੀਸੀਸੀਆਈ ਨਾਲ ਜੁੜੇ ਹੋਣ 'ਤੇ ਉਨ੍ਹਾਂ ਨੂੰ ਗੁੱਸਾ ਵੀ ਆ ਰਿਹਾ ਹੈ ਅਤੇ ਸ਼ਰਮ ਵੀ।
ਕ੍ਰਿਕਟ ਤੋਂ ਰਿਟਾਇਰਮੈਂਟ ਲੈਣ ਤੋਂ ਬਾਅਦ ਕੀਰਤੀ ਆਜ਼ਾਦ ਰਾਜਨੀਤੀ ਵਿੱਚ ਆ ਗਏ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ





























