ਇਜ਼ਰਾਇਲ ਨੇ ਤੇਹਰਾਨ ਅਤੇ ਬੇਰੂਤ ਉੱਤੇ ਕੀਤੇ ਹਮਲੇ, ਜਾਣੋ ਇਜ਼ਰਾਇਲ-ਅਮਰੀਕਾ ਦੇ ਈਰਾਨ ਨਾਲ ਸੰਘਰਸ਼ ਦਾ ਕੀ ਹੈ ਅਪਡੇਟ

ਗਾਂਧੀ ਹਸਪਤਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੋਮਵਾਰ ਨੂੰ ਗਾਂਧੀ ਹਸਪਤਾਲ ਤੋਂ ਮਲਬਾ ਸਾਫ਼ ਕਰਦੇ ਮਜ਼ਦੂਰਾਂ ਦੀ ਤਸਵੀਰ ਖਿੱਚੀ ਗਈ ਸੀ
ਪੜ੍ਹਨ ਦਾ ਸਮਾਂ: 9 ਮਿੰਟ

ਬੀਬੀਸੀ ਫਾਰਸੀ ਦੀ ਸੀਨੀਅਰ ਰਿਪੋਰਟਰ ਘੋਨਛੇ ਹਬੀਬਿਆਜ਼ਾਦ ਮੁਤਾਬਕ, ਈਰਾਨ ਦੀ ਰੈੱਡ ਕ੍ਰੈਸੈਂਟ ਸੁਸਾਇਟੀ ਨੇ ਕਿਹਾ ਹੈ ਕਿ ਸ਼ਨੀਵਾਰ ਨੂੰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਦੇਸ਼ 'ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਹੁਣ ਤੱਕ 787 ਲੋਕ ਮਾਰੇ ਗਏ ਹਨ।

ਇਸ ਵਿਚਾਲੇ, ਅਮਰੀਕਾ-ਅਧਾਰਿਤ ਹਿਊਮਨ ਰਾਈਟਸ ਐਕਟਿਵਿਸਟਸ ਇਨ ਇਰਾਨ (ਐੱਚਆਰਏਐੱਨਏ) ਨੇ ਰਿਪੋਰਟ ਕੀਤਾ ਹੈ ਕਿ 742 ਨਾਗਰਿਕ ਮਾਰੇ ਗਏ ਹਨ, ਜਿਨ੍ਹਾਂ ਵਿੱਚ 176 ਬੱਚੇ ਵੀ ਸ਼ਾਮਲ ਹਨ।

ਤੇਹਰਾਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਈਰਾਨ ਦੀ ਰਾਜਧਾਨੀ ਦੇ ਪੱਤਰਕਾਰ ਨੇ ਬੀਬੀਸੀ ਨੂੰ ਦੱਸਿਆ ਕਿ ਤੇਹਰਾਨ ਦੇ ਹਰ ਹਿੱਸੇ ਨੂੰ ਨੁਕਸਾਨ ਪਹੁੰਚਿਆ ਹੈ

ਈਰਾਨੀ ਸੰਸਦ ਦੀ ਹੈਲਥ ਕਮਿਸ਼ਨ ਦੀ ਮੈਂਬਰ ਫਾਤਿਮੇਹ ਮੁਹੰਮਦਬੇਗੀ ਨੇ ਸੋਮਵਾਰ ਨੂੰ ਕਿਹਾ ਕਿ ਈਰਾਨ ਵਿੱਚ 9 ਹਸਪਤਾਲਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਨੇ ਇਜ਼ਰਾਈਲ ਅਤੇ ਅਮਰੀਕਾ 'ਤੇ ਇਨ੍ਹਾਂ ਹਸਪਤਾਲਾਂ ਨੂੰ ਨਿਸ਼ਾਨਾ ਬਣਾਉਣ ਦਾ ਇਲਜ਼ਾਮ ਲਗਾਇਆ।

ਆਈਡੀਐੱਫ ਨੇ ਤੇਹਰਾਨ ਦੇ ਗਾਂਧੀ ਹਸਪਤਾਲ ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਹਮਲਾ "ਹਸਪਤਾਲ ਨੂੰ ਨਿਸ਼ਾਨਾ ਬਣਾ ਕੇ ਨਹੀਂ ਕੀਤਾ ਗਿਆ ਸੀ।"

ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਅੱਜ ਇਜ਼ਰਾਈਲ ਅਤੇ ਅਮਰੀਕਾ ਦੋਵਾਂ 'ਤੇ ਉਸੇ ਹਸਪਤਾਲ ਨੂੰ ਨਿਸ਼ਾਨਾ ਬਣਾਉਣ ਦਾ ਇਲਜ਼ਾਮ ਲਗਾਇਆ ਹੈ।

ਹਵਾਈ ਹਮਲੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੇਰੂਤ ਦੇ ਦੱਖਣੀ ਕਸਬਿਆਂ 'ਤੇ ਇਜ਼ਰਾਈਲੀ ਹਵਾਈ ਹਮਲੇ ਵਾਲੀ ਥਾਂ ਤੋਂ ਧੂੰਆਂ ਉੱਠਦਾ ਹੋਇਆ

ਇਜ਼ਰਾਈਲੀ ਫੌਜ ਦੀ ਇੱਕ ਅਪਡੇਟ ਮੁਤਾਬਕ ਉਸ ਦੀ ਹਵਾਈ ਫੌਜ ਨੇ ਈਰਾਨੀ ਸ਼ਾਸਨ ਦੇ ਲੀਡਰਸ਼ਿਪ ਕੰਪਲੈਕਸ ਨੂੰ ਨਿਸ਼ਾਨਾ ਬਣਾਇਆ ਹੈ।

ਟੈਲੀਗ੍ਰਾਮ 'ਤੇ ਇੱਕ ਬਿਆਨ ਵਿੱਚ, ਆਈਡੀਐੱਫ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਦਫ਼ਤਰ ਅਤੇ ਸੁਪਰੀਮ ਨੈਸ਼ਨਲ ਸਿਕਿਓਰਿਟੀ ਕੌਂਸਲ 'ਤੇ "ਬਹੁਤ ਸਾਰੇ ਗੋਲਾ-ਬਾਰੂਦ" ਸੁੱਟੇ ਗਏ ਸਨ।

ਬੇਰੂਤ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਬੇਰੂਤ ਵਿੱਚ ਫਾਇਰਫਾਈਟਰਾਂ ਇੱਕ ਰਿਹਾਇਸ਼ੀ ਖੇਤਰ ਵਿੱਚ ਅੱਗ ਬੁਝਾਉਂਦੇ ਹੋਏ

ਇਹ ਅੱਗੇ ਕਹਿੰਦਾ ਹੈ ਕਿ ਇੱਕ ਫੌਜੀ ਸਿਖਲਾਈ ਸੰਸਥਾ ਅਤੇ "ਵਾਧੂ ਮੁੱਖ ਸ਼ਾਸਨ ਬੁਨਿਆਦੀ ਢਾਂਚੇ" ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।

ਆਈਡੀਐਫ ਦਾ ਕਹਿਣਾ ਹੈ ਕਿ ਈਰਾਨ ਦੇ ਸਾਬਕਾ ਸੁਪਰੀਮ ਲੀਡਰ ਅਯਾਤੁੱਲ੍ਹਾ ਅਲੀ ਖਾਮੇਨੇਈ ਨੇ ਇਸ ਕੰਪਲੈਕਸ ਦੀ ਵਰਤੋਂ ਕੀਤੀ ਸੀ। ਅਮਰੀਕਾ-ਇਜ਼ਰਾਈਲੀ ਹਮਲਿਆਂ ਵਿੱਚ ਖਾਮੇਨੇਈ ਨੂੰ ਹਫ਼ਤੇ ਦੇ ਅੰਤ ਵਿੱਚ ਉਸਦੇ ਆਪਣੇ ਕੰਪਲੈਕਸ ਵਿੱਚ ਮਾਰ ਦਿੱਤਾ ਗਿਆ।

ਬਹਿਰੀਨ ਵਿੱਚ ਅਮਰੀਕੀ ਨੇਵਲ ਬੇਸ ਤੋਂ ਧੂੰਆਂ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਬਹਿਰੀਨ ਵਿੱਚ ਅਮਰੀਕੀ ਨੇਵਲ ਬੇਸ ਤੋਂ ਧੂੰਆਂ ਉੱਠਦਾ ਦੇਖਿਆ ਗਿਆ

ਇਜ਼ਰਾਇਲ ਨੇ ਤੇਹਰਾਨ ਅਤੇ ਬੇਰੂਤ ਉੱਤੇ ਕੀਤੇ ਹਮਲੇ

ਖ਼ਬਰਾਂ ਆ ਰਹੀਆਂ ਹਨ ਕਿ ਈਰਾਨ ਦੇ ਹਮਲੇ ਵਿੱਚ ਬਹਿਰੀਨ ਸਥਿਤ ਇੱਕ ਅਮਰੀਕੀ ਏਅਰਬੇਸ ਨੂੰ ਨੁਕਸਾਨ ਪਹੁੰਚਿਆ ਹੈ।

ਈਰਾਨ ਦੀ 'ਰੈਵੋਲਿਊਸ਼ਨਰੀ ਗਾਰਡ ਕੋਰ' ਨਾਲ ਜੁੜੀ 'ਫਾਰਸ ਨਿਊਜ਼ ਏਜੰਸੀ' ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਦੂਰ-ਦੁਰਾਡੇ ਦੇ ਟਿਕਾਣਿਆਂ 'ਤੇ ਰਾਕੇਟ ਹਮਲੇ ਹੁੰਦੇ ਦਿਖਾਈ ਦੇ ਰਹੇ ਹਨ।

ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਈਆਰਜੀਸੀ ਦੇ ਡਰੋਨ ਅਤੇ ਮਿਜ਼ਾਈਲ ਹਮਲੇ ਵਿੱਚ ਬਹਿਰੀਨ ਦੇ ਸ਼ੇਖ ਈਸਾ ਇਲਾਕੇ ਵਿੱਚ ਸਥਿਤ ਅਮਰੀਕੀ ਏਅਰਬੇਸ ਦੀ ਕਮਾਂਡ ਅਤੇ ਸਟਾਫ਼ ਬਿਲਡਿੰਗ ਨੂੰ ਨਸ਼ਟ ਕਰ ਦਿੱਤਾ ਗਿਆ ਅਤੇ ਬਾਲਣ ਦੇ ਟੈਂਕਾਂ ਵਿੱਚ ਧਮਾਕੇ ਹੋਏ।

ਹਾਲਾਂਕਿ, ਇਨ੍ਹਾਂ ਹਮਲਿਆਂ 'ਤੇ ਅਜੇ ਤੱਕ ਅਮਰੀਕਾ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ।

ਇਸ ਤੋਂ ਪਹਿਲਾਂ ਬਹਿਰੀਨ ਵਿੱਚ ਅਮਰੀਕੀ ਨੇਵਲ ਬੇਸ ਤੋਂ ਧੂੰਆਂ ਉੱਠਦਾ ਦੇਖਿਆ ਗਿਆ ਸੀ।

ਸੀਬੀਐੱਸਈ ਨੇ ਮੱਧ ਪੂਰਬ ਵਿੱਚ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਟਾਲੀਆਂ, ਜਾਣੋ ਨਵੀਂ ਅਪਡੇਟ

ਕਿਸੇ ਪ੍ਰੀਖਿਆ ਵਿੱਚ ਵਿਦਿਆਰੀ

ਤਸਵੀਰ ਸਰੋਤ, Getty Images

ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਨੇ ਮੱਧ ਪੂਰਬ ਦੇ ਕਈ ਦੇਸਾਂ ਵਿੱਚ ਜਾਰੀ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਉੱਥੇ ਜਮਾਤ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ।

ਬੋਰਡ ਵੱਲੋਂ ਜਾਰੀ ਇੱਕ ਤਾਜ਼ਾ ਸਰਕੂਲਰ ਅਨੁਸਾਰ, ਖਾੜੀ ਦੇਸਾਂ ਅਤੇ ਈਰਾਨ ਵਿੱਚ ਮੌਜੂਦਾ ਹਾਲਾਤ ਦੀ ਸਮੀਖਿਆ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।

ਉੱਥੇ 5 ਮਾਰਚ (ਵੀਰਵਾਰ) ਅਤੇ 6 ਮਾਰਚ (ਸ਼ੁੱਕਰਵਾਰ) 2026 ਨੂੰ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।

ਇਨ੍ਹਾਂ ਪ੍ਰੀਖਿਆਵਾਂ ਲਈ ਨਵੀਆਂ ਤਰੀਕਾਂ ਦਾ ਐਲਾਨ ਆਉਣ ਵਾਲੇ ਸਮੇਂ ਵਿੱਚ ਕੀਤਾ ਜਾਵੇਗਾ।

ਬੋਰਡ ਨੇ ਕਿਹਾ ਹੈ ਕਿ ਉਹ 5 ਮਾਰਚ ਨੂੰ ਸਥਿਤੀ ਦੀ ਦੁਬਾਰਾ ਸਮੀਖਿਆ ਕਰੇਗਾ। ਇਸ ਤੋਂ ਬਾਅਦ ਹੀ ਇਹ ਤੈਅ ਕੀਤਾ ਜਾਵੇਗਾ ਕਿ 7 ਮਾਰਚ ਅਤੇ ਉਸ ਤੋਂ ਬਾਅਦ ਹੋਣ ਵਾਲੀਆਂ ਪ੍ਰੀਖਿਆਵਾਂ ਆਪਣੇ ਨਿਰਧਾਰਿਤ ਸਮੇਂ 'ਤੇ ਹੋਣਗੀਆਂ ਜਾਂ ਨਹੀਂ।

ਬੋਰਡ ਨੇ ਸਾਰੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਤਾਜ਼ਾ ਜਾਣਕਾਰੀ ਲਈ ਆਪਣੇ ਸਬੰਧਿਤ ਸਕੂਲਾਂ ਦੇ ਸੰਪਰਕ ਵਿੱਚ ਰਹਿਣ ਅਤੇ ਅਧਿਕਾਰਤ ਐਲਾਨਾਂ 'ਤੇ ਹੀ ਭਰੋਸਾ ਕਰਨ।

ਕਿਹੜੇ ਦੇਸਾਂ 'ਤੇ ਪਵੇਗਾ ਅਸਰ?

  • ਸੰਯੁਕਤ ਅਰਬ ਅਮੀਰਾਤ (UAE)
  • ਸਾਊਦੀ ਅਰਬ
  • ਓਮਾਨ
  • ਕਤਰ
  • ਬਹਿਰੀਨ
  • ਕੁਵੈਤ
  • ਈਰਾਨ

ਸੋਨੀਆ ਗਾਂਧੀ ਵੱਲੋਂ ਮੋਦੀ ਸਰਕਾਰ ਦੇ ਰੁਖ਼ ਦੀ ਆਲੋਚਨਾ

ਸੋਨੀਆ ਗਾਂਧੀ

ਤਸਵੀਰ ਸਰੋਤ, Getty Images

ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਅਮਰੀਕਾ ਅਤੇ ਇਜ਼ਰਾਇਲ ਦੇ ਈਰਾਨ ਨਾਲ ਯੁੱਧ 'ਤੇ ਮੋਦੀ ਸਰਕਾਰ ਦੇ ਰੁਖ਼ ਦੀ ਤਿੱਖੀ ਆਲੋਚਨਾ ਕੀਤੀ ਹੈ।

ਉਨ੍ਹਾਂ ਨੇ 'ਦਿ ਇੰਡੀਅਨ ਐਕਸਪ੍ਰੈੱਸ' ਵਿੱਚ ਪ੍ਰਕਾਸ਼ਿਤ ਆਪਣੇ ਲੇਖ ਵਿੱਚ ਕਿਹਾ ਕਿ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਦੀ 'ਹੱਤਿਆ' 'ਤੇ ਸਰਕਾਰ ਦੀ ਚੁੱਪੀ 'ਨਿਰਪੱਖ ਨਹੀਂ, ਸਗੋਂ ਜ਼ਿੰਮੇਵਾਰੀ ਤੋਂ ਪਿੱਛੇ ਹਟਣਾ' ਹੈ।

ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤ ਦੀ ਵਿਦੇਸ਼ ਨੀਤੀ ਦੀ ਦਿਸ਼ਾ ਅਤੇ ਭਰੋਸੇਯੋਗਤਾ 'ਤੇ ਗੰਭੀਰ ਸਵਾਲ ਉੱਠਦੇ ਹਨ।

ਸਾਬਕਾ ਕਾਂਗਰਸ ਪ੍ਰਧਾਨ ਨੇ ਇਹ ਵੀ ਮੰਗ ਕੀਤੀ ਕਿ ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਦੇ ਮੁੜ ਸ਼ੁਰੂ ਹੋਣ 'ਤੇ ਇਸ ਮੁੱਦੇ 'ਤੇ ਖੁੱਲ੍ਹ ਕੇ ਅਤੇ ਬਿਨਾਂ ਕਿਸੇ ਟਾਲ-ਮਟੋਲ ਦੇ ਬਹਿਸ ਹੋਣੀ ਚਾਹੀਦੀ ਹੈ।

ਆਪਣੇ ਲੇਖ ਵਿੱਚ ਸੋਨੀਆ ਗਾਂਧੀ ਨੇ ਕਿਹਾ ਕਿ ਸਾਨੂੰ ਆਪਣੀ ਨੈਤਿਕ ਤਾਕਤ ਨੂੰ ਮੁੜ ਪਛਾਣਨ ਅਤੇ ਉਸ ਨੂੰ ਸਪੱਸ਼ਟਤਾ ਤੇ ਵਚਨਬੱਧਤਾ ਨਾਲ ਸਾਹਮਣੇ ਰੱਖਣ ਦੀ ਤੁਰੰਤ ਲੋੜ ਹੈ।

ਈਰਾਨ ਦੇ ਹਮਲੇ ਦਾ ਜਵਾਬ ਦੇਣ ਬਾਰੇ ਡੌਨਲਡ ਟਰੰਪ ਨੇ ਕੀ ਕਿਹਾ

ਡੌਨਲਡ ਟਰੰਪ

ਤਸਵੀਰ ਸਰੋਤ, Getty Images

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਰਿਆਦ ਵਿੱਚ ਅਮਰੀਕੀ ਦੂਤਾਵਾਸ 'ਤੇ ਹੋਏ ਹਮਲੇ ਦਾ 'ਜਲਦੀ ਹੀ' ਜਵਾਬ ਦਿੱਤਾ ਜਾਵੇਗਾ।

ਕੇਬਲ ਨੈੱਟਵਰਕ 'ਨਿਊਜ਼ ਨੇਸ਼ਨ' ਦੀ ਇੱਕ ਮਹਿਲਾ ਪੱਤਰਕਾਰ ਨੇ ਐਕਸ 'ਤੇ ਲਿਖਿਆ ਕਿ ਟਰੰਪ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ 'ਨਹੀਂ ਲੱਗਦਾ ਕਿ ਈਰਾਨ ਦੇ ਅੰਦਰ ਫੌਜ ਤਾਇਨਾਤ ਕਰਨ ਦੀ ਲੋੜ ਪਵੇਗੀ।'

ਸੋਮਵਾਰ ਨੂੰ ਅਮਰੀਕਾ ਨੇ ਕਿਹਾ ਸੀ ਕਿ ਤਾਜ਼ਾ ਲੜਾਈ ਵਿੱਚ ਉਸ ਦੇ ਛੇ ਸੈਨਿਕ ਮਾਰੇ ਗਏ ਹਨ ਅਤੇ 18 ਜ਼ਖ਼ਮੀ ਹੋਏ ਹਨ।

ਮੰਗਲਵਾਰ ਸਵੇਰੇ ਸਾਊਦੀ ਅਰਬ ਦੇ ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਰਿਆਦ ਸਥਿਤ ਅਮਰੀਕੀ ਦੂਤਾਵਾਸ 'ਤੇ ਦੋ ਡਰੋਨਾਂ ਰਾਹੀਂ ਹਮਲਾ ਕੀਤਾ ਗਿਆ ਹੈ।

ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਇਸ ਹਮਲੇ ਕਾਰਨ ਮਾਮੂਲੀ ਅੱਗ ਲੱਗ ਗਈ ਅਤੇ ਇਮਾਰਤ ਦਾ ਕੁਝ ਨੁਕਸਾਨ ਹੋਇਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹਿਰੀਨ,ਸਾਊਦੀ ਅਰਬ ਅਤੇ ਜਾਰਡਨ ਦੇ ਆਗੂਆਂ ਨਾਲ ਗੱਲਬਾਤ ਕੀਤੀ

ਭਾਰਤ ਦੇ ਪ੍ਰਧਾਨ ਮੰਤਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੋਦੀ ਨੇ ਬਹਿਰੀਨ,ਸਾਊਦੀ ਅਰਬ ਅਤੇ ਜਾਰਡਨ ਦੇ ਆਗੂਆਂ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਬਹਿਰੀਨ ਦੇ ਰਾਜਾ ਹਮਦ ਬਿਨ ਈਸਾ ਅਲ ਖਲੀਫਾ ਅਤੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਹਾਲ ਹੀ ਵਿੱਚ ਹੋਏ ਹਮਲਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਭਾਰਤ ਉਨ੍ਹਾਂ ਦੇ ਲੋਕਾਂ ਦੇ ਨਾਲ ਖੜ੍ਹਾ ਹੈ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਜਾਰਡਨ ਦੇ ਰਾਜਾ ਅਬਦੁੱਲਾ ਦੂਜੇ ਨਾਲ ਵੀ ਗੱਲ ਕੀਤੀ ਅਤੇ ਖੇਤਰ ਵਿੱਚ ਤੇਜ਼ੀ ਨਾਲ ਬਦਲਦੇ ਹਾਲਾਤ 'ਤੇ ਡੂੰਘੀ ਚਿੰਤਾ ਪ੍ਰਗਟਾਈ।

ਬਹਿਰੀਨ ਅਤੇ ਸਾਊਦੀ ਅਰਬ ਦੇ ਆਗੂਆਂ ਨਾਲ ਗੱਲਬਾਤ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਖੇਤਰ ਵਿੱਚ ਛੇਤੀ ਤੋਂ ਛੇਤੀ ਸ਼ਾਂਤੀ ਅਤੇ ਸਥਿਰਤਾ ਬਹਾਲ ਹੋਣੀ ਬਹੁਤ ਜ਼ਰੂਰੀ ਹੈ।

ਮੋਦੀ ਨੇ ਇਨ੍ਹਾਂ ਮੁਸ਼ਕਲ ਸਥਿਤੀਆਂ ਵਿੱਚ ਉੱਥੇ ਰਹਿ ਰਹੇ ਭਾਰਤੀ ਭਾਈਚਾਰੇ ਦਾ ਖਿਆਲ ਰੱਖਣ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।

ਅਮਰੀਕੀ ਵਿਦੇਸ਼ ਮੰਤਰੀ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਸਾਲਹ ਜਾਰੀ ਕੀਤੀ ਹੈ

ਅਮਰੀਕੀ ਵਿਦੇਸ਼ ਮੰਤਰਾਲੇ ਨੇ ਮੱਧ ਪੂਰਬ ਦੇ ਕਈ ਦੇਸ਼ਾਂ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਲਈ ਇੱਕ ਸਲਾਹ ਜਾਰੀ ਕੀਤੀ ਹੈ।

ਮੰਤਰਾਲੇ ਨੇ ਕਿਹਾ ਹੈ ਕਿ ਉਹ ਹਮਲੇ ਦੇ ਖ਼ਤਰੇ ਦੇ ਮੱਦੇਨਜ਼ਰ ਜਿੰਨੀ ਜਲਦੀ ਹੋ ਸਕੇ ਉੱਥੋਂ ਨਿਕਲ ਜਾਣ।

ਇਨ੍ਹਾਂ ਦੇਸਾਂ ਵਿੱਚ ਬਹਿਰੀਨ, ਮਿਸਰ, ਈਰਾਨ, ਇਰਾਕ, ਇਜ਼ਰਾਈਲ, ਵੈਸਟ ਬੈਂਕ, ਗਾਜ਼ਾ, ਜਾਰਡਨ, ਕੁਵੈਤ, ਲੇਬਨਾਨ, ਓਮਾਨ, ਕਤਰ, ਸਾਊਦੀ ਅਰਬ, ਸੀਰੀਆ, ਸੰਯੁਕਤ ਅਰਬ ਅਮੀਰਾਤ ਅਤੇ ਯਮਨ ਸ਼ਾਮਲ ਹਨ।

ਈਰਾਨ ਮੱਧ ਪੂਰਬੀ ਦੇਸਾਂ ਵਿੱਚ ਸਥਿਤ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਮੱਦੇ ਨਜ਼ਰ ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ।

ਇਸ ਤੋਂ ਪਹਿਲਾ ਇਜ਼ਰਾਇਲ ਅਤੇ ਅਮਰੀਕਾ ਨੇ ਸ਼ਨਿੱਚਰਵਾਰ ਨੂੰ ਈਰਾਨ ਉੱਤੇ ਹਮਲਾ ਕੀਤਾ ਸੀ।

'ਮਨੁੱਖੀ ਸਿਧਾਂਤਾਂ ਦੀ ਸ਼ਰੇਆਮ ਉਲੰਘਣਾ'- ਈਰਾਨ ਦੇ ਰਾਸ਼ਟਰਪਤੀ

ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਹਸਪਤਾਲਾਂ ਉੱਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ

ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ 'ਮਨੁੱਖੀ ਸਿਧਾਂਤਾਂ ਦੀ ਸ਼ਰੇਆਮ ਉਲੰਘਣਾ' ਹਨ।

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, "ਹਸਪਤਾਲਾਂ 'ਤੇ ਹਮਲੇ ਜ਼ਿੰਦਗੀ 'ਤੇ ਹਮਲੇ ਹਨ। ਸਕੂਲਾਂ 'ਤੇ ਹਮਲੇ ਕਿਸੇ ਦੇਸ ਦੇ ਭਵਿੱਖ ਨੂੰ ਨਿਸ਼ਾਨਾ ਬਣਾਉਂਦੇ ਹਨ। ਮਰੀਜ਼ਾਂ ਅਤੇ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਮਨੁੱਖੀ ਸਿਧਾਂਤਾਂ ਦੀ ਸਪੱਸ਼ਟ ਉਲੰਘਣਾ ਹੈ।"

ਪੇਜ਼ੇਸ਼ਕੀਅਨ ਨੇ ਕਿਹਾ, "ਦੁਨੀਆ ਨੂੰ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ। ਮੈਂ ਆਪਣੇ ਸੋਗ ਵਿੱਚ ਡੁੱਬੇ ਦੇਸ ਦੇ ਨਾਲ ਖੜ੍ਹਾ ਹਾਂ। ਈਰਾਨ ਇਨ੍ਹਾਂ ਅਪਰਾਧਾਂ 'ਤੇ ਨਾ ਤਾਂ ਚੁੱਪ ਰਹੇਗਾ ਅਤੇ ਨਾ ਹੀ ਝੁਕੇਗਾ।"

ਈਰਾਨੀ ਅਧਿਕਾਰੀਆਂ ਦੇ ਮੁਤਾਬਕ, ਈਰਾਨ ਵਿੱਚ ਇੱਕ ਸਕੂਲ 'ਤੇ ਹੋਏ ਹਵਾਈ ਹਮਲੇ ਵਿੱਚ ਕਈ ਬੱਚਿਆਂ ਸਮੇਤ 153 ਜਣਿਆਂ ਦੀ ਜਾਨ ਗਈ ਸੀ।

'ਆਪ੍ਰੇਸ਼ਨ ਐਪਿਕ ਫਿਊਰੀ' ਬਾਰੇ ਕੀ ਬੋਲੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ?

ਰਾਸ਼ਟਰਪਤੀ ਟਰੰਪ ਨੇ ਸਮਾਗਮ ਦੀ ਸ਼ੁਰੂਆਤ "ਆਪ੍ਰੇਸ਼ਨ ਐਪਿਕ ਫਿਊਰੀ" ਬਾਰੇ ਇੱਕ "ਸੰਖੇਪ ਜਾਣਕਾਰੀ" ਨਾਲ ਕੀਤੀ।

ਰਾਸ਼ਟਰਪਤੀ ਦਾ ਕਹਿਣਾ ਹੈ ਕਿ ਅਮਰੀਕਾ ਇਰਾਨੀ ਹਕੂਮਤ ਵੱਲੋਂ ਪੈਦਾ ਕੀਤੇ ਖ਼ਤਰਿਆਂ ਨੂੰ ਖ਼ਤਮ ਕਰਨ ਲਈ ਈਰਾਨ ਵਿੱਚ "ਵੱਡੇ ਪੱਧਰ 'ਤੇ ਜੰਗੀ ਕਾਰਵਾਈਆਂ" ਜਾਰੀ ਰੱਖ ਰਿਹਾ ਹੈ।

ਉਨ੍ਹਾਂ ਕਿਹਾ ਕਿ ਈਰਾਨ ਨੇ ਅਮਰੀਕੀ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ ਅਤੇ "ਪਰਮਾਣੂ ਹਥਿਆਰਾਂ ਦੀ ਆਪਣੀ ਦੌੜ ਨੂੰ ਰੋਕਣ ਤੋਂ ਇਨਕਾਰ ਕਰ ਦਿੱਤਾ"।

ਡੌਲਨਡ ਟਰੰਪ

ਤਸਵੀਰ ਸਰੋਤ, Getty Images

ਅਮਰੀਕੀ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਈਰਾਨ ਦੇ ਮਿਜ਼ਾਈਲ ਪ੍ਰੋਗਰਾਮ ਦਾ ਮਕਸਦ ਪਰਮਾਣੂ ਹਥਿਆਰਾਂ ਦੇ ਵਿਕਾਸ ਨੂੰ ਸੁਰੱਖਿਆ ਕਵਚ ਪ੍ਰਦਾਨ ਕਰਨਾ ਸੀ।

ਟਰੰਪ ਨੇ ਕਿਹਾ ਕਿ ਹਾਲਾਂਕਿ ਅਮਰੀਕਾ ਉਹ ਦੇਸ ਸੀ ਜੋ ਇਸ ਨੂੰ ਰੋਕਣਾ ਚਾਹੁੰਦਾ ਸੀ, ਪਰ "ਹਰ ਕੋਈ ਸਾਡੀ ਹਮਾਇਤ ਵਿੱਚ ਸੀ"।

ਉਨ੍ਹਾਂ ਦਾ ਕਹਿਣਾ ਹੈ ਕਿ ਪਰਮਾਣੂ ਹਥਿਆਰਾਂ ਅਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਲੈਸ ਈਰਾਨੀ ਹਕੂਮਤ ਮੱਧ ਪੂਰਬ ਦੇ ਨਾਲ-ਨਾਲ ਅਮਰੀਕੀ ਲੋਕਾਂ ਲਈ ਵੀ ਇੱਕ "ਅਸਹਿ ਖ਼ਤਰਾ" ਹੋਵੇਗੀ।

ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਸ਼ੰਘਰਸ਼ ਸ਼ੁਰੂ ਕਰਨ ਦਾ ਫੈਸਲਾ ਇਸ ਲਈ ਲਿਆ ਕਿਉਂਕਿ ਇਹ "ਹਮਲਾ ਕਰਨ ਦਾ ਸਾਡਾ ਆਖਰੀ ਅਤੇ ਸਭ ਤੋਂ ਵਧੀਆ ਮੌਕਾ" ਸੀ ਤਾਂ ਜੋ "ਇਸ ਬਿਮਾਰ ਅਤੇ ਭ੍ਰਿਸ਼ਟ ਹਕੂਮਤ ਦੁਆਰਾ ਪੈਦਾ ਕੀਤੇ ਗਏ ਅਸਹਿ ਖ਼ਤਰਿਆਂ" ਨੂੰ ਖ਼ਤਮ ਕੀਤਾ ਜਾ ਸਕੇ।

ਟਰੰਪ ਨੇ ਕਿਹਾ ਕਿ ਈਰਾਨ ਵਿੱਚ ਚਲਾਏ ਜਾ ਰਹੇ ਆਪ੍ਰੇਸ਼ਨ ਦੇ ਉਦੇਸ਼ "ਸਪਸ਼ਟ" ਹਨ, ਜਿਸ ਵਿੱਚ ਈਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਦੇ ਨਾਲ-ਨਾਲ "ਈਰਾਨ ਦੀਆਂ ਮਿਜ਼ਾਈਲ ਸਮਰੱਥਾਵਾਂ ਨੂੰ ਤਬਾਹ ਕਰਨਾ" ਅਤੇ "ਉਨ੍ਹਾਂ ਦੀ ਨੇਵੀ ਦਾ ਸਫਾਇਆ ਕਰਨਾ" ਸ਼ਾਮਲ ਹੈ।

ਉਨ੍ਹਾਂ ਅੱਗੇ ਕਿਹਾ ਕਿ ਈਰਾਨ ਆਪਣੀਆਂ ਸਰਹੱਦਾਂ ਤੋਂ ਬਾਹਰ "ਅੱਤਵਾਦੀ ਫੌਜਾਂ ਨੂੰ ਹਥਿਆਰ ਦੇਣਾ, ਫੰਡ ਦੇਣਾ ਅਤੇ ਹਦਾਇਤਾਂ ਦੇਣਾ ਜਾਰੀ ਨਹੀਂ ਰੱਖ ਸਕਦਾ"।

ਸਮੁੰਦਰੀ ਮਾਲਵਾਹਕ ਜਹਾਜ਼

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਦਸੰਬਰ 2018 ਵਿੱਚ ਹੋਰਮੁਜ਼ ਜਲਡਮਰੂ ਰਾਹੀਂ ਲੰਘਦੇ ਤੇਲ ਦੇ ਟੈਂਕਰ

ਟਰੰਪ ਨੇ ਕਿਹਾ ਕਿ ਅੱਜ ਦੇਸ ਉਨ੍ਹਾਂ ਚਾਰ ਅਮਰੀਕੀ ਸੈਨਿਕਾਂ ਲਈ ਸੋਗ ਮਨਾ ਰਿਹਾ ਹੈ ਜੋ ਜੰਗ ਦੌਰਾਨ ਮਾਰੇ ਗਏ ਸਨ।

ਰਾਸ਼ਟਰਪਤੀ ਨੇ ਕਿਹਾ, "ਉਨ੍ਹਾਂ ਦੀ ਯਾਦ ਵਿੱਚ, ਅਸੀਂ ਇਸ ਅੱਤਵਾਦੀ ਹਕੂਮਤ ਵੱਲੋਂ ਅਮਰੀਕੀ ਲੋਕਾਂ 'ਤੇ ਪਾਏ ਗਏ ਖ਼ਤਰੇ ਨੂੰ ਕੁਚਲਣ ਲਈ ਬੇਹੱਦ ਸਖ਼ਤ ਅਤੇ ਅਟੱਲ ਇਰਾਦੇ ਨਾਲ ਇਸ ਮਿਸ਼ਨ ਨੂੰ ਜਾਰੀ ਰੱਖਾਂਗੇ।"

ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਪਹਿਲਾਂ ਹੀ ਆਪਣੇ ਅਨੁਮਾਨਿਤ ਸਮੇਂ ਤੋਂ "ਕਾਫੀ ਅੱਗੇ" ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਉਨ੍ਹਾਂ ਨੇ ਚਾਰ-ਪੰਜ ਹਫ਼ਤਿਆਂ ਦਾ ਅੰਦਾਜ਼ਾ ਲਗਾਇਆ ਸੀ, ਪਰ ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਕੋਲ "ਕਿਤੇ ਲੰਬੇ ਸਮੇਂ ਤੱਕ ਚੱਲਣ ਦੀ ਸਮਰੱਥਾ" ਹੈ।

ਇਸ ਤੋਂ ਬਾਅਦ ਉਨ੍ਹਾਂ ਨੇ ਅਮਰੀਕੀ ਸੈਨਿਕਾਂ ਦਾ ਧੰਨਵਾਦ ਕੀਤਾ, ਜਿਸ 'ਤੇ 'ਈਸਟ ਰੂਮ' ਵਿੱਚ ਖੂਬ ਤਾੜੀਆਂ ਵੱਜੀਆਂ।

ਸਾਊਦੀ ਅਰਬ ਦੇ ਰਿਆਦ ਸਥਿਤ ਅਮਰੀਕੀ ਦੂਤਾਵਾਸ 'ਤੇ ਡਰੋਨ ਹਮਲਾ

ਰਿਆਦ ਸਥਿਤ ਅਮਰੀਕੀ ਦੂਤਘਰ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਿਆਦ ਸਥਿਤ ਅਮਰੀਕੀ ਦੂਤਘਰ ਦੀ ਪੁਰਾਣੀ ਤਸਵੀਰ

ਸਾਊਦੀ ਅਰਬ ਦੇ ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਰਾਜਧਾਨੀ ਰਿਆਦ ਸਥਿਤ ਅਮਰੀਕੀ ਦੂਤਾਵਾਸ 'ਤੇ ਦੋ ਡਰੋਨਾਂ ਰਾਹੀਂ ਹਮਲਾ ਕੀਤਾ ਗਿਆ ਹੈ।

ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਇਸ ਹਮਲੇ ਕਾਰਨ ਮਾਮੂਲੀ ਅੱਗ ਲੱਗ ਗਈ ਅਤੇ ਇਮਾਰਤ ਦਾ ਥੋੜ੍ਹਾ ਨੁਕਸਾਨ ਹੋਇਆ ਹੈ।

ਸਾਊਦੀ ਅਰਬ ਵਿੱਚ ਅਮਰੀਕੀ ਮਿਸ਼ਨ ਨੇ ਜੇਦਾਹ, ਰਿਆਦ ਅਤੇ ਧਹਰਾਨ ਵਿੱਚ ਰਹਿਣ ਵਾਲੇ ਲੋਕਾਂ ਨੂੰ 'ਘਰਾਂ ਦੇ ਅੰਦਰ ਹੀ ਸੁਰੱਖਿਅਤ ਰਹਿਣ' ਦੀ ਸਲਾਹ ਦਿੱਤੀ ਹੈ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਕੁਵੈਤ ਵਿੱਚ ਅਮਰੀਕੀ ਦੂਤਾਵਾਸ ਦੇ ਅੰਦਰੋਂ ਜਾਂ ਉਸ ਦੇ ਨੇੜਿਓਂ ਧੂੰਆਂ ਉੱਠਦਾ ਦੇਖਿਆ ਗਿਆ ਸੀ।

ਇਸ ਤੋਂ ਬਾਅਦ ਦੂਤਾਵਾਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੂਤਾਵਾਸ ਨਾ ਆਉਣ ਅਤੇ ਆਪਣੇ ਘਰਾਂ ਵਿੱਚ ਹੀ ਸੁਰੱਖਿਅਤ ਰਹਿਣ।

ਇਜ਼ਰਾਇਲ ਅਤੇ ਅਮਰੀਕਾ ਨੇ ਸ਼ਨੀਵਾਰ ਨੂੰ ਈਰਾਨ 'ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਈਰਾਨ ਅਤੇ ਇਜ਼ਰਾਇਲ ਵੱਲੋਂ ਇੱਕ-ਦੂਜੇ 'ਤੇ ਹਮਲੇ ਜਾਰੀ ਹਨ।

ਦੂਜੇ ਪਾਸੇ, ਈਰਾਨ ਮੱਧ ਪੂਰਬੀ ਦੇਸ਼ਾਂ ਵਿੱਚ ਸਥਿਤ ਅਮਰੀਕੀ ਫੌਜੀ ਟਿਕਾਣਿਆਂ (ਮਿਲਟਰੀ ਬੇਸ) ਨੂੰ ਨਿਸ਼ਾਨਾ ਬਣਾ ਰਿਹਾ ਹੈ।

ਓਮਾਨ: ਤੇਲ ਟੈਂਕਰ 'ਤੇ ਹੋਏ ਡਰੋਨ ਹਮਲੇ ਵਿੱਚ ਇੱਕ ਭਾਰਤੀ ਦੀ ਮੌਤ

ਤੇਲ ਦੀ ਇੱਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਓਮਾਨ ਦੀ ਖਾੜੀ ਵਿੱਚ ਇੱਕ ਤੇਲ ਟੈਂਕਰ 'ਤੇ ਵਿਸਫੋਟਕਾਂ ਨਾਲ ਲੈਸ ਡਰੋਨ ਦੁਆਰਾ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਜਹਾਜ਼ 'ਤੇ ਸਵਾਰ ਇੱਕ ਭਾਰਤੀ ਮਲਾਹ ਦੀ ਮੌਤ ਹੋ ਗਈ ਹੈ।

ਇਸ ਘਟਨਾ 'ਤੇ ਮਸਕਟ ਸਥਿਤ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਇੱਕ ਬਿਆਨ ਜਾਰੀ ਕੀਤਾ ਹੈ।

ਭਾਰਤੀ ਦੂਤਾਵਾस ਨੇ 'ਐਮਕੇਡੀ ਵਿਓਮ' ਜਹਾਜ਼ 'ਤੇ ਭਾਰਤੀ ਨਾਗਰਿਕ ਦੀ ਹੋਈ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਦੂਤਾਵਾਸ ਨੇ ਕਿਹਾ ਹੈ ਕਿ ਉਹ ਓਮਾਨ ਦੇ ਸਥਾਨਕ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ, ਤਾਂ ਜੋ ਜਹਾਜ਼ 'ਤੇ ਮੌਜੂਦ (ਬਾਕੀ) ਭਾਰਤੀਆਂ ਦੀ ਸੁਰੱਖਿਅਤ ਅਤੇ ਜਲਦ ਵਾਪਸੀ ਯਕੀਨੀ ਬਣਾਈ ਜਾ ਸਕੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)