ਕੀ ਬ੍ਰਹਿਮੰਡ ਇੱਕ ਤੋਂ ਵੱਧ ਹਨ? ਆਖਿਰ ਸਾਡਾ ਬ੍ਰਹਿਮੰਡ ਇੰਨੀ ਸਟੀਕਤਾ ਨਾਲ ਤਿਆਰ ਕਿਵੇਂ ਹੋਇਆ

ਬ੍ਰਹਿਮੰਡ

ਤਸਵੀਰ ਸਰੋਤ, Victor de Schwanberg/Science Photo Library via Getty Images

ਤਸਵੀਰ ਕੈਪਸ਼ਨ, ਕੁਝ ਲੋਕ ਕਹਿੰਦੇ ਹਨ ਕਿ ਇਹ ਕਿਸੇ ਦੈਵੀ ਰਚਨਾਕਾਰ- ਭਾਵ ਈਸ਼ਵਰ ਦੀ ਦੇਣ ਹਨ, ਜਿਸ ਨੇ ਸਾਡੇ ਬ੍ਰਹਿਮੰਡ ਨੂੰ ਬੇਹੱਦ ਸਟੀਕਤਾ ਨਾਲ ਤਿਆਰ ਕੀਤਾ
    • ਲੇਖਕ, ਐਲੇਨ ਸਾਂਗ
    • ਰੋਲ, ਬੀਬੀਸੀ ਵਰਲਡ ਸਰਵਿਸ
  • ਪੜ੍ਹਨ ਦਾ ਸਮਾਂ: 8 ਮਿੰਟ

ਕੀ ਤੁਸੀਂ ਕਦੇ ਇਹ ਕਲਪਨਾ ਕੀਤੀ ਹੈ ਕਿ ਕਿਸੇ ਹੋਰ ਸਮਾਂਤਰ ਬ੍ਰਹਿਮੰਡ ਵਿੱਚ ਤੁਸੀਂ ਕੋਈ ਰਾਕਸਟਾਰ ਜਾਂ ਪੁਲਾੜ ਯਾਤਰੀ ਹੋਵੋ?

'ਮਲਟੀਵਰਸ' ਭਾਵ ਕਈ ਬ੍ਰਹਿਮੰਡਾਂ ਦੀ ਕਲਪਨਾ ਨੇ ਲੋਕਾਂ ਦੇ ਦੁਪਹਿਰ ਦੇ ਸੁਪਨਿਆਂ ਤੋਂ ਲੈ ਕੇ ਸਾਇੰਸ-ਫਿਕਸ਼ਨ ਦੀਆਂ ਕਹਾਣੀਆਂ ਤੱਕ ਜਗ੍ਹਾ ਬਣਾਈ ਹੈ ਪਰ ਕੁਝ ਵਿਗਿਆਨੀ ਵੀ ਇਸਨੂੰ ਗੰਭੀਰਤਾ ਨਾਲ ਲੈਂਦੇ ਹਨ।

ਸਿਰਫ਼ ਫਰਕ ਇਹ ਹੈ ਕਿ ਇਹ ਮਲਟੀਵਰਸ ਸ਼ਾਇਦ ਉਹੋ ਜਿਹਾ ਨਹੀਂ ਹੈ ਜਿਵੇਂ ਹਾਲੀਵੁੱਡ ਅਕਸਰ ਦਿਖਾਉਂਦਾ ਹੈ ਅਤੇ ਅਸਲ ਵਿੱਚ ਇਹ ਕੀ ਜਾਂ ਕਿਹੋ ਜਿਹਾ ਹੋ ਸਕਦਾ ਹੈ, ਇਸ ਬਾਰੇ ਕਿਸੇ ਦੀ ਰਾਇ ਇਕੋ ਜਿਹੀ ਨਹੀਂ ਹੈ।

ਬਰੀਕੀ ਨਾਲ ਸੰਤੁਲਿਤ ਬ੍ਰਹਿਮੰਡ

ਜਿਸ ਬ੍ਰਹਿਮੰਡ ਵਿੱਚ ਅਸੀਂ ਮੌਜੂਦ ਹਾਂ, ਨਿਸ਼ਚਿਤ ਤੌਰ 'ਤੇ ਉਹ ਸਾਡੇ ਲਈ ਬਿਲਕੁਲ 'ਫਾਇਨ-ਟਿਊਨਡ' ਭਾਵ ਬਹੁਤ ਬਰੀਕੀ ਨਾਲ ਸੰਤੁਲਿਤ ਲੱਗਦਾ ਹੈ।

ਪ੍ਰੋਫੈਸਰ ਪੌਲ ਹੈਲਪਰਨ ਅਮਰੀਕਾ ਦੀ ਸੇਂਟ ਜੋਸਫ ਯੂਨੀਵਰਸਿਟੀ ਦੇ ਭੌਤਿਕ ਵਿਗਿਆਨੀ ਹਨ ਅਤੇ 'ਦਿ ਐਲਿਊਰ ਆਫ ਦਿ ਮਲਟੀਵਰਸ' ਕਿਤਾਬ ਦੇ ਲੇਖਕ ਹਨ।

ਉਹ ਕਹਿੰਦੇ ਹਨ, "ਉਦਾਹਰਨ ਵਜੋਂ, ਜੇ ਗੁਰੁਤਾਕਰਸ਼ਨ ਥੋੜ੍ਹਾ ਵੀ ਘੱਟ ਜਾਂ ਕਮਜ਼ੋਰ ਹੁੰਦਾ ਤਾਂ ਸਾਡੇ ਤਾਰੇ ਅਤੇ ਗ੍ਰਹਿ ਸ਼ਾਇਦ ਬਣ ਹੀ ਨਾ ਸਕਦੇ।"

"ਦੂਜੇ ਪਾਸੇ, ਜੇ ਗੁਰੁਤਾਕਰਸ਼ਨ ਬਹੁਤ ਜ਼ਿਆਦਾ ਮਜ਼ਬੂਤ ਹੁੰਦਾ ਤਾਂ ਬ੍ਰਹਿਮੰਡ ਸ਼ੁਰੂ ਵਿੱਚ ਹੀ ਢਹਿ ਜਾਂਦਾ।"

ਅਸਲ ਵਿੱਚ, ਕੁਦਰਤ ਵਿੱਚ ਕਰੀਬ ਦੋ ਦਰਜਨ ਮੁੱਢਲੇ ਸਟੀਕ ਮੁਲ (ਅੰਕ) ਹਨ, ਉਨ੍ਹਾਂ ਦੇ ਸਹੀ ਮੁੱਲ ਹੀ ਸਾਡੇ ਭੌਤਿਕ ਨਿਯਮਾਂ ਨੂੰ ਚਲਣ ਦਿੰਦੇ ਹਨ।

ਬ੍ਰਹਿਮੰਡ

ਤਸਵੀਰ ਸਰੋਤ, Roberto Machado Noa/Getty Images

ਤਸਵੀਰ ਕੈਪਸ਼ਨ, ਜਿਸ ਬ੍ਰਹਿਮੰਡ ਵਿੱਚ ਅਸੀਂ ਮੌਜੂਦ ਹਾਂ, ਉਹ ਸਾਡੇ ਲਈ ਬੇਹੱਦ ਬਾਰੀਕੀ ਨਾਲ ਸੰਤੁਲਿਤ ਲੱਗਦਾ ਹੈ

ਪਰ ਇਹ ਆਏ ਕਿੱਥੋਂ?

ਕੁਝ ਲੋਕ ਕਹਿੰਦੇ ਹਨ ਕਿ ਇਹ ਕਿਸੇ ਦੈਵੀ ਰਚਨਾਕਾਰ- ਭਾਵ ਈਸ਼ਵਰ ਦੀ ਦੇਣ ਹਨ, ਜਿਸ ਨੇ ਸਾਡੇ ਬ੍ਰਹਿਮੰਡ ਨੂੰ ਬੇਹੱਦ ਸਟੀਕਤਾ ਨਾਲ ਤਿਆਰ ਕੀਤਾ।

ਪਰ ਦੂਜੇ ਇਸਨੂੰ ਮਲਟੀਵਰਸ ਦੀ ਹੋਂਦ ਰਾਹੀਂ ਸਮਝਾਉਂਦੇ ਹਨ। ਮੰਨ ਲਓ ਜੇ ਕਿਸੇ ਤਰੀਕੇ ਨਾਲ ਬਾਹਰ ਅਣਗਿਣਤ ਬ੍ਰਹਿਮੰਡ ਮੌਜੂਦ ਹੋਣ ਅਤੇ ਹਰ ਇੱਕ ਵਿੱਚ ਇਨ੍ਹਾਂ ਸਥਿਰਾਂ ਦਾ ਵੱਖਰਾ ਜੋੜ ਹੋਵੇ, ਤਾਂ ਅਸੀਂ ਖੁਦ ਨੂੰ ਉਸੇ ਬ੍ਰਹਿਮੰਡ ਵਿੱਚ ਪਾਉਂਦੇ ਹਾਂ ਜੋ ਬੁੱਧੀਮਾਨ ਜੀਵਨ ਨੂੰ ਸਮਰਥਨ ਦੇਣ ਲਈ ਬਿਲਕੁਲ ਉਚਿਤ ਹੈ।

ਇੰਨੇ 'ਖੁਸ਼ਕਿਸਮਤ' ਹੋਣ ਦੀ ਸੰਭਾਵਨਾ ਕੀ ਹੈ? ਕੁਝ ਲੋਕ ਕਹਿਣਗੇ, ਕਾਫੀ ਜ਼ਿਆਦਾ। ਕਿਉਂਕਿ ਜਿਨ੍ਹਾਂ ਤਮਾਮ 'ਨਿਰਜੀਵ' ਬ੍ਰਹਿਮੰਡਾਂ ਵਿੱਚ ਜੀਵਨ ਸੰਭਵ ਨਹੀਂ ਹੁੰਦਾ, ਉੱਥੇ ਅਸੀਂ ਮੌਜੂਦ ਹੀ ਨਹੀਂ ਹੁੰਦੇ ਤਾਂ ਜੋ ਇਹ ਸਵਾਲ ਪੁੱਛ ਸਕੀਏ। ਇਸਨੂੰ ਹੀ ਐਂਥਰਾਪਿਕ ਪ੍ਰਿੰਸਿਪਲ ਕਹਿੰਦੇ ਹਨ।

ਭੌਤਿਕ ਵਿਗਿਆਨੀਆਂ ਨੇ ਇਹ ਸਮਝਾਉਣ ਲਈ ਕਈ ਤਰ੍ਹਾਂ ਦੇ ਕਾਲਪਨਿਕ ਵਿਚਾਰ ਸੁਝਾਏ ਹਨ ਕਿ ਇਹ ਬ੍ਰਹਿਮੰਡ ਕਿਵੇਂ ਬਣਦੇ ਹੋਣਗੇ, ਜ਼ਿਆਦਾਤਰ ਬੇਹੱਦ ਜਟਿਲ ਗਣਿਤ ਦੇ ਆਧਾਰ 'ਤੇ। ਆਓ, ਬਸ ਉਨ੍ਹਾਂ ਵਿੱਚੋਂ ਦੋ ਨੂੰ ਵੇਖਦੇ ਹਾਂ।

ਕਈ ਦੁਨੀਆ ਦਾ ਵਿਚਾਰ

ਪਹਿਲਾ ਵਿਚਾਰ ਕਵਾਂਟਮ ਮਕੈਨਿਕਸ ਤੋਂ ਆਉਂਦਾ ਹੈ- ਭਾਵ ਇਲੈਕਟ੍ਰਾਨਾਂ ਵਰਗੇ ਬੇਹੱਦ ਛੋਟੇ ਕਣਾਂ ਦੀ ਅਜੀਬ ਦੁਨੀਆ ਤੋਂ।

ਜਦੋਂ ਅਸੀਂ ਇਸ ਸੂਖ਼ਮ ਦੁਨੀਆ ਵਿੱਚ ਜ਼ੂਮ ਕਰਦੇ ਹਾਂ, ਤਾਂ ਕਵਾਂਟਮ ਭੌਤਿਕ ਵਿਗਿਆਨੀ ਦੱਸਦੇ ਹਨ ਕਿ ਕਿਸੇ ਕਣ ਦੇ ਗੁਣ ਪਹਿਲਾਂ ਤੋਂ ਤੈਅ ਨਹੀਂ ਹੁੰਦੇ। ਇੱਕ ਇਲੈਕਟ੍ਰਾਨ ਨਾ ਇੱਥੇ ਹੁੰਦਾ ਹੈ ਅਤੇ ਨਾ ਉੱਥੇ। ਇਸਦੀ ਬਜਾਏ, ਉਸਦੇ ਕਿਸੇ ਵੀ ਥਾਂ ਹੋਣ ਦੀਆਂ ਕੁਝ ਸੰਭਾਵਨਾਵਾਂ ਤੈਅ ਹੁੰਦੀਆਂ ਹਨ, ਇੱਥੇ, ਉੱਥੇ, ਜਾਂ ਕਿਸੇ ਹੋਰ ਸੰਭਾਵਿਤ ਥਾਂ 'ਤੇ।

ਕਲਾਸੀਕਲ ਥਿਊਰੀ ਮੁਤਾਬਕ, ਜਦੋਂ ਕੋਈ ਉਸ ਕਣ ਨੂੰ ਦੇਖਣਾ ਸ਼ੁਰੂ ਕਰਦਾ ਹੈ, ਤਾਂ ਇਹ ਸਾਰੀਆਂ ਸੰਭਾਵਨਾਵਾਂ ਸਿਮਟ ਕੇ ਇੱਕ ਅਸਲੀਅਤ ਬਣ ਜਾਂਦੀਆਂ ਹਨ ਅਤੇ ਇਲੈਕਟ੍ਰਾਨ ਇੱਕ ਤੈਅ ਸਥਿਤੀ ਅਪਣਾ ਲੈਂਦਾ ਹੈ।

ਅਤੇ ਇਹ ਸਭ ਉਸੇ ਬ੍ਰਹਿਮੰਡ ਵਿੱਚ ਹੁੰਦਾ ਹੈ ਜਿਸਨੂੰ ਅਸੀਂ ਜਾਣਦੇ ਹਾਂ।

ਇਹ ਸਮਝਣਾ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ, ਪਰ ਅੱਜ ਵਿਗਿਆਨ ਵਿੱਚ ਕਵਾਂਟਮ ਮਕੈਨਿਕਸ ਨੂੰ ਵਿਆਪਕ ਤੌਰ 'ਤੇ ਸਵੀਕਾਰ ਕੀਤਾ ਜਾਂਦਾ ਹੈ।

ਆਸਕਰ ਜਿੱਤਣ ਵਾਲੀ ਐਵਰੀਥਿੰਗ ਐਵਰੀਵੇਅਰ ਆਲ ਐਟ ਵੰਨਸ

ਤਸਵੀਰ ਸਰੋਤ, Antonio Masiello/Getty Images

ਤਸਵੀਰ ਕੈਪਸ਼ਨ, ਆਸਕਰ ਜਿੱਤਣ ਵਾਲੀ ਐਵਰੀਥਿੰਗ ਐਵਰੀਵੇਅਰ ਆਲ ਐਟ ਵੰਨਸ- ਕਈ ਮਲਟੀਵਰਸ ਆਧਾਰਿਤ ਸਾਇੰਸ-ਫਿਕਸ਼ਨ ਫਿਲਮਾਂ ਵਿੱਚੋਂ ਇੱਕ ਹੈ

1957 ਵਿੱਚ, ਹਿਊ ਐਵਰਿਟ ਤੀਜਾ ਨਾਮ ਦੇ ਇੱਕ ਗ੍ਰੈਜੂਏਟ ਵਿਦਿਆਰਥੀ ਨੇ ਇੱਕ ਵੱਖਰਾ ਵਿਚਾਰ ਪੇਸ਼ ਕੀਤਾ, ਜਿਸਨੂੰ ਬਾਅਦ ਵਿੱਚ 'ਮੈਨੀ-ਵਰਲਡਜ਼ ਇੰਟਰਪ੍ਰਿਟੇਸ਼ਨ' ਕਿਹਾ ਗਿਆ। ਇਸਦੇ ਅਨੁਸਾਰ ਇੱਕ ਕਵਾਂਟਮ ਕਣ ਇੱਕ ਤੈਅ ਅਸਲੀਅਤ ਹੀ ਨਹੀਂ ਅਪਨਾਉਂਦਾ।

ਇਸਦੀ ਬਜਾਏ, ਉਹ ਇੱਕੋ ਸਮੇਂ ਸਾਰੀਆਂ ਸੰਭਾਵਿਤ ਅਸਲੀਅਤਾਂ ਵਿੱਚ ਸ਼ਾਖਾਵਾਂ ਵਿੱਚ ਵੰਡ ਜਾਂਦਾ ਹੈ ਅਤੇ ਹਰ ਅਸਲੀਅਤ ਆਪਣੇ-ਆਪਣੇ ਵੱਖਰੇ ਬ੍ਰਹਿਮੰਡ ਵਿੱਚ ਮੌਜੂਦ ਹੁੰਦੀ ਹੈ।

ਹੈਲਪਰਨ ਦੱਸਦੇ ਹਨ ਕਿ ਜਦੋਂ ਕੋਈ ਵਿਅਕਤੀ ਇਸ ਕਵਾਂਟਮ ਕਣ ਨੂੰ ਦੇਖਦਾ ਹੈ, ਉਸ ਵਿਅਕਤੀ ਦਾ ਚੇਤਨ ਅਸਤਿਤਵ ਵੀ ਵੰਡ ਜਾਂਦਾ ਹੈ, ਇੱਕ ਸੰਸਕਰਨ ਇੱਕ ਅਸਲੀਅਤ ਵੇਖਦਾ ਹੈ ਅਤੇ ਉਸਦੇ ਬਾਕੀ ਸੰਸਕਰਨ ਬਾਕੀਆਂ ਅਸਲੀਅਤਾਂ ਨੂੰ ਵੇਖਦੇ ਹਨ।

ਉਹ ਜ਼ੋਰ ਦਿੰਦੇ ਹਨ ਕਿ ਇਹ ਸਮਾਨਾਂਤਰ ਰੂਪ ਕਿਸੇ ਫਿਲਮ ਵਿੱਚ ਦਿਖਾਈ ਜਾਣ ਵਾਲੀਆਂ ਰੋਮਾਂਚਕ ਸਮਾਨਾਂਤਰ ਜ਼ਿੰਦਗੀਆਂ ਵਾਲੇ ਨਹੀਂ ਹੁੰਦੇ।

ਹੈਲਪਰਨ ਕਹਿੰਦੇ ਹਨ, "ਕਲਪਨਾ ਕਰੋ ਕਿ ਤੁਸੀਂ ਇੱਕ ਫਿਲਮ ਵੇਖਣ ਜਾਂਦੇ ਹੋ ਅਤੇ ਫਿਲਮ ਕਿਸੇ ਅਜਿਹੇ ਵਿਅਕਤੀ 'ਤੇ ਬਣੀ ਹੈ ਜੋ ਇਲੈਕਟ੍ਰਾਨ ਨੂੰ ਜੀਰੋ ਨੈਨੋਮੀਟਰ ਮਾਰਕ 'ਤੇ ਵੇਖਣ ਦੀ ਬਜਾਏ ਇੱਕ ਨੈਨੋਮੀਟਰ ਮਾਰਕ 'ਤੇ ਵੇਖਦਾ ਹੈ। ਅਜਿਹੇ ਸੂਖ਼ਮ ਅੰਤਰ "ਹਾਲੀਵੁੱਡ ਵਰਗੀ ਕਹਾਣੀ ਲਈ ਨਹੀਂ ਹੁੰਦੇ।"

ਅੰਗਰੇਜ਼ੀ ਮੱਧਕਾਲੀ ਫ੍ਰਾਂਸਿਸਕਨ ਫਰੀਅਰ ਵਿਲੀਅਮ ਆਫ਼ ਓਕਹੈਮ

ਤਸਵੀਰ ਸਰੋਤ, Universal History Archive/Getty Images

ਤਸਵੀਰ ਕੈਪਸ਼ਨ, ਅੰਗਰੇਜ਼ੀ ਮੱਧਕਾਲੀ ਫ੍ਰਾਂਸਿਸਕਨ ਫਰੀਅਰ ਵਿਲੀਅਮ ਆਫ਼ ਓਕਹੈਮ ਨੂੰ ਅਕਸਰ ਓਕਮਜ਼ ਰੇਜ਼ਰ ਦੇ ਸਿਧਾਂਤ ਦਾ ਸਿਹਰਾ ਦਿੱਤਾ ਜਾਂਦਾ ਹੈ, ਦੋ ਬਰਾਬਰ-ਸੰਭਾਵਿਤ ਵਿਆਖਿਆਵਾਂ ਵਿੱਚੋਂ ਸਭ ਤੋਂ ਸਰਲ ਨੂੰ ਚੁਣਨਾ ਅਤੇ ਬੇਲੋੜੀਆਂ ਧਾਰਨਾਵਾਂ ਨੂੰ "ਹਟਾਉਣਾ"

ਇਸ ਮਲਟੀਵਰਸ ਵਿਚਾਰ ਦੇ ਸਮਰਥਕ ਵੀ ਹਨ।

ਪਰ ਕਈ ਇਸ ਨੂੰ ਨਾਪਸੰਦ ਕਰਦੇ ਹਨ, ਜੋ ਕਹਿੰਦੇ ਹਨ ਕਿ ਇਸ ਨੂੰ ਪਰਖਿਆ ਹੀ ਨਹੀਂ ਜਾ ਸਕਦਾ, ਅਸੀਂ ਆਪਣੇ ਆਪ ਨੂੰ ਕਿਸੇ ਦੂਜੇ ਬ੍ਰਹਿਮੰਡ ਵਿੱਚ ਟੈਲੀਪੋਰਟ ਕਰਕੇ ਜਾਂਚ ਤਾਂ ਨਹੀਂ ਸਕਦੇ, ਹੈ ਨਾ?

ਅਤੇ ਦਾਰਸ਼ਿਨਕ ਕਾਰਲ ਪੋਪਰ ਦੇ ਮੁਤਾਬਕ, ਜੇ ਕਿਸੇ ਸਿਧਾਂਤ ਨੂੰ ਗ਼ਲਤ ਸਾਬਤ ਨਹੀਂ ਕੀਤਾ ਜਾ ਸਕਦਾ, ਤਾਂ ਉਹ ਅਸਲੀ ਵਿਗਿਆਨ ਨਹੀਂ ਹੈ।

ਇਹ ਤਰਕ ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਸਿਡਨੀ ਵਿੱਚ ਐਸਟਰੋਫਿਜ਼ਿਸਿਸਟ ਪ੍ਰੋਫੈਸਰ ਗੈਰੈਂਟ ਲੂਇਸ ਨੂੰ ਪਰੇਸ਼ਾਨ ਨਹੀਂ ਕਰਦਾ। ਉਹ ਕਹਿੰਦੇ ਹਨ, ਸ਼ਾਇਦ ਕਿਸੇ ਦਿਨ ਅਸੀਂ ਸਚਮੁੱਚ ਕਿਸੇ ਹੋਰ ਬ੍ਰਹਿਮੰਡ ਤੱਕ ਪਹੁੰਚ ਵੀ ਸਕੀਏ।

ਲੂਇਸ ਦਲੀਲ ਦਿੰਦੇ ਹਨ, "ਕਿਸੇ ਚੀਜ਼ ਨੂੰ ਅਸੰਭਵ ਕਹਿਣ ਦਾ ਮਤਲਬ ਹੈ ਕਿ ਤੁਹਾਡੇ ਕੋਲ ਪੂਰੀ ਤਸਵੀਰ ਹੋਣੀ ਚਾਹੀਦੀ ਹੈ ਅਤੇ ਸਾਡੇ ਕੋਲ ਅਜੇ ਉਹ ਨਹੀਂ ਹੈ।"

ਉਹ ਇੱਕ ਵੱਖਰੀ ਕਿਸਮ ਦੇ ਇਤਰਾਜ਼ ਦਾ ਜ਼ਿਕਰ ਕਰਦੇ ਹਨ, ਜਿਸਨੂੰ ਆਕਹਮ ਦਾ ਰੇਜ਼ਰ ਕਿਹਾ ਜਾਂਦਾ ਹੈ।

ਉਹ ਕਹਿੰਦੇ ਹਨ, "ਤੁਸੀਂ ਚਾਹੁੰਦੇ ਹੋ ਕਿ ਸਭ ਤੋਂ ਸਰਲ ਸਮੀਕਰਨ ਸਭ ਤੋਂ ਵੱਧ ਚੀਜ਼ਾਂ ਸਮਝਾ ਦੇਣ। ਆਪਣੀ ਸਮੱਸਿਆ ਹੱਲ ਕਰਨ ਲਈ ਅਨੰਤ ਬ੍ਰਹਿਮੰਡਾਂ ਨੂੰ ਬੁਲਾ ਲੈਣਾ ਸੁਣਨ ਵਿੱਚ ਅਜਿਹਾ ਨਹੀਂ ਲੱਗਦਾ ਕਿ ਤੁਸੀਂ ਸਮੱਸਿਆ ਨੂੰ ਸਰਲ ਬਣਾ ਰਹੇ ਹੋ।"

ਅਨੰਤ ਵਿਸਥਾਰ ਸਿਧਾਂਤ

ਇੱਕ ਹੋਰ ਮਲਟੀਵਰਸ ਦਾ ਵਿਚਾਰ ਸਾਡੇ ਬ੍ਰਹਿਮੰਡ ਦੇ ਸ਼ੁਰੂਆਤੀ ਪਲਾਂ 'ਤੇ ਕੇਂਦ੍ਰਿਤ ਹੈ।

ਮੌਜੂਦਾ ਪ੍ਰਮੁੱਖ ਸਿਧਾਂਤਾਂ ਦੇ ਮੁਤਾਬਕ, ਬ੍ਰਹਿਮੰਡ ਨੇ ਇੱਕ ਸੈਕਿੰਡ ਦੇ ਬੇਹੱਦ ਛੋਟੇ ਹਿੱਸੇ ਵਿੱਚ ਬੇਹੱਦ ਤੇਜ਼ੀ ਨਾਲ ਵਿਸਥਾਰ ਕੀਤਾ।

ਹੈਲਪਰਨ ਦੱਸਦੇ ਹਨ, "ਇੱਕ ਖ਼ਾਸ ਕਿਸਮ ਦੀ ਊਰਜਾ ਸੀ ਜਿਸਨੇ ਇਸ ਬੇਹੱਦ ਤੇਜ਼ੀ ਨਾਲ ਵਿਸਥਾਰ ਨੂੰ ਜਨਮ ਦਿੱਤਾ।"

ਜਿਵੇਂ ਹੀ ਇਹ ਰੁਕਿਆ, ਉਹ ਊਰਜਾ ਪਦਾਰਥ ਅਤੇ ਪ੍ਰਕਾਸ਼ ਵਿੱਚ ਬਦਲ ਗਈ, ਜਿਸਨੂੰ ਅਸੀਂ ਆਮ ਤੌਰ 'ਤੇ ਬਿਗ ਬੈਂਗ ਦੇ ਰੂਪ ਵਿੱਚ ਜਾਣਦੇ ਹਾਂ ਅਤੇ ਇਸੇ ਨੇ ਉਹ ਬ੍ਰਹਿਮੰਡ ਬਣਾਇਆ ਜਿਸਨੂੰ ਅਸੀਂ ਅੱਜ ਹਰ ਪਾਸੇ ਵੇਖਦੇ ਹਾਂ।

ਬ੍ਰਹਿਮੰਡ

ਤਸਵੀਰ ਸਰੋਤ, Nasa/Esa/CSA/STScI/Michael Ressler (Nasa-JPL)

ਤਸਵੀਰ ਕੈਪਸ਼ਨ, ਮੌਜੂਦਾ ਸਿਧਾਂਤ ਸੁਝਾਅ ਦਿੰਦੇ ਹਨ ਕਿ ਬ੍ਰਹਿਮੰਡ ਪਦਾਰਥ ਦੇ ਪ੍ਰਗਟ ਹੋਣ ਤੋਂ ਪਹਿਲਾਂ ਇੱਕ ਛੋਟੇ ਜਿਹੇ ਪਲ ਲਈ ਫੈਲਿਆ ਸੀ, ਜਿਸ ਨਾਲ ਸਾਡੇ ਆਪਣੇ ਆਕਾਸ਼ਗੰਗਾ ਵਰਗੇ ਤਾਰਿਆਂ ਅਤੇ ਗਲੈਕਸੀਆਂ ਦਾ ਗਠਨ ਹੋਇਆ

ਇਹ ਪੂਰੀ ਤਰ੍ਹਾਂ ਸਾਫ ਨਹੀਂ ਹੈ ਕਿ ਸਾਡੇ ਇਸ ਹਿੱਸੇ ਵਿੱਚ ਇਹ ਕਾਸਮਿਕ ਇਨਫਲੇਸ਼ਨ ਸ਼ੁਰੂ ਕਿਉਂ ਹੋਇਆ ਅਤੇ ਰੁਕਿਆ ਕਿਉਂ। ਅਤੇ 1980 ਦੇ ਦਹਾਕੇ ਵਿੱਚ ਕੁਝ ਭੌਤਿਕ ਵਿਗਿਆਨੀਆਂ ਨੇ ਸੁਝਾਅ ਦਿੱਤਾ ਕਿ ਇਹ ਵਿਸਥਾਰ ਹਰ ਜਗ੍ਹਾ ਇਕੱਠੇ ਖ਼ਤਮ ਨਹੀਂ ਹੋਇਆ ਸੀ। ਸ਼ਾਇਦ ਇਹ ਸਾਡੇ ਹਿੱਸੇ ਤੋਂ ਅੱਗੇ ਅਜੇ ਵੀ ਜਾਰੀ ਹੈ।

ਇਸ 'ਅਨੰਤ ਵਿਸਥਾਰ ਸਿਧਾਂਤ' ਦੇ ਇੱਕ ਸੰਸਕਰਨ ਦੇ ਅਨੁਸਾਰ, ਜਿੱਥੇ-ਜਿੱਥੇ ਇਹ ਵਿਸਥਾਰ ਰੁਕਦਾ ਹੈ, ਉੱਥੇ ਦਾ ਉਹ ਹਿੱਸਾ ਸੰਗੜ ਕੇ ਆਪਣਾ ਵੱਖਰਾ ਬ੍ਰਹਿਮੰਡ ਬਣਾ ਲੈਂਦਾ ਹੈ ਅਤੇ ਹਰ ਬ੍ਰਹਿਮੰਡ ਵੱਖਰਾ ਹੋਵੇਗਾ, ਕਿਸੇ ਵਿੱਚ ਗੁਰੁਤਾਕਰਸ਼ਨ ਬੇਹੱਦ ਸ਼ਕਤੀਸ਼ਾਲੀ ਹੋਵੇਗਾ, ਤਾਂ ਕਿਸੇ ਵਿੱਚ ਬਹੁਤ ਹਲਕਾ।

ਲੂਇਸ ਕਹਿੰਦੇ ਹਨ, "ਇਨ੍ਹਾਂ ਵਿੱਚੋਂ ਜ਼ਿਆਦਾਤਰ ਬ੍ਰਹਿਮੰਡ ਪੂਰੀ ਤਰ੍ਹਾਂ ਬੰਜ਼ਰ ਅਤੇ ਨਿਰਜੀਵ ਹੋਣਗੇ। ਪਰ ਕਦੇ-ਕਦੇ ਕੁਝ ਬ੍ਰਹਿਮੰਡ ਰਹਿਣ ਯੋਗ ਵੀ ਬਣ ਜਾਂਦੇ ਹਨ।"

ਪਰ ਠੀਕ ਕਵਾਂਟਮ ਮਲਟੀਵਰਸ ਵਾਂਗ, ਇਨ੍ਹਾਂ ਦੂਜੇ ਬ੍ਰਹਿਮੰਡਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਬੇਹੱਦ ਮੁਸ਼ਕਲ ਲੱਗਦੀ ਹੈ, ਕਿਉਂਕਿ ਸਾਡੇ ਅਤੇ ਉਨ੍ਹਾਂ ਦੇ ਵਿਚਕਾਰ ਦੀ ਜਗ੍ਹਾ ਲਗਾਤਾਰ ਫੈਲਦੀ ਹੀ ਜਾ ਰਹੀ ਹੈ।

ਸੁਰਾਗ਼ਾਂ ਦੀ ਤਲਾਸ਼

ਫਿਰ ਵੀ, ਮਲਟੀਵਰਸ ਦੇ ਸਮਰਥਕ ਕਹਿੰਦੇ ਹਨ ਕਿ ਜੇ ਦੋ ਬ੍ਰਹਿਮੰਡ ਲਗਭਗ ਇੱਕੋ ਸਮੇਂ, ਇੱਕ-ਦੂਜੇ ਦੇ ਕਾਫੀ ਨੇੜੇ ਬਣੇ ਹੋਣ ਤਾਂ ਸੰਭਵ ਹੈ ਕਿ ਉਹ ਵੱਖ ਹੋਣ ਤੋਂ ਪਹਿਲਾਂ ਥੋੜ੍ਹੀ ਦੇਰ ਲਈ ਟਕਰਾ ਗਏ ਹੋਣ।

ਬ੍ਰਹਿਮੰਡ ਵਿਗਿਆਨੀ (ਕਾਸਮੋਲੋਜਿਸਟ) ਅਜਿਹੇ ਟਕਰਾਵਾਂ ਦੇ ਨਿਸ਼ਾਨ ਕਾਸਮਿਕ ਮਾਈਕਰੋਵੇਵ ਬੈਕਗਰਾਊਂਡ (ਸੀਐੱਮਬੀ) ਵਿੱਚ ਲੱਭ ਰਹੇ ਹਨ। ਇਹ ਸਾਡੇ ਸ਼ੁਰੂਆਤੀ ਬ੍ਰਹਿਮੰਡ ਦੀ ਪਹਿਲੀ ਰੌਸ਼ਨੀ ਦੇ ਅਵਸ਼ੇਸ਼ ਹਨ।

ਇਹ ਹੁਣ ਠੰਢੇ ਹੋ ਕੇ ਮਾਈਕਰੋਵੇਵ ਰੇਡੀਏਸ਼ਨ ਵਿੱਚ ਬਦਲ ਚੁੱਕੇ ਹਨ ਅਤੇ ਜਿਨ੍ਹਾਂ ਨੂੰ ਅਸੀਂ ਦੂਰਬੀਨਾਂ ਦੀ ਮਦਦ ਨਾਲ ਪੂਰੇ ਬ੍ਰਹਿਮੰਡ ਵਿੱਚ ਵੇਖ ਸਕਦੇ ਹਾਂ।

ਹੈਲਪਰਨ ਦੇ ਮੁਤਾਬਕ, ਅਜਿਹੇ ਨਿਸ਼ਾਨ 'ਇੱਕ ਕਿਸਮ ਦੇ ਬੁਲਜ਼ਆਈ ਜਾਂ ਟਾਰਗਟ ਦੇ ਆਕਾਰ' ਵਰਗੇ ਦਿਖਣਗੇ।

ਯੂਰਪੀਅਨ ਸਪੇਸ ਏਜੰਸੀ

ਤਸਵੀਰ ਸਰੋਤ, Esa/Planck Collaboration

ਤਸਵੀਰ ਕੈਪਸ਼ਨ, ਯੂਰਪੀਅਨ ਸਪੇਸ ਏਜੰਸੀ ਦੇ ਪਲੈਂਕ ਟੈਲੀਸਕੋਪ ਨੇ ਸੀਐੱਮਬੀ ਦਾ ਨਕਸ਼ਾ ਬਣਾਇਆ ਹੈ, ਜਿੱਥੇ ਛੋਟੇ ਤਾਪਮਾਨ ਦੇ ਉਤਰਾਅ-ਚੜ੍ਹਾਅ ਸ਼ੁਰੂਆਤੀ ਬ੍ਰਹਿਮੰਡ ਵਿੱਚ ਪਦਾਰਥ ਦੀਆਂ ਵੱਖ-ਵੱਖ ਘਣਤਾਵਾਂ ਨੂੰ ਦਰਸਾਉਂਦੇ ਹਨ

ਕੁਝ ਕਾਸਮੋਲੋਜਿਸਟਾਂ ਨੇ ਸੀਐੱਮਬੀ ਵਿੱਚ ਮੌਜੂਦ ਅਜੀਬ-ਜਿਹੀਆਂ ਵਿਸ਼ੇਸ਼ਤਾਵਾਂ 'ਤੇ ਵੀ ਧਿਆਨ ਦਿੱਤਾ, ਜਿਵੇਂ ਕਥਿਤ ਕੋਲਡ ਸਪਾਟ, ਜੋ ਆਪਣੇ ਆਲੇ-ਦੁਆਲੇ ਦੇ ਮੁਕਾਬਲੇ ਅਸਾਧਾਰਣ ਰੂਪ ਨਾਲ ਠੰਢਾ ਦਿਖਾਈ ਦਿੰਦਾ ਹੈ। ਕੁਝ ਦਾ ਤਰਕ ਹੈ ਕਿ ਇਹ ਸਾਡੇ ਬ੍ਰਹਿਮੰਡ 'ਤੇ ਕਿਸੇ ਦੂਜੇ ਬ੍ਰਹਿਮੰਡ ਦੇ ਗੁਰੁਤਾਕਰਸ਼ਣ ਖਿਚਾਅ ਦੀ ਵਜ੍ਹਾ ਨਾਲ ਹੋ ਸਕਦਾ ਹੈ।

ਹੈਲਪਰਨ ਕਹਿੰਦੇ ਹਨ, "ਜਿੱਥੋਂ ਤੱਕ ਮੈਂ ਜਾਣਦਾ ਹਾਂ, ਜਦੋਂ ਵੀ ਕਿਸੇ ਨੇ ਅਜਿਹਾ ਦਾਅਵਾ ਕੀਤਾ ਹੈ, ਦੂਜੀਆਂ ਟੀਮਾਂ ਨੇ ਸਾਂਖਿਆਕੀ ਵਿਸ਼ਲੇਸ਼ਣ ਕਰਕੇ ਕਿਹਾ ਹੈ, 'ਨਹੀਂ, ਇਹ ਦਾਅਵਾ ਟਿਕਦਾ ਨਹੀਂ ਹੈ'।"

'ਸਿਰਫ਼ ਕੁਝ ਵਿਚਾਰ'

ਜੇ ਸਾਨੂੰ ਸੀਐੱਮਬੀ ਵਿੱਚ ਅਜਿਹੇ ਨਿਸ਼ਚਿਤ ਨਿਸ਼ਾਨ ਮਿਲ ਵੀ ਜਾਣ, ਤਾਂ ਕੀ ਉਹ ਦੂਜੇ ਬ੍ਰਹਿਮੰਡਾਂ 'ਤੇ ਵਿਸ਼ਵਾਸ ਕਰਨ ਲਈ ਕਾਫੀ ਹੋਵੇਗਾ ਜਦਕਿ ਸਾਡਾ ਕਦੇ ਸਿੱਧਾ ਉਨ੍ਹਾਂ ਨਾਲ ਸਾਹਮਣਾ ਨਾ ਹੋ ਸਕੇ?

ਹੈਲਪਰਨ ਕਹਿੰਦੇ ਹਨ, "ਵਿਗਿਆਨ ਵਿੱਚ ਕਈ ਅਜਿਹੀਆਂ ਚੀਜ਼ਾਂ ਹਨ ਜਿੱਥੇ ਅਸੀਂ ਅਸਿੱਧੇ ਸਬੂਤਾਂ 'ਤੇ ਭਰੋਸਾ ਕਰਦੇ ਹਾਂ।"

ਉਦਾਹਰਨ ਵਜੋਂ, ਅਸੀਂ ਮੰਨਦੇ ਹਾਂ ਕਿ ਧਰਤੀ ਦਾ ਕੇਂਦਰ ਲੋਹੇ ਅਤੇ ਨਿਕਲ ਨਾਲ ਬਣਿਆ ਹੈ, ਜਦਕਿ ਅਸੀਂ ਕਦੇ ਉੱਥੇ ਤੱਕ ਗਏ ਨਹੀਂ।

ਅਸਲ ਵਿੱਚ ਉਨ੍ਹਾਂ ਨੂੰ ਦੂਜੇ ਬ੍ਰਹਿਮੰਡਾਂ ਦਾ ਵਿਚਾਰ ਪਸੰਦ ਹੈ।

ਉਹ ਕਹਿੰਦੇ ਹਨ, "ਮੌਜੂਦਾ ਸਮੇਂ ਵਿੱਚ ਜਦੋਂ ਤੱਕ ਕੋਈ ਹੋਰ ਬਿਹਤਰ ਮਾਡਲ ਨਹੀਂ ਮਿਲ ਜਾਂਦਾ, ਮੈਂ ਖ਼ੁਦ ਨੂੰ ਅਨੰਤ ਵਿਸਥਾਰ ਸਿਧਾਂਤ ਦਾ ਸਮਰਥਕ ਮੰਨਾਂਗਾ।"

ਲੂਇਸ ਵੀ ਕਿਸੇ ਨਾ ਕਿਸੇ ਰੂਪ ਵਿੱਚ ਮਲਟੀਵਰਸ ਦੀ ਹੋਂਦ ਨੂੰ ਮੰਨਣ ਲਈ ਤਿਆਰ ਹਨ। ਪਰ ਉਹ ਕਹਿੰਦੇ ਹਨ ਕਿ ਇੰਨੇ ਵੱਖ-ਵੱਖ ਵਿਚਾਰ ਮੌਜੂਦ ਹੋਣ ਦੇ ਬਾਵਜੂਦ, ਅਸੀਂ ਅਜੇ ਇਸਨੂੰ ਸਹੀ ਮਾਇਨਿਆਂ ਵਿੱਚ ਪਰਿਭਾਸ਼ਿਤ ਕਰਨ ਤੋਂ ਬਹੁਤ ਦੂਰ ਹਾਂ।

2025 ਦੇ ਇੱਕ ਪੇਪਰ ਵਿੱਚ ਉਹ ਲਿਖਦੇ ਹਨ ਕਿ ਮਲਟੀਵਰਸ ਫਿਲਹਾਲ "ਮੁਸ਼ਕਲ ਨਾਲ ਇੱਕ ਪਰਿਕਲਪਨਾ ਹੈ, ਬਸ ਵੱਖ-ਵੱਖ ਵਿਚਾਰ ਅਤੇ ਅਟਕਲਾਂ।"

ਉਹ ਬੀਬੀਸੀ ਨੂੰ ਦੱਸਦੇ ਹਨ, "ਜੇ ਸਾਨੂੰ ਕਿਸੇ ਪਬ ਵਿੱਚ ਬੈਠ ਕੇ ਮਲਟੀਵਰਸ 'ਤੇ ਬਹਿਸ ਕਰਨੀ ਹੈ, ਤਾਂ ਪਹਿਲਾ ਕਦਮ ਇਹ ਹੋਣਾ ਚਾਹੀਦਾ ਹੈ ਕਿ ਪਹਿਲਾਂ ਇਹ ਤੈਅ ਕਰ ਲਈਏ ਕਿ ਆਖਿਰ ਅਸੀਂ ਬਹਿਸ ਕਿਸ ਚੀਜ਼ ਦੇ ਬਾਰੇ ਵਿੱਚ ਕਰ ਰਹੇ ਹਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)