ਬੱਚਿਆਂ ਦੀ ਨੀਂਦ ਨਾਲ ਜੁੜੀਆਂ ਪੰਜ ਗਲਤ ਧਾਰਨਾਵਾਂ ਜਾਣੋ, ਜਿਸ ਕਰਕੇ ਮਾਪੇ ਬੇਵਜ੍ਹਾ ਪਰੇਸ਼ਾਨ ਹੁੰਦੇ ਹਨ

ਬੱਚਿਆਂ ਦੇ ਸੌਂਣ ਅਤੇ ਜਾਗਣ ਦਾ ਪੈਟਰਨ ਮਾਪਿਆਂ ਲਈ ਚਿੰਤਾ ਦਾ ਵਿਸ਼ਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੱਚਿਆਂ ਦੇ ਸੌਂਣ ਅਤੇ ਜਾਗਣ ਦਾ ਪੈਟਰਨ ਅਕਸਰ ਮਾਪਿਆਂ ਲਈ ਚਿੰਤਾ ਦਾ ਵਿਸ਼ਾ ਰਹਿੰਦਾ ਹੈ
    • ਲੇਖਕ, ਅਮਾਂਡਾ ਰੁੱਗੇਰੀ
  • ਪੜ੍ਹਨ ਦਾ ਸਮਾਂ: 9 ਮਿੰਟ

ਬੱਚੇ 12 ਘੰਟਿਆਂ ਦੀ ਨੀਂਦ ਲੈਂਦੇ ਹਨ ਜਾਂ ਦਿਨ ਸਮੇਂ ਨੀਂਦ ਦੀਆਂ ਝਪਕੀਆਂ ਲੈਣ ਨਾਲ ਰਾਤ ਨੂੰ ਬਿਹਤਰ ਨੀਂਦ ਆਉਂਦੀ ਹੈ, ਇਨ੍ਹਾਂ ਤਮਾਮ ਨੁਕਤਿਆਂ ਵਿਚਾਲੇ ਅਸੀਂ ਬੱਚਿਆਂ ਦੀ ਨੀਂਦ ਨੂੰ ਲੈ ਕੇ ਪੰਜ ਅਜਿਹੀਆਂ ਵੱਡੀਆਂ ਗਲਤ ਧਾਰਨਾਵਾਂ ਦਾ ਖੁਲਾਸਾ ਕਰਨ ਜਾ ਰਹੇ ਹਾਂ ਜੋ ਅਕਸਰ ਮਾਪਿਆਂ ਲਈ ਪਰੇਸ਼ਾਨੀ ਦਾ ਕਾਰਨ ਬਣਦੀਆਂ ਹਨ।

ਬੱਚਿਆਂ ਦੇ ਵਿਕਾਸ ਨਾਲ ਜੁੜੇ ਕਈ ਮਾਮਲਿਆਂ ਵਿੱਚ ਗਲਤ ਧਾਰਨਾਵਾਂ ਆਮ ਹਨ>

ਜਿਵੇਂ ਬੱਚਿਆਂ ਦੀ ਨੀਂਦ- ਅਜਿਹਾ ਖੇਤਰ ਹੈ ਜਿੱਥੇ ਅਜਿਹੀਆਂ ਕੰਪਨੀਆਂ ਜਾਂ ਕਿਤਾਬਾਂ ਦਾ ਦਬਦਬਾ ਹੈ ਜੋ ਨੀਂਦ ਨਾਲ ਜੁੜੇ ਪ੍ਰੋਗਰਾਮ/ਉਤਪਾਦ ਵੇਚਣ, ਕੋਚਿੰਗ ਜਾਂ ਸਲਾਹ ਦੇਣ ਦਾ ਟੀਚਾ ਰੱਖਦੀਆਂ ਹਨ।

6 ਮਹੀਨੇ ਦੀ ਉਮਰ ਤੱਕ ਬੱਚਿਆਂ ਨੂੰ ਪੂਰੀ ਰਾਤ ਸੌਂਣਾ ਚਾਹੀਦਾ ਤੋਂ ਲੈਕੇ ਝੁਲਾਉਂਦੇ ਹੋਏ ਸੁਲਾਉਣ ਨਾਲ ਬੱਚੇ ਦੀ ਨੀਂਦ ਪੂਰੀ ਨਹੀਂ ਹੁੰਦੀ ਤੱਕ....ਬੱਚਿਆਂ ਦੀ ਨੀਂਦ ਨਾਲ ਜੁੜੀਆਂ ਅਜਿਹੀਆਂ ਪੰਜ ਆਮ ਗਲਤ ਧਾਰਨਾਵਾਂ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ...ਨਾਲ ਹੀ ਤੁਹਾਨੂੰ ਦੱਸਦੇ ਹਾਂ ਕਿ ਵਿਗਿਆਨੀ ਖੋਜ ਇਨ੍ਹਾਂ ਧਾਰਨਾਵਾਂ ਬਾਰੇ ਅਸਲ 'ਚ ਕੀ ਕਹਿੰਦੀ ਹੈ।

1. 'ਨਹੀਂ, ਜ਼ਿਆਦਾਤਾਰ ਬੱਚੇ ਪੂਰੀ ਰਾਤ ਨਹੀਂ ਸੌਂਦੇ'

ਨਵਜੰਮਾ ਬੱਚਾ ਪੂਰੀ ਤਰ੍ਹਾ ਬਿਨਾਂ ਜਾਗੇ ਸੌਵੇ, ਮਾਪਿਆਂ ਲਈ ਇਸ ਤੋਂ ਵੱਡੀ ਰਾਹਤ ਕੀ ਹੋ ਸਕਦੀ ਹੈ ਹਾਲਾਂਕਿ ਬੱਚਿਆਂ ਨੂੰ ਲੈਕੇ ਹੋਏ ਜ਼ਿਆਦਾਤਰ ਅਧਿਐਨ ਮੁਤਾਬਕ ਅਜਿਹਾ ਹੁੰਦਾ ਨਹੀਂ।

ਨੌਰਵੇਅ ਵਿੱਚ 55,000 ਤੋਂ ਵੱਧ ਬੱਚਿਆਂ ਨੂੰ ਲੈਕੇ ਕੀਤੇ ਅਧਿਐਨ ਮੁਤਾਬਕ ਇਹ ਪਾਇਆ ਗਿਆ ਕਿ ਛੇ ਮਹੀਨਿਆਂ ਦੇ 10 ਚੋਂ 7 ਬੱਚੇ ਘੱਟੋ-ਘੱਟ ਇੱਕ ਵਾਰ ਰਾਤ ਨੂੰ ਜ਼ਰੂਰ ਜਾਗਦੇ ਹਨ ਜਦੋਂਕਿ 18 ਮਹੀਨਿਆਂ ਦੇ ਬੱਚੇ ਇੱਕ ਤੋਂ ਵੱਧ ਵਾਰ ਜਾਗਦੇ ਹਨ।

ਹਾਲਾਂਕਿ ਸਾਲ 2020 ਵਿੱਚ ਫਿਨਲੈਂਡ ਵਿੱਚ 5700 ਬੱਚਿਆਂ 'ਤੇ ਕੀਤੇ ਅਧਿਐਨ ਮੁਤਾਬਕ, ਤਿੰਨ, ਛੇ ਜਾਂ ਅੱਠ ਮਹੀਨਿਆਂ ਦੇ ਬੱਚੇ ਰਾਤ ਨੂੰ ਦੋ ਵਾਰ ਤੋਂ ਵੱਧ ਜਾਗਦੇ ਹਨ, 12 ਮਹੀਨੇ ਦੇ ਬੱਚੇ ਹਰ ਰਾਤ 1.8 ਵਾਰ ਅਤੇ 18 ਤੋਂ 24 ਮਹੀਨੇ ਦੇ ਬੱਚੇ ਰਾਤ ਨੂੰ ਇੱਕ ਵਾਰ ਜਾਗਦੇ ਹਨ।

ਅਧਿਐਨਕਰਤਾਵਾਂ ਨੇ ਲਿਖਿਆ, "ਸਾਡੇ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਸ਼ੁਰੂਆਤੀ ਬਚਪਨ ਵਿੱਚ ਰਾਤ ਨੂੰ ਇੱਕ ਤੋਂ ਤਿੰਨ ਵਾਰ ਜਾਗਣਾ ਆਮ ਗੱਲ ਹੈ। ਆਮ ਤੌਰ 'ਤੇ ਸਾਰੇ ਹੀ ਬੱਚੇ ਰਾਤ ਨੂੰ ਇੱਕ ਤੋਂ ਤਿੰਨ ਵਾਰ ਜਾਗਦੇ ਹਨ ਜਦੋਂਕਿ ਪੂਰੀ ਰਾਤ ਸੌਂਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ। (ਤਿੰਨ ਸਾਲ ਦੀ ਉਮਰ ਵਾਲੇ 16.5 ਫੀਸਦ ਅਤੇ 8 ਸਾਲ ਦੇ 22.3 ਫੀਸਦ)"

ਹਾਲਾਂਕਿ, ਬੱਚੇ ਕਿੰਨੀ ਵਾਰ ਜਾਗਦੇ ਹਨ, ਇਸ ਵਿੱਚ ਕਾਫੀ ਵੱਡੇ ਪੱਧਰ 'ਤੇ ਫਰਕ ਦੇਖਣ ਨੂੰ ਮਿਲਦਾ ਹੈ। ਉਦਾਹਰਣ ਵਜੋਂ, ਫਿਨਲੈਂਡ ਦੇ ਖੋਜਕਰਤਾਵਾਂ ਨੇ ਦੱਸਿਆ ਕਿ ਅਧਿਐਨ ਵਿੱਚ ਘੱਟੋ-ਘੱਟ ਇੱਕ ਅੱਠ ਮਹੀਨਿਆਂ ਦਾ ਬੱਚਾ ਪ੍ਰਤੀ ਰਾਤ 21.5 ਵਾਰ ਜਾਗਦਾ ਹੈ।

ਅਧਿਐਨ ਮੁਤਾਬਕ ਬੱਚੇ ਰਾਤ ਨੂੰ ਕਰੀਬ 12 ਘੰਟੇ ਸੌਂਦੇ ਹਨ ਅਤੇ ਇਸ ਤੋਂ ਘੱਟ ਨੀਂਦ ’ਨਾਕਾਫੀ’ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੱਚਿਆਂ ਦੀ ਨੀਂਦ ਨੂੰ ਲੈਕੇ ਕੀਤੇ ਜ਼ਿਆਦਾਤਰ ਅਧਿਐਨ ਮੁਤਾਬਕ ਬੱਚੇ ਰਾਤ ਨੂੰ ਕਰੀਬ 12 ਘੰਟੇ ਸੌਂਦੇ ਹਨ ਅਤੇ ਇਸ ਤੋਂ ਘੱਟ 'ਨਾਕਾਫੀ' ਹੈ।

ਇਹ ਅਧਿਐਨ ਮਾਪਿਆਂ ਵੱਲੋਂ ਦਿੱਤੀ ਜਾਣਕਾਰੀ 'ਤੇ ਆਧਾਰਿਤ ਹੈ ਜਿਸ ਦਾ ਮਤਲਬ ਇਹ ਹੈ ਕਿ ਹੋ ਸਕਦਾ ਬੱਚੇ ਇਸ ਤੋਂ ਵੀ ਵੱਧ ਵਾਰ ਜਾਗੇ ਹੋਣ ਪਰ ਮਾਪਿਆਂ ਨੂੰ ਪਤਾ ਨਾ ਲੱਗਿਆ ਹੋਵੇ।

ਇਸ ਤਰੀਕੇ ਦਾ ਇਸਤੇਮਾਲ ਕਰ 2001 ਵਿੱਚ ਇੱਕ ਛੋਟਾ ਅਧਿਐਨ ਕੀਤਾ ਗਿਆ ਜਿਸ ਤੋਂ ਪਤਾ ਲੱਗਿਆ ਕਿ ਬੱਚਿਆਂ ਦੇ ਜਾਗਣ (ਜਦੋਂ ਜਾਗ 2 ਮਿੰਟ ਤੋਂ ਵੱਧ ਦੀ ਹੋਵੇ) ਦੀ ਔਸਤ, 3 ਮਹੀਨੇ ਦੇ ਬੱਚਿਆਂ ਵਿੱਚ ਤਿੰਨ, 6 ਮਹੀਨੇ ਦੇ ਬੱਚਿਆਂ ਵਿੱਚ 3.5, 9 ਮਹੀਨੇ ਦੇ ਬੱਚਿਆਂ ਵਿੱਚ 4.7 ਅਤੇ 12 ਮਹੀਨੇ ਦੇ ਬੱਚਿਆਂ ਵਿੱਚ 2.6 ਸੀ।

ਪਰ ਚੰਗੀ ਗੱਲ ਇਹ ਹੈ ਕਿ ਜਿਵੇਂ-ਜਿਵੇਂ ਬੱਚੇ ਇੱਕ ਸਾਲ ਦੇ ਹੁੰਦੇ ਹਨ, ਉਨ੍ਹਾਂ ਦੀ ਰਾਤ ਨੂੰ ਜਾਗਣ ਦੀ ਗਿਣਤੀ ਆਪਣੇ ਆਪ ਘੱਟ ਹੋਣ ਲੱਗਦੀ ਹੈ। ਫਿਨਲੈਂਡ ਦੇ ਅਧਿਐਨ ਮੁਤਾਬਿਕ 8 ਮਹੀਨੇ ਦੇ 10 ਵਿੱਚੋਂ 8 ਬੱਚੇ ਜਿੰਨਾ ਜਾਗਦੇ ਹਨ, ਉਸਦੇ ਮੁਕਾਬਲੇ 2 ਸਾਲ ਦੇ ਬੱਚੇ ਦੀ ਜਾਗਣ ਦੀ ਗਿਣਤੀ ਇੱਕ ਚੌਥਾਈ ਸੀ।

2. ਰਾਤ ਨੂੰ ਜਾਗਣਾ ਹਮੇਸ਼ਾ 'ਨੌਰਮਲ (ਸਧਾਰਨ)' ਨਹੀਂ ਹੁੰਦਾ

ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਬੱਚੇ ਰਾਤ ਨੂੰ ਅਕਸਰ ਉਦੋਂ ਤੱਕ ਜਾਗਦੇ ਹਨ ਜਦੋਂ ਤੱਕ ਉਨ੍ਹਾਂ ਨੂੰ ਇਹ ਨਾ ਸਿਖਾਇਆ ਜਾਵੇ ਕਿ ਰਾਤ ਨੂੰ ਨਹੀਂ ਜਾਗਣਾ।

ਪਰ ਇਹ ਗੱਲ ਇਸ ਤੱਥ ਨੂੰ ਸਿਰੇ ਤੋਂ ਨਜ਼ਰਅੰਦਾਜ਼ ਕਰਦੀ ਹੈ ਕਿ ਜਿਵੇਂ-ਜਿਵੇਂ ਬੱਚੇ ਵੱਡੇ ਹੁੰਦੇ ਹਨ, ਉਹ ਆਪਣੇ ਆਪ ਹੀ ਨੀਂਦ ਨੂੰ ਠੀਕ ਕਰ ਲੈਂਦੇ ਹਨ। ਇਸ ਗੱਲ ਨੂੰ ਵੀ ਅਣਡਿੱਠਾ ਕਰਦੀ ਹੈ ਕਿ ਨੀਂਦ ਨਾ ਆਉਣ ਪਿੱਛੇ ਕੋਈ ਸਿਹਤ ਸਮੱਸਿਆ ਵੀ ਵਜ੍ਹਾ ਹੋ ਸਕਦੀ ਹੈ।

ਉਦਾਹਰਨ ਵਜੋਂ, ਆਇਰਨ ਦੀ ਘਾਟ ਜੋ ਅਮਰੀਕਾ ਵਿੱਚ ਲਗਭਗ 15% ਛੋਟੇ ਬੱਚਿਆਂ ਵਿੱਚ ਪਾਈ ਜਾਂਦੀ ਹੈ — ਦੀ ਵਜ੍ਹਾ ਕਰਕੇ ਰਾਤ ਨੂੰ ਵਾਰ-ਵਾਰ ਜਾਗਣਾ, ਬੇਚੈਨੀ ਅਤੇ ਨੀਂਦ ਆਉਣ ਵਿੱਚ ਮੁਸ਼ਕਿਲ ਹੋ ਸਕਦੀ ਹੈ।

ਇਸ ਤੋਂ ਇਲਾਵਾ ਭੋਜਨ ਸਬੰਧੀ ਐਲਰਜੀ, ਗੈਸਟ੍ਰੋਐਸੋਫੈਜੀਅਲ ਰੀਫਲਕਸ ਰੋਗ (ਜੀਈਆਰਡੀ) ਅਤੇ ਕੰਨ ਦੀ ਇਨਫੈਕਸ਼ਨ ਸਮੇਂ ਵੀ ਸੌਣ 'ਚ ਦਿੱਕਤ ਮਹਿਸੂਸ ਹੁੰਦੀ ਹੈ।

ਇਸ ਤੋਂ ਇਲਾਵਾ ਸੌਣ ਸਬੰਧੀ ਵੀ ਕਈ ਬਿਮਾਰੀਆਂ ਹੁੰਦੀਆਂ ਹਨ ਜਿਵੇਂ 6 ਫੀਸਦ ਬੱਚਿਆਂ ਵਿੱਚ ਓਬਸਟ੍ਰਕਟਿਵ ਸਲੀਪ ਐਪਨੀਆ (ਸਲੀਪ ਡਿਸਆਰਡਰ) ਪਾਇਆ ਜਾਂਦਾ, ਜਿਸ ਕਾਰਨ ਵੀ 2 ਤੋਂ 6 ਸਾਲ ਦੇ ਬੱਚੇ ਰਾਤ ਨੂੰ ਵਾਰ-ਵਾਰ ਜਾਗਦੇ ਹਨ।

3. ਜ਼ਿਆਦਾਤਰ ਬੱਚਿਆਂ ਲਈ ਪ੍ਰਤੀ ਰਾਤ 12 ਘੰਟੇ ਦੀ ਨੀਂਦ ਬਹੁਤ ਜ਼ਿਆਦਾ ਹੁੰਦੀ ਹੈ

ਬੱਚਿਆਂ ਦੀ ਨੀਂਦ ਲਈ "7-7" ਵਾਲਾ ਸ਼ਡਿਊਲ ਪ੍ਰਚਲਿਤ ਹੋਇਆ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੱਛਮੀ ਇਲਾਕਿਆਂ ਵਿੱਚ ਬੱਚਿਆਂ ਦੀ ਨੀਂਦ ਲਈ "7-7" ਵਾਲਾ ਸ਼ਡਿਊਲ ਪ੍ਰਚਲਿਤ ਹੋਇਆ।

ਗੂਗਲ 'ਤੇ "ਬੇਬੀ ਸਲੀਪ ਸ਼ਡਿਊਲ" ਸਰਚ ਕਰਨ 'ਤੇ ਤੁਸੀਂ ਨੋਟਿਸ ਕਰੋਗੇ ਕਿ ਜ਼ਿਆਦਾਤਰ ਤੁਹਾਨੂੰ ਸੁਝਾਅ ਦੇਣਗੇ ਕਿ ਬੱਚਿਆਂ ਨੂੰ ਹਰ ਰਾਤ 12 ਘੰਟਿਆਂ ਦੀ ਨੀਂਦ ਲੈਣੀ ਚਾਹੀਦੀ ਹੈ। ਉਦੋਂ ਤੋਂ ਹੀ ਪੱਛਮੀ ਇਲਾਕਿਆਂ ਵਿੱਚ "7-7 (19:00-07:00)" ਸ਼ਡਿਊਲ ਪ੍ਰਚਲਿਤ ਹੋ ਗਿਆ। ਬੱਚਿਆਂ ਲਈ ਇਸ ਤੋਂ ਘੱਟ ਦੀ ਨੀਂਦ ਨੂੰ ਨਾਕਾਫੀ ਮੰਨਿਆ ਜਾਣ ਲੱਗਾ।

ਹਾਲਾਂਕਿ ਇਹ ਸੱਚ ਹੈ ਕਿ ਕੁਝ ਬੱਚਿਆਂ ਨੂੰ ਪ੍ਰਤੀ ਰਾਤ 12 ਘੰਟਿਆਂ ਦੀ ਨੀਂਦ ਚਾਹੀਦੀ ਹੁੰਦੀ ਹੈ ਪਰ ਕਈਆਂ ਨੂੰ ਨਹੀਂ ਅਤੇ ਅਜਿਹੇ ਬੱਚਿਆਂ ਨੂੰ ਜਲਦੀ ਸੁਲਾਉਣ ਨਾਲ ਉਹ ਰਾਤ ਨੂੰ ਵਾਰ-ਵਾਰ ਜਾਗਦੇ ਹਨ ਜਾਂ ਸਵੇਰੇ ਜਲਦੀ ਉੱਠ ਜਾਂਦੇ ਹਨ।

ਆਸਟ੍ਰੇਲੀਆ ਵਿੱਚ 5,000 ਬੱਚਿਆਂ 'ਤੇ ਕੀਤੇ ਅਧਿਐਨ ਵਿੱਚ ਪਤਾ ਲੱਗਿਆ ਕਿ ਜਨਮ ਤੋਂ ਲੈ ਕੇ ਲਗਭਗ ਪੰਜ ਸਾਲ ਦੀ ਉਮਰ ਤੱਕ ਬੱਚੇ ਔਸਤਨ 11 ਘੰਟੇ ਰਾਤ ਨੂੰ ਸੌਂਦੇ ਹਨ, 12 ਨਹੀਂ। ਚਾਰ ਤੋਂ ਛੇ ਸਾਲ ਦੇ ਬੱਚਿਆਂ 'ਤੇ ਵੀ ਇਹੀ ਅਧਿਐਨ ਲਾਗੂ ਹੋਇਆ।

ਏਸ਼ੀਆਈ ਮੁਲਕਾਂ ਸਣੇ ਦੁਨੀਆ ਦੇ ਕਈ ਹਿੱਸਿਆਂ ਵਿੱਚ ਬੱਚੇ ਇਸਤੋਂ ਵੀ ਘੱਟ ਸੌਂਦੇ ਹਨ। ਇੱਕ ਅਧਿਐਨ ਮੁਤਾਬਕ ਤਿੰਨ ਜਾਂ ਉਸ ਤੋਂ ਘੱਟ ਉਮਰ ਦੇ ਬੱਚੇ ਔਸਤਨ ਪ੍ਰਤੀ ਰਾਤ, ਆਸਟ੍ਰੇਲੀਆ ਵਿੱਚ 10.17 ਘੰਟੇ, ਕੈਨੇਡਾ ਵਿੱਚ 9.96 ਘੰਟੇ, ਯੂਕੇ ਵਿੱਚ 10.51 ਘੰਟੇ, ਅਮਰੀਕਾ ਵਿੱਚ 9.74 ਘੰਟੇ, ਤਾਈਵਾਨ ਵਿੱਚ 8.73 ਘੰਟੇ, ਹੌਂਗਕੌਂਗ ਵਿੱਚ 9.02 ਘੰਟੇ ਅਤੇ ਭਾਰਤ ਅਤੇ ਇੰਡੋਨੇਸ਼ੀਆ ਵਿੱਚ 9.15 ਘੰਟੇ ਸੌਂਦੇ ਹਨ।

ਜਿਨ੍ਹਾਂ ਇਲਾਕਿਆਂ ਵਿੱਚ "7 ਤੋਂ 7" ਦੀ ਨੀਂਦ ਨੂੰ ਆਦਰਸ਼ ਮੰਨਿਆ ਜਾਂਦਾ ਹੈ, ਉੱਥੇ ਵੀ ਨੀਂਦ ਸੰਬੰਧੀ ਸੰਸਥਾਵਾਂ ਦੀਆਂ ਸਿਫ਼ਾਰਸ਼ਾਂ ਦੱਸਦੀਆਂ ਹਨ ਕਿ ਰਾਤ ਦੇ 12 ਘੰਟਿਆਂ ਦੀ ਨੀਂਦ, ਪੜਾਅ ਦਾ ਸਭ ਤੋਂ ਉੱਪਰਲਾ ਹਿੱਸਾ ਹੈ।

ਉਦਾਹਰਨ ਵਜੋਂ, ਅਮਰੀਕੀ ਅਕਾਦਮੀ ਆਫ ਸਲੀਪ ਮੈਡੀਸਨ ਮੁਤਾਬਕ 24 ਘੰਟਿਆਂ ਦੇ ਦੌਰਾਨ, 4 ਤੋਂ 12 ਮਹੀਨਿਆਂ ਦੇ ਬੱਚਿਆਂ ਨੂੰ 12-16 ਘੰਟੇ ਅਤੇ ਇੱਕ ਤੋਂ ਦੋ ਸਾਲ ਦੇ ਬੱਚਿਆਂ ਨੂੰ 11-14 ਘੰਟੇ ਸੌਣਾ ਚਾਹੀਦਾ ਹੈ।

ਹਾਲਾਂਕਿ, ਉਹ ਇਹ ਨਹੀਂ ਦੱਸਦੇ ਕਿ ਇਸ ’ਚੋਂ ਕਿੰਨੀ ਨੀਂਦ ਰਾਤ ਨੂੰ ਲੈਣੀ ਚਾਹੀਦੀ ਹੈ ਅਤੇ ਕਿੰਨੀ ਦਿਨ ਸਮੇਂ, ਕਿਉਂਕਿ ਇਸ ਬਾਰੇ ਪੁਖਤਾ ਜਾਣਕਾਰੀ ਘੱਟ ਹੈ। ਹਾਲਾਂਕਿ ਕੁਝ ਖੋਜਕਰਤਾ ਇਹ ਵੀ ਸਵਾਲ ਉਠਾਉਂਦੇ ਹਨ ਕਿ ਕੀ ਇਹ ਸਿਫ਼ਾਰਸ਼ਾਂ ਅਸਲ ਵਿੱਚ ਮਜ਼ਬੂਤ ਵਿਗਿਆਨਕ ਆਧਾਰ 'ਤੇ ਟਿਕੀਆਂ ਹਨ ਜਾਂ ਨਹੀਂ।

4. ਹਾਂ, ਝੁਲਾਉਂਦੇ ਹੋਏ ਲਈਆਂ ਝਪਕੀਆਂ ਆਰਾਮਦਾਇਕ ਹੁੰਦੀਆਂ ਹਨ

ਝੂਲਾਉਣ ਨਾਲ ਬੱਚਿਆਂ ਨੂੰ ਸੌਣ ਵਿੱਚ ਮਦਦ ਮਿਲਦੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਝੂਲਾਉਣ ਨਾਲ ਬੱਚਿਆਂ ਨੂੰ ਸੌਣ ਵਿੱਚ ਮਦਦ ਮਿਲਦੀ ਹੈ ਅਤੇ ਇਹ ਨੀਂਦ ਉਨੀ ਹੀ ਆਰਾਮਦਾਇਕ ਹੁੰਦੀ ਹੈ ਜਿਵੇਂ ਪੰਘੂੜੇ ਵਿੱਚ ਸੁਲਾਉਣ ਨਾਲ ਆਉਂਦੀ ਹੈ।

ਆਮ ਤੌਰ 'ਤੇ ਤੁਸੀਂ ਆਨਲਾਈਨ ਦੇਖਿਆ ਜਾਂ ਸੁਣਿਆ ਹੋਵੇਗਾ ਕਿ ਮੋਸ਼ਨ ਨੈਪਸ ਯਾਨੀ ਕਿਸੇਂ ਪ੍ਰੈਮ, ਸਲਿੰਗ ਜਾਂ ਕਾਰ ਵਿੱਚ ਬੱਚਿਆਂ ਨੂੰ ਨੀਂਦ ਘੱਟ ਆਉਂਦੀ ਹੈ ਪਰ ਵਿਗਿਆਨਕ ਤੌਰ 'ਤੇ ਅਜਿਹਾ ਕੋਈ ਸਬੂਤ ਨਹੀਂ ਹੈ ਬਲਕਿ ਕੁਝ ਅਧਿਐਨ ਇਸ ਤੋਂ ਬਿਲਕੁੱਲ ਨਤੀਜੇ ਦਰਸਾਉਂਦੇ ਹਨ।

ਦੋ ਮਹੀਨੇ ਦੇ 64 ਬੱਚਿਆਂ 'ਤੇ ਕੀਤੇ ਅਧਿਐਨ ਵਿੱਚ ਪਤਾ ਲੱਗਿਆ ਕਿ ਜਦੋਂ ਉਨ੍ਹਾਂ ਨੂੰ ਹੌਲੀ-ਹੌਲੀ ਝੁਲਾਇਆ ਗਿਆ ਤਾਂ ਉਹ ਜਲਦੀ ਸੌਂ ਗਏ ਅਤੇ ਘੱਟ ਰੋਏ।

ਓਬਸਟ੍ਰਕਟਿਵ ਸਲੀਮ ਐਪਨੀਆ (ਸਲੀਪ ਡਿਸਆਰਡਰ) ਵਾਲੇ ਬੱਚਿਆਂ ਨੂੰ ਸਥਾਈ ਦੀ ਥਾਂ ਅਸਥਾਈ ਪਾਲਣਿਆਂ ਜਾਂ ਗੱਦਿਆਂ 'ਤੇ ਸੁਲਾਇਆ ਗਿਆ ਤਾਂ ਪਹਿਲਾਂ ਦੇ ਮੁਕਾਬਲੇ ਉਨ੍ਹਾਂ ਦੀ ਨੀਂਦ ਅੱਧੀ ਵਾਰ ਖੁੱਲ੍ਹੀ।

ਅਜੇ ਤੱਕ ਅਜਿਹਾ ਕੋਈ ਅਧਿਐਨ ਪ੍ਰਕਾਸ਼ਿਤ ਨਹੀਂ ਹੋਇਆ ਜਿਸਨੇ ਝੂਲਦੇ ਸਮੇਂ ਸੁੱਤੇ ਬੱਚਿਆਂ ਦੀ ਦਿਮਾਗੀ ਪ੍ਰਕਿਰਿਆ ਦਾ ਅਧਿਐਨ ਕੀਤਾ ਹੋਵੇ। ਹਾਲਾਂਕਿ ਬਾਲਗਾਂ 'ਤੇ ਕੁਝ ਖੋਜਾਂ ਕੀਤੀਆਂ ਗਈਆਂ ਹਨ।

ਅਜਿਹੇ ਅਧਿਐਨਾਂ ਵਿੱਚ, ਸੌਂਦੇ ਸਮੇਂ ਦਿਮਾਗੀ ਹਲਚਲ ਦੀ ਸਮੀਖਿਆ ਕਰਨ ਲਈ ਇਲੈਕਟ੍ਰੋਐਨਸੈਫਲੋਗ੍ਰਾਮ (ਈਈਜੀ) ਯੰਤਰਾਂ ਦਾ ਇਸਤੇਮਾਲ ਕੀਤਾ ਗਿਆ, ਜਿਸ ਤੋਂ ਪਤਾ ਲੱਗਾ ਕਿ ਸੌਂਦੇ ਸਮੇਂ ਹੌਲੀ-ਹੌਲੀ ਝੁਲਾਏ ਜਾਣ ਨਾਲ ਡੂੰਘੀ ਨੀਂਦ ਵਾਲੇ ਪੜਾਅ ਵਿੱਚ ਬਿਤਾਇਆ ਸਮਾਂ ਵੱਧ ਜਾਂਦਾ ਹੈ, ਲੋਕਾਂ ਨੂੰ ਡੂੰਘੀ ਨੀਂਦ ਵਿੱਚ ਜਲਦੀ ਜਾਣ ਵਿੱਚ ਮਦਦ ਮਿਲਦੀ ਹੈ, ਦਿਮਾਗ ਵਿੱਚ ਉਹ ਲਹਿਰਾਂ ਮਜ਼ਬੂਤ ਹੁੰਦੀਆਂ ਹਨ ਜੋ ਯਾਦਦਾਸ਼ਤ ਨੂੰ ਮਜ਼ਬੂਤ ਕਰਨ ਵਿੱਚ ਸਹਾਇਕ ਹੁੰਦੀਆਂ ਹਨ, ਅਤੇ ਹਲਕੀ ਨੀਂਦ ਵਿੱਚ ਬਿਤਾਇਆ ਸਮਾਂ ਘੱਟ ਹੁੰਦਾ ਹੈ। ਝੁਲਾਉਣਾ ਤਾਂ ਚੂਹਿਆਂ ਵਿੱਚ ਵੀ ਨੀਂਦ ਨੂੰ ਉਤਸ਼ਾਹਿਤ ਕਰਦਾ ਹੈ।

ਜਦੋਂ ਬੱਚੇ ਗਰਭ ਵਿੱਚ ਹੁੰਦੇ ਹਨ ਤਾਂ ਆਪਣਾ 90 ਫੀਸਦ ਸਮਾਂ ਉਹ ਸੌਂਦੇ ਹੋਏ ਗੁਜ਼ਾਰਦੇ ਹਨ, ਉਹ ਵੀ ਜਦੋਂ ਮਾਂ ਗਤੀਵਿਧੀਆਂ ਕਰ ਰਹੀ ਹੁੰਦੀ ਹੈ ਭਾਵ ਕੁੱਖ ਵਿੱਚ ਵੀ ਉਹ ਝੂਲ ਰਹੇ ਹੁੰਦੇ ਹਨ ਤਾਂ ਸਪੱਸ਼ਟ ਹੈ ਕਿ ਸੌਣ ਲਈ ਬੱਚਿਆਂ ਨੂੰ ਝੁਲਾਉਣ ਨਾਲ ਦਿਮਾਗੀ ਵਿਕਾਸ 'ਤੇ ਅਸਰ ਨਹੀਂ ਹੁੰਦਾ।

5. ਨਹੀਂ, ਦਿਨ ਦੀ ਨੀਂਦ ਹਮੇਸ਼ਾ ਨੀਂਦ ਨਹੀਂ ਲਿਆਉਂਦੀ

ਇਹ ਧਾਰਣਾ ਕਿ ਦਿਨ ਵਿੱਚ ਜਿੰਨੀ ਵੱਧ ਨੀਂਦ ਬੱਚਾ ਲੈਂਦਾ ਹੈ, ਰਾਤ ਨੂੰ ਵੀ ਉਨੀ ਹੀ ਵੱਧ ਨੀਂਦ ਲਵੇਗਾ, ਆਮ ਤੌਰ ’ਤੇ ਖੋਜ ਨਾਲ ਸਾਬਤ ਨਹੀਂ ਹੁੰਦੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿਨ ਵੇਲੇ ਸੌਣ ਨਾਲ ਰਾਤ ਨੂੰ ਵੀ ਨੀਂਦ ਆਉਂਦੀ ਹੈ, ਖੋਜ ਨਾਲ ਸਾਬਿਤ ਨਹੀਂ ਹੁੰਦਾ

ਇਹ ਗੱਲ ਸਹੀ ਹੈ ਕਿ ਜਦੋਂ ਕੁਝ ਬੱਚੇ ਬਹੁਤ ਥੱਕ ਜਾਂਦੇ ਹਨ ਤਾਂ ਉਹ ਤਣਾਅ ਵਿੱਚ ਆ ਜਾਂਦੇ ਹਨ — ਜਿਸ ਕਾਰਨ ਰਾਤ ਨੂੰ ਉਨ੍ਹਾਂ ਲਈ ਸ਼ਾਂਤ ਹੋ ਕੇ ਸੌਣਾ ਔਖਾ ਹੋ ਸਕਦਾ ਹੈ। ਪਰ ਇਹ ਧਾਰਣਾ ਕਿ ਦਿਨ ਵਿੱਚ ਜਿੰਨੀ ਵੱਧ ਨੀਂਦ ਬੱਚਾ ਲੈਂਦਾ ਹੈ, ਰਾਤ ਨੂੰ ਵੀ ਉਨੀ ਹੀ ਵੱਧ ਨੀਂਦ ਲਵੇਗਾ, ਆਮ ਤੌਰ 'ਤੇ ਖੋਜ ਨਾਲ ਸਾਬਤ ਨਹੀਂ ਹੁੰਦੀ।

ਸੱਚਾਈ ਇਹ ਹੈ ਕਿ ਥੋੜ੍ਹੇ ਵੱਡੇ ਬੱਚਿਆਂ ਜਾਂ ਪ੍ਰੀ-ਸਕੂਲ ਜਾਣ ਵਾਲੇ ਬੱਚਿਆਂ 'ਤੇ ਕੀਤੇ ਅਧਿਐਨ ਬਿਲਕੁੱਲ ਇਸਦੇ ਉਲਟ ਦਰਸਾਉਂਦੇ ਹਨ। ਦੋ ਸਾਲ ਦੀ ਉਮਰ ਤੋਂ ਬਾਅਦ ਬੱਚੇ ਰਾਤ ਨੂੰ ਸੌਣ ਲਈ ਜ਼ਿਆਦਾ ਸਮਾਂ ਲਗਾਉਂਦੇ ਹਨ ਅਤੇ ਜੇਕਰ ਦਿਨ ਵਿੱਚ ਸੌਂ ਜਾਣ ਤਾਂ ਰਾਤ ਨੂੰ ਵਾਰ-ਵਾਰ ਜਾਗਦੇ ਹਨ।

ਹਾਲਾਂਕਿ ਇੱਕ ਅਧਿਐਨ, ਜਿਸ ਵਿੱਚ ਉਨ੍ਹਾਂ ਦਿਨਾਂ ਦੀ ਤੁਲਨਾ ਕੀਤੀ ਗਈ, ਜਦੋਂ ਬੱਚੇ ਦਿਨ ਸਮੇਂ ਜ਼ਿਆਦਾ ਸੁੱਤੇ ਅਤੇ ਜਦੋਂ ਘੱਟ ਸੁੱਤੇ ਤਾਂ ਨਤੀਜੇ ਕੁਝ ਵੱਖਰੇ ਸਨ। ਇਸ ਅਧਿਐਨ ਲਈ ਐਕਟੀਗ੍ਰਾਫੀ ਦਾ ਇਸਤੇਮਾਲ ਕੀਤਾ ਗਿਆ, ਜਿਸ ਤਹਿਤ ਪਹਿਨਣ ਯੋਗ ਯੰਤਰਾਂ ਰਾਹੀਂ ਸੌਂਣ ਅਤੇ ਜਾਗਣ ਦੇ ਪੈਟਰਨ ਮਾਪੇ ਜਾਂਦੇ ਹਨ। ਇਹ ਤਰੀਕਾ ਮਾਪਿਆਂ ਵੱਲੋਂ ਦਿੱਤੀ ਰਿਪੋਰਟ ਨਾਲੋਂ ਕਿਤੇ ਸਟੀਕ ਮੰਨਿਆ ਗਿਆ।

ਨੀਂਦ ਦੀ ਲੋੜ ਹਰ ਬੱਚੇ ਲਈ ਵੱਖ-ਵੱਖ ਹੁੰਦੀ ਹੈ ਅਤੇ ਇਹ ਬਦਲਦੀ ਰਹਿੰਦੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੀਂਦ ਦੀ ਲੋੜ ਹਰ ਬੱਚੇ ਲਈ ਵੱਖ-ਵੱਖ ਹੁੰਦੀ ਅਤੇ ਇਹ ਬਦਲਦੀ ਰਹਿੰਦੀ ਹੈ

ਛੇ ਜਾਂ 15 ਹਫ਼ਤਿਆਂ ਦੇ ਬੱਚਿਆਂ ਵਿੱਚ ਦਿਨ ਦੌਰਾਨ ਆਮ ਤੋਂ ਵੱਧ ਝਪਕੀਆਂ ਲੈਣ ਨਾਲ ਉਨ੍ਹਾਂ ਦੀ ਰਾਤ ਦੀ ਨੀਂਦ 'ਤੇ ਕੋਈ ਅਸਰ ਨਹੀਂ ਪਿਆ। ਪਰ ਜਦੋਂ ਬੱਚੇ 24 ਹਫ਼ਤਿਆਂ ਦੇ ਹੋਏ ਤਾਂ ਇਸਦਾ ਕੁਝ ਅਸਰ ਦਿਖਾਈ ਦਿੱਤਾ — ਲੰਬੀਆਂ ਝਪਕੀਆਂ ਦਾ ਮਤਲਬ ਸੀ ਕਿ ਰਾਤ ਨੂੰ ਕੁਝ ਵੱਧ ਨੀਂਦ ਮਿਲੀ।

ਹਾਲਾਂਕਿ ਇਹ ਵੀ ਧਿਆਨ ਵਿੱਚ ਰੱਖਣਾ ਮਹੱਤਵਪੂਰਨ ਹੈ ਕਿ ਇਹ ਫਰਕ ਬਹੁਤ ਘੱਟ ਸੀ: ਛੇ ਮਹੀਨੇ ਦੇ ਬੱਚਿਆਂ ਨੂੰ ਰਾਤ ਨੂੰ ਸਿਰਫ਼ 14 ਮਿੰਟ ਵੱਧ ਨੀਂਦ ਲੈਣ ਲਈ ਦਿਨ ਵਿੱਚ ਪੂਰਾ ਇੱਕ ਘੰਟਾ ਵੱਧ ਸੌਣਾ ਪਿਆ।

ਇਹ ਵੀ ਸਪੱਸ਼ਟ ਨਹੀਂ ਹੈ ਕਿ ਕੀ ਲੰਬੀ ਝਪਕੀ ਹੀ ਉਹ ਕਾਰਨ ਸੀ ਜਿਸ ਕਰਕੇ ਬੱਚੇ ਰਾਤ ਨੂੰ ਥੋੜ੍ਹਾ ਵੱਧ ਸੌਂਦੇ ਸਨ। ਉਦਾਹਰਨ ਲਈ, ਇਹ ਵੀ ਹੋ ਸਕਦਾ ਹੈ ਕਿ ਬੱਚੇ ਤੇਜ਼ੀ ਨਾਲ ਹੋ ਰਹੇ ਵਿਕਾਸ ਕਾਰਨ ਵੱਧ ਸੁੱਤੇ, ਇਹ ਵੀ ਵਜ੍ਹਾ ਹੋ ਸਕਦੀ ਹੈ ਕਿ ਜਿਸ ਕਰਕੇ ਉਹ ਰਾਤ ਨੂੰ ਵੱਧ ਸੁੱਤੇ ਹੋਣ।

ਜੇ "ਨੀਂਦ ਨਾਲ ਹੋਰ ਨੀਂਦ ਆਉਂਦੀ ਹੈ" ਵਾਲੇ ਵਿਚਾਰ ਨੂੰ ਸਮਰਥਨ ਦੇਣ ਵਾਲੀ ਖੋਜ ਕਮਜ਼ੋਰ ਲੱਗਦੀ ਹੈ ਤਾਂ ਇਹ ਹੈਰਾਨੀ ਦੀ ਗੱਲ ਨਹੀਂ ਹੋਣੀ ਚਾਹੀਦੀ।

ਇਸਦਾ ਕਾਰਨ ਇਹ ਹੈ ਕਿ ਸੌਣ ਦੇ ਮੁੱਖ ਜੈਵਿਕ ਆਧਾਰਾਂ ਵਿੱਚੋਂ ਇੱਕ "ਸਲੀਪ-ਵੇਕ ਹੋਮਿਓਸਟੈਟ" ਹੈ।

ਇਸਨੂੰ "ਸਲੀਪ ਪ੍ਰੈਸ਼ਰ" ਵੀ ਕਿਹਾ ਜਾਂਦਾ ਹੈ। ਜਿੰਨਾ ਵੱਧ ਸਮਾਂ ਬੱਚੇ (ਜਾਂ ਵੱਡੇ) ਬਿਨਾਂ ਸੁੱਤੇ ਰਹਿੰਦੇ ਹਨ, ਉਨਾ ਹੀ ਇਹ ਦਬਾਅ ਵੱਧਦਾ ਜਾਂਦਾ ਹੈ। ਜੇਕਰ ਕੋਈ ਬੱਚਾ ਦਿਨ ਵੇਲੇ ਆਪਣੀ ਲੋੜ ਨਾਲੋਂ ਵੱਧ ਸੌਂਦਾ ਹੈ ਤਾਂ ਰਾਤ ਨੂੰ ਸੌਣਾ ਉਨ੍ਹਾਂ ਲਈ ਆਸਾਨ ਨਹੀਂ ਬਲਕਿ ਹੋਰ ਮੁਸ਼ਕਿਲ ਹੋ ਜਾਂਦਾ ਹੈ।

ਨੀਂਦ ਦੀ ਲੋੜ ਹਰ ਬੱਚੇ ਲਈ ਵੱਖ-ਵੱਖ ਹੁੰਦੀ ਹੈ ਅਤੇ ਇਹ ਬਦਲਦੀ ਰਹਿੰਦੀ ਹੈ ਅਤੇ ਜਿਵੇਂ ਵੱਡਿਆਂ ਨਾਲ ਹੁੰਦਾ ਹੈ, ਓਸੇ ਤਰ੍ਹਾਂ ਬੱਚਿਆਂ ਨੂੰ ਵੀ ਉਹਨਾਂ ਦੇ ਸਰੀਰ ਦੀ ਲੋੜ ਤੋਂ ਵੱਧ ਨੀਂਦ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)