ਟੀ-20 ਵਰਲਡ ਕੱਪ: ਪਾਕਿਸਤਾਨ ਨੂੰ ਹਰਾ ਕੇ ਸੁਪਰ-8 ਰਾਊਂਡ 'ਚ ਪਹੁੰਚਿਆ ਭਾਰਤ, ਈਸ਼ਾਨ ਕਿਸ਼ਨ ਬਾਰੇ ਪਾਕ 'ਚ ਕਿਹੋ ਜਿਹੀ ਹੋ ਰਹੀ ਚਰਚਾ

ਈਸ਼ਾਨ ਕਿਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਈਸ਼ਾਨ ਕਿਸ਼ਨ ਨੇ ਤੂਫ਼ਾਨੀ ਪਾਰੀ ਖੇਡ ਕੇ ਪਾਕਿਸਤਾਨ ਨੂੰ ਸ਼ੁਰੂ ਵਿੱਚ ਹੀ ਬੈਕਫੁੱਟ 'ਤੇ ਧੱਕ ਦਿੱਤਾ
ਪੜ੍ਹਨ ਦਾ ਸਮਾਂ: 6 ਮਿੰਟ

ਆਈਸੀਸੀ ਟੀ-20 ਵਰਲਡ ਕੱਪ ਵਿੱਚ ਐਤਵਾਰ ਨੂੰ ਖੇਡੇ ਗਏ 27ਵੇਂ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 61 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤੀ ਟੀਮ ਸੁਪਰ-8 ਰਾਊਂਡ ਵਿੱਚ ਪਹੁੰਚ ਗਈ ਹੈ।

ਭਾਰਤ ਵੱਲੋਂ ਮਿਲੇ 176 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੀ ਟੀਮ 18 ਓਵਰਾਂ ਵਿੱਚ 114 ਦੌੜਾਂ 'ਤੇ ਹੀ ਸਿਮਟ ਗਈ।

ਭਾਰਤ ਦੇ ਚਾਰ ਗੇਂਦਬਾਜ਼ਾਂ ਹਾਰਦਿਕ, ਬੁਮਰਾਹ, ਅਕਸ਼ਰ ਅਤੇ ਵਰੁਣ ਨੂੰ ਮੈਚ ਵਿੱਚ ਦੋ-ਦੋ ਵਿਕਟਾਂ ਮਿਲੀਆਂ। ਪਾਕਿਸਤਾਨ ਲਈ ਉਸਮਾਨ ਖਾਨ ਨੇ ਸਭ ਤੋਂ ਵੱਧ 44 ਦੌੜਾਂ ਦੀ ਪਾਰੀ ਖੇਡੀ।

ਇਸ ਤੋਂ ਪਹਿਲਾਂ ਭਾਰਤ ਨੇ ਈਸ਼ਾਨ ਕਿਸ਼ਨ ਦੀ 77 ਦੌੜਾਂ ਦੀ ਪਾਰੀ ਦੀ ਬਦੌਲਤ 20 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ 'ਤੇ 175 ਦੌੜਾਂ ਬਣਾਈਆਂ ਸਨ। ਈਸ਼ਾਨ ਕਿਸ਼ਨ ਨੂੰ ਆਪਣੀ ਇਸ ਪਾਰੀ ਲਈ ਪਲੇਅਰ ਆਫ਼ ਦਿ ਮੈਚ ਵੀ ਚੁਣਿਆ ਗਿਆ।

ਪਾਕਿਸਤਾਨ ਲਈ ਸਈਮ ਅਯੂਬ ਨੇ ਤਿੰਨ ਵਿਕਟਾਂ ਲਈਆਂ।

ਗਰੁੱਪ ਏ ਦਾ ਇਹ ਮੁਕਾਬਲਾ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡਿਆ ਗਿਆ।

ਟੀ-20 ਵਰਲਡ ਕੱਪ: ਭਾਰਤ ਬਨਾਮ ਪਾਕਿਸਤਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਸਪ੍ਰੀਤ ਬੁਮਰਾਹ ਨੇ ਦੂਜੇ ਹੀ ਓਵਰ ਵਿੱਚ ਦੋ ਵਿਕਟ ਲਏ

ਹਾਲਾਂਕਿ ਏਸ਼ੀਆ ਕੱਪ ਤੋਂ ਸ਼ੁਰੂ ਹੋਇਆ ਦੋਵੇਂ ਟੀਮਾਂ ਦੇ ਕਪਤਾਨਾਂ ਵੱਲੋਂ ਹੱਥ ਨਾ ਮਿਲਾਉਣ ਦਾ ਸਿਲਸਿਲਾ ਇੱਥੇ ਵੀ ਜਾਰੀ ਰਿਹਾ। ਟਾਸ ਤੋਂ ਬਾਅਦ ਸਲਮਾਨ ਆਗਾ ਅਤੇ ਸੂਰਿਆਕੁਮਾਰ ਯਾਦਵ ਇੱਕ-ਦੂਜੇ ਨੂੰ ਅਣਗੌਲਿਆਂ ਕਰਦੇ ਹੋਏ ਪਵੇਲੀਅਨ ਵੱਲ ਤੁਰ ਗਏ।

ਟੀ-20 ਵਰਲਡ ਕੱਪ ਵਿੱਚ ਪਾਕਿਸਤਾਨ ਦੇ ਖ਼ਿਲਾਫ਼ ਭਾਰਤ ਦਾ ਰਿਕਾਰਡ ਹੋਰ ਵੀ ਮਜ਼ਬੂਤ ਹੋ ਗਿਆ ਹੈ। ਦੋਵਾਂ ਟੀਮਾਂ ਵਿਚਕਾਰ ਟੀ20 ਵਰਲਡ ਕੱਪ ਵਿੱਚ ਨੌ ਵਾਰ ਟੱਕਰ ਹੋਈ ਹੈ, ਜਿਨ੍ਹਾਂ ਵਿੱਚੋਂ 8 ਮੁਕਾਬਲਿਆਂ ਵਿੱਚ ਟੀਮ ਇੰਡੀਆ ਨੂੰ ਜਿੱਤ ਮਿਲੀ ਹੈ। ਪਾਕਿਸਤਾਨ ਨੇ ਸਿਰਫ਼ ਇੱਕ ਵਾਰ 2021 ਦੇ ਟੀ20 ਵਰਲਡ ਕੱਪ ਵਿੱਚ ਭਾਰਤ ਨੂੰ ਹਰਾਇਆ ਸੀ।

ਲਗਾਤਾਰ ਡਿੱਗਦੀਆਂ ਰਹੀਆਂ ਪਾਕਿਸਤਾਨ ਦੀਆਂ ਵਿਕਟਾਂ

ਟੀ-20 ਵਰਲਡ ਕੱਪ: ਭਾਰਤ ਬਨਾਮ ਪਾਕਿਸਤਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 78 ਦੇ ਸਕੋਰ ਤੱਕ ਆਉਂਦੇ-ਆਉਂਦੇ ਪਾਕਿਸਤਾਨ ਦੇ ਸੱਤ ਬੱਲੇਬਾਜ਼ ਪਵੇਲੀਅਨ ਵਾਪਸ ਜਾ ਚੁੱਕੇ ਸਨ

ਪਾਕਿਸਤਾਨ ਦੇ ਵਿਕਟ ਡਿੱਗਣ ਦਾ ਸਿਲਸਿਲਾ ਪਹਿਲੇ ਓਵਰ ਵਿੱਚ ਹੀ ਸ਼ੁਰੂ ਹੋ ਗਿਆ ਸੀ। ਪਾਕਿਸਤਾਨ ਦੇ ਓਪਨਿੰਗ ਬੱਲੇਬਾਜ਼ ਸਾਹਿਬਜ਼ਾਦਾ ਫਰਹਾਨ ਪਹਿਲੇ ਓਵਰ ਦੀ ਚੌਥੀ ਗੇਂਦ 'ਤੇ ਬਿਨ੍ਹਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ। ਉਨ੍ਹਾਂ ਦਾ ਵਿਕਟ ਹਾਰਦਿਕ ਪਾਂਡਿਆ ਨੇ ਲਿਆ।

ਫਿਰ ਜਸਪ੍ਰੀਤ ਬੁਮਰਾਹ ਨੇ ਦੂਜੇ ਓਵਰ ਦੀ ਦੂਜੀ ਅਤੇ ਆਖਰੀ ਗੇਂਦ 'ਤੇ ਵਿਕਟਾਂ ਲਈਆਂ। ਉਨ੍ਹਾਂ ਨੇ ਸਈਮ ਅਯੂਬ ਅਤੇ ਸਲਮਾਨ ਆਗਾ ਨੂੰ ਪਵੇਲੀਅਨ ਵਾਪਸ ਭੇਜਿਆ।

ਅਕਸ਼ਰ ਪਟੇਲ ਨੇ ਪੰਜਵੇਂ ਓਵਰ ਦੀ ਪੰਜਵੀ ਗੇਂਦ 'ਤੇ ਬਾਬਰ ਆਜ਼ਮ ਨੂੰ ਬੋਲਡ ਕੀਤਾ। ਬਾਬਰ ਆਜ਼ਮ ਨੇ ਪੰਜ ਦੌੜਾਂ ਦੀ ਪਾਰੀ ਖੇਡੀ।

10.4 ਓਵਰਾਂ ਵਿੱਚ ਪਾਕਿਸਤਾਨ ਨੇ 73 ਦੌੜਾਂ 'ਤੇ ਹੀ ਪੰਜ ਵਿਕਟਾਂ ਗੁਆ ਦਿੱਤੀਆਂ ਸਨ। ਅਕਸ਼ਰ ਪਟੇਲ ਨੇ ਕ੍ਰੀਜ਼ 'ਤੇ ਸੈਟ ਨਜ਼ਰ ਆ ਰਹੇ ਉਸਮਾਨ ਖਾਨ ਨੂੰ ਸਟੰਪ ਆਉਟ ਕਰਵਾਇਆ। ਉਨ੍ਹਾਂ ਨੇ 34 ਗੇਂਦਾਂ ਵਿੱਚ 44 ਦੌੜਾਂ ਦੀ ਪਾਰੀ ਖੇਡੀ।

ਇਸ ਤੋਂ ਬਾਅਦ ਅਗਲੇ ਓਵਰ ਵਿੱਚ ਕੁਲਦੀਪ ਯਾਦਵ ਨੇ ਮੁਹੰਮਦ ਨਵਾਜ਼ ਦਾ ਵਿਕਟ ਲਿਆ। ਫਿਰ 13ਵੇਂ ਓਵਰ ਦੀ ਪਹਿਲੀ ਗੇਂਦ 'ਤੇ ਤਿਲਕ ਵਰਮਾ ਨੇ ਸ਼ਾਦਾਬ ਖਾਨ ਨੂੰ ਆਉਟ ਕਰਕੇ ਪਵੇਲੀਅਨ ਵਾਪਸ ਭੇਜ ਦਿੱਤਾ। 78 ਦੇ ਸਕੋਰ ਤੱਕ ਆਉਂਦੇ-ਆਉਂਦੇ ਪਾਕਿਸਤਾਨ ਦੇ ਸੱਤ ਬੱਲੇਬਾਜ਼ ਪੇਵਿਲੀਅਨ ਵਾਪਸ ਜਾ ਚੁੱਕੇ ਸਨ।

ਇਸ ਤੋਂ ਬਾਅਦ ਭਾਰਤ ਦੀ ਜਿੱਤ ਮਹਿਜ਼ ਇੱਕ ਰਸਮੀ ਕਾਰਵਾਈ ਰਹਿ ਗਈ ਸੀ।

ਵਰੁਣ ਚਕਰਵਰਤੀ ਨੇ 16ਵੇਂ ਓਵਰ ਵਿੱਚ ਆਪਣੀ ਸਪਿਨ ਦਾ ਕਮਾਲ ਦਿਖਾਇਆ। ਉਨ੍ਹਾਂ ਨੇ ਤੀਜੀ ਗੇਂਦ 'ਤੇ ਫਹੀਮ ਅਤੇ ਚੌਥੀ ਗੇਂਦ 'ਤੇ ਅਬਰਾਰ ਅਹਿਮਦ ਦਾ ਵਿਕਟ ਲਿਆ।

18ਵੇਂ ਓਵਰ ਦੀ ਆਖਰੀ ਗੇਂਦ 'ਤੇ ਹਾਰਦਿਕ ਨੇ ਉਸਮਾਨ ਤਾਰਿਕ ਨੂੰ ਬੋਲਡ ਕਰਕੇ ਪਾਕਿਸਤਾਨ ਦੀ ਪਾਰੀ ਸਮੇਟ ਦਿੱਤੀ।

ਈਸ਼ਾਨ ਕਿਸ਼ਨ ਦੀ ਧਮਾਕੇਦਾਰ ਪਾਰੀ

ਈਸ਼ਾਨ ਕਿਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਈਸ਼ਾਨ ਕਿਸ਼ਨ ਨੇ 27 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਸੀ

ਪਾਕਿਸਤਾਨ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਬੁਲਾਇਆ ਸੀ। ਪਰ ਈਸ਼ਾਨ ਕਿਸ਼ਨ ਨੇ ਤੂਫ਼ਾਨੀ ਪਾਰੀ ਖੇਡ ਕੇ ਪਾਕਿਸਤਾਨ ਨੂੰ ਸ਼ੁਰੂ ਵਿੱਚ ਹੀ ਬੈਕਫੁੱਟ 'ਤੇ ਧੱਕ ਦਿੱਤਾ। ਈਸ਼ਾਨ ਕਿਸ਼ਨ ਨੇ 27 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਸੀ।

ਭਾਰਤ ਨੂੰ ਤੇਜ਼ ਸ਼ੁਰੂਆਤ ਦਵਾਉਣ ਤੋਂ ਬਾਅਦ ਓਪਨਰ ਈਸ਼ਾਨ ਕਿਸ਼ਨ 77 ਦੌੜਾਂ ਬਣਾ ਕੇ ਆਉਟ ਹੋਏ। ਉਨ੍ਹਾਂ ਨੇ 40 ਗੇਂਦਾਂ ਵਿੱਚ ਇਹ ਪਾਰੀ ਖੇਡੀ। ਉਨ੍ਹਾਂ ਦੀ ਪਾਰੀ ਵਿੱਚ 10 ਚੌਕੇ ਅਤੇ 3 ਛੱਕੇ ਸ਼ਾਮਲ ਹਨ। ਇਸ਼ਾਨ ਕਿਸ਼ਨ ਦਾ ਵਿਕਟ ਸਈਮ ਅਯੂਬ ਨੇ ਲਿਆ।

ਹਾਲਾਂਕਿ 15ਵੇਂ ਓਵਰ ਦੌਰਾਨ ਉਸ ਵੇਲੇ ਕਾਫ਼ੀ ਰੋਮਾਂਚ ਦੇਖਣ ਨੂੰ ਮਿਲਿਆ ਜਦੋਂ ਸਈਮ ਅਯੂਬ ਨੇ ਵਿਕਟਾਂ ਦੀ ਹੈਟ੍ਰਿਕ 'ਤੇ ਪਹੁੰਚ ਗਏ ਸਨ।

15ਵੇਂ ਓਵਰ ਦੀ ਦੂਜੀ ਗੇਂਦ 'ਤੇ ਸਈਮ ਨੇ ਤਿਲਕ ਦਾ ਵਿਕਟ ਲਿਆ, ਜਦਕਿ ਤੀਜੀ ਗੇਂਦ 'ਤੇ ਉਨ੍ਹਾਂ ਨੇ ਹਾਰਦਿਕ ਪਾਂਡਿਆ ਨੂੰ ਖਾਤਾ ਖੋਲ੍ਹਣ ਦਾ ਮੌਕਾ ਵੀ ਨਹੀਂ ਦਿੱਤਾ ਅਤੇ ਪੇਵਿਲੀਅਨ ਵਾਪਸ ਭੇਜ ਦਿੱਤਾ।

ਪਰ ਸ਼ਿਵਮ ਦੁਬੇ ਨੇ 15ਵੇਂ ਓਵਰ ਦੀ ਚੌਥੀ ਗੇਂਦ ਨੂੰ ਡਿਫੈਂਡ ਕਰਕੇ ਸਈਮ ਅਯੂਬ ਦੀ ਹੈਟ੍ਰਿਕ ਪੂਰੀ ਨਹੀਂ ਹੋਣ ਦਿੱਤੀ।

ਸਈਮ ਅਯੂਬ ਨੇ ਚਾਰ ਓਵਰਾਂ ਵਿੱਚ 25 ਦੌੜਾਂ ਦੇ ਕੇ ਭਾਰਤ ਦੇ ਤਿੰਨ ਬੱਲੇਬਾਜ਼ਾਂ ਨੂੰ ਪਵੇਲੀਅਨ ਵਾਪਸ ਭੇਜਿਆ।

ਸੂਰਿਆਕੁਮਾਰ ਯਾਦਵ ਅਤੇ ਸਲਮਾਨ ਆਗਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਾਸ ਤੋਂ ਬਾਅਦ ਸਲਮਾਨ ਆਗਾ ਅਤੇ ਸੂਰਿਆਕੁਮਾਰ ਯਾਦਵ ਇੱਕ-ਦੂਜੇ ਨੂੰ ਅਣਗੌਲਿਆਂ ਕਰਦੇ ਹੋਏ ਪਵੇਲੀਅਨ ਵੱਲ ਤੁਰ ਗਏ

ਭਾਰਤੀ ਪਾਰੀ ਦੌਰਾਨ ਆਖਰੀ ਓਵਰਾਂ ਵਿੱਚ ਪਾਕਿਸਤਾਨ ਨੇ ਚੰਗੀ ਵਾਪਸੀ ਕੀਤੀ। ਪਾਕਿਸਤਾਨ ਦੇ ਮਸ਼ਹੂਰ ਸਪਿਨਰ ਉਸਮਾਨ ਤਾਰਿਕ ਨੇ ਚਾਰ ਓਵਰਾਂ ਵਿੱਚ 24 ਦੌੜਾਂ ਦੇ ਕੇ ਇੱਕ ਵਿਕਟ ਲਿਆ। ਉਸਮਾਨ ਤਾਰਿਕ ਨੇ ਕਪਤਾਨ ਸੂਰਿਆਕੁਮਾਰ ਯਾਦਵ ਨੂੰ ਆਉਟ ਕੀਤਾ। ਸੂਰਿਆਕੁਮਾਰ ਯਾਦਵ ਨੇ 32 ਦੌੜਾਂ ਦੀ ਪਾਰੀ ਖੇਡੀ।

ਇਸ ਤੋਂ ਪਹਿਲਾਂ ਭਾਰਤ ਨੇ ਅੱਜ ਆਪਣੀ ਪਲੇਇੰਗ 11 ਵਿੱਚ ਦੋ ਬਦਲਾਅ ਕੀਤੇ ਸਨ। ਸੰਜੂ ਸੈਮਸਨ ਦੀ ਥਾਂ ਅਭਿਸ਼ੇਕ ਸ਼ਰਮਾ ਦੀ ਟੀਮ ਵਿੱਚ ਵਾਪਸੀ ਹੋਈ। ਪਰ ਅਭਿਸ਼ੇਕ ਸ਼ਰਮਾ ਬਿਨਾਂ ਖਾਤਾ ਖੋਲ੍ਹੇ ਹੀ ਪਵੇਲੀਅਨ ਪਰਤ ਗਏ।

ਕਪਤਾਨ ਸਲਮਾਨ ਆਗਾ ਸਰਪ੍ਰਾਈਜ਼ ਦਿੰਦੇ ਹੋਏ ਪਹਿਲਾ ਓਵਰ ਪਾਉਣ ਲਈ ਖੁਦ ਆਏ ਸਨ ਅਤੇ ਓਵਰ ਦੀ ਆਖਰੀ ਗੇਂਦ 'ਤੇ ਉਨ੍ਹਾਂ ਨੇ ਅਭਿਸ਼ੇਕ ਸ਼ਰਮਾ ਦਾ ਵਿਕਟ ਲਿਆ ਸੀ। ਪਰ ਇਸ ਤੋਂ ਬਾਅਦ ਈਸ਼ਾਨ ਕਿਸ਼ਨ ਦੀ ਪਾਰੀ ਨੇ ਪਾਕਿਸਤਾਨ ਦੇ ਹੱਥੋਂ ਮੈਚ ਖੋਹ ਲਿਆ।

ਟੂਰਨਾਮੈਂਟ ਵਿੱਚ ਅਜੇ ਤੱਕ ਭਾਰਤ ਅਤੇ ਪਾਕਿਸਤਾਨ ਨੇ ਤਿੰਨ-ਤਿੰਨ ਮੁਕਾਬਲੇ ਖੇਡੇ ਹਨ। ਭਾਰਤੀ ਟੀਮ ਆਪਣੇ ਤਿੰਨਾਂ ਹੀ ਮੁਕਾਬਲੇ ਜਿੱਤ ਕੇ ਗਰੁੱਪ ਏ ਵਿੱਚ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ। ਜਦਕਿ ਪਾਕਿਸਤਾਨ ਦੋ ਜਿੱਤਾਂ ਅਤੇ ਇੱਕ ਹਾਰ ਦੇ ਨਾਲ ਗਰੁੱਪ ਵਿੱਚ ਦੂਜੇ ਸਥਾਨ 'ਤੇ ਹੈ।

ਪਾਕਿਸਤਾਨ ਵਿੱਚ ਵੀ ਈਸ਼ਾਨ ਕਿਸ਼ਨ ਦੀ ਚਰਚਾ

ਈਸ਼ਾਨ ਕਿਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਈਸ਼ਾਨ ਕਿਸ਼ਨ ਨੂੰ ਆਪਣੀ ਇਸ ਪਾਰੀ ਲਈ ਪਲੇਅਰ ਆਫ਼ ਦਿ ਮੈਚ ਵੀ ਚੁਣਿਆ ਗਿਆ

ਈਸ਼ਾਨ ਕਿਸ਼ਨ ਦੀ ਇਸ ਜ਼ਬਰਦਸਤ ਪਾਰੀ ਦੀ ਚਰਚਾ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਵੀ ਹੋਈ ਹੈ।

ਪਾਕਿਸਤਾਨ ਦੇ ਪੱਤਰਕਾਰ ਸ਼ਹਜਾਰ ਇਕਬਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, "ਦੋ ਮਹੀਨੇ ਪਹਿਲਾਂ ਤੱਕ ਟੀ20 ਵਰਲਡ ਕੱਪ ਲਈ ਈਸ਼ਾਨ ਕਿਸ਼ਨ ਪਲਾਨ ਦਾ ਹਿੱਸਾ ਵੀ ਨਹੀਂ ਸਨ। ਪਰ ਹੁਣ ਉਨ੍ਹਾਂ ਨੇ ਭਾਰਤ ਲਈ ਪਾਕਿਸਤਾਨ ਦੇ ਗੇਂਦਬਾਜ਼ੀ ਅਟੈਕ ਦੀ ਹਾਲਤ ਖਰਾਬ ਕਰ ਦਿੱਤੀ। ਕਿੰਨਾ ਕਮਾਲ ਦਾ ਕਮਬੈਕ ਹੈ।"

ਭਾਰਤ ਦੇ ਸਾਬਕਾ ਕ੍ਰਿਕਟਰ ਇਰਫ਼ਾਨ ਪਠਾਨ ਨੇ ਵੀ ਕਿਹਾ ਕਿ ਈਸ਼ਾਨ ਕਿਸ਼ਨ ਨੇ ਪਾਕਿਸਤਾਨ ਨੂੰ ਸਰਪ੍ਰਾਈਜ਼ ਕਰ ਦਿੱਤਾ।

ਏਬੀਪੀ ਨਿਊਜ਼ ਨਾਲ ਗੱਲ ਕਰਦਿਆਂ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਏਬ ਅਖ਼ਤਰ ਨੇ ਕਿਹਾ ਕਿ ਈਸ਼ਾਨ ਕਿਸ਼ਨ ਨੇ ਕਮਾਲ ਕਰ ਦਿੱਤਾ।

ਉਨ੍ਹਾਂ ਕਿਹਾ, "ਸਾਨੂੰ ਇਹ ਗੱਲ ਸਵੀਕਾਰ ਕਰਨੀ ਪਏਗੀ ਕਿ ਜਿੱਥੇ ਇੰਨੇ ਬੱਲੇਬਾਜ਼ ਸੰਘਰਸ਼ ਕਰ ਰਹੇ ਸਨ, ਉੱਥੇ ਈਸ਼ਾਨ ਕਿਸ਼ਨ ਨੇ ਕਮਾਲ ਦੀ ਖੇਡ ਦਿਖਾਈ। ਅਸੀਂ ਹੋਰ ਖਿਡਾਰੀਆਂ ਦੀ ਗੱਲ ਕਰਦੇ ਰਹੇ, ਅਭਿਸ਼ੇਕ ਸ਼ਰਮਾ ਦੀ ਗੱਲ ਕਰਦੇ ਰਹੇ। ਪਰ ਮੈਚ ਦੇ ਹੀਰੋ ਈਸ਼ਾਨ ਕਿਸ਼ਨ ਹੀ ਰਹੇ।"

ਖੇਡ ਪੱਤਰਕਾਰ ਬੋਰਿਆ ਮਜੂਮਦਾਰ ਨੇ ਕਿਹਾ ਕਿ ਹੁਣ ਤਮਾਮ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਈਸ਼ਾਨ ਕਿਸ਼ਨ ਇੱਕ ਬਿਹਤਰ ਕ੍ਰਿਕਟਰ ਬਣ ਗਏ ਹਨ।

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ 'ਚ ਕਿਹਾ, "ਈਸ਼ਾਨ ਕਿਸ਼ਨ ਨੂੰ ਖੁਦ ਨੂੰ ਗਹਿਰਾਈ ਨਾਲ ਸਮਝਣਾ ਪਿਆ ਅਤੇ ਨਵੇਂ ਸਿਰਿਓਂ ਪਛਾਣਨਾ ਪਿਆ। ਟਿਕੇ ਰਹਿਣ ਲਈ ਉਨ੍ਹਾਂ ਨੂੰ ਆਪਣੀ ਅਸਲੀ ਪਛਾਣ ਖੋਜਣੀ ਪਈ।"

"ਹੁਣ ਉਹ ਇੱਕ ਬਿਹਤਰ ਇਨਸਾਨ ਹਨ, ਦੁਨੀਆ ਦਾ ਸਾਹਮਣਾ ਕਰਨ ਲਈ ਹੋਰ ਬਿਹਤਰ ਰੂਪ ਨਾਲ ਤਿਆਰ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)