'ਨਾ ਪੁੱਤ ਬਚਿਆ, ਨਾ ਜ਼ਮੀਨ', ਹੜ੍ਹਾਂ ਦੌਰਾਨ ਸਤਲੁਜ ਦਰਿਆ 'ਚ ਰੁੜੀ ਜ਼ਮੀਨ ਨੇ ਕਿਵੇਂ ਰਾਜਬੀਰ ਕੌਰ ਦੀ ਜ਼ਿੰਦਗੀ ਦਾ ਆਖਰੀ ਸਹਾਰਾ ਵੀ ਖੋਹ ਲਿਆ

- ਲੇਖਕ, ਕੁਲਦੀਪ ਬਰਾੜ
- ਰੋਲ, ਬੀਬੀਸੀ ਸਹਿਯੋਗੀ
- ਪੜ੍ਹਨ ਦਾ ਸਮਾਂ: 5 ਮਿੰਟ
'ਜੋ ਵੀ ਕਮਾਈ ਕਰ ਕੇ ਲਿਆਂਦਾ ਸੀ, ਮੇਰੇ ਹੱਥ 'ਤੇ ਰੱਖਦਾ ਸੀ। ਅਚਾਨਕ ਹੀ ਥੋੜ੍ਹੇ ਦਿਨਾਂ 'ਚ ਬਿਮਾਰ ਹੋਇਆ ਤੇ ਥੋੜ੍ਹੇ ਦਿਨਾਂ 'ਚ ਚਲਿਆ ਗਿਆ। ਕਹਿੰਦਾ ਸੀ ਵੱਡਾ ਟਰੈਕਟਰ ਲੈ ਲੈਣਾ ਤੇ ਹੋਰ ਜ਼ਮੀਨ ਲੈ ਲੈਣੀ ਆ, ਵਾਹੀ ਕਰਨੀ ਆਂ ਮੈਂ। ਸਾਰਾ ਕੁਝ ਮੇਰੇ ਪੁੱਤ ਦੇ ਨਾਲ ਸੀ, ਹੁਣ ਤਾਂ ਕੁਝ ਵੀ ਨਹੀਂ ਰਹਿ ਗਿਆ।'
ਭਾਵੁਕ ਹੁੰਦੇ ਹੋਏ ਰਾਜਬੀਰ ਕੌਰ ਦੱਸਦੇ ਹਨ ਕਿ ਕਿਵੇਂ ਪਹਿਲਾਂ ਉਨ੍ਹਾਂ ਦੇ ਪਤੀ ਦੀ ਮੌਤ ਹੋਈ, ਫਿਰ ਪੁੱਤ ਗਿਆ ਅਤੇ ਹੜ੍ਹਾਂ ਦੌਰਾਨ ਸਤਲੁਜ ਦਰਿਆ ਵੀ ਉਨ੍ਹਾਂ ਦੀ ਜ਼ਮੀਨ ਰੋੜ ਕੇ ਲੈ ਗਿਆ।
ਰਾਜਬੀਰ ਕੌਰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਜਤਾਲਾ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੀ ਤਿੰਨ ਏਕੜ ਜ਼ਮੀਨ ਨੇੜਲੇ ਪਿੰਡ ਰਾਜਾ ਰਾਏ ਵਿੱਚ ਹੈ, ਜਿੱਥੋਂ ਦੀ ਹੁਣ ਸਤਲੁਜ ਦਰਿਆ ਵਹਿ ਰਿਹਾ ਹੈ।
ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਤੀ ਦੀ ਮੌਤ 2017 ਵਿੱਚ ਇੱਕ ਐਕਸੀਡੈਂਟ ਦੇ ਕਾਰਨ ਹੋਈ ਸੀ।
'ਗੁਜ਼ਾਰਾ ਰੱਬ ਆਸਰੇ ਹੀ ਹੈ'
ਰਾਜਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ 24 ਸਾਲ ਦੇ ਪੁੱਤਰ ਦੇ ਇਲਾਜ ਲਈ ਘਰ-ਬਾਰ ਵੇਚ ਵੱਟ ਦਿੱਤਾ ਤੇ ਫਿਰ ਵੀ ਪੁੱਤਰ ਨੂੰ ਬਚਾਅ ਨਹੀਂ ਸਕੇ ਅਤੇ ਹੁਣ ਉਹ ਕਿਰਾਏ ਦੇ ਮਕਾਨ ਉੱਪਰ ਰਹਿ ਰਹੇ ਹਨ।
ਉਨ੍ਹਾਂ ਦੀਆਂ ਮੁਸੀਬਤਾਂ ਇੱਥੇ ਹੀ ਖਤਮ ਨਹੀਂ ਹੋਈਆਂ।
ਤਿੰਨ ਏਕੜ ਜ਼ਮੀਨ ਦੀ ਮਾਲਕ ਰਾਜਬੀਰ ਕੌਰ ਦੱਸਦੇ ਹਨ ਕਿ ਉਨ੍ਹਾਂ ਦੀ ਜ਼ਮੀਨ ਸਤਲੁਜ ਵਿੱਚ ਆਏ ਹੜ੍ਹਾਂ ਕਾਰਨ ਦਰਿਆ ਰੋੜ ਕੇ ਲੈ ਗਿਆ ਅਤੇ ਉਥੋਂ ਦੀ ਸਤਲੁਜ ਦਰਿਆ ਦਾ ਵਹਾਅ ਸ਼ੁਰੂ ਹੋ ਗਿਆ ਹੈ।

"ਹੁਣ ਦੂਰ-ਦੂਰ ਤੱਕ ਇਹ ਵੀ ਪਤਾ ਨਹੀਂ ਚੱਲਦਾ ਕਿ ਸਾਡੀ ਜ਼ਮੀਨ ਕਿਸ ਜਗ੍ਹਾ ਉੱਪਰ ਸੀ।"
ਤਿੰਨ ਏਕੜ ਜ਼ਮੀਨ ਦੀ ਮਾਲਕ ਹੋਣ ਦੇ ਬਾਵਜੂਦ ਰਾਜਬੀਰ ਕੌਰ ਨੂੰ ਰੋਟੀ ਲਈ ਜੱਦੋਜਹਿਦ ਕਰਨੀ ਪੈਂਦੀ ਹੈ।
ਉਹ ਆਪਣੇ ਪੁੱਤਰ ਅਰਸ਼ਦੀਪ ਬਾਰੇ ਦੱਸਦੇ ਹਨ ਕਿ ਉਸਨੂੰ ਬਿਮਾਰ ਹੋਣ 'ਤੇ ਡੀਐੱਮਸੀ ਹਸਪਤਾਲ ਲੁਧਿਆਣਾ ਵਿੱਚ ਦਾਖਲ ਕਰਵਾਇਆ ਗਿਆ ਸੀ।
"ਘਰ ਦੀ ਸਾਰੀ ਪੂੰਜੀ ਵੇਜ ਵੱਟ ਕੇ ਉਸਦੇ ਇਲਾਜ ਉੱਪਰ ਲਗਾਈ ਗਈ ਸੀ। ਪਰ ਫਿਰ ਵੀ ਪੁੱਤਰ ਨੂੰ ਬਚਾ ਨਹੀਂ ਸਕੀ ਉਸ ਦੀ ਲਾਸ਼ ਹੀ ਘਰ ਵਾਪਸ ਆਈ ਸੀ।"
ਰਾਜਬੀਰ ਕੌਰ ਆਪਣੀ ਜ਼ਮੀਨ ਬਾਰੇ ਦੱਸਦੇ ਹਨ ਕਿ ਉਹ ਦਰਿਆ ਦੇ ਕੰਢੇ ਉੱਪਰ ਸੀ ਅਤੇ ਸਤਲੁਜ ਦਰਿਆ ਵਿੱਚ ਹੜ੍ਹ ਦਾ ਪਾਣੀ ਆਉਣ ਕਾਰਨ ਉਹ ਦਰਿਆ ਵਿੱਚ ਰੁੜ ਗਈ।
"ਹੁਣ ਕੁਝ ਵੀ ਨਹੀਂ ਬਚਿਆ ਨਾ ਪੁੱਤਰ ਨਾ ਜ਼ਮੀਨ। ਹੁਣ ਭਵਿੱਖ ਵਿੱਚ ਜ਼ਮੀਨ ਤੇ ਫਸਲ ਹੋਣ ਦੀ ਵੀ ਕੋਈ ਆਸ ਉਮੀਦ ਨਹੀਂ ਹੈ।"
ਰਾਜਬੀਰ ਕੌਰ 2023 ਵਿੱਚ ਆਏ ਹੜ੍ਹਾਂ ਬਾਰੇ ਦੱਸਦੇ ਹਨ ਕਿ ਉਨ੍ਹਾਂ ਦੇ ਬੇਟੇ ਨੇ ਉਸ ਵਕਤ ਵੀ ਆਪਣੀ ਜਮੀਨ ਨੂੰ ਪੱਧਰ ਕਰ ਕੇ ਫਸਲ ਬੀਜ ਲਈ ਸੀ।
"ਪਰ ਹੁਣ ਕੁਝ ਵੀ ਨਾ ਬਚਣ ਕਾਰਨ ਗੁਜ਼ਾਰਾ ਰੱਬ ਆਸਰੇ ਹੀ ਹੈ।"
ਰਿਸ਼ਤੇਦਾਰ ਕਿਵੇਂ ਕਰ ਰਹੇ ਹਨ ਮਦਦ

ਰਾਜਬੀਰ ਕੌਰ ਦੇ ਭਰਾ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਫਾਜ਼ਿਲਕਾ ਦੇ ਪਿੰਡ ਕਬੂਲਸ਼ਾਹ ਹਿਠਾੜ ਦੇ ਰਹਿਣ ਵਾਲੇ ਹਨ।
ਉਹ ਦੱਸਦੇ ਹਨ ਕਿ ਰਾਜਬੀਰ ਕੌਰ ਦੀ ਜ਼ਮੀਨ ਸਤਲੁਜ ਦਰਿਆ ਵਿੱਚ 20 ਫੁੱਟ ਡੂੰਘੀ ਰੁੜ ਗਈ ਹੈ ਅਤੇ ਉਹ ਹੁਣ ਸਿਰਫ ਇੱਕ ਨਾਮ ਦੀ ਹੀ ਜ਼ਮੀਨ ਹੈ।
"ਉਹ ਜ਼ਮੀਨ ਨਾ ਤਾਂ ਹੁਣ ਠੇਕੇ ਉੱਪਰ ਦਿੱਤੀ ਜਾ ਸਕਦੀ ਹੈ ਅਤੇ ਨਾ ਹੀ ਵੇਚੀ ਜਾ ਸਕਦੀ ਹੈ। ਕਿਉਂਕਿ ਸਾਰੀ ਜ਼ਮੀਨ ਢਹਿ ਢੇਰੀ ਹੋਣ ਕਾਰਨ ਉਸ ਦੀ ਨਿਸ਼ਾਨਦੇਹੀ ਕਰ ਕੇ ਉਸ ਨੂੰ ਲੱਭਣਾ ਹੀ ਇੱਕ ਵੱਡੀ ਚੁਣੌਤੀ ਹੈ।"
ਉਹ ਇਹ ਵੀ ਦੱਸਦੇ ਹਨ ਕਿ ਉਨ੍ਹਾਂ ਦੀ ਭੈਣ ਇੱਕ ਕਿਰਾਏ ਦੇ ਮਕਾਨ ਉੱਪਰ ਰਹਿੰਦੀ ਹੈ।
ਰਿਸ਼ਤੇਦਾਰਾਂ ਅਤੇ ਭੈਣ ਭਰਾਵਾਂ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਜਾਂਦੀ ਹੈ।
ਉਹ ਸਰਕਾਰ ਅਤੇ ਸੰਸਥਾਵਾਂ ਨੂੰ ਅਪੀਲ ਕਰਦੇ ਹਨ ਕਿ ਰਾਜਬੀਰ ਕੌਰ ਦੇ ਰਹਿਣ ਬਸੇਰੇ ਅਤੇ ਜ਼ਮੀਨ ਦਾ ਕੋਈ ਹੱਲ ਕੀਤਾ ਜਾਵੇ ਤਾਂ ਹੀ ਉਸ ਦੀ ਬਾਕੀ ਜ਼ਿੰਦਗੀ ਗੁਜ਼ਰ ਬਸਰ ਹੋ ਸਕਦੀ ਹੈ।
ਪਟਵਾਰੀ ਨੇ ਕੀ ਦੱਸਿਆ

ਮਾਲ ਵਿਭਾਗ ਦੇ ਪਟਵਾਰੀ ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪਿੰਡ ਦੋਨਾਂ ਮੱਤੜ, ਗੱਟੀ ਮੱਤੜ ਅਤੇ ਕੜਮਾ ਦਾ ਸਰਕਲ ਹੈ।
ਉਹ ਦੱਸਦੇ ਹਨ ਕਿ ਪਿੰਡ ਰਾਜਾ ਰਾਏ ਜਿੱਥੇ ਰਾਜਵੀਰ ਕੌਰ ਦੀ ਜ਼ਮੀਨ ਹੈ, ਉਥੋਂ ਦੇ 490 ਏਕੜ ਰਕਬਾ ਹੜ੍ਹਾਂ ਦੀ ਮਾਰ ਨਾਲ ਖਰਾਬ ਹੋਇਆ ਹੈ। ਇਸ ਤੋਂ ਇਲਾਵਾ ਗੱਟੀ ਮੱਤੜ ਤੇ ਦੋਨਾਂ ਮੱਤੜ ਪਿੰਡਾਂ ਦਾ ਰਕਬਾ ਵੀ ਸਤਲੁਜ ਦਰਿਆ ਦੇ ਕਾਰਨ ਖਰਾਬ ਹੋਇਆ ਹੈ।
ਗੁਰਸੇਵਕ ਸਿੰਘ ਇਹ ਵੀ ਦੱਸਦੇ ਹਨ ਕਿ ਸਰਕਾਰ ਵੱਲੋਂ ਫਸਲ ਦੇ ਖਰਾਬੇ ਲਈ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤਾ ਗਿਆ ਹੈ, ਜੋ ਕਿ ਲਗਭਗ ਸਾਰੇ ਕਿਸਾਨਾਂ ਨੂੰ ਮਿਲ ਚੁੱਕਿਆ ਹੈ।
ਜਿਨ੍ਹਾਂ ਖੇਤਾਂ ਵਿੱਚ ਰੇਤ ਸੀ, ਉਨ੍ਹਾਂ ਨੂੰ 'ਮੇਰਾ ਖੇਤ, ਮੇਰੀ ਰੇਤ' ਤਹਿਤ ਸਰਕਾਰ ਵੱਲੋਂ 7200 ਰੁਪਏ ਦਿੱਤਾ ਗਿਆ ਹੈ, ਜੋ ਕਿ ਕਿਸਾਨ ਉਸ ਰੇਤ ਨੂੰ 31 ਦਸੰਬਰ ਤੱਕ ਚੁੱਕ ਸਕਦੇ ਸਨ। ਇਸ ਤੋਂ ਇਲਾਵਾ ਸਰਕਾਰ ਦੀ ਹੋਰ ਕੋਈ ਵੀ ਸਕੀਮ ਨਹੀਂ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































