You’re viewing a text-only version of this website that uses less data. View the main version of the website including all images and videos.
ਡਿਮੋਨਾ: ਇਜ਼ਰਾਈਲ ਦਾ ਸੀਕ੍ਰੇਟ 'ਨਿਊਕਲੀਅਰ ਰਿਏਕਟਰ' ਕੀ ਹੈ, ਇਸ ਨੂੰ ਲੈ ਕੇ ਅਮਰੀਕਾ ਨੂੰ ਕੀ ਸੀ ਇਤਰਾਜ਼
- ਲੇਖਕ, ਵਲੀਦ ਬਦਰਾਨ
- ...ਤੋਂ, ਬੀਬੀਸੀ
- ਪੜ੍ਹਨ ਦਾ ਸਮਾਂ: 6 ਮਿੰਟ
ਇਜ਼ਰਾਇਲੀ ਐਂਬੂਲੈਂਸ ਸੇਵਾ ਨੇ ਘੋਸ਼ਣਾ ਕੀਤੀ ਕਿ ਦੱਖਣੀ ਇਜ਼ਰਾਈਲ ਦੇ ਸ਼ਹਿਰ ਡਿਮੋਨਾ ਵਿੱਚ ਈਰਾਨੀ ਹਮਲੇ ਨਾਲ ਦਰਜਨਾਂ ਲੋਕ ਜ਼ਖ਼ਮੀ ਹੋ ਗਏ ਹਨ।
ਇਹ ਘਟਨਾ ਉਸ ਚੇਤਾਵਨੀ ਤੋਂ ਬਾਅਦ ਹੋਈ ਕਿ ਈਰਾਨ ਇਜ਼ਰਾਈਲ ਵੱਲ ਮਿਜ਼ਾਇਲਾਂ ਦਾਗ ਸਕਦਾ ਹੈ।
ਡਿਮੋਨਾ, ਦੱਖਣੀ ਇਜ਼ਰਾਈਲ ਦੇ ਨੇਗੇਵ ਰੇਗਿਸਤਾਨ ਵਿੱਚ ਸਥਿਤ ਹੈ ਅਤੇ ਇੱਥੇ ਇੱਕ ਪ੍ਰਮੁੱਖ ਪਰਮਾਣੂ ਫੈਸਿਲਿਟੀ ਹੈ।
ਇਜ਼ਰਾਈਲ ਦੀ ਆਪਣੇ ਪਰਮਾਣੂ ਪ੍ਰੋਗਰਾਮ ਬਾਰੇ ਕੋਈ ਸਪਸ਼ਟ ਨੀਤੀ ਨਹੀਂ ਹੈ ਅਤੇ ਅਧਿਕਾਰਤ ਤੌਰ 'ਤੇ ਉਸ ਦਾ ਕਹਿਣਾ ਹੈ ਕਿ ਡਿਮੋਨਾ ਰਿਏਕਟਰ ਸਿਰਫ਼ ਰਿਸਰਚ ਲਈ ਹੈ।
ਇਜ਼ਰਾਈਲ ਨਾ ਤਾਂ ਪਰਮਾਣੂ ਹਥਿਆਰ ਰੱਖਣ ਦੀ ਪੁਸ਼ਟੀ ਕਰਦਾ ਹੈ ਅਤੇ ਨਾ ਹੀ ਇਸ ਦਾ ਖੰਡਨ ਕਰਦਾ ਹੈ। ਹਾਲਾਂਕਿ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਟਿਊਟ (ਸਿਪਰੀ) ਦੇ ਅਨੁਸਾਰ, ਇਜ਼ਰਾਈਲ ਕੋਲ ਲਗਭਗ 90 ਪਰਮਾਣੂ ਵਾਰਹੈਡ ਹਨ, ਜਿਸ ਨਾਲ ਉਹ ਮੱਧ-ਪੂਰਬ ਦਾ ਇਕਲੌਤਾ ਪਰਮਾਣੂ ਹਥਿਆਰਬੰਦ ਦੇਸ਼ ਬਣ ਜਾਂਦਾ ਹੈ।
ਡਿਮੋਨਾ ਖੇਤਰ ਵਿੱਚ ਹਮਲੇ ਦੀ ਇਹ ਖ਼ਬਰ ਉਸ ਵੇਲੇ ਸਾਹਮਣੇ ਆਈ ਜਦੋਂ ਈਰਾਨੀ ਅਧਿਕਾਰੀਆਂ ਨੇ ਪਹਿਲਾਂ ਘੋਸ਼ਣਾ ਕੀਤੀ ਸੀ ਕਿ ਉਨ੍ਹਾਂ ਦੀ ਨਤਾਂਜ਼ ਨਿਊਕਲੀਅਰ ਫੈਸਿਲਿਟੀ 'ਤੇ ਹਮਲੇ ਹੋਏ ਹਨ।
28 ਫ਼ਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ 'ਤੇ ਹਮਲੇ ਸ਼ੁਰੂ ਕੀਤੇ ਸਨ।
ਡਿਮੋਨਾ ਦਾ ਇਤਿਹਾਸ
ਹਾਲਾਂਕਿ ਇਜ਼ਰਾਈਲ ਨੇ ਕਦੇ ਅਧਿਕਾਰਤ ਤੌਰ 'ਤੇ ਪਰਮਾਣੂ ਹਥਿਆਰ ਹੋਣ ਦੀ ਗੱਲ ਸਵੀਕਾਰ ਨਹੀਂ ਕੀਤੀ, ਪਰ ਜ਼ਿਆਦਾਤਰ ਅੰਤਰਰਾਸ਼ਟਰੀ ਮੁਲਾਂਕਣ ਅਨੁਸਾਰ ਉਸਦੇ ਕੋਲ ਇਹ ਹਥਿਆਰ ਹਨ। ਉਸਦਾ ਪਰਮਾਣੂ ਪ੍ਰੋਗਰਾਮ ਦੁਨੀਆ ਦੇ ਸਭ ਤੋਂ ਗੁਪਤ ਹਥਿਆਰ ਪ੍ਰੋਗਰਾਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਇਜ਼ਰਾਈਲ ਨੇ ਪਰਮਾਣੂ ਅਪ੍ਰਸਾਰ ਸੰਧੀ 'ਤੇ ਹਸਤਾਖਰ ਨਹੀਂ ਕੀਤੇ ਹਨ। ਇਸ ਕਰਕੇ ਉਸ ਦੀਆਂ ਪਰਮਾਣੂ ਸਹੂਲਤਾਂ ਇੰਟਰਨੈਸ਼ਨਲ ਐਟਾਮਿਕ ਐਨਰਜੀ ਏਜੰਸੀ ਦੀ ਵਿਆਪਕ ਨਿਗਰਾਨੀ ਪ੍ਰਣਾਲੀ ਦੇ ਅਧੀਨ ਨਹੀਂ ਆਉਂਦੀਆਂ।
ਡਿਮੋਨਾ ਰਿਏਕਟਰ ਨੇ 1960 ਦੇ ਦਹਾਕੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਉਦੋਂ ਤੋਂ ਹੀ ਇਜ਼ਰਾਈਲ ਦੀ ਪਰਮਾਣੂ ਸਮਰੱਥਾ ਦਾ ਅੰਦਾਜ਼ਾ ਕਾਫ਼ੀ ਹੱਦ ਤੱਕ ਅਨਿਸ਼ਚਿਤ ਰਿਹਾ ਹੈ।
1980 ਦੇ ਦਹਾਕੇ ਵਿੱਚ ਕੁਝ ਜਾਣਕਾਰੀ ਉਸ ਵੇਲੇ ਸਾਹਮਣੇ ਆਈ ਜਦੋਂ ਸਾਬਕਾ ਟੈਕਨੀਸ਼ੀਅਨ ਮੋਰਦਖਾਈ ਵਾਨੂਨੂ ਨੇ ਇੱਕ ਬ੍ਰਿਟਿਸ਼ ਅਖ਼ਬਾਰ ਨੂੰ ਕਥਿਤ ਤੌਰ 'ਤੇ ਇਜ਼ਰਾਇਲੀ ਪਰਮਾਣੂ ਹਥਿਆਰਾਂ ਦੀਆਂ ਤਸਵੀਰਾਂ ਅਤੇ ਵੇਰਵੇ ਦਿੱਤੇ।
ਇਸ ਤੋਂ ਬਾਅਦ ਇਸਰਾਇਲ ਦੇ ਪਰਮਾਣੂ ਭੰਡਾਰ ਦੇ ਮੁਲਾਂਕਣ (ਕਿ ਉਸ ਕੋਲ ਕਿੰਨੇ ਪਰਮਾਣੂ ਹਥਿਆਰ ਹਨ) ਵਿੱਚ ਬਦਲਾਅ ਆਇਆ। ਦੱਸਿਆ ਗਿਆ ਕਿ ਸਾਲ 2003 ਵਿੱਚ ਇਜ਼ਰਾਈਲ ਕੋਲ ਘੱਟੋ-ਘੱਟ 100 ਅਤੇ ਸੰਭਵ ਤੌਰ 'ਤੇ 200 ਤੱਕ ਪਰਮਾਣੂ ਵਾਰਹੈਡ ਹਨ।
ਇਹ ਵੀ ਸਪਸ਼ਟ ਪ੍ਰਮਾਣ ਨਹੀਂ ਹੈ ਕਿ ਇਜ਼ਰਾਈਲ ਨੇ ਕਦੇ ਅਧਿਕਾਰਤ ਪਰਮਾਣੂ ਪਰੀਖਣ ਕੀਤਾ ਹੋਵੇ, ਪਰ ਕੁਝ ਖੋਜਕਰਤਾਵਾਂ ਦਾ ਮੰਨਣਾ ਹੈ ਕਿ 1979 ਵਿੱਚ ਦੱਖਣੀ ਹਿੰਦ ਮਹਾਸਾਗਰ ਵਿੱਚ ਹੋਇਆ ਸ਼ਕੀ ਪਰਮਾਣੂ ਵਿਸਫੋਟ ਸ਼ਾਇਦ ਇਜ਼ਰਾਈਲ ਦਾ ਪਰਮਾਣੂ ਪਰੀਖਣ ਹੋ ਸਕਦਾ ਹੈ।
ਇਹ ਵੀ ਅਨੁਮਾਨ ਲਗਾਇਆ ਜਾਂਦਾ ਹੈ ਕਿ ਇਹ ਪਰੀਖਣ ਦੱਖਣੀ ਅਫ਼ਰੀਕਾ ਨਾਲ ਮਿਲ ਕੇ ਕੀਤਾ ਗਿਆ ਹੋਵੇ, ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ।
1948 ਵਿੱਚ ਇਜ਼ਰਾਈਲ ਦੀ ਸਥਾਪਨਾ ਤੋਂ ਕੁਝ ਹੀ ਸਮੇਂ ਬਾਅਦ, ਉਸਦੇ ਕੁਝ ਆਗੂਆਂ ਨੇ ਪਰਮਾਣੂ ਸਮਰੱਥਾਵਾਂ ਦੇ ਵਿਕਾਸ ਵਿੱਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਨੇ ਇਸ ਨੂੰ ਉਹ ਟੀਚਾ ਹਾਸਲ ਕਰਨ ਦਾ ਇੱਕ ਸਾਧਨ ਮੰਨਿਆ, ਜਿਸ ਨੂੰ ਉਨ੍ਹਾਂ ਨੇ 'ਅੰਤਿਮ ਪ੍ਰਤੀਰੋਧਕ ਸਮਰੱਥਾ' (ਫ਼ਾਈਨਲ ਡਿਟਰੈਂਸ) ਕਿਹਾ ਸੀ।
1952 ਵਿੱਚ ਇਜ਼ਰਾਈਲ ਐਟਾਮਿਕ ਐਨਰਜੀ ਕਮਿਸ਼ਨ ਦੀ ਸਥਾਪਨਾ ਕੀਤੀ ਗਈ, ਜਿਸ ਨੇ ਫੌਜੀ ਨਾਲ ਨਜ਼ਦੀਕੀ ਤਾਲਮੇਲ ਨਾਲ ਕੰਮ ਕੀਤਾ।
1953 ਤੱਕ ਇਜ਼ਰਾਈਲ ਨੇ ਨੇਗੇਵ ਰੇਗਿਸਤਾਨ ਵਿੱਚ ਮੌਜੂਦ ਫਾਸਫੇਟ ਤੋਂ ਯੂਰੇਨਿਅਮ ਕੱਢਣਾ ਸ਼ੁਰੂ ਕਰ ਦਿੱਤਾ ਸੀ।
ਇਸਦੇ ਨਾਲ-ਨਾਲ ਉਸ ਨੇ ਪਰਮਾਣੂ ਪ੍ਰੋਗਰਾਮ ਲਈ ਲੋੜੀਂਦੀ ਬੁਨਿਆਦੀ ਸਮੱਗਰੀ ਦੇ ਉਤਪਾਦਨ ਨਾਲ ਸੰਬੰਧਿਤ ਤਕਨੀਕੀ ਸਮਰੱਥਾਵਾਂ ਵੀ ਵਿਕਸਿਤ ਕੀਤੀਆਂ।
ਅੰਤਰਰਾਸ਼ਟਰੀ ਸੁਰੱਖਿਆ ਮਾਮਲਿਆਂ ਦੇ ਕੁਝ ਖੋਜਕਰਤਾਵਾਂ ਦੇ ਅਨੁਸਾਰ, ਪਿਛਲੀ ਸਦੀ ਦੇ ਪੰਜਾਹ ਦੇ ਦਹਾਕੇ ਦੇ ਅੰਤ ਵਿੱਚ ਫ੍ਰਾਂਸ ਅਤੇ ਇਜ਼ਰਾਈਲ ਵਿਚਕਾਰ ਇੱਕ ਗੁਪਤ ਸਮਝੌਤਾ ਹੋਇਆ, ਜਿਸ ਦੇ ਨਤੀਜੇ ਵਜੋਂ ਨੇਗੇਵ ਰੇਗਿਸਤਾਨ ਵਿੱਚ ਡਿਮੋਨਾ ਪਰਮਾਣੂ ਰਿਏਕਟਰ ਦਾ ਨਿਰਮਾਣ ਕੀਤਾ ਗਿਆ।
ਜਦੋਂ ਅਮਰੀਕਾ ਨੇ ਜਤਾਈ ਚਿੰਤਾ
ਸ਼ੁਰੂ ਵਿੱਚ ਡਿਮੋਨਾ ਕੰਪਲੈਕਸ ਨੂੰ ਕੱਪੜੇ ਦੀ ਫੈਕਟਰੀ, ਖੇਤੀਬਾੜੀ ਸਟੇਸ਼ਨ ਅਤੇ ਖਣਿਜ ਖੋਜ ਕੇਂਦਰ ਵਜੋਂ ਪੇਸ਼ ਕੀਤਾ ਗਿਆ, ਪਰ 1960 ਵਿੱਚ ਇਜ਼ਰਾਈਲ ਦੇ ਤਤਕਾਲੀ ਪ੍ਰਧਾਨ ਮੰਤਰੀ ਡੇਵਿਡ ਬੇਨ-ਗੁਰਿਯਨ ਨੇ ਇਸ ਨੂੰ 'ਸ਼ਾਂਤੀਪੂਰਣ ਉਦੇਸ਼ਾਂ' ਲਈ ਬਣਿਆ ਪਰਮਾਣੂ ਖੋਜ ਕੇਂਦਰ ਦੱਸਿਆ।
ਇਸ ਤੋਂ ਪਹਿਲਾਂ, 1958 ਵਿੱਚ ਅਮਰੀਕੀ ਯੂ-2 ਜਾਸੂਸੀ ਜਹਾਜ਼ਾਂ ਤੋਂ ਲਈਆਂ ਗਈਆਂ ਤਸਵੀਰਾਂ ਵਿੱਚ ਡਿਮੋਨਾ ਵਿੱਚ ਰਿਏਕਟਰ ਦੇ ਨਿਰਮਾਣ ਦਾ ਪਤਾ ਲੱਗਣ ਤੋਂ ਬਾਅਦ, ਅਮਰੀਕਾ ਨੇ ਚਿੰਤਾ ਜਤਾਈ ਸੀ।
ਪਿਛਲੀ ਸਦੀ ਦੇ ਸੱਠ ਦੇ ਦਹਾਕੇ ਵਿੱਚ ਅਮਰੀਕੀ ਨਿਰੀਖਕਾਂ ਨੇ ਇਸ ਕੰਪਲੈਕਸ ਦਾ ਕਈ ਵਾਰ ਦੌਰਾ ਕੀਤਾ, ਪਰ ਉਹ ਉੱਥੇ ਚੱਲ ਰਹੀਆਂ ਗਤੀਵਿਧੀਆਂ ਦੀ ਪੂਰੀ ਤਸਵੀਰ ਪ੍ਰਾਪਤ ਨਹੀਂ ਕਰ ਸਕੇ।
ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਇਜ਼ਰਾਈਲ ਨੇ ਕੰਪਲੈਕਸ ਦੇ ਕੁਝ ਹਿੱਸਿਆਂ ਨੂੰ ਲੁਕਾਉਣ ਲਈ ਨਕਲੀ ਕੰਟਰੋਲ ਪੈਨਲ ਅਤੇ ਬੰਦ ਗਲਿਆਰਿਆਂ ਵਰਗੀਆਂ ਵਿਵਸਥਾਵਾਂ ਕੀਤੀਆਂ ਸਨ।
ਉਸ ਸਮੇਂ ਨਿਰੀਖਕਾਂ ਨੇ ਕਿਹਾ ਕਿ ਇੰਨੇ ਵੱਡੇ ਰਿਏਕਟਰ ਲਈ ਕੋਈ ਸਪਸ਼ਟ ਨਾਗਰਿਕ ਪਰਮਾਣੂ ਪ੍ਰੋਗਰਾਮ ਨਹੀਂ ਦਿੱਸਦਾ, ਜਿਸ ਨਾਲ ਹਥਿਆਰ ਤਿਆਰ ਦੀ ਸੰਭਾਵਨਾ ਦਾ ਸੰਕੇਤ ਮਿਲਦਾ ਹੈ।
1968 ਵਿੱਚ ਸੈਂਟ੍ਰਲ ਇੰਟੈਲੀਜੈਂਸ ਏਜੰਸੀ ਦੇ ਮੁਲਾਂਕਣ ਵਿੱਚ ਸਿੱਟਾ ਕੱਢਿਆ ਗਿਆ ਕਿ ਇਜ਼ਰਾਈਲ ਨੇ ਪਰਮਾਣੂ ਹਥਿਆਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
1986 ਵਿੱਚ ਮੋਰਦਖਾਈ ਵਾਨੂਨੂ ਨੇ 'ਦਿ ਸਨਡੇ ਟਾਈਮਜ਼' ਨੂੰ ਇਜ਼ਰਾਈਲ ਦੇ ਪਰਮਾਣੂ ਪ੍ਰੋਗਰਾਮ ਨਾਲ ਸੰਬੰਧਿਤ ਜਾਣਕਾਰੀ ਅਤੇ ਤਸਵੀਰਾਂ ਦਿੱਤੀਆਂ। ਇਸ ਨਾਲ ਇਹ ਧਾਰਣਾ ਮਜ਼ਬੂਤ ਹੋਈ ਕਿ ਇਜ਼ਰਾਈਲ ਕੋਲ ਪਰਮਾਣੂ ਹਥਿਆਰ ਹਨ।
ਬਾਅਦ ਵਿੱਚ ਇੱਕ ਮਹਿਲਾ, ਜੋ ਕਥਿਤ ਤੌਰ 'ਤੇ ਇਜ਼ਰਾਇਲੀ ਏਜੰਟ ਸੀ, ਉਨ੍ਹਾਂ ਨੂੰ ਲੰਡਨ ਤੋਂ ਰੋਮ ਲੈ ਗਈ, ਜਿੱਥੇ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਦੇ ਕੇ ਗੁਪਤ ਤੌਰ 'ਤੇ ਇਜ਼ਰਾਈਲ ਲਿਜਾਇਆ ਗਿਆ।
ਉਨ੍ਹਾਂ 'ਤੇ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਇਆ ਗਿਆ ਅਤੇ 18 ਸਾਲ ਦੀ ਸਜ਼ਾ ਦਿੱਤੀ ਗਈ।
ਸਾਬਕਾ ਪ੍ਰਧਾਨ ਮੰਤਰੀ ਸ਼ਿਮੋਨ ਪੇਰੇਸ ਨੇ ਕਿਹਾ ਸੀ ਕਿ ਵਾਨੂਨੂ ਨੇ ਜੋ ਸੀਕ੍ਰੇਟ ਲੀਕ ਕੀਤੇ, ਉਨ੍ਹਾਂ ਕਾਰਨ ਇਜ਼ਰਾਈਲ ਦੀ ਸੁਰੱਖਿਆ ਨੂੰ ਗੰਭੀਰ ਨੁਕਸਾਨ ਹੋਇਆ।
ਅਰਬ ਦੇਸ਼ਾਂ ਦੀ ਚਿੰਤਾ
ਮੱਧ ਪੂਰਬ ਦੇ ਕਈ ਦੇਸ਼ਾਂ ਨੇ ਇਜ਼ਰਾਈਲ ਦੇ ਸੰਭਾਵਿਤ ਪਰਮਾਣੂ ਪ੍ਰੋਗਰਾਮ 'ਤੇ ਚਿੰਤਾ ਜਤਾਈ ਹੈ।
ਕੁਝ ਦੇਸ਼ਾਂ ਨੇ ਅਮਰੀਕਾ 'ਤੇ ਦੋਹਰੇ ਮਾਪਦੰਡ ਅਪਣਾਉਣ ਦਾ ਇਲਜ਼ਾਮ ਲਗਾਇਆ ਹੈ ਕਿ ਇੱਕ ਪਾਸੇ ਜਿੱਥੇ ਉਹ ਇਜ਼ਰਾਈਲ ਦੇ ਪ੍ਰੋਗਰਾਮ ਨੂੰ ਨਜ਼ਰਅੰਦਾਜ਼ ਕਰਦਾ ਹੈ, ਉੱਥੇ ਹੀ ਈਰਾਨ, ਇਰਾਕ ਅਤੇ ਸੀਰੀਆ ਨੂੰ ਖ਼ਤਰਾ ਦੱਸਦਾ ਹੈ।
ਸਾਲ 2004 ਵਿੱਚ ਮੁਹੰਮਦ ਅਲਬਰਾਦੇਈ ਆਈਏਈਏ ਦੇ ਡਾਇਰੈਕਟਰ ਜਨਰਲ ਸਨ। ਉਨ੍ਹਾਂ ਨੇ ਇਜ਼ਰਾਈਲ ਨੂੰ ਅਪੀਲ ਕੀਤੀ ਸੀ ਕਿ ਉਹ ਪਰਮਾਣੂ ਅਪ੍ਰਸਾਰ ਸੰਧੀ ਵਿੱਚ ਸ਼ਾਮਲ ਹੋ ਜਾਵੇ ਅਤੇ ਆਪਣੇ ਪਰਮਾਣੂ ਹਥਿਆਰ ਛੱਡ ਦੇਵੇ।
ਉਨ੍ਹਾਂ ਦਾ ਮੰਨਣਾ ਸੀ ਕਿ ਇਸ ਨਾਲ ਮੱਧ ਪੂਰਬ ਵਿੱਚ ਸ਼ਾਂਤੀ ਨੂੰ ਮਜ਼ਬੂਤੀ ਮਿਲ ਸਕਦੀ ਹੈ।
ਅਲਬਰਾਦੇਈ ਨੇ ਚੇਤਾਵਨੀ ਦਿੱਤੀ ਸੀ ਕਿ ਇਹ ਧਾਰਣਾ ਕਿ ਪਰਮਾਣੂ ਹਥਿਆਰ ਇਜ਼ਰਾਈਲ ਨੂੰ ਹੋਰ ਸੁਰੱਖਿਅਤ ਬਣਾਉਂਦੇ ਹਨ, ਭਰਮਾਉਣ ਵਾਲੀ ਹੋ ਸਕਦੀ ਹੈ। ਸਗੋਂ ਉਲਟਾ ਇਸ ਨਾਲ ਖੇਤਰ ਦੇ ਹੋਰ ਦੇਸ਼ਾਂ ਵਿੱਚ ਅਸੁਰੱਖਿਆ ਦੀ ਭਾਵਨਾ ਵੱਧ ਸਕਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ