You’re viewing a text-only version of this website that uses less data. View the main version of the website including all images and videos.
ਧੁਰੰਧਰ ਦੇ ਰਣਵੀਰ ਸਿੰਘ ਦੀ ਦਾਦੀ ਕੌਣ ਸਨ ਜਿਨ੍ਹਾਂ ਨੂੰ 'ਡਾਂਸਿੰਗ ਲਿਲੀ ਆਫ਼ ਪੰਜਾਬ' ਕਿਹਾ ਜਾਂਦਾ ਸੀ
- ਲੇਖਕ, ਵੰਦਨਾ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 7 ਮਿੰਟ
ਰਣਵੀਰ ਸਿੰਘ ਦੀ ਫ਼ਿਲਮ 'ਧੁਰੰਧਰ' ਨੇ ਪਿਛਲੇ ਸਾਲ ਜ਼ਬਰਦਸਤ ਧੂਮ ਮਚਾਈ ਸੀ ਅਤੇ ਹੁਣ 'ਧੁਰੰਧਰ ਪਾਰਟ-2' ਪਰਦੇ 'ਤੇ ਆ ਚੁੱਕੀ ਹੈ। ਇਸ ਦੇ ਨਿਰਦੇਸ਼ਕ ਵੀ ਆਦਿਤਿਆ ਧਰ ਹਨ।
ਫ਼ਿਲਮ ਦਾ ਇੱਕ ਸੀਨ ਹੈ ਜਿੱਥੇ ਰਣਵੀਰ ਸਿੰਘ ਦੇ ਕਿਰਦਾਰ ਤੋਂ ਅਕਸ਼ੈ ਖੰਨਾ ਜਾਂ ਕਹੀਏ ਰਹਿਮਾਨ ਡਕੈਤ ਦਾ ਭਰਾ ਪੁੱਛਦਾ ਹੈ - ਕਿੱਥੋਂ ਆਇਆ?
ਰਣਵੀਰ ਜਵਾਬ ਦਿੰਦਾ ਹੈ, ਖਰੋਟਾਬਾਦ, ਕਵੇਟਾ। ਨਾਮ - ਹਮਜ਼ਾ ਅਲੀ ਮਜ਼ਾਰੀ।
ਫ਼ਿਲਮ ਵਿੱਚ ਰਣਵੀਰ ਇੱਕ ਭਾਰਤੀ ਏਜੰਟ ਵਜੋਂ ਪਾਕਿਸਤਾਨ ਜਾਂਦੇ ਹਨ ਜਿੱਥੇ ਉਹ ਪਾਕਿਸਤਾਨੀ ਨਾਗਰਿਕ ਬਣ ਕੇ ਰਹਿੰਦੇ ਹਨ।
ਅਸਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਦੀਆਂ ਪਰਿਵਾਰਕ ਤਾਰਾਂ ਵਾਕਈ ਪਾਕਿਸਤਾਨ ਨਾਲ ਜੁੜੀਆਂ ਹੋਈਆਂ ਹਨ।
ਇਹ ਰਿਸ਼ਤਾ ਸਮਝਣ ਲਈ 1940 ਦੇ ਦਹਾਕੇ ਵਿੱਚ ਜਾਣਾ ਪਵੇਗਾ ਜਦੋਂ ਅਣਵੰਡੇ ਭਾਰਤ ਦੇ ਪੰਜਾਬ ਵਿੱਚ ਈਸਾਈ ਧਰਮ ਨੂੰ ਮੰਨਣ ਵਾਲਾ ਬਰਕ ਪਰਿਵਾਰ ਰਹਿੰਦਾ ਸੀ। ਉਹ ਪਿੰਡ ਹੁਣ ਪਾਕਿਸਤਾਨ ਵਿੱਚ ਹੈ।
ਇਸ ਪਰਿਵਾਰ ਦਾ ਹਿੱਸਾ ਸਨ ਨੌਜਵਾਨ ਸੈਮੂਅਲ ਮਾਰਟਿਨ ਬਰਕ, ਜੋ ਬਾਅਦ ਵਿੱਚ 11 ਦੇਸ਼ਾਂ ਵਿੱਚ ਪਾਕਿਸਤਾਨ ਦੇ ਰਾਜਦੂਤ ਬਣੇ ਅਤੇ ਉਨ੍ਹਾਂ ਦੀ ਭੈਣ ਚਾਂਦ ਬਰਕ ਪੰਜਾਬੀ ਤੇ ਹਿੰਦੀ ਫ਼ਿਲਮਾਂ ਵਿੱਚ ਸਹਾਇਕ ਅਦਾਕਾਰਾ ਬਣੀ - ਉਹੀ ਚਾਂਦ ਬਰਕ ਜੋ 'ਧੁਰੰਧਰ' ਦੇ ਸਟਾਰ ਰਣਵੀਰ ਸਿੰਘ ਦੀ ਦਾਦੀ ਹਨ।
ਸੈਮੂਅਲ ਮਾਰਟਿਨ ਬਰਕ ਬਾਰੇ ਜਾਣਨ ਦੀ ਭਾਲ ਮੈਨੂੰ ਲੰਡਨ ਵਿੱਚ ਵੱਸੀ ਉਨ੍ਹਾਂ ਦੀ ਧੀ ਨੋਏਲ ਪਾਰਸਨਸ ਤੱਕ ਲੈ ਗਈ।
ਰਿਸ਼ਤੇ ਵਿੱਚ ਰਣਵੀਰ ਦੀ ਦਾਦੀ ਦੇ ਭਰਾ ਯਾਨੀ ਸੈਮੂਅਲ ਮਾਰਟਿਨ ਬਰਕ ਦਾ ਜਨਮ ਪੰਜਾਬ ਵਿੱਚ ਨਨਕਾਣਾ ਸਾਹਿਬ ਨੇੜੇ ਮਾਰਟਿਨਪੁਰ ਪਿੰਡ ਵਿੱਚ 1906 ਵਿੱਚ ਹੋਇਆ ਸੀ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਨੋਏਲ ਪਾਰਸਨਸ ਨੇ ਦੱਸਿਆ, "ਵੰਡ ਵੇਲੇ ਕਿਸੇ ਇੱਕ ਮੁਲਕ ਨੂੰ ਚੁਣਨ ਦੀ ਕਸ਼ਮਕਸ਼ ਨੇ ਮੇਰੇ ਪਿਤਾ ਨੂੰ ਅੰਦਰ ਤੱਕ ਪ੍ਰਭਾਵਿਤ ਕੀਤਾ। ਉਨ੍ਹਾਂ ਦੇ ਮਨ ਵਿੱਚ ਇੰਨੀ ਜ਼ਿਆਦਾ ਦੁਵਿਧਾ ਸੀ ਕਿ ਮੇਰੇ ਪਿਤਾ ਅਣਵੰਡਿਆ ਭਾਰਤ ਅਤੇ ਨੌਕਰੀ ਛੱਡ ਕੇ ਇੰਗਲੈਂਡ ਚਲੇ ਗਏ ਸਨ।"
ਉੱਥੇ ਹੀ, ਰਣਵੀਰ ਸਿੰਘ ਦੀ ਦਾਦੀ ਚਾਂਦ ਬਰਕ ਵੰਡ ਤੋਂ ਬਾਅਦ ਉਸ ਵੇਲੇ ਦੇ ਬੰਬੇ (ਮੁੰਬਈ) ਆ ਗਈ।
ਭਾਰਤ ਅਤੇ ਪਾਕਿਸਤਾਨ ਵਿਚਕਾਰ ਚੁਣਨ ਦੀ ਦੁਵਿਧਾ
ਯਾਨੀ ਕਿ ਰਣਵੀਰ ਸਿੰਘ ਦੇ ਪਰਿਵਾਰ ਦੀਆਂ ਜੜ੍ਹਾਂ ਅਣਵੰਡੇ ਭਾਰਤ ਦੇ ਕਈ ਹਿੱਸਿਆਂ ਅਤੇ ਵਿਦੇਸ਼ਾਂ ਨਾਲ ਜੁੜੀਆਂ ਹੋਈਆਂ ਹਨ।
ਜਿਨ੍ਹਾਂ ਦਿਨਾਂ ਵਿੱਚ ਭਾਰਤ ਦੀ ਵੰਡ ਦੀ ਗੱਲ ਚੱਲ ਰਹੀ ਸੀ, ਤਾਂ 1946 ਵਿੱਚ ਸੈਮੂਅਲ ਮਾਰਟਿਨ ਬਰਕ ਪੰਜਾਬ ਵਿੱਚ ਪਹਿਲੇ ਇਲੈਕਸ਼ਨ ਪਟੀਸ਼ਨ ਕਮਿਸ਼ਨ ਦੇ ਚੇਅਰਮੈਨ ਸਨ, ਯਾਨੀ ਜੱਜ ਸਨ।
ਸੈਮੂਅਲ ਮਾਰਟਿਨ ਬਰਕ ਦੀ ਧੀ ਨੋਏਲ ਦੱਸਦੀ ਹੈ ਕਿ ਪਾਕਿਸਤਾਨ ਬਣਨਾ ਚਾਹੀਦਾ ਹੈ ਜਾਂ ਨਹੀਂ, ਇਸ 'ਤੇ ਬਹਿਸ ਜ਼ੋਰਾਂ 'ਤੇ ਸੀ ਅਤੇ ਕਮਿਸ਼ਨ ਵਿੱਚ ਜੋ ਲੋਕ ਪੈਰਵੀ ਕਰ ਰਹੇ ਸਨ, ਉਨ੍ਹਾਂ ਵਿੱਚ ਤਮਾਮ ਸਿਆਸੀ ਪਾਰਟੀਆਂ ਦੇ ਆਗੂ ਸ਼ਾਮਲ ਸਨ।
ਆਪਣੀ ਸਵੈ-ਜੀਵਨੀ 'ਏ ਲਾਈਫ਼ ਆਫ਼ ਫੁਲਫਿਲਮੈਂਟ' ਵਿੱਚ ਸੈਮੂਅਲ ਮਾਰਟਿਨ ਬਰਕ ਲਿਖਦੇ ਹਨ, "ਉਸ ਵੇਲੇ ਨਿਰਪੱਖ ਰਹਿਣ ਦਾ ਮੇਰੇ ਕੋਲ ਇੱਕੋ-ਇੱਕ ਤਰੀਕਾ ਸੀ ਕਿ ਮੈਂ ਇਹ ਗੱਲ ਸਾਫ਼ ਕਰ ਦਿੰਦਾ ਸੀ ਕਿ ਵੰਡ ਤੋਂ ਬਾਅਦ ਮੇਰਾ ਇਰਾਦਾ ਭਾਰਤ ਜਾਂ ਪਾਕਿਸਤਾਨ ਵਿੱਚੋਂ ਕਿਸੇ ਵੀ ਮੁਲਕ ਵਿੱਚ ਸਰਕਾਰੀ ਨੌਕਰੀ ਕਰਨ ਦਾ ਨਹੀਂ ਹੈ। ਸੇਵਾ-ਮੁਕਤੀ (ਰਿਟਾਇਰਮੈਂਟ) ਲੈਣਾ ਹੀ ਮੈਨੂੰ ਸਭ ਤੋਂ ਸਨਮਾਨਜਨਕ ਤਰੀਕਾ ਲੱਗਿਆ। ਇੰਡੀਅਨ ਸਿਵਲ ਸਰਵਿਸ ਤੋਂ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਦੀ ਗੁਜ਼ਾਰਿਸ਼ ਕਰਨ ਵਾਲਾ ਮੈਂ ਪਹਿਲਾ ਏਸ਼ੀਆਈ ਬਣ ਗਿਆ।"
"ਨਤੀਜਾ ਇਹ ਹੋਇਆ ਕਿ ਮੇਰੇ ਨਵੇਂ ਆਜ਼ਾਦ ਹੋਏ ਮੁਲਕ ਪਾਕਿਸਤਾਨ ਵਿੱਚ ਮੈਂ ਨਾ ਸਿਰਫ਼ ਬੇਰੁਜ਼ਗਾਰ ਹੋ ਗਿਆ, ਸਗੋਂ ਇਸਲਾਮਿਕ ਰਿਪਬਲਿਕ ਦੇਸ਼ ਵਿੱਚ ਮੈਂ ਇੱਕ ਛੋਟੇ ਜਿਹੇ ਘੱਟ-ਗਿਣਤੀ ਈਸਾਈ ਭਾਈਚਾਰੇ ਦਾ ਹਿੱਸਾ ਬਣ ਗਿਆ। ਜਦਕਿ ਅੰਗਰੇਜ਼ਾਂ ਦੇ ਰਾਜ ਦੌਰਾਨ ਮੈਂ ਇੰਡੀਅਨ ਸਿਵਲ ਸਰਵਿਸ ਵਿੱਚ ਜੱਜ ਸੀ।"
ਇਸ ਤਰ੍ਹਾਂ ਵੰਡ ਤੋਂ ਬਾਅਦ ਸੈਮੂਅਲ ਮਾਰਟਿਨ ਬਰਕ ਆਪਣੇ ਪਰਿਵਾਰ ਨੂੰ ਲੈ ਕੇ ਬ੍ਰਿਟੇਨ ਆ ਗਏ, ਜਦਕਿ ਬਾਕੀ ਭੈਣ-ਭਰਾ ਕੈਨੇਡਾ ਚਲੇ ਗਏ ਅਤੇ ਇੱਕ ਭੈਣ ਬੰਬੇ ਆ ਗਈ, ਜਿਸਦਾ ਨਾਮ ਚਾਂਦ ਸੀ।
ਪਾਕਿਸਤਾਨ ਛੱਡਣ ਤੋਂ ਬਾਅਦ ਪਾਕਿਸਤਾਨੀ ਰਾਜਦੂਤ ਕਿਵੇਂ ਬਣੇ
ਫਿਰ ਵੀ ਇੱਕ ਬੁਝਾਰਤ ਬਣੀ ਹੋਈ ਸੀ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ, ਅਤੇ ਆਪਣੀ ਨੌਕਰੀ ਛੱਡ ਕੇ ਬ੍ਰਿਟੇਨ ਜਾ ਵਸੇ ਸੈਮੂਅਲ ਫਿਰ ਪਾਕਿਸਤਾਨ ਦੇ ਰਾਜਦੂਤ ਕਿਵੇਂ ਬਣ ਗਏ।
ਨੋਏਲ ਪਾਰਸਨਸ ਦੱਸਦੀ ਹੈ ਕਿ ਵੰਡ ਵੇਲੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਜ਼ਫ਼ਰੁੱਲਾ ਖ਼ਾਨ ਇੱਕ ਤਰ੍ਹਾਂ ਨਾਲ ਉਨ੍ਹਾਂ ਦੇ ਗੌਡ-ਫਾਦਰ ਵਰਗੇ ਸਨ। ਉਨ੍ਹਾਂ ਨੇ ਹੀ ਸੈਮੂਅਲ ਮਾਰਟਿਨ ਬਰਕ ਨੂੰ ਮਨਾਇਆ ਅਤੇ ਉਨ੍ਹਾਂ ਤੋਂ ਪਾਕਿਸਤਾਨੀ ਵਿਦੇਸ਼ ਮੰਤਰਾਲਾ ਖੜ੍ਹਾ ਕਰਨ ਵਿੱਚ ਮਦਦ ਮੰਗੀ।
ਉਦੋਂ ਸੈਮੂਅਲ ਮਾਰਟਿਨ ਬਰਕ ਲੰਡਨ ਵਿੱਚ ਪਾਕਿਸਤਾਨੀ ਰਾਜਦੂਤ ਬਣੇ ਅਤੇ ਉੱਥੇ ਪਾਕਿਸਤਾਨੀ ਦੂਤਘਰ ਸਥਾਪਤ ਕੀਤਾ।
ਉੱਥੇ ਹੀ ਭੈਣ ਚਾਂਦ ਬਰਕ ਭਾਰਤ ਆ ਕੇ ਹਿੰਦੀ ਫ਼ਿਲਮਾਂ ਵਿੱਚ ਕੰਮ ਕਰਨ ਲੱਗ ਪਈ।
ਸੈਮੂਅਲ ਅਤੇ ਚਾਂਦ ਦੇ ਪਿਤਾ ਦਾ ਨਾਮ ਜਨਾਬ ਖ਼ੈਰੂਦੀਨ ਸੀ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਬਰਕ ਦੇ ਤਖੱਲਸ ਹੇਠ ਸ਼ਾਇਰੀ ਲਿਖਦੇ ਸਨ। ਨੋਏਲ ਮੁਤਾਬਕ ਪਰਿਵਾਰ ਨੇ ਈਸਾਈ ਧਰਮ ਅਪਣਾ ਲਿਆ ਸੀ।
2009 ਵਿੱਚ ਸੀਨੀਅਰ ਪੱਤਰਕਾਰ ਸਾਜਿਦਾ ਮੋਮਿਨ ਨੇ 103 ਸਾਲ ਦੇ ਸੈਮੂਅਲ ਮਾਰਟਿਨ ਬਰਕ ਨਾਲ ਮੁਲਾਕਾਤ ਕੀਤੀ ਸੀ।
ਬੀਬੀਸੀ ਨਾਲ ਗੱਲ ਕਰਦਿਆਂ ਸਾਜਿਦਾ ਮੋਮਿਨ ਨੇ ਸੈਮੂਅਲ ਮਾਰਟਿਨ ਬਰਕ ਨਾਲ ਜੁੜੇ ਕਈ ਕਿੱਸੇ ਸੁਣਾਏ।
ਸਾਜਿਦਾ ਦੱਸਦੀ ਹੈ, "ਸੈਮੂਅਲ ਮਾਰਟਿਨ ਕ੍ਰਿਕਟ ਦੇ ਬਹੁਤ ਸ਼ੌਕੀਨ ਸਨ। ਨੋਏਲ ਨੇ ਦੱਸਿਆ ਸੀ ਕਿ ਅਣਵੰਡੇ ਭਾਰਤ ਦੇ ਸਮੇਂ ਦੀ ਗੱਲ ਹੈ ਜਦੋਂ ਇੱਕ ਮੈਚ ਵਿੱਚ ਉਨ੍ਹਾਂ ਦੇ ਪਿਤਾ ਨੇ ਪਟਿਆਲਾ ਦੇ ਮਹਾਰਾਜਾ ਨੂੰ ਆਊਟ ਕਰ ਦਿੱਤਾ ਸੀ। ਪਰ ਅੰਪਾਇਰ ਨੇ ਅਜਿਹਾ ਵਿਹਾਰ ਕੀਤਾ ਜਿਵੇਂ ਕੁਝ ਦੇਖਿਆ ਹੀ ਨਾ ਹੋਵੇ ਕਿਉਂਕਿ ਉਹ ਮਹਾਰਾਜਾ ਤੋਂ ਡਰਦੇ ਸਨ। ਸੈਮੂਅਲ ਮਾਰਟਿਨ ਬਰਕ ਨੇ ਅੰਪਾਇਰ ਦੇ ਫੈਸਲੇ ਨੂੰ ਚੁਣੌਤੀ ਵੀ ਦਿੱਤੀ ਪਰ ਮਹਾਰਾਜਾ ਨੇ ਇੰਜ ਦੇਖਿਆ ਕਿ ਅੰਪਾਇਰ ਨੇ ਫੈਸਲਾ ਨਹੀਂ ਬਦਲਿਆ। ਸੈਮੂਅਲ ਨੇ ਮੁਹੰਮਦ ਅਲੀ ਜਿਨਾਹ ਅਤੇ ਲਿਆਕਤ ਅਲੀ ਖ਼ਾਨ ਨਾਲ ਵੀ ਨੇੜਿਓਂ ਕੰਮ ਕੀਤਾ ਸੀ।"
ਰਾਜ ਕਪੂਰ ਨੇ ਦਿੱਤਾ ਚਾਂਦ ਬਰਕ ਨੂੰ ਮੌਕਾ
ਕੀ ਨੋਏਲ ਪਾਰਸਨਸ ਆਪਣੀ ਭੂਆ ਅਤੇ ਰਣਵੀਰ ਦੀ ਦਾਦੀ ਚਾਂਦ ਤੋਂ ਜਾਣੂ ਹਨ? ਇਸ 'ਤੇ ਫੋਨ ਦੇ ਦੂਜੇ ਪਾਸੇ ਨੋਏਲ ਨੇ ਹੱਸਦਿਆਂ ਕਿਹਾ, "ਕਿਉਂ ਨਹੀਂ, ਸ਼ੀ ਵਾਜ਼ ਮਾਈ ਆਂਟ (ਉਹ ਮੇਰੀ ਭੂਆ ਸੀ)।"
ਚਾਂਦ ਦੀ ਪੁਰਾਣੀ ਤਸਵੀਰ ਨੂੰ ਪਲਟਦਿਆਂ, ਉਨ੍ਹਾਂ ਦੀ ਆਵਾਜ਼ ਦੀ ਖਣਕ ਅਤੇ ਚਿਹਰੇ ਦੀ ਮੁਸਕਾਨ ਨੂੰ ਮੈਂ ਬਿਨਾਂ ਦੇਖੇ ਵੀ ਮਹਿਸੂਸ ਕਰ ਪਾ ਰਹੀ ਸੀ।
'ਸਿਨੇਮਾਜ਼ੀ' ਭਾਰਤੀ ਫ਼ਿਲਮ ਇਤਿਹਾਸ ਨਾਲ ਜੁੜਿਆ ਇੱਕ ਡਾਕੂਮੈਂਟੇਸ਼ਨ ਪ੍ਰੋਜੈਕਟ ਹੈ ਜੋ ਖ਼ਾਸਕਰ ਬੀਤੇ ਜ਼ਮਾਨੇ ਦੇ ਕਲਾਕਾਰਾਂ ਨਾਲ ਜੁੜੀਆਂ ਚੀਜ਼ਾਂ ਨੂੰ ਆਰਕਾਈਵ ਕਰਦਾ ਹੈ।
ਸਿਨੇਮਾਜ਼ੀ ਦੀ ਸਹਿ-ਸੰਸਥਾਪਕ ਆਸ਼ਾ ਬੱਤਰਾ ਦੱਸਦੀ ਹੈ, "ਚਾਂਦ ਬਰਕ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਸੀ। ਉਹ ਲਾਹੌਰ ਵਿੱਚ ਬਣੀਆਂ ਫ਼ਿਲਮਾਂ ਵਿੱਚ ਕੰਮ ਕਰਦੀ ਸੀ। ਆਪਣੇ ਡਾਂਸ ਲਈ ਮਸ਼ਹੂਰ ਚਾਂਦ ਨੂੰ 'ਡਾਂਸਿੰਗ ਲਿਲੀ ਆਫ਼ ਪੰਜਾਬ' ਕਿਹਾ ਜਾਂਦਾ ਸੀ।"
ਆਸ਼ਾ ਬੱਤਰਾ ਦੱਸਦੀ ਹੈ ਕਿ ਵੰਡ ਤੋਂ ਬਾਅਦ ਚਾਂਦ ਕਈ ਸਾਲਾਂ ਤੱਕ ਗਾਇਬ ਹੀ ਹੋ ਗਈ ਸੀ, ਪਰ ਰਾਜ ਕਪੂਰ ਨੇ ਉਨ੍ਹਾਂ ਦੀ ਵਾਪਸੀ ਕਰਵਾਈ।
ਜੇਕਰ ਤੁਸੀਂ ਫ਼ਿਲਮ 'ਬੂਟ ਪਾਲਿਸ਼' ਦੇਖੀ ਹੈ ਤਾਂ ਉਸ ਬੇਰਹਿਮ, ਲਾਲਚੀ ਅਤੇ ਲਗਭਗ ਜ਼ਾਲਮ ਔਰਤ ਦੇ ਕਿਰਦਾਰ ਨੂੰ ਭੁੱਲਣਾ ਮੁਮਕਿਨ ਨਹੀਂ ਹੈ, ਜੋ ਦੋ ਨੰਨ੍ਹੇ ਯਤੀਮ ਬੱਚਿਆਂ 'ਤੇ ਹੱਦ ਦਰਜੇ ਦਾ ਜ਼ਹਿਨੀ ਅਤੇ ਜਿਸਮਾਨੀ ਅੱਤਿਆਚਾਰ ਕਰਦੀ ਹੈ।
ਇਹ ਕਿਰਦਾਰ ਚਾਂਦ ਨੇ ਹੀ ਨਿਭਾਇਆ ਸੀ। ਇਸ ਤੋਂ ਇਲਾਵਾ ਚਾਂਦ ਨੇ ਵੱਖ-ਵੱਖ ਫਿਲਮਾਂ ਵਿੱਚ 1950ਵਿਆਂ ਤੇ 1960ਵਿਆਂ ਵਿੱਚ ਚੰਗੇ ਕਿਰਦਾਰ ਨਿਭਾਏ ਸਨ।
ਜੇ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਪਹਿਲਾਂ ਚਾਂਦ ਨੇ ਲੇਖਕ ਨਿਰਦੇਸ਼ਕ ਨਿਰੰਜਨ ਨਾਲ ਵਿਆਹ ਕਰਵਾਇਆ ਸੀ ਪਰ ਫਿਰ ਉਨ੍ਹਾਂ ਦਾ ਆਪਸੀ ਸਹਿਮਤੀ ਨਾਲ ਤਲਾਕ ਹੋ ਗਿਆ ਸੀ। ਚਾਂਦ ਨੇ ਬਾਅਦ ਵਿੱਚ ਸੁੰਦਰ ਸਿੰਘ ਭਵਨਾਨੀ ਨਾਲ ਵਿਆਹ ਕਰਵਾ ਲਿਆ। ਅਤੇ ਇਸੇ ਚਾਂਦ ਬਰਕ ਦੇ ਪੋਤੇ ਹਨ ਅੱਜ ਦੇ ਰਣਵੀਰ ਸਿੰਘ।
ਬਰਕ ਪਰਿਵਾਰ ਅਤੇ ਰਣਵੀਰ ਸਿੰਘ
ਸਾਜਿਦਾ ਨੇ ਦੱਸਿਆ ਕਿ ਜਦੋਂ 2009 ਵਿੱਚ ਉਹ ਸੈਮੂਅਲ ਮਾਰਟਿਨ ਬਰਕ ਨੂੰ ਮਿਲੀ ਸੀ ਤਾਂ ਉਨ੍ਹਾਂ ਦਾ 103ਵਾਂ ਜਨਮ ਦਿਨ ਸੀ ਅਤੇ ਉਨ੍ਹਾਂ ਨੂੰ ਭਾਰਤ ਦੇ ਵੀ ਕਈ ਆਈਏਐਸ ਅਫਸਰਾਂ ਵੱਲੋਂ ਸ਼ੁਭਕਾਮਨਾਵਾਂ ਮਿਲੀਆਂ ਸਨ ਕਿਉਂਕਿ ਉਦੋਂ ਉਹ ਅਣਵੰਡੇ ਭਾਰਤ ਦੀ ਇੰਡੀਅਨ ਸਿਵਲ ਸਰਵਿਸ ਦੇ ਸਭ ਤੋਂ ਲੰਬੇ ਸਮੇਂ ਤੱਕ ਜਿਉਂਦੇ ਰਹਿਣ ਵਾਲੇ ਮੈਂਬਰ ਸਨ।
ਵਾਪਸ 'ਧੁਰੰਧਰ' ਅਤੇ ਬਰਕ ਪਰਿਵਾਰ 'ਤੇ ਪਰਤੀਏ, ਤਾਂ ਇੱਕ ਭਰਾ ਜੋ ਭਾਰਤੀ ਜੱਜ ਹੁੰਦਿਆਂ ਪਾਕਿਸਤਾਨ ਦਾ ਨਾਮੀ ਡਿਪਲੋਮੈਟ ਬਣਿਆ ਅਤੇ ਇੱਕ ਭੈਣ ਅਦਾਕਾਰਾ, ਜਿਸਨੇ ਰਾਜ ਕਪੂਰ, ਨਰਗਿਸ, ਨਿੰਮੀ, ਪ੍ਰਦੀਪ ਕੁਮਾਰ, ਪ੍ਰਾਣ, ਮਨੋਜ ਕੁਮਾਰ ਨਾਲ ਕੰਮ ਕੀਤਾ।
ਫਿਰ ਉਸੇ ਪਰਿਵਾਰ ਵਿੱਚ ਸਮਾਂ ਬਦਲਦਾ ਹੈ, ਪੀੜ੍ਹੀਆਂ ਬਦਲਦੀਆਂ ਹਨ ਅਤੇ ਇੱਕ ਪੁੱਤਰ, ਰਣਵੀਰ ਸਿੰਘ ਬਾਲੀਵੁੱਡ ਦਾ ਮਸ਼ਹੂਰ ਹੀਰੋ ਬਣ ਜਾਂਦਾ ਹੈ।
ਕੀ ਸੈਮੂਅਲ ਮਾਰਟਿਨ ਬਰਕ ਦੀ ਬ੍ਰਿਟੇਨ ਵਿੱਚ ਵੱਸੀ ਧੀ ਨੋਏਲ ਭਾਰਤ ਦੇ ਰਣਵੀਰ ਸਿੰਘ ਬਾਰੇ ਜਾਣਦੀ ਹੈ?
ਮੇਰਾ ਸਵਾਲ ਖ਼ਤਮ ਹੋਣ ਤੋਂ ਪਹਿਲਾਂ ਹੀ ਨੋਏਲ ਝੱਟਪੱਟ ਕਹਿੰਦੀ ਹੈ - ਹਾਂ। ਪਰ ਦੋਵਾਂ ਦਾ ਕਦੇ ਰਾਬਤਾ ਨਹੀਂ ਹੋਇਆ।
ਬਿਲਕੁਲ ਉਵੇਂ ਹੀ ਜਿਵੇਂ ਕਦੇ-ਕਦੇ ਵੱਖ-ਵੱਖ ਮੁਲਕਾਂ ਵਿੱਚ ਰਹਿਣ ਵਾਲੀਆਂ ਪੀੜ੍ਹੀਆਂ ਸਾਲ-ਦਰ-ਸਾਲ ਇੱਕ ਦੂਜੇ ਤੋਂ ਦੂਰ ਹੋ ਜਾਂਦੀਆਂ ਹਨ।
'ਧੁਰੰਧਰ' ਦਾ ਦੂਜਾ ਭਾਗ ਵੀ ਰਿਲੀਜ਼ ਹੋ ਚੁੱਕਿਆ ਹੈ। ਜਿੱਥੇ ਇੱਕ ਪਾਸੇ ਫ਼ਿਲਮ ਦੀ ਕਹਾਣੀ, ਐਕਟਿੰਗ ਅਤੇ ਗੀਤਾਂ ਦੀ ਖ਼ੂਬ ਤਾਰੀਫ਼ ਹੋਈ ਸੀ, ਉੱਥੇ ਹੀ ਕਈ ਲੋਕਾਂ ਨੇ ਫ਼ਿਲਮ ਦੀ ਇਹ ਕਹਿ ਕੇ ਆਲੋਚਨਾ ਵੀ ਕੀਤੀ ਸੀ ਕਿ ਇਸ ਵਿੱਚ ਪ੍ਰਾਪੇਗੰਡਾ ਹੈ। ਹਾਲਾਂਕਿ, ਬਾਕਸ ਆਫ਼ਿਸ 'ਤੇ ਫ਼ਿਲਮ ਨੇ ਤਾਬੜਤੋੜ ਕਮਾਈ ਕੀਤੀ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ