You’re viewing a text-only version of this website that uses less data. View the main version of the website including all images and videos.
ਸੁਨੀਲ ਗ੍ਰੋਵਰ: ਸਲਮਾਨ ਖ਼ਾਨ ਜਿਨ੍ਹਾਂ ਨੂੰ ਵੇਖ ਕੇ ਕਹਿੰਦੇ, 'ਮੈਂ ਕਿੰਨਾ ਨਾਕਾਬਿਲ ਹਾਂ', ਉਸ ਅਦਾਕਾਰ ਦਾ ਹੁਨਰ ਕਿਸ ਨੇ ਪਛਾਣਿਆ ਸੀ
- ਲੇਖਕ, ਕਲਪਨਾ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 7 ਮਿੰਟ
"ਜਦੋਂ ਅਸੀਂ ਉਨ੍ਹਾਂ ਨੂੰ (ਸੁਨੀਲ ਗ੍ਰੋਵਰ ਨੂੰ) ਦੇਖ ਰਹੇ ਸੀ, ਤਾਂ ਮੈਨੂੰ ਲੱਗਿਆ ਕਿ ਮੈਂ ਕਿੰਨਾ ਨਾਕਾਬਿਲ ਹਾਂ। ਉਹ ਕਾਮੇਡੀ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਕਿਰਦਾਰ ਨਿਭਾਉਂਦੇ ਹਨ", ਸਲਮਾਨ ਖ਼ਾਨ ਨੇ ਇਹ ਗੱਲ ਸਾਲ 2017 ਵਿੱਚ ਕਹੀ ਸੀ।
ਕਰੀਬ ਨੌਂ ਸਾਲ ਬਾਅਦ ਓਟੀਟੀ ਪਲੇਟਫਾਰਮ ਨੈੱਟਫਲਿਕਸ 'ਤੇ ਆਉਣ ਵਾਲੇ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਇੱਕ ਐਪੀਸੋਡ ਵਿੱਚ ਜਦੋਂ ਸਟੇਜ 'ਤੇ 'ਫ਼ਾਦਰ ਖ਼ਾਨ' ਨਾਮ ਦੇ ਕਿਰਦਾਰ ਦੀ ਐਂਟਰੀ ਹੁੰਦੀ ਹੈ ਤਾਂ ਉਸ ਐਪੀਸੋਡ ਦੇ ਮਹਿਮਾਨ ਫ਼ਿਲਮਕਾਰ ਡੇਵਿਡ ਧਵਨ ਇਹ ਕਹਿੰਦੇ ਨਜ਼ਰ ਆਉਂਦੇ ਹਨ ਕਿ 'ਭਾਈਜਾਨ ਦੀ ਯਾਦ ਦਿਵਾ ਦਿੱਤੀ'।
ਸਿਰਫ਼ ਡੇਵਿਡ ਧਵਨ ਹੀ ਹੈਰਾਨ ਨਹੀਂ ਸਨ, ਉਨ੍ਹਾਂ ਦੇ ਬੇਟੇ ਤੇ ਅਦਾਕਾਰ ਵਰੁਣ ਧਵਨ, ਸਟੇਜ ਦੇ ਦੂਜੇ ਪਾਸੇ ਬੈਠੇ ਅਰਚਨਾ ਪੂਰਨ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵੀ ਅੱਖਾਂ ਪਾੜ-ਪਾੜ ਕੇ ਫ਼ਾਦਰ ਖ਼ਾਨ ਦੇ ਇਸ ਐਕਟ ਨੂੰ ਦੇਖ ਰਹੇ ਸਨ।
ਫਿਰ ਸਟੂਡੀਓ ਵਿੱਚ ਮੌਜੂਦ ਦਰਸ਼ਕਾਂ ਦੀਆਂ ਤਾੜੀਆਂ ਤਾਂ ਦੱਸ ਹੀ ਰਹੀਆਂ ਸਨ ਕਿ ਸਟੇਜ 'ਤੇ ਉਨ੍ਹਾਂ ਨੂੰ ਕਿਹੋ-ਜਿਹਾ ਜਾਦੂ ਦਿਖਾਈ ਦੇ ਰਿਹਾ ਸੀ।
ਇੱਕ ਵਾਰ ਫਿਰ ਸੁਨੀਲ ਗ੍ਰੋਵਰ ਨੇ ਕੁਝ ਅਜਿਹਾ ਕਰ ਦਿੱਤਾ ਹੈ, ਜਿਸ ਨੂੰ ਸਿਰਫ਼ ਮਿਮਿਕਰੀ ਕਹਿਣਾ ਉਨ੍ਹਾਂ ਦੇ ਹੁਨਰ ਲਈ ਢੁਕਵਾਂ ਸ਼ਬਦ ਨਹੀਂ ਜਾਪਦਾ।
ਮਰਹੂਮ ਅਦਾਕਾਰ ਕਾਦਰ ਖ਼ਾਨ ਦੇ ਕਿਰਦਾਰ ਨੂੰ ਗ੍ਰੋਵਰ ਨੇ ਜਿਸ ਤਰ੍ਹਾਂ ਨਿਭਾਇਆ, ਉਸ ਤੋਂ ਬਾਅਦ ਇਹ ਐਕਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ।
ਅਦਾਕਾਰ ਗਜਰਾਜ ਰਾਓ ਨੇ ਆਪਣੀ ਇੱਕ ਪੋਸਟ ਵਿੱਚ ਲਿਖਿਆ, "ਸੁਨੀਲ ਗ੍ਰੋਵਰ ਸਿਰਫ਼ ਮਿਮਿਕ ਨਹੀਂ ਕਰਦੇ, ਉਹ ਉਸ ਵਿਅਕਤੀ ਦੀ ਆਤਮਾ ਵਿੱਚ ਦਾਖ਼ਲ ਹੋ ਜਾਂਦੇ ਹਨ। ਉਨ੍ਹਾਂ ਦੇ ਬੋਲਣ, ਉਨ੍ਹਾਂ ਦੇ ਲਹਿਜ਼ੇ, ਉਨ੍ਹਾਂ ਦੇ ਹਾਵ-ਭਾਵ ਨੂੰ ਆਪਣਾ ਲੈਂਦੇ ਹਨ। ਉਨ੍ਹਾਂ ਦੀ ਕਲਾ ਦਿਵਿਆ ਹੈ, ਉਹ ਵਾਕਈ ਅਨੋਖੇ ਹਨ।"
ਕਿਰਦਾਰ ਵਿੱਚ ਵੜ੍ਹ ਜਾਂਦੇ ਹਨ... ਪਰ ਕਿਵੇਂ?
ਨੈੱਟਫਲਿਕਸ 'ਤੇ ਆਉਣ ਵਾਲੇ ਇਸ ਸ਼ੋਅ ਵਿੱਚ ਹੀ ਸੁਨੀਲ ਗ੍ਰੋਵਰ ਨੇ ਆਮਿਰ ਖ਼ਾਨ ਦਾ ਰੂਪ ਵੀ ਧਾਰਿਆ ਸੀ। ਆਮਿਰ ਇਸ ਤਰ੍ਹਾਂ ਹੈਰਾਨ ਹੋਏ ਜਿਵੇਂ ਉਹ ਕਿਸੇ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋਣ।
ਸੁਨੀਲ ਦੀ ਤਾਰੀਫ਼ ਵਿੱਚ ਆਮਿਰ ਨੇ ਕਿਹਾ ਸੀ, "ਉਹ ਸਿਰਫ਼ ਤੁਹਾਡੀ ਆਵਾਜ਼ ਜਾਂ ਹਾਵ-ਭਾਵ ਦੀ ਨਕਲ ਨਹੀਂ ਕਰਦੇ, ਸਗੋਂ ਉਸ ਤੋਂ ਅੱਗੇ ਜਾਂਦੇ ਹਨ, ਉਹ ਤੁਹਾਡੀ ਸੋਚ ਨੂੰ ਸਮਝਦੇ ਹਨ।"
ਇਸ ਤੋਂ ਬਾਅਦ ਆਮਿਰ ਖ਼ਾਨ ਪ੍ਰੋਡਕਸ਼ਨ ਦੀ ਫ਼ਿਲਮ 'ਹੈਪੀ ਪਟੇਲ' ਲਈ ਸੁਨੀਲ ਗ੍ਰੋਵਰ ਅਤੇ ਆਮਿਰ ਖ਼ਾਨ, ਫ਼ਿਲਮ ਸਹਿ-ਨਿਰਦੇਸ਼ਕ ਅਤੇ ਅਦਾਕਾਰ ਵੀਰ ਦਾਸ ਦੇ ਨਾਲ ਫ਼ਿਲਮ ਦਾ ਪ੍ਰਚਾਰ ਕਰਦੇ ਨਜ਼ਰ ਆਏ।
ਕਪਿਲ ਸ਼ਰਮਾ ਸ਼ੋਅ ਵਿੱਚ ਸੁਨੀਲ ਗ੍ਰੋਵਰ ਨੇ ਬਹੁਤ ਬਾਰੀਕੀ ਨਾਲ ਸਲਮਾਨ ਖ਼ਾਨ ਦੀ ਬਾਡੀ ਲੈਂਗਵੇਜ ਫੜ੍ਹੀ, ਉਨ੍ਹਾਂ ਦੇ ਬੋਲਣ ਦੇ ਇੱਕ ਖ਼ਾਸ ਤਰੀਕੇ ਨੂੰ ਫੜ੍ਹਿਆ।
ਇਸ ਐਕਟ ਦੀ ਵੀ ਦਰਸ਼ਕਾਂ ਵਿੱਚ ਕਾਫ਼ੀ ਚਰਚਾ ਹੋਈ ਸੀ।
ਕੁਝ ਸਾਲ ਪਹਿਲਾਂ ਸਲਮਾਨ ਨੇ ਕਿਹਾ ਸੀ, "ਉਹ ਕਾਮੇਡੀ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਸਗੋਂ ਕਿਰਦਾਰ ਨਿਭਾਉਂਦੇ ਹਨ। ਜਦੋਂ ਮੈਂ ਅਤੇ ਸੋਹੇਲ ਉਨ੍ਹਾਂ ਨੂੰ ਦੇਖ ਰਹੇ ਸੀ ਤਾਂ ਮੈਨੂੰ ਲੱਗਿਆ ਕਿ ਮੈਂ ਕਿੰਨਾ ਨਾਕਾਬਿਲ ਹਾਂ।"
ਇਸੇ ਸ਼ੋਅ ਦੌਰਾਨ ਸੁਨੀਲ ਗ੍ਰੋਵਰ ਨੇ ਸਾਲਾਂ ਪਹਿਲਾਂ ਗੁੱਥੀ ਦਾ ਕਿਰਦਾਰ ਵੀ ਨਿਭਾਇਆ ਸੀ। ਇਸ ਦੇ ਸੁਪਰਹਿੱਟ ਹੋਣ ਤੋਂ ਬਾਅਦ ਉਨ੍ਹਾਂ ਨੇ ਅਮਿਤਾਭ ਬੱਚਨ ਤੋਂ ਲੈ ਕੇ ਅਜੈ ਦੇਵਗਨ ਤੱਕ ਦੇ ਕਿਰਦਾਰ ਨਿਭਾਏ।
ਮਸ਼ਹੂਰ ਗੀਤਕਾਰ ਗੁਲਜ਼ਾਰ ਦੀ ਥਾਂ ਉਨ੍ਹਾਂ ਦਾ ਇਸ ਸ਼ੋਅ ਵਿੱਚ 'ਫੁਲਜ਼ਾਰ' ਬਣ ਕੇ ਆਉਣਾ ਵੀ ਲੋਕਾਂ ਨੂੰ ਹੈਰਾਨ ਕਰ ਗਿਆ।
ਸੁਨੀਲ ਗ੍ਰੋਵਰ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਕਿਸੇ ਕਿਰਦਾਰ ਨੂੰ ਨਿਭਾਉਂਦੇ ਨਹੀਂ, ਸਗੋਂ ਉਸ ਵਿੱਚ ਦਾਖ਼ਲ ਹੋ ਜਾਂਦੇ ਹਨ। ਪਰ ਉਹ ਅਜਿਹਾ ਕਰ ਕਿਵੇਂ ਲੈਂਦੇ ਹਨ।
ਵੱਖ-ਵੱਖ ਇੰਟਰਵਿਊਜ਼ ਵਿੱਚ ਉਨ੍ਹਾਂ ਵੱਲੋਂ ਦਿੱਤੇ ਜਵਾਬਾਂ ਦਾ ਨਿਚੋੜ ਦੱਸਦਾ ਹੈ ਕਿ ਸੁਨੀਲ ਗ੍ਰੋਵਰ ਕਿਰਦਾਰਾਂ ਨੂੰ ਨਾ ਸਿਰਫ਼ ਬਾਰੀਕੀ ਨਾਲ ਦੇਖਦੇ ਹਨ, ਉਨ੍ਹਾਂ ਨੂੰ ਮਹਿਸੂਸ ਕਰਦੇ ਹਨ, ਸਗੋਂ ਉਸ ਕਿਰਦਾਰ ਵਿੱਚ ਇਸ ਤਰ੍ਹਾਂ ਢਲ ਜਾਂਦੇ ਹਨ ਕਿ ਲੋਕ ਹੈਰਾਨ ਰਹਿ ਜਾਂਦੇ ਹਨ।
ਹਾਂ, ਇਹ ਵੱਖ ਗੱਲ ਹੈ ਕਿ ਕਪਿਲ ਸ਼ਰਮਾ ਸ਼ੋਅ ਨੇ ਸੁਨੀਲ ਗ੍ਰੋਵਰ ਨੂੰ ਜੋ ਮੁਕਾਮ ਦਿੱਤਾ, ਉਹ ਉਨ੍ਹਾਂ ਨੂੰ ਕਿਸੇ ਹੋਰ ਸ਼ੋਅ ਨੇ ਨਹੀਂ ਦਿੱਤਾ। ਇੱਕ-ਅੱਧ ਵਾਰ ਸੁਨੀਲ ਗ੍ਰੋਵਰ ਨੇ ਕਪਿਲ ਸ਼ਰਮਾ ਦੀ ਟੀਮ ਤੋਂ ਵੱਖ ਹੋ ਕੇ ਆਪਣੇ ਦਮ 'ਤੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ।
ਕਪਿਲ ਸ਼ਰਮਾ ਨਾਲ ਮਤਭੇਦ ਅਤੇ ਆਪਸੀ ਇਲਜ਼ਾਮਾਂ ਵਿਚਕਾਰ ਸੁਨੀਲ ਗ੍ਰੋਵਰ ਲੰਬੇ ਸਮੇਂ ਤੱਕ ਇਸ ਕਾਮੇਡੀ ਸ਼ੋਅ ਤੋਂ ਦੂਰ ਵੀ ਰਹੇ।
ਇਸ ਦੌਰਾਨ ਉਨ੍ਹਾਂ ਨੇ ਫ਼ਿਲਮਾਂ ਵਿੱਚ ਵੀ ਹੱਥ ਅਜ਼ਮਾਇਆ, ਪਰ ਉਨ੍ਹਾਂ ਨੂੰ ਅਸਲ ਪਛਾਣ ਕਪਿਲ ਸ਼ਰਮਾ ਸ਼ੋਅ ਨੇ ਹੀ ਦਿੱਤੀ।
ਮਨਪਸੰਦ ਲੇਖਕ ਸ਼ਰਦ ਜੋਸ਼ੀ
ਹਰਿਆਣਾ ਦੇ ਮੰਡੀ ਡਬਵਾਲੀ ਵਿੱਚ ਜਨਮੇ ਸੁਨੀਲ ਗ੍ਰੋਵਰ ਲਈ ਕੰਮ ਦੇ ਦਰਵਾਜ਼ੇ ਉਦੋਂ ਖੁਲੇ, ਜਦੋਂ ਉਹ ਚੰਡੀਗੜ੍ਹ ਵਿੱਚ ਜੀਜੀਡੀਐੱਸਡੀ ਕਾਲਜ ਵਿੱਚ ਪੜ੍ਹਾਈ ਕਰ ਰਹੇ ਸਨ।
ਯੂਟਿਊਬ ਚੈਨਲ ਜਿਸਟ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਸੁਨੀਲ ਦੱਸਦੇ ਹਨ ਕਿ ਕਿਵੇਂ ਕਾਮੇਡੀ ਨਾਲ ਉਨ੍ਹਾਂ ਦੀ ਮੁਲਾਕਾਤ ਜਸਪਾਲ ਭੱਟੀ ਦੇ ਸ਼ੋਅ ਫੁਲ ਟੈਂਸ਼ਨ ਨਾਲ ਹੋਈ ਸੀ।
1995 ਵਿੱਚ ਆਏ ਇਸ ਵਿਅੰਗ ਸ਼ੋਅ ਲਈ ਭੱਟੀ ਕੁਝ ਕਲਾਕਾਰ ਲੱਭ ਰਹੇ ਸਨ ਅਤੇ ਸੁਨੀਲ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਨ੍ਹਾਂ ਦੇ ਸ਼ਬਦਾਂ ਵਿੱਚ, "ਉਹ ਮੂੰਹ ਚੁੱਕ ਕੇ ਉਸੇ ਤਰ੍ਹਾਂ ਚਲੇ ਗਏ।"
ਉਨ੍ਹਾਂ ਨੂੰ ਸ਼ੋਅ ਲਈ ਚੁਣ ਵੀ ਲਿਆ ਗਿਆ, ਪਰ ਸੁਨੀਲ ਦੱਸਦੇ ਹਨ ਕਿ ਕਾਫ਼ੀ ਸਮੇਂ ਬਾਅਦ ਭੱਟੀ ਤੋਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਪਹਿਲੇ ਦਿਨ ਉਨ੍ਹਾਂ ਨੂੰ ਦੇਖ ਕੇ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ 'ਕਲਰਕ ਟਾਈਪ' ਦੇ ਰੋਲ ਲਈ ਲਿਆ ਜਾਵੇਗਾ।
ਇਸੇ ਸ਼ੋਅ ਵਿੱਚ ਪਹਿਲੀ ਵਾਰ ਸੁਨੀਲ ਗ੍ਰੋਵਰ ਟੀਵੀ ਸਕ੍ਰੀਨ 'ਤੇ ਨਜ਼ਰ ਆਏ ਸਨ, ਜਿਸ ਨੂੰ ਦੇਖਣ ਲਈ ਉਨ੍ਹਾਂ ਦਾ ਪੂਰਾ ਪਰਿਵਾਰ ਟੀਵੀ ਦੇ ਸਾਹਮਣੇ ਬੈਠਾ ਸੀ।
ਗ੍ਰੋਵਰ ਦਾ ਡਾਇਲਾਗ ਸੀ- ਡਾਕੂ ਆ ਗਏ, ਡਾਕੂ ਆ ਗਏ, ਡਾਕੂ ਆ ਗਏ। ਕੁਝ ਸਕਿੰਟਾਂ ਲਈ ਟੀਵੀ 'ਤੇ ਆਏ ਗ੍ਰੋਵਰ ਦੀ ਇਹ ਪਹਿਲੀ ਐਂਟਰੀ ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰ ਦੇਖ ਹੀ ਨਹੀਂ ਸਕੇ, ਕਿਉਂਕਿ ਉਹ ਉਸ ਵੇਲੇ ਬਾਥਰੂਮ ਜਾਂ ਰਸੋਈ ਜਾਂ ਘਰ ਦੇ ਕਿਸੇ ਹੋਰ ਹਿੱਸੇ ਵਿੱਚ ਸਨ।
29 ਸਾਲ ਬਾਅਦ ਇੱਕ ਯੂਟਿਊਬ ਸ਼ੋਅ ਵਿੱਚ ਗ੍ਰੋਵਰ ਮੁੰਬਈ ਦੇ ਆਪਣੇ ਖੂਬਸੂਰਤ ਘਰ ਦੇ ਵੱਖ-ਵੱਖ ਹਿੱਸੇ ਦਿਖਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਦੀ ਹਾਸਰਸ ਕਲਾ ਦਾ ਇੱਕ ਰਾਜ਼ ਵੀ ਸਾਹਮਣੇ ਆਉਂਦਾ ਹੈ, ਜਦੋਂ ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਕਿਤਾਬਾਂ ਨਾਲ ਕਿੰਨਾ ਪਿਆਰ ਹੈ।
ਉਨ੍ਹਾਂ ਦੀ ਸ਼ੈਲਫ਼ 'ਤੇ ਰੱਖੀਆਂ ਅੰਗ੍ਰੇਜ਼ੀ-ਹਿੰਦੀ ਦੀਆਂ ਕਿਤਾਬਾਂ ਵਿੱਚ ਤੁਹਾਨੂੰ ਸ਼੍ਰੀਲਾਲ ਸ਼ੁਕਲ ਦਾ ਲਿਖਿਆ ਸਦੀਵੀ ਨਾਵਲ 'ਰਾਗ ਦਰਬਾਰੀ' ਵੀ ਨਜ਼ਰ ਆ ਜਾਂਦਾ ਹੈ।
ਗ੍ਰੋਵਰ ਨੇ ਇਸ ਸ਼ੋਅ ਵਿੱਚ ਦੱਸਿਆ ਕਿ ਵਿਅੰਗਕਾਰ ਸ਼ਰਦ ਜੋਸ਼ੀ ਉਨ੍ਹਾਂ ਦੇ ਮਨਪਸੰਦ ਲੇਖਕ ਹਨ, ਜਿਨ੍ਹਾਂ ਦੇ ਲਿਖੇ 100 ਵਿਅੰਗਾਂ ਦੇ ਸੰਗ੍ਰਹਿ ਵਾਲੀ ਇੱਕ ਕਿਤਾਬ ਸ਼ਾਇਦ ਉਨ੍ਹਾਂ ਦੀਆਂ ਮਨਪਸੰਦ ਕਿਤਾਬਾਂ ਵਿੱਚੋਂ ਇੱਕ ਹੈ।
ਇਹ ਜਾਣਕਾਰੀ ਜ਼ਿਆਦਾ ਕੁਝ ਨਹੀਂ, ਪਰ ਇਹ ਤਾਂ ਦੱਸਦੀ ਹੀ ਹੈ ਕਿ ਸ਼ਰਦ ਜੋਸ਼ੀ ਵਾਂਗ ਸੁਨੀਲ ਗ੍ਰੋਵਰ ਦੀ ਕਾਮੇਡੀ ਵਾਲੀ ਭਾਸ਼ਾ ਵਿੱਚ ਵੀ ਸਮਾਜ ਦੀ ਨਬਜ਼ ਫੜ੍ਹਨ ਦਾ ਜਾਦੂ ਹੈ।
ਫ਼ਰਕ ਸਿਰਫ਼ ਇਹ ਹੈ ਕਿ ਜੋਸ਼ੀ ਵਿਅੰਗ ਕਰਦੇ ਸਨ ਅਤੇ ਗ੍ਰੋਵਰ ਅਬਜ਼ਰਵੇਸ਼ਨਲ ਕਾਮੇਡੀ ਕਰਦੇ ਹਨ, ਜਿਨ੍ਹਾਂ ਦਾ ਨਿਸ਼ਾਨਾ ਕੋਈ ਵੀ ਹੋ ਸਕਦਾ ਹੈ- ਹਿੰਦੁਸਤਾਨ ਦੇ ਵੱਡੇ ਫ਼ਿਲਮ ਸਟਾਰ ਆਮਿਰ ਖ਼ਾਨ ਅਤੇ ਸਲਮਾਨ ਖ਼ਾਨ ਵੀ ਅਤੇ ਜਮਨਾ ਪਾਰ ਦੇ ਨੰਬਰ ਛੇ ਆਰਕੈਸਟਰਾ ਚਕਚਕ ਧੂਮ ਦੇ ਪ੍ਰੋਪਰਾਇਟਰ ਡਾਇਮੰਡ ਰਾਜਾ ਵੀ ਅਤੇ ਸ਼ਾਇਦ ਤੁਸੀਂ ਅਤੇ ਅਸੀਂ ਵੀ।
ਮਾਈਕ੍ਰੋ ਅਬਜ਼ਰਵੇਸ਼ਨ ਦਾ ਜਾਦੂ
ਸੁਨੀਲ ਗ੍ਰੋਵਰ ਦੀ ਨਜ਼ਰ ਆਮ ਲੋਕਾਂ 'ਤੇ ਵੀ ਰਹਿੰਦੀ ਹੈ ਅਤੇ ਉਹ ਕਿਸ ਤਰ੍ਹਾਂ ਉਨ੍ਹਾਂ ਦੇ ਐਕਟ ਦਾ ਨਿਸ਼ਾਨਾ ਬਣ ਸਕਦੇ ਹਨ, ਇਹ ਪਤਾ ਲੱਗਦਾ ਹੈ 2008 ਦੇ ਉਸ ਰੇਡੀਓ ਸ਼ੋਅ ਤੋਂ ਜਿਸ ਵਿੱਚ ਉਹ ਸੁਦਰਸ਼ਨ ਉਰਫ਼ ਸੁਡ ਨਾਮ ਦੇ ਇੱਕ ਕਿਰਦਾਰ ਨੂੰ ਨਿਭਾਉਂਦੇ ਸਨ ਅਤੇ ਕਾਲਜ ਦੇ ਵਿਦਿਆਰਥੀਆਂ ਵਿੱਚ ਬਹੁਤ ਹੀ ਪਸੰਦ ਕੀਤੇ ਜਾਂਦੇ ਸਨ।
ਇੱਕ ਇੰਟਰਵਿਊ ਵਿੱਚ ਗ੍ਰੋਵਰ ਦੱਸਦੇ ਹਨ ਕਿ ਰੇਡੀਓ ਮਿਰਚੀ 'ਤੇ ਉਨ੍ਹਾਂ ਵੱਲੋਂ ਨਿਭਾਇਆ ਗਿਆ ਸੁਡ ਦਾ ਕਿਰਦਾਰ ਹੀ ਉਹ ਸੀ, ਜਿਸ ਨੇ ਉਨ੍ਹਾਂ ਨੂੰ ਪਹਿਲੀ ਵਾਰ ਪਛਾਣ ਦਿਵਾਈ।
ਉਹ ਦੱਸਦੇ ਹਨ ਕਿ ਕਿਵੇਂ ਇੱਕ ਕਾਲਪਨਿਕ ਚੁਟਕਲਿਆਂ ਦੀ ਕਿਤਾਬ 'ਹੰਸੀ ਕੇ ਫਵਾਰੇ' ਵਿੱਚੋਂ ਬਹੁਤ ਹੀ ਫਲੈਟ ਆਵਾਜ਼ ਵਿੱਚ ਜੋਕ ਪੜ੍ਹਦਾ ਸੁਡ ਦਾ ਕਿਰਦਾਰ ਉਨ੍ਹਾਂ ਦਾ ਹੀ ਘੜਿਆ ਹੋਇਆ ਸੀ।
ਉਸ ਸਮੇਂ ਰੇਡੀਓ ਮਿਰਚੀ ਦੇ ਨੈਸ਼ਨਲ ਕ੍ਰੀਏਟਿਵ ਹੈਡ ਰਹੇ ਰੰਜੀਤ ਮਡਗਾਵਕਰ ਨੇ ਗ੍ਰੋਵਰ ਨਾਲ ਮਿਲ ਕੇ ਇਸ ਆਈਡੀਆ ਨੂੰ ਅਮਲ ਵਿੱਚ ਲਿਆਉਣ ਦਾ ਕੰਮ ਕੀਤਾ ਸੀ।
ਬੀਬੀਸੀ ਨਾਲ ਗੱਲਬਾਤ ਵਿੱਚ ਮਡਗਾਵਕਰ ਦੱਸਦੇ ਹਨ ਕਿ ਗ੍ਰੋਵਰ ਦੀ ਖ਼ਾਸ ਗੱਲ ਉਨ੍ਹਾਂ ਦੀ 'ਮਾਈਕ੍ਰੋ ਅਬਜ਼ਰਵੇਸ਼ਨ' ਹੈ।
ਹਰੇਕ ਵੀਰਵਾਰ ਚਾਹ ਦੀ ਟਪਰੀ 'ਤੇ 'ਸੁਡ' ਦੀ ਸਕ੍ਰਿਪਟ 'ਤੇ ਗੱਲ ਕਰਨ ਦੌਰਾਨ ਮਡਗਾਵਕਰ ਇਹ ਮਹਿਸੂਸ ਕਰਦੇ ਸਨ ਕਿ ਗ੍ਰੋਵਰ ਕਿਸ ਤਰ੍ਹਾਂ ਕਿਸੇ ਵਿਅਕਤੀ ਦੇ ਸਭ ਤੋਂ ਮਹੀਂ ਹਾਵ-ਭਾਵ ਨੂੰ ਵੀ ਧਿਆਨ ਨਾਲ ਦੇਖਦੇ ਸਨ- ਉਹ ਕਿਵੇਂ ਚਾਹ ਮੰਗਾਉਂਦੇ ਹਨ, ਕਿਵੇਂ ਘੜੀ ਵੇਖਦੇ ਹਨ, ਕਿਵੇਂ ਆਪਣੇ ਘਰ-ਪਰਿਵਾਰ ਬਾਰੇ ਗੱਲ ਕਰਦੇ ਹਨ- ਕੁਝ ਵੀ ਉਨ੍ਹਾਂ ਦੀ ਨਜ਼ਰ ਤੋਂ ਬਚਦਾ ਨਹੀਂ ਸੀ। ਅਤੇ ਫਿਰ ਜਿਵੇਂ ਇੱਕ ਸਵਿੱਚ ਆਨ ਹੁੰਦਾ ਸੀ ਅਤੇ ਗ੍ਰੋਵਰ, ਗ੍ਰੋਵਰ ਨਾ ਰਹਿ ਕੇ ਉਹ ਕਿਰਦਾਰ ਬਣ ਜਾਂਦੇ ਸਨ।
ਗ੍ਰੋਵਰ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਹੁਣ ਤੱਕ ਦੇ ਉਨ੍ਹਾਂ ਦੇ ਸਫ਼ਰ ਨੂੰ ਨੇੜਿਓਂ ਦੇਖਣ ਵਾਲੇ ਮਡਗਾਵਕਰ ਕਹਿੰਦੇ ਹਨ, "ਕਿਤੇ ਨਾ ਕਿਤੇ ਉਹ ਜਾਣਦੇ ਸਨ ਕਿ ਉਨ੍ਹਾਂ ਦਾ ਇਹ ਸਾਥੀ ਇਹੀ ਕਰੇਗਾ, ਕਿਉਂਕਿ ਲੋਕਾਂ ਦੇ ਅੰਦਰ ਲੁਕੇ ਕਿਰਦਾਰਾਂ ਨੂੰ ਬਾਹਰ ਕੱਢਣਾ ਗ੍ਰੋਵਰ ਨੂੰ ਕੁਦਰਤੀ ਤੌਰ 'ਤੇ ਆਉਂਦਾ ਹੈ।"
ਸ਼ਾਇਦ ਇਸੇ ਲਈ ਸੁਨੀਲ ਗ੍ਰੋਵਰ ਦਾ ਇੰਸਟਾਗ੍ਰਾਮ ਆਈਡੀ ਹੈ @whosunilgrover, ਭਾਵ ਕੌਣ ਸੁਨੀਲ ਗ੍ਰੋਵਰ?
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ