You’re viewing a text-only version of this website that uses less data. View the main version of the website including all images and videos.
'ਲਾਰੈਂਸ ਆਫ਼ ਪੰਜਾਬ' ਵੈਬ ਸੀਰੀਜ਼ ਬਾਰੇ ਭਾਰਤ ਸਰਕਾਰ ਨੇ ਐਡਵਾਇਜ਼ਰੀ ਕੀਤੀ ਜਾਰੀ, ਹਾਈਕੋਰਟ ਵਿੱਚ ਹੋਈ ਸੁਣਵਾਈ
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 10 ਮਿੰਟ
ਗੈਂਗਸਟਰ ਲਾਰੈਂਸ ਬਿਸ਼ਨੋਈ 'ਤੇ ਬਣੀ ਦਸਤਾਵੇਜ਼ੀ ਸੀਰੀਜ਼ "ਲਾਰੈਂਸ ਆਫ ਪੰਜਾਬ" ਬਾਰੇ ਭਾਰਤ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਓਟੀਟੀ ਪਲੇਟਫਾਰਮ ਜ਼ੀ5 ਨੂੰ ਨੋਟਿਸ ਜਾਰੀ ਕੀਤਾ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ, ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਇਸ ਬਾਬਤ ਪੱਤਰ ਲਿਖ ਕੇ ਸੀਰੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ।
ਹੁਣ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਓਟੀਟੀ ਪਲੇਟਫਾਰਮ ਜ਼ੀ5 ਨੂੰ ਨੋਟਿਸ ਜਾਰੀ ਕਰਦਿਆਂ ਗੈਂਗਸਟਰਾਂ ਦੇ ਜੀਵਨ 'ਤੇ ਆਧਾਰਿਤ ਡਾਕੂਮੈਂਟਰੀ ਜਾਂ ਵੈੱਬ ਸੀਰੀਜ਼ ਰਿਲੀਜ਼ ਨਾ ਕਰਨ ਦੀ ਐਡਵਾਇਜ਼ਰੀ ਜਾਰੀ ਕੀਤੀ ਹੈ।
ਨੋਟਿਸ ਵਿੱਚ ਹਾਈ ਕੋਰਟ ਵੱਲੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਵਿੱਚ ਦਿੱਤੇ ਗਏ ਪੁਰਾਣੇ ਸਖ਼ਤ ਹੁਕਮਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ ਅਪਰਾਧ ਨੂੰ ਉਤਸ਼ਾਹਿਤ ਕਰਨ ਵਾਲੀ ਸਮੱਗਰੀ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਸਨ।
ਹਾਈਕੋਰਟ 'ਚ ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸਤਿਆਪਾਲ ਜੈਨ ਨੇ ਬੀਬੀਸੀ ਪੱਤਰਕਾਰ ਨਵਜੋਤ ਕੌਰ ਨੂੰ ਦੱਸਿਆ ਕਿ ਉਨ੍ਹਾਂ ਨੇ ਅੱਜ ਹਾਈਕੋਰਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਕੇਂਦਰ ਸਰਕਾਰ ਨੇ ਜ਼ੀ5 ਨੂੰ 'ਲਾਰੈਂਸ ਆਫ਼ ਪੰਜਾਬ' ਸੀਰੀਜ਼ ਰਿਲੀਜ਼ ਨਾ ਕਰਨ ਲਈ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ, ''ਅਸੀਂ ਅੱਜ ਸਵੇਰੇ ਜ਼ੀ5 ਵਾਲਿਆਂ ਨੂੰ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਅਸੀਂ ਪੰਜਾਬ ਪੁਲਿਸ ਦੇ ਇਤਰਾਜ਼ਾਂ ਦਾ ਜ਼ਿਕਰ ਕੀਤਾ ਹੈ। ਅਸੀਂ ਉਨ੍ਹਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਉਹ ਲਾਰੈਂਸ ਆਫ਼ ਪੰਜਾਬ ਸੀਰੀਜ਼ ਨੂੰ ਰਿਲੀਜ਼ ਨਾ ਕਰਨ। ''
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਸਾਈਬਰ ਕਰਾਈਮ ਵਿਭਾਗ ਵੱਲੋਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਚਿੱਠੀ ਲਿਖੀ ਸੀ।
ਪੰਜਾਬ ਪੁਲਿਸ ਦੇ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਵੱਲੋਂ ਇਸ ਚਿੱਠੀ ਵਿੱਚ ਲਿਖ ਕੇ ਜ਼ੀਈਈ5 ਓਟੀਟੀ ਪਲੇਟਫਾਰਮ 'ਤੇ 27 ਅਪ੍ਰੈਲ 2026 ਨੂੰ ਰਿਲੀਜ਼ ਹੋਣ ਵਾਲੀ ਇਸ ਦਸਤਾਵੇਜ਼ੀ ਦੇ ਪ੍ਰਸਾਰਣ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਡੌਕੂਮੈਂਟਰੀ ਦੇ ਟ੍ਰੇਲਰ ਤੱਕ ਜਨਹਿਤ ਪਹੁੰਚ ਨੂੰ ਵੀ ਗਲੋਬਲ ਪੱਧਰ 'ਤੇ ਬਲੌਕ ਕਰਨ ਲਈ ਕਿਹਾ ਗਿਆ ਸੀ।
ਚਿੱਠੀ ਵਿੱਚ ਕਿਹਾ ਗਿਆ ਸੀ, "ਇਸ ਦਸਤਾਵੇਜ਼ੀ ਵਿੱਚ ਲਾਰੈਂਸ ਬਿਸ਼ਨੋਈ ਦੀ ਅਪਰਾਧਕ ਜ਼ਿੰਦਗੀ ਅਤੇ ਉਸ ਨਾਲ ਜੁੜੇ ਗੰਭੀਰ ਮਾਮਲਿਆਂ ਨੂੰ ਦਰਸਾਇਆ ਗਿਆ ਹੈ, ਜਿਸ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਹੋਰ ਗੋਲੀਬਾਰੀ ਦੇ ਮਾਮਲੇ ਸ਼ਾਮਲ ਹਨ।"
"ਇਸ ਵਿੱਚ ਨਾਟਕੀਕਰਨ, ਅਸਲ ਵੀਡੀਓ ਅਤੇ ਵਾਰਤਕ ਰਾਹੀਂ ਅਜਿਹੀ ਸਮੱਗਰੀ ਦਿਖਾਈ ਗਈ ਹੈ ਜੋ ਸੰਗਠਿਤ ਅਪਰਾਧ ਅਤੇ ਅਪਰਾਧਕ ਤੱਤਾਂ ਦੀ ਮਹਿਮਾ ਵਧਾਉਂਦੀ ਹੈ।"
ਚਿੱਠੀ ਵਿੱਚ ਚਿੰਤਾ ਜਤਾਈ ਸੀ, "ਇਹ ਸਮੱਗਰੀ ਨੌਜਵਾਨਾਂ 'ਤੇ ਨਕਾਰਾਤਮਕ ਅਸਰ ਪਾ ਸਕਦੀ ਹੈ। ਗੈਂਗਸਟਰਵਾਦ ਨੂੰ ਆਮ ਜਾਂ ਆਕਰਸ਼ਕ ਦਿਖਾ ਸਕਦੀ ਹੈ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਯਤਨਾਂ ਨੂੰ ਕਮਜ਼ੋਰ ਕਰ ਸਕਦੀ ਹੈ।"
ਇਸ ਦੇ ਨਾਲ ਹੀ ਇਹ ਵੀ ਖਦਸ਼ਾ ਜਤਾਇਆ ਗਿਆ ਹੈ ਕਿ ਇਸ ਨਾਲ ਸੂਬੇ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਖ਼ਰਾਬ ਹੋ ਸਕਦੀ ਹੈ।
ਚਿੱਠੀ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਪਿਛਲੇ ਹੁਕਮਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ, ਜਿੱਥੇ ਅਦਾਲਤ ਨੇ ਗੈਂਗਸਟਰਾਂ ਨਾਲ ਜੁੜੀ ਸਮੱਗਰੀ ਨੂੰ ਲੈ ਕੇ ਚਿੰਤਾ ਜਤਾਈ ਸੀ ਅਤੇ ਅਜਿਹੀ ਸਮੱਗਰੀ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਸਨ।
ਅਦਾਲਤ ਨੇ ਇਹ ਵੀ ਕਿਹਾ ਸੀ ਕਿ ਅਜਿਹੀ ਸਮੱਗਰੀ ਅਪਰਾਧਕ ਗਤੀਵਿਧੀਆਂ ਨੂੰ ਉਤਸ਼ਾਹਤ ਕਰ ਸਕਦੀ ਹੈ ਅਤੇ ਚੱਲ ਰਹੇ ਮਾਮਲਿਆਂ 'ਤੇ ਅਸਰ ਪਾ ਸਕਦੀ ਹੈ।
ਇਸ ਪੱਧਰ 'ਤੇ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਇੰਟਰਨੈੱਟ ਪਲੇਟਫਾਰਮਾਂ ਦੀ ਵੱਡੀ ਪਹੁੰਚ ਕਾਰਨ ਅਜਿਹੀ ਸਮੱਗਰੀ ਬਹੁਤ ਤੇਜ਼ੀ ਨਾਲ ਵੱਡੇ ਦਰਸ਼ਕ ਵਰਗ ਤੱਕ ਪਹੁੰਚਦੀ ਹੈ, ਜਿਸ ਨਾਲ ਨੌਜਵਾਨਾਂ ਅਤੇ ਹੋਰ ਲੋਕਾਂ ਦੇ ਪ੍ਰਭਾਵਿਤ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਇਨ੍ਹਾਂ ਸਾਰੇ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 69ਏ ਦੇ ਤਹਿਤ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਜ਼ੀਈਈ5 ਨੂੰ ਇਸ ਡੌਕੂਮੈਂਟਰੀ ਦਾ ਪ੍ਰਸਾਰਣ ਕਰਨ ਤੋਂ ਰੋਕਿਆ ਜਾਵੇ ਅਤੇ ਇਸ ਨਾਲ ਸੰਬੰਧਿਤ ਆਨਲਾਈਨ ਸਮੱਗਰੀ ਨੂੰ ਵੀ ਬਲੌਕ ਕੀਤਾ ਜਾਵੇ।
ਸੀਰੀਜ਼ ਦੇ ਟਰੇਲਰ ਵਿੱਚ ਬੋਲੇ ਗਏ ਡਾਇਲਾਗ ਅਤੇ ਗੀਤ
"ਕਹਾਂ ਯਹਾਂ ਪੇ ਕਲਚਰ ਥਾ ਕਿ ਭਗਤ ਸਿੰਘ ਹੀਰੋ ਹੋਤੇ ਥੇ, ਔਰ ਕਹਾਂ ਅਭ ਲਾਰੈਂਸ ਬਿਸ਼ਨੋਈ ਹੀਰੋ ਹੈ।"
ਇਹ ਡਾਇਲੌਗ ਜ਼ੀ ਫਾਈਵ ਨਾਮ ਦੇ ਸਟ੍ਰੀਮਿੰਗ ਪਲੈਟਫਾਰਮ 'ਤੇ ਪ੍ਰਸਾਰਿਤ ਹੋਣ ਜਾ ਰਹੀ ਡਾਕੂਮੈਂਟਰੀ ਸੀਰੀਜ਼ 'ਲਾਰੈਂਸ ਆਫ਼ ਪੰਜਾਬ' ਦੇ ਟਰੇਲਰ ਵਿੱਚ ਬੋਲਿਆ ਗਿਆ ਹੈ।
'ਲਾਰੈਂਸ ਆਫ਼ ਪੰਜਾਬ' ਸੀਰੀਜ਼ ਵਿੱਚ ਉਪਰੋਕਤ ਡਾਇਲੌਗ ਪੰਜਾਬ ਬਾਰੇ ਹੈ।
'ਲਾਰੈਂਸ ਆਫ਼ ਪੰਜਾਬ' 27 ਅਪ੍ਰੈਲ ਨੂੰ ਓਟੀਟੀ ਪਲੇਟਫਾਰਮ ਜ਼ੀ ਫਾਈਵ ਉੱਤੇ ਰਿਲੀਜ਼ ਹੋਣ ਜਾ ਰਹੀ ਹੈ।
ਟਰੇਲਰ ਤੋਂ ਲੱਗ ਰਿਹਾ ਹੈ ਕਿ ਇਹ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਨਾਮਜ਼ਦ ਲਾਰੈਂਸ ਬਿਸ਼ਨੋਈ ਦੇ ਜੀਵਨ ਅਤੇ ਉਸ ਦੇ ਅਪਰਾਧਿਕ ਗਰੁੱਪ ਦੇ ਉਭਾਰ ਉੱਤੇ ਆਧਾਰਿਤ ਕਹਾਣੀ ਨੂੰ ਦਰਸਾਉਂਦੀ ਸੀਰੀਜ਼ ਹੈ।
ਸਟੂਡੈਂਟ ਪਾਲਿਟਿਕਸ ਤੋਂ ਅਪਰਾਧਕ ਜਗਤ ਵਿੱਚ ਦਾਖ਼ਲ ਹੋਇਆ ਲਾਰੈਂਸ ਬਿਸ਼ਨੋਈ ਭਾਰਤ ਵਿੱਚ ਸਾਲ 2015 ਤੋਂ ਜੇਲ੍ਹ ਵਿੱਚ ਹੈ।
ਉਹ ਫਿਲਹਾਲ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹਨ, ਦਰਜਨਾਂ ਅਪਰਾਧਕ ਮਾਮਲਿਆਂ ਦੇ ਨਾਲ-ਨਾਲ ਲਾਰੈਂਸ ਬਿਸ਼ਨੋਈ ਗੈਂਗ ਉੱਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਇਲਜ਼ਾਮ ਵੀ ਹਨ।
ਜ਼ੀ ਫਾਈਵ ਇੱਕ ਪ੍ਰਮੁੱਖ ਭਾਰਤੀ ਓਟੀਟੀ ਪਲੇਟਫਾਰਮ ਹੈ ਜਿਸਦੀ ਮਲਕੀਅਤ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਿਜ਼ ਕੋਲ ਹੈ।
ਸੀਰੀਜ਼ ਦੇ ਨਿਰਦੇਸ਼ਕ ਰਾਘਵ ਡਾਰ ਹਨ ਅਤੇ ਇਸਨੂੰ ਰੀਵਰਲੈਂਡ ਐਂਟਰਟੇਨਮੈਂਟ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।
ਪਰ ਸੀਰੀਜ਼ ਦੇ ਟਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਪੰਜਾਬ ਦੇ ਕਈ ਰਾਜਨੀਤਕ ਆਗੂਆਂ ਨੇ ਇਸ ਸੀਰੀਜ਼ ਨੂੰ ਬੈਨ ਕਰਨ ਦੀ ਮੰਗ ਕੀਤੀ ਹੈ।
ਹਾਲਾਂਕਿ ਬੀਬੀਸੀ ਪੰਜਾਬੀ ਵੱਲੋਂ ਜ਼ੀ ਫਾਈਵ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਲਈ ਰਾਬਤਾ ਕਾਇਮ ਕੀਤਾ ਗਿਆ ਹੈ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ।
ਯੂਟਿਊਬ 'ਤੇ ਪ੍ਰਸਾਰਿਤ ਹੋਏ ਲਾਰੈਂਸ ਆਫ਼ ਪੰਜਾਬ ਸੀਰੀਜ਼ ਦਾ ਟਰੇਲਰ ਦੋ ਮਿੰਟ ਅਤੇ 13 ਸਕਿੰਟ ਦਾ ਹੈ।
ਟਰੇਲਰ ਦੇ ਸ਼ੁਰੂਆਤ ਵਿੱਚ ਪੰਜਾਬ ਵਿੱਚ ਖਾੜਕੂ ਲਹਿਰ ਦੇ ਸਮੇਂ ਬਾਰੇ ਗੱਲ ਕੀਤੀ ਗਈ ਹੈ ਜਿਸ ਦੌਰਾਨ ਡਾਇਲਾਗ ਬੋਲਿਆ ਗਿਆ ਹੈ ਕਿ "ਹਰ ਕਿਸੇ ਨੂੰ ਅਪਨੇ ਘਰ ਮੇਂ ਖਾਨੇ ਕੋ ਰੋਟੀ ਹੈ ਜਾਂ ਨਹੀਂ ਹੈ ਪਰ ਵੈਪਨ (ਹਥਿਆਰ) ਚਾਹੀਦੇ।"
ਸੀਰੀਜ਼ ਵਿੱਚ ਲਾਰੈਂਸ ਗਰੁੱਪ ਬਾਰੇ ਜਾਣਕਾਰੀ ਦਿੰਦੇ ਇੱਕ ਸਖਸ਼ ਦਾ ਡਾਇਲੌਗ ਹੈ, "ਲਾਰੈਂਸ ਬਿਸ਼ਨੋਈ ਗੈਂਗ ਦੀ ਇੱਕ ਖ਼ਾਸੀਅਤ ਹੈ ਕਿ ਉਹ ਇੱਕ ਕੰਪਨੀ ਦੀ ਤਰ੍ਹਾਂ ਇਸਨੂੰ ਚਲਾਉਂਦੇ ਹਨ।"
ਟਰੇਲਰ ਵਿੱਚ ਜਦੋਂ ਲਾਰੈਂਸ ਬਿਸ਼ਨੋਈ ਨੂੰ ਦਿਖਾਉਂਦੇ ਦ੍ਰਿਸ਼ ਚਲ ਰਹੇ ਹਨ ਉਦੋਂ ਪਿੱਛੇ ਸੰਗੀਤਕ ਧੁਨ ਵਿੱਚ ਗਾਣਾ ਚਲਦਾ ਹੈ ਜਿਸਦੇ ਬੋਲ ਹਨ 'ਕਾਲੀ ਜ਼ਿੰਦਗੀ ਤੇ ਕਾਲੇ ਕਾਰੋਬਾਰ ਸਾਡੇ'।
ਟਰੇਲਰ ਦੇ ਆਖਰੀ ਸਮੇਂ ਵਿੱਚ ਸਾਬਕਾ ਐੱਮਪੀ ਅਤੇ ਸੂਫੀ ਗਾਇਕ ਹੰਸ ਰਾਜ ਹੰਸ ਦਾ ਡਾਇਲੌਗ ਹੈ 'ਪੰਜਾਬ ਦੀ ਫਿਜ਼ਾ ਉਦਾਸ ਹੈ'।
ਟਰੇਲਰ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਘਟਨਾ ਨੂੰ ਵੀ ਹੂਬਹੂ ਦਿਖਾਇਆ ਗਿਆ ਹੈ।
ਇਹ ਸਾਡੀ ਜਿੱਤ, ਲੜਾਈ ਜਾਰੀ ਰੱਖਾਂਗੇ: ਰਾਜਾ ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ "ਲਾਰੈਂਸ ਆਫ ਬਿਸ਼ਨੋਈ" ਸੀਰੀਜ਼ ਨੂੰ ਲੈਕੇ ਐਡਵਾਇਜ਼ਰੀ ਜਾਰੀ ਹੋਣ ਨੂੰ ਕਾਂਗਰਸ ਅਤੇ ਆਪਣੀ ਜਿੱਤ ਕਰਾਰ ਦਿੱਤਾ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ,"ਮੈਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਪੰਜ ਦਿਨਾਂ ਦੀ ਲੜਾਈ ਤੋਂ ਬਾਅਦ ਬੇਸ਼ੱਕ ਛੋਟੀ ਪਰ ਸਾਨੂੰ ਜਿੱਤ ਹਾਸਲ ਹੋਈ ਹੈ ਪਰ ਇਹ ਲੜਾਈ ਅਜੇ ਇੱਥੇ ਖਤਮ ਨਹੀਂ ਹੋਈ। ਜਦੋਂ ਤੱਕ ਕਾਂਗਰਸ ਅਤੇ ਮੈਂ ਪੰਜਾਬ ਨੂੰ ਗੈਂਗਸਟਰ ਮੁਕਤ ਨਹੀਂ ਕਰ ਦਿੰਦੇ ਅਸੀਂ ਦਮ ਨਹੀਂ ਲਵਾਂਗੇ।"
ਇਸ ਦੌਰਾਨ ਰਾਜਾ ਵੜਿੰਗ ਨੇ ਕੇਂਦਰ 'ਤੇ ਸਵਾਲ ਵੀ ਉਠਾਏ। ਵੜਿੰਗ ਨੇ ਕਿਹਾ, "ਹੁਣ ਕ੍ਰੈਡਿਟ ਲੈਣ ਦੀ ਕੋਸ਼ਿਸ਼ ਹੋ ਰਹੀ ਹੈ ਪਰ ਸਵਾਲ ਇਹ ਹੈ ਕਿ ਇਸ ਸੀਰੀਜ਼ ਨੂੰ ਇਜਾਜ਼ਤ ਕਿਵੇਂ ਮਿਲੀ। ਸੈਂਸਰ ਬੋਰਡ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਆਉਂਦਾ ਹੈ। ਇਸ ਸੀਰੀਜ਼ ਨੂੰ ਬਣਾਉਣ ਲਈ ਤਮਾਮ ਤਰ੍ਹਾਂ ਦੀਆਂ ਪਰਮਿਸ਼ਨਸ ਲਈਆਂ ਜਾਂਦੀਆਂ। ਕੇਂਦਰ ਨੂੰ ਪਤਾ ਸੀ ਕਿ ਅਜਿਹੀ ਸੀਰੀਜ਼ ਤਿਆਰ ਕੀਤੀ ਜਾ ਰਹੀ ਹੈ। ਲਾਰੈਂਸ ਜਿਸ ਦਾ ਪੰਜਾਬ ਨਾਲ ਕੋਈ ਤਾਲੁੱਕ ਨਹੀਂ, ਉਸਦਾ ਇਸਤੇਮਾਲ ਪੰਜਾਬ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ।"
ਰਾਜਾ ਵੜਿੰਗ ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈਕੇ ਆਪ ਸਰਕਾਰ 'ਤੇ ਵੀ ਨਿਸ਼ਾਨੇ ਸਾਧੇ। ਵੜਿੰਗ ਨੇ ਕਿਹਾ ਕਿ, "ਹੁਣ ਗੈਂਗਸਟਰਵਾਦ ਦਾ ਪਸਾਰ ਪੰਜਾਬ ਦੇ ਪਿੰਡਾਂ ਤੱਕ ਹੋ ਰਿਹਾ। ਇਹ ਗੈਂਗਸਟਰਾਂ ਗਰੀਬ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕ, ਸੂਬੇ ਦੀ ਅਮਨ-ਸ਼ਾਂਤੀ ਭੰਗ ਕਰਨ ਲਈ ਉਨ੍ਹਾਂ ਦਾ ਇਸਤੇਮਾਲ ਕਰ ਰਹੇ ਹਨ।" ਉਨ੍ਹਾਂ ਇਲਜ਼ਾਮ ਲਗਾਇਆ ਕਿ ਭਗਵੰਤ ਮਾਨ ਦੀ ਸਰਕਾਰ ਸੂਬੇ ਦੀ ਕਾਨੂੰਨ ਵਿਵਸਥਾ ਬਣਾਈ ਰੱਖਣ 'ਚ ਨਾਕਾਮ ਰਹੀ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਸੀਰੀਜ਼ ਨੂੰ ਬੈਨ ਕਰਨ ਦੀ ਮੰਗ ਕਰਦਿਆਂ ਜ਼ੀ ਫਾਈਵ ਦੇ ਨਾਮਜ਼ਦ ਸ਼ਿਕਾਇਤ ਅਧਿਕਾਰੀ ਅਕਸ਼ਿਆ ਜੋਸ਼ੀ ਨੂੰ ਸ਼ਿਕਾਇਤ ਦੀ ਕਾਪੀ ਵੀ ਭੇਜੀ ਸੀ।
ਰਾਜਾ ਵੜਿੰਗ ਵੱਲੋਂ ਭੇਜੀ ਸ਼ਿਕਾਇਤ ਦੀ ਕਾਪੀ ਵਿੱਚ ਲਿਖਿਆ ਸੀ , "ਆਈਟੀ ਨਿਯਮਾਂ, 2021 ਦੀ ਉਲੰਘਣਾ ਅਤੇ ਜਨਤਕ ਵਿਵਸਥਾ ਲਈ ਖਤਰੇ ਦੇ ਕਾਰਨ "ਲਾਰੈਂਸ ਆਫ਼ ਪੰਜਾਬ" ਸਿਰਲੇਖ ਵਾਲੀ ਵੈੱਬ ਸੀਰੀਜ਼ ਦੀ ਰਿਲੀਜ਼ ਨੂੰ ਤੁਰੰਤ ਮੁਅੱਤਲ ਜਾਂ ਮੁਲਤਵੀ ਕੀਤਾ ਜਾਵੇ।"
ਰਾਜਾ ਵੜਿੰਗ ਨੇ ਅੱਗੇ ਲਿਖਿਆ ਸੀ, "ਮੈਨੂੰ ਪ੍ਰਚਾਰ ਸਮੱਗਰੀ ਅਤੇ ਭਰੋਸੇਯੋਗ ਜਨਤਕ ਸਰੋਤਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਉਕਤ ਲੜੀ ਕਥਿਤ ਤੌਰ 'ਤੇ ਸੰਗਠਿਤ ਅਪਰਾਧਿਕ ਨੈਟਵਰਕਾਂ ਵਿੱਚ ਸ਼ਾਮਲ ਇੱਕ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੀਵਨ ਅਤੇ ਗਤੀਵਿਧੀਆਂ 'ਤੇ ਅਧਾਰਤ ਹੈ, ਜਿਸ ਵਿਰੁੱਧ ਸਮਰੱਥ ਅਦਾਲਤਾਂ ਵਿੱਚ ਕਈ ਗੰਭੀਰ ਅਪਰਾਧਿਕ ਕਾਰਵਾਈਆਂ ਵਿਚਾਰ ਅਧੀਨ ਹਨ।"
ਰਾਜਾ ਵੜਿੰਗ ਨੇ ਜ਼ੀ ਫਾਈਵ ਵੈੱਬ ਪੇਜ 'ਤੇ ਵੈੱਬ ਸੀਰੀਜ਼ ਬਾਰੇ ਦਿੱਤੇ ਗਏ ਵੇਰਵੇ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਵੜਿੰਗ ਨੇ ਲਿਖਿਆ "ਵੈੱਬ ਸੀਰੀਜ਼ ਦਾ ਵਰਣਨ ਖੁਦ ਦਰਸਾਉਂਦਾ ਹੈ ਕਿ ਇਹ ਇੱਕ ਗੈਂਗਸਟਰ ਦੇ ਜੀਵਨ ਦੀ ਵਡਿਆਈ ਕਰੇਗਾ ਜੋ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਬਰਾਬਰ ਹੋਵੇਗਾ।"
ਰਾਜਾ ਵੜਿੰਗ ਨੇ ਕਿਹਾ ਸੀ, "ਇਹ ਸੀਰੀਜ਼ ਗੈਂਗਸਟਰਾਂ ਨੂੰ ਗਲੋਰੀਫਾਈ ਕਰਦੀ ਹੈ ਅਤੇ ਪੀੜਤਾਂ (ਜਿਵੇਂ ਮੂਸੇਵਾਲਾ ਪਰਿਵਾਰ) ਦੀ ਭਾਵਨਾਵਾਂ ਨਾਲ ਖਿਲਵਾੜ ਕਰਦੀ ਹੈ। ਇਸ ਲਈ ਇਸਨੂੰ ਬੈਨ ਕੀਤਾ ਜਾਣਾ ਚਾਹੀਦਾ ਹੈ। ਵੜਿੰਗ ਨੇ ਨਾਲ ਇਸ ਸੀਰੀਜ਼ ਖਿਲਾਫ ਹਾਈ ਕੋਰਟ ਵਿੱਚ ਪਬਲਿਕ ਇੰਟਰੈਸਟ ਲਿਟੀਗੇਸ਼ਨ ਦਾਖਲ ਕਰਨ ਦਾ ਐਲਾਨ ਵੀ ਕੀਤਾ ਹੈ।
ਪੰਜਾਬ ਡੀਜੀਪੀ ਵੱਲੋਂ ਕੇਂਦਰ ਦਾ ਧੰਨਵਾਦ
"ਲਾਰੈਂਸ ਆਫ ਬਿਸ਼ਨੋਈ" ਸੀਰੀਜ਼ ਨੂੰ ਰਿਲੀਜ਼ ਨਾ ਕਰਨ ਬਾਬਤ ਜ਼ੀਫਾਈਵ ਨੂੰ ਕੇਂਦਰ ਵੱਲੋਂ ਜਾਰੀ ਹੋਈ ਐਡਵਾਇਜ਼ਰੀ ਦਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸਵਾਗਤ ਕੀਤਾ ਗਿਆ। ਐਕਸ 'ਤੇ ਟਵੀਟ ਕਰਦਿਆਂ ਡੀਜੀਪੀ ਨੇ ਲਿਖਿਆ,
"ਪੰਜਾਬ ਪੁਲਿਸ ਸੂਬੇ 'ਚ ਸ਼ਾਂਤੀ, ਕਾਨੂੰਨ ਵਿਵਸਥਾ ਅਤੇ ਸਮਾਜਿਕ ਸਦਭਾਵਨਾ ਕਾਇਮ ਰੱਖਣ ਲਈ ਵਚਨਬੱਧ ਹੈ। ਸਾਈਬਰ ਕ੍ਰਾਈਮ ਦੇ ਸਪੈਸ਼ਲ ਡੀਜੀਪੀ ਨੇ 22 ਅਪ੍ਰੈਲ 2026 ਨੂੰ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਕੋਲ ਮੁੱਦਾ ਚੁੱਕਿਆ ਸੀ ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69 ਦੇ ਤਹਿਤ "ਲਾਰੈਂਸ ਆਫ ਬਿਸ਼ਨੋਈ" ਦੀ ਸਕ੍ਰੀਨਿੰਗ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਜ਼ੀਫਾਈਵ ਨੂੰ ਐਡਵਾਇਜ਼ਰੀ ਜਾਰੀ ਕਰਦਿਆਂ ਓਟੀਟੀ ਪਲੈਟਫਾਰਮ 'ਤੇ ਇਹ ਸੀਰੀਜ਼ ਰਿਲੀਜ਼ ਨਾ ਕਰਨ ਦੇ ਨਿਰਦੇਸ਼ ਦਿੱਤੇ। ਅਸੀਂ ਕੇਂਦਰ ਸਰਕਾਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਵੱਲੋਂ ਜ਼ਿੰਮੇਵਾਰਾਨਾ ਕੰਟੈਂਟ ਦੇ ਪ੍ਰਸਾਰਨ ਅਤੇ ਸੂਬੇ ਦੇ ਸਮਾਜਿਕ ਤਾਣੇ-ਬਾਣੇ ਨੂੰ ਬਣਾਈ ਰੱਖਣ ਲਈ ਤੁਰੰਤ ਜ਼ਰੂਰੀ ਕਦਮ ਚੁੱਕੇ ਗਏ।"
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਜਤਾਇਆ ਇਤਰਾਜ਼
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੰਗਲਵਾਰ ਨੂੰ ਮਾਨਸਾ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਇਸ ਸੀਰੀਜ਼ 'ਤੇ ਸਖ਼ਤ ਇਤਰਾਜ਼ ਜਤਾਇਆ ਸੀ।
ਉਨ੍ਹਾਂ ਕਿਹਾ ਸੀ, "ਇਸ ਸੀਰੀਜ਼ ਦਾ ਨਾਮ ਹੀ ਗਲਤ ਹੈ, ਲਾਰੈਂਸ ਕੋਈ ਨੈਸ਼ਨਲ ਐਵਾਰਡੀ ਜਾਂ ਹੀਰੋ ਨਹੀਂ, ਜੇ ਉਹ ਹੀਰੋ ਹੈ ਤਾਂ ਉਸ ਨੂੰ ਜੇਲ੍ਹ ਵਿੱਚ ਕਿਉਂ ਰੱਖਿਆ ਗਿਆ ਹੈ ?"
ਉਨ੍ਹਾਂ ਸਰਕਾਰ 'ਤੇ ਵੀ ਸਵਾਲ ਚੁੱਕਿਆ ਕਿ ਇਸ ਤਰ੍ਹਾਂ ਦੀਆਂ ਡਾਕੂਮੈਂਟਰੀਆਂ ਬਣਾਉਣ ਦੀ ਇਜਾਜ਼ਤ ਕਿਉਂ ਦਿੱਤੀ ਜਾ ਰਹੀ ਹੈ।
ਭਾਜਪਾ ਅਤੇ ਅਕਾਲੀ ਦਲ ਨੇ ਕੀਤਾ ਵਿਰੋਧ
ਪੰਜਾਬ ਭਾਜਪਾ ਦੇ ਆਗੂ ਫਤਿਹਜੰਗ ਬਾਜਵਾ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ। ਉਹਨਾਂ ਨੇ ਕਿਹਾ, "ਨੌਜਵਾਨ ਆਪਣਾ ਰੋਲ ਮਾਡਲ ਕਿਸਨੂੰ ਬਣਾਉਣ ਇੱਕ ਗੈਂਗਸਟਰ ਨੂੰ ਜਾਂ ਭਗਤ ਸਿੰਘ ਤੇ ਰਾਜਗੁਰੂ ਨੂੰ ਬਣਾਉਣ। ਮੈਂ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਕਰੜੇ ਕਦਮ ਲਓ ਤੇ ਇਸ ਤਰ੍ਹਾਂ ਦੀਆਂ ਸੀਰੀਜ਼ ਨੂੰ ਰੋਕੋ।"
ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਇਸ ਸੀਰੀਜ਼ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਪੰਜਾਬ ਦੇ ਖਿਲਾਫ ਗਿਣੀ ਮਿਥੀ ਸਾਜਿਸ਼ ਤਹਿਤ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਪੰਜਾਬ ਦੇ ਨੌਜਵਾਨ ਗੈਂਗਸਟਰ ਹਨ ਇਸ ਲਈ ਇਸ ਸੀਰੀਜ਼ ਨੂੰ ਤੁਰੰਤ ਬੈਨ ਕੀਤਾ ਜਾਣਾ ਚਾਹੀਦਾ ਹੈ।
ਭਾਜਪਾ ਯੁਵਾ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਕੁਲਬੀਰ ਸਿੰਘ ਆਸ਼ੂ ਅੰਬਾ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਹਨਾਂ ਨੇ ਪੰਜਾਬ ਬਾਰਡਰ ਰੇਂਜ ਦੇ ਡੀਆਈਜੀ ਨੂੰ ਲਿਖਤੀ ਸ਼ਿਕਾਇਤ ਕਰਕੇ ਸੀਰੀਜ਼ ਬਣਾਉਣ ਵਾਲੇ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸੀਰੀਜ਼ ਦਾ ਹਿੱਸਾ ਬਣੇ ਲੋਕਾਂ ਨੇ ਕੀ ਕਿਹਾ?
ਲਾਰੈਂਸ ਆਫ਼ ਪੰਜਾਬ ਸੀਰੀਜ਼ ਦੇ ਟਰੇਲਰ ਦਾ ਹਿੱਸੇ ਬਣੇ ਪੰਜਾਬ ਦੇ ਨਿਊਜ਼ ਚੈੱਨਲ ਦੇ ਮੈਨੇਜਿੰਗ ਐਡੀਟਰ ਨੀਤਿਕਾ ਮਹੇਸ਼ਵਰੀ ਨੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਕਿਹਾ, "ਇਹ ਸੀਰੀਜ਼ ਬੈਨ ਹੋਣੀ ਚਾਹੀਦੀ ਹੈ ਜਾਂ ਨਹੀਂ ਇਸ ਬਾਰੇ ਮੈਂ ਫਿਲਹਾਲ ਕੁਝ ਨਹੀਂ ਕਹਿ ਸਕਦੀ।"
"ਸੀਰੀਜ਼ ਦੀ ਕਹਾਣੀ ਕੀ ਹੈ, ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਸੀਰੀਜ਼ ਦੀ ਟੀਮ ਨੇ ਮੇਰੇ ਤੋਂ ਇੰਟਰਵਿਊ ਵਿੱਚ ਪੰਜਾਬ, ਗੈਂਗਵਾਦ ਅਤੇ ਹੋਰ ਅਪਰਾਧਿਕ ਘਟਨਾਵਾਂ ਬਾਰੇ ਜਾਣਕਾਰੀ ਮੰਗੀ ਸੀ ਜੋ ਮੈਂ ਉਹਨਾਂ ਨਾਲ ਸਾਂਝੀ ਕੀਤੀ। ਇਸ ਸੀਰੀਜ਼ ਵਿੱਚ ਮੇਰਾ ਸਹਿਯੋਗ ਏਨਾ ਹੀ ਸੀ।"
ਪੰਜਾਬ ਪੁਲਿਸ ਦੇ ਸਾਬਕਾ ਏਡੀਜੀਪੀ ਅਤੇ ਮੌਜੂਦਾ ਕਾਂਗਰਸੀ ਆਗੂ ਗੁਰਿੰਦਰ ਸਿੰਘ ਢਿੱਲੋਂ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਲਾਰੈਂਸ ਆਫ਼ ਪੰਜਾਬ ਟੀਮ ਵੱਲੋਂ ਉਹਨਾਂ ਨਾਲ ਵੀ ਇੰਟਰਵਿਊ ਕੀਤਾ ਗਿਆ।
ਉਹ ਕਹਿੰਦੇ ਹਨ, "ਮੈਂ ਟਰੇਲਰ ਵਿੱਚ ਨਹੀਂ ਹਾਂ, ਸੀਰੀਜ਼ ਵਿੱਚ ਹੋਵਾਂਗਾ ਜਾਂ ਨਹੀਂ ਇਹ ਵੀ ਨਹੀਂ ਪਤਾ। ਟੀਮ ਨੇ ਮੇਰੇ ਨਾਲ ਸੰਪਰਕ ਕਰਕੇ ਕੈਮਰੇ ਉੱਤੇ ਪੰਜਾਬ ਪੁਲਿਸ ਦਾ ਸਾਬਕਾ ਅਧਿਕਾਰੀ ਹੋਣ ਦੇ ਨਾਤੇ ਮੇਰੇ ਨਾਲ ਇੰਟਰਵਿਊ ਕੀਤਾ ਸੀ। ਸੀਰੀਜ਼ ਦੀ ਕਹਾਣੀ ਕੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਮੈਂ ਇੱਕ ਸਾਬਕਾ ਪੁਲਿਸ ਅਧਿਕਾਰੀ ਹੋਣ ਦੇ ਨਾਤੇ ਉਹਨਾਂ ਨੂੰ ਪੰਜਾਬ ਵਿੱਚ ਵੱਧ ਰਹੇ ਗੈਂਗਟਰਵਾਦ ਅਤੇ ਅਪਰਾਧਿਕ ਗਤੀਵਿਧੀਆਂ ਦੀ ਜੜ ਅਤੇ ਹੱਲ ਬਾਰੇ ਜਾਣਕਾਰੀ ਦਿੱਤੀ।"
ਹਾਲਾਂਕਿ ਉਹਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਸੀਰੀਜ਼ ਨੂੰ ਬੈਨ ਕਰਨ ਦੀ ਮੰਗ 'ਤੇ ਬੋਲਦਿਆਂ ਕਿਹਾ ਕਿ ਕਈ ਵਾਰ ਸੀਰੀਜ਼ ਜਾਂ ਫਿਲਮ ਦਾ ਟਰੇਲਰ ਅਸਲ ਸੀਰੀਜ਼ ਤੋਂ ਵੱਖ ਹੁੰਦਾ ਹੈ। ਇਸ ਲਈ ਸੀਰੀਜ਼ ਨੂੰ ਪੂਰਾ ਦੇਖੇ ਬਿਨ੍ਹਾ ਉਹ ਕੁਝ ਨਹੀਂ ਕਹਿ ਸਕਦੇ।
ਬੀਬੀਸੀ ਪੰਜਾਬੀ ਨੇ ਲਾਰੈਂਸ ਆਫ਼ ਪੰਜਾਬ ਸੀਰੀਜ਼ ਦੇ ਨਿਰਦੇਸ਼ਕ ਰਾਘਵ ਡਾਰ ਅਤੇ ਰੀਵਰਲੈਂਡ ਐਂਟਰਟੇਨਮੈਂਟ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦਾ ਜਵਾਬ ਆਉਣ ਮਗਰੋਂ ਰਿਪੋਰਟ ਵਿੱਚ ਸ਼ਾਮਲ ਕੀਤਾ ਜਾਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ