'ਈਰਾਨ ਨੂੰ ਕਿਹੜੇ ਮੂੰਹ ਨਾਲ ਕਹੋਗੇ ਕਿ ਬਈ ਈਦ ਦਾ ਮੌਕਾ ਹੈ, ਚਾਰ ਦਿਨ ਲਈ ਦੁਬਈ, ਬਹਿਰੀਨ 'ਤੇ ਮਿਜ਼ਾਈਲ ਅਤੇ ਡ੍ਰੋਨ ਨਾ ਭੇਜੋ'- ਹਨੀਫ਼ ਦਾ ਵਲੌਗ

    • ਲੇਖਕ, ਮੁਹੰਮਦ ਹਨੀਫ਼
    • ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
  • ਪੜ੍ਹਨ ਦਾ ਸਮਾਂ: 4 ਮਿੰਟ

ਸਾਰਿਆਂ ਨੂੰ ਈਦ ਮੁਬਾਰਕ।

ਜਿਨ੍ਹਾਂ ਨੇ, ਜਿਸ ਦਿਨ ਵੀ, ਜਿੱਥੇ ਵੀ, ਜਿਹੜੇ ਹਾਲਾਤ 'ਚ ਵੀ ਈਦ ਮਨਾਈ ਹੈ, ਸਾਰਿਆਂ ਨੂੰ ਈਦ ਮੁਬਾਰਕ। ਈਦ ਦੀਆਂ ਖੁਸ਼ੀਆਂ ਮਨਾਉਣ ਤੋਂ ਪਹਿਲਾਂ ਮੁਸਲਮਾਨ ਹਰ ਸਾਲ ਇੱਕ ਸਿਆਪਾ ਪਾ ਕੇ ਜ਼ਰੂਰ ਬੈਠ ਜਾਂਦੇ ਹਨ ਕਿ ਅਸੀਂ ਸਾਰੇ ਸਾਰੀ ਦੁਨੀਆ ਦੇ ਮੁਸਲਮਾਨ ਇੱਕ ਦਿਨ ਈਦ ਕਿਉਂ ਨਹੀਂ ਮਨਾ ਸਕਦੇ।

ਸਾਇੰਸ ਹੁਣ ਇੰਨੀ ਤਰੱਕੀ ਕਰ ਗਈ ਹੈ ਕਿ ਅਸੀਂ ਦੱਸ ਸਕਦੇ ਹਾਂ ਕਿ ਹਜ਼ਾਰ ਸਾਲ ਬਾਅਦ ਈਦ ਦਾ ਚੰਦ ਕਿਹੜੀ ਜਗ੍ਹਾ 'ਤੇ, ਕਿਹੜੇ ਵਿਹਲੇ ਨਜ਼ਰ ਆਵੇਗਾ।

ਲੇਕਿਨ ਅਸੀਂ ਅਜੇ ਵੀ ਜੁੱਬੇ ਪਾਏ ਮੌਲਵੀਆਂ ਨੂੰ ਛੱਤਾਂ 'ਤੇ ਚੜ੍ਹਾ ਕੇ, ਉਨ੍ਹਾਂ ਦੇ ਹੱਥ ਦੂਰਬੀਨਾਂ ਦੇ ਕੇ, ਉਡੀਕਦੇ ਰਹਿੰਦੇ ਹਾਂ ਕਿ ਇਨ੍ਹਾਂ ਨੂੰ ਕੁਝ ਨਜ਼ਰ ਆਇਆ ਹੈ ਕਿ ਨਹੀਂ ਆਇਆ।

ਏਸੇ ਲਈ ਪਿਛੌਰ ਈਦ ਇੱਕ ਦਿਨ, ਲਾਹੌਰ ਦੂਜੇ ਦਿਨ, ਬਾਜ਼ ਦਫਾ ਇੱਕੋ ਸ਼ਹਿਰ 'ਚ, ਬਾਜ਼ ਦਫਾ ਇੱਕੋ ਮਹੱਲੇ 'ਚ ਜੇ ਦੋ ਮਸੀਤਾਂ ਹਨ ਤਾਂ ਈਦ ਵੱਖਰੀ-ਵੱਖਰੀ। ਇਸ ਦਫਾ ਤਾਂ ਵੈਨਕੂਵਰ ਦੀ ਇੱਕ ਮਸੀਤ ਦੀ ਕਮੇਟੀ ਨੇ ਐਲਾਨ ਕਰ ਦਿੱਤਾ ਕਿ ਅੱਜ ਈਦ ਹੈ, ਮੌਲਵੀ ਸਾਬ੍ਹ ਨੇ ਫਰਮਾਇਆ ਕਿ ਮੈਂ ਤਾਂ ਰੋਜ਼ਾ ਰੱਖ ਲਿਆ, ਮੈਂ ਈਦ-ਨਮਾਜ਼ ਨਹੀਂ ਪੜ੍ਹਾਉਣੀ।

'ਇੱਕ ਦਿਨ ਈਦ ਮਨਾਉਣ ਦੀ ਖਾਹਿਸ਼ ਕਦੀਮੀ'

ਇਹ ਇੱਕ ਦਿਨ ਈਦ ਮਨਾਉਣ ਦੀ ਖਾਹਿਸ਼ ਬਹੁਤ ਕਦੀਮੀ ਹੈ ਅਤੇ ਬੜੀ ਮਾਸੂਮ ਜਿਹੀ ਵੀ ਹੈ। ਇਹ ਉਸ ਤਰ੍ਹਾਂ ਦੀ ਖਾਹਿਸ਼ ਹੈ ਜਿਸ ਤਰ੍ਹਾਂ ਦੀ ਅਲਾਮਾ ਇਕਬਾਲ ਸਿਆਲਕੋਟੀ ਨੇ ਕੀਤੀ ਸੀ ਕਿ

ਏਕ ਹੋਂ ਮੁਸਲਿਮ ਹਰਮ ਕੀ ਪਾਸਬਾਨੀ ਕੇ ਲੀਏ

ਨੀਲ ਕੇ ਸਾਹਿਲ ਸੇ ਲੇਕਰ ਤਾ-ਬ-ਖਾਕ-ਏ- ਕਾਸ਼ਗਰ

ਹੁਣ ਕਹਿਣ ਵਾਲੇ ਕਹਿਣਗੇ ਬਈ ਜਿਹੜੇ ਈਦ ਇੱਕ ਦਿਹਾੜੇ ਨਹੀਂ ਮਨਾ ਸਕਦੇ, ਉਨ੍ਹਾਂ ਨੇ ਕਿਹੜੀ ਪਾਸਬਾਨੀ ਤੇ ਕਿੱਥੇ ਇਕੱਠੇ ਹੋਣਾ। ਵੈਸੇ ਵੀ ਦੁਨੀਆ 'ਚ ਹਰ ਰੰਗ ਦੇ, ਹਰ ਨਸਲ ਦੇ, ਹਰ ਜ਼ੁਬਾਨ ਬੋਲਣ ਵਾਲੇ ਮੁਸਲਮਾਨ ਮੌਜੂਦ ਹਨ।

ਤਹੱਜਦ ਪੜ੍ਹਨ ਵਾਲੇ ਵੀ ਹਨ, ਵਾਈਨ ਪੀਣ ਵਾਲੇ ਵੀ ਹਨ, ਵਾਈਨ ਪੀ ਕੇ ਤਹੱਜਦ ਪੜ੍ਹਨ ਵਾਲੇ ਵੀ। ਜੇ ਹਰ ਤਰ੍ਹਾਂ ਦੇ ਮੁਸਲਮਾਨ ਮੌਜੂਦ ਹਨ ਤਾਂ ਆਪਣੇ-ਆਪਣੇ ਚੰਦ ਵੇਖ ਕੇ ਆਪੋ-ਆਪਣੀ ਈਦ ਮਨਾ ਵੀ ਲੈਂਦੇ ਹਨ ਤਾਂ ਇਹਦੇ 'ਚ ਮੇਰੇ ਖਿਆਲ ਕੋਈ ਹਰਜ਼ ਨਹੀਂ।

'ਈਦ 'ਤੇ ਸੀਜ਼ਫਾਇਰ ਦੀ ਅਪੀਲ ਕਰਨੀ ਤਾਂ ਕਿਸਨੂੰ ਕਰਨੀ'

ਈਦ ਦੇ ਬਹਾਨੇ ਮੁਸਲਮਾਨ ਇੱਕ ਹੋਰ ਵੀ ਸੋਹਣਾ ਕੰਮ ਕਰ ਲੈਂਦੇ ਸਨ। ਉਹ ਇਹ ਸੀ ਕਿ ਜਿੱਥੇ-ਜਿੱਥੇ ਜੰਗ ਲੱਗੀ ਹੁੰਦੀ, ਉੱਥੇ-ਉੱਥੇ ਕਦੇ ਅਪੀਲਾਂ, ਕਦੇ ਮੁਆਇਦੇ, ਕਦੇ ਹੁਕਮਨਾਮੇ ਆ ਜਾਂਦੇ ਸਨ ਕਿ ਈਦ ਦੇ ਚਾਰ-ਪੰਜ ਦਿਨ ਸੀਜ਼ਫਾਇਰ ਕਰ ਦਿਓ, ਲੋਕਾਂ ਨੂੰ ਈਦ ਮਨਾ ਲੈਣ ਦਿਓ, ਉਸ ਤੋਂ ਬਾਅਦ ਤੋਪਾਂ ਦੇ ਮੂੰਹ ਫਿਰ ਖੋਲ੍ਹ ਲੈਣਾ।

ਜਿਹਾਦੀ ਵੀ ਈਦ 'ਤੇ ਘਰਾਂ ਨੂੰ ਚੱਲੇ ਜਾਂਦੇ ਸਨ ਤੇ ਜਿਹਾਦੀਆਂ ਦੇ ਖਿਲਾਫ ਜਿਹਾਦ ਕਰਨ ਵਾਲੇ ਵੀ ਛੁੱਟੀ ਮਨਾ ਲੈਂਦੇ ਸਨ। ਇਨ੍ਹਾਂ ਰੋਜ਼ਿਆਂ 'ਚ ਵੀ ਪਾਕਿਸਤਾਨ ਤੇ ਅਫ਼ਗਾਨਿਸਤਾਨ ਇੱਕ ਨਵੇਂ ਜਿਹਾਦ 'ਚ ਲੱਗੇ ਸਨ ਲੇਕਿਨ ਪੰਜ ਦਿਨਾਂ ਦਾ ਸੀਜ਼ਫਾਇਰ ਕਰ ਦਿੱਤਾ ਤਾਂ ਜੋ ਜਿਹੜੇ-ਜਿਹੜੇ, ਜਿੱਥੇ-ਜਿੱਥੇ, ਜਿੰਨੇ-ਜਿੰਨੇ ਈਦ ਮਨਾਉਣੀ ਹੈ, ਉਹ ਮਨਾ ਲੈਣ।

ਜਹਾਜ਼ਾਂ ਨੂੰ, ਡ੍ਰੋਨਾਂ ਨੂੰ ਅਤੇ ਕੌੜੀਆਂ ਜ਼ੁਬਾਨਾਂ ਨੂੰ ਕੁਝ ਦਿਨ ਰੈਸਟ ਦੇ ਦਿਓ।

ਲੇਕਿਨ ਅੱਜ-ਕੱਲ੍ਹ ਕੁਝ ਏਡੇ ਕੁ ਮੁਸਲਮਾਨ ਜੰਗ 'ਚ ਫਸੇ ਹਨ ਕਿ ਇਹ ਵੀ ਲੋਕ ਭੁੱਲ ਗਏ ਹਨ ਕਿ ਉਮਦ ਸ਼ੁਰੂ ਕਿੱਥੋਂ ਹੁੰਦੀ ਹੈ ਅਤੇ ਮੁਕਦੀ ਕਿੱਥੇ ਹੈ। ਜੇ ਈਦ 'ਤੇ ਸੀਜ਼ਫਾਇਰ ਦੀ ਅਪੀਲ ਕਰਨੀ ਹੈ ਤਾਂ ਕਰਨੀ ਕਿਸਨੂੰ ਹੈ।

ਅਮਰੀਕਾ ਨੂੰ ਅਪੀਲ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਉਸਨੇ ਸਿਰਫ ਇਜ਼ਰਾਇਲ ਦੀ ਸੁਣਨੀ ਹੈ ਅਤੇ ਇਜ਼ਰਾਇਲ ਨੂੰ ਅਪੀਲ ਕਰਨ ਦਾ ਕਿਸੇ ਨੇ ਸੋਚਿਆ ਵੀ ਨਹੀਂ ਕਿ ਸਾਰਿਆਂ ਨੂੰ ਪਤਾ ਹੈ ਕਿ ਉਸਨੇ ਕਿਸੇ ਦੀ ਨਹੀਂ ਸੁਣਨੀ।

ਈਰਾਨ ਨੂੰ ਕਿਹੜੇ ਮੂੰਹ ਨਾਲ ਕਹੋਗੇ ਕਿ ਬਈ ਈਦ ਦਾ ਮੌਕਾ ਹੈ, ਚਾਰ ਦਿਨ ਲਈ ਦੁਬਈ, ਬਹਿਰੀਨ 'ਤੇ ਮਿਜ਼ਾਈਲ ਅਤੇ ਡ੍ਰੋਨ ਨਾ ਭੇਜੋ। ਤੁਹਾਡੇ ਮੁਸਲਮਾਨ ਭਰਾ ਹਨ ਅਤੇ ਇਨ੍ਹਾਂ ਨੂੰ ਸੁਕੂਨ ਨਾਲ ਈਦ ਮਨਾਉਣ ਦਿਓ। ਗਲਫ ਦੇ ਸ਼ੇਖਾਂ ਨੂੰ ਕੀ ਅਪੀਲ ਕਰੋਗੇ ਬਈ ਅਮਰੀਕਾ ਦੇ ਫੌਜੀ ਅੱਡਿਆਂ ਨੂੰ ਜ਼ਬਰਦਸਤੀ ਚਾਰ ਦਿਨ ਦੀ ਛੁੱਟੀ ਦੇ ਦਿਓ। ਹਰਮ ਦੇ ਪਾਸਬਾਨ, ਆਪ ਲੱਭਦੇ ਫਿਰਦੇ ਹਨ ਕਿ ਸਾਡੀ ਪਾਸਬਾਨੀ ਕੌਣ ਕਰੇਗਾ।

ਜਿਨ੍ਹਾਂ ਨੇ ਈਦ ਦਾ ਚੰਦ ਦੇਖਣ ਲਈ ਅਸਮਾਨੀ ਮੂੰਹ ਕੀਤਾ ਤੇ ਉੱਤੋਂ ਅੱਗ ਡਿੱਗੀ ਹੈ, ਉਨ੍ਹਾਂ ਨੂੰ ਬੰਦਾ ਕਿਸ ਮੂੰਹ ਨਾਲ ਈਦ ਮੁਬਾਰਕ ਦੇਵੇ। ਬੱਸ ਇਹੀ ਕਹਿ ਸਕਦਾ

ਲੈ ਫਿਰ ਯਾਰ ਹਵਾਲੇ ਰੱਬ ਦੇ

ਮੇਲੇ ਚਾਰ ਦਿਨਾਂ ਦੇ

ਉਸ ਦਿਨ ਈਦ ਮੁਬਾਰਕ ਹੋਸੀ

ਜਿਸ ਦਿਨ ਫੇਰ ਮਿਲਾਂਗੇ

ਈਦ ਮੁਬਾਰਕ ਤੇ ਰੱਬ ਰਾਖਾ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ।)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)