ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਟਿਕਾਣਿਆਂ ’ਤੇ ‘ਈਡੀ ਦੀ ਛਾਪੇਮਾਰੀ’, ‘ਆਪ’ ਤੇ ਭਾਜਪਾ ਨੇ ਕੀ ਪ੍ਰਤੀਕਿਰਿਆ ਦਿੱਤੀ

ਤਸਵੀਰ ਸਰੋਤ, Getty Images
ਪੰਜਾਬ ਤੋਂ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਟਿਕਾਣਿਆਂ 'ਤੇ ਈਡੀ ਵੱਲੋਂ ਛਾਪੇਮਾਰੀ ਕਰਨ ਦੀਆਂ ਖ਼ਬਰਾਂ ਆ ਰਹੀਆਂ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਈਡੀ ਦੀ ਰੇਡ ਦਾ ਹਵਾਲਾ ਦਿੰਦਿਆਂ ਭਾਜਪਾ ਉੱਤੇ ਨਿਸ਼ਾਨਾ ਲਾਇਆ ਹੈ। ਉਨ੍ਹਾਂ ਕਿਹਾ, "ਭਾਜਪਾ ਵੱਲੋਂ ਪੰਜਾਬ ਚੋਣਾਂ ਦੀ ਤਿਆਰੀ ਸ਼ੁਰੂ ਹੋ ਗਈ ਹੈ।"
ਅਸ਼ੋਕ ਮਿੱਤਲ ਲਵਲੀ ਬਿਜ਼ਨਸ ਗਰੁੱਪ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ ਹਨ।
ਹਾਲ ਹੀ ਵਿੱਚ ਆਮ ਆਦਮੀ ਪਾਰਟੀ ਨੇ ਰਾਜ ਸਭਾ ਵਿੱਚ ਐੱਮਪੀ ਰਾਘਵ ਚੱਢਾ ਦੀ ਥਾਂ ਅਸ਼ੋਕ ਮਿੱਤਲ ਨੂੰ ਰਾਜ ਸਭਾ ਵਿੱਚ ਪਾਰਟੀ ਦਾ ਡਿਪਟੀ ਲੀਡਰ ਬਣਾਇਆ ਸੀ।
ਆਮ ਆਦਮੀ ਪਾਰਟੀ ਨੇ ਲੰਘੀ 2 ਅਪ੍ਰੈਲ ਨੂੰ ਰਾਜ ਸਭਾ ਵਿੱਚ ਆਪਣੇ ਡਿਪਟੀ ਲੀਡਰ ਰਾਘਵ ਚੱਢਾ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ।
ਆਮ ਆਦਮੀ ਪਾਰਟੀ ਵੱਲੋਂ ਰਾਘਵ ਚੱਢਾ ਉੱਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਸਮੇਂ ਰਾਘਵ ਚੱਢਾ ਦੇ "ਦੇਸ਼ ਵਿੱਚ ਨਾ ਹੋਣ" ਅਤੇ "ਲੁਕਣ" ਦਾ ਇਲਜ਼ਾਮ ਲਗਾਇਆ ਸੀ।
ਇਸ ਦੇ ਨਾਲ ਹੀ ਰਾਘਵ ਚੱਢਾ 'ਤੇ ਸੰਸਦ ਵਿੱਚ "ਸਾਫ਼ਟ ਪੀਆਰ ਕਰਨ" ਦਾ ਇਲਜ਼ਾਮ ਲਗਾਇਆ ਸੀ।
ਆਮ ਆਦਮੀ ਪਾਰਟੀ ਵੱਲੋਂ ਰਾਜਸਭਾ 'ਚ ਉਪ-ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਲਈ ਦਿੱਤੇ ਕਾਰਨਾਂ ਨੂੰ ਰਾਘਵ ਚੱਢਾ ਨੇ ਬੇਬੁਨਿਆਦ ਕਰਾਰ ਦਿੰਦੇ ਹੋਏ ਸਵਾਲ ਖੜੇ ਕੀਤੇ ਸੀ।
ਕੌਣ ਹਨ ਅਸ਼ੋਕ ਮਿੱਤਲ ?
ਅਸ਼ੋਕ ਮਿੱਤਲ ਰਾਜ ਸਭਾ ਦੇ ਮੈਂਬਰ ਹੋਣ ਤੋਂ ਇਲਾਵਾ ਪੰਜਾਬ ਦੇ ਨਾਮੀ ਕਾਰੋਬਾਰੀ ਹਨ। ਉਹ ਜਲੰਧਰ ਸਥਿਤ ਲਵਲੀ ਪ੍ਰੋਫ਼ੈਸ਼ਨਲ ਯੁਨੀਵਰਲਿਟੀ ਦੇ ਫਾਊਂਡਰ ਚਾਂਸਲਰ ਹਨ।
ਅਸ਼ੋਕ ਮਿੱਤਲ ਦੇ ਪਰਿਵਾਰ ਦਾ ਪਿਛੋਕੜ ਰਾਜਸਥਾਨ ਨਾਲ ਸਬੰਧਤ ਹੈ। ਪਰ ਉਨ੍ਹਾਂ ਦੇ ਪਿਤਾ ਬਲਦੇਵ ਰਾਜ ਮਿੱਤਲ, ਸਾਂਝੇ ਪੰਜਾਬ ਦੇ ਸਿਆਲਕੋਟ ਵਿਚ ਡਿਫ਼ੈਂਸ ਠੇਕੇਦਾਰ ਸਨ ਅਤੇ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਜਲੰਧਰ ਕੈਂਟ ਵਿੱਚ ਆ ਵਸੇ ਸਨ।
ਸਾਲ 1961 ਵਿੱਚ ਅਸ਼ੋਕ ਮਿੱਤਲ ਦੇ ਪਿਤਾ ਨੇ ਡਿਫ਼ੈਂਸ ਕੰਟਰੈਕਟਰ ਦਾ ਕੰਮ ਛੱਡ ਕੇ ਮਿਠਾਈ ਦੀ ਦੁਕਾਨ ਖੋਲ੍ਹੀ, ਜੋ ਕਿ ਅੱਜ ਲਵਲੀ ਸਵੀਟਸ ਦੇ ਨਾਮ ਤੋਂ ਮਸ਼ਹੂਰ ਹੈ।
ਅਸ਼ੋਕ ਮਿੱਤਲ ਅਕਸਰ ਦੱਸਦੇ ਹਨ ਕਿ ਫੌਜ ਵਿੱਚ ਇੱਕ ਦੋਸਤ ਤੋਂ 500 ਰੁਪਏ ਉਧਾਰੇ ਲੈ ਕੇ ਉਨ੍ਹਾਂ ਦੇ ਪਿਤਾ ਨੇ ਉਹ ਦੁਕਾਨ ਖੋਲ੍ਹੀ ਸੀ।
ਬੀਬੀਸੀ ਪੰਜਾਬੀ ਨਾਲ ਇੱਕ ਇੰਟਰਵਿਊ ਦੌਰਾਨ ਅਸ਼ੋਕ ਮਿੱਤਲ ਨੇ ਦੱਸਿਆ ਸੀ ਕਿ ਫੌਜ ਦੇ ਇੱਕ ਬਹੁਤ ਸੀਨੀਅਰ ਅਫਸਰ ਦੇ ਕਹਿਣ 'ਤੇ ਹੀ ਉਨ੍ਹਾਂ ਦੇ ਪਿਤਾ ਨੇ ਦੁਕਾਨ ਦਾ ਨਾਮ 'ਲਵਲੀ' ਸਵੀਟਸ ਰੱਖਿਆ ਸੀ।
ਮਿਠਾਈ ਦੀ ਇੱਕ ਦੁਕਾਨ ਤੋਂ ਹੋਰ ਦੁਕਾਨਾਂ ਅਤੇ ਫਿਰ ਆਟੋ-ਮੋਬਾਈਲ ਖੇਤਰ ਵਿੱਚ ਮਿੱਤਲ ਪਰਿਵਾਰ ਨੇ ਕਾਰੋਬਾਰ ਵਧਾਇਆ।
ਇਸ ਤੋਂ ਬਾਅਦ ਸਾਲ 2005 ਵਿੱਚ ਅਸ਼ੋਕ ਮਿੱਤਲ ਨੇ ਲਵਲੀ ਪ੍ਰੋਫ਼ੈਸ਼ਨਲ ਯੁਨੀਵਰਸਿਟੀ ਬਣਾਈ।
ਦੱਸ ਦੇਈਏ ਕਿ ਅਸ਼ੋਕ ਮਿੱਤਲ ਨੇ ਸਕੂਲ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ ਤੋਂ ਕੀਤੀ ਅਤੇ ਫਿਰ ਡੀਏਵੀ ਕਾਲਜ ਤੋਂ ਗ੍ਰੈਜੁਏਸ਼ਨ ਕੀਤੀ। ਉਨ੍ਹਾਂ ਨੇ ਬਾਅਦ ਵਿੱਚ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੁਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਵੀ ਕੀਤੀ।
ਮਾਮਲੇ ਵਿੱਚ ਆਪ ਅਤੇ ਬੀਜੇਪੀ ਨੇਤਾ ਆਹਮੋ-ਸਾਹਮਣੇ
ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅਸ਼ੋਕ ਮਿੱਤਲ ਦੇ ਟਿਕਾਣਿਆਂ 'ਤੇ ਛਾਪੇ ਮਾਰਨ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਭਗਵੰਤ ਮਾਨ ਨੇ ਬੀਜੇਪੀ 'ਤੇ ਤੰਜ ਕੱਸਦਿਆਂ ਟਵੀਟ ਕੀਤਾ।
ਭਗਵੰਤ ਮਾਨ ਨੇ ਲਿਖਿਆ, "ਬੀਜੇਪੀ ਵੱਲੋਂ ਪੰਜਾਬ ਚੋਣਾਂ ਦੀ ਤਿਆਰੀ ਸ਼ੁਰੂ… ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਅਸ਼ੋਕ ਮਿੱਤਲ ਦੇ ਘਰ ਅਤੇ ਯੁਨੀਵਰਸਿਟੀ ਵਿੱਚ ED ਦੀ ਰੇਡ…ਟਿਪੀਕਲ ਮੋਦੀ ਸਟਾਈਲ…"
ਭਗਵੰਤ ਮਾਨ ਵੱਲੋਂ ਇਸ ਰੇਡ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਣ ਦੇ ਸੰਕੇਤ ਬਾਅਦ ਬੀਜੇਪੀ ਨੇਤਾ ਵੀ ਜਵਾਬ ਦੇ ਰਹੇ ਹਨ।
ਸੁਨੀਲ ਜਾਖੜ ਨੇ ਟਵੀਟ ਕੀਤਾ, "ਆਪਣੇ ਦਹੀਂ ਨੂੰ ਕੌਣ ਖੱਟਾ ਕਹਿੰਦਾ ਹੈ, ਮੁੱਖ ਮੰਤਰੀ ਭਗਵੰਤ ਮਾਨ ਜੀ! ਤੁਹਾਡੇ ਵਿਧਾਇਕਾਂ, ਮੰਤਰੀਆਂ ਅਤੇ ਸਾਂਸਦਾਂ ਦੇ ਕਾਰਨਾਮੇ ਤਾਂ ਨਿਤ ਦਿਨ ਜਨਤਕ ਹੋ ਰਹੇ ਹਨ। ਜੇਕਰ ਤੁਹਾਡੀ ਸਰਕਾਰ ਕਾਰਵਾਈ ਨਹੀਂ ਕਰੇਗੀ ਤਾਂ ਭਾਰਤ ਸਰਕਾਰ ਨੂੰ ਤਾਂ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰਨੀ ਹੀ ਪਵੇਗੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































