ਜੇਕਰ ਸਾਡੇ ਘਰਾਂ 'ਚੋਂ ਕਿਰਲੀਆਂ ਗਾਇਬ ਹੋ ਜਾਣ ਤਾਂ ਕੀ ਹੋਵੇਗਾ? ਇਨ੍ਹਾਂ ਦਾ ਈਕੋ-ਸਿਸਟਮ 'ਤੇ ਕੀ ਪ੍ਰਭਾਵ ਪੈਂਦਾ ਹੈ

    • ਲੇਖਕ, ਕੇ. ਸੁਭਾਗੁਨਾਮ
    • ਰੋਲ, ਬੀਬੀਸੀ ਤਮਿਲ
  • ਪੜ੍ਹਨ ਦਾ ਸਮਾਂ: 7 ਮਿੰਟ

ਉੱਤਰੀ ਚੇਨੱਈ ਦੀ ਇੱਕ ਹੁੰਮਸ ਭਰੀ ਰਾਤ ਨੂੰ 34 ਸਾਲਾ ਕਵਿਤਾ ਆਪਣੇ 6 ਸਾਲ ਦੇ ਬੇਟੇ ਨੂੰ ਸੁਆਉਣ ਦੀ ਕੋਸ਼ਿਸ਼ ਕਰ ਰਹੀ ਸੀ। ਕੱਟ ਲੱਗਣ ਤੋਂ ਬਾਅਦ ਹਾਲੇ ਬਿਜਲੀ ਆਈ ਹੀ ਸੀ, ਜਿਸ ਕਾਰਨ ਬਿਜਲੀ ਵਾਲਾ ਪੱਖਾ ਘੁੰਮਣ ਦੀ ਉੱਚੀ-ਉੱਚੀ ਆਵਾਜ਼ ਆਉਣ ਲੱਗੀ। ਹਮੇਸ਼ਾ ਦੀ ਤਰ੍ਹਾਂ, ਟਿਊਬਲਾਈਟ ਦੇ ਆਲੇ-ਦੁਆਲੇ ਕੀੜਿਆਂ ਦਾ ਝੁੰਡ ਇਕੱਠਾ ਹੋਣਾ ਸ਼ੁਰੂ ਹੋ ਗਿਆ।

ਕਵਿਤਾ ਨੇ ਦੱਸਿਆ, "ਮੇਰਾ ਬੇਟਾ ਅਚਾਨਕ ਡਰ ਕੇ ਜ਼ੋਰ ਨਾਲ ਚੀਕਿਆ, ਮਾਂ! ਅਤੇ ਬਿਲਕੁਲ ਉਸ ਦੇ ਉੱਪਰ ਕੰਧ 'ਤੇ ਚਿਪਕੀ ਕਿਰਲੀ ਵੱਲ ਇਸ਼ਾਰਾ ਕੀਤਾ।"

ਪੀਲੇ ਰੰਗ ਦੀ ਕਿਰਲੀ ਛੱਤ ਦੇ ਬਿਲਕੁਲ ਕੋਨੇ ਨਾਲ ਕੰਧ 'ਤੇ ਚਿਪਕੀ ਹੋਈ ਸੀ। "ਮੈਂ ਝਾੜੂ ਨਾਲ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਕੰਧ 'ਤੇ ਬੈਠੇ ਮੱਛਰ ਨੂੰ ਦਬੋਚਿਆ ਅਤੇ ਖਾ ਲਿਆ।"

"ਮੈਂ ਉਸ ਸਵੇਰ ਸੁਣਿਆ ਸੀ ਕਿ ਸਾਡੇ ਇਲਾਕੇ ਵਿੱਚ ਡੇੰਗੂ ਦੇ ਕੇਸ ਵੱਧ ਰਹੇ ਹਨ। ਮੈਂ ਇੱਕ ਪਲ ਲਈ ਹਿਚਕਚਾਈ ਜਦੋਂ ਮੈਂ ਕਿਰਲੀ ਨੂੰ ਮੱਛਰ ਫੜ ਕੇ ਖਾਂਦੇ ਹੋਏ ਦੇਖਿਆ।"

ਮਧੁਰਾਈ ਤੋਂ ਇੱਕ ਜੰਗਲੀ ਜੀਵ ਪ੍ਰੇਮੀ ਸੈਮਸਨ ਕਿਰੂਬਾਕਰਨ ਵੀ ਕੁਝ ਅਜਿਹਾ ਹੀ ਤਜ਼ਰਬਾ ਸਾਂਝਾ ਕਰਦੇ ਹਨ।

ਸੈਮਸਨ ਨੇ ਕਿਹਾ, " ਇੱਕ ਦਿਨ ਮੈਂ ਆਪਣੇ ਡੂੰਘੇ ਵਿਚਾਰਾਂ ਵਿੱਚ ਡੁੱਬਿਆ ਸ਼ਾਂਤ ਬੈਠਾ ਸੀ। ਫਿਰ ਇੱਕ ਕਿਰਲੀ ਆਈ ਅਤੇ ਹੌਲੀ-ਹੌਲੀ ਮੇਰੀ ਲੱਤ 'ਤੇ ਚੜ੍ਹ ਗਈ ਅਤੇ ਇੱਕ-ਇੱਕ ਕਰਕੇ ਕੁਝ ਮੱਛਰਾਂ ਨੂੰ ਖਾ ਗਈ ਜੋ ਮੇਰੇ ਦੰਦੀਆਂ ਵੱਢ ਰਹੇ ਸਨ। ਫਿਰ ਉਹ ਕੁਝ ਸਮਾਂ ਮੇਰੀ ਲੱਤ ਦੇ ਆਲੇ ਦੁਆਲੇ ਮੰਡਰਾਈ ਅਤੇ ਫੇਰ ਹੇਠਾਂ ਉਤਰ ਕੇ ਆਪਣੇ ਰਸਤੇ ਚਲੀ ਗਈ।"

ਅਜਿਹਾ ਜੀਵ ਜੋ ਇੱਕ ਖ਼ਤਰਨਾਕ ਦੁਸ਼ਮਣ ਨੂੰ ਨਹੀਂ ਰੋਕ ਸਕਦਾ

ਜੰਗਲੀ ਜੀਵ ਕਾਰਕੁੰਨ ਸੈਮਸਨ ਕਿਰੂਬਾਕਰਨ ਕਹਿੰਦੇ ਹਨ ਕਿ ਮੱਛਰਾਂ ਖ਼ਿਲਾਫ਼ ਇੱਕ ਹੋਰ ਬਚਾਅ ਚੁੱਪ-ਚਾਪ ਸਾਡੇ ਘਰਾਂ ਵਿਚ ਕੰਮ ਕਰ ਰਿਹਾ ਹੈ।

ਉਨ੍ਹਾਂ ਮੁਤਾਬਕ, ਬਿਮਾਰੀਆਂ ਫੈਲਾਉਣ ਵਾਲੇ ਕੀੜਿਆਂ ਜਿਵੇਂ ਕਿ ਮੱਛਰਾਂ ਅਤੇ ਕੋਕਰੋਚਾਂ ਨੂੰ ਕਾਬੂ ਕਰਨ ਲਈ ਕਿਰਲੀਆਂ ਵੱਡੀ ਭੂਮਿਕਾ ਨਿਭਾਉਂਦੀਆਂ ਹਨ।

ਉਨ੍ਹਾਂ ਕਿਹਾ ਕਿ ਕਿਰਲੀਆਂ ਦਾ ਗਾਇਬ ਹੋਣਾ ਵੀ ਇੱਕ ਕਾਰਨ ਹੈ ਕਿ ਸ਼ਹਿਰਾਂ ਵਿੱਚ ਮੱਛਰ ਵਧ ਰਹੇ ਹਨ।

ਇਨਸਾਨ ਤੋਂ ਬਚਣਾ, ਕੀੜਿਆਂ ਦਾ ਸ਼ਿਕਾਰ ਕਰਨਾ

ਅਗਸਥਿਆਮਾਲਾਈ ਪੀਪਲਜ਼ ਨੈਚੁਰਲ ਰਿਸੋਰਸ ਕਨਜ਼ਰਵੇਸ਼ਨ ਸੈਂਟਰ ਵਿੱਚ ਖੋਜਾਰਥੀ ਡਾ. ਏ. ਥੈਨੀਗੈਵੀਅਲ ਕਹਿੰਦੇ ਹਨ ਕਿ ਘਰਾਂ ਵਿੱਚ ਰਹਿਣ ਵਾਲੀਆਂ ਕਿਰਲੀਆਂ ਆਮ ਤੌਰ 'ਤੇ ਪੀਲੇ ਰੰਗ ਦੀਆਂ ਹੁੰਦੀਆਂ ਹਨ। ਇਹ ਪ੍ਰਜਾਤੀ, ਮਨੁੱਖੀ ਵਾਤਾਵਰਣ ਵਿੱਚ ਢੱਲ ਚੁੱਕੀ ਹੈ।

ਉਨ੍ਹਾਂ ਨੇ ਸਮਝਾਇਆ, "ਕਿਰਲੀਆਂ ਹਮਲਾਵਰ ਨਹੀਂ ਹੁੰਦੀਆਂ। ਉਹ ਬਹੁਤ ਸੰਵੇਦਨਸ਼ੀਲ ਹੁੰਦੀਆਂ ਹਨ ਅਤੇ ਹਮੇਸ਼ਾ ਇਨਸਾਨਾਂ ਤੋਂ ਪਰ੍ਹੇ ਰਹਿਣਾ ਚੁਣਦੀਆਂ ਹਨ। ਹਾਲਾਂਕਿ ਇਹ ਸਭ ਤੋਂ ਵੱਧ ਕੁਸ਼ਲ ਸ਼ਿਕਾਰੀਆਂ ਵਿੱਚੋਂ ਹਨ ਜੋ ਘਰ ਦੇ ਆਲੇ-ਦੁਆਲੇ ਮੌਜੂਦ ਕੀੜਿਆਂ ਦਾ ਸ਼ਿਕਾਰ ਕਰਦੀਆਂ ਹਨ।"

ਥੈਨੀਗੈਵੀਅਲ ਦੇ ਮੁਤਾਬਕ, ਕਿਰਲੀਆਂ ਕੀੜਿਆਂ ਦੀ ਕਿਸੇ ਵੀ ਪ੍ਰਜਾਤੀ ਦਾ ਸ਼ਿਕਾਰ ਕਰਦੀਆਂ ਹਨ ਜੋ ਬਿਜਲੀ ਦੇ ਬਲੱਬ ਵੱਲ ਆਕਰਸ਼ਤ ਹੁੰਦੇ ਹਨ, ਭਾਵੇਂ ਉਹ ਮੱਛਰ ਹੋਣ, ਮੱਖੀਆਂ, ਕੀੜੀਆਂ ਜਾਂ ਕੋਕਰੋਚ।

ਉਨ੍ਹਾਂ ਨੇ ਸਮਝਾਇਆ, " ਸ਼ਹਿਰੀ ਖੇਤਰਾਂ ਵਿੱਚ ਬਦਲਦੀ ਜੀਵਨ ਸ਼ੈਲੀ ਦੇ ਨਤੀਜੇ ਵਜੋਂ ਕਿਰਲੀਆਂ ਦੇ ਅਨੁਕੂਲ ਵਾਤਾਵਰਣ ਵਿੱਚ ਕਮੀ ਆ ਰਹੀ ਹੈ। ਇਸ ਲਈ, ਹੁਣ ਮਨੁੱਖਾਂ ਦੇ ਰਹਿਣ ਵਾਲੀਆਂ ਥਾਂਵਾਂ 'ਚ ਉਹ ਬਹੁਤ ਘੱਟ ਦਿਸਦੀਆਂ ਹਨ। ਕਿਰਲੀਆਂ ਆਮ ਤੌਰ 'ਤੇ ਉਨ੍ਹਾਂ ਜੀਵਾਂ ਨੂੰ ਖਾਣ ਆਉਂਦੀਆਂ ਹਨ ਜੋ ਇਲੈਕਟ੍ਰਿਕ ਲਾਈਟਾਂ ਦੀ ਰੌਸ਼ਨੀ ਵੱਲ ਆਕਰਸ਼ਤ ਹੁੰਦੇ ਹਨ। ਹਾਲਾਂਕਿ ਇਹ ਵੀ ਸਮੱਸਿਆ ਹੈ ਕਿ ਉਨ੍ਹਾਂ ਦੇ ਲੁਕਣ ਲਈ ਢੁੱਕਵੀਆਂ ਥਾਂਵਾਂ ਵੀ ਪਹਿਲਾਂ ਦੀ ਤਰ੍ਹਾਂ ਜ਼ਿਆਦਾ ਨਹੀਂ ਰਹੀਆਂ।"

ਡਾ. ਥੈਨੀਗੈਵੀਅਲ ਕਹਿੰਦੇ ਹਨ ਕਿ ਜੇ ਸਿਰਫ਼ ਕੀੜੇ-ਮਕੌੜਿਆਂ ਦੀ ਹੀ ਨਹੀਂ ਸਗੋਂ ਕਿਰਲੀਆਂ ਦੀ ਗਿਣਤੀ ਵਧ ਜਾਂਦੀ ਹੈ, ਵੱਡੀਆਂ ਕਿਰਲੀਆਂ, ਛੋਟੀਆਂ ਕਿਰਲੀਆਂ ਨੂੰ ਖਾ ਕੇ ਆਪਣੀ ਗਿਣਤੀ ਕਾਬੂ ਵਿੱਚ ਕਰ ਲੈਣਗੀਆਂ।

ਉਹ ਧਿਆਨ ਦਵਾਉਂਦੇ ਹਨ ਕਿ ਸ਼ਹਿਰੀ ਖੇਤਰਾਂ ਵਿੱਚ ਘਰੇਲੂ ਕਿਰਲੀਆਂ ਦੇ ਰਹਿਣ-ਬਸੇਰਿਆਂ ਵਿੱਚ ਕਾਫ਼ੀ ਕਮੀ ਆ ਰਹੀ ਹੈ, ਜਿਸ ਕਾਰਨ ਉਨ੍ਹਾਂ ਦੀ ਗਿਣਤੀ ਵੀ ਘੱਟ ਰਹੀ ਹੈ।

ਕੁਦਰਤ ਦੇ ਸੰਤੁਲਨ ਵਿੱਚ ਕਿਰਲੀਆਂ ਦੀ ਭੂਮਿਕਾ

ਆਮ ਤੌਰ 'ਤੇ, ਕੁਝ ਲੋਕ ਕਿਰਲੀਆਂ ਦੀ ਦਿਖ, ਬਿੱਠਾਂ ਅਤੇ ਆਵਾਜ਼ਾਂ ਕਰਕੇ ਘਰਾਂ ਵਿੱਚ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ। ਹਾਲਾਂਕਿ, ਮਾਹਿਰਾਂ ਮੁਤਾਬਕ ਉਹ ਕੁਦਰਤੀ ਕੀਟ-ਨਿਯੰਤਰਕਾਂ ਵਜੋਂ ਕੰਮ ਕਰਦੀਆਂ ਹਨ।

ਇੰਡੋਨੇਸ਼ੀਆ ਦੀ ਆਈ.ਪੀ.ਪੀ ਯੂਨੀਵਰਸਿਟੀ ਤੋਂ ਡਾ. ਅਚਮਦ ਫਰੈਲਾ ਵੱਲੋਂ ਪਿਛਲੇ ਸਾਲ ਕੀਤੇ ਅਧਿਐਨ ਵਿੱਚ ਪਤਾ ਲੱਗਿਆ ਹੈ ਕਿ ਜੇ ਕਿਰਲੀਆਂ ਦੀ ਗਿਣਤੀ ਕਾਬੂ ਹੇਠ ਰੱਖੀ ਜਾਵੇ ਤਾਂ ਉਹ ਕੁਦਰਤੀ ਕੀਟ-ਨਿਯੰਤਰਕ ਵਜੋਂ ਕੁਦਰਤੀ ਸੰਤੁਲਨ ਬਣਾਈ ਰੱਖਣ ਵਿੱਚ ਖਾਸ ਭੂਮਿਕਾ ਨਿਭਾ ਸਕਦੀਆਂ ਹਨ।

ਇਸੇ ਦੌਰਾਨ ਡਾ. ਅਚਮਦ ਕਹਿੰਦੇ ਹਨ ਕਿ ਇਸ ਪਰਿਕਲਪਨਾ ਦੀ ਹਾਲੇ ਤੱਕ ਪੁਸ਼ਟੀ ਨਹੀਂ ਹੋਈ ਹੈ ਕਿ ਕਿਰਲੀਆਂ ਬਿਮਾਰੀ ਫੈਲਾਉਂਦੀਆਂ ਹਨ। ਯੂਨੀਵਰਸਿਟੀ ਆਫ ਮਲ਼ਾਇਆਂ ਵੱਲੋਂ ਕੀਤੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ 20 ਤੋਂ 60 ਫ਼ੀਸਦੀ ਕਿਰਲੀਆਂ ਦੀਆਂ ਆਂਦਰਾਂ ਅੰਦਰ ਸਾਲਮੋਨੇਲਾ ਨਾਮੀ ਬੈਕਟੀਰੀਆ ਹੁੰਦਾ ਹੈ।

ਹਾਲਾਂਕਿ ਸੈਮਸਨ ਕਹਿੰਦੇ ਹਨ ਕਿ ਹੋ ਸਕਦਾ ਹੈ ਇਸ ਬੈਕਟੀਰੀਆ ਦਾ ਇਨਸਾਨ 'ਤੇ ਪ੍ਰਭਾਵ ਇਕਦਮ ਨਾ ਹੋਵੇ ਅਤੇ ਇਸ ਦੀ ਵੀ ਵਿਗਿਆਨਕ ਪੁਸ਼ਟੀ ਨਹੀਂ ਹੋਈ ਕਿ ਕਿਰਲੀ ਵੱਲੋਂ ਛੂਹੇ ਗਏ ਜਾਂ ਕਿਰਲੀ ਡਿੱਗੇ ਹੋਏ ਭੋਜਨ ਖਾਣ ਤੋਂ ਤੁਰੰਤ ਬਾਅਦ ਕੋਈ ਵਿਅਕਤੀ ਪ੍ਰਭਾਵਿਤ ਹੋ ਜਾਂਦਾ ਹੈ।

ਇਸੇ ਤਰ੍ਹਾਂ ਵਿਸ਼ਵ ਸਿਹਤ ਸੰਗਠਨ ਅਤੇ ਬਿਮਾਰੀ ਨਿਯੰਤਰਨ ਅਤੇ ਰੋਕਥਾਮ ਕੇਂਦਰ ਨੇ ਪੁਸ਼ਟੀ ਕੀਤੀ ਹੈ ਕਿ ਭੋਜਨ ਦੂਸ਼ਿਤ ਹੋਣ ਦਾ ਮੁੱਖ ਖਤਰਾ ਕਿਰਲੀਆਂ ਕਾਰਨ ਨਹੀਂ ਹੁੰਦਾ, ਬਲਕਿ ਉਸ ਕੱਚੀ ਸਮੱਗਰੀ ਤੋਂ ਹੁੰਦਾ ਹੈ ਜਿਸ ਨੂੰ ਚੰਗੀ ਤਰ੍ਹਾਂ ਪਕਾਇਆ ਨਹੀਂ ਗਿਆ ਹੁੰਦਾ।

ਸ਼ਹਿਰਾਂ ਦਾ ਕੁਦਰਤੀ ਢਾਂਚਾ

ਤਾਮਿਲਨਾਡੂ ਵਿਚ ਮੱਛਰਾਂ ਦੀ ਸਮੱਸਿਆ ਕਾਰਨ ਗੰਭੀਰ ਬਿਮਾਰੀਆਂ ਜਿਵੇਂ ਕਿ ਡੇਂਗੂ ਦਾ ਬੁਖਾਰ, ਚਿਕਨਗੁਨੀਆ ਅਤੇ ਮਲੇਰੀਆ ਫੈਲ ਰਹੇ ਹਨ।

ਸੈਮਸਨ ਕਹਿੰਦੇ ਹਨ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਕਈ ਤਰ੍ਹਾਂ ਦੇ ਜੀਵ ਜਿਵੇਂ ਕਿ ਡੱਡੂ, ਟੋਡ, ਕਿਰਲੀਆਂ ਜਿਹੇ ਜੀਵ ਜੋ ਇਨ੍ਹਾਂ ਖਤਰਨਾਕ ਮੱਛਰਾਂ ਨੂੰ ਕਾਬੂ ਕਰਨ ਲਈ ਜ਼ਰੂਰੀ ਹਨ, ਦੀ ਗਿਣਤੀ ਘੱਟ ਰਹੀ ਹੈ।

ਉਹ ਕਹਿੰਦੇ ਹਨ, "ਖਾਸ ਕਰਕੇ ਕਿਰਲੀਆਂ ਸਿਰਫ਼ ਮੱਛਰਾਂ ਨੂੰ ਹੀ ਨਹੀਂ, ਹੋਰ ਕੀੜੇ-ਮਕੌੜਿਆਂ ਜਿਵੇਂ ਕਿ ਕੋਕਰੋਚਾਂ ਨੂੰ ਵੀ ਕਾਬੂ ਕਰਦੀਆਂ ਹਨ। ਉਨ੍ਹਾਂ ਦੀ ਮੌਜੂਦਗੀ ਕੁਦਰਤੀ ਸਾਫ਼-ਸਫ਼ਾਈ ਲਈ ਜ਼ਰੂਰੀ ਹੈ।"

ਮਾਹਿਰ ਕਹਿੰਦੇ ਹਨ ਭਾਵੇਂ ਕਿ ਕਿਰਲੀਆਂ ਪੂਰੀ ਤਰ੍ਹਾਂ ਮੱਛਰਾਂ ਦਾ ਖ਼ਾਤਮਾ ਨਹੀਂ ਕਰਦੀਆਂ ਪਰ ਲੱਖਾਂ ਘਰਾਂ ਵਿੱਚ ਮੱਛਰਾਂ ਦਾ ਕੁੱਲ ਪ੍ਰਭਾਵ ਘਟਾਉਣ ਵਿਚ ਮਦਦ ਕਰਦੀਆਂ ਹਨ।

ਸੈਮਸਨ ਨੇ ਸਮਝਾਇਆ, "ਇਹ ਸਿਰਫ਼ ਇੱਕ ਘਰ ਵਿੱਚ ਇੱਕ ਕਿਰਲੀ ਦੀ ਗੱਲ ਨਹੀਂ ਹੈ। ਇਹ ਉਸ ਕੁਦਰਤੀ ਸੇਵਾ ਬਾਰੇ ਹੈ ਜੋ ਹਜ਼ਾਰਾਂ ਕਿਰਲੀਆਂ ਹਰ ਸ਼ਹਿਰ ਵਿੱਚ ਹਰ ਰੋਜ਼ ਕਰਦੀਆਂ ਹਨ।"

ਸ਼ਹਿਰ ਆਧੁਨਿਕ ਈਕੋ-ਸਿਸਟਮ ਹਨ ਜੋ ਕਿ ਕੰਕਰੀਟ, ਰੌਸ਼ਨੀ ਅਤੇ ਮਨੁੱਖੀ ਗਤੀਵਿਧੀਆਂ ਦੀ ਸਹਿ-ਹੋਂਦ 'ਤੇ ਅਧਾਰਿਤ ਹਨ।

ਉਦਾਹਰਨ ਵਜੋਂ, ਚੇਨੱਈ ਜਿਹੇ ਸ਼ਹਿਰਾਂ ਵਿੱਚ ਜਿੱਥੇ ਤਕਰੀਬਨ ਸਾਰਾ ਸਾਲ ਹੀ ਹਵਾ ਹੁੰਮਸ ਭਰੀ ਰਹਿੰਦੀ ਹੈ, ਅਜਿਹੇ ਈਕੋ-ਜ਼ੋਨ ਸਰਗਰਮ ਹਨ।

ਕੀੜੇ-ਮਕੌੜੇ- ਖੜ੍ਹੇ ਪਾਣੀ, ਖੁੱਲ੍ਹੇ ਨਾਲਿਆਂ, ਰੁਕੇ ਹੋਏ ਪਾਣੀ ਅਤੇ ਨਿਰਮਾਣ ਵਾਲੀਆਂ ਥਾਂਵਾਂ 'ਤੇ ਲੱਗੇ ਕੂੜੇ ਦੇ ਢੇਰਾਂ ਵਿੱਚ ਵਧਦੇ ਫੁਲਦੇ ਹਨ, ਜਿਸ ਕਾਰਨ ਕਿਰਲੀਆਂ ਜਿਹੇ ਜੀਵਾਂ ਦਾ ਉਨ੍ਹਾਂ ਨੂੰ ਖਾਣਾ ਜ਼ਰੂਰੀ ਹੋ ਜਾਂਦਾ ਹੈ।

ਘਰ ਵਿੱਚ ਕੋਈ ਕਿਰਲੀ ਨਾ ਹੋਵੇ ਤਾਂ ਕੀ ਹੋਵੇਗਾ ?

ਜੇਕਰ ਘਰ ਵਿੱਚ ਕਿਰਲੀਆਂ ਨਹੀਂ ਹਨ ਤਾਂ ਕੀੜੇ ਮਕੌੜਿਆਂ ਦੀ ਗਿਣਤੀ ਬਹੁਤ ਵਧ ਸਕਦੀ ਹੈ।

ਕਿਰਲੀਆਂ ਖਤਮ ਹੋਣ ਨਾਲ ਪੈਦਾ ਹੋਇਆ ਸੰਕਟ, ਰਾਤੋਂ-ਰਾਤ ਮਹਿਸੂਸ ਨਹੀਂ ਹੋਵੇਗਾ। ਸੈਮਸਨ ਕਹਿੰਦੇ ਹਨ, ਹਾਲਾਂਕਿ ਮਨੁੱਖ ਵਿੱਚ ਕੀੜਿਆਂ-ਮਕੌੜਿਆਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਵਿੱਚ ਉਨ੍ਹਾਂ ਦੀ ਬਹੁਤ ਵੱਡੀ ਭੂਮਿਕਾ ਹੈ ਅਤੇ ਜਦੋਂ ਇਹ ਕੁਦਰਤੀ ਪ੍ਰਕਿਰਿਆ ਖਤਮ ਹੋ ਜਾਵੇਗੀ ਤਾਂ ਸਾਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।

ਕਵਿਤਾ ਕਹਿੰਦੇ ਹਨ, "ਭਾਵੇਂ ਕਿ ਉਨ੍ਹਾਂ ਦੀ ਕਿਰਲੀਆਂ ਤੋਂ ਘ੍ਰਿਣਾ ਅਤੇ ਡਰ ਬਿਲਕੁਲ ਨਹੀਂ ਬਦਲਿਆ ਹੈ ਪਰ ਮੈਂ ਦੇਖਦਿਆਂ ਹੀ ਉਨ੍ਹਾਂ ਤੋਂ ਛੁਟਕਾਰਾ ਲੈਣ ਦਾ ਵਿਚਾਰ ਛੱਡ ਦਿੱਤਾ ਹੈ।"

ਕਵਿਤਾ ਕਹਿੰਦੇ ਹਨ, "ਮੇਰਾ ਪੁੱਤਰ ਹੁਣ ਕਿਰਲੀਆਂ ਤੋਂ ਜ਼ਿਆਦਾ ਨਹੀਂ ਡਰਦਾ ਸਗੋਂ ਉਹ ਕਿਰਲੀਆਂ ਵੱਲੋਂ ਕੀਤੇ ਜਾਂਦੇ ਸ਼ਿਕਾਰ ਨੂੰ ਦੇਖ ਕੇ ਹੈਰਾਨ ਹੁੰਦਾ ਹੈ। ਉਹ ਹੁਣ ਮੈਨੂੰ ਸਮਝਾਉਂਦਾ ਹੈ ਕਿ ਕਿਰਲੀਆਂ ਦੀ ਹੋਂਦ ਈਕੋ-ਸਿਸਟਮ ਲਈ ਕਿੰਨੀ ਅਹਿਮੀਅਤ ਰੱਖਦੀ ਹੈ।"

"ਇਨਸਾਨਾਂ ਅਤੇ ਹੋਰ ਜੀਵਾਂ ਦੇ ਇਕੱਠੇ ਰਹਿਣ ਦਾ ਇਹ ਮਤਲਬ ਬਿਲਕੁੱਲ ਨਹੀਂ ਕਿ ਸਾਡੇ ਵਰਗੇ ਲੋਕ ਉਨ੍ਹਾਂ ਪ੍ਰਤੀ ਆਪਣੇ ਡਰ ਜਾਂ ਨਫ਼ਰਤ ਨੂੰ ਖਤਮ ਕਰ ਦੇਣ। ਬੱਸ ਸਾਨੂੰ ਆਪਣੀ ਸਮਝ ਵਧਾਉਣ ਦੀ ਲੋੜ ਹੈ। ਮੈਨੂੰ ਹੁਣ ਇਹ ਸਮਝ ਆ ਗਿਆ ਹੈ ਕਿ ਆਪਣੇ ਆਲੇ-ਦੁਆਲੇ ਸੰਤੁਲਨ ਬਣਾਈ ਰੱਖਣ ਲਈ ਕਿਰਲੀਆਂ ਦੀ ਹੋਂਦ ਬਹੁਤ ਮਾਇਨੇ ਰੱਖਦੀ ਹੈ।"

ਡਾ. ਥੈਨੀਗੈਵੀਅਲ ਕਹਿੰਦੇ ਹਨ ਕਿ ਮੱਛਰਾਂ ਅਤੇ ਹੋਰ ਕੀੜੇ-ਮਕੌੜਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੀਟਨਾਸ਼ਕ ਵਰਗੀਆਂ ਕਈ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਇਸ ਦੇ ਕਈ ਮਾਰੂ ਪ੍ਰਭਾਵ ਵੀ ਹੁੰਦੇ ਹਨ।

ਡਾ. ਥੈਨੀਗੈਵੀਅਲ ਸਮਝਾਉਂਦੇ ਹਨ, "ਕੀੜੇ-ਮਕੌੜੇ ਕੀਟਨਾਸ਼ਕਾਂ ਪ੍ਰਤੀ ਆਪਣੀ ਪ੍ਰਤੀਰੋਧ ਸਮਰੱਥਾ ਵਿਕਸਿਤ ਕਰ ਲੈਂਦੇ ਹਨ ਜਿਸ ਕਾਰਨ ਕੀਟਨਾਸ਼ਕਾਂ ਦਾ ਉਨ੍ਹਾਂ 'ਤੇ ਅਸਰ ਨਹੀਂ ਹੁੰਦਾ। ਦੂਜੇ ਪਾਸੇ ਇਹ ਕੀਟਨਾਸ਼ਕ ਉਨ੍ਹਾਂ ਜੀਵਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ ਜੋ ਇਨ੍ਹਾਂ ਕੀੜਿਆਂ ਨੂੰ ਖਾਂਦੇ ਹਨ ਜਾਂ ਉਨ੍ਹਾਂ ਦਾ ਸ਼ਿਕਾਰ ਕਰਦੇ ਹਨ। ਡੱਡੂਆਂ ਅਤੇ ਕਿਰਲੀਆਂ ਦੀ ਹੋਂਦ ਇੱਕ ਅਜਿਹਾ ਕੁਦਰਤੀ ਹੱਲ ਹੈ ਜਿਸ ਦੇ ਕੋਈ ਮਾਰੂ ਪ੍ਰਭਾਵ ਨਹੀਂ ਹਨ।"

ਤਮਿਲਨਾਡੂ ਦੇ ਘਰਾਂ ਵਿੱਚ, ਫਿਰ ਭਾਵੇਂ ਉਹ ਚੇਨੱਈ ਵਰਗੇ ਭੀੜ-ਭਾੜ ਵਾਲੇ ਸ਼ਹਿਰਾਂ ਦੇ ਅਪਾਰਟਮੈਂਟ ਹੋਣ ਜਾਂ ਖੇਤਾਂ ਨਾਲ ਘਿਰੇ ਪਿੰਡਾਂ ਦੇ ਘਰ, ਕਿਰਲੀਆਂ ਵਰਗੇ ਕੁਝ ਜੀਵ ਮਨੁੱਖੀ ਵਸੇਬੇ ਨਾਲ ਅਨੁਕੂਲ ਹੋ ਚੁੱਕੇ ਹਨ ਅਤੇ ਉੱਥੇ ਰਹਿੰਦੇ ਹਨ। ਅਸੀਂ ਉਨ੍ਹਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)