ਮਲੇਰਕੋਟਲਾ ਦਾ ਕਿਸਾਨ, ਜੋ ਐਵੋਕਾਡੋ ਸਣੇ ਕਈ ਵਿਦੇਸ਼ੀ ਫਲਾਂ ਦੀ ਖੇਤੀ ਦੇ ਤਜਰਬੇ ਵਿੱਚ ਹੋਇਆ ਕਾਮਯਾਬ,10 ਗੁਣਾ ਮੁਨਾਫ਼ੇ ਦਾ ਦਾਅਵਾ

ਤਸਵੀਰ ਸਰੋਤ, Charanjeev Kaushal/BBC
- ਲੇਖਕ, ਚਰਨਜੀਵ ਕੌਸ਼ਲ
- ਰੋਲ, ਬੀਬੀਸੀ ਸਹਿਯੋਗੀ
- ਪੜ੍ਹਨ ਦਾ ਸਮਾਂ: 6 ਮਿੰਟ
ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਹਥੋਆ ਦੇ ਨੌਜਵਾਨ ਕਿਸਾਨ ਗੁਰਸਿਮਰਨ ਸਿੰਘ ਆਪਣੇ ਖੇਤ ਵਿੱਚ ਐਵੋਕਾਡੋ ਦੇ ਬਾਗ ਦੇ ਨਾਲ-ਨਾਲ ਹੋਰ ਵਿਦੇਸ਼ੀ ਫ਼ਲਾਂ ਦੀ ਖੇਤੀ ਕਰ ਰਹੇ ਹਨ।
ਗੁਰਸਿਮਰਨ ਸਿੰਘ ਨੇ ਰਵਾਇਤੀ ਕਣਕ-ਝੋਨੇ ਦੀ ਫ਼ਸਲ ਦੇ ਚੱਕਰ ਵਿੱਚੋਂ ਨਿਕਲਣ ਲਈ ਫ਼ਲਾਂ ਦੀ ਖੇਤੀ ਅਪਣਾਈ ਹੈ।
ਗੁਰਸਿਮਰਨ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੀ ਜ਼ਮੀਨ ਦੇ ਅੱਧੇ ਏਕੜ ਵਿੱਚ ਐਵੋਕਾਡੋ ਦੇ 35 ਦਰਖ਼ਤ ਲਗਾਏ ਹਨ।

ਤਸਵੀਰ ਸਰੋਤ, Charanjeev Kaushal/BBC
ਇਸ ਦੇ ਨਾਲ ਹੀ ਹੋਰ ਕਈ ਵਿਦੇਸ਼ੀ ਫ਼ਲਾਂ ਦੇ ਬੂਟੇ, ਪਹਾੜੀ ਤੇ ਦੱਖਣੀ ਭਾਰਤ ਵਿੱਚ ਹੋਣ ਵਾਲੇ ਫ਼ਲਾਂ ਦੀ ਖੇਤੀ ਵੀ 2017 ਵਿੱਚ ਸ਼ੁਰੂ ਕੀਤੀ।
ਗੁਰਸਿਮਰਨ ਮੁਤਾਬਕ, "ਕਣਕ-ਝੋਨੇ ਦੇ ਚੱਕਰ ਵਿੱਚ ਕਿਸਾਨ ਦੀ ਆਮਦਨ ਸੀਮਤ ਰਹਿ ਜਾਂਦੀ ਹੈ। ਮੈਂ ਸੋਚਿਆ ਕਿ ਕੁਝ ਨਵਾਂ ਅਤੇ ਲਾਭਕਾਰੀ ਕੀਤਾ ਜਾਣਾ ਚਾਹੀਦਾ ਹੈ।"
ਗੁਰਸਿਮਰਨ ਕਹਿੰਦੇ ਹਨ, "ਐਵੋਕਾਡੋ ਦਾ ਫ਼ਲ 250 ਤੋਂ 300 ਰੁਪਏ ਕਿਲੋ ਤੱਕ ਵਿਕਦਾ ਹੈ ਅਤੇ ਰਵਾਇਤੀ ਖੇਤੀ ਨਾਲੋਂ ਲਗਭਗ 10 ਗੁਣਾ ਵੱਧ ਕਮਾਈ ਐਵੋਕਾਡੋ ਦੇ ਬਾਗ਼ ਤੋਂ ਹੋ ਰਹੀ ਹੈ।"
ਉਨ੍ਹਾਂ ਨੇ ਆਪਣੇ ਖੇਤ ਵਿੱਚ ਐਵੋਕਾਡੋ ਦੇ ਬਾਗ਼ ਦੇ ਨਾਲ ਲੋਂਗਨ, ਪਿਕਨ ਅਖਰੋਟ, ਕਾਫ਼ੀ, ਕੈਲੀਫੋਰਨੀਆ ਬਦਾਮ, ਮੇਕਡਮੀਆ ਨਟ (ਆਸਟ੍ਰੇਲੀਆ), ਨੈਕਟਰਿਨ, ਸਿਲਵਰ ਬੇਰੀ, ਲੁਕਾਠ, ਪੀਨਟ ਬਟਰ ਫਰੂਟ, ਜੈਤੂਨ, ਕਨੇਡਾ ਅਤੇ ਅਮਰੀਕਾ ਦੇ ਅੰਗੂਰ, ਅਤੇ ਭਾਰਤ ਵਿੱਚ ਉਗਾਏ ਜਾਣ ਵਾਲੇ ਸਟਾਰ ਫਰੂਟ, ਅਮਰਾ ਫਲ, ਅੰਜੀਰ, ਸੁਹਾਂਜਣਾ ਅਤੇ ਲਾਲ ਚੀਕੂ ਦੇ ਬੂਟੇ ਵੀ ਲਗਾਏ ਹੋਏ ਹਨ।

ਦੋ ਬੂਟਿਆਂ ਨਾਲ ਸ਼ੁਰੂਆਤ
ਗੁਰਸਿਮਰਨ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਅਤੇ ਦਾਦਾ ਨੂੰ ਫ਼ਲਦਾਰ ਬੂਟੇ ਲਗਾਉਣ ਦਾ ਬਹੁਤ ਸ਼ੌਂਕ ਸੀ।
ਉਹ ਕਹਿੰਦੇ ਹਨ, "ਪਹਿਲਾਂ ਸਿਰਫ਼ ਇੱਕ ਛੋਟੀ ਬਗੀਚੀ ਸੀ, ਫਿਰ ਅਸੀਂ ਹੌਲੀ-ਹੌਲੀ ਹੋਰ ਬੂਟੇ ਲਗਾਉਂਦੇ ਗਏ। ਵਿਦੇਸ਼ ਵਿੱਚ ਰਹਿੰਦੇ ਇੱਕ ਰਿਸ਼ਤੇਦਾਰ ਨੇ ਸਾਨੂੰ ਐਵੋਕਾਡੋ ਬਾਰੇ ਜਾਣਕਾਰੀ ਦਿੱਤੀ ਅਤੇ ਪੰਜਾਬ ਵਿੱਚ ਇਸਦੀ ਖੇਤੀ ਕਰਨ ਦੀ ਸਲਾਹ ਦਿੱਤੀ।"
ਉਹ ਕਹਿੰਦੇ ਹਨ, "ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਵੀ ਇਹ ਫ਼ਲ ਉਗਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਮੈਂ 2010 ਤੋਂ ਇੰਟਰਨੈੱਟ ਅਤੇ ਕਿਤਾਬਾਂ ਰਾਹੀਂ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ।"
ਸਾਲ 2017-18 ਵਿੱਚ ਉਨ੍ਹਾਂ ਨੇ ਦੋ ਬੂਟਿਆਂ ਨਾਲ ਸ਼ੁਰੂਆਤ ਕੀਤੀ। ਗੁਰਸਿਮਰਨ ਦੇ ਕੁਝ ਪਰਿਵਾਰਕ ਮੈਂਬਰ ਕੈਲੀਫੋਰਨੀਆ ਵਿੱਚ ਰਹਿੰਦੇ ਹਨ।
ਉਹ ਦੱਸਦੇ ਹਨ, "ਉੱਥੇ ਦੇ ਮੌਸਮ ਅਤੇ ਨਸਲਾਂ ਬਾਰੇ ਮੈਨੂੰ ਪਹਿਲਾਂ ਹੀ ਜਾਣਕਾਰੀ ਮਿਲ ਗਈ ਸੀ। ਮੈਂ ਉਨ੍ਹਾਂ ਇਲਾਕਿਆਂ ਦੀਆਂ ਕਿਸਮਾਂ ਚੁਣੀਆਂ ਜਿੱਥੇ ਤਾਪਮਾਨ ਪੰਜਾਬ ਵਰਗਾ ਹੁੰਦਾ ਹੈ।"
ਉਹ ਕਹਿੰਦੇ ਹਨ ਕਿ 2010 ਤੋਂ ਲਗਾਤਾਰ ਇੰਟਰਨੈੱਟ ਅਤੇ ਕਿਤਾਬਾਂ ਰਾਹੀਂ ਖੋਜ ਕਰਦੇ ਰਹੇ। ਦੱਖਣੀ ਭਾਰਤ ਤੋਂ ਖ਼ਾਸ ਐਵੋਕਾਡੋ ਦੀਆਂ ਕਿਸਮਾਂ ਦੇ ਬੂਟੇ ਮੰਗਵਾਏ ਗਏ ਜੋ ਪੰਜਾਬ ਦੇ ਮੌਸਮ ਵਿੱਚ ਸਫ਼ਲ ਰਹੇ।
ਗੁਰਸਿਮਰਨ ਦਾ ਕਹਿਣਾ ਹੈ, "ਮੈਂ ਦੱਖਣੀ ਭਾਰਤ ਦੇ ਸੂਬਿਆਂ ਵਿੱਚ ਜਾ ਕੇ ਬਾਗ਼ਬਾਨੀ ਕਰਨ ਵਾਲੇ ਕਿਸਾਨਾਂ ਨੂੰ ਮਿਲਿਆ ਅਤੇ ਉਨ੍ਹਾਂ ਤੋਂ ਤਜਰਬਾ ਸਿੱਖਿਆ। ਫਿਰ ਹੌਲੀ-ਹੌਲੀ ਬੂਟਿਆਂ ਦੀ ਗਿਣਤੀ ਵਧਾਈ ਅਤੇ ਅੱਜ ਕਰੀਬ 30 ਦਰਖ਼ਤ ਸਫ਼ਲ ਫ਼ਲ ਦੇ ਰਹੇ ਹਨ।"
"ਕੈਲੀਫੋਰਨੀਆ ਅਤੇ ਦੱਖਣੀ ਭਾਰਤ ਦੇ ਕੁਝ ਖੋਜਕਾਰ ਡਾਕਟਰਾਂ ਨਾਲ ਮੈਂ ਲਗਾਤਾਰ ਸੰਪਰਕ ਵਿੱਚ ਰਹਿੰਦਾ ਹਾਂ। ਜੇ ਕਿਸੇ ਬੂਟੇ ਵਿੱਚ ਦਿੱਕਤ ਆਉਂਦੀ ਸੀ ਤਾਂ ਤੁਰੰਤ ਤਸਵੀਰ ਭੇਜ ਕੇ ਸਲਾਹ ਲੈ ਲੈਂਦਾ ਸੀ।"

ਤਸਵੀਰ ਸਰੋਤ, Charanjeev Kaushal/BBC
ਫ਼ਲ ਕਦੋਂ ਅਤੇ ਕਿੰਨਾ ਮਿਲਦਾ ਹੈ
ਗੁਰਸਿਮਰਨ ਸਿੰਘ ਮੁਤਾਬਕ ਫਰਵਰੀ ਵਿੱਚ ਫੁੱਲ ਆਉਂਦੇ ਹਨ, ਮਾਰਚ ਵਿੱਚ ਫ਼ਲ ਬਣਦਾ ਹੈ ਅਤੇ ਅਗਸਤ ਵਿੱਚ ਪੱਕ ਜਾਂਦਾ ਹੈ।
ਉਹ ਕਹਿੰਦੇ ਹਨ ਕਿ 300 ਤੋਂ 700 ਗ੍ਰਾਮ ਤੱਕ ਦਾ ਫ਼ਲ ਤਿਆਰ ਹੁੰਦਾ ਹੈ ਅਤੇ ਤੋੜਨ ਤੋਂ ਬਾਅਦ ਲਗਭਗ 10 ਦਿਨ ਤੱਕ ਸੁਰੱਖਿਅਤ ਰਹਿੰਦਾ ਹੈ।
ਉਨ੍ਹਾਂ ਦੇ ਅਨੁਸਾਰ ਐਵੋਕਾਡੋ ਦੀ ਮੰਗ ਪੂਰੇ ਭਾਰਤ ਵਿੱਚ ਹੈ। ਪੰਜਾਬ ਵਿੱਚ ਮਲੇਰਕੋਟਲਾ, ਸੰਗਰੂਰ ਅਤੇ ਲੁਧਿਆਣਾ ਵਿੱਚ ਇਸਦੀ ਵਿਕਰੀ ਹੁੰਦੀ ਹੈ, ਪਰ ਜ਼ਿਆਦਾਤਰ ਗਾਹਕ ਸਿੱਧੇ ਫਾਰਮ 'ਤੇ ਆ ਕੇ ਫ਼ਲ ਖਰੀਦਦੇ ਹਨ।
ਉਹ ਕਹਿੰਦੇ ਹਨ, "300 ਤੋਂ 500 ਗ੍ਰਾਮ ਦਾ ਇੱਕ ਫ਼ਲ 150 ਤੋਂ 300 ਰੁਪਏ ਤੱਕ ਵਿਕ ਜਾਂਦਾ ਹੈ। ਆਉਣ ਵਾਲੇ ਸਮੇਂ ਵਿੱਚ ਜਦੋਂ ਝਾੜ ਵਧੇਗਾ ਤਾਂ ਮੈਂ ਵੱਡੀ ਮਾਰਕੀਟ ਵੱਲ ਵੀ ਵਧਾਂਗਾ।"
ਐਵੋਕਾਡੋ ਦੀ ਨਰਸਰੀ
ਗੁਰਸਿਮਰਨ ਸਿੰਘ ਨੇ ਐਵੋਕਾਡੋ ਦੀ ਨਰਸਰੀ ਵੀ ਤਿਆਰ ਕਰ ਲਈ ਹੈ।
ਉਹ ਕਹਿੰਦੇ ਹਨ, "ਜੋ ਕਿਸਾਨ ਦਿਲਚਸਪੀ ਰੱਖਦੇ ਹਨ, ਮੈਂ ਉਨ੍ਹਾਂ ਦੇ ਖੇਤਾਂ ਵਿੱਚ ਜਾ ਕੇ ਬਾਗ਼ ਲਗਾਉਣ ਵਿੱਚ ਮਦਦ ਕਰਦਾ ਹਾਂ। ਮੈਂ ਆਪਣੀ ਫਰਮ ਰਜਿਸਟਰ ਕਰਵਾਉਣ ਦੀ ਯੋਜਨਾ ਬਣਾ ਰਿਹਾ ਹਾਂ ਅਤੇ ਆਪਣੇ ਬ੍ਰਾਂਡ ਹੇਠ ਐਵੋਕਾਡੋ ਦੀ ਵਿਕਰੀ ਕਰਾਂਗਾ। ਭਵਿੱਖ ਵਿੱਚ ਐਵੋਕਾਡੋ ਦਾ ਤੇਲ ਅਤੇ ਹੋਰ ਉਤਪਾਦ ਵੀ ਤਿਆਰ ਕਰਨ ਦਾ ਮਨ ਹੈ।"

ਤਸਵੀਰ ਸਰੋਤ, Charanjeev Kaushal/BBC
ਸ਼ੁਰੂਆਤੀ ਮੁਸ਼ਕਲਾਂ
ਗੁਰਸਿਮਰਨ ਸਿੰਘ ਯਾਦ ਕਰਦੇ ਹਨ ਕਿ 2014-15 ਵਿੱਚ ਕੇਰਲ ਤੋਂ ਮੰਗਵਾਏ ਬੂਟੇ ਰਸਤੇ ਵਿੱਚ ਹੀ ਸੁੱਕ ਗਏ ਸਨ। ਉਸ ਸਮੇਂ ਨਿਰਾਸ਼ਾ ਹੋਈ, ਪਰ ਉਨ੍ਹਾਂ ਹਿੰਮਤ ਨਹੀਂ ਹਾਰੀ। ਬਾਅਦ ਵਿੱਚ ਚਾਰ ਬੂਟੇ ਮੰਗਵਾਏ ਗਏ।
ਉਹ ਕਹਿੰਦੇ ਹਨ, "ਮੇਰੇ ਫਾਰਮ ਵਾਲੇ ਬੂਟੇ ਸੰਭਾਲ ਦੀ ਕਮੀ ਕਾਰਨ ਸੁੱਕ ਗਏ ਪਰ ਭੈਣ ਦੇ ਘਰ ਲੱਗੇ ਬੂਟੇ ਚਲ ਪਏ। ਇਸ ਨਾਲ ਮੇਰਾ ਹੌਸਲਾ ਵਧਿਆ।"

ਤਸਵੀਰ ਸਰੋਤ, Charanjeev Kaushal/BBC
ਖ਼ਰਚਾ ਅਤੇ ਕਮਾਈ
ਕਿਸਾਨ ਗੁਰਸਿਮਰਨ ਸਿੰਘ ਦੱਸਦੇ ਹਨ ਕਿ ਇੱਕ ਬੂਟੇ ਦੀ ਕੀਮਤ 1200 ਤੋਂ 1500 ਰੁਪਏ ਹੈ ਅਤੇ ਤਿੰਨ ਸਾਲ ਦੀ ਦੇਖਭਾਲ ਸਮੇਤ ਲਗਭਗ 2000 ਰੁਪਏ ਖ਼ਰਚ ਆ ਜਾਂਦਾ ਹੈ। ਤਿੰਨ ਸਾਲ ਬਾਅਦ ਬੂਟਾ ਫ਼ਲ ਦੇਣਾ ਸ਼ੁਰੂ ਕਰਦਾ ਹੈ।
ਉਹ ਕਹਿੰਦੇ ਹਨ, "ਜੇ ਸਹੀ ਜਾਣਕਾਰੀ ਅਤੇ ਸੰਭਾਲ ਹੋਵੇ ਤਾਂ ਐਵੋਕਾਡੋ ਦੀ ਖੇਤੀ ਕਿਸਾਨਾਂ ਲਈ ਬਹੁਤ ਲਾਭਕਾਰੀ ਸਾਬਤ ਹੋ ਸਕਦੀ ਹੈ। ਅਮਰੂਦ ਦਾ ਬਾਗ ਵੀ ਕਣਕ-ਝੋਨੇ ਨਾਲੋਂ ਵੱਧ ਕਮਾਈ ਦੇ ਦਿੰਦਾ ਹੈ, ਪਰ ਐਵੋਕਾਡੋ ਤੋਂ ਲਗਭਗ 10 ਗੁਣਾ ਵੱਧ ਆਮਦਨ ਹੋ ਰਹੀ ਹੈ।"
ਹਾਲਾਂਕਿ, ਉਹ ਹੁਣ ਅੱਧੇ ਏਕੜ ਤੋਂ ਬਾਗ਼ ਨੂੰ ਤਿੰਨ ਏਕੜ ਤੱਕ ਵਧਾਉਣ ਦੀ ਯੋਜਨਾ ਬਣਾ ਰਹੇ ਹਨ।
ਗੁਰਸਿਮਰਨ ਕਹਿੰਦੇ ਹਨ, "ਜੇ ਨੌਜਵਾਨ ਕਿਸਾਨ ਦੋਹਰੇ ਫ਼ਸਲੀ ਚੱਕਰ ਤੋਂ ਬਾਹਰ ਨਿਕਲ ਕੇ ਵਿਦੇਸ਼ੀ ਫ਼ਲਾਂ ਵੱਲ ਧਿਆਨ ਦੇਣ, ਤਾਂ ਖੇਤੀ ਸੰਕਟ ਘੱਟ ਹੋ ਸਕਦਾ ਹੈ। ਇਨ੍ਹਾਂ ਫ਼ਲਾਂ ਦੀ ਖੇਤੀ ਵਿੱਚ ਝੋਨੇ ਨਾਲੋਂ ਕਾਫ਼ੀ ਘੱਟ ਪਾਣੀ ਲੱਗਦਾ ਹੈ, ਜਿਸ ਨਾਲ ਜ਼ਮੀਨੀ ਪਾਣੀ ਦੀ ਬੱਚਤ ਵੀ ਹੋ ਸਕਦੀ ਹੈ।"
ਗੁਰਸਿਮਰਨ ਦਾ ਮੰਨਣਾ ਹੈ, "ਬਦਲਾਅ ਤੋਂ ਡਰਨਾ ਨਹੀਂ ਚਾਹੀਦਾ। ਨਵੀਂ ਸੋਚ ਅਤੇ ਸਹੀ ਮਿਹਨਤ ਨਾਲ ਖੇਤੀ ਵਿੱਚ ਵੀ ਕਾਮਯਾਬੀ ਮਿਲ ਸਕਦੀ ਹੈ।"

ਮਾਹਰਾਂ ਦੀ ਕੀ ਸਲਾਹ
ਬਾਗ਼ਬਾਨੀ ਵਿਭਾਗ ਦੇ ਰਿਟਾਇਰਡ ਡਿਪਟੀ ਡਾਇਰੈਕਟਰ ਡਾ. ਨਿਰਵੰਤ ਸਿੰਘ ਦਾ ਕਹਿਣਾ ਹੈ, "ਜੋ ਕਿਸਾਨ ਇਹ ਤਜਰਬਾ ਕਰ ਰਹੇ ਹਨ, ਉਨ੍ਹਾਂ ਨੂੰ ਕੁਝ ਫਾਇਦਾ ਮਿਲ ਰਿਹਾ ਹੈ ਤਾਂ ਹੀ ਉਹ ਇਸ ਵੱਲ ਵਧ ਰਹੇ ਹਨ। ਫਿਲਹਾਲ ਪੰਜਾਬ ਵਿੱਚ ਐਵੋਕਾਡੋ ਦੀ ਖੇਤੀ ਲਈ ਅਧਿਕਾਰਿਤ ਸਿਫ਼ਾਰਿਸ਼ ਨਹੀਂ ਹੈ।"
ਉਹ ਅੱਗੇ ਕਹਿੰਦੇ ਹਨ, "ਪੰਜਾਬ ਦੇ ਮੌਸਮ ਅਨੁਕੂਲ ਵਰਾਇਟੀ 'ਤੇ ਖੋਜ ਕਰਨੀ ਜ਼ਰੂਰੀ ਹੈ ਅਤੇ ਕਿਸਾਨਾਂ ਨੂੰ ਪੂਰੀ ਤਕਨੀਕੀ ਜਾਣਕਾਰੀ ਦੇਣ ਤੋਂ ਬਾਅਦ ਹੀ ਇਸਦੀ ਸਿਫ਼ਾਰਿਸ਼ ਕੀਤੀ ਜਾ ਸਕਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































