ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ 2025 ਬਣੀ ਸਮ੍ਰਿਤੀ ਮੰਧਾਨਾ

ਸਮ੍ਰਿਤੀ ਮੰਧਾਨਾ ਬਣੀ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ 2025

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਮ੍ਰਿਤੀ ਮੰਧਾਨਾ ਬਣੀ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ 2025
ਪੜ੍ਹਨ ਦਾ ਸਮਾਂ: 10 ਮਿੰਟ

ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ ਐਵਾਰਡ ਦੇ ਜੇਤੂਆਂ ਦਾ ਐਲਾਨ ਹੋ ਗਿਆ ਹੈ। ਭਾਰਤੀ ਮਹਿਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ ਬੀਬੀਸੀ ਇੰਡਿਅਨ ਸਪੋਰਟਸਵੂਮੈਨ ਆਫ ਦਿ ਈਅਰ 2025 ਚੁਣੇ ਗਏ ਹਨ।

ਇਸ ਸਾਲ ਇਸ ਐਵਾਰਡ ਲਈ ਪੰਜ ਦਾਵੇਦਾਰ ਸਨ- ਕ੍ਰਿਕਟਰ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ, ਸ਼ਤਰੰਜ ਖਿਡਾਰਨ ਦਿਵਿਆ ਦੇਸ਼ਮੁਖ, ਨਿਸ਼ਾਨੇਬਾਜ਼ ਸੁਰੂਚੀ ਸਿੰਘ ਅਤੇ ਐਥਲੀਟ ਜੋਤੀ ਯਾਰਾਜੀ।

ਇਹ ਪੁਰਸਕਾਰ ਸਾਲ 2025 ਵਿੱਚ ਭਾਰਤੀ ਖੇਡ ਜਗਤ ਵਿੱਚ ਔਰਤਾਂ ਦੇ ਯੋਗਦਾਨ ਨੂੰ ਸਨਮਾਨਿਤ ਕਰਨ ਅਤੇ ਦੇਸ਼ ਵਿੱਚ ਖੇਡ ਨਾਲ ਜੁੜੀਆਂ ਸਾਰੀਆਂ ਔਰਤਾਂ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਉਣ ਲਈ ਦਿੱਤਾ ਜਾਂਦਾ ਹੈ।

ਸਮ੍ਰਿਤੀ ਮੰਧਾਨਾ ਨੇ ਆਪਣੇ ਸੰਦੇਸ਼ ਵਿੱਚ ਕਿਹਾ, "ਸਭ ਤੋਂ ਪਹਿਲਾਂ ਬੀਬੀਸੀ ਦਾ ਧੰਨਵਾਦ, ਜਿਨ੍ਹਾਂ ਨੇ ਮੈਨੂੰ ਇਹ ਐਵਾਰਡ ਦਿੱਤਾ। 2025 ਮੇਰੇ ਲਈ ਖ਼ਾਸ ਸਾਲ ਰਿਹਾ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਭਾਰਤ ਦੀ ਜਿੱਤ ਵਿੱਚ ਯੋਗਦਾਨ ਪਾ ਸਕੀ।"

ਵੀਡੀਓ ਕੈਪਸ਼ਨ, BBC Indian Sportswoman of the Year - ISWOTY 2025 LIVE
ਸੀਐੱਨਆਰ ਦੇ ਸੀਈਓ ਰੂਪਾ ਝਾਅ
ਤਸਵੀਰ ਕੈਪਸ਼ਨ, ਸੀਐੱਨਆਰ ਦੇ ਸੀਈਓ ਰੂਪਾ ਝਾਅ

ਸੀਐੱਨਆਰ ਦੇ ਸੀਈਓ ਰੂਪਾ ਝਾਅ ਨੇ ਕਿਹਾ, "ਅੱਜ ਜਦੋਂ ਦੁਨੀਆ ਮੁਸ਼ਕਲ ਸੱਚਾਈਆਂ ਨਾਲ ਜੂਝ ਰਹੀ ਹੈ, ਜਦੋਂ ਤਾਕਤਵਰ ਮਰਦਾਂ ਦੇ ਨਾਮ ਸਾਹਮਣੇ ਆ ਰਹੇ ਹਨ, ਜਦੋਂ ਬਚੀਆਂ ਅਤੇ ਔਰਤਾਂ ਚੁੱਪ ਰਹਿਣ ਤੋਂ ਇਨਕਾਰ ਕਰ ਰਹੀਆਂ ਹਨ ਅਤੇ ਪ੍ਰਣਾਲੀਆਂ 'ਤੇ ਸਵਾਲ ਉੱਠ ਰਹੇ ਹਨ, ਅਸੀਂ ਯਾਦ ਕਰਦੇ ਹਾਂ ਕਿ ਅਜਿਹੇ ਮੰਚ ਕਿਉਂ ਮਹੱਤਵਪੂਰਨ ਹਨ।"

"ਕਿਉਂਕਿ ਹਰ ਸ਼ੋਸ਼ਣ ਅਤੇ ਮਿਟਾਏ ਜਾਣ ਦੀ ਕਹਾਣੀ ਦੇ ਨਾਲ ਆਪਣੀ ਇੱਛਾ-ਸ਼ਕਤੀ, ਇੱਜ਼ਤ ਅਤੇ ਜਿੱਤ ਦੀਆਂ ਕਹਾਣੀਆਂ ਵੀ ਹੋਣੀਆਂ ਚਾਹੀਦੀਆਂ ਹਨ। ਅਜਿਹੇ ਸਥਾਨ ਹੋਣੇ ਚਾਹੀਦੇ ਹਨ ਜਿੱਥੇ ਔਰਤਾਂ ਨੂੰ ਘਟਾਇਆ ਨਾ ਜਾਵੇ, ਸਗੋਂ ਸਨਮਾਨਿਤ ਕੀਤਾ ਜਾਵੇ। ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਨਾ ਜਾਵੇ, ਸਗੋਂ ਉਭਾਰਿਆ ਜਾਵੇ।"

"ਇਹੀ ਆਈਐੱਸਡਬਲਿਓਟੀਵਾਈ ਦੀ ਸੋਚ ਹੈ। ਆਓ ਅਸੀਂ ਇਹ ਕਹਾਣੀਆਂ ਡੂੰਘਾਈ ਅਤੇ ਮਰਯਾਦਾ ਨਾਲ ਸੁਣਾਉਂਦੇ ਰਹੀਏ ਅਤੇ ਕਦੇ ਵੀ ਇਹ ਜ਼ੋਰ ਦੇਣਾ ਨਾ ਛੱਡੀਏ ਕਿ ਹਰ ਕੁੜੀ, ਹਰ ਥਾਂ, ਆਪਣੀ ਥਾਂ ਦੀ ਹਕਦਾਰ ਹੈ।"

ਬੀਬੀਸੀ ਪੈਰਾ ਸਪੋਰਟਸਵੂਮੈਨ ਆਫ ਦਿ ਈਅਰ– ਪ੍ਰੀਤੀ ਪਾਲ

ਪ੍ਰੀਤੀ ਪਾਲ
ਤਸਵੀਰ ਕੈਪਸ਼ਨ, ਪ੍ਰੀਤੀ ਪਾਲ ਬਣੀ ਬੀਬੀਸੀ ਪੈਰਾ ਸਪੋਰਟਸਵੂਮੈਨ ਆਫ ਦਿ ਈਅਰ - 2025

ਪ੍ਰੀਤੀ ਕਹਿੰਦੇ ਹਨ, "ਚੁਣੌਤੀ ਹਰ ਕਿਸੇ ਦੀ ਜ਼ਿੰਦਗੀ ਵਿੱਚ ਆਉਂਦੀ ਹੈ। ਆਪਣੇ ਆਪ 'ਤੇ ਭਰੋਸਾ ਰੱਖੋ। ਹਾਰ ਤੋਂ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।"

"ਬੀਬੀਸੀ ਦਾ ਬਹੁਤ ਧੰਨਵਾਦ। ਇਹ ਐਵਾਰਡ ਸਿਰਫ਼ ਮੇਰਾ ਨਹੀਂ, ਮੇਰੀ ਪੂਰੀ ਟੀਮ ਦਾ ਹੈ।"

ਅੰਜਲੀ ਭਾਗਵਤ ਨੂੰ ਮਿਲਿਆ ਬੀਬੀਸੀ ਲਾਈਫਟਾਈਮ ਐਚੀਵਮੈਂਟ ਐਵਾਰਡ 2025

ਅੰਜਲੀ ਭਾਗਵਤ
ਤਸਵੀਰ ਕੈਪਸ਼ਨ, "ਮੇਹਨਤ ਦਾ ਕੋਈ ਬਦਲ ਨਹੀਂ ਹੁੰਦਾ। ਤੁਹਾਨੂੰ ਆਪਣੇ ਕਾਬਲੀਅਤ 'ਤੇ ਵਿਸ਼ਵਾਸ ਰੱਖਣਾ ਪੈਂਦਾ ਹੈ"

ਬੀਬੀਸੀ ਲਾਈਫਟਾਈਮ ਅਚੀਵਮੈਂਟ ਐਵਾਰਡ ਨਿਸ਼ਾਨੇਬਾਜ਼ ਅੰਜਲੀ ਭਾਗਵਤ ਨੂੰ ਮਿਲਿਆ ਹੈ।

ਐਵਾਰਡ ਲੈਣ ਤੋਂ ਬਾਅਦ ਅੰਜਲੀ ਨੇ ਕਿਹਾ, "ਇਸ ਟ੍ਰਾਫੀ ਨੂੰ ਹਾਸਲ ਕਰਨਾ ਵਾਕਈ ਖ਼ਾਸ ਅਹਿਸਾਸ ਹੈ। ਪਿਛਲੇ 40 ਸਾਲਾਂ ਤੋਂ ਮੈਂ ਇਸ ਮਕਸਦ ਦਾ ਪਿੱਛਾ ਕਰ ਰਹੀ ਸੀ। ਅੱਜ ਦਾ ਦਿਨ ਮੈਨੂੰ ਮੁੜ ਆਪਣੇ ਸਫ਼ਰ ਦੀ ਯਾਦ ਦਿਵਾਉਂਦਾ ਹੈ। ਖੇਡਾਂ ਨੂੰ ਕਰੀਅਰ ਵਜੋਂ ਚੁਣਨਾ ਬਹੁਤ ਮੁਸ਼ਕਿਲ, ਮਹਿੰਗਾ ਅਤੇ ਪੁਰਸ਼ ਪ੍ਰਧਾਨ ਖੇਤਰ ਸੀ। ਇਹ ਟ੍ਰਾਫੀ ਸਿਰਫ਼ ਮੇਰੀ ਨਹੀਂ, ਮੇਰੇ ਕੋਚਾਂ ਦੀ ਵੀ ਹੈ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਕਿ ਮੈਂ ਇਹ ਕਰ ਸਕਦੀ ਹਾਂ, ਅਤੇ ਮੇਰੀ ਦੇ ਟੀਮ ਸਾਥੀਆਂ ਦੀ ਵੀ ਹੈ।"

ਬੀਬੀਸੀ ਸਟਾਰ ਪਰਫਾਰਮਰ ਆਫ ਦਿ ਈਅਰ 2025

ਪਾਨੀ ਦੇਵੀ

ਬੀਬੀਸੀ ਸਟਾਰ ਪਰਫਾਰਮਰ ਆਫ ਦਿ ਈਅਰ 2025 ਹਨ...

  • ਭਾਰਤੀ ਮਹਿਲਾ ਕ੍ਰਿਕਟ ਟੀਮ
  • ਭਾਰਤੀ ਬਲਾਈਂਡ ਮਹਿਲਾ ਕ੍ਰਿਕਟ ਟੀਮ
  • ਭਾਰਤੀ ਮਹਿਲਾ ਕਬੱਡੀ ਟੀਮ
  • ਸਿਮਰਨ ਸ਼ਰਮਾ
  • ਏਕਤਾ ਭਯਾਨ
  • ਦੀਪਤੀ ਜੀਵਾਂਜੀ
  • ਪ੍ਰੀਤੀ ਪਾਲ

ਰਾਜੀਵ ਸ਼ੁਕਲਾ ਦੀ ਅਪੀਲ: ਮਹਿਲਾ ਕ੍ਰਿਕਟ ਨੂੰ ਸਹਿਯੋਗ ਦਿਓ

ਭਾਰਤੀ ਬਲਾਈਂਡ ਮਹਿਲਾ ਕ੍ਰਿਕਟ ਟੀਮ
ਤਸਵੀਰ ਕੈਪਸ਼ਨ, ਭਾਰਤੀ ਬਲਾਈਂਡ ਮਹਿਲਾ ਕ੍ਰਿਕਟ ਟੀਮ ਨੇ ਪਿਛਲੇ ਸਾਲ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ ਸੀ

ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ 2025 ਐਵਾਰਡਜ਼ ਦੌਰਾਨ ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਲੋਕਾਂ ਵੱਲੋਂ ਮਹਿਲਾ ਕ੍ਰਿਕਟ ਨੂੰ ਪਹਿਲ ਨਹੀਂ ਦੇਣ ਦਾ ਮੁੱਦਾ ਚੁੱਕਿਆ।

ਉਨ੍ਹਾਂ ਕਿਹਾ, "ਸਾਡੀ ਮਹਿਲਾ ਟੀਮ ਬਹੁਤ ਸ਼ਾਨਦਾਰ ਖੇਡ ਰਹੀ ਹੈ। ਬੀਸੀਸੀਆਈ ਮਹਿਲਾ ਕ੍ਰਿਕਟ ਨੂੰ ਪ੍ਰਮੋਟ ਕਰਨ ਲਈ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੀ ਤਨਖ਼ਾਹ ਵਧਾਈ ਗਈ ਹੈ ਅਤੇ ਮੈਚਾਂ ਦੀ ਗਿਣਤੀ ਵੀ ਵਧਾਈ ਗਈ ਹੈ। ਮੇਰੀ ਅਪੀਲ ਹੈ ਕਿ ਲੋਕ ਮਹਿਲਾ ਕ੍ਰਿਕਟ ਦੇ ਮੈਚ ਦੇਖਣੇ ਸ਼ੁਰੂ ਕਰਨ। ਉਦੋਂ ਹੀ ਇਹ ਪੁਰਸ਼ ਕ੍ਰਿਕਟ ਦੇ ਬਰਾਬਰ ਪਹੁੰਚ ਸਕੇਗੀ।"

ਬੀਬੀਸੀ ਚੇਂਜਮੇਕਰਜ਼ ਆਫ ਦਿ ਈਅਰ

ਰਾਜਵੀਰ ਕੌਰ
  • ਭਾਰਤੀ ਮਹਿਲਾ ਆਇਸ ਹਾਕੀ ਟੀਮ: ਗ਼ੈਰ-ਰਵਾਇਤੀ ਖੇਡ ਵਿੱਚ ਰੁਕਾਵਟਾਂ ਪਾਰ ਕਰਕੇ ਆਪਣੀ ਪਛਾਣ ਬਣਾਉਣ ਲਈ।
  • ਰਾਜਬੀਰ ਕੌਰ: ਭਾਰਤੀ ਫ਼ੀਲਡ ਹਾਕੀ ਖਿਡਾਰਨ ਅਤੇ ਭਾਰਤੀ ਰਾਸ਼ਟਰੀ ਮਹਿਲਾ ਟੀਮ ਦੀ ਸਾਬਕਾ ਕਪਤਾਨ।
  • ਸਵਿਤਾ ਪੂਨੀਆ: ਭਾਰਤੀ ਫ਼ੀਲਡ ਹਾਕੀ ਖਿਡਾਰਨ ਅਤੇ ਰਾਸ਼ਟਰੀ ਟੀਮ ਦੀ ਮੌਜੂਦਾ ਮੈਂਬਰ।
  • ਪਾਨੀ ਦੇਵੀ: ਖੇਡ ਖੇਤਰ ਵਿੱਚ ਜ਼ਮੀਨੀ ਪੱਧਰ 'ਤੇ ਮਹੱਤਵਪੂਰਨ ਯੋਗਦਾਨ ਲਈ।

ਬੀਬੀਸੀ ਦੇ ਸੀਈਓ ਜੋਨਾਥਨ ਮੁਨਰੋ ਕੀ ਬੋਲੇ

ਬੀਬੀਸੀ ਨਿਊਜ਼ ਅਤੇ ਕਰੰਟ ਅਫੇਅਰਜ਼ ਦੇ ਸੀਈਓ ਜੋਨਾਥਨ ਮੁਨਰੋ
ਤਸਵੀਰ ਕੈਪਸ਼ਨ, ਬੀਬੀਸੀ ਨਿਊਜ਼ ਅਤੇ ਕਰੰਟ ਅਫੇਅਰਜ਼ ਦੇ ਸੀਈਓ ਜੋਨਾਥਨ ਮੁਨਰੋ

ਬੀਬੀਸੀ ਨਿਊਜ਼ ਅਤੇ ਕਰੰਟ ਅਫੇਅਰਜ਼ ਦੇ ਸੀਈਓ ਜੋਨਾਥਨ ਮੁਨਰੋ ਨੇ ਕਿਹਾ, “ਪਿਛਲਾ ਸਾਲ ਭਾਰਤ ਦੀਆਂ ਖਿਡਾਰਨਾਂ ਲਈ ਖਾਸ ਰਿਹਾ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਤਿਹਾਸ ਰਚਿਆ ਜਦੋਂ ਉਨ੍ਹਾਂ ਨੇ ਘਰੇਲੂ ਮੈਦਾਨ 'ਤੇ ਵਿਸ਼ਵ ਕੱਪ ਜਿੱਤਿਆ। ਉਨ੍ਹਾਂ ਦੇ ਬਰਾਬਰ ਸਨ ਉਨ੍ਹਾਂ ਦੇ ਹਮਰੁਤਬਾ ਜਿਨ੍ਹਾਂ ਨੇ ਜੋਤਹੀਣਾਂ ਦਾ ਕ੍ਰਿਕਟ ਵਿਸ਼ਵ ਕੱਪ ਜਿੱਤਿਆ।”

ਉਨ੍ਹਾਂ ਕਿਹਾ, “ਇਸ ਸਾਲ ਦੇ ਐਵਾਰਡਜ਼ ਦਾ ਵਿਸ਼ਾ 'ਐਵਰੀ ਬੌਡੀ ਕੈਨ ਪਲੇਅ' ਹੈ- ਜੋ ਉਨ੍ਹਾਂ ਔਰਤਾਂ 'ਤੇ ਕੇਂਦ੍ਰਿਤ ਹੈ ਜਿਨ੍ਹਾਂ ਨੇ ਖੇਡ ਦੇ ਖੇਤਰ 'ਚ ਉੱਤਮਤਾ ਪ੍ਰਾਪਤ ਕਰਨ ਲਈ ਸਰੀਰਕ, ਸਮਾਜਿਕ ਜਾਂ ਸੱਭਿਆਚਾਰਕ ਰੁਕਾਵਟਾਂ ਨੂੰ ਪਾਰ ਕੀਤਾ।”

“2020 'ਚ ਆਪਣੀ ਸ਼ੁਰੂਆਤ ਤੋਂ ਹੀ ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ ਨੇ ਇਨ੍ਹਾਂ ਔਰਤਾਂ ਨੂੰ ਸਨਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਜੋ ਚੁਣੌਤੀਪੂਰਨ ਹਾਲਾਤ ਦੇ ਬਾਵਜੂਦ, ਸਿਖਰ 'ਤੇ ਪਹੁੰਚੀਆਂ ਤੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ।”

ਬੀਬੀਸੀ ਵੱਲੋਂ ਚੁਣੇ ਗਏ ਪੈਨਲ ਨੇ ਇਨ੍ਹਾਂ ਪੰਜ ਭਾਰਤੀ ਖਿਡਾਰਨਾਂ ਦੀ ਸੂਚੀ ਤਿਆਰ ਕੀਤੀ ਹੈ। ਜੂਰੀ ਵਿੱਚ ਦੇਸ਼ ਭਰ ਦੇ ਤਜਰਬੇਕਾਰ ਅਤੇ ਮਾਣਯੋਗ ਖੇਡ ਪੱਤਰਕਾਰ, ਮਾਹਰ ਅਤੇ ਲੇਖਕ ਸ਼ਾਮਲ ਹਨ।

ਪਹਿਲੀ ਵਾਰ ਬੀਬੀਸੀ ਨੇ ਇੱਕ ਗ੍ਰੈਂਡ ਜੂਰੀ ਬਣਾਈ ਹੈ, ਜੋ ਜੇਤੂਆਂ ਦਾ ਫ਼ੈਸਲਾ ਕਰੇਗੀ। ਇਸ ਗ੍ਰੈਂਡ ਜੂਰੀ ਵਿੱਚ ਟੈਨਿਸ ਦੇ ਮਹਾਨ ਖਿਡਾਰੀ ਲੀਐਂਡਰ ਪੇਸ, ਲੌਂਗ ਜੰਪਰ ਅੰਜੂ ਬੌਬੀ ਜਾਰਜ ਅਤੇ ਪੈਰਾ ਐਥਲੀਟ ਦੀਪਾ ਮਲਿਕ ਸ਼ਾਮਲ ਹਨ।

ਜੇਤੂਆਂ ਨੂੰ 16 ਫ਼ਰਵਰੀ ਨੂੰ ਹੋਣ ਵਾਲੇ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇਗਾ। ਸਮਾਗਮ ਦੌਰਾਨ ਬੀਬੀਸੀ ਦੀ ਜੂਰੀ ਵੱਲੋਂ ਨਾਮਜ਼ਦ ਕੀਤੀਆਂ ਤਿੰਨ ਹੋਰ ਖਿਡਾਰਨਾਂ ਨੂੰ ਵੀ ਵੱਖ-ਵੱਖ ਸ਼੍ਰੇਣੀਆਂ ਵਿੱਚ ਸਨਮਾਨਿਤ ਕੀਤਾ ਜਾਵੇਗਾ।

  • ਬੀਬੀਸੀ ਪੈਰਾ ਸਪੋਰਟਸਵੂਮੈਨ ਆਫ ਦਿ ਈਅਰ ਐਵਾਰਡ – ਪੈਰਾ ਖੇਡਾਂ ਵਿੱਚ ਉਤਕ੍ਰਿਸ਼ਟਤਾ ਲਈ ਦਿੱਤਾ ਜਾਵੇਗਾ।
  • ਬੀਬੀਸੀ ਇਮਰਜਿੰਗ ਪਲੇਅਰ ਆਫ ਦਿ ਈਅਰ ਐਵਾਰਡ – ਇੱਕ ਨੌਜਵਾਨ ਖਿਡਾਰਨ ਦੀਆਂ ਉਪਲਬਧੀਆਂ ਨੂੰ ਮਾਨਤਾ ਦੇਵੇਗਾ।
  • ਬੀਬੀਸੀ ਲਾਈਫਟਾਈਮ ਅਚੀਵਮੈਂਟ ਐਵਾਰਡ – ਖੇਡ ਖੇਤਰ ਵਿੱਚ ਵਿਲੱਖਣ ਯੋਗਦਾਨ ਕਰਨ ਵਾਲੀ ਕਿਸੇ ਤਜਰਬੇਕਾਰ ਖਿਡਾਰਨ ਨੂੰ ਸਨਮਾਨਿਤ ਕਰਦਾ ਹੈ।

ਬੀਬੀਸੀ ਇੰਡੀਆਨ ਸਪੋਰਟਸਵੂਮੈਨ ਆਫ ਦਿ ਈਅਰ ਕੀ ਹੈ?

ਬੀਬੀਸੀ ਇੰਡੀਆਨ ਸਪੋਰਟਸਵੂਮੈਨ ਆਫ ਦਿ ਈਅਰ ਐਵਾਰਡ ਬੀਬੀਸੀ ਦੀਆਂ ਭਾਰਤੀ ਭਾਸ਼ਾਵਾਂ ਦੀ ਮੁਹਿੰਮ ਹੈ, ਜਿਸਦਾ ਮਕਸਦ ਭਾਰਤ ਦੀਆਂ ਖਿਡਾਰਨਾਂ ਦੀਆਂ ਉਪਲਬਧੀਆਂ ਨੂੰ ਸਨਮਾਨਿਤ ਕਰਨਾ ਅਤੇ ਉਨ੍ਹਾਂ ਦਾ ਜਸ਼ਨ ਮਨਾਉਣਾ ਹੈ।

ਇਹ ਮੰਚ ਮੀਡੀਆ ਕਵਰੇਜ ਰਾਹੀਂ ਭਾਰਤੀ ਖਿਡਾਰਨਾਂ ਦੀਆਂ ਉਪਲਬਧੀਆਂ ਨੂੰ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਇਹ ਉਹ ਖੇਤਰ ਰਿਹਾ ਹੈ ਜਿੱਥੇ ਰਵਾਇਤੀ ਤੌਰ 'ਤੇ ਪੁਰਸ਼ ਖਿਡਾਰੀਆਂ ਨੂੰ ਤਰਜੀਹ ਮਿਲਦੀ ਰਹੀ ਹੈ।

ਪਰ ਪਛਾਣ ਦੀ ਸੀਮਾ ਤੋਂ ਪਰੇ ਬੀਬੀਸੀ ਸਪੋਰਟਸਵੂਮੈਨ ਆਫ ਦਿ ਈਅਰ ਪੁਰਸਕਾਰ ਖੇਡਾਂ ਵਿੱਚ ਲਿੰਗ ਸਮਾਨਤਾ ਅਤੇ ਅਗਵਾਈ ਬਾਰੇ ਸਾਰਥਕ ਚਰਚਾਵਾਂ ਨੂੰ ਉਤਸ਼ਾਹ ਦਿੰਦਾ ਹੈ।

ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ ਐਵਾਰਡ ਲਈ ਨਾਮਜ਼ਦ ਸਨ-

ਦਿਵਿਆ ਦੇਸ਼ਮੁਖ, ਸ਼ਤਰੰਜ ਗ੍ਰੈਂਡਮਾਸਟਰ

ਦਿਵਿਆ ਦੇਸ਼ਮੁਖ
ਤਸਵੀਰ ਕੈਪਸ਼ਨ, ਦਿਵਿਆ ਦੇਸ਼ਮੁਖ

20 ਸਾਲ ਦੀ ਸ਼ਤਰੰਜ ਖਿਡਾਰਨ ਦਿਵਿਆ ਦੇਸ਼ਮੁਖ ਨੇ ਜੁਲਾਈ ਵਿੱਚ ਐੱਫਆਈਡੀਈ ਮਹਿਲਾ ਵਰਲਡ ਕੱਪ ਜਿੱਤ ਕੇ ਪਹਿਲੀ ਭਾਰਤੀ ਅਤੇ ਹੁਣ ਤੱਕ ਦੀ ਸਭ ਤੋਂ ਨੌਜਵਾਨ ਚੈਂਪੀਅਨ ਬਣ ਕੇ ਇਤਿਹਾਸ ਰਚ ਦਿੱਤਾ।

ਇਸ ਉਪਲਬਧੀ ਨਾਲ ਉਨ੍ਹਾਂ ਨੂੰ ਗ੍ਰੈਂਡਮਾਸਟਰ ਦਾ ਦਰਜਾ ਵੀ ਮਿਲਿਆ। ਫ਼ਾਈਨਲ ਵਿੱਚ ਜਦੋਂ ਦਿਵਿਆ ਨੇ ਕੋਨੇਰੂ ਹੰਪੀ ਨੂੰ ਹਰਾਇਆ ਤਾਂ ਇਹ ਅਗਲੀ ਪੀੜ੍ਹੀ ਨੂੰ ਕਮਾਨ ਮਿਲਣ ਵਰਗਾ ਪਲ਼ ਸੀ, ਕਿਉਂਕਿ ਕੋਨੇਰੂ ਹੰਪੀ ਭਾਰਤ ਦੀ ਪਹਿਲੀ ਮਹਿਲਾ ਗ੍ਰੈਂਡਮਾਸਟਰ ਰਹੇ ਹਨ।

2005 ਵਿੱਚ ਨਾਗਪੁਰ ਵਿੱਚ ਜਨਮੀ ਦਿਵਿਆ ਨੇ ਪੰਜ ਸਾਲ ਦੀ ਉਮਰ ਵਿੱਚ ਸ਼ਤਰੰਜ ਖੇਡਣੀ ਸ਼ੁਰੂ ਕੀਤੀ। ਦੋ ਸਾਲਾਂ ਵਿੱਚ ਉਹ ਅੰਡਰ-7 ਨੈਸ਼ਨਲ ਚੈਂਪੀਅਨ ਬਣ ਗਈ ਅਤੇ 2017 ਵਿੱਚ ਗਰਲਜ਼ ਅੰਡਰ-12 ਵਰਗ ਵਿੱਚ ਵਰਲਡ ਯੂਥ ਚੈੱਸ ਚੈਂਪੀਅਨਸ਼ਿਪ ਜਿੱਤੀ।

2022 ਵਿੱਚ ਚੇੱਨਈ ਵਿੱਚ ਹੋਏ ਚੈੱਸ ਓਲੰਪਿਆਡ ਵਿੱਚ ਭਾਰਤ ਦੀ ਬਰਾਂਜ਼ ਮੈਡਲ ਜਿੱਤਣ ਵਾਲੀ ਟੀਮ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ।

ਦੋ ਸਾਲ ਬਾਅਦ ਉਨ੍ਹਾਂ ਨੇ ਇੰਡੀਵੀਜ਼ੁਅਲ ਗੋਲਡ ਮੈਡਲ ਜਿੱਤਿਆ ਅਤੇ ਉਸ ਟੀਮ ਦਾ ਹਿੱਸਾ ਰਹੀ ਜਿਸ ਨੇ ਪੋਡੀਅਮ 'ਤੇ ਪਹਿਲਾ ਸਥਾਨ ਹਾਸਲ ਕੀਤਾ।

ਹਰਮਨਪ੍ਰੀਤ ਕੌਰ, ਕ੍ਰਿਕੇਟਰ

ਹਰਮਨਪ੍ਰੀਤ ਕੌਰ

ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਨਵੰਬਰ ਵਿੱਚ ਦੇਸ਼ ਨੂੰ ਉਸਦਾ ਪਹਿਲਾ ਆਈਸੀਸੀ ਮਹਿਲਾ ਵਰਲਡ ਕੱਪ ਖਿਤਾਬ ਜਿਤਾਇਆ।

ਸੈਮੀਫ਼ਾਈਨਲ ਵਿੱਚ ਆਸਟ੍ਰੇਲੀਆ ਖ਼ਿਲਾਫ਼ 339 ਦੌੜਾਂ ਦੇ ਟਾਰਗੇਟ ਦਾ ਪਿੱਛਾ ਕਰਦਿਆਂ ਉਨ੍ਹਾਂ ਨੇ 88 ਗੇਂਦਾਂ 'ਤੇ 89 ਦੌੜਾਂ ਦੀ ਪਾਰੀ ਖੇਡੀ।

2017 ਦੇ ਵਰਲਡ ਕੱਪ ਸੈਮੀਫ਼ਾਈਨਲ ਵਿੱਚ ਉਨ੍ਹਾਂ ਦੀ ਨਾਬਾਦ 171 ਦੌੜਾਂ ਦੀ ਪਾਰੀ ਅੱਜ ਮਹਿਲਾ ਕ੍ਰਿਕਟ ਦੀ ਬਿਹਤਰੀਨ ਪਾਰੀਆਂ ਵਿੱਚ ਗਿਣੀ ਜਾਂਦੀ ਹੈ।

1989 ਵਿੱਚ ਪੰਜਾਬ ਰਾਜ ਵਿੱਚ ਖੇਡ ਨਾਲ ਪਿਆਰ ਕਰਨ ਵਾਲੇ ਮਾਤਾ-ਪਿਤਾ ਦੇ ਘਰ ਜਿਸ ਦਿਨ ਹਰਮਨਪ੍ਰੀਤ ਦਾ ਜਨਮ ਹੋਇਆ, ਉਸੇ ਦਿਨ ਉਨ੍ਹਾਂ ਦੇ ਪਿਤਾ ਉਨ੍ਹਾਂ ਲਈ 'ਗੁੱਡ ਬੈਟਿੰਗ' ਲਿਖੀ ਹੋਈ ਇੱਕ ਟੀ-ਸ਼ਰਟ ਖਰੀਦ ਕੇ ਲਿਆਏ।

2009 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੇਬਿਊ ਕਰਨ ਤੋਂ ਬਾਅਦ ਜਿਵੇਂ ਇਸ ਭਵਿੱਖਬਾਣੀ ਨੂੰ ਸੱਚ ਸਾਬਤ ਕਰਦੇ ਹੋਏ ਉਹ ਭਾਰਤੀ ਟੀਮ ਦੀ ਬੱਲੇਬਾਜ਼ੀ ਦੀ ਮਜ਼ਬੂਤ ਕੜੀ ਬਣੇ ਹੋਏ ਹਨ।

ਉਨ੍ਹਾਂ ਨੂੰ ਟਾਈਮ ਮੈਗਜ਼ੀਨ ਦੀ 2023 ਦੀ ਟਾਪ 100 ਐਮਰਜਿੰਗ ਲੀਡਰਜ਼ ਸੂਚੀ ਅਤੇ ਬੀਬੀਸੀ ਦੀ 100 ਮੋਸਟ ਇੰਸਪਾਇਰਿੰਗ ਵੂਮੈਨ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

2017 ਵਿੱਚ ਉਨ੍ਹਾਂ ਨੂੰ ਅਰਜੁਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ, ਜੋ ਭਾਰਤ ਦਾ ਦੂਜਾ ਸਭ ਤੋਂ ਵੱਡਾ ਖੇਡ ਸਨਮਾਨ ਹੈ। ਹਰਮਨਪ੍ਰੀਤ ਕੌਰ ਨੂੰ ਹਾਲ ਹੀ ਵਿੱਚ ਪਦਮ ਸ਼੍ਰੀ ਸਨਮਾਨ ਨਾਲ ਵੀ ਨਵਾਜ਼ਿਆ ਗਿਆ ਹੈ।

ਸਮ੍ਰਿਤੀ ਮੰਧਾਨਾ, ਕ੍ਰਿਕੇਟਰ

ਸਮ੍ਰਿਤੀ ਮੰਧਾਨਾ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਖੇਡ ਦੇ ਹੁਣ ਤੱਕ ਦੇ ਮਹਾਨ ਖਿਡਾਰੀਆਂ ਵਿੱਚ ਆਪਣੀ ਥਾਂ ਬਣਾਉਣ ਵੱਲ ਤੇਜ਼ੀ ਨਾਲ ਵੱਧ ਰਹੀ ਹਨ।

29 ਸਾਲ ਦੀ ਖੱਬੇ ਹੱਥ ਦੀ ਬੱਲੇਬਾਜ਼ ਮੰਧਾਨਾ, ਮਹਿਲਾ ਵਨਡੇ ਕ੍ਰਿਕੇਟ ਵਿੱਚ ਸਭ ਤੋਂ ਵੱਧ ਸੈਂਕੜੇ ਦੇ ਮਾਮਲੇ ਵਿੱਚ ਦੂਜੇ ਸਥਾਨ 'ਤੇ ਹਨ ਅਤੇ ਮੌਜੂਦਾ ਖਿਡਾਰਨਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਤੀਜੇ ਸਥਾਨ 'ਤੇ ਹਨ।

ਪੱਛਮੀ ਭਾਰਤ ਦੇ ਮਹਾਰਾਸ਼ਟਰ ਸੂਬੇ ਦੇ ਸਾਂਗਲੀ ਸ਼ਹਿਰ ਵਿੱਚ ਜਨਮੀ ਸਮ੍ਰਿਤੀ ਨੂੰ ਕ੍ਰਿਕਟ ਖੇਡਣ ਦੀ ਪ੍ਰੇਰਨਾ ਆਪਣੇ ਪਿਤਾ ਅਤੇ ਭਰਾ ਤੋਂ ਮਿਲੀ। ਉਹ ਦੋਵੇਂ ਜ਼ਿਲ੍ਹਾ ਪੱਧਰ 'ਤੇ ਕ੍ਰਿਕਟ ਖੇਡ ਚੁੱਕੇ ਹਨ।

2013 ਵਿੱਚ ਅੰਡਰ 19 ਜ਼ੋਨਲ ਟੂਰਨਾਮੈਂਟ ਖੇਡਦਿਆਂ ਉਹ ਲਿਸਟ-ਏ ਮੈਚ ਵਿੱਚ ਸੈਂਕੜਾ ਲਗਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣੀ ਸੀ।

ਪਿਛਲੇ ਸਾਲ ਸਤੰਬਰ ਵਿੱਚ ਉਨ੍ਹਾਂ ਨੇ ਆਸਟ੍ਰੇਲੀਆ ਦੇ ਖ਼ਿਲਾਫ਼ 50 ਗੇਂਦਾਂ ਵਿੱਚ ਸੈਂਕੜਾ ਜੜਿਆ, ਜੋ 50 ਓਵਰ ਕ੍ਰਿਕੇਟ ਵਿੱਚ ਕਿਸੇ ਭਾਰਤੀ ਖਿਡਾਰਨ ਵੱਲੋਂ ਬਣਾਇਆ ਗਿਆ ਸਭ ਤੋਂ ਤੇਜ਼ ਸੈਂਕੜਾ ਸੀ ਅਤੇ ਉਨ੍ਹਾਂ ਨੇ ਵਿਰਾਟ ਕੋਹਲੀ ਦਾ ਰਿਕਾਰਡ ਤੋੜ ਦਿੱਤਾ।

ਉਨ੍ਹਾਂ ਨੂੰ 2018 ਅਤੇ 2021 ਵਿੱਚ ਦੋ ਵਾਰ ਆਈਸੀਸੀ ਵੂਮੈਨਜ਼ ਕ੍ਰਿਕਟਰ ਆਫ ਦਿ ਈਅਰ ਚੁਣਿਆ ਗਿਆ ਹੈ। ਸਾਲ 2019 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਵੱਕਾਰੀ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ।

ਸੁਰੂਚੀ ਸਿੰਘ, ਨਿਸ਼ਾਨੇਬਾਜ਼

ਸੁਰੂਚੀ ਸਿੰਘ, ਸ਼ੂਟਰ

ਨਿਸ਼ਾਨੇਬਾਜ਼ੀ ਦੇ ਸ਼ਾਨਦਾਰ ਇਤਿਹਾਸ ਵਾਲੇ ਸੂਬੇ ਹਰਿਆਣਾ ਤੋਂ ਆਉਣ ਵਾਲੀ ਸੁਰੂਚੀ ਸਿੰਘ 2024 ਵਿੱਚ ਉਸ ਵੇਲੇ ਸੁਰਖ਼ੀਆਂ ਵਿੱਚ ਆਈ, ਜਦੋਂ ਉਨ੍ਹਾਂ ਨੇ ਨੈਸ਼ਨਲ ਸ਼ੂਟਿੰਗ ਚੈਂਪਿਅਨਸ਼ਿਪ ਵਿੱਚ ਸੱਤ ਗੋਲਡ ਮੈਡਲ ਜਿੱਤੇ।

19 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਸੀਨੀਅਰ ਪੱਧਰ 'ਤੇ ਅੰਤਰਰਾਸ਼ਟਰੀ ਡੈਬਿਊ ਕੀਤਾ ਅਤੇ ਬਹੁਤ ਜਲਦੀ ਆਪਣੇ ਆਪ ਨੂੰ ਦੁਨੀਆ ਦੇ ਇਸ ਮੰਚ 'ਤੇ ਸਥਾਪਿਤ ਕਰ ਲਿਆ।

2025 ਵਿੱਚ ਉਨ੍ਹਾਂ ਨੇ ਆਈਐੱਸਐੱਸਐੱਫ ਵਰਲਡ ਕੱਪ ਸੀਰੀਜ਼ ਦੌਰਾਨ ਬੁਐਨਸ ਆਇਰਸ, ਲੀਮਾ ਅਤੇ ਮਿਊਨਿਖ ਵਿੱਚ ਵਿਅਕਤੀਗਤ ਸੋਨੇ ਦੇ ਤਮਗੇ ਜਿੱਤੇ। ਲੀਮਾ ਵਿੱਚ ਉਨ੍ਹਾਂ ਨੇ ਮਿਕਸਡ ਟੀਮ ਈਵੈਂਟ ਵਿੱਚ ਵੀ ਸੋਨ ਤਮਗਾ ਜਿੱਤਿਆ।

ਕਜ਼ਾਕਿਸਤਾਨ ਵਿੱਚ ਹੋਈ ਏਸ਼ੀਆਈ ਸ਼ੂਟਿੰਗ ਚੈਂਪੀਅਨਸ਼ਿਪ 2025 ਦੌਰਾਨ ਉਨ੍ਹਾਂ ਨੇ ਮਨੂ ਭਾਕਰ ਅਤੇ ਪਲਕ ਗੁਲੀਆ ਦੇ ਨਾਲ ਮਿਲ ਕੇ ਮਹਿਲਾ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ।

ਸਤੰਬਰ ਵਿੱਚ ਉਹ ਇੰਟਰਨੈਸ਼ਨਲ ਸ਼ੂਟਿੰਗ ਸਪੋਰਟ ਫੈਡਰੇਸ਼ਨ ਦੀ 10 ਮੀਟਰ ਏਅਰ ਪਿਸਤੌਲ ਸ਼੍ਰੇਣੀ ਵਿੱਚ ਦੁਨੀਆ ਦੀ ਸਿਖ਼ਰਲੀ ਦਰਜੇ ਦੀ ਮਹਿਲਾ ਸ਼ੂਟਰ ਬਣ ਗਏ।

ਜਯੋਤੀ ਯਾਰਾਜੀ, ਐਥਲੀਟ

ਜਯੋਤੀ ਯਾਰਾਜੀ

ਉਸ ਦੇਸ਼ ਵਿੱਚ ਜਿੱਥੇ ਉੱਚ ਪੱਧਰ 'ਤੇ ਟਰੈਕ ਅਤੇ ਫੀਲਡ ਮੁਕਾਬਲਿਆਂ ਵਿੱਚ ਉਪਲਬਧੀਆਂ ਕਦੇ-ਕਦਾਈ ਹੀ ਰਹੀਆਂ ਹਨ, ਜਯੋਤੀ ਯਾਰਾਜੀ 2024 ਪੈਰਿਸ ਓਲੰਪਿਕ ਖੇਡਾਂ ਵਿੱਚ 100 ਮੀਟਰ ਹਰਡਲਜ਼ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੇ।

ਹਰਡਲ ਪਾਰ ਕਰਨਾ ਦਰਅਸਲ ਜਯੋਤੀ ਲਈ ਕਦੇ ਵੀ ਮੁਸ਼ਕਲ ਨਹੀਂ ਰਿਹਾ ਕਿਉਂਕਿ 26 ਸਾਲਾ ਜਯੋਤੀ ਇੱਕ ਸੀਮਤ ਸਾਧਨਾਂ ਵਾਲੇ ਪਰਿਵਾਰ ਵਿੱਚ ਜੰਮੇ-ਪਲੇ ਹਨ, ਉਨ੍ਹਾਂ ਦੇ ਪਿਤਾ ਸੁਰੱਖਿਆ ਕਰਮੀ ਵਜੋਂ ਕੰਮ ਕਰਦੇ ਸਨ ਅਤੇ ਮਾਂ ਸੁਆਣੀ ਸੀ।

2022 ਵਿੱਚ ਉਨ੍ਹਾਂ ਨੇ 100 ਮੀਟਰ ਹਰਡਲਜ਼ ਵਿੱਚ 13.23 ਸਕਿੰਟ ਦਾ ਸਮਾਂ ਲਗਾ ਕੇ ਕੌਮੀ ਰਿਕਾਰਡ ਤੋੜਿਆ ਅਤੇ ਉਸ ਤੋਂ ਬਾਅਦ ਉਹ ਆਪਣੇ ਹੀ ਰਿਕਾਰਡ ਨੂੰ ਕਈ ਵਾਰ ਤੋੜਿਆ ਹੈ।

ਉਨ੍ਹਾਂ ਨੇ 2022 ਦੇ ਨੈਸ਼ਨਲ ਗੇਮਜ਼ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿੱਥੇ ਉਨ੍ਹਾਂ ਨੇ ਸਪ੍ਰਿੰਟ ਅਤੇ ਹਰਡਲ ਮੁਕਾਬਲਿਆਂ ਵਿੱਚ ਕਈ ਸੋਨੇ ਦੇ ਤਮਗੇ ਜਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਵਰਲਡ ਯੂਨੀਵਰਸਿਟੀ ਗੇਮਜ਼ ਵਿੱਚ ਕਾਂਸੀ ਅਤੇ 2022 ਦੀਆਂ ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ ਵੀ ਹਾਸਲ ਕੀਤਾ।

2023 ਵਿੱਚ ਜਯੋਤੀ ਨੇ ਏਸ਼ੀਆਈ ਇੰਡੋਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 60 ਮੀਟਰ ਹਰਡਲਜ਼ ਵਿੱਚ ਸੋਨੇ ਦਾ ਤਮਗਾ ਅਤੇ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਏਸ਼ੀਆ ਦੀ ਸਰਬਉੱਚ ਹਰਡਲਰ ਵਜੋਂ ਆਪਣੀ ਪਛਾਣ ਮਜ਼ਬੂਤ ਕੀਤੀ।

ਉਨ੍ਹਾਂ ਨੇ 2025 ਵਿੱਚ ਗੁਮੀ ਸ਼ਹਿਰ ਵਿੱਚ ਹੋਈ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 100 ਮੀਟਰ ਹਰਡਲਜ਼ ਵਿੱਚ ਸੋਨੇ ਦਾ ਤਮਗਾ ਵੀ ਜਿੱਤਿਆ।

2024 ਵਿੱਚ ਉਨ੍ਹਾਂ ਨੂੰ ਵੱਕਾਰੀ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਕਿਵੇਂ ਸ਼ੁਰੂ ਹੋਇਆ ਇਹ ਸਫ਼ਰ

ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ਼ ਦਿ ਈਅਰ ਐਵਾਰਡ ਦੀ ਸਥਾਪਨਾ 2019 ਵਿੱਚ ਭਾਰਤ ਦੀਆਂ ਮਹਿਲਾ ਐਥਲੀਟਸ ਦੀਆਂ ਉਪਲਬਧੀਆਂ ਨੂੰ ਸਨਮਾਨਿਤ ਕਰਨ ਅਤੇ ਮਨਾਉਣ ਲਈ ਕੀਤੀ ਗਈ ਸੀ। ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਇਸ ਦਾ ਜੇਤੂ ਐਲਾਨਿਆ ਗਿਆ ਸੀ।

2020 ਦੇ ਐਡੀਸ਼ਨ ਦੇ ਜੇਤੂ ਵਿਸ਼ਵ ਸ਼ਤਰੰਜ ਚੈਂਪੀਅਨ ਕੋਨੇਰੂ ਹੰਪੀ ਰਹੇ, ਜਦਕਿ ਭਾਰ ਚੁੱਕਣ ਵਾਲੀ ਖਿਡਾਰਨ ਮਿਰਾਬਾਈ ਚਾਨੂ ਨੇ 2021 ਅਤੇ 2022 ਦੇ ਐਵਾਰਡ ਜਿੱਤੇ। ਸ਼ੂਟਰ ਮਨੂ ਭਾਕਰ 2024 ਦੀ ਜੇਤੂ ਰਹੀ।

ਐਥਲੀਟ ਪੀਟੀ ਊਸ਼ਾ ਅਤੇ ਅੰਜੂ ਬੌਬੀ ਜਾਰਜ, ਭਾਰ ਚੁੱਕਣ ਵਾਲੀ ਕਰਨਮ ਮੱਲੇਸ਼ਵਰੀ, ਹਾਕੀ ਖਿਡਾਰਨ ਪ੍ਰੀਤਮ ਸਿਵਾਚ ਅਤੇ ਕ੍ਰਿਕਟ ਖਿਡਾਰਨ ਮਿਤਾਲੀ ਰਾਜ ਲਾਈਫਟਾਈਮ ਅਚੀਵਮੈਂਟ ਐਵਾਰਡ ਦੀਆਂ ਪਿਛਲੀਆਂ ਜੇਤੂ ਰਹੀਆਂ ਹਨ।

ਟੇਬਲ ਟੈਨਿਸ ਖਿਡਾਰਨ ਭਾਵਿਨਾ ਪਟੇਲ ਅਤੇ ਸ਼ੂਟਰ ਅਵਨੀ ਲੇਖਰਾ ਨੂੰ ਬੀਬੀਸੀ ਇੰਡੀਅਨ ਪੈਰਾ-ਸਪੋਰਟਸਵੂਮੈਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਕ੍ਰਿਕਟਰ ਖਿਡਾਰਨ ਸ਼ੇਫਾਲੀ ਵਰਮਾ, ਸ਼ੂਟਰ ਮਨੂ ਭਾਕਰ ਅਤੇ ਤੀਰਅੰਦਾਜ਼ ਸ਼ੀਤਲ ਦੇਵੀ ਨੂੰ ਬੀਬੀਸੀ ਇਮਰਜਿੰਗ ਪਲੇਅਰ ਆਫ਼ ਦਿ ਈਅਰ ਐਵਾਰਡ ਮਿਲ ਚੁੱਕਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)