'ਡੇਟਿੰਗ ਐਪ 'ਤੇ ਮਿਲੀ ਕੁੜੀ ਨੇ ਕੈਫੇ ਬੁਲਾਇਆ,18 ਹਜ਼ਾਰ ਦਾ ਬਿੱਲ ਬਣਾ ਗਾਇਬ ਹੋਈ', ਡੇਟਿੰਗ ਦੇ ਨਾਂਅ 'ਤੇ ਚੱਲ ਰਹੀ ਠੱਗੀ ਦਾ ਕਿਵੇਂ ਹੋਇਆ ਖੁਲਾਸਾ

ਤਸਵੀਰ ਸਰੋਤ, ਅਲਪੇਸ਼ ਕਰਕਰੇ
- ਲੇਖਕ, ਅਲਪੇਸ਼ ਕਰਕਰੇ
- ਰੋਲ, ਬੀਬੀਸੀ ਸਹਿਯੋਗੀ
- ਪੜ੍ਹਨ ਦਾ ਸਮਾਂ: 9 ਮਿੰਟ
"ਡੇਟਿੰਗ ਐਪ 'ਤੇ ਮਿਲੀ ਇੱਕ ਕੁੜੀ ਨੇ ਮੈਨੂੰ ਇੱਕ ਕੈਫੇ 'ਚ ਬੁਲਾਇਆ। ਅਸੀਂ ਗੱਲਾਂ ਕਰ ਰਹੇ ਸੀ ਅਤੇ ਲਗਾਤਾਰ ਡ੍ਰਿੰਕਸ ਅਤੇ ਖਾਣਾ ਆਰਡਰ ਕਰ ਰਹੇ ਸੀ। ਥੋੜ੍ਹੀ ਦੇਰ ਬਾਅਦ ਉਹ ਅਚਾਨਕ ਟਾਇਲਟ ਜਾਣ ਲਈ ਉੱਠੀ ਅਤੇ ਵਾਪਸ ਨਾ ਆਈ। ਆਖ਼ਰ 'ਚ 18 ਹਜ਼ਾਰ ਰੁਪਏ ਦਾ ਬਿੱਲ ਆਇਆ ਅਤੇ ਕੈਫੇ ਦੇ ਬਾਊਂਸਰਾਂ ਨੇ ਬਿੱਲ ਭਰਨ ਲਈ ਮੇਰੇ 'ਤੇ ਦਬਾਅ ਬਣਾਇਆ।"
ਮੁੰਬਈ ਦੇ ਇੱਕ ਨੌਜਵਾਨ ਨੇ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਆਪਣਾ ਇਹ ਤਜਰਬਾ ਸਾਂਝਾ ਕੀਤਾ ਹੈ।
ਇਹ ਸਿਰਫ਼ ਇੱਕ ਸ਼ਖਸ ਦੀ ਕਹਾਣੀ ਨਹੀਂ ਹੈ। ਮੁੰਬਈ ਪੁਲਿਸ ਨੇ ਇੱਕ ਕਥਿਤ 'ਡੇਟਿੰਗ ਘੋਟਾਲੇ' ਦਾ ਪਰਦਾਫਾਸ਼ ਕੀਤਾ ਹੈ, ਜਿਸ 'ਚ ਲੋਕਾਂ ਨੂੰ ਡੇਟਿੰਗ ਐਪ ਜ਼ਰੀਏ ਮਿਲਵਾ ਕੇ ਹਜ਼ਾਰਾਂ ਰੁਪਏ ਠੱਗੇ ਜਾਂਦੇ ਹਨ।
ਪੁਲਿਸ ਦੀ ਜਾਂਚ ਮੁਤਾਬਕ, ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਿਰਫ਼ ਦੋ ਲੋਕਾਂ ਦੇ ਵਿਚਾਲੇ ਦਾ ਮਾਮਲਾ ਨਹੀਂ ਸੀ ਬਲਕਿ ਇਸ ਪਿੱਛੇ ਇੱਕ ਪੂਰਾ ਸੰਗਠਿਤ ਗਿਰੋਹ ਕੰਮ ਕਰ ਰਿਹਾ ਸੀ।
ਇਸ ਮਾਮਲੇ 'ਚ ਤਿੰਨ ਔਰਤਾਂ ਸਮੇਤ 13 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੁਲਜ਼ਮ ਫਿਲਹਾਲ ਪੁਲਿਸ ਹਿਰਾਸਤ 'ਚ ਹਨ ਅਤੇ ਮੁੰਬਈ ਪੁਲਿਸ ਇਹ ਪਤਾ ਲਗਾਉਣ ਲਈ ਅੱਗੇ ਜਾਂਚ ਕਰ ਰਹੀ ਹੈ ਕਿ ਇਹ ਗਿਰੋਹ ਕਿੰਨਾ ਵੱਡਾ ਹੈ ਅਤੇ ਇਸ 'ਚ ਹੋਰ ਕੌਣ-ਕੌਣ ਸ਼ਾਮਲ ਹੈ।
ਹਾਲਾਂਕਿ, ਮੁਲਜ਼ਮਾਂ ਅਤੇ ਉਨ੍ਹਾਂ ਦੇ ਵਕੀਲਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਉਨ੍ਹਾਂ ਦਾ ਪੱਖ ਜਾਣਿਆ ਜਾ ਸਕੇ ਪਰ ਸੰਪਰਕ ਨਹੀਂ ਹੋ ਸਕਿਆ ਹੈ।
ਡੇਟਿੰਗ ਐਪ ਜ਼ਰੀਏ ਕਿਵੇਂ ਹੋ ਰਹੀ ਠੱਗੀ ?

ਤਸਵੀਰ ਸਰੋਤ, ਅਲਪੇਸ਼ ਕਰਕਰੇ
ਇੱਕ ਨੌਜਵਾਨ, ਜਿਸ ਨਾਲ ਧੋਖਾ ਹੋਇਆ, ਮੁਤਾਬਕ, ਉਸ ਦੀ ਮੁਲਾਕਾਤ ਡੇਟਿੰਗ ਐਪ 'ਤੇ ਇੱਕ ਮਹਿਲਾ ਨਾਲ ਹੋਈ। ਦੋਹਾਂ ਨੇ ਕੁਝ ਦਿਨਾਂ ਤੱਕ ਇੱਕ-ਦੂਜੇ ਨਾਲ ਗੱਲਬਾਤ ਕੀਤੀ। ਗੱਲਬਾਤ ਦੋਸਤੀ 'ਚ ਬਦਲ ਗਈ ਅਤੇ ਇੱਕ ਹਫ਼ਤੇ ਅੰਦਰ ਹੀ ਉਨ੍ਹਾਂ ਨੇ ਮਿਲਣ ਲਈ ਕਿਹਾ।
ਮਹਿਲਾ ਨੇ ਮੁੰਬਈ ਦੇ ਸਾਕੀਨਾਕਾ ਇਲਾਕੇ ਦੇ ਇਕ ਕਲੱਬ ਕੈਫੇ 'ਚ ਮਿਲਣ 'ਤੇ ਜ਼ੋਰ ਪਾਇਆ। ਨੌਜਵਾਨ ਤੈਅ ਦਿਨ 'ਤੇ ਉੱਥੇ ਪਹੁੰਚ ਗਿਆ। ਦੋਵੇਂ ਕੈਫੇ ਦੇ ਕੰਪਲੈਕਸ 'ਚ ਮਿਲੇ ਅਤੇ ਮਹਿਲਾ ਉਸਨੂੰ ਇਹ ਕਹਿ ਕੇ ਕਲੱਬ ਕੈਫੇ ਦੇ ਅੰਦਰ ਲੈ ਗਈ ਕਿ ਇੱਥੇ ਵਧੀਆ ਖਾਣਾ ਮਿਲਦਾ ਹੈ।
ਉੱਥੇ ਪਹੁੰਚ ਕੇ ਦੋਹਾਂ ਨੇ ਖਾਣ-ਪੀਣ ਬਾਰੇ ਚਰਚਾ ਕੀਤੀ। ਥੋੜ੍ਹੀ ਦੇਰ ਬਾਅਦ ਵੇਟਰ ਨੇ ਕੁੜੀ ਨੂੰ ਮੈਨਿਊ ਕਾਰਡ ਦਿੱਤਾ। ਉਸਨੇ ਕੁਝ ਡ੍ਰਿੰਕਸ ਅਤੇ ਮਹਿੰਗਾ ਖਾਣਾ ਆਰਡਰ ਕੀਤਾ। ਦੋਵੇਂ ਗੱਲਾਂ ਕਰਦੇ ਰਹੇ ਜਦੋਂ ਤੱਕ ਸਾਰਾ ਆਰਡਰ ਆ ਨਹੀਂ ਗਿਆ।
ਇਸ ਤੋਂ ਬਾਅਦ ਡ੍ਰਿੰਕਸ ਅਤੇ ਭੋਜਨ ਦਾ ਸੇਵਨ ਸ਼ੁਰੂ ਹੋਇਆ। ਹਾਲਾਂਕਿ, ਲਗਾਤਾਰ ਨਵੇਂ-ਨਵੇਂ ਡ੍ਰਿੰਕਸ ਆਰਡਰ ਕੀਤੇ ਜਾ ਰਹੇ ਸਨ।
ਕੁਝ ਦੇਰ ਬਾਅਦ ਕੁੜੀ ਨੇ ਕਿਹਾ ਕਿ ਉਹ ਟਾਇਲਟ ਜਾ ਰਹੀ ਹੈ ਅਤੇ ਇਸੇ ਦੌਰਾਨ ਮੇਜ਼ 'ਤੇ 18 ਹਜ਼ਾਰ ਰੁਪਏ ਦਾ ਬਿੱਲ ਆ ਗਿਆ।
ਇੰਨਾ ਵੱਡਾ ਬਿੱਲ ਦੇਖ ਕੇ ਮੈਂ ਹੈਰਾਨ ਰਹਿ ਗਿਆ। ਮੈਂ ਕੁੜੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਪਤਾ ਲੱਗ ਸਕੇ ਕਿ ਉਹ ਅਜੇ ਤੱਕ ਵਾਪਸ ਕਿਉਂ ਨਹੀਂ ਆਈ ਪਰ ਕੋਈ ਜਵਾਬ ਨਹੀਂ ਮਿਲਿਆ।
ਜਦੋਂ ਮੈਂ ਉਸ ਵੱਲੋਂ ਸੇਵਨ ਕੀਤੀ ਜਾ ਰਹੀ ਡ੍ਰਿੰਕ ਜਾਂਚੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਇਹ ਸ਼ਰਾਬ ਨਹੀਂ ਬਲਕਿ ਸਾਫ਼ਟ ਡ੍ਰਿੰਕ ਸੀ। ਉਦੋਂ ਮੈਂ ਕਾਊਂਟਰ 'ਤੇ ਮੌਜੂਦ ਮੈਨੇਜਰ ਨੂੰ ਇਸ ਬਾਰੇ ਦੱਸਿਆ ਪਰ ਉਸਨੇ ਗੱਲ ਨਹੀਂ ਸੁਣੀ ਅਤੇ ਬਾਊਂਸਰਾਂ ਤੇ ਵੇਟਰਾਂ ਜ਼ਰੀਏ ਬਿੱਲ ਚੁਕਾਉਣ ਲਈ ਮੇਰੇ 'ਤੇ ਦਬਾਅ ਬਣਾਇਆ। ਉਦੋਂ ਮੈਨੂੰ ਸਮਝ ਆਇਆ ਕਿ ਇਹ ਇੱਕ ਧੋਖਾ ਹੈ।
ਪੁਲਿਸ ਅਤੇ ਨੌਜਵਾਨਾਂ ਦੀ ਮਦਦ ਨਾਲ ਘੁਟਾਲੇ ਦਾ ਪਰਦਾਫਾਸ਼
ਕਈ ਨੌਜਵਾਨਾਂ ਨਾਲ ਵਾਪਰੇ ਇਨ੍ਹਾਂ ਤਜਰਬਿਆਂ ਤੋਂ ਬਾਅਦ, ਉਨ੍ਹਾਂ ਦੇ ਦੋਸਤਾਂ ਦੀ ਮਦਦ ਨਾਲ ਇਹ ਮਾਮਲਾ ਪੁਲਿਸ ਦੇ ਧਿਆਨ 'ਚ ਆਇਆ। ਇਸ ਤੋਂ ਬਾਅਦ ਕੁਝ ਨੌਜਵਾਨਾਂ ਅਤੇ ਪੁਲਿਸ ਨੇ ਮਿਲ ਕੇ ਇਸ ਘੁਟਾਲੇ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕੀਤੀ।
ਕੁਝ ਨੌਜਵਾਨਾਂ ਨੇ ਡੇਟਿੰਗ ਐਪ 'ਤੇ ਫਰਜ਼ੀ ਆਈਡੀ ਬਣਾਈ, ਮੈਂਬਰਸ਼ਿਪ ਲਈ ਅਤੇ ਕੁਝ ਕੁੜੀਆਂ ਨਾਲ ਗੱਲਬਾਤ ਸ਼ੁਰੂ ਕੀਤੀ। ਇਨ੍ਹਾਂ 'ਚੋਂ ਇੱਕ ਨੌਜਵਾਨ ਦੀ ਮੁਲਾਕਾਤ ਇੱਕ ਕੁੜੀ ਨਾਲ ਹੋਈ। ਕੁਝ ਦਿਨਾਂ ਤੱਕ ਗੱਲਬਾਤ ਕਰਨ ਤੋਂ ਬਾਅਦ, ਕੁੜੀ ਨੇ ਸਾਕੀਨਾਕਾ ਇਲਾਕੇ 'ਚ ਮਿਲਣ ਦਾ ਪ੍ਰਸਤਾਵ ਰੱਖਿਆ।
ਨੌਜਵਾਨ ਨੇ ਬਾਂਦਰਾ ਇਲਾਕੇ 'ਚ ਮਿਲਣ ਦਾ ਸੁਝਾਅ ਦਿੱਤਾ। ਹਾਲਾਂਕਿ ਕੁੜੀ ਨੇ ਇਹ ਕਹਿ ਕੇ ਸੱਦਿਆ ਕਿ ਸਾਕੀਨਾਕਾ 'ਚ ਖਾਣਾ ਚੰਗਾ ਮਿਲਦਾ ਹੈ।
ਨੌਜਵਾਨ ਨੇ ਪੁਲਿਸ ਨਾਲ ਸੰਪਰਕ ਸਾਧਿਆ ਅਤੇ ਸਾਰੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਇੱਕ ਟੀਮ ਤੈਨਾਤ ਕੀਤੀ, ਜਾਲ ਵਿਛਾਇਆ ਅਤੇ ਸ਼ੱਕੀਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ।
ਕੁੜੀ ਉਸ ਨੌਜਵਾਨ ਨੂੰ ਕਲੱਬ ਕੈਫੇ ਨਾਂਅ ਦੇ ਇੱਕ ਹੋਟਲ 'ਚ ਲੈ ਗਈ। ਗੱਲਬਾਤ ਦੌਰਾਨ ਵੇਟਰ ਨੇ ਕੁੜੀ ਨੂੰ ਮੈਨਿਊ ਕਾਰਡ ਦਿੱਤਾ। ਇਸ ਤੋਂ ਬਾਅਦ, ਕੁੜੀ ਨੇ ਡ੍ਰਿੰਕਸ ਅਤੇ ਮਹਿੰਗਾ ਖਾਣਾ ਆਰਡਰ ਕੀਤਾ।

ਹਮੇਸ਼ਾ ਦੀ ਤਰ੍ਹਾਂ, ਕੁਝ ਦੇਰ ਬਾਅਦ ਕੁੜੀ ਟਾਇਲਟ ਜਾਣ ਦਾ ਬਹਾਨਾ ਬਣਾ ਕੇ ਚਲੀ ਗਈ ਅਤੇ ਵਾਪਸ ਨਹੀਂ ਪਰਤੀ। ਬਿੱਲ ਆਉਣ 'ਤੇ ਨੌਜਵਾਨ ਨੇ ਮੈਨੇਜਰ ਤੋਂ ਕੁਝ ਸਵਾਲ ਪੁੱਛੇ। ਹਾਲਾਂਕਿ, ਉਸ 'ਤੇ ਬਿੱਲ ਚੁਕਾਉਣ ਦਾ ਦਬਾਅ ਪਾਇਆ ਗਿਆ।
ਇਸ ਤੋਂ ਬਾਅਦ ਪੁਲਿਸ ਨੇ ਇੱਕ ਜੱਜ ਅਤੇ ਗਵਾਹਾਂ ਦੀ ਮੌਜੂਦਗੀ ਵਿੱਚ ਕੈਫੇ 'ਤੇ ਛਾਪਾ ਮਾਰਿਆ ਅਤੇ ਸਬੰਧਤ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਇਸ ਮਾਮਲੇ ਵਿੱਚ ਤਿੰਨ ਔਰਤਾਂ ਸਣੇ 13 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚ ਰੈਸਟੋਰੈਂਟ ਮੈਨੇਜਰ, ਆਪ੍ਰੇਟਰ ਅਤੇ ਬਾਊਂਸਰ ਸ਼ਾਮਲ ਹਨ।
ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 308 (ਜਬਰਨ ਵਸੂਲੀ) ਅਤੇ 318 (ਧੋਖਾਧੜੀ) ਦੇ ਨਾਲ-ਨਾਲ ਬੀਐੱਨਐੱਸ ਅਤੇ ਆਈਟੀ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ।
ਕੈਫੇ ਵਿੱਚ ਕੀ ਮਿਲਿਆ ?

ਤਸਵੀਰ ਸਰੋਤ, ਅਲਪੇਸ਼ ਕਰਕਰੇ
ਛਾਪੇਮਾਰੀ ਦੌਰਾਨ, ਪੁਲਿਸ ਨੂੰ ਕੈਫੇ ਦੇ ਵੱਖ-ਵੱਖ ਕੈਬਿਨਾਂ ਵਿੱਚ ਕਈ ਪੁਰਸ਼ ਅਤੇ ਮਹਿਲਾ ਜੋੜੇ ਬੈਠੇ ਹੋਏ ਮਿਲੇ।
ਜਾਂਚ ਦੌਰਾਨ ਕੁਝ ਮਹਿਲਾਵਾਂ ਦੇ ਮੋਬਾਈਲ ਫੋਨਾਂ 'ਚ ਡੇਟਿੰਗ ਐਪ 'ਤੇ ਹੋਈ ਗੱਲਬਾਤ ਦੇ ਸਬੂਤ ਮਿਲੇ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਕੁਝ ਮਹਿਲਾਵਾਂ ਡੇਟਿੰਗ ਐਪ 'ਤੇ ਗਾਹਕਾਂ ਨਾਲ ਸੰਪਰਕ ਕਰ ਰਹੀਆਂ ਸਨ ਅਤੇ ਉਨ੍ਹਾਂ ਨੂੰ ਕੈਫੇ 'ਚ ਆਉਣ ਦਾ ਸੱਦਾ ਦੇ ਰਹੀਆਂ ਸਨ।
ਪੁਲਿਸ ਮੁਤਾਬਕ, ਇਸ ਰੈਕਟ ਵਿੱਚ ਔਰਤਾਂ, ਕੈਫੇ ਮੁਲਾਜ਼ਮਾਂ, ਪ੍ਰਬੰਧਕਾਂ ਅਤੇ ਬਾਊਂਸਰਾਂ ਦਾ ਇੱਕ ਗਰੁੱਪ ਸ਼ਾਮਲ ਹੋਣ ਦੀ ਸੰਭਾਵਨਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਗਾਹਕਾਂ ਤੋਂ ਵਸੂਲਿਆ ਗਿਆ ਪੈਸਾ ਇਨ੍ਹਾਂ ਸਾਰਿਆਂ ਵਿਚਾਲੇ ਵੰਡਿਆ ਜਾ ਰਿਹਾ ਹੈ।
ਇਹ ਵੀ ਪਤਾ ਲੱਗਾ ਹੈ ਕਿ ਕੁਝ ਔਰਤਾਂ ਨੇ ਵੱਖ-ਵੱਖ ਨਾਂਵਾਂ ਨਾਲ ਪ੍ਰੋਫਾਈਲ ਬਣਾਈਆਂ ਸਨ। ਪੁਲਿਸ ਨੇ ਖਦਸ਼ਾ ਜਤਾਇਆ ਹੈ ਕਿ ਕਈ ਲੋਕ ਅਜਿਹੀ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹਨ।
ਕੁਝ ਮਾਮਲਿਆਂ 'ਚ, ਇਲਜ਼ਾਮ ਹਨ ਕਿ ਗਾਹਕਾਂ ਤੋਂ 15,000 ਰੁਪਏ ਤੋਂ ਲੈਕੇ 40,000 ਰੁਪਏ ਤੱਕ ਦੇ ਬਿੱਲ ਵਸੂਲੇ ਗਏ। ਜਾਂਚ ਦੌਰਾਨ ਇੱਕ ਬਿਲਿੰਗ ਮਸ਼ੀਨ ਅਤੇ ਕਈ ਬਿੱਲ ਜ਼ਬਤ ਕੀਤੇ ਗਏ।
ਇਹ ਡੇਟਿੰਗ ਰੈਕਟ ਕਿਵੇਂ ਕੰਮ ਕਰਦਾ ਹੈ?
ਮੁੰਬਈ ਪੁਲਿਸ ਮੁਤਾਬਕ, ਇਸ ਮਾਮਲੇ ਪਿੱਛੇ ਇੱਕ ਬਹੁਤ ਹੀ ਯੋਜਨਾਬੱਧ ਅਤੇ ਬਹੁ-ਪੱਧਰੀ ਗਿਰੋਹ ਸਰਗਰਮ ਹੈ ਅਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਪੂਰੇ ਗਿਰੋਹ ਪਿੱਛੇ ਇੱਕ ਮਾਸਟਰਮਾਈਂਡ ਹੈ। ਗਾਹਕਾਂ ਨੂੰ ਲੁਭਾਉਣ ਤੋਂ ਲੈਕੇ ਕੈਫੇ 'ਚ ਹੋਣ ਵਾਲੇ ਲੈਣ-ਦੇਣ ਤੱਕ ਦੀ ਪੂਰੀ ਰਣਨੀਤੀ ਇਸੇ ਮਾਸਟਰਮਾਈਂਡ ਵੱਲੋਂ ਬਣਾਈ ਜਾ ਰਹੀ ਸੀ।
ਪੁਲਿਸ ਮੁਤਾਬਕ ਇਸ ਰੈਕੇਟ ਲਈ ਕੁਝ ਮਹਿਲਾਵਾਂ ਨੂੰ ਬਾਹਰੀ ਸੂਬਿਆਂ, ਖਾਸ ਤੌਰ 'ਤੇ ਦਿੱਲੀ ਤੋਂ ਲਿਆਂਦਾ ਗਿਆ ਸੀ। ਡੇਟਿੰਗ ਐਪ 'ਤੇ ਸ਼ੁਰੂਆਤੀ ਪਛਾਣ ਤੋਂ ਬਾਅਦ ਗੱਲਬਾਤ ਤੁਰੰਤ ਵੱਟਸਐਪ 'ਤੇ ਟਰਾਂਸਫਰ ਕਰ ਦਿੱਤੀ ਜਾਂਦੀ ਸੀ ਤਾਂ ਜੋ ਅੱਗੇ ਦੀ ਗੱਲਬਾਤ ਨੂੰ ਹੋਰ ਕੰਟਰੋਲ ਕੀਤਾ ਜਾ ਸਕੇ।
ਮੁੰਬਈ ਪੁਲਿਸ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਕੈਫੇ 'ਚ ਬਿੱਲ ਵਧਾਉਣ ਲਈ ਇੱਕ ਵੱਖਰਾ ਤਰੀਕਾ ਇਸਤੇਮਾਲ ਕੀਤਾ ਜਾ ਰਿਹਾ ਸੀ। ਟਕੀਲਾ ਸ਼ੌਟਸ, ਸਿਗਰੇਟ ਜਾਂ ਪ੍ਰੀਮੀਅਮ ਡ੍ਰਿੰਕਸ ਵਰਗੀਆਂ ਚੀਜ਼ਾਂ, ਜੋ ਅਸਲ 'ਚ ਆਰਡਰ ਨਹੀਂ ਕੀਤੀਆਂ ਗਈਆਂ ਸਨ ਜਾਂ ਬਹੁਤ ਮਹਿੰਗੀਆਂ ਸਨ, ਉਨ੍ਹਾਂ ਨੂੰ ਵੀ ਬਿੱਲ 'ਚ ਸ਼ਾਮਿਲ ਕਰ ਲਿਆ ਜਾਂਦਾ ਸੀ। ਕੁਝ ਮਾਮਲਿਆਂ 'ਚ ਪੁਲਿਸ ਨੇ ਇਹ ਵੀ ਪਾਇਆ ਕਿ ਡ੍ਰਿੰਕਸ ਦੀ ਕੀਮਤ ਉਦੋਂ ਵੀ ਵਸੂਲੀ ਜਾ ਰਹੀ ਸੀ ਜਦੋਂ ਉਨ੍ਹਾਂ 'ਚ ਅਲਕੋਹਲ ਨਹੀਂ ਸੀ।

ਤਸਵੀਰ ਸਰੋਤ, ਅਲਪੇਸ਼ ਕਰਕਰੇ
ਇਸ ਤੋਂ ਇਲਾਵਾ, ਕਾਰਡ ਮਸ਼ੀਨ ਰਾਹੀਂ ਤੁਰੰਤ ਪੈਸੇ ਵਸੂਲਣ ਦੀ ਵਿਵਸਥਾ ਵੀ ਸੀ। ਮੁੰਬਈ ਪੁਲਿਸ ਦੀ ਜਾਂਚ 'ਚ ਪਤਾ ਲੱਗਾ ਹੈ ਕਿ ਬਾਊਂਸਰ ਅਤੇ ਕਰਮਚਾਰੀ ਮਿਲ ਕੇ ਗਾਹਕਾਂ ਤੋਂ ਪੈਸੇ ਵਸੂਲਣ ਸਮੇਂ ਉਨ੍ਹਾਂ 'ਤੇ ਦਬਾਅ ਪਾ ਰਹੇ ਸਨ।
ਮੁੰਬਈ ਪੁਲਿਸ ਮੁਤਾਬਕ, ਇਸ ਰੈਕਟ ਵਿੱਚ ਔਰਤਾਂ, ਕੈਫੇ ਪ੍ਰਬੰਧਨ, ਵੇਟਰ, ਆਪ੍ਰੇਟਰ ਅਤੇ ਬਾਊਂਸਰਾਂ ਦੀ ਮਿਲੀਭੁਗਤ ਦਾ ਖਦਸ਼ਾ ਹੈ। ਧੋਖਾਧੜੀ ਜ਼ਰੀਏ ਹਾਸਲ ਰਾਸ਼ੀ ਨੂੰ ਇੱਕ ਨਿਸ਼ਚਿਤ ਹਿੱਸਿਆਂ 'ਚ ਵੰਡ ਦਿੱਤਾ ਜਾਂਦਾ ਸੀ ਜਦਕਿ ਕੁਝ ਮਾਮਲਿਆਂ 'ਚ ਹਰ ਮੁਲਾਕਾਤ ਲਈ ਇੱਕ ਨਿਸ਼ਚਿਤ ਰਕਮ ਲਈ ਜਾਂਦੀ ਸੀ।
ਮੁੰਬਈ ਪੁਲਿਸ ਕੋਲ ਹੁਣ ਤੱਕ 15 ਲੋਕਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਪਰ ਇਨ੍ਹਾਂ ਵਿੱਚੋਂ ਕੁਝ ਹੀ ਲੋਕਾਂ ਨੇ ਅਧਿਕਾਰਕ ਬਿਆਨ ਦਰਜ ਕਰਵਾਏ ਹਨ। ਪੁਲਿਸ ਨੇ ਖਦਸ਼ਾ ਜਤਾਇਆ ਹੈ ਕਿ ਇਸ ਤਰ੍ਹਾਂ ਦੀ ਧੋਖਾਧੜੀ ਦਾ ਪੈਮਾਨਾ ਕਾਫੀ ਵੱਡਾ ਹੋ ਸਕਦਾ ਹੈ ਕਿਉਂਕਿ ਕਈ ਪੀੜਤ ਸਾਹਮਣੇ ਆਉਣ ਤੋਂ ਸ਼ਰਮ ਮਹਿਸੂਸ ਕਰ ਰਹੇ ਹਨ।
ਜਾਂਚ ਦੌਰਾਨ ਸੀਸੀਟੀਵੀ ਫੁਟੇਜ, ਡਿਜੀਟਲ ਚੈਟ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਮੁੰਬਈ ਪੁਲਿਸ ਨੇ ਦੱਸਿਆ ਹੈ ਕਿ ਇਸ ਰੈਕੇਟ ਦੇ ਪੂਰੇ ਨੈਟਵਰਕ ਅਤੇ ਇਸ ਦੇ ਮਾਸਟਰਮਾਈਂਡ ਦਾ ਪਤਾ ਲਗਾਉਣ ਲਈ ਅੱਗੇ ਦੀ ਜਾਂਚ ਜਾਰੀ ਹੈ।
ਮੁੰਬਈ ਪੁਲਿਸ ਮੁਤਾਬਕ, ਅਜਿਹੀ ਧੋਖਾਧੜੀ ਇਕੱਲੇਪਨ, ਵਿਸ਼ਵਾਸ ਅਤੇ ਖਿੱਚ ਵਰਗੀਆਂ ਇਨਸਾਨੀ ਭਾਵਨਾਵਾਂ ਦਾ ਫਾਇਦਾ ਚੁੱਕਦੀ ਹੈ।
ਇਹ ਗਿਰੋਹ ਕਾਫੀ ਵੱਡਾ ਹੋ ਸਕਦਾ- ਮੁੰਬਈ ਪੁਲਿਸ
ਪਿਛਲੇ ਕੁਝ ਮਹੀਨਿਆਂ 'ਚ ਮੁੰਬਈ ਵਿੱਚ ਡੇਟਿੰਗ ਐਪ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ । ਅਜਿਹਾ ਹੀ ਇੱਕ ਮਾਮਲਾ ਜੁਲਾਈ 'ਚ ਬੋਰੀਵਲੀ ਵਿੱਚ ਸਾਹਮਣੇ ਆਇਆ ਸੀ, ਜਿਸ ਵਿੱਚ 22 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੁਲਿਸ ਨੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਵੱਖ-ਵੱਖ ਡੇਟਿੰਗ ਐਪਸ ਰਾਹੀਂ ਹੋ ਰਹੀਆਂ ਹਨ।
ਇਸ ਸਬੰਧ ਵਿੱਚ ਪੁਲਿਸ ਡਿਪਟੀ ਕਮਿਸ਼ਨਰ ਦੱਤਾ ਨਲਵਾਡੇ ਨੇ ਕਿਹਾ ਕਿ ਸਾਨੂੰ ਇਸ ਮਾਮਲੇ ਵਿੱਚ ਸ਼ਿਕਾਇਤ ਮਿਲੀ ਸੀ। ਇਸ ਦੇ ਆਧਾਰ 'ਤੇ ਮੁੰਬਈ ਪੁਲਿਸ ਨੇ ਜਾਲ ਵਿਛਾ ਕੇ ਇਹ ਕਾਰਵਾਈ ਕੀਤੀ ਹੈ। ਇਸ ਗਿਰੋਹ ਦਾ ਆਕਾਰ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਮੁਲਜ਼ਮਾਂ ਨੂੰ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਤੋਂ ਹਰ ਪੱਖ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਗ੍ਰਿਫ਼ਤਾਰ ਮੁਲਜ਼ਮਾਂ ਅਤੇ ਉਨ੍ਹਾਂ ਦੇ ਵਕੀਲਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਹਾਲਾਂਕਿ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਸੰਪਰਕ ਹੋਣ 'ਤੇ ਇਹ ਜਾਣਕਾਰੀ ਅਪਡੇਟ ਕਰ ਦਿੱਤੀ ਜਾਵੇਗੀ।
ਡੇਟਿੰਗ ਐਪ ਇਸਤੇਮਾਲ ਕਰਦੇ ਸਮੇਂ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ?

ਤਸਵੀਰ ਸਰੋਤ, Getty Images
ਸਾਈਬਰ ਅਪਰਾਧ ਮਾਹਰ ਪ੍ਰਸ਼ਾਂਤ ਮਾਲੀ ਮੁਤਾਬਕ, ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਡੇਟਿੰਗ ਐਪਸ ਦਾ ਇਸਤੇਮਾਲ ਕਰਦੇ ਸਮੇਂ ਹੋਰ ਵੀ ਸਾਵਧਾਨ ਰਹਿਣ ਦੀ ਲੋੜ ਹੈ। ਅਕਸਰ ਤੁਹਾਨੂੰ ਦਿਸਣ ਵਾਲੀ ਪ੍ਰੋਫਾਈਲ ਫਰਜ਼ੀ, ਬੌਟ-ਅਧਾਰਿਤ ਜਾਂ ਡੀਪਫੇਕ ਤਕਨੀਕ ਨਾਲ ਬਣਾਈ ਹੋ ਸਕਦੀ ਹੈ। ਇਸ ਲਈ ਅਜਨਬੀਆਂ ਨਾਲ ਆਪਣੀ ਨਿੱਜੀ ਜਾਣਕਾਰੀ, ਫੋਟੋ-ਵੀਡੀਓ ਜਾਂ ਵਿੱਤੀ ਵੇਰਵੇ ਸਾਂਝੇ ਨਾ ਕਰੋ।
ਜੇ ਕੋਈ ਅਚਾਨਕ ਤੁਹਾਡੇ ਕੋਲੋਂ ਪੈਸੇ, ਓਟੀਪੀ ਜਾਂ ਨਿਵੇਸ਼ ਨਾਲ ਸਬੰਧਤ ਜਾਣਕਾਰੀ ਮੰਗੇ ਤਾਂ ਤੁਰੰਤ ਸਾਵਧਾਨ ਹੋ ਜਾਓ। ਜੇਕਰ ਸੰਭਵ ਹੋਵੇ ਤਾਂ ਵੀਡੀਓ ਕਾਲ ਰਾਹੀਂ ਉਸ ਸਖਸ਼ ਦੀ ਪਛਾਣ ਦੀ ਪੁਸ਼ਟੀ ਕਰੋ।
ਇਸ ਤੋਂ ਇਲਾਵਾ, ਜੇਕਰ ਕੋਈ ਡੇਟਿੰਗ ਐਪ 'ਤੇ ਜਾਣ-ਪਛਾਣ ਹੋਣ ਤੋਂ ਤੁਰੰਤ ਬਾਅਦ ਤੁਹਾਡੇ ਨਾਲ ਮਿਲਣ ਦੀ ਜ਼ਿੱਦ ਕਰਦਾ ਹੈ ਜਾਂ ਕਿਸੇ ਖਾਸ ਕੈਫੇ ਜਾਂ ਬਾਰ 'ਚ ਮਿਲਣ ਲਈ ਅੜੀਅਲ ਰਵੱਈਆ ਰੱਖਦਾ ਹੈ ਤਾਂ ਸਾਵਧਾਨ ਹੋ ਜਾਓ।
ਆਰਡਰ ਅਤੇ ਬਿੱਲ ਨੂੰ ਧਿਆਨ ਨਾਲ ਦੇਖੇ ਬਿਨ੍ਹਾਂ ਭੁਗਤਾਨ ਨਾ ਕਰੋ। ਜੇਕਰ ਸਥਿਤੀ ਸ਼ੱਕੀ ਲੱਗੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨਾ ਤੁਹਾਡੀ ਸੁਰੱਖਿਆ ਲਈ ਅਹਿਮ ਕਦਮ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































