ਪੰਜਾਬ: ਐੱਲਪੀਜੀ ਸਿਲੰਡਰ ਭਰਵਾਉਣ ਵੇਲੇ ਫੜਿਆ ਗਿਆ 4 ਸਾਲ ਤੋਂ ਫਰਾਰ ਫੌਜ ਦਾ ਸਾਬਕਾ ਕੈਪਟਨ, ਪਤਨੀ ਦੇ ਕਤਲ ਵਿੱਚ ਸੀ ਦੋਸ਼ੀ

ਤਸਵੀਰ ਸਰੋਤ, Punjab Police
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 5 ਮਿੰਟ
ਫਾਜ਼ਿਲਕਾ ਪੁਲਿਸ ਨੇ ਆਪਣੀ ਪਤਨੀ ਦੇ ਕਤਲ ਦੇ ਮਾਮਲੇ ਵਿੱਚ ਲਗਭਗ ਚਾਰ ਸਾਲ ਤੋਂ ਫਰਾਰ ਚੱਲ ਰਹੇ ਫੌਜ ਦੇ ਸਾਬਕਾ ਕੈਪਟਨ ਸੰਦੀਪ ਤੋਮਰ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ, ਜਦੋਂ ਉਸ ਨੇ ਐੱਲਪੀਜੀ ਸਿਲੰਡਰ ਭਰਵਾਉਣ ਅਤੇ ਪੈਸਿਆਂ ਦੇ ਲੈਣ-ਦੇਣ ਲਈ ਆਪਣੇ ਅਸਲੀ ਬੈਂਕ ਖਾਤਾ ਨੰਬਰ ਅਤੇ ਪੈਨ ਕਾਰਡ ਦਾ ਇਸਤੇਮਾਲ ਕੀਤਾ।
ਫਾਜ਼ਿਲਕਾ ਦੇ ਐੱਸਐੱਸਪੀ ਗੁਰਮੀਤ ਸਿੰਘ ਨੇ ਇਹ ਜਾਣਕਾਰੀ ਬੀਬੀਸੀ ਪੰਜਾਬੀ ਨਾਲ ਸਾਂਝੀ ਕੀਤੀ।
ਐੱਸਐੱਸਪੀ ਗੁਰਮੀਤ ਸਿੰਘ ਮੁਤਾਬਕ ਫੌਜ ਦੇ ਸਾਬਕਾ ਕੈਪਟਨ ਸੰਦੀਪ ਤੋਮਰ ਖ਼ਿਲਾਫ਼ 2013 ਵਿੱਚ ਆਪਣੀ ਪਤਨੀ ਨਾਲ ਕੁੱਟਮਾਰ ਕਰਨ, ਦਾਜ ਦੀ ਮੰਗ ਕਰਨ ਅਤੇ ਪਤਨੀ ਦੀ ਮੌਤ ਲਈ ਜ਼ਿੰਮੇਵਾਰ ਹੋਣ ਦੇ ਇਲਜ਼ਾਮਾਂ ਤਹਿਤ ਆਈਪੀਸੀ ਦੀ ਧਾਰਾ 304ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਮ੍ਰਿਤਕ ਦੇ ਪਿਤਾ ਵੱਲੋਂ ਦਰਜ ਕਰਵਾਈ ਗਈ ਸੀ।
ਫਾਜ਼ਿਲਕਾ ਦੇ ਐੱਸਐੱਸਪੀ ਗੁਰਮੀਤ ਸਿੰਘ ਦੱਸਦੇ ਹਨ ਕਿ ਸੰਦੀਪ ਤੋਮਰ ਨੇ ਆਪਣੀ ਪਤਨੀ ਸ਼ਵੇਤਾ ਸਿੰਘ ਦਾ ਕਤਲ ਕੀਤਾ ਸੀ ਅਤੇ ਇਸ ਨੂੰ ਖੁਦਕੁਸ਼ੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ।
ਹਾਲਾਂਕਿ ਬਾਅਦ ਵਿੱਚ ਹੋਈ ਪੁਲਿਸ ਜਾਂਚ ਵਿੱਚ ਸਾਬਤ ਹੋਇਆ ਕਿ ਸੰਦੀਪ ਤੋਮਰ ਨੇ ਆਪਣੀ ਪਤਨੀ ਦਾ ਕਤਲ ਕੀਤਾ ਸੀ। ਮੁਲਜ਼ਮ ਸੰਦੀਪ ਤੋਮਰ ਨੂੰ ਵਾਰਦਾਤ ਵਾਲੇ ਦਿਨ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਆਪਣੀ ਪਤਨੀ ਦੇ ਕਤਲ ਕੇਸ ਵਿੱਚ ਸੰਦੀਪ ਤੋਮਰ ਨੇ ਪੰਜ ਸਾਲ ਜੇਲ੍ਹ ਵੀ ਕੱਟੀ। ਪਰ 2019 ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ।
ਸਾਲ 2022 ਵਿੱਚ ਹਾਈਕੋਰਟ ਨੇ ਮੁੜ ਸੰਦੀਪ ਤੋਮਰ ਨੂੰ ਆਤਮ ਸਮਰਪਣ ਕਰਨ ਦੇ ਹੁਕਮ ਦਿੱਤੇ। ਪਰ ਹੁਕਮਾਂ ਦੀ ਉਲੰਘਣਾ ਕਰਦਿਆਂ ਉਹ ਕਦੇ ਵੀ ਆਤਮ ਸਮਰਪਣ ਲਈ ਪੇਸ਼ ਨਹੀਂ ਹੋਇਆ ਅਤੇ 2022 ਤੋਂ ਫਰਾਰ ਚੱਲ ਰਿਹਾ ਸੀ।
ਪੁਲਿਸ ਅਧਿਕਾਰੀਆਂ ਮੁਤਾਬਕ ਸੰਦੀਪ ਤੋਮਰ ਦੀ ਭਾਲ ਲਗਾਤਾਰ ਜਾਰੀ ਸੀ, ਪਰ ਹੁਣ ਫਾਜ਼ਿਲਕਾ ਪੁਲਿਸ ਨੇ ਮੱਧ ਪ੍ਰਦੇਸ਼ ਪੁਲਿਸ ਦੇ ਸਹਿਯੋਗ ਨਾਲ 28 ਮਾਰਚ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਸੰਦੀਪ ਤੋਮਰ ਦੀ ਗ੍ਰਿਫ਼ਤਾਰੀ ਮੱਧ ਪ੍ਰਦੇਸ਼ ਦੇ ਪੰਧੁਰਨਾ ਜ਼ਿਲ੍ਹੇ ਤੋਂ ਹੋਈ ਹੈ।

ਕੀ ਹੈ ਪੂਰਾ ਮਾਮਲਾ?
ਸੰਦੀਪ ਤੋਮਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਕਾਨਪੁਰ ਦਾ ਰਹਿਣ ਵਾਲਾ ਸੀ। ਵਾਰਦਾਤ ਸਮੇਂ ਉਹ ਪੰਜਾਬ ਦੇ ਅਬੋਹਰ ਵਿੱਚ 12 ਬਿਹਾਰ ਰੈਜੀਮੈਂਟ ਵਿੱਚ ਕੈਪਟਨ ਵਜੋਂ ਤੈਨਾਤ ਸੀ। ਉਸਦੀ ਮ੍ਰਿਤਕ ਪਤਨੀ ਵੀ ਉੱਤਰ ਪ੍ਰਦੇਸ਼ ਦੀ ਹੀ ਵਸਨੀਕ ਸੀ।
ਪੁਲਿਸ ਵੱਲੋਂ ਦਰਜ ਐੱਫਆਈਆਰ ਮੁਤਾਬਕ ਦੋਵਾਂ ਦਾ ਵਿਆਹ ਫਰਵਰੀ 2013 ਵਿੱਚ ਹੋਇਆ ਸੀ ਅਤੇ 8 ਜੁਲਾਈ 2013 ਨੂੰ ਸੰਦੀਪ ਤੋਮਰ ਦੀ ਪਤਨੀ ਦੀ ਮੌਤ ਹੋ ਗਈ।
ਸ਼ਿਕਾਇਤਕਰਤਾ (ਮ੍ਰਿਤਕ ਦੇ ਪਿਤਾ) ਮੁਤਾਬਕ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸੰਦੀਪ ਤੋਮਰ ਅਤੇ ਉਸਦੇ ਪਰਿਵਾਰ ਨੇ ਦਾਜ ਲਈ ਮ੍ਰਿਤਕ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਜਿਸਦੀ ਸ਼ਿਕਾਇਤ ਮ੍ਰਿਤਕ ਨੇ ਆਪਣੀ ਮਾਂ ਨੂੰ ਵੀ ਕੀਤੀ ਸੀ।
8 ਜੁਲਾਈ ਨੂੰ ਉਨ੍ਹਾਂ ਨੂੰ ਆਪਣੀ ਧੀ ਦੀ ਮੌਤ ਬਾਰੇ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਜਵਾਈ ਸੰਦੀਪ ਤੋਮਰ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਸੀ।
ਐੱਸਐੱਸਪੀ ਗੁਰਮੀਤ ਸਿੰਘ ਮੁਤਾਬਕ ਮੁਲਜ਼ਮ ਨੇ ਪਹਿਲਾਂ ਆਪਣੇ ਬਿਆਨਾਂ ਵਿੱਚ ਕਿਹਾ ਸੀ ਕਿ ਉਸ ਦੀ ਪਤਨੀ ਨੇ ਖੁਦਕੁਸ਼ੀ ਕੀਤੀ ਹੈ, ਪਰ ਪੁਲਿਸ ਜਾਂਚ ਦੌਰਾਨ ਇਹ ਸਾਬਤ ਹੋਇਆ ਕਿ ਇਹ ਕਤਲ ਸੀ।

ਤਸਵੀਰ ਸਰੋਤ, Getty Images
2014 ਵਿੱਚ ਸਥਾਨਕ ਅਦਾਲਤ ਨੇ ਸੰਦੀਪ ਤੋਮਰ ਨੂੰ ਕਤਲ ਦਾ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ ਸਜ਼ਾ ਸੁਣਾਈ।
ਇਸ ਤੋਂ ਬਾਅਦ ਉਸਨੂੰ ਫਿਰੋਜ਼ਪੁਰ ਜੇਲ੍ਹ ਭੇਜਿਆ ਗਿਆ ਅਤੇ ਫੌਜ ਨੇ ਵੀ ਉਸ ਨੂੰ ਬਰਖ਼ਾਸਤ ਕਰ ਦਿੱਤਾ।
ਸੰਦੀਪ ਤੋਮਰ ਨੇ ਲਗਭਗ ਪੰਜ ਸਾਲ ਜੇਲ੍ਹ ਵਿੱਚ ਬਿਤਾਏ ਅਤੇ ਬਾਅਦ ਵਿੱਚ ਹਾਈਕੋਰਟ ਵਿੱਚ ਆਪਣੀ ਸਜ਼ਾ ਨੂੰ ਚੁਣੌਤੀ ਦਿੱਤੀ।
2019 ਵਿੱਚ ਹਾਈਕੋਰਟ ਨੇ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ।
ਪਰ 2022 ਵਿੱਚ ਸੁਣਵਾਈ ਦੌਰਾਨ ਹਾਈਕੋਰਟ ਨੇ ਉਸਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੀ।
ਐੱਸਐੱਸਪੀ ਮੁਤਾਬਕ ਹੁਕਮਾਂ ਦੀ ਉਲੰਘਣਾ ਕਰਦਿਆਂ ਸੰਦੀਪ ਤੋਮਰ ਆਤਮ ਸਮਰਪਣ ਕਰਨ ਦੀ ਥਾਂ ਫਰਾਰ ਹੋ ਗਿਆ।
ਮ੍ਰਿਤਕ ਦੇ ਪਿਤਾ ਵੱਲੋਂ 2024 ਵਿੱਚ ਹਾਈਕੋਰਟ ਦਾ ਰੁਖ਼ ਕੀਤਾ ਗਿਆ ਅਤੇ ਸੰਦੀਪ ਤੋਮਰ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਜਾਂਚ ਲਈ ਤਿੰਨ ਮੈਂਬਰੀ ਐੱਸਆਈਟੀ ਬਣਾਈ ਗਈ, ਜਿਸਦੀ ਅਗਵਾਈ ਐੱਸਪੀ ਫਾਜ਼ਿਲਕਾ ਆਸਵੰਤ ਸਿੰਘ ਕਰ ਰਹੇ ਸਨ।
ਇਸ ਤੋਂ ਬਾਅਦ ਪੁਲਿਸ ਲਗਾਤਾਰ ਸੰਦੀਪ ਤੋਮਰ ਨੂੰ ਟਰੇਸ ਕਰ ਰਹੀ ਸੀ।
ਐੱਸਐੱਸਪੀ ਮੁਤਾਬਕ ਉਸ ਨੂੰ ਫੜਨ ਲਈ ਖ਼ਾਸ ਸਿੱਟ ਬਣਾਈ ਗਈ ਸੀ, ਜੋ ਲਗਾਤਾਰ ਸੰਦੀਪ ਤੋਮਰ ਦੀ ਹਲਚਲ 'ਤੇ ਨਜ਼ਰ ਰੱਖ ਰਹੀ ਸੀ।

ਤਸਵੀਰ ਸਰੋਤ, fb/fazilka police
ਪੁਲਿਸ ਨੇ ਸੰਦੀਪ ਤੋਮਰ ਨੂੰ ਕਿਵੇਂ ਟਰੇਸ ਕੀਤਾ
ਐੱਸਐੱਸਪੀ ਫਾਜ਼ਿਲਕਾ ਮੁਤਾਬਕ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਸੰਦੀਪ ਤੋਮਰ ਆਪਣੀ ਪਛਾਣ ਬਦਲ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿ ਰਿਹਾ ਸੀ ਅਤੇ ਨੌਕਰੀ ਕਰ ਰਿਹਾ ਸੀ। ਹੁਣ ਗ੍ਰਿਫ਼ਤਾਰੀ ਸਮੇਂ ਉਹ ਦੂਜਾ ਵਿਆਹ ਵੀ ਕਰ ਚੁੱਕਿਆ ਸੀ।
ਇਨ੍ਹਾਂ ਚਾਰ ਸਾਲਾਂ ਦੌਰਾਨ ਉਸਨੇ ਆਪਣੀ ਦਿੱਖ ਅਤੇ ਪਤਾ ਬਦਲ ਕੇ ਪੰਜਾਬ ਤੋਂ ਬਾਅਦ ਓਡੀਸ਼ਾ, ਬੈਂਗਲੁਰੂ ਅਤੇ ਮੱਧ ਪ੍ਰਦੇਸ਼ ਵਿੱਚ ਕੰਮ ਕੀਤਾ।
ਗੁਰਮੀਤ ਸਿੰਘ ਮੁਤਾਬਕ, "ਕੁਝ ਦਿਨ ਪਹਿਲਾਂ ਸੰਦੀਪ ਤੋਮਰ ਦੀ ਬੈਂਕ ਸਟੇਟਮੈਂਟ ਤੋਂ ਪਤਾ ਲੱਗਿਆ ਕਿ ਉਹ ਗੈਸ ਏਜੰਸੀ ਤੋਂ ਐੱਲਪੀਜੀ ਸਿਲੰਡਰ ਭਰਵਾ ਰਿਹਾ ਸੀ।"
"ਜਦੋਂ ਗੈਸ ਏਜੰਸੀ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਦਾ ਪਤਾ ਮਿਲ ਗਿਆ। ਇਹ ਜਾਣਕਾਰੀ ਪੰਧੁਰਨਾ ਦੇ ਪੁਲਿਸ ਅਧਿਕਾਰੀਆਂ ਨਾਲ ਸਾਂਝੀ ਕੀਤੀ ਗਈ ਅਤੇ ਸੰਦੀਪ ਤੋਮਰ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ।"
ਫਾਜ਼ਿਲਕਾ ਪੁਲਿਸ ਦੀ ਟੀਮ ਨੇ ਬਾਅਦ ਵਿੱਚ ਸੰਦੀਪ ਤੋਮਰ ਨੂੰ ਹਿਰਾਸਤ ਵਿੱਚ ਲੈ ਕੇ ਪੰਜਾਬ ਲਿਆਂਦਾ ਅਤੇ ਸਥਾਨਕ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































