You’re viewing a text-only version of this website that uses less data. View the main version of the website including all images and videos.
ਭਾਰਤ ’ਚ ਭਾਰ ਘਟਾਉਣ ਦੀਆਂ ਸਸਤੀਆਂ ਦਵਾਈਆਂ ਛੇਤੀ ਹੀ ਬਾਜ਼ਾਰ ’ਚ ਆ ਸਕਦੀਆਂ, ਇਨ੍ਹਾਂ ਦੇ ਇਸਤੇਮਾਲ ਤੋਂ ਪਹਿਲਾਂ ਕੀ ਜਾਣਨਾ ਜ਼ਰੂਰੀ
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 8 ਮਿੰਟ
ਘੱਟੋ ਘੱਟ ਸਿਧਾਂਤਕ ਤੌਰ 'ਤੇ, ਭਾਰਤੀ ਜਲਦੀ ਹੀ ਮੋਟਾਪੇ ਦੀ ਸਮੱਸਿਆ ਤੋਂ ਮੁਕਤ ਹੋ ਸਕਦੇ ਹਨ। ਇਸ ਸ਼ੁੱਕਰਵਾਰ ਨੂੰ ਸੇਮਾਗਲੂਟਾਈਡ ਨਾਮ ਦੀ ਦਵਾਈ ਦਾ ਪੇਟੈਂਟ ਭਾਰਤ ਵਿੱਚ ਖ਼ਤਮ ਹੋਣ ਜਾ ਰਿਹਾ ਹੈ।
ਡੈਨਮਾਰਕ ਦੀ ਦਵਾਈ ਨਿਰਮਾਤਾ ਕੰਪਨੀ ਨੋਵੋ ਨੋਰਡਿਸਕ ਦੀ ਬਲਾਕਬਸਟਰ ਵਜ਼ਨ ਘਟਾਉਣ ਵਾਲੀ ਦਵਾਈ ਵੇਗੋਵੀ ਅਤੇ ਓਜ਼ੈਂਪਿਕ ਵਿੱਚ ਸੇਮਾਗਲੂਟਾਈਡ ਦਾ ਇਸਤੇਮਾਲ ਹੁੰਦਾ ਹੈ।
ਪੇਟੈਂਟ ਖ਼ਤਮ ਹੋਣ ਦੇ ਬਾਅਦ ਘਰੇਲੂ ਫਾਰਮਾਸਿਊਟਿਕਲ ਕੰਪਨੀਆਂ ਵੱਡੇ ਪੱਧਰ 'ਤੇ ਸੇਮਾਗਲੂਟਾਈਡ ਦੇ ਸਸਤੇ ਜਾਂ ਜੈਨਰਿਕ ਵਰਜਨ ਬਣਾਉਣਾ ਸ਼ੁਰੂ ਕਰ ਦੇਣਗੀਆਂ। ਇਸ ਤੋਂ ਬਾਅਦ ਹੋਣ ਵਾਲੀ ਹੋੜ ਦੇ ਕਾਰਨ ਮੁੱਲ ਕਾਫ਼ੀ ਘੱਟ ਹੋ ਸਕਦੇ ਹਨ।
ਇਸ ਨਾਲ ਭਾਰਤ ਹੀ ਨਹੀਂ ਬਲਕਿ ਹੋਰ ਦੇਸ਼ਾਂ ਵਿੱਚ ਇਸ ਦੀ ਉਪਲਬਧਤਾ ਵੱਧ ਜਾਵੇਗੀ।
ਇਨਵੈਸਟਮੈਂਟ ਬੈਂਕ ਜੈਫਰੀਜ਼ ਨੇ ਇਸਨੂੰ ਭਾਰਤ ਲਈ ਸੰਭਾਵੀ 'ਮੈਜਿਕ ਪਿਲ ਮੂਵਮੈਂਟ' ਕਰਾਰ ਦਿੰਦਿਆਂ ਕਿਹਾ ਹੈ ਕਿ ਸੇਮਾਗਲੂਟਾਈਡ ਦੀ ਘਰੇਲੂ ਮਾਰਕੀਟ ਇੱਕ ਅਰਬ ਡਾਲਰ ਤੱਕ ਪਹੁੰਚ ਸਕਦੀ ਹੈ।
ਭਾਰਤੀ ਫਾਰਮਾਸਿਊਟਿਕਲ ਇੰਡਸਟ੍ਰੀ 'ਤੇ ਨਜ਼ਰ ਰੱਖਣ ਵਾਲਿਆਂ ਦਾ ਅਨੁਮਾਨ ਹੈ ਕਿ ਇੱਕ ਮਹੀਨੇ ਦੇ ਅੰਦਰ ਸੇਮਾਗਲੂਟਾਈਡ ਦੀ ਜੈਨਰਿਕ ਦਵਾਈ ਦੇ ਕਰੀਬ 50 ਬ੍ਰਾਂਡ ਭਾਰਤੀ ਬਾਜ਼ਾਰ ਵਿੱਚ ਆ ਸਕਦੇ ਹਨ।
ਸਾਲ 2022 ਵਿੱਚ ਡਾਇਬਟੀਜ਼ ਦੀ ਦਵਾਈ ਸਿਟਾਗਲਿਪਟਿਨ ਦਾ ਪੇਟੈਂਟ ਖ਼ਤਮ ਹੋਇਆ ਤਾਂ ਇੱਕ ਮਹੀਨੇ ਦੇ ਅੰਦਰ 30 ਬ੍ਰਾਂਡਡ ਵਰਜਨ ਸਾਹਮਣੇ ਆ ਗਏ ਸਨ ਅਤੇ ਸਾਲ ਭਰ ਵਿੱਚ ਇਨ੍ਹਾਂ ਦੀ ਗਿਣਤੀ 100 ਤੱਕ ਪਹੁੰਚ ਗਈ ਸੀ।
ਭਾਰਤ ਦਾ ਦਵਾਈ ਉਦਯੋਗ ਇਸ ਸਮੇਂ 60 ਅਰਬ ਡਾਲਰ ਦਾ ਹੈ ਅਤੇ 2030 ਤੱਕ ਇਸਦਾ ਦੁਗਣਾ ਹੋਣ ਦਾ ਅਨੁਮਾਨ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਜੈਨਰਿਕ ਦਵਾਈਆਂ ਦਾ ਹਿੱਸਾ ਹੈ ਅਤੇ ਮੈਨਿਊਫੈਕਚਰਿੰਗ ਸੈਕਟਰ ਲਈ ਸੇਮਾਗਲੂਟਾਈਡ ਵਿੱਚ ਸਖ਼ਤ ਮੁਕਾਬਲਾ ਮੰਚ ਤਿਆਰ ਹੋ ਗਿਆ ਹੈ।
ਮੂਲ ਰੂਪ ਵਿੱਚ ਡਾਇਬਟੀਜ਼ ਦੇ ਇਲਾਜ ਲਈ ਵਿਕਸਿਤ ਕੀਤੀਆਂ ਗਈਆਂ ਇਹ ਦਵਾਈਆਂ ਮੋਟਾਪਾ ਘਟਾਉਣ ਲਈ ਇੱਕ ਗੇਮਚੇਂਜਰ ਦੱਸੀਆਂ ਜਾਂਦੀਆਂ ਹਨ ਅਤੇ ਦਾਅਵਾ ਕੀਤਾ ਜਾਂਦਾ ਹੈ ਕਿ ਪਹਿਲਾਂ ਦੀਆਂ ਦਵਾਈਆਂ ਨਾਲੋਂ ਇਹ ਕਿਤੇ ਵੱਧ ਪ੍ਰਭਾਵਸ਼ਾਲੀ ਹਨ।
ਕਿੰਨੀ ਸਸਤੀ ਹੋ ਜਾਵੇਗੀ ਦਵਾਈ
ਕਈ ਭਾਰਤੀ ਦਵਾਈ ਨਿਰਮਾਤਾ ਕੰਪਨੀਆਂ ਪਹਿਲਾਂ ਹੀ ਇਸ ਦਿਸ਼ਾ ਵਿੱਚ ਕਦਮ ਵਧਾਉਣ ਦੀ ਤਿਆਰੀ ਕਰ ਰਹੀਆਂ ਹਨ।
ਰਿਸਰਚ ਫਰਮ ਫਾਰਮਾਰੈਕ ਦੀ ਵਾਈਸ-ਪ੍ਰੈਜ਼ੀਡੈਂਟ ਸ਼ੀਤਲ ਸਪਾਲੇ ਦੇ ਮੁਤਾਬਕ, ਸਿਪਲਾ, ਸਨ ਫਾਰਮਾ, ਡਾ. ਰੈੱਡੀਜ਼ ਲੈਬੋਰਟਰੀਜ਼, ਬਾਇਕਾਨ, ਨੈਟਕੋ, ਜਾਇਡਸ ਅਤੇ ਮੈਨਕਾਈਂਡ ਫਾਰਮਾ ਵਰਗੀਆਂ ਵੱਡੀਆਂ ਕੰਪਨੀਆਂ ਬ੍ਰਾਂਡਡ ਜੈਨਰਿਕ ਦਵਾਈਆਂ ਤਿਆਰ ਕਰ ਰਹੀਆਂ ਹਨ ਅਤੇ ਕਈ ਹੋਰ ਕੰਪਨੀਆਂ ਵੀ ਇਸ ਵਿੱਚ ਸ਼ਾਮਲ ਹੋ ਸਕਦੀਆਂ ਹਨ। ਕੀਮਤਾਂ ਵਿੱਚ ਤੇਜ਼ ਗਿਰਾਵਟ ਦੀ ਉਮੀਦ ਹੈ।
ਫਿਲਹਾਲ ਮਾਸਿਕ ਇਲਾਜ ਦੀ ਲਾਗਤ ਕਾਫ਼ੀ ਜ਼ਿਆਦਾ ਹੈ, ਓਜ਼ੈਂਪਿਕ ਆਮ ਤੌਰ 'ਤੇ 8,800 ਤੋਂ 11,000 ਰੁਪਏ ਵਿੱਚ ਵਿਕਦੀ ਹੈ, ਜਦਕਿ ਵੇਗੋਵੀ ਦੀ ਕੀਮਤ 10,000 ਤੋਂ 16,000 ਰੁਪਏ ਤੱਕ ਹੋ ਸਕਦੀ ਹੈ।
ਸਪਾਲੇ ਦਾ ਅਨੁਮਾਨ ਹੈ ਕਿ ਜੈਨਰਿਕ ਮੁਕਾਬਲੇ ਦੇ ਬਾਅਦ ਇਹ ਲਾਗਤ ਘੱਟ ਕੇ ਲਗਭਗ 3,000 ਤੋਂ 5,000 ਰੁਪਏ ਪ੍ਰਤੀ ਮਹੀਨਾ ਰਹਿ ਸਕਦੀ ਹੈ।
ਘੱਟ ਕੀਮਤਾਂ ਬਾਜ਼ਾਰ ਦੇ ਗਣਿਤ ਨੂੰ ਬਦਲ ਸਕਦੀਆਂ ਹਨ। ਭਾਰਤ ਦਾ ਐਂਟੀ-ਓਬੇਸਿਟੀ ਦਵਾਈ ਖੇਤਰ ਪਹਿਲਾਂ ਹੀ ਤੇਜ਼ੀ ਨਾਲ ਵਧਿਆ ਹੈ। ਫਾਰਮਾਰੈਕ ਦੇ ਅਨੁਸਾਰ, ਇਹ ਬਾਜ਼ਾਰ 2021 ਵਿੱਚ ਲਗਭਗ 1.6 ਕਰੋੜ ਡਾਲਰ ਤੋਂ ਵਧ ਕੇ ਕਰੀਬ 10 ਕਰੋੜ ਡਾਲਰ ਤੱਕ ਪਹੁੰਚ ਗਿਆ ਹੈ।
ਸਾਲ 2022 ਵਿੱਚ ਸੇਮਾਗਲੂਟਾਈਡ ਦੇ ਪਹਿਲੇ ਓਰਲ ਵਰਜਨ ਰਾਈਬੈਲਸਸ ਦੇ ਲਾਂਚ ਦੇ ਬਾਅਦ ਮੰਗ ਹੋਰ ਤੇਜ਼ ਹੋਈ। ਇਹ ਉਛਾਲ ਸਿਹਤ ਨਾਲ ਜੁੜੇ ਇੱਕ ਵੱਡੇ ਬਦਲਾਅ ਨੂੰ ਦਿਖਾਉਂਦਾ ਹੈ।
ਭਾਰਤ ਵਿੱਚ ਪਹਿਲਾਂ ਹੀ ਟਾਈਪ-2 ਡਾਇਬਟੀਜ਼ ਨਾਲ ਪੀੜਤ 7.7 ਕਰੋੜ ਤੋਂ ਵੱਧ ਲੋਕ ਹਨ ਅਤੇ ਇੱਥੇ ਵੱਧ ਵਜ਼ਨ ਵਾਲੇ ਬਾਲਗਾਂ ਦੀ ਗਿਣਤੀ ਦੁਨੀਆ ਦੇ ਸਿਖ਼ਰ ਦੇ ਦੇਸ਼ਾਂ ਵਿੱਚੋਂ ਇੱਕ ਹੈ।
ਸ਼ਹਿਰੀ ਜੀਵਨਸ਼ੈਲੀ, ਕਾਰਬੋਹਾਈਡ੍ਰੇਟ ਨਾਲ ਭਰਪੂਰ ਖਾਣ-ਪੀਣ ਅਤੇ ਘੱਟ ਸਰੀਰਕ ਗਤੀਵਿਧੀ ਨੇ ਇਨ੍ਹਾਂ ਦੋਵਾਂ ਹਾਲਤਾਂ ਨੂੰ ਵਧਾਉਣ ਵਿੱਚ ਭੂਮਿਕਾ ਨਿਭਾਈ ਹੈ।
ਡਾਕਟਰਾਂ ਲਈ, ਸਸਤੀਆਂ ਜੀਐੱਲਪੀ-1 ਦਵਾਈਆਂ ਜਲਦੀ ਹੀ ਮੋਟਾਪੇ ਦੇ ਖ਼ਿਲਾਫ਼ ਇੱਕ ਪ੍ਰਭਾਵਸ਼ਾਲੀ ਨਵਾਂ ਬਦਲ ਬਣ ਸਕਦੀਆਂ ਹਨ। ਵਜ਼ਨ ਘਟਾਉਣ ਵਾਲੀਆਂ ਦਵਾਈਆਂ ਹੁਣ ਸਿਰਫ਼ ਐਂਡੋਕ੍ਰਾਈਨੋਲੋਜੀ ਕਲੀਨਿਕ ਤੱਕ ਸੀਮਿਤ ਨਹੀਂ ਰਹੀਆਂ।
ਕਾਰਡੀਓਲੋਜਿਸਟ ਇਨ੍ਹਾਂ ਦਾ ਇਸਤੇਮਾਲ ਐਂਜਿਓਪਲਾਸਟੀ ਵਰਗੇ ਪ੍ਰੋਸੀਜਰ ਤੋਂ ਪਹਿਲਾਂ ਮਰੀਜ਼ਾਂ ਦਾ ਵਜ਼ਨ ਘਟਾਉਣ ਵਿੱਚ ਕਰਦੇ ਹਨ।
ਆਰਥੋਪੀਡਿਕ ਸਰਜਨ ਗੋਡੇ ਦੀ ਸਰਜਰੀ ਤੋਂ ਪਹਿਲਾਂ ਜੋੜਾਂ 'ਤੇ ਦਬਾਅ ਘਟਾਉਣ ਲਈ ਅਤੇ ਚੈਸਟ ਫਿਜ਼ੀਸ਼ੀਅਨ ਅਬਸਟਰਕਟਿਵ ਸਲੀਪ ਐਪਨੀਆ ਵਰਗੀਆਂ ਹਾਲਤਾਂ ਦੇ ਇਲਾਜ ਵਿੱਚ ਇਨ੍ਹਾਂ ਦਾ ਇਸਤੇਮਾਲ ਕਰਦੇ ਹਨ।
ਮੁੰਬਈ ਵਿੱਚ ਸਰਜਨ ਮੁਫ਼ੱਜ਼ਲ ਲਕੜਵਾਲਾ ਕਹਿੰਦੇ ਹਨ ਕਿ ਇਹ ਦਵਾਈਆਂ ਭਾਰਤ ਵਿੱਚ ਡਾਇਬਟੀਜ਼ ਅਤੇ ਮੋਟਾਪੇ ਨਾਲ ਪੀੜਤ ਇੱਕ ਵੱਡੀ ਆਬਾਦੀ ਦੇ ਇਲਾਜ ਵਿੱਚ ਨਾਟਕੀ ਬਦਲਾਅ ਲਿਆ ਸਕਦੀਆਂ ਹਨ।
ਉਹ ਕਹਿੰਦੇ ਹਨ ਕਿ ਫਿਲਹਾਲ ਤੱਕ ਇਨ੍ਹਾਂ ਦਵਾਈਆਂ ਤੱਕ ਪਹੁੰਚ ਕੀਮਤ ਵੱਧ ਹੋਣ ਕਰਕੇ ਬਹੁਤ ਸੀਮਿਤ ਸੀ।
ਉਨ੍ਹਾਂ ਦੇ ਅਨੁਸਾਰ, ਇਹ ਬਹੁਤ ਵਧੀਆ ਹੈ ਕਿ ਇਹ ਦਵਾਈਆਂ ਸਸਤੀਆਂ ਹੋ ਜਾਣਗੀਆਂ ਤਾਂ ਜੋ ਡਾਇਬਟੀਜ਼ ਅਤੇ ਮੋਟਾਪੇ ਦੀ ਸਮੱਸਿਆ ਵਾਲੀ ਆਮ ਭਾਰਤੀ ਆਬਾਦੀ ਲਈ ਇਹ ਉਪਲਬਧ ਹੋ ਸਕਦੀਆਂ ਹਨ।
ਪਰ ਉਹ ਚੇਤਾਵਨੀ ਵੀ ਦਿੰਦੇ ਹਨ, "ਇੱਥੇ ਬਣ ਰਹੀਆਂ ਦਵਾਈਆਂ ਦੀ ਗੁਣਵੱਤਾ 'ਤੇ ਬਹੁਤ ਸਖ਼ਤੀ ਨਾਲ ਨਿਗਰਾਨੀ ਰੱਖਣ ਦੀ ਲੋੜ ਹੈ।"
ਭਾਰਤ ਦਾ ਜੈਨਰਿਕ ਬਾਜ਼ਾਰ
ਇਹ ਸਾਵਧਾਨੀ ਭਾਰਤ ਦੇ ਫਾਰਮਾਸਿਊਟਿਕਲ ਉਦਯੋਗ ਦੀ ਇੱਕ ਵਿਆਪਕ ਹਕੀਕਤ ਨੂੰ ਦਰਸਾਉਂਦੀ ਹੈ, ਜੋ ਘੱਟ ਲਾਗਤ ਵਾਲੀਆਂ ਜੈਨਰਿਕ ਦਵਾਈਆਂ ਦੇ ਮਾਮਲੇ ਵਿੱਚ ਵਿਸ਼ਵ ਪੱਧਰ 'ਤੇ ਇੱਕ ਮੁੱਖ ਤਾਕਤ ਹੈ।
ਭਾਰਤ ਦੁਨੀਆ ਵਿੱਚ ਜੈਨਰਿਕ ਦਵਾਈਆਂ ਦਾ ਸਭ ਤੋਂ ਵੱਡਾ ਸਪਲਾਇਰ ਹੈ, ਜੋ 60 ਤੋਂ ਵੱਧ ਮੈਡੀਕਲ ਸ਼੍ਰੇਣੀਆਂ ਵਿੱਚ ਲਗਭਗ 60,000 ਬ੍ਰਾਂਡ ਬਣਾਉਂਦਾ ਹੈ ਅਤੇ ਵਿਸ਼ਵ ਜੈਨਰਿਕ ਸਪਲਾਈ ਦਾ ਕਰੀਬ 20 ਫੀਸਦ ਹਿੱਸਾ ਰੱਖਦਾ ਹੈ।
'ਦੁਨੀਆ ਦੀ ਫਾਰਮੇਸੀ' ਵਜੋਂ ਭਾਰਤ ਦੀ ਪਛਾਣ ਕਾਫ਼ੀ ਹੱਦ ਤੱਕ ਇਸ ਸਮਰੱਥਾ 'ਤੇ ਟਿਕੀ ਹੈ ਕਿ ਇਹ ਮਹਿੰਗੀਆਂ ਦਵਾਈਆਂ ਨੂੰ ਕਿਫ਼ਾਇਤੀ, ਵੱਡੇ ਪੱਧਰ 'ਤੇ ਉਪਲਬਧ ਉਤਪਾਦਾਂ ਵਿੱਚ ਬਦਲ ਦਿੰਦਾ ਹੈ।
ਇਸਦਾ ਸਭ ਤੋਂ ਚਰਚਿਤ ਉਦਾਹਰਨ ਦੋ ਦਹਾਕੇ ਪਹਿਲਾਂ ਸਾਹਮਣੇ ਆਇਆ, ਜਦੋਂ ਭਾਰਤੀ ਕੰਪਨੀਆਂ ਨੇ ਐੱਚਆਈਵੀ ਐਂਟੀਰੈਟ੍ਰੋਵਾਇਰਲ ਦਵਾਈਆਂ ਦੀ ਕੀਮਤ ਵਿੱਚ ਭਾਰੀ ਕਮੀ ਲਿਆਉਣ ਵਿੱਚ ਮਦਦ ਕੀਤੀ, ਜਿਸ ਨਾਲ ਅਫਰੀਕਾ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਇਲਾਜ ਦਾ ਦਾਇਰਾ ਤੇਜ਼ੀ ਨਾਲ ਵਧਿਆ।
ਅੱਜ ਭਾਰਤ 200 ਤੋਂ ਵੱਧ ਦੇਸ਼ਾਂ ਨੂੰ ਦਵਾਈਆਂ ਸਪਲਾਈ ਕਰਦਾ ਹੈ, ਅਫਰੀਕਾ ਦੀਆਂ ਜੈਨਰਿਕ ਦਵਾਈਆਂ ਦੀ ਅੱਧ ਤੋਂ ਵੱਧ ਮੰਗ ਨੂੰ ਪੂਰਾ ਕਰਦਾ ਹੈ, ਅਮਰੀਕਾ ਵਿੱਚ ਵਰਤੀਆਂ ਜਾਣ ਵਾਲੀਆਂ ਕਰੀਬ 40 ਫੀਸਦ ਜੈਨਰਿਕ ਦਵਾਈਆਂ ਅਤੇ ਬ੍ਰਿਟੇਨ ਦੀਆਂ ਲਗਭਗ ਇੱਕ ਚੌਥਾਈ ਦਵਾਈਆਂ ਭਾਰਤ ਤੋਂ ਆਉਂਦੀਆਂ ਹਨ।
ਫਾਰਮਾਸਿਊਟਿਕਲ ਐਕਸਪੋਰਟ ਪ੍ਰਮੋਸ਼ਨ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਨਮਿਤ ਜੋਸ਼ੀ ਕਹਿੰਦੇ ਹਨ, "ਭਾਰਤੀ ਜੈਨਰਿਕ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਦਾ ਬਰਾਮਦ ਸੰਭਾਵਿਤ ਤੌਰ 'ਤੇ ਬਹੁਤ ਵੱਡਾ ਹੈ। ਇਕੱਲਾ ਅਮਰੀਕਾ ਦਾ ਬਾਜ਼ਾਰ ਕੁਝ ਸਾਲਾਂ ਵਿੱਚ 10 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ।"
ਇਹ ਭਾਰਤ ਦੇ ਫਾਰਮਾਸਿਊਟਿਕਲ ਵਪਾਰ ਵਿੱਚ ਇੱਕ ਵੱਡਾ ਇਜ਼ਾਫ਼ਾ ਹੋਵੇਗਾ। ਫਿਲਹਾਲ ਭਾਰਤ 30.46 ਅਰਬ ਡਾਲਰ ਦੀਆਂ ਜੈਨਰਿਕ ਦਵਾਈਆਂ ਦੀ ਬਰਾਦਮਦਗੀ ਕਰਦਾ ਹੈ। ਅਮਰੀਕਾ ਪਹਿਲਾਂ ਹੀ ਇਸਦਾ ਸਭ ਤੋਂ ਵੱਡਾ ਬਾਜ਼ਾਰ ਹੈ।
ਪਰ ਡਾਕਟਰ ਉਤਸ਼ਾਹ ਦੇ ਨਾਲ ਸਾਵਧਾਨੀ ਵਰਤਣ ਦੀ ਸਲਾਹ ਦੇ ਰਹੇ ਹਨ।
ਜੀਐੱਲਪੀ-1 ਦਵਾਈਆਂ ਦੇ ਸਾਈਡ ਇਫੈਕਟ
ਜੀਐੱਲਪੀ-1 ਦਵਾਈਆਂ ਅਸਰਦਾਰ ਹਨ, ਪਰ ਪੂਰੀ ਤਰ੍ਹਾਂ ਖ਼ਤਰੇ ਤੋਂ ਮੁਕਤ ਨਹੀਂ ਹਨ। ਇਨ੍ਹਾਂ ਦੇ ਸਾਈਡ ਇਫੈਕਟ ਵਿੱਚ ਉਲਟੀ ਅਤੇ ਪਚਣ ਨਾਲ ਜੁੜੀਆਂ ਸਮੱਸਿਆਵਾਂ ਸ਼ਾਮਲ ਹੋ ਸਕਦੀਆਂ ਹਨ।
ਕੁਝ ਘੱਟ ਮਾਮਲਿਆਂ ਵਿੱਚ ਪਿੱਤੇ ਦੀ ਪੱਥਰੀ ਜਾਂ ਪੈਂਕ੍ਰਿਆਟਾਈਟਿਸ ਵਰਗੀਆਂ ਜਟਿਲਤਾਵਾਂ ਵੀ ਹੋ ਸਕਦੀਆਂ ਹਨ। ਬਿਨਾਂ ਲੋੜੀਂਦਾ ਪ੍ਰੋਟੀਨ ਅਤੇ ਕਸਰਤ ਦੇ ਤੇਜ਼ੀ ਨਾਲ ਵਜ਼ਨ ਘਟਾਉਣ 'ਤੇ ਮਾਸਪੇਸ਼ੀਆਂ ਕਮਜ਼ੋਰ ਹੋ ਸਕਦੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਕਈ ਮਰੀਜ਼ ਇਨ੍ਹਾਂ ਦਵਾਈਆਂ ਦੀ ਭੂਮਿਕਾ ਨੂੰ ਠੀਕ ਤਰੀਕੇ ਨਾਲ ਨਹੀਂ ਸਮਝਦੇ।
ਕੁਝ ਲੋਕ ਸੋਸ਼ਲ ਮੀਡੀਆ ਅਤੇ ਸੈਲੀਬ੍ਰਿਟੀ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਕੁਝ ਹੀ ਹਫ਼ਤਿਆਂ ਵਿੱਚ ਤੇਜ਼ ਵਜ਼ਨ ਘਟਣ ਦੀ ਉਮੀਦ ਕਰਦੇ ਹਨ।
ਮੁੰਬਈ ਦੇ ਡਾਇਬਟੀਓਲੋਜਿਸਟ ਰਾਹੁਲ ਬਕਸ਼ੀ ਦਾ ਕਹਿਣਾ ਹੈ ਕਿ ਸਫ਼ਲਤਾ ਸਿਰਫ਼ ਦਵਾਈ 'ਤੇ ਨਹੀਂ, ਬਲਕਿ "ਸਹੀ ਮਰੀਜ਼ ਦੇ ਚੋਣ" 'ਤੇ ਵੀ ਨਿਰਭਰ ਕਰਦੀ ਹੈ।
ਡਾਕਟਰ ਸਿਰਫ਼ ਬਾਡੀ ਮਾਸ ਇੰਡੈਕਸ (ਬੀਐੱਮਆਈ) 'ਤੇ ਨਹੀਂ, ਬਲਕਿ ਡਾਇਬਟੀਜ਼ ਜਾਂ ਹਾਈ ਕੋਲੇਸਟ੍ਰੋਲ ਵਰਗੀਆਂ ਸੰਬੰਧਿਤ ਬਿਮਾਰੀਆਂ 'ਤੇ ਵੀ ਧਿਆਨ ਦਿੰਦੇ ਹਨ। ਜੀਵਨਸ਼ੈਲੀ ਵੀ ਮਹੱਤਵਪੂਰਨ ਹੈ। ਜੇ ਮਰੀਜ਼ ਦਾ ਖਾਣ-ਪੀਣ ਸਿਹਤਮੰਦ ਨਹੀਂ ਹੈ, ਤਾਂ ਸਿਰਫ਼ ਦਵਾਈ ਕਾਫ਼ੀ ਨਹੀਂ ਹੋ ਸਕਦੀ।
ਅਕਸਰ ਮਰੀਜ਼ ਜਲਦੀ ਹੱਲ ਦੀ ਉਮੀਦ ਨਾਲ ਆਉਂਦੇ ਹਨ। ਬਕਸ਼ੀ ਕਹਿੰਦੇ ਹਨ, "ਲੋਕ 3 ਮਹੀਨੇ ਵਿੱਚ 10 ਕਿਲੋ ਵਜ਼ਨ ਘਟਾਉਣ ਦੀ ਮੰਗ ਨਾਲ ਆਉਂਦੇ ਹਨ।"
ਤੇਜ਼ੀ ਨਾਲ ਵਜ਼ਨ ਘਟਾਉਣ ਦੇ ਨੁਕਸਾਨ ਵੀ ਹੋ ਸਕਦੇ ਹਨ। ਬਹੁਤ ਜਲਦੀ ਵਜ਼ਨ ਘਟਣ 'ਤੇ ਚਿਹਰੇ, ਗਰਦਨ, ਬਾਹਾਂ ਅਤੇ ਪੱਟਾਂ ਤੋਂ ਚਰਬੀ ਘਟ ਸਕਦੀ ਹੈ, ਜਿਸ ਨਾਲ ਵਿਅਕਤੀ ਕਮਜ਼ੋਰ ਦਿਖ ਸਕਦਾ ਹੈ।
ਬਕਸ਼ੀ ਦੇ ਮੁਤਾਬਕ, "ਹੌਲੀ-ਹੌਲੀ ਵਜ਼ਨ ਘਟਾਉਣਾ, ਦਵਾਈ ਦੀ ਖੁਰਾਕ ਨੂੰ ਹੋਲੀ ਵਧਾਉਣਾ ਅਤੇ ਪ੍ਰੋਟੀਨ, ਕਸਰਤ ਅਤੇ ਸਟ੍ਰੈਂਥ ਟ੍ਰੇਨਿੰਗ 'ਤੇ ਧਿਆਨ ਦੇਣਾ ਬਿਹਤਰ ਨਤੀਜਿਆਂ ਲਈ ਜ਼ਰੂਰੀ ਹੈ।"
ਇੱਕ ਹੋਰ ਚੁਣੌਤੀ ਇਹ ਹੈ ਕਿ ਦਵਾਈ ਬੰਦ ਕਰਨ ਤੋਂ ਬਾਅਦ ਵਜ਼ਨ ਅਕਸਰ ਫਿਰ ਵਧ ਜਾਂਦਾ ਹੈ। ਸਰੀਰ ਚਰਬੀ ਘਟਣ ਦਾ ਵਿਰੋਧ ਕਰਦਾ ਹੈ, ਜਿਸ ਨਾਲ ਭੁੱਖ ਤੇਜ਼ੀ ਨਾਲ ਵਾਪਸ ਆ ਸਕਦੀ ਹੈ।
ਬਕਸ਼ੀ ਕਹਿੰਦੇ ਹਨ, "ਜੇ ਤੁਸੀਂ ਦਵਾਈ ਬੰਦ ਕਰਦੇ ਹੋ, ਤਾਂ ਭੁੱਖ ਬਹੁਤ ਤੇਜ਼ੀ ਨਾਲ ਵਾਪਸ ਆਉਂਦੀ ਹੈ।"
ਕੀਮਤਾਂ ਘਟਣ ਨਾਲ ਦੁਰਵਰਤੋਂ ਨੂੰ ਲੈ ਕੇ ਵੀ ਚਿੰਤਾਵਾਂ ਸਾਹਮਣੇ ਆ ਰਹੀਆਂ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਕਈ ਮਾਮਲਿਆਂ ਵਿੱਚ ਜਿਮ ਟ੍ਰੇਨਰ, ਬਿਊਟੀ ਕਲੀਨਿਕ ਜਾਂ ਡਾਇਟੀਸ਼ੀਅਨ, ਜਿਨ੍ਹਾਂ ਕੋਲ ਅਜਿਹਾ ਕਰਨ ਦਾ ਅਧਿਕਾਰ ਨਹੀਂ ਹੈ, ਮਰੀਜ਼ਾਂ ਨੂੰ ਜ਼ਿਆਦਾ ਖੁਰਾਕ ਲਿਖ ਰਹੇ ਹਨ।
ਆਨਲਾਈਨ ਫਾਰਮੇਸੀ ਵੀ ਕਦੇ-ਕਦੇ ਸਤਹੀ ਸਲਾਹ ਮਗਰੋਂ ਇਹ ਦਵਾਈਆਂ ਦੇ ਦਿੰਦੀ ਹਨ। ਬਿਊਟੀ ਐਕਸਪਰਟ ਪਹਿਲਾਂ ਹੀ ਵਿਆਹ ਜਾਂ ਸਮਾਜਿਕ ਪ੍ਰੋਗਰਾਮਾਂ ਲਈ ਤੇਜ਼ ਵਜ਼ਨ ਘਟਾਉਣ ਵਾਲੇ "ਪੈਕੇਜ" ਦਾ ਪ੍ਰਚਾਰ ਕਰ ਰਹੇ ਹਨ।
ਜਿਵੇਂ-ਜਿਵੇਂ ਸਸਤੀਆਂ ਜੈਨਰਿਕ ਦਵਾਈਆਂ ਵੱਧ ਉਪਲਬਧ ਹੋਣਗੀਆਂ, ਅਜਿਹੇ ਮਾਮਲਿਆਂ ਦੇ ਵਧਣ ਦੀ ਆਸ਼ੰਕਾ ਹੈ।
ਮੁੰਬਈ ਦੇ ਚੈਸਟ ਫਿਜ਼ੀਸ਼ੀਅਨ ਭੌਮਿਕ ਕਾਮਦਾਰ ਕਹਿੰਦੇ ਹਨ, "ਸਸਤੀਆਂ ਦਵਾਈਆਂ ਦੀ ਵੱਧ ਉਪਲਬਧਤਾ ਦਾ ਮਤਲਬ ਦੁਰਵਰਤੋਂ ਦੀ ਸੰਭਾਵਨਾ ਵੀ ਵੱਧ ਹੈ। ਉਪਲਬਧਤਾ ਦੇ ਨਾਲ ਜ਼ਿੰਮੇਵਾਰੀ ਅਤੇ ਸਖ਼ਤ ਨਿਯਮਾਂ ਦੀ ਲੋੜ ਹੁੰਦੀ ਹੈ।"
ਇਹ ਚੇਤਾਵਨੀ ਲਕੜਵਾਲਾ ਦੀ ਨਿਰਮਾਣ ਗੁਣਵੱਤਾ ਨੂੰ ਲੈ ਕੇ ਚਿੰਤਾ ਨਾਲ ਵੀ ਮਿਲਦੀ ਹੈ।
ਉਹ ਕਹਿੰਦੇ ਹਨ, "ਇਹ ਦਵਾਈਆਂ ਕਾਫ਼ੀ ਫ਼ਾਇਦਾਮੰਦ ਹਨ। ਅਸੀਂ ਨਹੀਂ ਚਾਹੁੰਦੇ ਕਿ ਖ਼ਰਾਬ ਗੁਣਵੱਤਾ ਦੀਆਂ ਦਵਾਈਆਂ ਤੋਂ ਸਾਈਡ ਇਫੈਕਟ ਹੋਣ ਅਤੇ ਇਸ ਨਾਲ ਖੁਦ ਇਸ ਦਵਾਈ ਦਾ ਅਕਸ ਖ਼ਰਾਬ ਹੋਵੇ।"
ਸਰਕਾਰ ਵੀ ਇਸ ਵੱਧਦੇ ਪ੍ਰਚਾਰ ਨੂੰ ਕੰਟ੍ਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਹਫ਼ਤੇ ਜਾਰੀ ਇੱਕ ਸਲਾਹ ਵਿੱਚ ਭਾਰਤ ਦੇ ਡਰੱਗ ਰੈਗੂਲੇਟਰ ਨੇ ਫਾਰਮਾਸਿਊਟਿਕਲ ਕੰਪਨੀਆਂ ਨੂੰ ਜੀਐੱਲਪੀ-1 ਵਰਗੀਆਂ ਪ੍ਰਿਸਕ੍ਰਿਪਸ਼ਨ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਦਾ ਸਿੱਧਾ ਉਪਭੋਗਤਾਵਾਂ ਵਿੱਚ ਪ੍ਰਚਾਰ ਕਰਨ ਤੋਂ ਸਾਵਧਾਨ ਕੀਤਾ।
ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਇਸ਼ਤਿਹਾਰਾਂ ਜੋ ਤੇਜ਼ ਨਤੀਜਿਆਂ ਦਾ ਵਾਅਦਾ ਕਰਦੇ ਹਨ ਜਾਂ ਡਾਇਟ ਅਤੇ ਕਸਰਤ ਦੀ ਲੋੜ ਨੂੰ ਘੱਟ ਕਰਕੇ ਦਿਖਾਉਂਦੇ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇਨ੍ਹਾਂ ਦਵਾਈਆਂ ਦਾ ਇਸਤੇਮਾਲ ਸਿਰਫ਼ ਡਾਕਟਰ ਦੀ ਨਿਗਰਾਨੀ ਵਿੱਚ ਹੀ ਕੀਤਾ ਜਾਣਾ ਚਾਹੀਦਾ ਹੈ।
ਰੇਗੂਲੇਟਰਾਂ ਅਤੇ ਡਾਕਟਰਾਂ ਦੋਵਾਂ ਲਈ ਆਉਣ ਵਾਲੇ ਮਹੀਨੇ ਇਹ ਪਰਖਣ ਵਾਲੇ ਹੋ ਸਕਦੇ ਹਨ ਕਿ ਕੀ ਭਾਰਤ ਕਿਫ਼ਾਇਤ ਅਤੇ ਨਿਗਰਾਨੀ ਦੇ ਵਿਚਕਾਰ ਸੰਤੁਲਨ ਬਣਾ ਸਕਦਾ ਹੈ।
ਬਕਸ਼ੀ ਕਹਿੰਦੇ ਹਨ ਕਿ ਉਹ ਵਜ਼ਨ ਘਟਾਉਣ ਦੀ ਦਵਾਈ ਲਿਖਣ ਤੋਂ ਪਹਿਲਾਂ ਮਰੀਜ਼ਾਂ ਨੂੰ ਆਪਣੀ ਜੀਵਨਸ਼ੈਲੀ ਅਤੇ ਖਾਣ-ਪੀਣ ਸੁਧਾਰਣ ਲਈ ਕਹਿੰਦੇ ਹਨ।
ਉਹ ਦੱਸਦੇ ਹਨ ਕਿ ਇਸ ਤੋਂ ਬਾਅਦ ਵੀ ਮਰੀਜ਼ਾਂ ਨੂੰ ਪਹਿਲਾਂ ਡਾਇਟੀਸ਼ੀਅਨ ਦੀ ਮਦਦ ਨਾਲ ਹਾਈ-ਪ੍ਰੋਟੀਨ ਡਾਇਟ 'ਤੇ ਰੱਖਿਆ ਜਾਂਦਾ ਹੈ।
ਮੌਜੂਦਾ ਸਬੂਤ ਦੱਸਦੇ ਹਨ ਕਿ ਇਨ੍ਹਾਂ ਦਵਾਈਆਂ ਨੂੰ ਲੰਬੇ ਸਮੇਂ ਤੱਕ ਲੈਣਾ ਪੈ ਸਕਦਾ ਹੈ। ਪਰ ਕਈ ਮਰੀਜ਼ "ਇੰਸਟਾਗ੍ਰਾਮ ਰੀਲਜ਼ ਦੇਖ ਕੇ ਤੁਰੰਤ ਹੱਲ" ਦੀ ਮੰਗ ਨਾਲ ਆਉਂਦੇ ਹਨ, ਜਿਸ ਨਾਲ ਡਾਕਟਰਾਂ 'ਤੇ ਦਬਾਅ ਬਣਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ