ਸਰੀਰਕ ਸਬੰਧ ਬਣਾਉਣ ਦੀ ਇੱਛਾ ਵਿੱਚ ਕਮੀ ਦੇ ਕੀ ਕਾਰਨ ਹਨ, ਕੀ ਟੈਸਟੋਸਟੀਰੋਨ ਇਸਨੂੰ ਸੁਧਾਰਨ ਵਿੱਚ ਮਦਦ ਕਰ ਸਕਦਾ ਹੈ

ਇੱਕ ਬਿਸਤਰੇ ਵਿੱਚ ਔਰਤ ਅਤੇ ਇੱਕ ਮਰਦ ਇੱਕ ਦੂਜੇ ਵੱਲ ਪਿੱਠ ਕਰਕੇ ਪਏ
ਤਸਵੀਰ ਕੈਪਸ਼ਨ, ਰੀਵਜ਼ ਨੇ ਟੈਸਟੋਸਟੀਰੋਨ ਰਿਪਲੇਸਮੈਂਟ ਥੈਰਪੀ (ਟੀਆਰਟੀ) ਸ਼ੁਰੂ ਕੀਤੀ ਅਤੇ ਦੱਸਦੇ ਹਨ ਕਿ ਇਸ ਨਾਲ ਉਨ੍ਹਾਂ ਦੀ ਸੈਕਸ ਇੱਛਾ ਵਾਪਸ ਆ ਗਈ ਹੈ (ਸੰਕੇਤਕ ਤਸਵੀਰ)
    • ਲੇਖਕ, ਰੂਥ ਕਲੇਗ
    • ਰੋਲ, ਸੀਨੀਅਰ ਹੈਲਥ ਰਿਪੋਰਟਰ
  • ਪੜ੍ਹਨ ਦਾ ਸਮਾਂ: 13 ਮਿੰਟ

1990 ਦੇ ਦਹਾਕੇ ਵਿੱਚ ਐਲਨ ਰੀਵਜ਼ ਲਗਾਤਾਰ ਤੌਰ 'ਤੇ ਸਟੇਜ 'ਤੇ ਪ੍ਰਦਰਸ਼ਨ ਕਰਦੇ ਸਨ ਅਤੇ ਦਿ ਡ੍ਰੀਮਬੁਆਏਜ਼ ਦੇ ਮੈਂਬਰ ਵਜੋਂ ਹਜ਼ਾਰਾਂ ਲੋਕਾਂ ਦੇ ਸਾਹਮਣੇ ਕੱਪੜੇ ਉਤਾਰਦੇ ਸਨ। ਉਹ ਇੰਨੇ ਮਸ਼ਹੂਰ ਸਨ ਕਿ ਆਪਣੇ ਮਰਦ ਡਾਂਸਰਾਂ ਦੇ ਗਰੁੱਪ ਨਾਲ ਮਿਲ ਕੇ ਉਹ ਸਪਾਈਸ ਗਰਲਜ਼ ਦੀ ਫ਼ਿਲਮ ਸਪਾਈਸ ਵਰਲਡ ਵਿੱਚ ਵੀ ਨਜ਼ਰ ਆਏ।

ਉਸ ਵੇਲੇ 24 ਸਾਲਾ ਰੀਵਜ਼, ਆਪਣੇ ਹੀ ਕਹਿਣ ਅਨੁਸਾਰ, ਕਾਫ਼ੀ ਆਕਰਸ਼ਕ ਅਤੇ ਲੋਕਪ੍ਰਿਯ ਮੰਨੇ ਜਾਂਦੇ ਸਨ।

ਪਰ ਜਦੋਂ ਰੀਵਜ਼ ਆਪਣੀ 30ਵਿਆਂ ਦੀ ਉਮਰ ਵਿੱਚ ਪਹੁੰਚੇ, ਉਨ੍ਹਾਂ ਦੀ ਜ਼ਿੰਦਗੀ ਪਹਿਲਾਂ ਨਾਲੋਂ ਕਾਫ਼ੀ ਬਦਲ ਚੁੱਕੀ ਸੀ। ਉਹ ਮਨੋਂ ਉਦਾਸ ਅਤੇ ਉਤਸ਼ਾਹਹੀਣ ਰਹਿਣ ਲੱਗੇ ਸਨ ਅਤੇ ਉਨ੍ਹਾਂ ਦੀ ਸੈਕਸ ਇੱਛਾ (ਲਿਬਿਡੋ) ਲਗਭਗ ਖ਼ਤਮ ਹੋ ਗਈ।

ਉਹ ਕਹਿੰਦੇ ਹਨ, "ਮੈਨੂੰ ਕੁਝ ਚੰਗਾ ਨਹੀਂ ਲੱਗਦਾ ਸੀ।"

ਹੁਣ 52 ਸਾਲ ਦੇ ਰੀਵਜ਼ ਕਹਿੰਦੇ ਹਨ ਕਿ ਉਨ੍ਹਾਂ ਦੀ ਸੈਕਸ ਡਰਾਈਵ ਦੀ ਘਾਟ ਦਾ ਉਨ੍ਹਾਂ ਦੇ ਲੰਬੇ ਸਮੇਂ ਦੇ ਰਿਸ਼ਤੇ 'ਤੇ ਨਕਾਰਾਤਮਕ ਅਸਰ ਪੈਣ ਲੱਗਾ।

ਉਹ ਦੱਸਦੇ ਹਨ, "ਅਸੀਂ ਤਿੰਨ-ਚਾਰ ਮਹੀਨੇ ਤੱਕ ਸੈਕਸ ਤੋਂ ਬਿਨਾਂ ਰਹਿੰਦੇ ਸੀ। ਮੈਨੂੰ ਕੋਈ ਦਿਲਚਸਪੀ ਨਹੀਂ ਸੀ। ਇਸ ਤਰ੍ਹਾਂ ਦੀ ਗੱਲ ਜੋੜੀਆਂ ਤੋੜ ਵੀ ਸਕਦੀ ਹੈ।

ਗੇਰੀ ਹਾਲੀਵੈਲ ਅਤੇ ਐਲਨ ਰੀਵਜ਼ ਸਪਾਈਸ ਗਰਲਸ ਫਿਲਮ ਵਿੱਚ

ਤਸਵੀਰ ਸਰੋਤ, Fragile Films/ Icon Entertainment International/ Polygram Filmed Entertainment

ਤਸਵੀਰ ਕੈਪਸ਼ਨ, ਐਲਨ ਰੀਵਜ਼ ਇੰਨੇ ਮਸ਼ਹੂਰ ਸਨ ਕਿ ਆਪਣੇ ਮਰਦ ਡਾਂਸਰਾਂ ਦੇ ਗਰੁੱਪ ਨਾਲ ਉਹ ਸਪਾਈਸ ਗਰਲਜ਼ ਦੀ ਫ਼ਿਲਮ ਸਪਾਈਸ ਵਰਲਡ ਵਿੱਚ ਵੀ ਨਜ਼ਰ ਆਏ।

ਹੁਣ ਲੰਡਨ ਵਿੱਚ ਫਿਟਨੈਸ ਅਤੇ ਲਾਈਫਸਟਾਈਲ ਕੋਚ ਵਜੋਂ ਕੰਮ ਕਰ ਰਹੇ ਰੀਵਜ਼ ਨੇ ਟੈਸਟੋਸਟੀਰੋਨ ਰਿਪਲੇਸਮੈਂਟ ਥੈਰਪੀ (ਟੀਆਰਟੀ) ਸ਼ੁਰੂ ਕੀਤੀ ਅਤੇ ਦੱਸਦੇ ਹਨ ਕਿ ਇਸ ਨਾਲ ਉਨ੍ਹਾਂ ਦੀ ਸੈਕਸ ਇੱਛਾ ਵਾਪਸ ਆ ਗਈ ਹੈ, ਉਹ "ਇੱਕ ਚਿੜਚਿੜੇ ਬੁੱਢੇ ਆਦਮੀ" ਤੋਂ ਮੁੜ ਆਪਣੇ 20ਵੇਂ ਸਾਲਾਂ ਵਾਂਗ ਮਹਿਸੂਸ ਕਰਨ ਲੱਗੇ ਹਨ। ਉਹ ਕਹਿੰਦੇ ਹਨ ਕਿ ਇਹ ਬਸ "ਲਾਜਵਾਬ ਮਹਿਸੂਸ" ਹੋਇਆ।

ਹੁਣ ਔਰਤਾਂ ਵੀ ਟੈਸਟੋਸਟੀਰੋਨ ਵੱਲ ਆ ਰਹੀਆਂ ਹਨ।

37 ਸਾਲਾ ਮੀਨੋਪੌਜ਼ ਬਲੌਗਰ ਰੇਚਲ ਮੇਸਨ ਕਹਿੰਦੀ ਹੈ ਕਿ ਇਹ ਹਾਰਮੋਨ ਉਨ੍ਹਾਂ ਦੀ ਉਰਜਾ ਦੇ ਪੱਧਰ, ਧਿਆਨ ਅਤੇ ਲਿਬਿਡੋ ਲਈ "ਬੇਹੱਦ ਸ਼ਾਨਦਾਰ" ਸਾਬਤ ਹੋਇਆ ਹੈ।

ਟੈਸਟੋਸਟੀਰੋਨ ਲਈ ਪ੍ਰਿਸਕ੍ਰਿਪਸ਼ਨ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਕਏਰ ਕੁਆਲਿਟੀ ਕਮਿਸ਼ਨ ਵੱਲੋਂ ਤਿਆਰ ਕੀਤੇ ਗਏ ਅਤੇ ਐੱਨਐੱਚਐੱਸ ਬਿਜ਼ਨਸ ਅਥਾਰਿਟੀ ਦੇ ਤਾਜ਼ਾ ਡਾਟਾ ਮੁਤਾਬਕ, 2021 ਤੋਂ 2024 ਦਰਮਿਆਨ ਇਸ ਦੀ ਪ੍ਰਿਸਕ੍ਰਿਪਸ਼ਨ ਵਿੱਚ 135% ਦਾ ਵਾਧਾ ਦਰਜ ਕੀਤਾ ਗਿਆ ਹੈ।

ਇਹ ਵਾਧਾ ਉਸ ਸਮੇਂ ਆ ਰਿਹਾ ਹੈ ਜਦੋਂ ਪੂਰੇ ਯੂਕੇ ਵਿੱਚ ਸੈਕਸ ਡਰਾਈਵ ਘਟਦੀ ਦਿਖਾਈ ਦੇ ਰਹੀ ਹੈ।

ਨੈਸ਼ਨਲ ਸਰਵੇ ਆਫ ਸੈਕਸ਼ੂਅਲ ਐਟੀਟਿਊਡਸ ਐਂਡ ਲਾਈਫਸਟਾਈਲਸ (ਨੈਟਸਲ) ਮੁਤਾਬਕ, ਜੋ ਲਗਭਗ ਹਰ 10 ਸਾਲ 10,000 ਤੋਂ ਵੱਧ ਲੋਕਾਂ ਦਾ ਸਰਵੇ ਕਰਦਾ ਹੈ। ਸਰਵੇਖਣ ਦੇ ਨਵੇਂ ਅੰਕੜੇ ਇਸ ਸਾਲ ਦੇ ਅਖ਼ੀਰ ਵਿੱਚ ਆਉਣ ਦੀ ਉਮੀਦ ਹੈ, ਸੈਕਸ ਦੀ ਬਾਰੰਬਾਰਤਾ (ਫ੍ਰੀਕੁਐਂਸੀ) ਲਗਾਤਾਰ ਘਟਦੀ ਗਈ ਹੈ।

1990 ਵਿੱਚ 16 ਤੋਂ 44 ਸਾਲ ਦੇ ਲੋਕਾਂ ਨੇ ਦੱਸਿਆ ਕਿ ਉਹ ਔਸਤਨ ਮਹੀਨੇ ਵਿੱਚ ਪੰਜ ਵਾਰ ਸੈਕਸ ਕਰਦੇ ਸਨ। 2000 ਤੱਕ ਇਹ ਘਟ ਕੇ ਚਾਰ ਵਾਰ ਰਹਿ ਗਿਆ ਅਤੇ 2010 ਤੱਕ ਤਿੰਨ ਵਾਰ।

ਨਤੀਜਿਆਂ ਦਾ ਅਗਲਾ ਸੈੱਟ ਇਸ ਸਾਲ ਦੇ ਅਖ਼ੀਰ ਵਿੱਚ ਆਉਣ ਵਾਲਾ ਹੈ ਅਤੇ ਖੋਜਕਾਰਾਂ ਨੂੰ ਉਮੀਦ ਹੈ ਕਿ ਇਸ ਦਾ ਡਿੱਗਣਾ ਜਾਰੀ ਰਹੇਗਾ ਹਾਲਾਂਕਿ ਉਹ ਇਸ ਦਾ ਕੋਈ ਇੱਕ ਕਾਰਨ ਨਹੀਂ ਦੱਸਦੇ।

ਇਸ ਦੇ ਨਾਲ ਹੀ ਇੱਕ ਚਰਚਾ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਕੀ ਟੈਸਟੋਸਟੀਰੋਨ ਵਧਾਉਣ ਨਾਲ ਲਿਬਿਡੋ ਵਿੱਚ ਸੁਧਾਰ ਆ ਸਕਦਾ ਹੈ, ਜਾਂ ਇਸ ਬਾਰੇ ਜ਼ਿਆਦਾਤਰ ਧਿਆਨ ਸਿਰਫ਼ ਵਧਾ-ਚੜ੍ਹਾ ਕੇ ਦਿਖਾਇਆ ਗਿਆ ਦਾਅਵਾ, ਨਫ਼ਾ ਅਤੇ ਮਨੋਵਿਗਿਆਨਕ ਅਸਰ ਹੈ?

ਘੱਟਦੀ ਜਾ ਰਹੀ ਸੈਕਸ ਇੱਛਾ

ਐਲਨ ਰੀਵਜ਼ ਦਾ ਘਟਦੀ ਲਿਬਿਡੋ ਦਾ ਤਜਰਬਾ ਉਸ ਰੁਝਾਨ ਦਾ ਸਿਰਫ਼ ਇੱਕ ਉਦਾਹਰਨ ਹੈ ਜਿਸ ਬਾਰੇ ਖੋਜਕਾਰ ਕਹਿੰਦੇ ਹਨ ਕਿ ਇਹ ਵਧਦਾ ਜਾ ਰਿਹਾ ਹੈ।

'ਨੈਟਸਲ' ਦੀ ਅਕਾਦਮਿਕ ਡਾਇਰੈਕਟਰ ਸੋਆਜ਼ਿਗ ਕਲਿਫਟਨ ਕਹਿੰਦੀ ਹੈ, "ਸਾਲਾਂ ਦੌਰਾਨ ਅਸੀਂ ਹਰ ਜਨਸੰਖਿਆ ਸਮੂਹ ਵਿੱਚ ਇਸਦਾ ਘਟਣਾ ਦੇਖਿਆ ਹੈ।"

"ਉਦਾਹਰਨ ਲਈ, 90 ਦੇ ਦਹਾਕੇ ਨਾਲ ਤੁਲਨਾ ਕਰੀਏ ਤਾਂ ਬਿਨਾਂ ਵਿਆਹ ਤੋਂ ਇਕੱਠੇ ਰਹਿਣ ਵਾਲੇ ਜੋੜੇ ਹੁਣ ਘੱਟ ਹਨ, ਜਿਸ ਨਾਲ ਸੈਕਸ ਡਰਾਈਵ ਵਿੱਚ ਗਿਰਾਵਟ ਦੀ ਕੁਝ ਹੱਦ ਤੱਕ ਵਿਆਖਿਆ ਹੋ ਸਕਦੀ ਹੈ, ਪਰ ਜਦੋਂ ਅਸੀਂ ਖ਼ਾਸ ਤੌਰ 'ਤੇ ਉਸ ਸਮੂਹ ਨੂੰ ਵੇਖਿਆ ਤਾਂ ਉੱਥੇ ਵੀ ਗਿਰਾਵਟ ਸੀ।"

ਅਸਲ ਵਿੱਚ ਸੈਕਸ ਦੀ ਬਾਰੰਬਾਰਤਾ ਵਿੱਚ ਸਭ ਤੋਂ ਤੇਜ਼ ਗਿਰਾਵਟ ਵੱਡੀ ਉਮਰ ਦੇ ਵਿਆਹੇ ਹੋਏ ਜਾਂ ਇਕੱਠੇ ਰਹਿਣ ਵਾਲੇ ਜੋੜਿਆਂ ਵਿੱਚ ਦਰਜ ਕੀਤੀ ਗਈ।

ਕਲਿਫਟਨ ਕਹਿੰਦੀ ਹੈ ਕਿ ਪੱਕੇ ਤੌਰ 'ਤੇ ਇਹ ਕਹਿਣਾ ਮੁਸ਼ਕਲ ਹੈ ਕਿ ਸੈਕਸ ਡਰਾਈਵ ਘੱਟ ਹੁੰਦੀ ਕਿਉਂ ਲੱਗ ਰਹੀ ਹੈ।

ਉਹ ਕਹਿੰਦੀ ਹੈ, "ਸਾਡੇ ਕੋਲ ਹੁਣ ਤੱਕ ਕੋਈ ਵੀ ਅਜਿਹਾ ਡਾਟਾ ਨਹੀਂ ਜੋ ਸਾਨੂੰ ਪੂਰੇ ਭਰੋਸੇ ਨਾਲ ਦੱਸ ਸਕੇ ਕਿ ਇੱਕ ਸਮਾਜ ਵਜੋਂ ਅਸੀਂ ਹੁਣ ਪਹਿਲਾਂ ਜਿੰਨਾ ਸੈਕਸ ਕਿਉਂ ਨਹੀਂ ਕਰ ਰਹੇ।"

ਪ੍ਰੋਫੈਸਰ ਜਿਓਫਰੀ ਹੈਕੇਟ ਦਾ ਕੋਟ

ਕਈ ਅਧਿਐਨ ਇਸ ਦਾ ਕਾਰਨ ਸਮਝਣ ਦੀ ਕੋਸ਼ਿਸ਼ ਕਰਦੇ ਹਨ ਅਤੇ ਇਹ ਦਰਸਾਉਂਦੇ ਹਨ ਕਿ ਡਿਜੀਟਲ ਦੁਨੀਆ ਇੱਕ ਵੱਡਾ ਕਾਰਕ ਹੋ ਸਕਦੀ ਹੈ, ਕਿਉਂਕਿ ਇਹ ਸਾਨੂੰ ਆਰਾਮ ਕਰਨ ਤੋਂ ਰੋਕਦੀ ਹੈ ਅਤੇ ਕੀਤੀਆਂ ਜਾ ਸਕਣ ਵਾਲੀਆਂ ਹੋਰ ਚੀਜ਼ਾਂ ਦੇ ਬਦਲ ਪੇਸ਼ ਕਰਦੀ ਹੈ।

ਡਾ. ਬੈਨ ਡੇਵਿਸ ਜੋ ਜੀਪੀ ਅਤੇ ਸੈਕਸ ਥੈਰਾਪਿਸਟ ਹਨ, ਕਹਿੰਦੇ ਹਨ ਕਿ ਸਾਡੇ ਤਣਾਅ ਦੇ ਪੱਧਰ ਵੀ ਆਮ ਤੌਰ 'ਤੇ 30 ਸਾਲ ਪਹਿਲਾਂ ਨਾਲੋਂ ਵੱਧ ਹਨ, ਜੋ ਇੱਕ ਕਾਰਕ ਹੋ ਸਕਦਾ ਹੈ।

ਉਹ ਸਮਝਾਉਂਦੇ ਹਨ, "ਲੋਕਾਂ ਦੀ ਜ਼ਿੰਦਗੀ ਵਿੱਚ ਬਹੁਤ ਕੁਝ ਚੱਲ ਰਿਹਾ ਹੈ। ਟੈਕਨੋਲੋਜੀ ਤਾਂ ਹੈ ਹੀ, ਪਰ ਤਣਾਅ, ਡਿਪ੍ਰੈਸ਼ਨ, ਇਕੱਲੇਪਨ ਵਿੱਚ ਵੀ ਵਾਧਾ ਹੋਇਆ ਹੈ, ਇਹ ਸਾਰੀਆਂ ਚੀਜ਼ਾਂ ਸੈਕਸ ਡਰਾਈਵ ਵਿੱਚ ਕਮੀ ਦਾ ਕਾਰਨ ਬਣਦੀਆਂ ਹਨ।"

ਇੱਕ ਹੋਰ ਸੰਭਾਵਨਾ ਵੀ ਹੈ ਜਿਸ ਨੇ ਆਨਲਾਈਨ ਕਾਫ਼ੀ ਦਿਲਚਸਪੀ ਪੈਦਾ ਕੀਤੀ ਹੈ ਅਤੇ ਜੋ ਇੱਕ ਵੱਡਾ ਕਾਰੋਬਾਰ ਬਣ ਗਿਆ ਹੈ ਕਿ ਟੈਸਟੋਸਟੀਰੋਨ ਦੇ ਘੱਟ ਪੱਧਰ ਸੈਕਸ ਡਰਾਈਵ 'ਤੇ ਅਸਰ ਪਾ ਰਹੇ ਹੋ ਸਕਦੇ ਹਨ।

ਪ੍ਰੋਫੈਸਰ ਜਿਓਫਰੀ ਹੈਕੇਟ, ਇੱਕ ਸਲਾਹਕਾਰ ਯੂਰੋਲੋਜਿਸਟ ਅਤੇ ਬ੍ਰਿਟਿਸ਼ ਸੁਸਾਇਟੀ ਫਾਰ ਸੈਕਸ਼ੂਅਲ ਮੈਡੀਸਨ (ਬੀਐਸਐਸਐਮ) ਦੇ ਮੈਂਬਰ ਹਨ। ਉਹ ਕਹਿੰਦੇ ਹਨ, "ਮਰਦਾਂ ਵਿੱਚ ਟੈਸਟੋਸਟੀਰੋਨ ਦਾ ਪੱਧਰ ਯਕੀਨੀ ਤੌਰ 'ਤੇ ਘਟ ਰਿਹਾ ਹੈ।"

"ਮੋਟਾਪੇ ਵਿੱਚ ਵਾਧਾ, ਟਾਈਪ 2 ਸ਼ੂਗਰ, ਅਤੇ ਸੁਸਤ ਜੀਵਨ ਜਿਉਣ ਵਾਲੇ ਲੋਕਾਂ ਦੀ ਵਧਦੀ ਗਿਣਤੀ — ਇਹ ਸਭ ਟੈਸਟੋਸਟੀਰੋਨ ਦੇ ਪੱਧਰ ਨੂੰ ਘਟਾਉਂਦੇ ਹਨ। ਘਟਦਾ ਟੈਸਟੋਸਟੀਰੋਨ ਪੱਧਰ ਇੱਕ ਕਾਰਨ ਹੋਵੇਗਾ ਕਿ ਸਾਡੀ ਸੈਕਸ ਦੀ ਇੱਛਾ ਕਿਉਂ ਘਟ ਰਹੀ ਹੈ।"

ਪਿਛਲੇ 20 ਸਾਲਾਂ ਵਿੱਚ ਕਈ ਵੱਡੇ ਪੱਧਰ ਦੇ ਅਧਿਐਨ, ਜਿਨ੍ਹਾਂ ਨੇ ਮਰਦਾਂ ਵਿੱਚ ਇਸਦੇ ਪੱਧਰ ਨੂੰ ਮਾਪਿਆ ਹੈ, ਦੱਸਦੇ ਹਨ ਕਿ ਟੈਸਟੋਸਟੀਰੋਨ ਦਾ ਪੱਧਰ ਡਿੱਗਿਆ ਹੈ, ਪਰ ਹੈਕੇਟ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਇਹ ਸਥਿਤੀ ਗੁੰਝਲਦਾਰ ਹੈ — ਟੈਸਟੋਸਟੀਰੋਨ ਘੱਟ ਹੋਣ ਨਾਲ ਕਾਮਵਾਸਨਾ (ਲਿਬਿਡੋ) ਘੱਟ ਹੋਣ ਦੀ ਸੰਭਾਵਨਾ ਜ਼ਰੂਰ ਵਧ ਜਾਂਦੀ ਹੈ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਘੱਟ ਟੈਸਟੋਸਟੀਰੋਨ ਵਾਲੇ ਹਰ ਵਿਅਕਤੀ ਦੀ ਸੈਕਸ ਇੱਛਾ ਘੱਟ ਹੋਵੇਗੀ।

ਇਸ ਪੇਚੀਦਗੀ ਦੇ ਬਾਵਜੂਦ, ਬ੍ਰਿਟੇਨ ਵਿੱਚ ਟਿਊਬ ਸਟੇਸ਼ਨ, ਬੱਸ ਸਟਾਪ ਅਤੇ ਸੋਸ਼ਲ ਮੀਡੀਆ ਫੀਡਸ ਹੁਣ ਅਜਿਹੇ ਇਸ਼ਤਿਹਾਰਾਂ ਨਾਲ ਭਰੇ ਹੋਏ ਹਨ ਜਿਵੇਂ ਕਿ: ਕੀ ਸੈਕਸ ਦੀ ਇੱਛਾ ਘੱਟ ਹੈ? ਦਿਮਾਗੀ ਧੁੰਦਲਾਪਨ? ਥਕਾਵਟ? ਟੈਸਟੋਸਟੀਰੋਨ ਦੀ ਜਾਂਚ ਕਰਵਾਉਣ ਦਾ ਸਮਾਂ! ਕੀ ਤੁਹਾਡੇ ਬੰਦੇ ਦੀ ਚਮਕ ਗੁਆਚ ਗਈ ਹੈ? ਕਾਰਨ, ਉਸਦੇ ਹਾਰਮੋਨ ਹੋ ਸਕਦੇ ਹਨ!

ਤਾਂ, ਕੀ ਟੈਸਟੋਸਟੀਰੋਨ ਰਿਪਲੇਸਮੈਂਟ ਥੈਰੇਪੀ ਸੱਚਮੁੱਚ ਘੱਟ ਕਾਮਵਾਸਨਾ ਲਈ ਇੱਕ ਰਾਮਬਾਣ ਇਲਾਜ ਹੋ ਸਕਦੀ ਹੈ?

ਟੈਸਟੋਸਟੀਰੋਨ ਨੇ 'ਮੈਨੂੰ ਮੇਰੀ ਜ਼ਿੰਦਗੀ ਵਾਪਸ ਦਿੱਤੀ'

ਮੇਲਿਸਾ ਗ੍ਰੀਨ ਲਗਭਗ ਇੱਕ ਸਾਲ ਤੋਂ ਟੈਸਟੋਸਟੀਰੋਨ ਲੈ ਰਹੀ ਹੈ। ਉਹ ਕਹਿੰਦੀ ਹੈ ਕਿ ਇਸ ਨੇ ਨਾ ਸਿਰਫ਼ ਉਸ ਨੂੰ "ਜੀਵਨ ਦਾ ਉਤਸ਼ਾਹ" ਵਾਪਸ ਦਿੱਤਾ - ਸਗੋਂ ਉਸਦਾ ਵਿਆਹ ਵੀ ਬਚਾ ਲਿਆ।

43 ਸਾਲਾ ਮੇਲਿਸਾ ਦਾ ਕਹਿਣਾ ਹੈ ਕਿ ਉਸਦੀ ਘੱਟ ਸੈਕਸ ਇੱਛਾ ਦਾ ਉਹਨਾਂ ਦੇ ਰਿਸ਼ਤੇ 'ਤੇ ਬਹੁਤ ਵੱਡਾ ਪ੍ਰਭਾਵ ਪੈ ਰਿਹਾ ਸੀ।

ਪੈਰੀਮੈਨੋਪੌਜ਼ਲ (ਮਾਹਵਾਰੀ ਬੰਦ ਹੋਣ ਦੇ ਨੇੜੇ ਦਾ ਪੜਾਅ) ਹੋਣ ਕਰਕੇ, ਉਸਦੇ ਜੀਪੀ (ਡਾਕਟਰ) ਨੇ ਉਸਨੂੰ ਹਾਰਮੋਨ ਰਿਪਲੇਸਮੈਂਟ ਥੈਰੇਪੀ (ਐਚਆਰਟੀ) ਰਾਹੀਂ ਪਹਿਲਾਂ ਹੀ ਐਸਟ੍ਰੋਜਨ ਅਤੇ ਪ੍ਰੋਜੈਸਟਰੋਨ ਦਿੱਤਾ ਹੋਇਆ ਸੀ, ਪਰ ਗ੍ਰੀਨ ਕਹਿੰਦੀ ਹੈ ਕਿ ਡਾਕਟਰ ਨੇ ਇਹ ਕਹਿੰਦੇ ਹੋਏ ਕਿ ਉਸਨੂੰ ਉਸ ਵਾਧੂ ਹਾਰਮੋਨ ਦੀ ਲੋੜ ਨਹੀਂ ਸੀ, ਉਸਦਾ ਟੈਸਟੋਸਟੀਰੋਨ ਪੱਧਰ ਚੈੱਕ ਹੀ ਨਹੀਂ ਕੀਤਾ।

ਐਨਐਚਐਸ ਦਾ ਕਹਿਣਾ ਹੈ ਕਿ ਉਹ 'ਨੈਸ਼ਨਲ ਇੰਸਟੀਚਿਊਟ ਆਫ ਕੇਅਰ ਐਕਸੀਲੈਂਸ' ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਾ ਹੈ, ਜੋ ਇਹ ਦੱਸਦੇ ਹਨ ਕਿ ਔਰਤਾਂ ਲਈ ਟੈਸਟੋਸਟੀਰੋਨ ਬਾਰੇ ਵਿਚਾਰ ਸਿਰਫ਼ ਉਦੋਂ ਹੀ ਕੀਤਾ ਜਾਣਾ ਚਾਹੀਦਾ ਹੈ ਜਦੋਂ ਉਹ ਐਚਆਰਟੀ ਦਾ ਇੱਕ ਟਰਾਇਲ ਕਰ ਚੁੱਕੀਆਂ ਹੋਣ ਅਤੇ ਘੱਟ ਜਿਨਸੀ ਇੱਛਾ ਦੇ ਪਿੱਛੇ ਹੋਰ ਸਾਰੇ ਸੰਭਾਵੀ ਕਾਰਨਾਂ ਨੂੰ ਰੱਦ ਕਰ ਦਿੱਤਾ ਗਿਆ ਹੋਵੇ। ਉਨ੍ਹਾਂ ਨੇ ਅੱਗੇ ਕਿਹਾ ਕਿ ਜਿਨ੍ਹਾਂ ਨੂੰ ਕੋਈ ਚਿੰਤਾ ਹੈ, ਉਨ੍ਹਾਂ ਨੂੰ ਆਪਣੇ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ।

ਅਖੀਰ ਵਿੱਚ, ਗ੍ਰੀਨ ਇੱਕ ਨਿੱਜੀ ਕਲੀਨਿਕ ਵਿੱਚ ਗਈ, ਖੂਨ ਦੀ ਜਾਂਚ ਕਰਵਾਈ, ਅਤੇ ਉਸਨੂੰ ਦੱਸਿਆ ਗਿਆ ਕਿ ਉਸਦਾ ਪੱਧਰ ਘੱਟ ਸੀ। ਆਪਣੀ ਰਿਪੋਰਟ ਵਾਪਸ ਆਪਣੇ ਜੀਪੀ ਕੋਲ ਲਿਜਾਣ ਤੋਂ ਬਾਅਦ, ਉਹ ਹੁਣ ਐਨਐਚਐੱਸ ਰਾਹੀਂ ਕੁਝ ਟੈਸਟੋਸਟੀਰੋਨ ਅਤੇ ਇੱਕ ਨਿੱਜੀ ਨੁਸਖ਼ੇ ਰਾਹੀਂ ਥੋੜ੍ਹੀ ਵਾਧੂ ਮਾਤਰਾ ਲੈ ਰਹੀ ਹੈ।

ਉਹ ਕਹਿੰਦੀ ਹੈ, "ਇਸਨੇ ਮੈਨੂੰ ਮੇਰੀ ਜ਼ਿੰਦਗੀ ਵਾਪਸ ਦੇ ਦਿੱਤੀ ਹੈ। ਕੁਝ ਤਰੀਕਿਆਂ ਨਾਲ, ਮੈਨੂੰ ਲੱਗਦਾ ਹੈ ਕਿ ਮੈਂ ਫਿਰ ਤੋਂ ਆਪਣੇ 20ਵਿਆਂ ਦੇ ਸਾਲਾਂ ਵਿੱਚ ਹਾਂ। ਮੇਰੇ ਵਿੱਚ ਵਧੇਰੇ ਊਰਜਾ ਹੈ, ਮੈਂ ਵਧੇਰੇ ਚੁਸਤ ਮਹਿਸੂਸ ਕਰਦੀ ਹਾਂ, ਅਤੇ ਮੇਰੀ ਸੈਕਸ ਇੱਛਾ ਵਾਪਸ ਆ ਗਈ ਹੈ।"

ਮੈਲਿਸਾ ਗ੍ਰੀਨ (ਸੱਜੇ) ਅਤੇ ਉਸਦਾ ਪਤਾ ਮਾਰਕੁਸ (ਖੱਬੇ)

ਤਸਵੀਰ ਸਰੋਤ, Melissa Green

ਤਸਵੀਰ ਕੈਪਸ਼ਨ, ਮੈਲਿਸਾ ਗ੍ਰੀਨ ਅਤੇ ਉਸਦਾ ਪਤੀ, ਮਾਰਕੁਸ

ਜਦੋਂ ਕਿ ਕੁਝ ਲੋਕ ਕਾਮਵਾਸਨਾ 'ਤੇ ਟੈਸਟੋਸਟੀਰੋਨ ਦੇ ਪ੍ਰਭਾਵ ਬਾਰੇ ਬਹੁਤ ਉਤਸ਼ਾਹਿਤ ਹਨ, ਦੂਸਰੇ ਕਹਿੰਦੇ ਹਨ ਕਿ ਇਸਦੇ ਕੁਝ ਮਾੜੇ ਪ੍ਰਭਾਵ ਵੀ ਪਏ ਹਨ।

ਸ਼ੈਰਲ ਓ'ਮੈਲੀ ਇੱਕ ਸਾਲ ਤੱਕ ਟੈਸਟੋਸਟੀਰੋਨ ਲੈਂਦੀ ਰਹੀ ਸੀ। ਉਹ ਕਹਿੰਦੀ ਹੈ ਕਿ ਹਾਲਾਂਕਿ ਇਸਨੇ ਮੀਨੋਪੌਜ਼ ਦੌਰਾਨ ਗੁਆਚੀ ਹੋਈ ਊਰਜਾ ਨੂੰ ਵਾਪਸ ਲਿਆਉਣ ਵਿੱਚ ਮਦਦ ਕੀਤੀ ਹੋ ਸਕਦੀ ਹੈ, ਪਰ ਇਸਨੇ ਉਸਦੀ ਸੈਕਸ ਇੱਛਾ ਨੂੰ ਬਹੁਤ ਜ਼ਿਆਦਾ ਵਧਾ ਦਿੱਤਾ ਅਤੇ ਉਸਨੂੰ ਤੇਜ਼ ਗੁੱਸੇ ਦੀ ਭਾਵਨਾ ਵਿੱਚ ਛੱਡ ਦਿੱਤਾ।

"ਮੈਂ ਸੱਚਮੁੱਚ ਬਹੁਤ ਉਤੇਜਿਤ ਸੀ। ਮੈਂ ਆਪਣੇ ਪਤੀ ਨਾਲ ਸੈਕਸ ਕਰਨਾ ਚਾਹੁੰਦੀ ਸੀ, ਪਰ ਉਸੇ ਸਮੇਂ ਮੈਂ ਉਸ ਨਾਲ ਨਫ਼ਰਤ ਕਰਦੀ ਸੀ। ਉਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਸਹੀ ਸਥਿਤੀ ਨਹੀਂ ਹੈ, ਇਹ ਮੈਂ ਨਹੀਂ ਸੀ, ਮੈਂ ਬੇਕਾਬੂ ਮਹਿਸੂਸ ਕਰ ਰਹੀ ਸੀ।"

ਰੇਚਲ ਮੇਸਨ ਦਾ ਕਹਿਣਾ ਹੈ ਕਿ ਜਦੋਂ ਉਹ ਟੈਸਟੋਸਟੀਰੋਨ ਰਿਪਲੇਸਮੈਂਟ ਥੈਰਿਪੀ ਬਾਰੇ ਪੋਸਟ ਕਰਦੀ ਹੈ ਤਾਂ ਉਸਨੂੰ ਪਤਾ ਲੱਗਦਾ ਹੈ ਕਿ "ਬਹੁਤ ਸਾਰੀਆਂ ਔਰਤਾਂ ਟੈਸਟੋਸਟੀਰੋਨ ਸ਼ੁਰੂ ਕਰਨ ਤੋਂ ਬਹੁਤ ਡਰਦੀਆਂ ਹਨ, ਉਹ ਚਿੰਤਾ ਕਰਦੀਆਂ ਹਨ ਕਿ ਉਹ ਮਰਦਾਵੀਆਂ ਬਣ ਜਾਣਗੀਆਂ, ਉਨ੍ਹਾਂ ਦੇ ਚਿਹਰੇ 'ਤੇ ਵਾਲ ਆ ਜਾਣਗੇ, ਜਾਂ ਉਹ ਆਪਣੀ ਪਛਾਣ ਗੁਆ ਦੇਣਗੀਆਂ।"

ਮੇਸਨ ਕਹਿੰਦੀ ਹੈ ਕਿ ਉਸਦੀ ਗੁੱਟ ਦਾ ਇੱਕ ਹਿੱਸਾ ਜਿੱਥੇ ਉਹ ਰੋਜ਼ਾਨਾ ਆਪਣੀ ਟੈਸਟੋਸਟੀਰੋਨ ਜੈੱਲ ਲਗਾਉਂਦੀ ਹੈ, "ਖਾਸ ਤੌਰ 'ਤੇ ਵਾਲਾਂ ਵਾਲਾ" ਹੋ ਗਿਆ ਹੈ ਪਰ ਇਸ ਹਾਰਮੋਨ ਤੋਂ ਮਿਲਣ ਵਾਲੇ ਫਾਇਦੇ ਇਸਦੇ ਮੁਕਾਬਲੇ ਕਿਤੇ ਜ਼ਿਆਦਾ ਹਨ।

ਰੇਚਲ ਮੇਸਨ

ਤਸਵੀਰ ਸਰੋਤ, Rachel Mason @raysecommunity

ਤਸਵੀਰ ਕੈਪਸ਼ਨ, ਰੇਚਲ ਮੇਸਨ ਕਹਿੰਦੀ ਹੈ ਕਿ ਟੈਸਟੋਸਟੀਰੋਨ ਉਸ ਲਈ "ਸ਼ਾਨਦਾਰ" ਰਿਹਾ ਹੈ

ਸਰੀਰ ਦੇ ਵਧੇ ਹੋਏ ਵਾਲਾਂ ਦੇ ਨਾਲ, ਟੈਸਟੋਸਟੀਰੋਨ ਰਿਪਲੇਸਮੈਂਟ ਥੈਰਿਪੀ ਦੇ ਕਈ ਹੋਰ ਮਾੜੇ ਪ੍ਰਭਾਵ ਹੋ ਸਕਦੇ ਹਨ। ਔਰਤਾਂ ਲਈ, ਸਭ ਤੋਂ ਆਮ ਪ੍ਰਭਾਵ ਵਾਲਾਂ ਦਾ ਜ਼ਿਆਦਾ ਵਾਧਾ, ਮੁਹਾਸੇ ਅਤੇ ਭਾਰ ਵਧਣਾ ਹਨ, ਜੋ ਆਮ ਤੌਰ 'ਤੇ ਖੁਰਾਕ ਘਟਾਉਣ ਜਾਂ ਬੰਦ ਕਰਨ ਨਾਲ ਠੀਕ ਹੋ ਜਾਂਦੇ ਹਨ।

ਟੈਸਟੋਸਟੀਰੋਨ ਰਿਪਲੇਸਮੈਂਟ ਨਾਲ ਗੰਜਾਪਨ (ਐਲੋਪੀਸ਼ੀਆ) ਅਤੇ ਆਵਾਜ਼ ਦਾ ਭਾਰੀ ਹੋਣਾ ਬਹੁਤ ਘੱਟ ਹੁੰਦਾ ਹੈ।

ਮਰਦਾਂ ਲਈ, ਇਹ ਭਾਰ ਵਧਣਾ, ਦਰਦਨਾਕ ਅਤੇ ਲੰਬੇ ਸਮੇਂ ਤੱਕ ਲਿੰਗ ਦਾ ਉਤੇਜਿਤ ਰਹਿਣਾ, ਗੰਜਾਪਨ ਅਤੇ ਮੂਡ ਵਿੱਚ ਬਦਲਾਅ ਵਰਗੇ ਮਾੜੇ ਪ੍ਰਭਾਵ ਪੈਦਾ ਕਰ ਸਕਦਾ ਹੈ। ਇਹ ਸ਼ੁਕ੍ਰਾਣੂਆਂ ਦੇ ਉਤਪਾਦਨ ਨੂੰ ਵੀ ਘਟਾ ਸਕਦਾ ਹੈ ਜੋ ਪ੍ਰਜਨਨ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਜਿਹੇ ਇਲਾਜ ਹਨ ਜੋ ਮਦਦ ਕਰ ਸਕਦੇ ਹਨ, ਪਰ ਡਾਕਟਰੀ ਸਲਾਹ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

'ਇਹ ਕਮਾਈ ਦਾ ਇੱਕ ਸਾਧਨ ਹੈ'

ਐਨਐਚਐਸ ਦੇ ਕੁਝ ਡਾਕਟਰਾਂ ਅਤੇ ਸਲਾਹਕਾਰਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਨਿੱਜੀ ਕਲੀਨਿਕ ਇੱਕ ਗੁੰਝਲਦਾਰ ਸਮੱਸਿਆ ਦੇ ਤੁਰੰਤ ਹੱਲ ਵਜੋਂ ਟੈਸਟੋਸਟੀਰੋਨ ਰਿਪਲੇਸਮੈਂਟ ਥੈਰਿਪੀ ਨੂੰ ਵੇਚ ਕੇ ਮੁਨਾਫਾਖੋਰੀ ਕਰ ਰਹੇ ਹਨ।

ਡਾ: ਪੌਲਾ ਬ੍ਰਿਗਸ, ਜਿਨਸੀ ਅਤੇ ਪ੍ਰਜਨਨ ਸਿਹਤ ਵਿੱਚ ਇੱਕ ਐਨਐਚਐਸ ਸਲਾਹਕਾਰ ਹਨ, ਇਸਨੂੰ ਇੱਕ ਅਜਿਹੇ ਰਸਤੇ ਵਜੋਂ ਬਿਆਨ ਕਰਦੀ ਹੈ ਜਿੱਥੇ ਲੋਕ ਉਸ ਚੀਜ਼ ਲਈ ਬਹੁਤ ਸਾਰਾ ਪੈਸਾ ਦੇ ਦਿੰਦੇ ਹਨ ਜਿਸਦੀ ਉਨ੍ਹਾਂ ਨੂੰ ਲੋੜ ਨਹੀਂ ਹੁੰਦੀ।

ਉਹ ਕਹਿੰਦੀ ਹੈ, "ਇਹ ਕਾਬੂ ਤੋਂ ਬਾਹਰ ਹੈ। ਵੈਲਬੀਇੰਗ ਇੰਡਸਟਰੀ ਨੇ ਮਾਰਕੀਟ ਵਿੱਚ ਇਹ ਖੱਪਾ ਪੈਦਾ ਕੀਤਾ ਹੈ ਜਿਸਦੀ ਉਹ ਆਪਣੇ ਫਾਇਦੇ ਲਈ ਵਰਤੋਂ ਕਰ ਰਹੇ ਹਨ। ਇਹ ਸ਼ੋਸ਼ਣ ਕਰਨ ਵਾਲਾ ਹੈ।"

ਹਾਲਾਂਕਿ, ਨਿੱਜੀ ਕਲੀਨਿਕਾਂ ਦਾ ਕਹਿਣਾ ਹੈ ਕਿ ਉਹ ਇੱਕ ਅਜਿਹੀ ਸੇਵਾ ਦੀ ਪੇਸ਼ਕਸ਼ ਕਰਕੇ ਲੋਕਾਂ ਦੇ ਜੀਵਨ ਵਿੱਚ ਸੁਧਾਰ ਕਰ ਰਹੇ ਹਨ ਜੋ ਐਨਐਚਐਸ ਨਹੀਂ ਦੇ ਸਕਿਆ ਹੈ।

ਮਰਦਾਂ ਦੀ ਸਿਹਤ ਦੇ ਸਪੈਸ਼ਲਿਸਟ ਇੱਕ ਵੱਡੇ ਕਲੀਨਿਕ 'ਵੌਏ' ਦੇ ਮੈਡੀਕਲ ਨਿਰਦੇਸ਼ਕ ਜੈਫ ਫੋਸਟਰ ਕਹਿੰਦੇ ਹਨ ਕਿ ਨਿੱਜੀ ਖੇਤਰ ਦੇਖਭਾਲ ਵਿੱਚ ਆਈ ਕਮੀ ਨੂੰ ਪੂਰਾ ਕਰ ਰਿਹਾ ਹੈ।

"ਇਸ ਸਮੇਂ, ਐਨਐਚਐਸ ਉਨ੍ਹਾਂ ਹਜ਼ਾਰਾਂ ਮਰਦਾਂ ਦੀ ਜਾਂਚ ਜਾਂ ਇਲਾਜ ਕਰਨ ਲਈ ਤਿਆਰ ਨਹੀਂ ਹੈ ਜਿਨ੍ਹਾਂ ਦਾ ਸ਼ਾਇਦ ਟੈਸਟੋਸਟੀਰੋਨ ਘੱਟ ਹੋਵੇ।"

ਮਾਈਕਲ ਕੋਕਸਿਸ 2016 ਤੋਂ ਆਪਣੀ ਕੰਪਨੀ 'ਬੈਲੇਂਸ ਮਾਈ ਹਾਰਮੋਨਸ' ਰਾਹੀਂ ਟੈਸਟੋਸਟੀਰੋਨ ਰਿਪਲੇਸਮੈਂਟ ਥੈਰਿਪੀ ਦੀ ਪੇਸ਼ਕਸ਼ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਪਿਛਲੇ ਕੁਝ ਸਾਲਾਂ ਵਿੱਚ ਮੰਗ ਬਹੁਤ ਜ਼ਿਆਦਾ ਵਧੀ ਹੈ।

ਕੋਕਸਿਸ ਦਾ ਕਹਿਣਾ ਹੈ ਕਿ ਉਸਦੇ ਕੁਝ ਮਰੀਜ਼ਾਂ ਨੇ ਟੈਸਟੋਸਟੀਰੋਨ ਰਿਪਲੇਸਮੈਂਟ ਥੈਰਿਪੀ ਰਾਹੀਂ ਜਾਂਚ ਕਰਵਾਈ ਸੀ, ਅਤੇ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦਾ ਟੈਸਟੋਸਟੀਰੋਨ ਪੱਧਰ ਘੱਟ ਨਹੀਂ ਹੈ, ਇਸ ਲਈ ਉਨ੍ਹਾਂ ਨੇ ਨਿੱਜੀ ਇਲਾਜ ਕਰਵਾਉਣ ਦਾ ਫੈਸਲਾ ਕੀਤਾ।

"ਸਿਰਫ਼ ਇਸ ਲਈ ਕਿ ਉਹਨਾਂ ਦੇ ਟੈਸਟੋਸਟੀਰੋਨ ਦਾ ਪੱਧਰ NHS ਦੁਆਰਾ ਨਿਰਧਾਰਤ ਸੀਮਾ ਤੋਂ ਥੋੜ੍ਹਾ ਉੱਪਰ ਹੋ ਸਕਦਾ ਹੈ, ਇਸਦਾ ਮਤਲਬ ਇਹ ਨਹੀਂ ਹੈ ਕਿ ਟੈਸਟੋਸਟੀਰੋਨ ਰਿਪਲੇਸਮੈਂਟ ਥੈਰਿਪੀ ਉਨ੍ਹਾਂ ਦੀ ਮਦਦ ਨਹੀਂ ਕਰ ਸਕਦੀ। ਇਹ ਸਿਰਫ਼ ਹਾਂ ਜਾਂ ਨਾਂਹ ਦੀ ਗੱਲ ਨਹੀਂ ਹੈ, ਇਹ ਉਸ ਤੋਂ ਵੱਧ ਸੂਖਮ ਹੈ।"

ਲੰਡਨ ਦੇ ਲਿਵਰਪੂਲ ਸਟ੍ਰੀਟ ਅੰਡਰਗਰਾਊਂਡ ਸਟੇਸ਼ਨ 'ਤੇ ਮਰਦਾਂ ਵਿੱਚ ਟੈਸਟੋਸਟੀਰੋਨ ਦੇ ਘੱਟ ਪੱਧਰ ਦੀ ਜਾਂਚ ਲਈ ਘਰ ਬੈਠੇ ਕੀਤੇ ਜਾਣ ਵਾਲੇ ਟੈਸਟ ਦਾ ਇੱਕ ਇਸ਼ਤਿਹਾਰ ਲੱਗਿਆ ਹੋਇਆ ਹੈ।

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਮਰਦਾਂ ਦੀ ਸਿਹਤ ਦੇ ਸਪੈਸ਼ਲਿਸਟ ਇੱਕ ਵੱਡੇ ਕਲੀਨਿਕ 'ਵੌਏ' ਦੇ ਮੈਡੀਕਲ ਨਿਰਦੇਸ਼ਕ ਜੈਫ ਫੋਸਟਰ ਕਹਿੰਦੇ ਹਨ ਕਿ ਨਿੱਜੀ ਖੇਤਰ ਦੇਖਭਾਲ ਵਿੱਚ ਆਈ ਕਮੀ ਨੂੰ ਪੂਰਾ ਕਰ ਰਿਹਾ ਹੈ।

ਮਰਦਾਂ ਲਈ, ਟੈਸਟੋਸਟੀਰੋਨ 30 ਤੋਂ 40 ਸਾਲ ਦੀ ਉਮਰ ਤੋਂ ਲਗਭਗ 1% ਘਟਣਾ ਸ਼ੁਰੂ ਹੋ ਜਾਂਦਾ ਹੈ। ਐਨਐਚਐਸ ਦੀ ਸਲਾਹ ਅਨੁਸਾਰ ਇਹ ਬੁਢਾਪੇ ਦਾ ਇੱਕ ਆਮ ਹਿੱਸਾ ਹੈ ਅਤੇ ਇਸ ਨਾਲ ਕਾਮਵਾਸਨਾ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।

ਐਲਨ ਰੀਵਜ਼ ਨੇ ਸ਼ੁਰੂ ਵਿੱਚ ਐਨਐਚਐਸ ਤੋਂ ਟੈਸਟੋਸਟੀਰੋਨ ਰਿਪਲੇਸਮੈਂਟ ਥੈਰਿਪੀ ਪ੍ਰਾਪਤ ਕੀਤੀ ਸੀ। ਦੋ ਟੈਸਟਾਂ ਵਿੱਚ 10nmol/L ਅਤੇ 12nmol/L ਦਾ ਪੱਧਰ ਦਿਖਾਇਆ ਗਿਆ ਸੀ, ਅਤੇ ਉਸਨੂੰ ਤਿੰਨ ਹਫ਼ਤਿਆਂ ਦੇ ਅੰਤਰਾਲ 'ਤੇ ਚਾਰ ਟੀਕਿਆਂ ਦਾ ਕੋਰਸ ਦਿੱਤਾ ਗਿਆ ਸੀ। ਪਰ ਉਸਦੇ ਚੌਥੇ ਇਲਾਜ ਤੋਂ ਬਾਅਦ, ਰੀਵਜ਼ ਨੂੰ "ਬਿਨਾਂ ਕਿਸੇ ਖਾਸ ਵਿਆਖਿਆ ਜਾਂ ਕਾਰਨ ਦੇ" ਦੱਸਿਆ ਗਿਆ ਕਿ ਇਹ ਹੁਣ ਜਾਰੀ ਨਹੀਂ ਰਹਿ ਸਕਦਾ।

"ਮੈਂ ਫਿਰ ਉਥੇ ਹੀ ਆ ਗਿਆ ਜਿੱਥੋਂ ਸ਼ੁਰੂ ਕੀਤਾ ਸੀ," ਉਹ ਦੱਸਦੇ ਹਨ। "ਉਦੋਂ ਹੀ ਮੈਂ ਪ੍ਰਾਈਵੇਟ ਜਾਣ ਦਾ ਫੈਸਲਾ ਕੀਤਾ।"

ਐਲਨ ਰੀਵਜ਼ ਦੀਆਂ ਦੋ ਤਸਵੀਰਾਂ

ਤਸਵੀਰ ਸਰੋਤ, Alan Reeves @coachalreeves

ਤਸਵੀਰ ਕੈਪਸ਼ਨ, ਐਲਨ ਰੀਵਜ਼ ਹੁਣ ਇੱਕ ਫਿਟਨੈਸ ਅਤੇ ਲਾਈਫਸਟਾਈਲ ਕੋਚ ਹਨ

ਮਰਦਾਂ ਲਈ ਇੱਕ ਸਿਹਤਮੰਦ ਟੈਸਟੋਸਟੀਰੋਨ ਪੱਧਰ ਕੀ ਹੈ? ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਸੰਸਥਾ ਨੂੰ ਪੁੱਛਦੇ ਹੋ ਅਤੇ ਕਿਹੜਾ ਅਧਿਐਨ ਪੜ੍ਹਦੇ ਹੋ।

ਬੀਐਸਬੀਐਮ ਦੇ ਦਿਸ਼ਾ-ਨਿਰਦੇਸ਼, ਜੋ ਕਿ ਪ੍ਰਮੁੱਖ ਅੰਤਰਰਾਸ਼ਟਰੀ ਅਧਿਐਨਾਂ ਤੋਂ ਲਏ ਗਏ ਹਨ, ਸੁਝਾਅ ਦਿੰਦੇ ਹਨ ਕਿ 12nmol/L ਤੋਂ ਘੱਟ ਵਾਲੇ ਮਰਦਾਂ ਨੂੰ ਟੈਸਟੋਸਟੀਰੋਨ ਰਿਪਲੇਸਮੈਂਟ ਥੈਰਿਪੀ ਲਈ ਵਿਚਾਰਿਆ ਜਾਣਾ ਚਾਹੀਦਾ ਹੈ ਅਤੇ ਸੰਭਵ ਤੌਰ 'ਤੇ ਉਹ ਹਾਈਪੋਗੋਨਾਡਿਜ਼ਮ ਦੇ ਲੱਛਣ ਦਿਖਾ ਰਹੇ ਹੋਣਗੇ — ਇੱਕ ਅਜਿਹੀ ਸਥਿਤੀ ਜਿੱਥੇ ਅੰਡਕੋਸ਼ ਇਸ ਮਹੱਤਵਪੂਰਨ ਸੈਕਸ ਹਾਰਮੋਨ ਦਾ ਲੋੜੀਂਦਾ ਉਤਪਾਦਨ ਨਹੀਂ ਕਰ ਰਹੇ ਹੁੰਦੇ।

ਐਨਐਚਐਸ ਮਾਰਗਦਰਸ਼ਨ ਵੱਖ-ਵੱਖ ਟਰੱਸਟਾਂ ਵਿੱਚ ਵੱਖ-ਵੱਖ ਹੁੰਦਾ ਹੈ, ਪਰ ਇਹ ਦੱਸਦਾ ਹੈ ਕਿ 6 ਤੋਂ 8nmol/L ਤੋਂ ਹੇਠਾਂ ਵਾਲੇ ਪੱਧਰ ਦੇ ਮਰਦ ਵਿੱਚ ਟੈਸਟੋਸਟੀਰੋਨ ਦੀ ਘਾਟ ਹੋ ਸਕਦੀ ਹੈ।

ਔਰਤਾਂ ਲਈ, ਟੈਸਟੋਸਟੀਰੋਨ 20 ਤੋਂ 40 ਸਾਲ ਦੀ ਉਮਰ ਦੇ ਵਿਚਕਾਰ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਫਿਰ ਮੀਨੋਪੌਜ਼ ਵਿੱਚ ਜਾਣ 'ਤੇ ਇਹ ਸਥਿਰ ਹੋ ਜਾਂਦਾ ਹੈ। ਪੱਧਰਾਂ ਦਾ ਹੇਠਾਂ ਜਾਣਾ ਆਮ ਗੱਲ ਹੈ, ਪਰ ਸਵਾਲ ਇਹ ਹੈ ਕਿ ਉਸ ਕਮੀ ਦਾ ਸੈਕਸ ਇੱਛਾ ਅਤੇ ਸਮੁੱਚੀ ਤੰਦਰੁਸਤੀ 'ਤੇ ਕਿੰਨਾ ਪ੍ਰਭਾਵ ਪੈਂਦਾ ਹੈ।

ਟੈਸਟ ਉਪਲਬਧ ਹਨ, ਪਰ ਸਹੀ ਰੀਡਿੰਗ ਲੈਣੀ ਮੁਸ਼ਕਲ ਹੈ ਕਿਉਂਕਿ, ਹਾਲਾਂਕਿ ਟੈਸਟੋਸਟੀਰੋਨ ਔਰਤਾਂ ਲਈ ਵੀ ਮਹੱਤਵਪੂਰਨ ਹੈ, ਪਰ ਲੋੜੀਂਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਅਤੇ ਜੇਕਰ ਇਸ ਨੂੰ ਤਜਵੀਜ਼ ਕੀਤਾ ਜਾਂਦਾ ਹੈ, ਤਾਂ ਇਸਨੂੰ "ਆਫ-ਲੇਬਲ" ਵਜੋਂ ਦਿੱਤਾ ਜਾਂਦਾ ਹੈ ਕਿਉਂਕਿ ਫਿਲਹਾਲ ਐਨਐਚਐਸ ਵਿੱਚ ਔਰਤਾਂ ਲਈ ਕੋਈ ਲਾਇਸੰਸਸ਼ੁਦਾ ਇਲਾਜ ਉਪਲਬਧ ਨਹੀਂ ਹੈ।

ਬ੍ਰਿਗਸ ਟੈਸਟੋਸਟੀਰੋਨ ਰਿਪਲੇਸਮੈਂਟ ਥੈਰਿਪੀ ਦੇ ਆਲੇ-ਦੁਆਲੇ ਦੇ ਰੌਲੇ-ਰੱਪੇ ਤੋਂ ਸਾਵਧਾਨ ਹਨ। ਉਹ ਕਹਿੰਦੀ ਹੈ ਕਿ ਉਸਨੇ ਅਜਿਹੇ ਮਰੀਜ਼ਾਂ ਵਿੱਚ ਬਹੁਤ ਵੱਡਾ ਉਛਾਲ ਦੇਖਿਆ ਹੈ ਜੋ ਉਸਨੂੰ ਕਹਿੰਦੇ ਹਨ ਕਿ ਉਹਨਾਂ ਨੂੰ ਟੈਸਟੋਸਟੀਰੋਨ ਦੀ ਲੋੜ ਹੈ ਕਿਉਂਕਿ ਉਹ ਉਦਾਸ ਮਹਿਸੂਸ ਕਰਦੇ ਹਨ ਅਤੇ ਹੁਣ ਸੈਕਸ ਦੇ ਮੂਡ ਵਿੱਚ ਨਹੀਂ ਹੁੰਦੇ।

"ਉਹ ਮੈਨੂੰ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੀ ਰਿਸਰਚ ਕੀਤੀ ਹੈ। ਅਕਸਰ ਇਸਦਾ ਮਤਲਬ ਹੁੰਦਾ ਹੈ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ ਹਾਰਮੋਨ ਦੇ ਕਿਸੇ ਵਿਅਕਤੀ 'ਤੇ ਪਏ ਜੀਵਨ-ਬਦਲਣ ਵਾਲੇ ਅਸਰ ਨੂੰ ਦੇਖਿਆ ਹੈ। ਸਿਰਫ਼ ਇਸ ਲਈ ਕਿ ਇਹ ਕਿਸੇ ਸੇਲਿਬ੍ਰਿਟੀ ਲਈ ਕੰਮ ਕਰਦਾ ਹੈ, ਇਸਦਾ ਮਤਲਬ ਇਹ ਨਹੀਂ ਹੈ ਕਿ ਇਹ ਆਮ ਆਬਾਦੀ ਲਈ ਵੀ ਕੰਮ ਕਰੇਗਾ।"

ਉਹ ਕਹਿੰਦੀ ਹੈ ਕਿ ਉਸਦੇ ਸਥਾਨਕ ਖੇਤਰ, ਚੈਸ਼ਾਇਰ ਅਤੇ ਮਰਸੀਸਾਈਡ ਵਿੱਚ ਡਾਕਟਰ ਕੋਲ ਟੈਸਟੋਸਟੀਰੋਨ ਦੀ ਜਾਂਚ ਲਈ ਕਹਿਣ ਵਾਲੇ ਮਰੀਜ਼ਾਂ ਦੀ ਭੀੜ ਲੱਗੀ ਹੋਈ ਹੈ। ਉਹ ਕਹਿੰਦੀ ਹੈ ਕਿ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੂੰ ਟੈਸਟੋਸਟੀਰੋਨ ਰਿਪਲੇਸਮੈਂਟ ਥੈਰਿਪੀ ਲਿਖ ਦਿੱਤੀ ਜਾਂਦੀ ਹੈ, ਪਰ ਕੁਝ ਮਹੀਨਿਆਂ ਬਾਅਦ ਵਾਪਸ ਆ ਕੇ ਕਹਿੰਦੇ ਹਨ ਕਿ ਇਸਦਾ ਬਹੁਤ ਥੋੜ੍ਹਾ ਅਸਰ ਪਿਆ ਹੈ।

ਉਹ ਕਹਿੰਦੀ ਹੈ ਕਿ ਹਾਲਾਂਕਿ ਇਹ ਕੁਝ ਲੋਕਾਂ ਦੀ ਮਦਦ ਕਰਦਾ ਹੈ, ਪਰ ਉਨ੍ਹਾਂ ਲੋਕਾਂ ਦਾ ਅਨੁਪਾਤ ਜੋ ਕਹਿੰਦੇ ਹਨ ਕਿ ਉਨ੍ਹਾਂ ਨੂੰ ਟੈਸਟੋਸਟੀਰੋਨ ਦੀ ਲੋੜ ਹੈ ਅਤੇ ਜਿਨ੍ਹਾਂ ਨੂੰ ਅਸਲ ਵਿੱਚ ਇਸਦਾ ਫਾਇਦਾ ਹੋਵੇਗਾ, ਬਹੁਤ ਘੱਟ ਹੈ। ਜਿੱਥੋਂ ਤੱਕ ਔਰਤਾਂ ਦਾ ਸਬੰਧ ਹੈ, ਕਲੀਨਿਕਲ ਸਬੂਤ ਸੁਝਾਅ ਦਿੰਦੇ ਹਨ ਕਿ ਟੈਸਟੋਸਟੀਰੋਨ ਰਿਪਲੇਸਮੈਂਟ ਥੈਰਿਪੀ ਸਿਰਫ਼ ਉਨ੍ਹਾਂ ਔਰਤਾਂ ਦੇ ਇਲਾਜ ਲਈ ਪ੍ਰਭਾਵਸ਼ਾਲੀ ਹੈ ਜੋ ਮੀਨੋਪੌਜ਼ ਤੋਂ ਬਾਅਦ ਘੱਟ ਕਾਮਵਾਸਨਾ ਦਾ ਸਾਹਮਣਾ ਕਰ ਰਹੀਆਂ ਹਨ।

ਬ੍ਰਿਗਸ ਦਾ ਕਹਿਣਾ ਹੈ ਕਿ ਨਿੱਜੀ ਕਲੀਨਿਕਾਂ ਦੇ ਇਸ਼ਤਿਹਾਰਾਂ ਨੇ "ਹਰ ਚੀਜ਼ ਨੂੰ ਬਹੁਤ ਵਧਾ-ਚੜ੍ਹਾ ਕੇ ਪੇਸ਼ ਕੀਤਾ ਹੈ।" "ਜਦੋਂ ਲੋੜ ਹੋਵੇ ਮੈਂ ਟੈਸਟੋਸਟੀਰੋਨ ਰਿਪਲੇਸਮੈਂਟ ਥੈਰਿਪੀ ਦੇ ਵਿਰੁੱਧ ਨਹੀਂ ਹਾਂ, ਮੈਂ ਜਿਸ ਦੇ ਵਿਰੁੱਧ ਹਾਂ ਉਹ ਹੈ ਇਸਦਾ ਇੰਨਾ ਜ਼ਿਆਦਾ ਪ੍ਰਚਾਰ ਦੇਖਣਾ।"

ਜੀਪੀ ਬੈਨ ਡੇਵਿਸ ਇਹ ਵੀ ਚੇਤਾਵਨੀ ਦਿੰਦੇ ਹਨ ਕਿ ਟੈਸਟੋਸਟੀਰੋਨ ਰਿਪਲੇਸਮੈਂਟ ਥੈਰਿਪੀ ਦਾ 'ਪਲੇਸਬੋ ਪ੍ਰਭਾਵ' (ਮਨੋਵਿਗਿਆਨਕ ਪ੍ਰਭਾਵ) ਹੋ ਸਕਦਾ ਹੈ, ਜਿਸ ਕਾਰਨ ਮਰੀਜ਼ ਕਈ ਵਾਰ ਅਜਿਹੀ ਦਵਾਈ ਲਈ ਨਿੱਜੀ ਤੌਰ 'ਤੇ ਪੈਸੇ ਦੇ ਰਹੇ ਹੁੰਦੇ ਹਨ ਜਿਸਦੀ ਉਹਨਾਂ ਨੂੰ ਲੋੜ ਨਹੀਂ ਹੁੰਦੀ।

ਸ਼ੈਰਲ ਓ'ਮੈਲੀ ਨੇ ਟੈਸਟੋਸਟੀਰੋਨ ਲੈਣਾ ਬੰਦ ਕਰ ਦਿੱਤਾ ਹੈ। ਉਹ ਕਹਿੰਦੀ ਹੈ ਕਿ ਇਲਾਜ ਦੌਰਾਨ ਉਸਨੇ ਜੋ ਤੀਬਰ ਗੁੱਸਾ ਅਤੇ ਵਧੀ ਹੋਈ ਜਿਨਸੀ ਉਤੇਜਨਾ ਮਹਿਸੂਸ ਕੀਤੀ ਸੀ ਉਹ ਹੁਣ ਸ਼ਾਂਤ ਹੋ ਗਈ ਹੈ, ਅਤੇ ਉਸਦੀ ਕਾਮਵਾਸਨਾ ਉਸ ਪੱਧਰ 'ਤੇ ਵਾਪਸ ਆ ਗਈ ਹੈ ਜੋ ਉਸਨੂੰ ਸਹੀ ਲੱਗਦਾ ਹੈ।

ਉਹ ਕਹਿੰਦੀ ਹੈ, "ਇਸ ਨੂੰ ਬੰਦ ਕਰਨ ਤੋਂ ਬਾਅਦ ਮੈਨੂੰ ਬਹੁਤ ਰਾਹਤ ਮਿਲੀ ਹੈ।"

'ਇਹ ਕੋਈ ਜਾਦੂਈ ਹੱਲ ਨਹੀਂ ਹੈ'

ਡੇਵਿਸ ਕਹਿੰਦੇ ਹਨ, "ਕੁਝ ਲੋਕਾਂ ਲਈ, ਦਵਾਈ ਸੱਚਮੁੱਚ ਚਮਤਕਾਰੀ ਹੋ ਸਕਦੀ ਹੈ," ਪਰ ਉਹ ਅੱਗੇ ਕਹਿੰਦੇ ਹਨ ਕਿ ਇਹ ਸਿਰਫ਼ ਦਵਾਈ ਦੇਣ ਤੋਂ ਕਿਤੇ ਵੱਧ ਹੈ।

"ਡਾਕਟਰ ਕੋਲ ਸ਼ਾਇਦ ਮਰੀਜ਼ ਨਾਲ ਉਨ੍ਹਾਂ ਦੀ ਘੱਟ ਸੈਕਸ ਇੱਛਾ ਦੇ ਪਿਛਲੇ ਕਾਰਨਾਂ ਦੀ ਚਰਚਾ ਕਰਨ ਦਾ ਸਮਾਂ ਨਾ ਹੋਵੇ, ਇਹ ਉਨ੍ਹਾਂ ਦਾ ਸਾਥੀ ਨਾਲ ਰਿਸ਼ਤਾ ਹੋ ਸਕਦਾ ਹੈ, ਇਹ ਉਨ੍ਹਾਂ ਦਾ ਆਪਣੇ ਬਾਰੇ ਨਜ਼ਰੀਆ ਹੋ ਸਕਦਾ ਹੈ, ਜਾਂ ਕੀ ਇਹ ਉਹ ਸੈਕਸ ਹੈ ਜੋ ਉਹ ਵਰਤਮਾਨ ਵਿੱਚ ਕਰ ਰਹੇ ਹਨ ਜੋ ਹੁਣ ਉਨ੍ਹਾਂ ਨੂੰ ਉਤੇਜਿਤ ਨਹੀਂ ਕਰ ਰਿਹਾ?"

ਉਹ ਕਹਿੰਦੇ ਹਨ ਕਿ ਕਾਮਵਾਸਨਾ ਘੱਟ ਹੋਣ ਵਿੱਚ ਬਹੁਤ ਸਾਰੇ ਕਾਰਕ ਭੂਮਿਕਾ ਨਿਭਾਉਂਦੇ ਹਨ ਅਤੇ ਟੈਸਟੋਸਟੀਰੋਨ ਹੀ ਇਕਲੌਤਾ ਜਵਾਬ ਨਹੀਂ ਹੈ।

ਸ਼ੈਰਲ ਓ'ਮੈਲੀ

ਤਸਵੀਰ ਸਰੋਤ, Cheryl O'Malley

ਤਸਵੀਰ ਕੈਪਸ਼ਨ, ਸ਼ੈਰਲ ਓ'ਮੈਲੀ ਦਾ ਕਹਿਣਾ ਹੈ,ਮੈਨੂੰ ਬਹੁਤ ਰਾਹਤ ਮਿਲੀ ਹੈ ਕਿ ਮੈਂ ਇਸਨੂੰ [ਟੈਸਟੋਸਟੀਰੋਨ] ਲੈਣਾ ਬੰਦ ਕਰ ਦਿੱਤਾ ਹੈ।"

ਹਾਲਾਂਕਿ, ਐਲਨ ਰੀਵਜ਼ ਹੁਣ ਸੱਤ ਸਾਲਾਂ ਤੋਂ ਪ੍ਰਾਈਵੇਟ ਕਲੀਨਿਕ 'ਬੈਲੇਂਸ ਮਾਈ ਹਾਰਮੋਨਸ' ਤੋਂ ਟੈਸਟੋਸਟੀਰੋਨ ਰਿਪਲੇਸਮੈਂਟ ਥੈਰਿਪੀ ਲੈ ਰਹੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਬਹੁਤ ਸੁਧਾਰ ਹੋਇਆ ਹੈ।

"ਮੇਰੀ ਕਾਮਵਾਸਨਾ ਵਾਪਸ ਆ ਗਈ, ਸ਼ੁਰੂ ਵਿੱਚ ਇੰਨੀ ਜ਼ਿਆਦਾ ਕਿ ਮੈਂ 10 ਰਾਤਾਂ ਤੱਕ ਹਰ ਰਾਤ ਸੈਕਸ ਕਰਨਾ ਚਾਹੁੰਦਾ ਸੀ। ਪਰ ਹੁਣ ਉਹ ਸ਼ਾਂਤ ਹੋ ਗਈ ਹੈ ਅਤੇ ਮੈਂ ਬਿਹਤਰ ਮਹਿਸੂਸ ਕਰ ਰਿਹਾ ਹਾਂ।"

ਫਿਰ ਵੀ, ਰੀਵਜ਼ ਦਾ ਮੰਨਣਾ ਹੈ ਕਿ "ਇਹ ਕੋਈ ਜਾਦੂਈ ਹੱਲ ਨਹੀਂ ਹੈ" ਅਤੇ ਆਪਣੀ ਜੀਵਨ ਸ਼ੈਲੀ ਵਿੱਚ ਹੋਰ ਬਦਲਾਅ ਕੀਤੇ ਬਿਨਾਂ ਟੈਸਟੋਸਟੀਰੋਨ ਲੈਣ ਦਾ ਕੋਈ ਮਤਲਬ ਨਹੀਂ ਹੈ।

ਨਹੀਂ ਤਾਂ, ਉਹ ਕਹਿੰਦੇ ਹਨ ਕਿ ਇਹ ਇੱਕ "ਪੁਰਾਣੀ ਖਟਾਰਾ ਕਾਰ" ਵਿੱਚ ਫਰਾਰੀ ਦਾ ਇੰਜਣ ਲਗਾਉਣ ਵਾਂਗ ਹੈ।

"ਹੁਣ ਮੈਂ ਵਧੇਰੇ ਆਤਮ-ਵਿਸ਼ਵਾਸ ਨਾਲ ਚੱਲਦਾ ਹਾਂ, ਇਹ ਕੁਝ ਹੱਦ ਤੱਕ ਟੈਸਟੋਸਟੀਰੋਨ ਕਰਕੇ ਹੈ ਅਤੇ ਕੁਝ ਹੱਦ ਤੱਕ ਮੇਰੇ ਆਪਣੇ ਕਰਕੇ।"

ਵਾਧੂ ਰਿਪੋਰਟਿੰਗ: ਨੈਟ ਰਾਈਟ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)