ਜੰਗ ਦੇ ਬਾਵਜੂਦ ਸੋਨੇ-ਚਾਂਦੀ ਦੀਆਂ ਕੀਮਤਾਂ ਅਚਾਨਕ ਕਿਉਂ ਡਿੱਗ ਰਹੀਆਂ ?

ਤਸਵੀਰ ਸਰੋਤ, Getty Images
ਈਰਾਨ ਦੇ ਨਾਲ ਅਮਰੀਕਾ ਅਤੇ ਇਜ਼ਰਾਇਲ ਦੀ ਜੰਗ ਵਿਚਾਲੇ, ਸ਼ੇਅਰ ਬਾਜ਼ਾਰ ਤੋਂ ਲੈਕੇ ਕੱਚੇ ਤੇਲ, ਸੋਨੇ-ਚਾਂਦੀ ਅਤੇ ਰੁਪਏ ਤੱਕ ਹਰ ਚੀਜ਼ 'ਚ ਭਾਰੀ ਅਸਥਿਰਤਾ ਦੇਖੀ ਜਾ ਰਹੀ ਹੈ।
ਪਿਛਲੇ ਇੱਕ ਮਹੀਨੇ 'ਚ 30 ਸ਼ੇਅਰਾਂ ਵਾਲਾ ਸੈਂਸੇਕਸ ਲਗਭਗ 10% ਡਿੱਗ ਗਿਆ, ਕੱਚੇ ਤੇਲ ਦੀਆਂ ਕੀਮਤਾਂ ਕਰੀਬ 60% ਵੱਧ ਗਈਆਂ ਹਨ ਅਤੇ ਡਾਲਰ ਦੇ ਮੁਕਾਬਲੇ ਰੁਪਿਆ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ।
ਪਿਛਲੇ ਕੁਝ ਦਿਨਾਂ 'ਚ, ਖਾਸ ਤੌਰ 'ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਰਿਕਾਰਡ ਪੱਧਰ 'ਤੇ ਪਹੁੰਚਣ ਤੋਂ ਬਾਅਦ, ਬਾਜ਼ਾਰ 'ਚ ਭਾਰੀ ਗਿਰਾਵਟ ਆਈ ਹੈ, ਜਿਸ ਨਾਲ ਨਿਵੇਸ਼ ਕਰਨ ਵਾਲੇ ਹੈਰਾਨ ਹਨ।
'ਸੁਰੱਖਿਅਤ ਨਿਵੇਸ਼' ਦੇ ਤੌਰ 'ਤੇ ਜਾਣਿਆ ਜਾਣ ਵਾਲਾ ਸੋਨਾ, 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਇਲ ਦੇ ਈਰਾਨ 'ਤੇ ਹਮਲੇ ਸ਼ੁਰੂ ਕਰਨ ਤੋਂ ਬਾਅਦ ਤੁਰੰਤ ਵੱਧ ਗਿਆ ਸੀ ਪਰ ਹੁਣ ਇਸ 'ਚ ਭਾਰੀ ਗਿਰਾਵਟ ਹੈ।

ਤਸਵੀਰ ਸਰੋਤ, Getty Images
ਅਮਰੀਕਾ-ਇਜ਼ਰਾਇਲ ਅਤੇ ਈਰਾਨ ਵਿਚਾਲੇ ਜੰਗ ਦੇ ਚੌਥੇ ਹਫ਼ਤੇ 'ਚ ਦਾਖਲ ਹੁੰਦਿਆਂ ਹੀ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਆਈ ਹੈ। ਸੋਨੇ ਦੀਆਂ ਕੀਮਤਾਂ 'ਚ ਪਿਛਲੇ 40 ਸਾਲਾਂ 'ਚ ਸਭ ਤੋਂ ਵੱਡੀ ਹਫ਼ਤਾਵਾਰੀ ਗਿਰਾਵਟ ਦਰਜ ਕੀਤੀ ਗਈ ਹੈ।
ਰੌਇਟਰਸ ਦੀ ਰਿਪੋਰਟ ਮੁਤਾਬਕ, ਜੰਗ ਤੋਂ ਬਾਅਦ ਤੋਂ ਸੋਨੇ ਦੀਆਂ ਕੀਮਤਾਂ 'ਚ 15% ਤੋਂ ਵੱਧ ਦੀ ਗਿਰਾਵਟ ਆਈ ਹੈ। 20 ਜਨਵਰੀ ਨੂੰ ਸੋਨੇ ਦੀ ਕੀਮਤ 5,591 ਡਾਲਰ ਪ੍ਰਤੀ ਔਂਸ ਦੇ ਸਿਖਰਲੇ ਪੱਧਰ 'ਤੇ ਪਹੁੰਚ ਗਈ ਸੀ ਜਿਸ ਤੋਂ ਬਾਅਦ ਤੋਂ ਇਸ 'ਚ 20% ਦੀ ਗਿਰਾਵਟ ਆਈ ਹੈ।
ਇੰਡੀਅਨ ਬੁਲਿਅਨ ਜਿਊਲਰਸ ਐਸੋਸੀਏਸ਼ਨ ਦੀ ਵੈੱਬਸਾਈਟ ਮੁਤਾਬਕ, 24 ਮਾਰਚ ਨੂੰ ਸੋਨੇ ਦੀ ਕੀਮਤ 10 ਗ੍ਰਾਮ ਲਈ 1.39 ਲੱਖ ਰੁਪਏ ਸੀ।
ਕੀਮਤਾਂ 'ਚ ਗਿਰਾਵਟ ਕਿਉਂ ?

ਤਸਵੀਰ ਸਰੋਤ, Getty Images
ਈਰਾਨ ਜੰਗ ਕਾਰਨ ਕੌਮਾਂਤਰੀ ਅਰਥਵਿਵਸਥਾ 'ਚ ਭਾਰੀ ਅਸਥਿਰਤਾ ਹੈ।
ਸੋਨੇ ਅਤੇ ਚਾਂਦੀ ਵਰਗੀਆਂ ਮੁੱਲਵਾਨ ਧਾਤੂਆਂ ਦੀਆਂ ਕੀਮਤਾਂ 'ਚ ਗਿਰਾਵਟ ਦੇ ਕਈ ਕਾਰਨ ਮੰਨੇ ਜਾ ਰਹੇ ਹਨ। ਪਹਿਲਾ ਕਾਰਨ ਇਹ ਹੈ ਕਿ ਜੰਗ ਦੀ ਸਥਿਤੀ 'ਚ ਤੇਲ ਅਤੇ ਗੈਸ ਦੀਆਂ ਕੀਮਤਾਂ 'ਚ ਕਾਫੀ ਵਾਧਾ ਹੋਇਆ ਹੈ, ਜਿਸ ਨਾਲ ਮਹਿੰਗਾਈ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ।
ਅਜਿਹੀ ਸਥਿਤੀ 'ਚ ਅਮਰੀਕੀ ਫੈਡਰਲ ਰਿਜ਼ਰਵ ਲੰਬੇ ਸਮੇਂ ਤੱਕ ਵਿਆਜ਼ ਦਰਾਂ ਉੱਚੀਆਂ ਰੱਖ ਸਕਦਾ ਹੈ। ਸੋਨਾ ਇੱਕ ਅਜਿਹਾ ਨਿਵੇਸ਼ ਹੈ, ਜਿਸ ਪ੍ਰਤੀ ਖਿੱਚ ਵਿਆਜ਼ ਦੀਆਂ ਦਰਾਂ ਉੱਚੀਆਂ ਹੋਣ 'ਤੇ ਘਟ ਜਾਂਦਾ ਹੈ।
ਸੋਨੇ ਨੂੰ ਰਵਾਇਤੀ ਤੌਰ 'ਤੇ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ ਅਤੇ ਜੰਗ ਦੇ ਸਮੇਂ ਇਸ ਦੀ ਕੀਮਤ ਵੱਧਣੀ ਚਾਹੀਦੀ ਹੈ ਪਰ ਹੋ ਇਸ ਤੋਂ ਬਿਲਕੁੱਲ ਉਲਟ ਰਿਹਾ ਹੈ। ਇਸ ਮਹੀਨੇ ਸੋਨੇ ਦੀਆਂ ਕੀਮਤਾਂ 'ਚ 20% ਦੀ ਗਿਰਾਵਟ ਆਈ ਹੈ ਜਦੋਂਕਿ ਚਾਂਦੀ ਦੀ ਕੀਮਤ 'ਚ 32% ਤੋਂ ਵੱਧ ਦੀ ਗਿਰਾਵਟ ਆਈ ਹੈ।
1983 ਤੋਂ ਬਾਅਦ ਤੋਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਇਹ ਸਭ ਤੋਂ ਵੱਡੀ ਗਿਰਾਵਟ ਹੈ। ਚਾਂਦੀ ਆਪਣੇ ਸਿਖਰਲੇ ਪੱਧਰ ਤੋਂ ਕਰੀਬ 40% ਹੇਠਾਂ ਆ ਗਈ ਹੈ।
ਮਾਰਚ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ ਪਿਛਲੇ 45 ਸਾਲਾਂ 'ਚ ਸਭ ਤੋਂ ਵੱਡੀ ਮਹੀਨੇਵਾਰ ਗਿਰਾਵਟ ਸੀ ਅਤੇ ਕਿਹਾ ਜਾ ਸਕਦਾ ਹੈ ਕਿ 2026 'ਚ ਇਨ੍ਹਾਂ ਧਾਤੂਆਂ 'ਚ ਹੋਇਆ ਵਾਧਾ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ।
ਅਨਿਸ਼ਚਿਤਤਾ ਕਦੋਂ ਤੱਕ ?

ਤਸਵੀਰ ਸਰੋਤ, Getty Images
ਬੀਬੀਸੀ ਗੁਜਰਾਤੀ ਨਾਲ ਗੱਲ ਕਰਦੇ ਹੋਏ, ਬੁਲਿਅਨ ਟ੍ਰੇਡਿੰਗ ਕੰਪਨੀ ਓਗਮੈਂਟ ਦੀ ਰਿਸਰਚ ਹੈੱਡ ਡਾ. ਰੇਨਿਸ਼ਾ ਚੈਨਾਨੀ ਨੇ ਕਿਹਾ, "ਗਿਰਾਵਟ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਕੁਝ ਹੱਦ ਤੱਕ ਸੁਧਾਰ ਹੋਇਆ ਹੈ ਪਰ ਹੁਣ ਸਭ ਕੁਝ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਮੱਧ-ਪੂਰਬ 'ਚ ਤਣਾਅ ਕਿਸ ਦਿਸ਼ਾ ਵੱਲ ਜਾਂਦਾ ਹੈ। ਹੋਰਮੂਜ਼ ਸਟ੍ਰੇਟ ਦੇ ਖੁੱਲ੍ਹਣ ਨੂੰ ਲੈਕੇ ਅਨਿਸ਼ਚਿਤਤਾ ਦੀ ਵਜ੍ਹਾ ਕਰਕੇ ਮਹਿੰਗਾਈ ਦਾ ਖਤਰਾ ਵੱਧ ਹੈ।"
ਉਨ੍ਹਾਂ ਦਾ ਕਹਿਣਾ ਹੈ, "ਸੋਨੇ ਅਤੇ ਚਾਂਦੀ 'ਚ ਹਾਲੀਆ ਵਿਕਰੀ ਨਕਦੀ ਵਧਾਉਣ ਲਈ ਕੀਤੀ ਗਈ ਸੀ। ਨਿਵੇਸ਼ਕ ਹੋਰਨਾਂ ਥਾਂਵਾਂ 'ਤੇ ਮਾਰਜਿਨ ਕਾਲ ਦੀ ਭਰਪਾਈ ਲਈ ਸੋਨੇ ਅਤੇ ਚਾਂਦੀ ਵਰਗੀਆਂ ਲਾਭਦਾਇਕ ਸੰਪਤੀਆਂ ਵੇਚ ਰਹੇ ਹਨ। ਇਹ ਲੰਬੇ ਸਮੇਂ ਦੇ ਮੁੱਢਲੇ ਸਿਧਾਂਤਾਂ 'ਚ ਕੋਈ ਬਦਲਾਅ ਨਹੀਂ ਹੈ ਬਲਕਿ ਘੱਟ ਸਮੇਂ ਦਾ ਮਾਮਲਾ ਹੈ।"
ਇੰਡੀਆ ਬੁਲਿਅਨ ਐਂਡ ਜਿਊਲਰਸ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿਥਵੀਰਾਜ ਕੋਠਾਰੀ ਨੇ ਕਿਹਾ ਕਿ ਸੋਨੇ ਦੀ ਕੀਮਤ ਆਪਣੇ ਸਿਖਰਲੇ ਪੱਧਰ ਤੋਂ 30% ਤੋਂ ਵੱਧ ਡਿੱਗ ਗਈ ਹੈ। ਜਦੋਂ ਤੱਕ ਤੇਲ ਦੀਆਂ ਕੀਮਤਾਂ ਸਥਿਰ ਨਹੀਂ ਹੋ ਜਾਂਦੀਆਂ ਅਤੇ ਹੋਰਮੂਜ਼ ਸਟ੍ਰੇਟ ਦਾ ਮੁੱਦਾ ਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਸੋਨੇ ਅਤੇ ਚਾਂਦੀ ਦੋਹਾਂ 'ਤੇ ਦਬਾਅ ਬਣਿਆ ਰਹੇਗਾ।
ਉਨ੍ਹਾਂ ਨੇ ਕਿਹਾ, "ਜਦੋਂ ਸੋਨੇ ਦੀ ਕੀਮਤ ਡਿੱਗਦੀ ਹੈ ਤਾਂ ਚੀਨ ਵਰਗੇ ਮੁਲਕ ਸੋਨਾ ਖਰੀਦਦੇ ਹਨ। ਚੀਨ ਨੇ ਪਿਛਲੇ ਸ਼ੁੱਕਰਵਾਰ ਅਤੇ ਸੋਮਵਾਰ ਨੂੰ ਵੀ ਸੋਨਾ ਖਰੀਦਿਆ ਸੀ।"
ਪ੍ਰਿਥਵੀਰਾਜ ਕੋਠਾਰੀ ਮੁਤਾਬਕ,"ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਕਾਰਨ ਚਾਂਦੀ ਦੀ ਕੀਮਤ ਡਿੱਗ ਗਈ ਹੈ। ਹੁਣ ਚਾਂਦੀ ਦੀ ਕੀਮਤ ਉਦੋਂ ਹੀ ਵਧੇਗੀ ਜਦੋਂ ਜੰਗ ਖਤਮ ਹੋ ਜਾਵੇਗੀ।"

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਾ ਇੱਕ ਕਾਰਨ ਮੁਨਾਫਾਵਸੂਲੀ ਵੀ ਦੱਸਿਆ ਜਾ ਰਿਹਾ ਹੈ। ਇਨ੍ਹਾਂ ਦੋਵੇਂ ਧਾਤੂਆਂ ਦੀਆਂ ਕੀਮਤਾਂ ਇੰਨੀਆਂ ਵੱਧ ਗਈਆਂ ਸਨ ਕਿ ਉਹ ਸਿਖਰਲੇ ਪੱਧਰ 'ਤੇ ਟਿਕ ਨਹੀਂ ਪਾਈਆਂ।
ਸੋਨੇ ਦਾ ਕੋਈ ਨਿਸ਼ਚਿਤ ਮੁਨਾਫਾ ਨਹੀਂ ਮਿਲਦਾ। ਇਸ ਲਈ ਅਮਰੀਕੀ ਫੈਡਰਲ ਰਿਜ਼ਰਵ ਦੀਆਂ ਵਿਆਜ ਦਰਾਂ ਘੱਟ ਹੋਣ 'ਤੇ ਸੋਨੇ ਦੀ ਕੀਮਤ ਵੱਧਣ ਦੀ ਸੰਭਾਵਨਾ ਰਹਿੰਦੀ ਹੈ ਪਰ ਵਿਆਜ਼ ਦਰਾਂ ਵੱਧਣ 'ਤੇ ਇਸ ਨੂੰ ਲੈਕੇ ਦਿਲਚਸਪੀ ਘੱਟ ਹੋ ਜਾਂਦੀ ਹੈ। ਨਿਵੇਸ਼ਕ ਸ਼ੇਅਰ ਬਾਜ਼ਾਰ 'ਚ ਹੋਏ ਨੁਕਸਾਨ ਲਈ ਵੀ ਸੋਨਾ ਵੇਚ ਰਹੇ ਹਨ।
ਚਾਂਦੀ ਲਈ 2025 ਦਾ ਸਾਲ ਬਹੁਤ ਹੀ ਮਜਬੂਤੀ ਵਾਲਾ ਰਿਹਾ, ਜਿਸ 'ਚ ਇਸ ਸਫੈਦ ਧਾਤੂ ਦੀ ਕੀਮਤ 'ਚ 170% ਦਾ ਵਾਧਾ ਹੋਇਆ। ਫਿਰ ਜਨਵਰੀ 2026 'ਚ ਚਾਂਦੀ ਦੀ ਕੀਮਤ 'ਚ 74% ਦਾ ਵਾਧਾ ਹੋਇਆ।
ਮਨੀ ਕੰਟਰੋਲ ਮੁਤਾਬਕ, ਮਾਰਚ 'ਚ ਹੁਣ ਤੱਕ ਚਾਂਦੀ 'ਚ 20% ਦੀ ਗਿਰਾਵਟ ਦਰਜ ਕੀਤੀ ਗਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































