ਡ੍ਰੋਨ-ਮਿਜ਼ਾਇਲ ਹਮਲਿਆਂ ਦੇ ਬਾਵਜੂਦ ਈਰਾਨ 'ਤੇ ਜਵਾਬੀ ਹਮਲੇ ਕਿਉਂ ਨਹੀਂ ਕਰ ਰਹੇ ਖਾੜੀ ਮੁਲਕ, ਜਾਣੋ ਕੀ ਵਜ੍ਹਾ ਹੈ

ਤਸਵੀਰ ਸਰੋਤ, Reuters
- ਲੇਖਕ, ਲੁਈਸ ਬਾਰੂਚੋ
- ਰੋਲ, ਬੀਬੀਸੀ ਵਰਲਡ ਸਰਵਿਸ
- ਪੜ੍ਹਨ ਦਾ ਸਮਾਂ: 7 ਮਿੰਟ
ਅਮਰੀਕਾ ਅਤੇ ਇਜ਼ਰਾਇਲ ਖਿਲਾਫ ਆਪਣੀ ਜੰਗ 'ਚ ਈਰਾਨ ਨੇ ਪੂਰੇ ਖਾੜੀ ਖੇਤਰ 'ਚ ਮਿਜ਼ਾਇਲ ਹਮਲੇ ਜਾਰੀ ਰੱਖੇ ਹੋਏ ਹਨ।
ਜਦੋਂ ਇਜ਼ਰਾਇਲ ਨੇ ਈਰਾਨ ਦੇ ਸਾਊਥ ਪਾਰਸ 'ਤੇ ਹਮਲਾ ਕੀਤਾ ਤਾਂ ਜਵਾਬੀ ਕਾਰਵਾਈ 'ਚ ਈਰਾਨ ਨੇ ਵੀਰਵਾਰ ਨੂੰ ਕਤਰ ਦੇ ਰਾਸ ਲਾਫਾਨ ਊਰਜਾ ਕੰਪਲੈਕਸ 'ਤੇ ਹਮਲਾ ਕੀਤਾ। ਦੋਵੇਂ ਹੀ ਕੇਂਦਰ ਦੁਨੀਆ ਦੇ ਸਭ ਤੋਂ ਵੱਡੇ ਕੁਦਰਤੀ ਗੈਸ ਖੇਤਰਾਂ ਦਾ ਹਿੱਸਾ ਹਨ।
ਹੁਣ ਤੱਕ ਕਤਰ ਅਤੇ ਹੋਰ ਖਾੜੀ ਮੁਲਕਾਂ ਨੇ ਵਾਰ-ਵਾਰ ਨਿਸ਼ਾਨਾ ਬਣਾਏ ਜਾਣ ਦੇ ਬਾਵਜੂਦ ਵੀ ਈਰਾਨ ਖ਼ਿਲਾਫ਼ ਜਵਾਬੀ ਕਾਰਵਾਈ ਨਹੀਂ ਕੀਤੀ ਹੈ।
ਉਹ ਹਮਲਿਆਂ ਤੋਂ ਕਿਉਂ ਬਚ ਰਹੇ ਹਨ ਅਤੇ ਕਿਹੜੀ ਗੱਲ ਉਨ੍ਹਾਂ ਨੂੰ ਕਾਰਵਾਈ ਕਰਨ ਲਈ ਮਜਬੂਰ ਕਰ ਸਕਦੀ ਹੈ?
ਖ਼ਤਰਾ ਵੱਧ, ਫਾਇਦਾ ਘੱਟ

ਤਸਵੀਰ ਸਰੋਤ, Getty Images
ਹੁਣ ਜਦੋਂ ਅਮਰੀਕਾ ਅਤੇ ਇਜ਼ਰਾਇਲ ਨੇ 28 ਫਰਵਰੀ ਨੂੰ ਈਰਾਨ ਖਿਲਾਫ ਸੰਯੁਕਤ ਫੌਜੀ ਅਭਿਆਨ ਸ਼ੁਰੂ ਕੀਤਾ ਤਾਂ ਤਹਿਰਾਨ ਨੇ ਬਿਨਾਂ ਦੇਰ ਕੀਤੇ ਜਵਾਬੀ ਕਾਰਵਾਈ ਸਿਰਫ਼ ਇਜ਼ਰਾਇਲ 'ਤੇ ਹੀ ਨਹੀਂ ਸਗੋਂ ਅਮਰੀਕਾ ਦੇ ਸਹਿਯੋਗੀ ਖਾੜੀ ਮੁਲਕਾਂ 'ਤੇ ਵੀ ਕੀਤੀ।
ਬਹਿਰੀਨ, ਕੁਵੈਤ, ਸਾਊਦੀ ਅਰਬ, ਕਤਰ, ਓਮਾਨ ਅਤੇ ਖਾਸ ਤੌਰ 'ਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ ਨਿਸ਼ਾਨਾ ਬਣਾਇਆ ਗਿਆ।
ਖਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਖੇਤਰ 'ਚ ਮੌਜੂਦ ਅਮਰੀਕੀ ਫੌਜੀ ਟਿਕਾਣਿਆਂ 'ਤੇ ਹਮਲਿਆਂ ਦੇ ਨਾਲ-ਨਾਲ, ਈਰਾਨ ਨੇ ਨਾਗਰਿਕ ਢਾਂਚਿਆਂ 'ਤੇ ਵੀ ਹਮਲੇ ਕੀਤੇ ਹਨ, ਜਿਨ੍ਹਾਂ 'ਚ ਹਵਾਈ ਅੱਡੇ, ਹੋਟਲ, ਰਿਹਾਇਸ਼ੀ ਇਲਾਕੇ ਅਤੇ ਖਾਸ ਤੌਰ 'ਤੇ ਊਰਜਾ ਟਿਕਾਣੇ ਸ਼ਾਮਿਲ ਹਨ।
ਇਸ ਦੇ ਬਾਵਜੂਦ ਹੁਣ ਤੱਕ ਖਾੜੀ ਮੁਲਕਾਂ ਨੇ ਈਰਾਨ ਖਿਲਾਫ ਖੁਦ ਕੋਈ ਹਮਲਾ ਨਹੀਂ ਕੀਤਾ ਹੈ ਅਤੇ ਉਹ ਸਿੱਧੇ ਤੌਰ 'ਤੇ ਜੰਗ 'ਚ ਸ਼ਾਮਿਲ ਹੋਣ ਤੋਂ ਬਚ ਰਹੇ ਹਨ।
ਅਮਰੀਕਾ ਦੇ ਥਿੰਕ ਟੈਂਕ ਸੈਂਟਰ ਫਾਰ ਇੰਟਰਨੈਸ਼ਨਲ ਪਾਲਿਸੀ 'ਚ ਸੀਨੀਅਰ ਨਾਨ ਰੈਜ਼ੀਡੈਂਟ ਫੇਲੋ ਸਿਨਾ ਤੂਸੀ ਮੁਤਾਬਕ, "ਉਨ੍ਹਾਂ ਦੇ ਨਜ਼ਰੀਏ ਮੁਤਾਬਕ ਇਹ ਜੰਗ ਉਨ੍ਹਾਂ ਦੀ ਨਹੀਂ ਹੈ ਅਤੇ ਜਵਾਬੀ ਕਾਰਵਾਈ ਉਨ੍ਹਾਂ ਨੂੰ ਕਮਜ਼ੋਰ ਦਰਸ਼ਕ ਤੋਂ ਵੱਡੇ ਨਿਸ਼ਾਨੇ 'ਚ ਬਦਲ ਸਕਦੀ ਹੈ ਕਿਉਂਕਿ ਉਨ੍ਹਾਂ ਲਈ ਕੁਝ ਹਾਸਲ ਕਰਨ ਨਾਲੋਂ ਗਵਾਉਣ ਲਈ ਬਹੁਤ ਕੁਝ ਦਾਅ 'ਤੇ ਲੱਗਾ ਹੈ।"
ਉਨ੍ਹਾਂ ਮੁਤਾਬਿਕ, "ਪਿੱਛੇ ਹਟਣ ਦਾ ਇਹ ਫੈਸਲਾ ਜ਼ੋਖਮ, ਰਣਨੀਤਕ ਸੋਚ ਅਤੇ ਸੀਮਿਤ ਫਾਇਦੇ ਦੀ ਮਿਲੀ ਜੁਲੀ ਭਾਵਨਾ ਤੋਂ ਆਉਂਦਾ ਹੈ।"
ਖਾੜੀ ਮੁਲਕਾਂ ਦੀਆਂ ਅਰਥਵਿਵਸਥਾਵਾਂ ਊਰਜਾ ਢਾਂਚਿਆਂ, ਸ਼ਿਪਿੰਗ ਅਤੇ ਨਿਵੇਸ਼ਕਾਂ ਦੇ ਭਰੋਸੇ 'ਤੇ ਨਿਰਭਰ ਹਨ ਅਤੇ "ਈਰਾਨ ਨੇ ਦਿਖਾਇਆ ਹੈ ਕਿ ਇਨ੍ਹਾਂ ਸਾਰਿਆਂ 'ਚ ਰੁਕਾਵਟ ਪੈਦਾ ਕੀਤੀ ਜਾ ਸਕਦੀ ਹੈ।"
ਖਾਸ ਤੌਰ 'ਤੇ ਈਰਾਨ ਫਾਰਸ ਦੀ ਖਾੜੀ ਅਤੇ ਹੋਰਮੂਜ਼ ਸਟ੍ਰੇਟ ਦਾ ਇਸਤੇਮਾਲ ਕਰ ਰਿਹਾ ਹੈ ਜੋ ਕਿ ਕੌਮਾਂਤਰੀ ਅਰਥਵਿਵਸਥਾ ਲਈ ਬੇਹੱਦ ਅਹਿਮ ਜਲ ਮਾਰਗ ਹੈ।
ਹਾਲਾਂਕਿ ਟ੍ਰੇਂਡਸ ਰਿਸਰਚ ਐਂਡ ਐਡਵਾਇਜ਼ਰੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਅਤੇ ਟਰੰਪ ਪ੍ਰਸ਼ਾਸਨ 'ਚ ਸਾਬਕਾ ਪੇਂਟਾਗਨ ਅਧਿਕਾਰੀ ਬਿਲਾਲ ਸਾਬ ਦਾ ਕਹਿਣਾ ਹੈ ਕਿ ਜੇਕਰ ਖਾੜੀ ਦੇਸ਼ ਈਰਾਨ 'ਤੇ ਹਮਲਾ ਨਹੀਂ ਕਰਦੇ ਤਾਂ "ਉਹ ਤਹਿਰਾਨ ਨੂੰ ਇਹੀ ਸੰਕੇਤ ਦੇ ਰਹੇ ਹਨ ਕਿ ਉਹ ਬਿਨਾਂ ਕਿਸੇ ਨਤੀਜੇ ਦੇ ਉਨ੍ਹਾਂ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ।"
ਉਨ੍ਹਾਂ ਮੁਤਾਬਕ, "ਜਵਾਬੀ ਹਮਲੇ ਦਾ ਮਕਸਦ ਸੀਮਿਤ ਮਿਆਦ 'ਚ ਈਰਾਨ ਨੂੰ ਹਮਲੇ ਰੋਕਣ ਲਈ ਮਜਬੂਰ ਕਰਨਾ ਅਤੇ ਲੰਬੇ ਮਿਆਦ 'ਚ ਭਵਿੱਖ ਦੇ ਈਰਾਨੀ ਹਮਲਿਆਂ ਖਿਲਾਫ ਕੁਝ ਹੱਦ ਤੱਕ ਰੁਕਾਵਟ ਪੈਦਾ ਕਰਨਾ ਹੋਵੇਗਾ।"
ਹਾਲਾਂਕਿ ਉਹ ਅੱਗੇ ਕਹਿੰਦੇ ਹਨ ਕਿ ਜ਼ੋਖਮ 'ਕਾਫੀ ਵੱਡਾ' ਹੋਵੇਗਾ ਕਿਉਂਕਿ ਇਹ ਸਪੱਸ਼ਟ ਨਹੀਂ ਹੈ ਕਿ ਖਾੜੀ ਮੁਲਕਾਂ ਦੇ
ਹਮਲੇ ਜੰਗ ਨੂੰ ਕਿੰਨਾ ਪ੍ਰਭਾਵਿਤ ਕਰਨਗੇ ਜਾਂ ਰਣਨੀਤਕ ਤੌਰ 'ਤੇ ਸਹੀ ਹੋਣਗੇ।
ਕਿੰਗਸ ਕਾਲਜ ਲੰਡਨ ਦੇ ਡਿਫੈਂਸ ਸਟੱਡੀਜ਼ ਡਿਪਾਰਟਮੈਂਟ 'ਚ ਇੰਟਰਨੈਸ਼ਨਲ ਸਿਕਿਓਰਿਟੀ ਦੇ ਲੈਕਚਰਾਰ ਰੌਬ ਗੀਸਟ ਪਿਨਫੋਲਡ ਮੁਤਾਬਕ, ਖਾੜੀ ਮੁਲਕਾਂ 'ਚ ਖੁਦ ਨੂੰ ਇਜ਼ਰਾਇਲ ਨਾਲ ਜੋੜਨ ਨੂੰ ਲੈਕੇ ਵੀ ਝਿਝਕ ਹੈ।
ਉਹ ਕਹਿੰਦੇ ਹਨ, "ਸੋਚ ਇਹ ਹੈ ਕਿ ਇਜ਼ਰਾਇਲ ਨੇ ਅਮਰੀਕਾ ਨੂੰ ਇਸ ਜੰਗ 'ਚ ਖਿੱਚ ਲਿਆ ਹੈ।"
'2003 ਦੀਆਂ ਯਾਦਾਂ'

ਤਸਵੀਰ ਸਰੋਤ, EPA
ਪਿਨਫੋਲਡ ਮੁਤਾਬਕ, ਕਈ ਖਾੜੀ ਲੀਡਰਾਂ ਲਈ ਇਰਾਕ ਦੇ ਨਾਲ ਅਮਰੀਕੀ ਅਗਵਾਈ ਵਾਲੀ ਜੰਗ ਦੀ ਵਿਰਾਸਤ ਅੱਜ ਵੀ ਇਲਾਕਾਈ ਸੋਚ 'ਤੇ ਅਸਰ ਪਾਉਂਦੀ ਹੈ।
ਸਾਲ 2003 'ਚ ਅਮਰੀਕਾ ਨੇ ਇਰਾਕ 'ਤੇ ਹਮਲਾ ਕੀਤਾ ਅਤੇ ਜਲਦ ਹੀ ਸੱਦਾਮ ਹੁਸੈਨ ਦੀ ਸਰਕਾਰ ਨੂੰ ਹਟਾ ਦਿੱਤਾ ਪਰ ਇਸ ਤੋਂ ਬਾਅਦ ਸੱਤਾ ਦਾ ਇੱਕ ਅਜਿਹਾ ਖਾਲੀਪਨ ਪੈਦਾ ਹੋਇਆ, ਜਿਸ ਨੇ ਵਿਦਰੋਹ, ਫਿਰਕੂ ਹਿੰਸਾ ਅਤੇ ਲੰਬੇ ਸਮੇਂ ਤੱਕ ਅਸਥਿਰਤਾ ਨੂੰ ਪੈਦਾ ਕੀਤਾ।
ਪਿਨਫੋਲਡ ਕਹਿੰਦੇ ਹਨ, "2003 ਦਾ ਪਰਛਾਵਾਂ ਅਜੇ ਵੀ ਮੌਜੂਦ ਹੈ। ਉਨ੍ਹਾਂ ਨੂੰ ਡਰ ਸੀ ਕਿ ਇਸ ਨਾਲ ਅਰਾਜਕਤਾ ਅਤੇ ਅਸਥਿਰਤਾ ਦਾ ਬੂਹਾ ਖੁੱਲ੍ਹ ਜਾਵੇਗਾ ਅਤੇ ਈਰਾਨ ਨੂੰ ਆਪਣਾ ਪ੍ਰਭਾਵ ਵਧਾਉਣ ਦਾ ਮੌਕਾ ਮਿਲੇਗਾ। ਉਨ੍ਹਾਂ ਦਾ ਇਹ ਖਦਸ਼ਾ ਕਾਫੀ ਹੱਦ ਤੱਕ ਸਹੀ ਸਾਬਿਤ ਹੋਇਆ।"
ਪਿਨਫੋਲਡ ਕਹਿੰਦੇ ਹਨ ਕਿ ਹੁਣ ਖਾੜੀ ਮੁਲਕਾਂ ਨੂੰ ਡਰ ਹੈ ਕਿ ਅਮਰੀਕਾ ਬਿਨਾਂ ਸਪੱਸ਼ਟ ਟੀਚੇ ਦੇ "ਖੁੱਲ੍ਹਾ ਅਭਿਆਨ" ਚਲਾ ਰਿਹਾ ਹੈ ਅਤੇ ਬਾਅਦ 'ਚ ਖੇਤਰ ਨੂੰ "ਸਮੱਸਿਆਵਾਂ ਦੇ ਨਾਲ ਛੱਡ ਦੇਵੇਗਾ।"
ਹਾਲਾਂਕਿ ਅਮਰੀਕਾ ਅਤੇ ਇਜ਼ਰਾਇਲ ਦੀ ਇਸ ਜੰਗ ਨੂੰ ਲੈਕੇ ਖਾੜੀ ਮੁਲਕਾਂ 'ਚ ਨਰਾਜ਼ਗੀ ਹੈ ਫਿਰ ਵੀ ਉਹ ਅਮਰੀਕੀ ਫੌਜੀ ਸੁਰੱਖਿਆ 'ਤੇ ਕਾਫੀ ਨਿਰਭਰ ਹਨ।
ਉਹ ਅਮਰੀਕੀ ਫੌਜੀ ਟਿਕਾਣਿਆਂ ਅਤੇ ਫੌਜੀਆਂ ਦੀ ਮੇਜ਼ਬਾਨੀ ਕਰਦੇ ਹਨ। ਖੂਫੀਆ ਜਾਣਕਾਰੀ ਸਾਂਝੀ ਕਰਦੇ ਹਨ ਅਤੇ ਅਮਰੀਕੀ ਏਅਰ ਡਿਫੈਂਸ ਪ੍ਰਣਾਲੀਆਂ 'ਤੇ ਬਹੁਤ ਜ਼ਿਆਦਾ ਨਿਰਭਰ ਰਹਿੰਦੇ ਹਨ।
ਖਾੜੀ ਅਧਿਕਾਰੀਆਂ ਮੁਤਾਬਕ, ਇਨ੍ਹਾਂ ਏਅਰ ਡਿਫੈਂਸ ਪ੍ਰਣਾਲੀਆਂ ਨੇ ਈਰਾਨ ਦੇ ਜ਼ਿਆਦਾਤਰ ਮਿਜ਼ਾਇਲ ਹਮਲਿਆਂ ਨੂੰ ਰੋਕ ਦਿੱਤਾ ਹੈ।
ਪਿਨਫੋਲਡ ਕਹਿੰਦੇ ਹਨ,"ਸਿਆਸੀ ਪੱਧਰ 'ਤੇ ਸਵਾਲ ਉੱਠਣ ਦੇ ਬਾਵਜੂਦ, ਫੌਜੀ ਪੱਧਰ 'ਤੇ ਇਹ ਸਬੰਧ ਮਜਬੂਤ ਸਾਬਿਤ ਹੋਇਆ ਹੈ।"
ਪਿਛਲੇ ਮਹੀਨੇ ਹਮਲੇ ਸ਼ੁਰੂ ਕਰਨ ਤੋਂ ਬਾਅਦ, ਅਮਰੀਕਾ ਨੇ ਆਪਣੇ ਫੌਜੀ ਅਭਿਆਨ ਦੇ ਵੱਖ-ਵੱਖ ਮਕਸਦ ਦੱਸੇ ਹਨ, ਜਿਨ੍ਹਾਂ 'ਚ ਈਰਾਨ ਦੀ ਪਰਮਾਣੂ ਹਥਿਆਰ ਬਣਾਉਣ ਦੀ ਸਮਰਥਾ ਖਤਮ ਕਰਨ ਤੋਂ ਲੈਕੇ ਸੱਤਾ ਪਰਿਵਰਤਨ ਤੱਕ ਸ਼ਾਮਿਲ ਹਨ।
ਫਿਰ ਵੀ ਖਾੜੀ ਲੀਡਰਾਂ ਦਾ ਮੰਨਣਾ ਹੈ ਕਿ ਹਮਲਿਆਂ ਨੂੰ ਰੋਕਣ ਦਾ ਇਕਲੌਤਾ ਰਾਹ ਕੂਟਨੀਤੀ ਹੈ।
"ਇਹ ਯਕੀਨੀ ਬਣਾਉਣ ਦਾ ਇੱਕ ਹੀ ਤਰੀਕਾ ਹੈ ਕਿ ਉਨ੍ਹਾਂ 'ਤੇ ਹਮਲਾ ਨਾ ਹੋਵੇ ਅਤੇ ਉਹ ਹੈ ਕਿਸੇ ਸਮਝੌਤੇ ਤੱਕ ਪਹੁੰਚਣਾ।"
ਵੰਡੇ ਹੋਏ ਖੇਤਰੀ ਸਮੀਕਰਨ

ਤਸਵੀਰ ਸਰੋਤ, Reuters
ਪਿਨਫੋਲਡ ਮੁਤਾਬਕ, ਈਰਾਨ ਨੇ ਸਾਰੇ ਖਾੜੀ ਮੁਲਕਾਂ ਨੂੰ "ਇੱਕ ਜਿਹੀ ਤੀਬਰਤਾ" ਨਾਲ ਨਿਸ਼ਾਨਾ ਨਹੀਂ ਬਣਾਇਆ ਹੈ ਜੋ ਉਨ੍ਹਾਂ ਦੇ ਆਪਸੀ ਸਬੰਧਾਂ ਨੂੰ ਦਿਖਾਉਂਦਾ ਹੈ।
ਸੰਯੁਕਤ ਅਰਬ ਅਮੀਰਾਤ ਇਸ ਜੰਗ 'ਚ ਸਭ ਤੋਂ ਵੱਧ ਹਮਲੇ ਝੱਲਣ ਵਾਲੇ ਮੁਲਕਾਂ 'ਚੋਂ ਇੱਕ ਰਿਹਾ ਹੈ।
ਸਾਲ 2020 'ਚ ਉਸਨੇ ਅਤੇ ਬਹਿਰੀਨ ਨੇ ਇਜ਼ਰਾਇਲ ਦੇ ਨਾਲ ਸਬੰਧ ਸੁਧਾਰ ਲਏ ਸਨ।
ਇਸਦੇ ਉਲਟ ਓਮਾਨ, ਜੋ ਈਰਾਨ ਅਤੇ ਪੱਛਮ ਵਿਚਾਲੇ ਵਿਚੋਲਗੀ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ, ਉਸਨੂੰ ਘੱਟ ਨਿਸ਼ਾਨਾ ਬਣਾਇਆ ਗਿਆ ਹੈ।

ਤਸਵੀਰ ਸਰੋਤ, AFP via Getty Images
ਪਿਨਫੋਲਡ ਕਹਿੰਦੇ ਹਨ, "ਓਮਾਨ ਇਕਲੌਤਾ ਖਾੜੀ ਮੁਲਕ ਸੀ ਜਿਸ ਨੇ ਈਰਾਨ ਦੇ ਨਵੇਂ ਸਰਬਉੱਚ ਲੀਡਰ (ਮੋਜਤਬਾ ਖਾਮੇਨੇਈ) ਨੂੰ ਵਧਾਈ ਦਿੱਤੀ। ਇਹ ਹੋਰਨਾਂ ਖਾੜੀ ਮੁਲਕਾਂ ਨੂੰ ਪਸੰਦ ਨਹੀਂ ਆਇਆ।"
ਦੁਬਈ ਪਬਲਿਕ ਪਾਲਿਸੀ ਰਿਸਰਚ ਸੈਂਟਰ ਦੇ ਡਾਇਰੈਕਟਰ ਜਨਰਲ ਬਹਾਰੂਨ ਦਾ ਕਹਿਣਾ ਹੈ, "ਈਰਾਨ ਖਾੜੀ ਮੁਲਕਾਂ ਨੂੰ ਆਪਣੇ ਖਿਲਾਫ ਇੱਕ ਵੱਡੇ ਗਠਜੋੜ ਵੱਲ ਧੱਕ ਰਿਹਾ ਹੈ। ਖਾੜੀ ਮੁਲਕਾਂ 'ਤੇ ਹਮਲੇ ਕਰ ਉਹ ਉਨ੍ਹਾਂ ਨੂੰ ਦੁਸ਼ਮਣ ਬਣਾ ਰਿਹਾ ਹੈ ਅਤੇ ਇੱਕ ਵੱਡੀ ਜੰਗ ਦਾ ਖਤਰਾ ਵੱਧ ਰਿਹਾ ਹੈ, ਜੋ ਕੋਈ ਨਹੀਂ ਚਾਹੁੰਦਾ।"
ਪਿਛਲੇ ਹਫਤੇ ਬੁੱਧਵਾਰ ਨੂੰ ਸਾਊਦੀ ਅਰਬ 'ਚ ਖਾੜੀ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਬਾਅਦ, ਅਰਬ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਦੇ ਆਰਟੀਕਲ 51 ਦੇ ਤਹਿਤ ਆਤਮ ਰੱਖਿਆ ਦੇ ਆਪਣੇ ਅਧਿਕਾਰ 'ਤੇ ਜ਼ੋਰ ਦਿੱਤਾ।
ਜਵਾਬੀ ਕਾਰਵਾਈ ਦੀ ਵਜ੍ਹਾ ਕੀ ਬਣ ਸਕਦੀ ਹੈ ?

ਤਸਵੀਰ ਸਰੋਤ, Reuters
ਯੂਕੇ ਦੇ ਥਿੰਕ ਟੈਂਕ ਆਰਯੂਐਸਆਈ ਦੇ ਸੀਨੀਅਰ ਐਸੋਸੀਏਟ ਫੇਲੋ ਡਾ. ਐਚਏ ਹੇਲੀਅਰ ਕਹਿੰਦੇ ਹਨ, "ਖਾਸ ਤੌਰ 'ਤੇ ਜੇਕਰ ਊਰਜਾ ਸਪਲਾਈ 'ਤੇ ਹਮਲੇ ਜਾਰੀ ਰਹਿੰਦੇ ਹਨ ਜਾਂ ਵਧਦੇ ਹਨ ਤਾਂ ਰਣਨੀਤਕ ਗਣਿਤ ਤੇਜ਼ੀ ਨਾਲ ਬਦਲ ਸਕਦਾ ਹੈ। ਫਿਲਹਾਲ ਖਾੜੀ ਦੇਸ਼ ਜਵਾਬੀ ਕਾਰਵਾਈ ਤੋਂ ਬਚ ਰਹੇ ਹਨ।"
ਉਨ੍ਹਾਂ ਮੁਤਾਬਕ, ਊਰਜਾ ਟਿਕਾਣਿਆਂ 'ਤੇ ਵੱਡਾ ਹਮਲਾ ਇਸ ਸੋਚ ਨੂੰ ਬਦਲ ਸਕਦਾ ਹੈ।
ਪਿਛਲੇ ਹਫ਼ਤੇ ਵੀਰਵਾਰ ਨੂੰ ਕਤਰ ਦੇ ਰਾਸ ਲਾਫਾਨ ਊਰਜਾ ਕੰਪਲੈਕਸ 'ਤੇ ਹਮਲਾ ਕਰਨ ਤੋਂ ਬਾਅਦ, ਈਰਾਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਸਦੇ ਟਿਕਾਣਿਆਂ 'ਤੇ ਹਮਲੇ ਜਾਰੀ ਰਹੇ ਤਾਂ ਉਹ ਅਮਰੀਕਾ ਦੇ ਖਾੜੀ ਸਹਿਯੋਗੀ ਨੂੰ "ਪੂਰੀ ਤਰ੍ਹਾਂ ਤਬਾਹ" ਕਰ ਦੇਵੇਗਾ।

ਖਾੜੀ ਮੁਲਕਾਂ ਦੇ ਰੁਖ਼ 'ਚ ਬਦਲਾਅ ਉਦੋਂ ਵੀ ਆ ਸਕਦਾ ਹੈ, ਜਦੋਂ ਈਰਾਨ ਦੇ ਖੇਤਰੀ ਸਹਿਯੋਗੀ ਸਿੱਧਾ ਉਸਨੂੰ ਨਿਸ਼ਾਨਾ ਬਣਾਉਣ।
ਪਿਨਫੋਲਡ ਕਹਿੰਦੇ ਹਨ, "ਜੇਕਰ ਹੂਤੀ ਉਨ੍ਹਾਂ 'ਤੇ ਹਮਲਾ ਕਰਦੇ ਹਨ ਤਾਂ ਇਹ ਇੱਕ ਨਵਾਂ ਮੋਰਚਾ ਖੋਲ੍ਹ ਦੇਵੇਗਾ।"
ਅਜਿਹੀ ਸਥਿਤੀ 'ਚ ਖਾੜੀ ਮੁਲਕ ਇਸ ਸੰਘਰਸ਼ ਨੂੰ ਸਿਰਫ਼ ਅਮਰੀਕਾ ਅਤੇ ਇਜ਼ਰਾਇਲ ਦਾ ਨਹੀਂ ਬਲਕਿ ਆਪਣਾ ਵੀ ਮੰਨ ਸਕਦੇ ਹਨ।
ਕਿਸੇ ਵੀ ਸਥਿਤੀ 'ਚ, ਭਾਵੇਂ ਹੁਣ ਤੱਕ ਖਾੜੀ ਮੁਲਕਾਂ ਨੇ ਜਵਾਬੀ ਕਾਰਵਾਈ ਨਹੀਂ ਕੀਤੀ ਹੈ, ਪਿਨਫੋਲਡ ਮੁਤਾਬਕ ਈਰਾਨ ਦੀ ਰਣਨੀਤੀ "ਬੇਹੱਦ ਜ਼ੋਖਮ ਭਰੀ" ਹੈ।
ਉਹ ਕਹਿੰਦੇ ਹਨ, "ਈਰਾਨ ਖਾੜੀ ਮੁਲਕਾਂ ਨਾਲ ਆਪਣੇ ਸਾਰੇ ਸਬੰਧ ਖਤਮ ਕਰ ਰਿਹਾ ਹੈ, ਜੋ ਦਿਖਾਉਂਦਾ ਹੈ ਕਿ ਉਹ ਇਸ ਸੰਘਰਸ਼ ਨੂੰ ਕਿੰਨਾ ਗੰਭੀਰ ਮੰਨਦਾ ਹੈ।"

ਤਸਵੀਰ ਸਰੋਤ, Reuters
ਹੇਲੀਅਰ ਦਾ ਕਹਿਣਾ ਹੈ ਕਿ ਖਾੜੀ ਮੁਲਕ ਅਖੀਰਲੇ ਸਮੇਂ ਤੱਕ ਹਮਲੇ ਬਰਦਾਸ਼ਤ ਨਹੀਂ ਕਰਨਗੇ, ਖਾਸ ਤੌਰ 'ਤੇ ਨਿਸ਼ਾਨਾ ਜਦੋਂ ਨਾਗਰਿਕ ਖੇਤਰ ਹੋਣ।
ਅੰਤ 'ਚ ਉਨ੍ਹਾਂ ਦਾ ਮੰਨਣਾ ਹੈ ਕਿ ਖਾੜੀ ਮੁਲਕਾਂ 'ਤੇ ਦਬਾਅ ਬਣਾਉਣ ਦੀ ਈਰਾਨ ਦੀ ਰਣਨੀਤੀ ਪੁੱਠੀ ਪੈ ਸਕਦੀ ਹੈ।
"ਉਹ ਇਹ ਫੈਸਲਾ ਕਰ ਸਕਦੇ ਹਨ ਕਿ ਭਾਵੇਂ ਹੀ ਉਨ੍ਹਾਂ ਨੇ ਸ਼ੁਰੂਆਤ 'ਚ ਅਮਰੀਕਾ-ਇਜ਼ਰਾਇਲ ਜੰਗ ਦਾ ਵਿਰੋਧ ਕੀਤਾ ਹੋਵੇ, ਪਰ ਹੁਣ ਉਨ੍ਹਾਂ ਦੀ ਆਪਣੀ ਸੁਰੱਖਿਆ ਖਤਰੇ 'ਚ ਹੈ ਅਤੇ ਤੁਰੰਤ ਖਤਰੇ ਨੂੰ ਖਤਮ ਕਰਨ ਲਈ ਅਮਰੀਕਾ ਦਾ ਸਾਥ ਦੇਣਾ ਜ਼ਿਆਦਾ ਢੁੱਕਵਾਂ ਹੋਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































