ਸੋਨਾ ਮਿਲਣ ਦੀ ਆਸ 'ਚ ਹਜ਼ਾਰਾਂ ਲੋਕ ਇਸ ਮੁਲਕ 'ਚ ਜ਼ਮੀਨ ਪੁੱਟਣ 'ਚ ਲੱਗੇ

ਦੱਖਣੀ ਅਫਰੀਕਾ

ਤਸਵੀਰ ਸਰੋਤ, EPA/Shutterstock

ਤਸਵੀਰ ਕੈਪਸ਼ਨ, ਦੱਖਣੀ ਅਫਰੀਕਾ ਦੇ ਸਪ੍ਰਿੰਗਸ ਇਲਾਕੇ ਨੇੜੇ ਲੋਕ ਸੋਨਾ ਲੱਭਣ ਦੀ ਕੋਸ਼ਿਸ਼ 'ਚ ਖੁਦਾਈ ਕਰਦੇ ਹੋਏ
    • ਲੇਖਕ, ਨੋਮਸਾ ਮਾਸੇਕੋ
    • ...ਤੋਂ, ਸਪ੍ਰਿੰਗਸ
    • ਲੇਖਕ, ਰਿਚਰਡ ਕਾਗੋ
    • ਲੇਖਕ, ਨਤਾਸ਼ਾ ਬੂਟੀ
  • ਪੜ੍ਹਨ ਦਾ ਸਮਾਂ: 5 ਮਿੰਟ

ਦੱਖਣੀ ਅਫਰੀਕਾ ਦੇ ਸ਼ਹਿਰ ਜੋਹਾਨਸਨਬਰਗ ਵਿਖੇ ਉਦੋਂ ਸੋਨਾ ਲੱਭਣ ਦੀ ਹੋੜ ਮਚ ਗਈ ਜਦੋਂ ਕੁਝ ਦਿਨ ਪਹਿਲਾਂ ਇਸ ਇਲਾਕੇ ਤੋਂ ਸੋਨਾ ਲੱਭਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ।

ਮਾਈਨਿੰਗ ਟਾਊਨ ਕਹੇ ਜਾਣ ਵਾਲੇ ਸਪ੍ਰਿੰਗਸ ਦੇ ਪੱਛੜੇ ਜਿਹੇ ਇਲਾਕੇ 'ਚ ਰਹਿੰਦੇ ਇੱਕ ਸ਼ਖਸ ਨੇ ਪਸ਼ੂਆਂ ਦੇ ਵਾੜੇ ਵੱਜੋਂ ਇਸਤੇਮਾਲ ਹੋਣ ਵਾਲੀ ਜ਼ਮੀਨ ਤੋਂ ਖੁਦਾਈ ਦੌਰਾਨ ਸੋਨੇ ਦੇ ਕੁਝ ਟੁੱਕੜੇ ਲੱਭਣ ਦਾ ਦਾਅਵਾ ਕੀਤਾ।

ਸੋਨਾ

ਤਸਵੀਰ ਸਰੋਤ, AFP/Getty Images

ਤਸਵੀਰ ਕੈਪਸ਼ਨ, ਕਦੇ ਸੋਨ ਨਗਰੀ ਵੱਜੋਂ ਜਾਣੇ ਜਾਂਦੇ ਸਪ੍ਰਿੰਗਸ ਸ਼ਹਿਰ ਦੀਆਂ ਸੋਨੇ ਦੀਆਂ ਖਦਾਣਾਂ ਕਈ ਸਾਲ ਪਹਿਲਾਂ ਬੰਦ ਹੋ ਗਈਆਂ ਸਨ

ਇਸ ਦਾਅਵੇ ਤੋਂ ਬਾਅਦ ਦਰਜਨਾਂ ਦੀ ਗਿਣਤੀ 'ਚ ਲੋਕ ਉੱਥੇ ਇਕੱਠੇ ਹੋ ਗਏ ਹਨ ਅਤੇ ਉਸ ਜ਼ਮੀਨ ਦੀ ਖੁਦਾਈ ਕਰਨ ਲੱਗ ਗਏ ਹਨ ਜਿੱਥੇ ਪਹਿਲਾਂ ਪਸ਼ੂ ਬੰਨ੍ਹੇ ਜਾਂਦੇ ਸਨ,ਇਸ ਉਮੀਦ 'ਚ ਕਿ ਸ਼ਾਇਦ ਉਨ੍ਹਾਂ ਨੂੰ ਵੀ ਸੋਨਾ ਲੱਭ ਜਾਵੇ ਅਤੇ ਉਨ੍ਹਾਂ ਦੀ ਕਿਸਮਤ ਚਮਕ ਜਾਵੇ।

ਖੁਦਾਈ ਕਰਨ ਵਾਲੇ ਔਜ਼ਾਰਾਂ ਨਾਲ ਨਜ਼ਰ ਆ ਰਹੇ ਲੋਕਾਂ ਦੀਆਂ ਇਹ ਤਸਵੀਰਾਂ ਉਨ੍ਹਾਂ ਦਿਨਾਂ ਦੀ ਯਾਦ ਦਵਾਉਂਦੀਆਂ ਹਨ ਜਦੋਂ ਦਹਾਕਿਆਂ ਪਹਿਲਾਂ ਅਜਿਹੇ ਹੀ ਨਜ਼ਾਰੇ ਨੇ ਇਸ ਸ਼ਹਿਰ ਨੂੰ ਦੱਖਣੀ ਅਫ਼ਰੀਕਾ ਦੀ ਵਿੱਤੀ ਰਾਜਧਾਨੀ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ।

ਸੋਨਾ

ਤਸਵੀਰ ਸਰੋਤ, AFP/Getty Images

ਤਸਵੀਰ ਕੈਪਸ਼ਨ, ਕੁਝ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਸੋਨਾ ਲੱਭਿਆ ਹੈ

ਸਪ੍ਰਿੰਗਸ ਸ਼ਹਿਰ ਕਦੇ ਸੋਨੇ ਦੀਆਂ ਖਾਣਾਂ ਲਈ ਜਾਣਿਆ ਜਾਂਦਾ ਸੀ ਪਰ ਕਈ ਸਾਲ ਪਹਿਲਾਂ ਇਹ ਖਦਾਣਾਂ ਬੰਦ ਕਰ ਦਿੱਤੀਆਂ ਗਈਆਂ ਸਨ ਕਿਉਂਕਿ ਹੱਦੋਂ ਵੱਧ ਖੁਦਾਈ ਹੋਣ ਕਾਰਨ ਇਹ ਧੰਦਾ ਮੁਨਾਫ਼ੇ ਦਾ ਨਹੀਂ ਰਿਹਾ ਸੀ।

ਹੁਣ ਇਹ ਸ਼ਹਿਰ ਕਈ ਅਸਥਾਈ ਬਸਤੀਆਂ ਨਾਲ ਘਿਰਿਆ ਹੋਇਆ ਹੈ ਜਿੱਥੇ ਰਹਿਣ ਵਾਲਿਆਂ ਵਿੱਚ ਜ਼ਿਆਦਾਤਰ ਲੋਕ ਗੁਆਂਢੀ ਦੇਸ਼ਾਂ ਤੋਂ ਆਏ ਪਰਵਾਸੀ ਹਨ।

ਸੋਨਾ

ਤਸਵੀਰ ਸਰੋਤ, EPA/Shutterstock

ਤਸਵੀਰ ਕੈਪਸ਼ਨ, ਇੱਕ ਸ਼ਖਸ ਸੋਨੇ ਦੇ ਟੁੱਕੜੇ ਲੱਭਣ ਲਈ ਪਲੇਟ ਦਾ ਇਸਤੇਮਾਲ ਕਰਦਾ ਹੋਇਆ

ਦੱਖਣੀ ਅਫਰੀਕਾ ਦੇ ਖਣਿਜ ਸੰਸਾਧਨ ਵਿਭਾਗ ਨੇ ਇਸ ਹਫ਼ਤੇ ਸਪ੍ਰਿੰਗਸ ਦੀ ਅਸਥਾਈ ਬਸਤੀ ਗੁਗੂਲੇਥੂ ਵਿੱਚ ਹੋਈ ਅਥਾਹ ਖੁਦਾਈ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਇਸਨੂੰ ਗ਼ੈਰ-ਕਾਨੂੰਨੀ ਦੱਸਦਿਆਂ ਚਿਤਾਵਨੀ ਦਿੱਤੀ ਹੈ ਕਿ ਇਹ ਵਾਤਾਵਰਨ ਲਈ ਨੁਕਸਾਨਦਾਇਕ ਹੈ।

ਇਸ ਜ਼ਮੀਨ 'ਤੇ ਖੁਦਾਈ ਕਰ ਰਹੇ ਕੁਝ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਸੋਨਾ ਮਿਲਣ 'ਚ ਕਾਮਯਾਬੀ ਹਾਸਲ ਹੋਈ ਹੈ ਅਤੇ ਉਨ੍ਹਾਂ ਇਸਨੂੰ ਕਾਲੇ ਬਾਜ਼ਾਰ 'ਚ ਵੇਚਿਆ ਹੈ।

ਸੋਨਾ

ਤਸਵੀਰ ਸਰੋਤ, Thuthuka Zondi/BBC

ਤਸਵੀਰ ਕੈਪਸ਼ਨ, ਸਿਰਫ਼ ਇੱਕ ਗ੍ਰਾਮ ਸੋਨੇ ਦੀ ਕੀਮਤ 100 ਡਾਲਰ ਦੇ ਕਰੀਬ ਹੁੰਦੀ ਹੈ।

ਸੋਨੇ ਨੂੰ ਧਾਤੂ ਤੋਂ ਵੱਖ ਕਰਨ ਲਈ ਮਰਕਰੀ ਅਤੇ ਸੋਡੀਅਮ ਸਾਇਨਾਈਡ ਵਰਗੇ ਰਸਾਇਣਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਇੱਕ ਸ਼ਖਸ ਨੇ ਆਪਣਾ ਨਾਂਅ ਉਜਾਗਰ ਨਾ ਕਰਨ ਦੀ ਸ਼ਰਤ 'ਤੇ ਬੀਬੀਸੀ ਨੂੰ ਕਿਹਾ, "ਅਸੀਂ ਜਾਣਦੇ ਹਾਂ ਕਿ ਇਹ ਗੈਰ-ਕਾਨੂੰਨੀ ਹੈ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਖੁਦਾਈ ਦੀ ਇਜਾਜ਼ਤ ਦੇਵੇ ਤਾਂ ਜੋ ਅਸੀਂ ਕੰਮ ਕਰ ਸਕੀਏ ਅਤੇ ਸਰਕਾਰ ਨੂੰ ਬਣਦਾ ਟੈਕਸ ਦੇ ਸਕੀਏ।"

ਉਸ ਨੇ ਦੱਸਿਆ ਕਿ ਦੋ ਬੱਚਿਆਂ ਦਾ ਪਿਤਾ ਹੋਣ ਦੇ ਨਾਤੇ ਉਨ੍ਹਾਂ ਦੀ ਪੜ੍ਹਾਈ ਅਤੇ ਘਰ ਦਾ ਖਰਚ ਚੁੱਕਣ ਲਈ ਉਸਨੂੰ ਪੈਸਿਆਂ ਦੀ ਲੋੜ ਹੈ।

ਸੋਨਾ

ਤਸਵੀਰ ਸਰੋਤ, Thuthuka Zondi/BBC

ਤਸਵੀਰ ਕੈਪਸ਼ਨ, ਤਸਵੀਰ 'ਚ ਨਜ਼ਰ ਆ ਰਿਹਾ ਇਹ ਸ਼ਖਸ ਮਿੱਟੀ ਚੋਂ ਸੋਨਾ ਲੱਭਣ ਦੀ ਕੋਸ਼ਿਸ਼ ਕਰ ਰਿਹਾ

ਇੱਕ ਹੋਰ ਸ਼ਖਸ ਨੇ ਬੀਬੀਸੀ ਨੂੰ ਦੱਸਿਆ, "ਪੈਸੇ ਕਮਾਉਣ ਦਾ ਸਾਨੂੰ ਸਿਰਫ਼ ਇਹੀ ਤਰੀਕਾ ਪਤਾ ਹੈ। ਇਸ ਧੰਦੇ ਨੇ ਸਾਡੇ ਵਰਗੇ ਕਈਆਂ ਨੂੰ ਗੰਭੀਰ ਅਤੇ ਹਿੰਸਕ ਅਪਰਾਧ ਦੀ ਦੁਨੀਆ ਤੋਂ ਦੂਰ ਰੱਖਣ 'ਚ ਮਦਦ ਕੀਤੀ ਹੈ।"

ਇੱਕ ਗ੍ਰਾਮ ਸੋਨੇ ਦੀ ਕੀਮਤ ਕਰੀਬ 100 ਡਾਲਰ (74 ਪੌਂਡ) ਹੁੰਦੀ ਹੈ।

ਜਦੋਂਕਿ ਦੱਖਣੀ ਅਫ਼ਰੀਕਾ ਵਿੱਚ ਘੱਟੋ-ਘੱਟ ਮਹੀਨਾਵਾਰ ਆਮਦਨ ਹੀ 368 ਡਾਲਰ (270 ਪੌਂਡ) ਹੈ।

ਸੋਨਾ ਲੱਭਣ ਦੀ ਪ੍ਰਕਿਰਿਆ

ਤਸਵੀਰ ਸਰੋਤ, Thuthuka Zondi/BBC

ਤਸਵੀਰ ਕੈਪਸ਼ਨ, ਪਾਣੀ ਤੇ ਮਿੱਟੀ ਦੇ ਨਾਲ-ਨਾਲ ਇਸ ਪੈਨ 'ਚ ਸੋਨੇ ਦੇ ਛੋਟੇ-ਛੋਟੇ ਟੁੱਕੜੇ ਵੇਖੇ ਜਾ ਸਕਦੇ ਹਨ

ਬੀਬੀਸੀ ਟੀਮ ਜਦੋਂ ਮੌਕੇ 'ਤੇ ਪਹੁੰਚੀ ਤਾਂ ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਅਸਲ 'ਚ ਗੁਆਂਢੀ ਦੇਸ਼ ਲਿਸੋਥੋ ਦੇ ਰਹਿਣ ਵਾਲੇ ਹਨ।

ਸਥਾਨਕ ਸਮੇਂ ਮੁਤਾਬਕ ਕਰੀਬ 2 ਵਜੇ ਸਕੂਲ ਦੀ ਛੁੱਟੀ ਤੋਂ ਬਾਅਦ ਬੱਚੇ ਵੀ ਇਸ ਜ਼ਮੀਨ 'ਤੇ ਪਹੁੰਚ ਰਹੇ ਸਨ।

ਉਨ੍ਹਾਂ ਪਹਿਲਾਂ ਘਰ ਜਾ ਕੇ ਕੱਪੜੇ ਬਦਲੇ ਅਤੇ ਫਿਰ ਸਿੱਧਾ ਜ਼ਮੀਨ ਦੀ ਖੁਦਾਈ 'ਚ ਆਪਣੇ ਮਾਤਾ-ਪਿਤਾ ਦੀ ਮਦਦ ਕਰਨ ਪਹੁੰਚ ਗਏ।

ਸੋਨਾ

ਤਸਵੀਰ ਸਰੋਤ, Thuthuka Zondi/BBC

ਤਸਵੀਰ ਕੈਪਸ਼ਨ, ਤਸਵੀਰ 'ਚ ਨਜ਼ਰ ਆ ਰਿਹਾ ਇਹ ਸ਼ਖਸ ਪਸ਼ੂ ਚਾਰਨ ਵਾਲੀ ਜ਼ਮੀਨ 'ਤੇ ਖੁਦਾਈ ਕਰ ਰਿਹਾ

ਸਾਈਟ ਦਾ ਦੌਰਾ ਕਰਦੇ ਸਮੇਂ ਬੀਬੀਸੀ ਟੀਮ ਨੇ ਵੇਖਿਆ ਕਿ ਉੱਥੇ ਜ਼ਿਆਦਾਤਰ ਜ਼ਮੀਨ ਉੱਬੜ-ਖਾਬੜ ਹੋ ਚੁੱਕੀ ਸੀ।

ਮੰਗਲਵਾਰ ਨੂੰ ਮਾਈਨਿੰਗ ਮੰਤਰਾਲੇ ਵੱਲੋਂ ਜਾਰੀ ਚਿਤਾਵਨੀ 'ਚ ਕਿਹਾ ਗਿਆ, "ਬੇਤਰਤੀਬੇ ਢੰਗ ਨਾਲ ਕੀਤੀ ਜਾ ਰਹੀ ਖੁਦਾਈ ਜ਼ਮੀਨ ਨੂੰ ਅਸਥਿਰ ਬਣਾ ਰਹੀ ਹੈ ਜਿਸ ਨਾਲ ਆਸ-ਪਾਸ ਰਹਿੰਦੇ ਲੋਕਾਂ, ਖ਼ਾਸ ਤੌਰ 'ਤੇ ਬੱਚਿਆਂ ਦੇ ਜਾਨੀ ਨੁਕਸਾਨ ਦਾ ਖਤਰਾ ਵੱਧ ਰਿਹਾ।"

ਦੱਖਣੀ ਅਫ਼ਰੀਕਾ 'ਚ ਗੈਰ-ਕਾਨੂੰਨੀ ਮਾਈਨਿੰਗ ਆਮ ਗੱਲ ਹੈ, ਪਿਛਲੇ ਕਈ ਸਾਲਾਂ ਦੌਰਾਨ ਅਸੁਰੱਖਿਅਤ ਹਾਲਾਤਾਂ 'ਚ ਕੰਮ ਕਰਨ ਕਰਕੇ ਕਈ ਲੋਕ ਆਪਣੀਆਂ ਜਾਨਾਂ ਵੀ ਗਵਾ ਚੁੱਕੇ ਹਨ।

ਸੋਨਾ ਲੱਭਦੇ ਲੋਕ

ਤਸਵੀਰ ਸਰੋਤ, EPA/Shutterstock

ਤਸਵੀਰ ਕੈਪਸ਼ਨ, ਦਰਜਨਾਂ ਲੋਕ ਇੱਥੇਸੋਨਾ ਮਿਲਣ ਦੀ ਆਸ ਵਿੱਚ ਆ ਰਹੇ ਹਨ

ਪਿਛਲੇ ਹਫ਼ਤੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਕਿਹਾ ਸੀ ਕਿ ਦੇਸ਼ ਨੂੰ ਅਪਰਾਧੀ ਗੈਂਗਸ ਅਤੇ ਗੈਰ-ਕਾਨੂੰਨੀ ਮਾਈਨਿੰਗ ਤੋਂ ਮੁਕਤ ਕਰਨ 'ਚ ਜੁਟੀ ਪੁਲਿਸ ਦਾ ਸਾਥ ਦੇਣ ਲਈ ਫੌਜ ਨੂੰ ਵੀ ਤੈਨਾਤ ਕਰਨਗੇ।

ਅਧਿਕਾਰੀ ਇਲਜ਼ਾਮ ਲਗਾਉਂਦੇ ਹਨ ਕਿ ਗ਼ੈਰ-ਕਾਨੂੰਨੀ ਖਾਣ ਮਜ਼ਦੂਰ, ਜਿਨ੍ਹਾਂ ਨੂੰ 'ਜ਼ਾਮਾ ਜ਼ਾਮਾਸ' ਕਿਹਾ ਜਾਂਦਾ, ਉਹ ਹਥਿਆਰਬੰਦ, ਬਿਨਾਂ ਦਸਤਾਵੇਜ਼ਾਂ ਵਾਲੇ ਵਿਦੇਸ਼ੀ ਨਾਗਰਿਕ ਹਨ ਜੋ ਸੰਗਠਿਤ ਅਪਰਾਧਿਕ ਗਿਰੋਹਾਂ ਨਾਲ ਜੁੜੇ ਹੁੰਦੇ ਹਨ।

ਜ਼ਮੀਨ

ਤਸਵੀਰ ਸਰੋਤ, Thuthuka Zondi/BBC

ਤਸਵੀਰ ਕੈਪਸ਼ਨ, ਪਸ਼ੂਆਂ ਨੂੰ ਚਾਰਨ ਲਈ ਇਸਤੇਮਾਲ ਹੋਣ ਵਾਲੀ ਜ਼ਮੀਨ 'ਤੇ ਹੁਣ ਡੂੰਘੇ ਟੋਏ ਨਜ਼ਰ ਆ ਰਹੇ ਹਨ

ਹਾਲਾਂਕਿ ਸਪ੍ਰਿੰਗਸ 'ਚ ਇਸ ਸਭ ਕੁਝ ਵਾਪਰ ਰਿਹਾ, ਇਸ ਬਾਰੇ ਅਧਿਕਾਰਤ ਤੌਰ 'ਤੇ ਕੋਈ ਸੰਕੇਤ ਨਹੀਂ ਮਿਲਦਾ।

ਸਹਿਯੋਗੀ ਰਿਪੋਰਟਿੰਗ: ਥੁਥੂਕਾ ਜ਼ੋਂਡੀ ਅਤੇ ਵਾਈਕਲਿੱਫ ਮੁਇਆ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)