ਬਿਸਕੁਟ, ਬ੍ਰੈਡ ਜਾਂ ਹੋਰ ਅਲਟਰਾ-ਪ੍ਰੋਸੈਸਡ ਖਾਣੇ ਦੇ ਸ਼ੌਕੀਨ ਹੋ ਤਾਂ ਜਾਣੋ ਅਜਿਹੇ ਭੋਜਨ ਪੇਟ ਦੀਆਂ ਆਂਦਰਾਂ ਲਈ ਕਿਵੇਂ ਨੁਕਸਾਨਦੇਹ ਹੋ ਸਕਦੇ ਹਨ?

ਤਸਵੀਰ ਸਰੋਤ, Getty Images
- ਲੇਖਕ, ਮੇਲਿਸਾ ਹੋਗਨਬੂਮ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 8 ਮਿੰਟ
ਪ੍ਰੋਸੈਸਡ ਖਾਣੇ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਲਈ ਜੋ ਐਡੀਟਿਵ ਉਸ ਵਿੱਚ ਸ਼ਾਮਲ ਕੀਤੇ ਜਾਂਦੇ ਹਨ, ਉਹ ਸਾਡੀਆਂ ਆਂਦਰਾਂ ਵਿੱਚ ਰਹਿੰਦੇ ਜੀਵਾਣੂਆਂ ਦੀ ਸਿਹਤ 'ਤੇ ਅਚਾਨਕ ਅਸਰ ਪਾ ਸਕਦੇ ਹਨ।
ਸਾਡੇ ਹਰ ਇੱਕ ਦੇ ਅੰਦਰ ਖਰਬਾਂ ਕੋਸ਼ਿਕਾਵਾਂ ਦੀ ਇੱਕ ਸਰਗਰਮ ਕਮਿਊਨਿਟੀ ਹੁੰਦੀ ਹੈ, ਜੋ ਸਾਡੀ ਸਿਹਤ ਦੇ ਕਈ ਪੱਖਾਂ ਨੂੰ ਪ੍ਰਭਾਵਿਤ ਕਰਦੀ ਹੈ। ਅਸੀਂ ਇਸ ਨੂੰ ਆਪਣਾ "ਮਾਈਕ੍ਰੋਬਾਇਓਮ" ਕਹਿੰਦੇ ਹਾਂ।
ਡੀਕਿਨ ਯੂਨੀਵਰਸਿਟੀ ਦੀ ਪੋਸ਼ਣ ਸਬੰਧੀ ਵਿਗਿਆਨੀ ਮੇਲਿਸਾ ਲੇਨ ਕਹਿੰਦੀ ਹੈ, "ਤੁਸੀਂ ਗਟ ਦੇ ਵਖਰੇਵਿਆਂ ਨੂੰ ਇੱਕ ਜੰਗਲ ਵਾਂਗ ਸਮਝ ਸਕਦੇ ਹੋ। ਜਿੰਨੇ ਵੱਧ ਜੀਵਾਣੂ ਅਤੇ ਜਿੰਨੀਆਂ ਵੱਖ-ਵੱਖ ਕਿਸਮਾਂ ਤੁਹਾਡੇ ਇਸ ਜੰਗਲ ਵਿੱਚ ਹੋਣਗੀਆਂ, ਉਨ੍ਹਾਂ ਹੀ ਕਿਸੇ ਵੀ ਬਦਲਾਅ ਦਾ ਸਾਹਮਣਾ ਕਰਨ ਦੀ ਤੁਹਾਡੀ ਸਮਰੱਥਾ ਵੱਧ ਹੋਵੇਗੀ।"
ਵਿਗਿਆਨ ਨੇ ਕਈ ਸਮੇਂ ਪਹਿਲਾਂ ਹੀ ਇਹ ਪੁਸ਼ਟੀ ਕੀਤੀ ਸੀ ਕਿ ਇੱਕ ਸਿਹਤਮੰਦ ਅਤੇ ਵੱਖ-ਵੱਖ ਮਾਈਕ੍ਰੋਬਾਇਓਮ ਸਾਡੀ ਭਲਾਈ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਸਾਡੇ ਮੂਡ ਤੋਂ ਲੈ ਕੇ ਮੈਟਾਬੋਲਿਜ਼ਮ ਅਤੇ ਦਿਮਾਗ਼ ਤੱਕ ਹਰ ਚੀਜ਼ ਨੂੰ ਪ੍ਰਭਾਵਿਤ ਕਰਦਾ ਹੈ।
ਜਿਨ੍ਹਾਂ ਦੀਆਂ ਆਂਦਰਾਂ ਵਿੱਚ ਬੈਕਟੀਰੀਆ ਦੀ ਵਿਭਿੰਨਤਾ ਘੱਟ ਹੁੰਦੀ ਹੈ, ਉਨ੍ਹਾਂ ਨੂੰ ਨੀਂਦ ਦੀਆਂ ਸਮੱਸਿਆਵਾਂ, ਗਟ ਦੀ ਸਿਹਤ ਖ਼ਰਾਬ ਹੋਣ ਅਤੇ ਸੋਜ ਦਾ ਜੋਖ਼ਮ ਵੱਧ ਹੁੰਦਾ ਹੈ, ਜਦਕਿ ਉੱਚ ਵੱਖ-ਵੱਖਤਾ ਲੰਬੀ ਉਮਰ ਨਾਲ ਵੀ ਜੁੜੀ ਹੋਈ ਹੈ।
ਕਿੰਗਜ਼ ਕਾਲਜ ਲੰਡਨ ਦੀ ਪੋਸ਼ਣ ਵਿਗਿਆਨ ਦੀ ਪ੍ਰੋਫੈਸਰ ਸਾਰਾਹ ਬੈਰੀ ਸਮਝਾਉਂਦੇ ਹਨ, "ਇਹ ਪੂਰਾ ਇਕੋਸਿਸਟਮ ਹੈ। ਇਹ ਸਾਡੇ ਸਰੀਰ ਵਿੱਚ ਇੱਕ ਵਾਧੂ ਅੰਗ ਵਾਂਗ ਹੈ।"
ਸਬੂਤ ਦਰਸਾਉਂਦੇ ਹਨ ਕਿ ਪਰ ਕੁਝ ਆਮ ਤੌਰ 'ਤੇ ਖਾਧੇ ਜਾਣ ਵਾਲੇ ਖਾਣੇ ਇਸ ਇਕੋਸਿਸਟਮ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਖ਼ਾਸ ਤੌਰ 'ਤੇ ਅਲਟਰਾ-ਪ੍ਰੋਸੈਸਡ ਫੂਡਜ਼ (ਯੂਪੀਐੱਫਐੱਸ) ਸਾਡੇ ਗਟ ਦੇ ਜੀਵਾਣੂਆਂ ਨੂੰ ਬਦਲ ਸਕਦੇ ਹਨ।
ਇਸ ਦੇ ਕਾਰਨਾਂ ਵਿੱਚੋਂ ਇੱਕ ਵਧਦੀਆਂ ਸੰਭਾਵਨਾਵਾਂ ਇਹ ਹਨ ਕਿ ਸਾਡੇ ਖਾਣੇ ਵਿੱਚ ਕਈ ਐਡੀਟਿਵ ਸ਼ਾਮਲ ਹਨ। ਇਹ ਸੋਚ ਕੇ ਮੈਨੂੰ ਹੈਰਾਨੀ ਹੋਈ ਕਿ ਇਹ ਐਡੀਟਿਵ ਸਾਡੇ ਗਟ 'ਤੇ ਕੀ ਪ੍ਰਭਾਵ ਪਾਉਂਦੇ ਹਨ।
ਅਸੀਂ ਖਾਣੇ ਵਿੱਚ ਕੀ ਸ਼ਾਮਲ ਕਰਦੇ ਹਾਂ
ਜਦੋਂ ਤੁਸੀਂ ਅਗਲੀ ਵਾਰੀ ਬਾਜ਼ਾਰ ਵਿੱਚ ਕਿਸੇ ਭੋਜਨ ਦੀ ਸੂਚੀ ਵੇਖੋ, ਤਾਂ ਤੁਹਾਨੂੰ ਫੁਰਤੀ ਨਾਲ ਪਤਾ ਲੱਗ ਜਾਵੇਗਾ ਕਿ ਸਾਡੇ ਖਾਣੇ ਵਿੱਚ ਕਿੰਨੇ ਡਾਇਟਰੀ ਇਮਲਸੀਫਾਇਰ, ਆਰਟੀਫੀਸ਼ੀਅਲ ਮਿੱਠਾ ਅਤੇ ਫੂਡ ਰੰਗ ਸ਼ਾਮਲ ਕੀਤੇ ਗਏ ਹਨ।
ਇਨ੍ਹਾਂ ਦਾ ਕੰਮ ਹੁੰਦਾ ਹੈ, ਖਾਣੇ ਦਾ ਸਵਾਦ ਵਧਾਉਣਾ, ਕਰੰਚ ਵਧਾਉਣਾ, ਬਣਾਵਟ ਬਦਲਣਾ ਅਤੇ ਸ਼ੈਲਫ਼ ਲਾਈਫ ਲੰਬਾ ਕਰਨਾ।
ਉਦਾਹਰਨ ਵਜੋਂ, ਇੱਕ ਦਿਖਣ ਵਿੱਚ "ਸਿਹਤਮੰਦ" ਚਿਕਨ ਸਲਾਦ ਜੋ ਮੈਂ ਹਾਲ ਹੀ ਵਿੱਚ ਖਰੀਦਿਆ, ਉਸ ਵਿੱਚ ਇੱਕ ਉੱਚ-ਖ਼ਤਰੇ ਵਾਲਾ ਐਡੀਟਿਵ ਸੀ, ਜੋ ਮੈਂ ਖੁਰਾਕੀ ਗੁਣਵੱਤਾ ਜਾਂਚਣ ਵਾਲੀ ਐਪ ਨਾਲ ਸਕੈਨ ਕੀਤਾ।
ਇਸ ਵਿੱਚ ਕਈ ਇਮਲਸੀਫਾਇਰ ਸ਼ਾਮਲ ਸਨ, ਜੋ ਤੇਲ ਅਤੇ ਪਾਣੀ ਨੂੰ ਮਿਲਾਉਣ ਦੀ ਸਹੂਲਤ ਦਿੰਦੇ ਹਨ ਅਤੇ ਆਮ ਤੌਰ 'ਤੇ ਯੂਪੀਐੱਫਐੱਸ ਵਿੱਚ ਮਿਲਦੇ ਹਨ। ਇਹ ਇਮਲਸੀਫਾਇਰ ਸਨ। ਇਹ ਸ਼ੈਲਫ਼ ਲਾਈਫ ਵੀ ਵਧਾਉਂਦੇ ਹਨ।
ਇਮਲਸੀਫਾਇਰ ਬਾਜ਼ਾਰ ਦੀ ਰੋਟੀ ਨੂੰ ਲੰਬੇ ਸਮੇਂ ਤੱਕ ਸਪਾਂਜੀ ਬਣਾਏ ਰੱਖਦੇ ਹਨ ਅਤੇ ਇਹੀ ਕਾਰਨ ਹੈ ਕਿ ਦੁਕਾਨ ਤੋਂ ਖਰੀਦੀ ਕੇਕ ਘਰੇਲੂ ਕੇਕ ਤੋਂ ਲੰਬੇ ਸਮੇਂ ਤੱਕ ਨਮੀ ਵਾਲੀ ਰਹਿੰਦੀ ਹੈ।
ਇੱਕ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕਿ ਯੂਕੇ ਸੂਪਰਮਾਰਕੀਟਾਂ ਵਿੱਚ 6,640 ਵੱਖ-ਵੱਖ ਖਾਦ ਪਦਾਰਥਾਂ ਵਿੱਚ ਇਮਲਸੀਫਾਇਰ ਸ਼ਾਮਲ ਸਨ, ਜੋ ਕਿ ਆਮ ਤੌਰ 'ਤੇ ਵਿਸ਼ਲੇਸ਼ਿਤ ਉਤਪਾਦਾਂ ਦਾ ਲਗਭਗ ਅੱਧਾ ਹਿੱਸਾ ਬਣਦੇ ਹਨ।
ਸੋ, ਇਹ ਚਿੰਤਾ ਕਿਉਂ? ਸਬੂਤ ਦਰਸਾਉਂਦੇ ਹਨ ਕਿ ਇਹ ਐਡੀਟਿਵ ਸਾਡੇ ਗਟ ਮਾਈਕ੍ਰੋਬਾਇਓਮ 'ਤੇ ਨਕਾਰਾਤਮਕ ਪ੍ਰਭਾਵ ਪਾ ਸਕਦੇ ਹਨ ਅਤੇ ਇਨਫਲੇਮੇਟਰੀ ਬਾਵਲ ਡਿਜ਼ੀਜ਼, ਇਰ੍ਰਿਟੇਬਲ ਬਾਵਲ ਸਿੰਡਰੋਮ ਅਤੇ ਕੋਲੋਰੈਕਟਲ ਕੈਂਸਰਨਾਲ ਜੁੜੇ ਹੋਏ ਹਨ।
ਜਾਨਵਰਾਂ ਅਤੇ ਮਨੁੱਖਾਂ ਦੋਵਾਂ 'ਤੇ ਕੀਤੀ ਗਈ ਜਾਂਚ ਦਰਸਾਉਂਦੀ ਹੈ ਕਿ ਇਮਲਸੀਫਾਇਰ ਅਤੇ ਸਿਹਤ ਖ਼ਰਾਬ ਹੋਣ ਦੇ ਵਿਚਕਾਰ ਸਿੱਧਾ ਸਬੰਧ ਹੋ ਸਕਦਾ ਹੈ।

ਤਸਵੀਰ ਸਰੋਤ, Getty Images
ਸਾਡਾ ਮਾਈਕ੍ਰੋਬਾਇਓਮ ਕਿਵੇਂ ਪ੍ਰਭਾਵਿਤ ਹੁੰਦਾ ਹੈ
ਫਰਾਂਸ ਦੇ ਪੈਰਿਸ ਵਿੱਚਲੇ ਇੰਸਟੀਟਿਊਟ ਪਾਸਟਰ ਵਿੱਚ ਬੈਨੋਇਟ ਚੈਸਿੰਗ ਦੀ ਅਗਵਾਈ ਵਿੱਚ ਚੂਹਿਆਂ 'ਤੇ ਕੀਤੀ ਇੱਕ ਅਧਿਐਨ ਵਿੱਚ, ਦੋ ਆਮ ਤੌਰ 'ਤੇ ਵਰਤੇ ਜਾਣ ਵਾਲੇ ਇਮਲਸੀਫਾਇਰ ਦੀ ਘੱਟ ਮਾਤਰਾ ਨੇ ਗਟ ਬੈਕਟੀਰੀਆ ਨੂੰ ਆਂਦਰਾਂ ਦੀ ਦਿਵਾਰ ਦੇ ਨੇੜੇ ਲਿਆ ਦਿੱਤਾ। ਇਸ ਨਾਲ ਸੋਜ ਹੋਈ ਅਤੇ ਬਿਮਾਰੀ ਦੇ ਲੱਛਣ ਦਰਸਾਏ। ਪਹਿਲਾਂ ਹੀ ਗਟ ਸਮੱਸਿਆਵਾਂ ਵਾਲੇ ਚੂਹਿਆਂ ਵਿੱਚ ਸੋਜਿਸ਼ ਹੋਰ ਭਾਰੀ ਹੋ ਗਈ।
ਚੈਸਿੰਗ ਕਹਿੰਦੇ ਹਨ ਕਿ ਆਮ ਤੌਰ 'ਤੇ ਸਾਡੇ ਗਟ ਬੈਕਟੀਰੀਆ ਨੂੰ ਆਂਦਰਾਂ ਦੀ ਦਿਵਾਰ ਤੋਂ ਸੁਰੱਖਿਅਤ ਦੂਰੀ 'ਤੇ ਮਿਊਕਸ ਦੀ ਪਰਤ ਰੱਖਦੀ ਹੈ, ਜੋ ਸੋਜਿਸ਼ ਨੂੰ ਰੋਕਦੀ ਹੈ। ਜਦੋਂ ਬੈਕਟੀਰੀਆ ਇਸ ਸੁਰੱਖਿਅਤ ਮਿਊਕਸ ਪਰਤ ਵਿੱਚ ਵੜਦੇ ਹਨ, ਤਾਂ ਇਹ ਲੰਬੇ ਸਮੇਂ ਦੀ ਸੋਜਿਸ਼ ਵਾਲੀਆਂ ਬਿਮਾਰੀਆਂ ਨੂੰ ਉਕਸਾ ਸਕਦਾ ਹੈ।
ਫਾਲੋ-ਅੱਪ ਸਹਿ-ਸੰਬੰਧੀ ਅਧਿਐਨਾਂ ਨੇ ਮਨੁੱਖਾਂ 'ਤੇ ਵੀ ਇਸਦੇ ਨਕਾਰਾਤਮਕ ਪ੍ਰਭਾਵਾਂ ਨੂੰ ਜੋੜਿਆ ਹੈ।
ਇੱਕ ਫ੍ਰਾਂਸੀਸੀ ਅਧਿਐਨ 2024 ਵਿੱਚ 100,000 ਤੋਂ ਵੱਧ ਬਾਲਗਾਂ 'ਤੇ ਕੀਤਾ ਗਿਆ, ਜਿਸ ਵਿੱਚ ਪਤਾ ਲੱਗਾ ਕਿ ਜਿਹੜੇ ਲੋਕ ਜ਼ਿਆਦਾ ਇਮਲਸੀਫਾਇਰ ਦੇ ਸੰਪਰਕ ਵਿੱਚ ਆਏ, ਉਨ੍ਹਾਂ ਵਿੱਚ ਟਾਈਪ 2 ਡਾਇਬਟੀਜ਼ ਹੋਣ ਦਾ ਖ਼ਤਰਾ ਵੱਧ ਸੀ।
ਦੂਜੇ ਅਧਿਐਨ ਵਿੱਚ 90,000 ਤੋਂ ਵੱਧ ਬਾਲਗ਼ਾਂ ਨੂੰ ਦੇਖਿਆ ਗਿਆ, ਜਿਸ ਵਿੱਚ ਇਮਲਸੀਫਾਇਰ ਅਤੇ ਛਾਤੀ ਅਤੇ ਪ੍ਰੋਸਟੇਟ ਕੈਂਸਰਾਂ ਦੇ ਸੰਭਾਵਿਤ ਸਬੰਧ ਦਾ ਪਤਾ ਲੱਗਾ।
ਜਦਕਿ ਇਹ ਸਿਰਫ਼ ਸਹਿ-ਸਬੰਧ ਸੀ, ਪਰ ਚੈਸਿੰਗ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਮਨੁੱਖਾਂ 'ਤੇ ਇੱਕ ਛੋਟੇ ਟ੍ਰਾਇਲ ਵਿੱਚ ਦਰਸਾਇਆ ਕਿ ਜਦੋਂ ਸਿਹਤਮੰਦ ਵਿਅਕਤੀਆਂ ਨੇ ਫੂਡ ਵਿੱਚ ਆਮ ਤੌਰ 'ਤੇ ਵਰਤੇ ਜਾਣ ਵਾਲੇ ਇਕ ਇਮਲਸੀਫਾਇਰ ਦਾ ਸੇਵਨ ਕੀਤਾ, ਤਾਂ ਇਸ ਨੇ ਗਟ ਮਾਈਕ੍ਰੋਬਸ ਨੂੰ ਬਦਲ ਦਿੱਤਾ ਅਤੇ ਸਿਹਤਮੰਦ ਮਾਈਕ੍ਰੋਬਸ ਘਟ ਗਏ।
ਕਿੰਗਜ਼ ਕਾਲਜ ਲੰਡਨ ਵਿੱਚ ਡਾਇਟੀਟਿਕਸ ਦੇ ਪ੍ਰੋਫੈਸਰ ਕੇਵਿਨ ਵਹੇਲਨ ਅਤੇ ਚੈਸਿੰਗ ਨੇ ਹਾਲ ਹੀ ਵਿੱਚ ਇੱਕ ਕਲੀਨੀਕਲ ਟ੍ਰਾਇਲ ਵਿੱਚ ਸਹਿਯੋਗ ਦਿੱਤਾ, ਜਿਸ ਵਿੱਚ ਕਰੋਨਜ਼ ਬਿਮਾਰੀ ਨਾਲ ਪੀੜਤ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ। ਟ੍ਰਾਇਲ ਵਿੱਚ ਪਤਾ ਲੱਗਿਆ ਕਿ ਜਿਨ੍ਹਾਂ ਨੇ ਘੱਟ ਇਮਲਸੀਫਾਇਰ ਵਾਲੀ ਖੁਰਾਕ ਅਪਣਾਈ, ਉਨ੍ਹਾਂ ਵਿੱਚ ਲੱਛਣ ਘਟਣ ਦੀ ਸੰਭਾਵਨਾ ਉਨ੍ਹਾਂ ਲੋਕਾਂ ਨਾਲੋਂ ਤਿੰਨ ਗੁਣਾ ਵੱਧ ਸੀ, ਜਿਨ੍ਹਾਂ ਨੇ ਆਪਣੀ ਖੁਰਾਕ ਵਿੱਚ ਆਮ ਤੌਰ 'ਤੇ ਇਮਲਸੀਫਾਇਰ ਲਏ ਸਨ।
ਉਨ੍ਹਾਂ ਦੀ ਵਰਤੋਂ ਨੂੰ ਲੈ ਕੇ ਸਿਹਤ ਸਬੰਧੀ ਚਿੰਤਾਵਾਂ ਦੇ ਬਾਵਜੂਦ, ਇਸ ਬਾਰੇ ਕੋਈ ਜਨਤਕ ਦਿਸ਼ਾ-ਨਿਰਦੇਸ਼ ਨਹੀਂ ਹੈ ਕਿ ਸਾਨੂੰ ਇਮਲਸੀਫਾਇਰ ਤੋਂ ਬਚਣਾ ਚਾਹੀਦਾ ਹੈ ਜਾਂ ਨਹੀਂ। ਵਹੇਲਨ ਦੇ ਅਨੁਸਾਰ ਇੱਕ ਕਾਰਨ ਇਹ ਹੈ ਕਿ ਸਾਡੀ ਖੁਰਾਕ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਐਡੀਟਿਵਜ਼ ਹੁੰਦੇ ਹਨ ਅਤੇ ਵਿਗਿਆਨੀ ਹਾਲੇ ਤੱਕ ਪੂਰੀ ਤਰ੍ਹਾਂ ਨਹੀਂ ਜਾਣਦੇ ਕਿ ਇਨ੍ਹਾਂ ਵਿੱਚੋਂ ਕਿੰਨੇ ਹਾਨੀਕਾਰਕ ਹਨ।
ਚੈਸਿੰਗ ਸਮਝਾਉਂਦੇ ਹਨ ਕਿ ਅਸੀਂ ਜੋ ਇਮਲਸੀਫਾਇਰ ਖਾਂਦੇ ਹਾਂ, ਉਹ ਸਭ ਖਾਦ ਉਦਯੋਗ ਵੱਲੋਂ ਮਨਜ਼ੂਰ ਕੀਤੇ ਗਏ ਹਨ। ਉਹ ਕਹਿੰਦੇ ਹਨ, "ਇਨ੍ਹਾਂ ਦੀ ਜਾਂਚ ਸਿਰਫ਼ ਜ਼ਹਿਰਲੇ ਪ੍ਰਭਾਵ ਜਾਂ ਡੀਐੱਨਏ ਨੂੰ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਜਾਂਚਣ ਲਈ ਕੀਤੀ ਜਾਂਦੀ ਹੈ। ਇਨ੍ਹਾਂ ਦੋ ਪੱਖਾਂ ਦੇ ਹਿਸਾਬ ਨਾਲ ਉਹ ਠੀਕ ਪਾਏ ਗਏ ਹਨ। ਪਰ ਪਹਿਲਾਂ ਕਦੇ ਵੀ ਅੰਤੜੀਆਂ ਦੇ ਜੀਵਾਣੂ ਤੰਤਰ ਤੇ ਸਿੱਧੇ ਪ੍ਰਭਾਵ ਲਈ ਉਨ੍ਹਾਂ ਦੀ ਜਾਂਚ ਨਹੀਂ ਕੀਤੀ ਗਈ।"

ਯੂਰਪੀਅਨ ਫੂਡ ਸੇਫਟੀ ਅਥਾਰਟੀ ਦੇ ਅਨੁਸਾਰ, "ਯੂਰਪੀ ਸੰਘ ਵਿੱਚ ਸਾਰੇ ਖਾਦ ਐਡੀਟਿਵਜ਼ ਨੂੰ ਇੱਕ ਈ ਨੰਬਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਜਾਂਚ ਉਸ ਤੋਂ ਪਹਿਲਾਂ ਕੀਤੀ ਜਾਂਦੀ ਹੈ ਜਦੋਂ ਉਨ੍ਹਾਂ ਨੂੰ ਖੁਰਾਕ ਵਿੱਚ ਵਰਤੋਂ ਦੀ ਆਗਿਆ ਮਿਲਦੀ ਹੈ।"
ਇਸੇ ਤਰ੍ਹਾਂ ਅਮਰੀਕਾ ਵਿੱਚ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ, "ਕਿਸੇ ਵੀ ਖਾਦ ਐਡੀਟਿਵ ਨੂੰ ਬਾਜ਼ਾਰ ਵਿੱਚ ਵਰਤੋਂ ਤੋਂ ਪਹਿਲਾਂ ਉਸਦੀ ਮਨਜ਼ੂਰੀ ਲਾਜ਼ਮੀ ਹੈ।"
ਇਸ ਦੇ ਬਾਵਜੂਦ, ਚੈਸਿੰਗ ਕਹਿੰਦੇ ਹਨ ਕਿ ਪ੍ਰਭਾਵ ਹੋ ਸਕਦੇ ਹਨ। ਕਿਵੇਂ ਇਹ ਰਸਾਇਣ ਅਤੇ ਪੋਸ਼ਕ ਤੱਤ ਮਿਲ ਕੇ ਕੌਕਟੇਲ ਇਫੈਕਟ ਬਣਾਉਂਦੇ ਹਨ ਕਿਉਂਕਿ ਸੰਭਾਵਿਤ ਮਿਲਾਪਾਂ ਦੀ ਗਿਣਤੀ ਬਹੁਤ ਵੱਡੀ ਹੈ, ਇਸ ਲਈ ਕਿਸੇ ਇੱਕ ਐਡੀਟਿਵ ਦੇ ਪ੍ਰਭਾਵ ਨੂੰ ਦੂਜੇ ਤੋਂ ਵੱਖ ਕਰਨਾ ਮੁਸ਼ਕਲ ਹੁੰਦਾ ਹੈ।
ਮਨੁੱਖੀ ਕੋਸ਼ਿਕਾਵਾਂ 'ਤੇ ਲੈਬ ਵਿੱਚ ਹੋ ਰਹੇ ਅਧਿਐਨ ਦਰਸਾਉਂਦੇ ਹਨ ਕਿ ਕਈ ਆਮ ਵਰਤੇ ਜਾਣ ਵਾਲੇ ਐਡੀਟਿਵਜ਼ ਦੇ ਮਿਲੇ-ਜੁਲੇ ਪ੍ਰਭਾਵ ਕੋਸ਼ਿਕਾਵਾਂ ਦੇ ਵੱਧ ਨੁਕਸਾਨ ਨਾਲ ਜੋੜੇ ਜਾ ਸਕਦੇ ਹਨ।
ਇਸ ਤੋਂ ਇਲਾਵਾ, ਹਾਲੀਆ ਅਧਿਐਨ ਵਿੱਚ ਦਿਖਾਇਆ ਗਿਆ ਹੈ ਕਿ ਖੁਰਾਕ ਨੂੰ ਕਿਵੇਂ ਪ੍ਰੋਸੈਸ ਕੀਤਾ ਜਾਂਦਾ ਹੈ, ਇਹ ਵੀ ਅੰਤੜੀਆਂ ਦੀ ਸਿਹਤ ਲਈ ਮਹੱਤਵਪੂਰਨ ਹੋ ਸਕਦਾ ਹੈ, ਸਿਰਫ ਪੋਸ਼ਕ ਤੱਤਾਂ ਦੀ ਮਾਤਰਾ ਹੀ ਨਹੀਂ।
ਇੱਕ ਰੈਂਡਮਾਈਜ਼ਡ ਕੰਟ੍ਰੋਲਲ ਟ੍ਰਾਇਲ ਵਿੱਚ, ਲੇਨ ਅਤੇ ਉਸਦੇ ਸਾਥੀਆਂ ਨੇ ਪਾਇਆ ਕਿ ਅਲਟਰਾ ਪ੍ਰੋਸੈਸਡ ਫੂਡ ਨਾਲ ਭਰਪੂਰ ਖੁਰਾਕ ਅੰਤੜੀਆਂ ਦੇ ਜੀਵਾਣੂਆਂ ਦੀ ਮਾਤਰਾ ਨੂੰ ਘਟਾਉਂਦੀ ਹੈ। ਟੀਮ ਨੇ ਤਿੰਨ ਹਫ਼ਤਿਆਂ ਤੱਕ ਦੋ ਸਮੂਹਾਂ ਦੀ ਤੁਲਨਾ ਕੀਤੀ। ਦੋਵੇਂ ਸਮੂਹ ਘੱਟ ਕੈਲੋਰੀ ਵਾਲੀ ਖੁਰਾਕ ਲੈਂਦੇ ਸਨ ਅਤੇ ਦੋਹਾਂ ਦੀਆਂ ਖੁਰਾਕਾਂ ਵਿੱਚ ਪੋਸ਼ਕ ਤੱਤ ਲਗਭਗ ਇੱਕੋ ਜਿਹੇ ਸਨ।
ਅਹਿਮ ਗੱਲ ਇਹ ਸੀ ਕਿ ਇੱਕ ਸਮੂਹ ਨੇ ਮੁੱਖ ਤੌਰ 'ਤੇ ਬਹੁਤ ਪ੍ਰੋਸੈਸ ਕੀਤੇ ਭੋਜਨ ਉਤਪਾਦ ਜਿਵੇਂ ਸ਼ੇਕ, ਸੂਪ ਅਤੇ ਬਾਰ ਵਰਤੇ, ਜਦਕਿ ਦੂਜੇ ਸਮੂਹ ਨੇ ਘੱਟ ਅਲਟਰਾ ਪ੍ਰੋਸੈਸਡ ਫੂਡ ਵਾਲੀ ਖੁਰਾਕ ਅਪਣਾਈ ਜੋ ਘੱਟ ਪ੍ਰੋਸੈਸ ਕੀਤੇ ਅਤੇ ਤਾਜ਼ਾ ਤਿਆਰ ਕੀਤੇ ਭੋਜਨ ਤੋਂ ਬਣੀ ਸੀ।
ਹਾਲਾਂਕਿ ਦੋਵੇਂ ਸਮੂਹਾਂ ਵਿੱਚ ਵਜ਼ਨ ਘਟਾਉਣ ਦੇ ਨਤੀਜੇ ਲਗਭਗ ਇੱਕੋ ਜਿਹੇ ਸਨ, ਪਰ ਹਰ ਸਮੂਹ ਦੀਆਂ ਅੰਤੜੀਆਂ ਦੇ ਜੀਵਾਣੂਆਂ ਵਿੱਚ ਵੱਡਾ ਅੰਤਰ ਦੇਖਿਆ ਗਿਆ। ਘੱਟ ਅਲਟਰਾ ਪ੍ਰੋਸੈਸਡ ਫੂਡ ਵਾਲੀ ਖੁਰਾਕ ਲੈਣ ਵਾਲਿਆਂ ਵਿੱਚ ਅੰਤੜੀਆਂ ਦੇ ਜੀਵਾਣੂਆਂ ਦੀ ਮਾਤਰਾ ਵੱਧ ਸੀ, ਜਦਕਿ ਉੱਚ ਅਲਟਰਾ ਪ੍ਰੋਸੈਸਡ ਫੂਡ ਵਾਲੀ ਖੁਰਾਕ ਲੈਣ ਵਾਲਿਆਂ ਵਿੱਚ ਇਹ ਘੱਟ ਸੀ ਅਤੇ ਉਨ੍ਹਾਂ ਨੂੰ ਕਬਜ਼ ਦੀ ਸਮੱਸਿਆ ਵੀ ਵੱਧ ਰਹੀ। ਜਿਨ੍ਹਾਂ ਵਿੱਚ ਗਟ ਦੀ ਵਿਭਿੰਨਤਾ ਘਟੀ, ਉਨ੍ਹਾਂ ਨੇ ਪੇਟ ਫੁੱਲਣਾ ਅਤੇ ਪੇਟ ਦਰਦ ਵਿੱਚ ਘੱਟ ਸੁਧਾਰ ਦੀ ਸ਼ਿਕਾਇਤ ਵੀ ਕੀਤੀ।
ਭਾਵੇਂ ਟੀਮ ਇਹ ਪੂਰੀ ਤਰ੍ਹਾਂ ਨਹੀਂ ਦੱਸ ਸਕੀ ਕਿ ਇਸ ਦਾ ਸਹੀ ਕਾਰਨ ਕੀ ਸੀ ਪਰ ਲੇਨ ਦੇ ਮੁਤਾਬਕ ਇਹ ਫਾਈਬਰ ਦੀਆਂ ਕਿਸਮਾਂ ਦੇ ਫਰਕ ਕਾਰਨ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉੱਚ ਅਲਟਰਾ ਪ੍ਰੋਸੈਸਡ ਫੂਡ ਵਾਲੀ ਖੁਰਾਕ ਵਿੱਚ ਐਡੀਟਿਵਜ਼ ਦੇ ਮਿਸ਼ਰਣ ਸੀ, ਜਦਕਿ ਘੱਟ ਅਲਟਰਾ ਪ੍ਰੋਸੈਸਡ ਫੂਡ ਵਾਲੀ ਖੁਰਾਕ ਵਿੱਚ ਪੂਰੇ ਭੋਜਨ ਤੋਂ ਆਉਣ ਵਾਲੇ ਕਈ ਕਿਸਮਾਂ ਦੇ ਫਾਈਬਰ ਸਨ ਅਤੇ ਐਡੀਟਿਵਜ਼ ਕਾਫ਼ੀ ਘੱਟ ਸਨ।

ਤਸਵੀਰ ਸਰੋਤ, Getty Images
ਘਰ ਭੋਜਨ ਵਿੱਚ ਤਿਆਰ ਕਰਨਾ
ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਕਈ ਅਲਟਰਾ ਪ੍ਰੋਸੈਸਡ ਫੂਡਜ਼ ਵਿੱਚ ਉਹ ਪੋਸ਼ਕ ਤੱਤ ਘੱਟ ਹੁੰਦੇ ਹਨ ਜਿਨ੍ਹਾਂ ਦੀ ਸਾਨੂੰ ਲੋੜ ਹੁੰਦੀ ਹੈ, ਇਸ ਨਾਲ ਆਂਦਰਾ ਦੀ ਸਿਹਤ ਨੂੰ ਪ੍ਰਭਾਵਿਤ ਹੋ ਸਕਦੀ ਹੈ।
ਇਹ ਪਹਿਲਾਂ ਹੀ ਚੰਗੀ ਤਰ੍ਹਾਂ ਸਮਝਿਆ ਜਾ ਚੁੱਕਾ ਹੈ ਕਿ ਫਾਇਬਰ ਅਤੇ ਪੋਲੀਫੀਨੋਲ ਨਾਲ ਭਰਪੂਰ ਖੁਰਾਕ ਸਾਡੀਆਂ ਅੰਤੜੀਆਂ ਦੇ ਬੈਕਟੀਰੀਆ ਨੂੰ ਪੋਸ਼ਣ ਦਿੰਦੀ ਹੈ। ਪੋਲੀਫੀਨੋਲ ਨੂੰ ਸੋਜ ਘਟਾਉਣ ਵਾਲੀਆਂ ਖੂਬੀਆਂ ਲਈ ਵੀ ਜਾਣਿਆ ਜਾਂਦਾ ਹੈ।
ਜਦੋਂ ਸਬੂਤ ਵਧ ਰਹੇ ਹਨ ਤਾਂ ਮੈਂ ਜਿਨ੍ਹਾਂ ਵਿਅਕਤੀਆਂ ਨਾਲ ਗੱਲ ਕੀਤੀ, ਉਨ੍ਹਾਂ ਤੋਂ ਪੁੱਛਿਆ ਕਿ ਲੋਕਾਂ ਨੂੰ ਇਮਲਸੀਫਾਇਰ ਦੇ ਕੁਝ ਨੁਕਸਾਨਦਾਇਕ ਅਸਰ ਘਟਾਉਣ ਲਈ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ।
ਬੈਰੀ ਦੇ ਅਨੁਸਾਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਮੁਮਕਿਨ ਹੋਵੇ ਤਾਂ ਤਾਜ਼ਾ ਸਮੱਗਰੀ ਨਾਲ ਘਰ ਵਿੱਚ ਖਾਣਾ ਬਣਾਇਆ ਜਾਵੇ। ਉਹ ਕਹਿੰਦੇ ਹਨ ਕਿ ਅਲਟਰਾ ਪ੍ਰੋਸੈਸਡ ਫੂਡ ਨੂੰ ਪੂਰੀ ਤਰ੍ਹਾਂ ਤਿਆਗਣਾ ਹਕੀਕਤ ਵਿੱਚ ਮੁਸ਼ਕਲ ਹੈ।
ਵੇਹਲਨ ਵੀ ਇਸ ਗੱਲ ਨਾਲ ਸਹਿਮਤ ਹਨ, ਉਹ ਕਹਿੰਦੇ ਹਨ, "ਮੈਂ ਆਮ ਲੋਕਾਂ ਨੂੰ ਇਹ ਨਹੀਂ ਕਹਿਣਾ ਚਾਹੁੰਦਾ ਕਿ ਕਦੇ ਵੀ ਉਹ ਚੀਜ਼ ਨਾ ਖਾਓ ਜਿਸ ਵਿੱਚ ਕੋਈ ਫੂਡ ਐਡੀਟਿਵ ਹੋਵੇ। ਮੈਂ ਖੁਦ ਵੀ ਇਹ ਨਹੀਂ ਕਰਦਾ ਅਤੇ ਨਾ ਹੀ ਲੋਕਾਂ ਨੂੰ ਇਹ ਕਰਨ ਦੀ ਸਿਫਾਰਿਸ਼ ਕਰਦਾ ਹਾਂ।"
"ਉਹ ਕਹਿੰਦੇ ਹਨ ਕਿ ਅਸੀਂ ਸਭ ਜੋ ਕਰ ਸਕਦੇ ਹਾਂ ਉਹ ਹੈ ਹੋਰ ਸਿਹਤਮੰਦ ਖਾਣ ਦੀ ਕੋਸ਼ਿਸ਼ ਕਰਨਾ। ਖਾਣਾ ਸਾਡੀ ਜ਼ਿੰਦਗੀ ਵਿੱਚ ਬਹੁਤ ਕੀਮਤੀ ਚੀਜ਼ ਹੈ ਅਤੇ ਸਾਨੂੰ ਇਸ ਦਾ ਅਨੰਦ ਲੈਣਾ ਚਾਹੀਦਾ ਹੈ।"
ਸਪੱਸ਼ਟ ਹੈ ਕਿ ਸਬਰ ਬਹੁਤ ਮਹੱਤਵਪੂਰਨ ਹੈ। ਸਿਰਫ ਇਹ ਨਾ ਸੋਚੀਏ ਕਿ ਕੀ ਘਟਾਉਣਾ ਹੈ, ਸਗੋਂ ਇਹ ਵੀ ਸੋਚੀਏ ਕਿ ਆਪਣੀ ਖੁਰਾਕ ਵਿੱਚ ਕੀ ਸ਼ਾਮਲ ਕਰਨਾ ਹੈ। ਬੈਰੀ ਕਹਿੰਦੇ ਹਨ ਕਿ ਖਾਸ ਕਰਕੇ ਸਨੈਕਸ ਦੇ ਮਾਮਲੇ ਵਿੱਚ ਇਹ ਜ਼ਰੂਰੀ ਹੈ, ਕਿਉਂਕਿ ਇਹ ਸਾਡੀਆਂ ਰੋਜ਼ਾਨਾ ਕੈਲੋਰੀਆਂ ਦਾ ਵੱਡਾ ਹਿੱਸਾ ਹੁੰਦੇ ਹਨ।
ਅਖੀਰ ਵਿੱਚ ਇੱਕ ਸਧਾਰਨ ਨਿਯਮ ਇਹ ਹੈ ਕਿ ਜਿੰਨਾ ਹੋ ਸਕੇ ਤਾਜ਼ੇ ਫਲ ਅਤੇ ਸਬਜ਼ੀਆਂ ਖਾਓ। ਜਦੋਂ ਅਸੀਂ ਅਜਿਹਾ ਕਰਦੇ ਹਾਂ, ਤਾਂ ਸਾਡੀ ਸਿਹਤ ਅਤੇ ਸਾਡੇ ਸਰੀਰ ਦੇ ਜੀਵਾਣੂ ਦੋਵੇਂ ਨੂੰ ਫਾਇਦਾ ਹੁੰਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































