ਸਵੇਰੇ-ਸਵੇਰੇ ਗਰਮ ਪਾਣੀ ਪੀਣਾ ਕੀ ਵਾਕਈ ਫਾਇਦੇਮੰਦ ਹੁੰਦਾ ਹੈ

    • ਲੇਖਕ, ਕੇਟ ਬੋਵੀ
    • ਰੋਲ, ਗਲੋਬਲ ਹੈਲਥ, ਬੀਬੀਸੀ ਵਰਲਡ ਸਰਵਿਸ
  • ਪੜ੍ਹਨ ਦਾ ਸਮਾਂ: 8 ਮਿੰਟ

21 ਸਾਲਾ ਮਰੀਅਮ ਖਾਨ ਕਹਿੰਦੇ ਹਨ, "ਸੋਸ਼ਲ ਮੀਡੀਆ ਫੀਡ ਸਕ੍ਰੋਲ ਕਰਦੇ ਸਮੇਂ ਮੈਨੂੰ ਗਰਮ ਪਾਣੀ ਪੀਣ ਦੇ ਫਾਇਦਿਆਂ ਦੀ ਵੀਡੀਓ ਨਜ਼ਰ ਆਈ, ਜਿਸ ਤੋਂ ਬਾਅਦ ਮੈਂ ਇੱਕ ਤੋਂ ਬਾਅਦ ਇੱਕ ਲਗਾਤਾਰ ਕਈ ਵੀਡੀਓਜ਼ ਦੇਖੀਆਂ ਅਤੇ ਸੋਚਿਆ ਕਿ ਕਿਉਂ ਨਾ ਇੱਕ ਵਾਰ ਅਜ਼ਮਾ ਕੇ ਵੇਖਿਆ ਜਾਵੇ।"

ਇਹ ਕੋਈ ਮੁਸ਼ਕਿਲ ਵਰਕਆਊਟ ਰੂਟੀਨ ਜਾਂ ਮਹਿੰਗਾ ਸਕਿਨਕੇਅਰ ਨਹੀਂ ਸੀ। ਮਰੀਅਮ ਖਾਨ ਅਤੇ ਉਨ੍ਹਾਂ ਵਰਗੇ ਕਈ ਹੋਰ, ਜਿਹੜੇ ਇਸ ਟ੍ਰੈਂਡ ਨੂੰ ਅਜ਼ਮਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਇਹ ਬਹੁਤ ਆਸਾਨ ਹੈ- ਸਿਰਫ਼ ਸਵੇਰੇ ਉੱਠ ਕੇ ਗਰਮ ਪਾਣੀ ਪੀਣਾ।

ਗਰਮ ਪਾਣੀ ਪੀਣ ਨਾਲ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਦਾ ਪ੍ਰਚਾਰ ਚੀਨ ਦੇ ਰਵਾਇਤੀ ਸਿਹਤ ਖੇਤਰ ਅਤੇ ਭਾਰਤ 'ਚ ਆਯੁਰਵੇਦ ਜ਼ਰੀਏ ਹਜ਼ਾਰਾਂ ਸਾਲਾਂ ਤੋਂ ਹੁੰਦਾ ਆ ਰਿਹਾ ਹੈ।

ਪਰ ਸਦੀਆਂ ਪੁਰਾਣੀ ਇਹ ਜੀਵਨਸ਼ੈਲੀ ਹੁਣ ਇਸ ਸਾਲ ਦੇ ਸ਼ੁਰੂਆਤ ਤੋਂ ਸੋਸ਼ਲ ਮੀਡੀਆ ਜ਼ਰੀਏ ਦੁਨੀਆ ਭਰ 'ਚ ਪ੍ਰਚਲਿਤ ਹੋ ਗਈ ਹੈ।

ਟਿਕਟੌਕ ਅਤੇ ਇੰਸਟਾਗ੍ਰਾਮ 'ਤੇ ਲੱਖਾਂ ਵਾਰ ਵੇਖੀਆਂ ਗਈਆਂ ਵੀਡੀਓਜ਼ 'ਤੇ 'ਨਿਊਲੀ ਚਾਈਨੀਜ਼' ਅਤੇ 'ਚਾਈਨਾਮੈਕਸਿੰਗ' ਟੈਗ ਕੀਤਾ ਗਿਆ ਹੁੰਦਾ। ਇਨ੍ਹਾਂ ਵੀਡੀਓਜ਼ 'ਚ ਆਮ ਤੌਰ 'ਤੇ ਨੌਜਵਾਨ ਗਰਮ ਜਾਂ ਕੋਸਾ ਪਾਣੀ ਪੀਂਦੇ ਹਨ, ਗਰਮ ਨਾਸ਼ਤਾ ਕਰਦੇ ਅਤੇ ਦਿਨ ਦੀ ਸ਼ੁਰੂਆਤ ਕਸਰਤ ਨਾਲ ਕਰਦੇ ਦਿਖਾਈ ਦਿੰਦੇ ਹਨ।

ਪਰ ਕੀ ਇਹ ਸਧਾਰਨ ਜੀਵਨਸ਼ੈਲੀ ਤੁਹਾਡੀ ਸਿਹਤ 'ਚ ਵਾਕਈ ਸੁਧਾਰ ਲਿਆਉਂਦੀਆਂ ਹਨ ?

'ਚੀ' ਯਾਨੀ ਊਰਜਾ ਦੀ ਸੰਭਾਲ

ਚੀਨ 'ਚ ਰਵਾਇਤੀ ਸਿਹਤ ਨੁਕਤਿਆਂ ਦਾ ਇਸਤੇਮਾਲ ਕਰਨ ਵਾਲੇ ਲੱਖਾਂ ਲੋਕਾਂ ਦਾ ਮੰਨਣਾ ਹੈ ਕਿ ਊਰਜਾ ਜਾਂ 'ਚੀ' (ਚੀਨੀ ਭਾਸ਼ਾ ਦਾ ਸ਼ਬਦ) ਲਗਾਤਾਰ ਸਰੀਰ 'ਚੋਂ ਵਗਦੀ ਰਹਿੰਦੀ ਹੈ। ਜਦੋਂ ਇਸ ਊਰਜਾ ਦਾ ਪ੍ਰਵਾਹ ਰੁਕ ਜਾਂਦਾ ਹੈ ਜਾਂ ਅੰਸਤੁਲਨ ਹੋ ਜਾਂਦਾ ਹੈ, ਤਾਂ ਬਿਮਾਰੀ ਹੁੰਦੀ ਹੈ।

ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਗਰਮ ਪਾਣੀ (ਜਿਸ ਦਾ ਤਾਪਮਾਨ 40 ਤੋਂ 60 ਡਿਗਰੀ ਵਿਚਾਲੇ ਹੋਵੇ ਤਾਂ ਜੋ ਪੀਣ ਵਾਲੇ ਦਾ ਮੂੰਹ ਨਾ ਸੜੇ) ਊਰਜਾ ਦੇ ਵਹਾਅ ਨੂੰ ਤੇਜ਼ ਕਰਦਾ ਹੈ ਜਿਸ ਨਾਲ ਸਿਹਤ 'ਚ ਸੁਧਾਰ ਹੁੰਦਾ ਅਤੇ ਉਮਰ ਵਧਦੀ ਹੈ।

ਰਵਾਇਤੀ ਚੀਨੀ ਚਿਕਿਤਸਾ ਰਿਸਰਚਰ ਪ੍ਰੋ. ਸ਼ੰਨ ਓ ਕਹਿੰਦੇ ਹਨ, "ਇਸ ਨੂੰ ਇੱਕ ਘਰ ਦੀ ਤਰ੍ਹਾਂ ਸਮਝੋ।" ਉਹ ਅੱਗੇ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਠੰਢਾ ਭੋਜਨ ਕਰਨਾ ਅਜਿਹਾ ਹੈ ਜਿਵੇਂ ਤੁਹਾਡੇ ਘਰ ਚੋਂ ਠੰਢੀ ਹਵਾ ਵਹਿ ਰਹੀ ਹੋਵੇ।

ਇਸੇ ਵਿਚਾਰਧਾਰਾ 'ਤੇ ਚੀਨ ਦੇ ਕਈ ਰਵਾਇਤੀ ਸਿਹਤ ਸੁਝਾਅ ਅਧਾਰਿਤ ਹਨ। ਜਿਵੇਂ ਘਰ 'ਚ ਗਰਮ ਚੱਪਲਾਂ ਪਾ ਕੇ ਰੱਖਣਾ ਅਤੇ ਦਿਨ ਦੀ ਸ਼ੁਰੂਆਤ ਗਰਮ ਨਾਸ਼ਤੇ ਨਾਲ ਕਰਨਾ।

ਲੰਡਨ 'ਚ ਆਰਕੀਟੈਕਚਰਲ ਅਸਿਸਟੈਂਟ ਵਜੋਂ ਕੰਮ ਕਰਨ ਵਾਲੇ ਮਰੀਅਮ ਖਾਨ, ਜਿਨ੍ਹਾਂ ਨੇ ਪਹਿਲੀ ਵਾਰ ਇਹ ਵੀਡੀਓ ਟਿਕਟੌਕ 'ਤੇ ਦੇਖੀ ਸੀ, ਉਨ੍ਹਾਂ ਲਈ ਇਹ ਆਦਤਾਂ ਚੀਨ ਦੀ ਰਵਾਇਤੀ ਸਿਹਤ ਤਰੀਕਿਆਂ ਨੂੰ ਅਪਣਾਉਣ ਵੱਲ ਪਹਿਲਾ ਕਦਮ ਸੀ।

ਮਰੀਅਮ ਕਹਿੰਦੇ ਹਨ ਕਿ ਦਿਨ ਦੀ ਸ਼ੁਰੂਆਤ 'ਤਾਈ-ਚੀ' (ਚੀਨੀ ਸ਼ਬਦ), ਜਿਸ 'ਚ ਹਲਕੀ-ਫੁਲਕੀ ਕਸਰਤ, ਲੰਬੇ ਸਾਹ ਲੈਣਾ, ਧਿਆਨ ਲਗਾਉਣਾ ਅਤੇ ਕਾਫੀ ਦੀ ਥਾਂ ਗਰਮ ਪਾਣੀ ਪੀਣਾ ਸ਼ਾਮਿਲ ਹਨ, ਨਾਲ ਕਰਨ ਨਾਲ ਉਨ੍ਹਾਂ ਨੂੰ ਕਾਫੀ ਰਾਹਤ ਦਿੰਦਾ ਹੈ।

ਉਹ ਕਹਿੰਦੇ ਹਨ, "ਦਿਨ ਦੀ ਸ਼ੁਰੂਆਤ ਸਿੱਧਾ ਕੈਫੀਨ ਨਾਲ ਕਰਨ 'ਤੇ ਮੈਨੂੰ ਬਾਅਦ 'ਚ ਉਲਟੀ ਵਾਂਗ ਮਹਿਸੂਸ ਹੋਣ ਲੱਗਦਾ ਸੀ।"

"ਹਾਲਾਂਕਿ ਬਾਅਦ 'ਚ ਮੈਂ ਗਰਮ ਪਾਣੀ, ਕਦੇ ਪੁਦੀਨੇ ਜਾਂ ਕਦੇ ਨੀਂਬੂ ਨਾਲ ਪੀਣਾ ਸ਼ੁਰੂ ਕੀਤਾ, ਜਿਸ ਨਾਲ ਮੈਨੂੰ ਕਾਫੀ ਤਰੋ-ਤਾਜ਼ਾ ਮਹਿਸੂਸ ਹੋਣ ਲੱਗਾ।"

ਰਵਾਇਤੀ ਦਵਾਈਆਂ ਦਾ ਰੁਖ਼ ਕਿਉਂ ਕਰ ਰਹੇ ਲੋਕ ?

ਵਿਸ਼ਵ ਸਿਹਤ ਸੰਗਠਨ (WHO) ਦੇ ਗਲੋਬਲ ਟ੍ਰੈਡੀਸ਼ਨਲ ਮੈਡੀਸਨ ਸੈਂਟਰ ਦੇ ਕਾਰਜਕਾਰੀ ਡਾਇਰੈਕਟਰ ਡਾ. ਸ਼ਿਆਮਾ ਕੁਰੂਵਿਲਾ ਕਹਿੰਦੇ ਹਨ, "ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਦੀ ਚੀਨ ਦੀ ਰਵਾਇਤੀ ਜੀਵਨਸ਼ੈਲੀ 'ਚ ਆਨਲਾਈਨ ਦਿਲਚਸਪੀ ਇੱਕ ਵੱਧਦੇ ਸਮਾਜਿਕ ਟ੍ਰੈਂਡ ਵੱਲ ਸੰਕੇਤ ਦੇ ਰਹੀ ਹੈ।"

ਉਹ ਦੱਸਦੇ ਹਨ, "ਯੂਰਪ 'ਚ ਵੀ ਆਬਾਦੀ ਦੇ ਆਧਾਰ 'ਤੇ ਕਈ ਅਧਿਐਨ ਕੀਤੇ ਗਏ। ਜਰਮਨੀ ਦਾ ਇੱਕ ਅਧਿਐਨ ਦਰਸਾਉਂਦਾ ਹੈ ਕਿ ਕਰੀਬ 70 ਫੀਸਦ ਲੋਕ ਅਜਿਹੇ ਹਨ ਜੋ ਰਵਾਇਤੀ ਦਵਾਈਆਂ ਦਾ ਇਸਤੇਮਾਲ ਕਰਦੇ ਹਨ ਜਦੋਂਕਿ ਚੀਨ ਅਤੇ ਭਾਰਤ ਵਰਗੇ ਕੁਝ ਮੁਲਕਾਂ 'ਚ ਇਹ ਅੰਕੜਾ 90 ਫੀਸਦ ਤੱਕ ਵੀ ਹੈ।"

ਲੋਕ ਹੁਣ ਆਧੁਨਿਕ ਦਵਾਈਆਂ 'ਤੇ ਘੱਟ ਭਰੋਸਾ ਕਰਦੇ ਹਨ, ਇਹ ਇੱਕ ਅਜਿਹੀ ਵਿਚਾਰਧਾਰਾ ਹੈ ਜੋ ਸ਼ਾਇਦ ਕੋਵਿਡ ਮਹਾਮਾਰੀ ਤੋਂ ਬਾਅਦ ਸ਼ੁਰੂ ਹੋਈ ਹੈ। ਅਮਰੀਕਾ 'ਚ ਹੋਏ ਇੱਕ ਅਧਿਐਨ ਮੁਤਾਬਕ 2020 'ਚ ਡਾਕਟਰਾਂ ਅਤੇ ਹਸਪਤਾਲਾਂ 'ਤੇ ਕਰੀਬ 70 ਫੀਸਦ ਲੋਕ ਭਰੋਸਾ ਕਰਦੇ ਸਨ ਪਰ 2024 'ਚ ਇਹ ਅੰਕੜਾ ਘੱਟ ਕੇ 40 ਫੀਸਦ 'ਤੇ ਪਹੁੰਚ ਗਿਆ।

ਕੁਝ ਲੋਕ ਬਾਇਓਮੈਡੀਕਲ ਦਵਾਈਆਂ ਨਹੀਂ ਖਰੀਦ ਸਕਦੇ ਅਤੇ ਸਸਤੇ ਬਦਲ ਵੱਜੋਂ ਰਵਾਇਤੀ ਦਵਾਈਆਂ ਨੂੰ ਚੁਣਦੇ ਹਨ ਜਦਕਿ ਕੁਝ ਲੋਕ ਰਵਾਇਤੀ ਦਵਾਈਆਂ ਇਸ ਲਈ ਚੁਣਦੇ ਹਨ ਕਿਉਂਕਿ ਇਹ ਵਿਅਕਤੀਗਤ ਅਤੇ ਸੰਤੁਲਿਤ ਜੀਵਨ ਦੀ ਪੇਸ਼ਕਸ਼ ਕਰਦੀ ਹੈ।

ਗਰਮ ਪਾਣੀ ਪੀਣ ਵਰਗੀਆਂ ਆਦਤਾਂ ਮਨ, ਸਰੀਰ ਅਤੇ ਵਾਤਾਵਰਣ ਵਿੱਚ ਸੰਤੁਲਨ ਬਣਾਉਣ ਵਾਲੀਆਂ ਸਿਹਤ ਪ੍ਰਣਾਲੀਆਂ ਵਿੱਚ ਦਾਖਲ ਹੋਣ ਦਾ ਇੱਕ ਸੌਖਾ ਰਾਹ ਬਣ ਸਕਦੀਆਂ ਹਨ।

ਇਨ੍ਹਾਂ ਪ੍ਰਣਾਲੀਆਂ ਦਾ ਬਹੁਤ ਸਾਰੇ ਲੋਕਾਂ ਲਈ ਡੂੰਘਾ ਸੱਭਿਆਚਾਰਕ, ਅਧਿਆਤਮਕ ਅਤੇ ਇਤਿਹਾਸਕ ਮਹੱਤਵ ਵੀ ਹੁੰਦਾ ਹੈ।

ਕੁਰੂਵਿਲਾ ਕਹਿੰਦੇ ਹਨ, "ਰਵਾਇਤੀ ਦਵਾਈਆਂ ਦਾ ਇਸਤੇਮਾਲ ਕਰਨ ਵਾਲੇ ਜ਼ਿਆਦਾਤਰ ਮੂਲ ਭਾਈਚਾਰੇ ਕਹਿੰਦੇ ਹਨ, ਅਸੀਂ ਹਜ਼ਾਰਾਂ ਸਾਲਾਂ ਤੋਂ ਇਨ੍ਹਾਂ ਦਾ ਇਸਤੇਮਾਲ ਕਰ ਰਹੇ ਹਾਂ ਅਤੇ ਅਸੀਂ ਦੇਖਿਆ ਹੈ ਕਿ ਇਹ ਕਿਵੇਂ ਲੋਕਾਂ ਲਈ ਫਾਇਦੇਮੰਦ ਸਾਬਿਤ ਹੁੰਦੀਆਂ ਹਨ।''

ਵਿਸ਼ਵ ਸਿਹਤ ਸੰਗਠਨ (WHO) ਦਾ ਗਲੋਬਲ ਟ੍ਰੈਡੀਸ਼ਨਲ ਮੈਡੀਸਨ ਸੈਂਟਰ, ਸਬੂਤਾਂ ਦਾ ਮੁਲਾਂਕਣ ਕਰਦਾ ਹੈ ਤਾਂ ਜੋ ਨੀਤੀ ਘਾੜਕਾਂ ਅਤੇ ਮਰੀਜ਼ਾਂ ਦਾ ਸਹੀ ਮਾਰਗਦਰਸ਼ਨ ਕੀਤਾ ਜਾ ਸਕੇ।

ਉਹ ਕਹਿੰਦੇ ਹਨ, "ਇਹ ਬਹੁਤ ਵੱਡਾ ਕੰਮ ਹੈ ਕਿਉਂਕਿ ਮੌਜੂਦਾ ਸਮੇਂ 'ਚ ਗਲੋਬਲ ਹੈਲਥ ਰਿਸਰਚ ਫੰਡਿੰਗ ਦਾ ਇੱਕ ਫੀਸਦ ਤੋਂ ਵੀ ਘੱਟ ਰਵਾਇਤੀ ਦਵਾਈਆਂ ਬਾਬਤ ਖੋਜ 'ਤੇ ਖਰਚ ਕੀਤਾ ਜਾਂਦਾ ਹੈ।"

ਉਹ ਕਹਿੰਦੇ ਹਨ, "ਸਬੂਤਾਂ ਦੇ ਆਧਾਰ ਨੂੰ ਮਜ਼ਬੂਤ ਕਰਨ ਦੀ ਬਹੁਤ ਵੱਡੀ ਲੋੜ ਹੈ।"

ਵਿਸ਼ਵ ਸਿਹਤ ਸੰਗਠਨ ਦੇ ਮਾਹਰ ਕਹਿੰਦੇ ਹਨ, "ਰਵਾਇਤੀ ਸਿਹਤ ਨੁਸਖ਼ੇ ਅਪਣਾਉਣ ਤੋਂ ਪਹਿਲਾਂ ਮਰੀਜ਼ਾਂ ਨੂੰ ਆਪਣੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦੀ ਸਿਹਤ 'ਤੇ ਕੋਈ ਮਾਰੂ ਅਸਰ ਨਹੀਂ ਪਵੇਗਾ।"

ਹਾਲਾਂਕਿ ਖਾਸ ਤੌਰ 'ਤੇ ਗਰਮ ਪਾਣੀ ਪੀਣ ਬਾਰੇ ਕੁਰੂਵਿਲਾ ਕਹਿੰਦੇ ਹਨ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਬਾਬਤ ਕੋਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਨਹੀਂ ਦਿੱਤੇ ਗਏ ਹਨ। ਇਹ ਪੂਰੀ ਤਰ੍ਹਾਂ ਇਸ 'ਤੇ ਨਿਰਭਰ ਕਰਦਾ ਹੈ ਕਿ ਪਾਣੀ ਕਿੰਨਾ ਗਰਮ ਹੈ, ਤੁਸੀਂ ਕਿੰਨਾ ਪਾਣੀ ਪੀ ਰਹੇ ਹੋ ਅਤੇ ਤੁਹਾਡੀ ਸਿਹਤ ਦੀ ਕੀ ਸਥਿਤੀ ਹੈ।

ਉਹ ਜ਼ੋਰ ਦਿੰਦਿਆਂ ਕਹਿੰਦੇ ਹਨ, "ਇਹ ਸਭ ਕੁਝ... ਸਬੂਤ ਅਤੇ ਸੰਤੁਲਨ 'ਤੇ ਨਿਰਭਰ ਕਰਦਾ ਹੈ।"

ਵਿਗਿਆਨ ਕੀ ਕਹਿੰਦਾ ਹੈ?

ਜੀਪੀ ਅਤੇ ਮੈਡੀਸਨ ਮਾਹਰ ਡਾ. ਰੋਜ਼ੀ ਬਰੂਕਸ ਕਹਿੰਦੇ ਹਨ ਕਿ ਗਰਮੀ ਪਾਣੀ ਪੀਣ ਨਾਲ ਕੁਝ ਫਾਇਦੇ ਹੋ ਸਕਦੇ ਹਨ।

ਉਹ ਕਹਿੰਦੇ ਹਨ, "ਇਸ ਨਾਲ ਪਾਚਨ ਸ਼ਕਤੀ 'ਚ ਸੁਧਾਰ ਅਤੇ ਕਬਜ਼ ਨੂੰ ਲੈਕੇ ਰਾਹਤ ਮਿਲ ਸਕਦੀ ਹੈ। ਕੁਝ ਸਬੂਤ ਇਹ ਵੀ ਹਨ ਕਿ ਗਰਮ ਪਾਣੀ ਗਲੇ ਨੂੰ ਪੇਟ ਨਾਲ ਜੋੜਨ ਵਾਲੀਆਂ ਨਲੀਆਂ ਨੂੰ ਰਾਹਤ ਦੇਣ 'ਚ ਮਦਦ ਕਰਦਾ ਹੈ।"

ਉਹ ਅੱਗੇ ਕਹਿੰਦੇ ਹਨ, "ਪਰ ਇਸ ਤੋਂ ਇਲਾਵਾ ਪਾਣੀ ਪੀਣਾ ਫਿਰ ਭਾਵੇਂ ਗਰਮ ਹੋਵੇ ਜਾਂ ਠੰਡਾ, ਸਰੀਰ ਨੂੰ ਹ੍ਰਾਈਡ੍ਰੇਟ ਕਰਨ 'ਚ ਮਦਦਗਾਰ ਹੁੰਦਾ ਹੈ।"

ਯੂਕੇ 'ਚ ਡਾ. ਹੇਲੇਨ ਮੈਡੀਕਲ (ਨਿੱਜੀ ਅਦਾਰਾ) ਵਿਖੇ ਬਤੌਰ ਜੀਪੀ ਅਤੇ ਲਾਈਫਸਟਾਈਲ ਫਿਜ਼ੀਸ਼ੀਅਨ ਪ੍ਰੈਕਟਿਸ ਕਰ ਰਹੇ ਡਾ. ਸੇਲੀਨਾ ਗ੍ਰੇਅ ਕਹਿੰਦੇ ਹਨ, "ਅਜਿਹੇ ਵੀ ਕੋਈ ਸਬੂਤ ਨਹੀਂ ਹਨ ਕਿ ਠੰਡਾ ਪਾਣੀ ਪੀਣ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ।"

ਉਹ ਜ਼ੋਰ ਦਿੰਦਿਆਂ ਕਹਿੰਦੇ ਹਨ ਕਿ ਸੋਸ਼ਲ ਮੀਡੀਆ 'ਤੇ ਹੋ ਰਹੇ ਦਾਅਵਿਆਂ ਤੋਂ ਇਲਾਵਾ ਅਜਿਹੇ ਕੋਈ ਸਬੂਤ ਨਹੀਂ ਹਨ ਕਿ ਗਰਮ ਪਾਣੀ ਪੀਣ ਨਾਲ ਮੋਟਾਪਾ ਘੱਟਦਾ ਹੈ, ਮੈਟਾਬੋਲਿਜ਼ਮ ਤੇਜ਼ ਹੁੰਦਾ ਜਾਂ ਸਰੀਰ 'ਡੀਟੋਕਸ' ਹੁੰਦਾ ਹੈ।

ਉਹ ਅੱਗੇ ਕਹਿੰਦੇ ਹਨ, "ਜੇਕਰ ਕੋਈ ਗਰਮ ਪਾਣੀ ਪੀਣ ਨੂੰ ਤਰਜੀਹ ਦਿੰਦਾ ਹੈ ਅਤੇ ਇਹ ਉਸ ਨੂੰ ਹੋਰ ਗਰਮ ਪਾਣੀ ਪੀਣ ਲਈ ਪ੍ਰੇਰਿਤ ਕਰਦਾ ਹੈ ਤਾਂ ਇਹ ਚੰਗੀ ਗੱਲ ਹੈ ਪਰ ਇਹ ਕੋਈ ਸ਼ਾਰਟਕਟ ਨਹੀਂ ਹੈ।"

ਰਵਾਇਤੀ ਚੀਨੀ ਦਵਾਈਆਂ ਵਿਚਾਲੇ ਸਿੰਗਾਪੁਰ 'ਚ ਰਹਿ ਰਹੇ ਹੋਏ ਗ੍ਰੇਅ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਜੇ ਵੀ ਆਪਣੀ ਮਾਂ ਤੋਂ ਇਹ ਸੁਣਨ ਨੂੰ ਮਿਲ ਜਾਂਦਾ ਹੈ ਕਿ 'ਸਰੀਰ ਨੂੰ ਗਰਮ ਰੱਖਣ ਲਈ ਗਰਮ ਪਾਣੀ ਪਿਓ।'

ਉਹ ਅੱਗੇ ਕਹਿੰਦੇ ਹਨ, "ਇਹ ਰਵਾਇਤਾਂ ਅਜਿਹੀ ਜੀਵਨਸ਼ੈਲੀ ਦਿੰਦੀਆਂ ਹਨ ਜੋ ਕੁਦਰਤੀ ਹੁੰਦੀਆਂ ਹਨ ਅਤੇ ਆਸਾਨੀ ਨਾਲ ਅਪਣਾਈਆਂ ਜਾ ਸਕਦੀਆਂ ਅਤੇ ਸੱਭਿਆਚਾਰਕ ਪੱਖੋਂ ਵੀ ਅਹਿਮ ਮਾਇਨੇ ਰੱਖਦੀਆਂ ਹਨ।"

ਜੀਵਨਸ਼ੈਲੀ ਸਥਿਰ ਕਰਨ ਦਾ ਤਰੀਕਾ

ਹਾਲਾਂਕਿ ਗਰਮ ਪੀਣ ਨਾਲ ਹੋਣ ਵਾਲੇ ਫਾਇਦਿਆਂ ਨੂੰ ਲੈਕੇ ਸਬੂਤਾਂ ਦੀ ਘਾਟ ਹੈ ਪਰ ਅਧਿਐਨ ਸੁਝਾਉਂਦੇ ਹਨ ਕਿ ਬਾਕੀ ਰਵਾਇਤੀ ਆਦਤਾਂ ਫਾਇਦੇਮੰਦ ਹੋ ਸਕਦੀਆਂ ਹਨ।

ਤਮਾਮ ਸਮੱਗਰੀਆਂ ਪਾ ਕੇ ਬਣਾਇਆ ਗਿਆ ਇੱਕ ਗਰਮ ਨਾਸ਼ਤਾ, ਠੰਡੇ ਸੀਰੀਅਲ (ਅਨਾਜ) ਖਾਉਣ ਨਾਲੋਂ ਵੱਧ ਪੋਸ਼ਟਿਕ ਹੋ ਸਕਦਾ ਹੈ।

ਭਾਵੇਂ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਠੰਢੇ ਪੈਰ ਬਿਮਾਰੀ ਦਾ ਕਾਰਨ ਬਣਦੇ ਹਨ ਪਰ ਸਰੀਰ ਨੂੰ ਗਰਮ ਰੱਖਣਾ ਅਤੇ ਆਰਾਮ ਮਹਿਸੂਸ ਕਰਨਾ, ਤੁਹਾਨੂੰ ਰਿਲੈਕਸ ਹੋਣ ਅਤੇ ਚੰਗੀ ਨੀਂਦ ਲੈਣ ਵਿੱਚ ਮਦਦ ਕਰ ਸਕਦਾ ਹੈ।

ਪਰ ਕੁਝ ਛੋਟੇ ਅਕਾਰ ਦੇ ਪਰ ਚੰਗੇ ਪੱਧਰ ਦੇ ਅਧਿਐਨਾਂ ਤੋਂ ਇਹ ਪਤਾ ਲੱਗਾ ਹੈ ਕਿ ਰਵਾਇਤੀ ਚੀਨੀ 'ਤਾਇ ਚੀ' ਅਤੇ 'ਸ਼ੀਗੁੰਗ' ਕਸਰਤਾਂ ਸਰੀਰ ਨੂੰ ਮਜ਼ਬੂਤ ਕਰਨ, ਫੁਰਤੀਲਾ ਬਣਾਉਣ ਅਤੇ ਤਣਾਅ ਘੱਟ ਕਰਨ 'ਚ ਮਦਦ ਕਰਦੀਆਂ ਹਨ।

ਚੀਨੀ ਮੈਡੀਸਨ ਮਾਹਰ ਓ ਕਹਿੰਦੇ ਹਨ, "ਸਾਡੀ ਰੋਜ਼ਾਨਾ ਜ਼ਿੰਦਗੀ 'ਚ ਦਿਮਾਗ ਕਾਫੀ ਕੰਮ ਕਰਦਾ ਹੈ...ਸਾਡਾ ਸਰੀਰ ਅਤੇ ਸਾਡਾ ਦਿਮਾਗ ਦੋ ਵੱਖੋ-ਵੱਖਰੀਆਂ ਥਾਂਵਾਂ ਹਨ। ਧਿਆਨ ਲਾਉਣਾ, ਸ਼ੀਗੁੰਗ ਅਤੇ ਤਾਇ ਚੀ ਦਾ ਮਕਸਦ ਇਸ ਭੱਜ-ਦੌੜ ਨੂੰ ਘੱਟ ਕਰਨਾ ਹੈ।"

ਹਾਲਾਂਕਿ ਬਰੂਕਸ ਇਹ ਨਹੀਂ ਮੰਨਦੇ ਕਿ ਗਰਮ ਪਾਣੀ ਪੀਣ ਨਾਲ ਸਿਹਤ ਨੂੰ ਜ਼ਿਆਦਾ ਫਾਇਦੇ ਨਹੀਂ ਹੁੰਦੇ ਪਰ ਉਹ ਇਹ ਜ਼ਰੂਰ ਮੰਨਦੇ ਹਨ ਕਿ ਮਨੋਵਿਗਿਆਨੀ ਤੌਰ 'ਤੇ ਇਹ ਮਦਦਗਾਰ ਹੋ ਸਕਦਾ ਹੈ।

ਉਹ ਅੱਗੇ ਕਹਿੰਦੇ ਹਨ, "ਇਹ ਇੱਕ ਰੂਟੀਨ ਦੀ ਤਰ੍ਹਾਂ ਹੈ... ਅਜਿਹਾ ਕਰਕੇ ਤੁਸੀਂ ਖੁਦ ਲਈ ਥੋੜ੍ਹਾ ਸਮਾਂ ਕੱਢ ਲੈਂਦੇ ਹੋ, ਜੋ ਆਪਣੀ ਮਸਰੂਫੀਅਤ ਭਰੀ ਜ਼ਿੰਦਗੀ ਕਰਕੇ ਅਕਸਰ ਨਹੀਂ ਕੱਢ ਪਾਉਂਦੇ।"

ਮਰੀਅਮ ਖਾਨ ਕਹਿੰਦੇ ਹਨ ਕਿ ਸਵੇਰੇ ਉੱਠ ਕੇ ਗਰਮ ਪਾਣੀ ਪੀਣ ਨਾਲ ਉਹ ਆਪਣੇ ਲਈ ਥੋੜ੍ਹਾ ਸਮਾਂ ਕੱਢ ਪਾਉਂਦੇ ਹਨ ਅਤੇ ਅਜਿਹਾ ਕਰਕੇ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਚੰਗਾ ਮਹਿਸੂਸ ਹੁੰਦਾ ਹੈ।

"ਮੈਂ ਇਸ ਨੂੰ ਇੱਕ ਮੌਕੇ ਦੀ ਤਰ੍ਹਾਂ ਦੇਖਦੀ ਹਾਂ ਤਾਂ ਜੋ ਮੈਂ ਜ਼ਿੰਦਗੀ 'ਚ ਥੋੜ੍ਹਾ ਠਹਿਰਾਅ ਲਿਆ ਸਕਾਂ, ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝਾਂ ਅਤੇ ਇੱਕ ਉਦੇਸ਼ ਨਾਲ ਦਿਨ ਦੀ ਸ਼ੁਰੂਆਤ ਕਰਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)