ਮਧੂ ਮੱਖੀਆਂ ਤੋਂ 25 ਬੱਚਿਆਂ ਨੂੰ ਬਚਾਉਂਦੇ ਹੋਏ ਜਾਨ ਗੁਆਉਣ ਵਾਲੀ ਕੰਚਨ ਬਾਈ, ਕਿਵੇਂ ਇਹ ਬੇਬੇ ਖ਼ਤਰੇ ਅੱਗੇ ਡਟ ਕੇ ਖੜ੍ਹੀ ਰਹੀ

ਕੰਚਨ ਬਾਈ

ਤਸਵੀਰ ਸਰੋਤ, Akash Srivastava

ਤਸਵੀਰ ਕੈਪਸ਼ਨ, 55 ਸਾਲਾ ਆਂਗਣਵਾੜੀ ਸਹਾਇਕ ਕੰਚਨ ਬਾਈ ਨੇ ਬੱਚਿਆਂ ਨੂੰ ਬਚਾਉਣ ਲਈ ਖੁਦ ਮਧੂ-ਮੱਖੀਆਂ ਦੇ ਡੰਗ ਨੂੰ ਸਹਿਣ ਕੀਤਾ
    • ਲੇਖਕ, ਵਿਸ਼ਣੂਕਾਂਤ ਤਿਵਾਰੀ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 8 ਮਿੰਟ

"ਜੇਕਰ ਕੰਚਨ ਬਾਈ ਹਿੰਮਤ ਨਾ ਦਿਖਾਉਂਦੀਆਂ ਤਾਂ ਪਤਾ ਨਹੀਂ ਕਿੰਨੇ ਬੱਚੇ ਮਰ ਜਾਂਦੇ।"

ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਦੇ ਰਾਨਪੁਰ ਪਿੰਡ ਵਿੱਚ ਜਿਸ ਨਾਲ ਵੀ ਗੱਲ ਕਰੋ, ਉਹ ਕੰਚਨ ਬਾਈ ਦੀ ਬਹਾਦੁਰੀ ਅਤੇ ਹੌਸਲੇ ਦੀ ਕਹਾਣੀ ਸੁਣਾਉਂਦਾ ਹੈ।

ਅਸਲ ਵਿੱਚ, ਜ਼ਿਲ੍ਹੇ ਦੇ ਮੁੱਖ ਦਫ਼ਤਰ ਤੋਂ ਕਰੀਬ 26 ਕਿਲੋਮੀਟਰ ਦੂਰ ਸਥਿਤ ਰਾਨਪੁਰ ਦੇ ਆਂਗਨਵਾੜੀ ਵਿੱਚ ਸੋਮਵਾਰ 2 ਫਰਵਰੀ ਦੀ ਦੁਪਹਿਰੇ ਮਧੂਮੱਖੀਆਂ ਨੇ ਹਮਲਾ ਕਰ ਦਿੱਤਾ।

ਜਿੱਥੇ ਆਮ ਤੌਰ 'ਤੇ ਬੱਚਿਆਂ ਦਾ ਹਾਸਾ ਅਤੇ ਸ਼ਰਾਰਤਾਂ ਦਿਖਾਈ ਦਿੰਦਿਆਂ ਹਨ, ਉੱਥੇ ਅਚਾਨਕ ਚੀਕਾਂ ਦੀ ਆਵਾਜ਼ ਆਉਣ ਲੱਗੀ। ਇਸੇ ਆਂਗਨਵਾੜੀ ਵਿੱਚ ਦੁਪਹਿਰੇ ਦੋ ਵਜੇ ਤੋਂ ਪ੍ਰਾਥਮਿਕ ਸਕੂਲ ਚੱਲਦਾ ਹੈ।

ਪਿੰਡ ਵਾਲਿਆਂ ਦੱਸਿਆ ਕਿ ਲਗਭਗ ਸਾਢੇ ਤਿੰਨ ਵਜੇ ਦੇ ਕਰੀਬ ਆਂਗਨਵਾੜੀ ਦੇ ਆਲੇ ਦੁਆਲੇ ਮੌਜੂਦ ਬੱਚਿਆਂ 'ਤੇ ਮਧੂਮੱਖੀਆਂ ਦਾ ਝੁੰਡ ਟੁੱਟ ਪਿਆ। ਉਸ ਸਮੇਂ ਉੱਥੇ ਕਰੀਬ 20 ਤੋਂ 25 ਬੱਚੇ ਮੌਜੂਦ ਸਨ।

'ਬੱਚਿਆਂ ਨੂੰ ਬਚਾਉਣ ਲਈ ਦੌੜ ਪਈਆਂ'

ਸਕੂਲ ਦੀ ਇੱਕ ਅਧਿਆਪਿਕਾ ਗੁਣਸਾਗਰ ਜੈਨ ਦੱਸਦੀ ਹੈ, "ਮਧੂਮੱਖੀਆਂ ਸਿੱਧਾ ਬੱਚਿਆਂ ਵੱਲ ਵਧ ਰਹੀਆਂ ਸਨ ਅਤੇ ਚਾਰੇ ਪਾਸੇ ਭਗਦੜ ਜਿਹੀ ਮਚ ਗਈ।"

ਉਸੇ ਸਮੇਂ ਉੱਥੇ ਮੌਜੂਦ 55 ਸਾਲ ਦੀ ਆਂਗਨਵਾੜੀ ਸਹਾਇਕਾ ਕੰਚਨ ਬਾਈ ਨੇ ਹਾਲਾਤ ਨੂੰ ਸਮਝਿਆ ਅਤੇ ਬੱਚਿਆਂ ਨੂੰ ਬਚਾਉਣ ਲਈ ਦੌੜ ਪਈ।

ਚਸ਼ਮਦੀਦਾਂ ਮੁਤਾਬਕ ਕੰਚਨ ਬਾਈ ਨੇ ਬਿਨਾਂ ਸਮਾਂ ਗੁਆਏ ਬੱਚਿਆਂ ਨੂੰ ਅੰਦਰ ਵੱਲ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ। ਪਹਿਲਾਂ ਉਨ੍ਹਾਂ ਨੇ ਆਂਗਨਵਾੜੀ ਵਿੱਚ ਪਈਆਂ ਦਰੀਆਂ ਅਤੇ ਕੰਬਲ ਕੱਢ ਕੇ ਬੱਚਿਆਂ ਨੂੰ ਢੱਕਿਆ ਅਤੇ ਫਿਰ ਆਪਣੀ ਸਾੜੀ ਨਾਲ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।

ਕੰਚਨ ਬਾਈ

ਤਸਵੀਰ ਸਰੋਤ, Puneet Barnala

ਤਸਵੀਰ ਕੈਪਸ਼ਨ, ਕੰਚਨ ਬਾਈ ਨੇ ਜਿਨ੍ਹਾਂ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਵਿੱਚ ਉਨ੍ਹਾਂ ਦਾ ਪੋਚਰਾ ਵੀ ਸੀ

ਉਨ੍ਹਾਂ ਦੇ ਇਸ ਹੌਸਲੇ ਭਰੇ ਕਦਮ ਨਾਲ ਕਰੀਬ 25 ਬੱਚਿਆਂ ਦੀ ਜਾਨ ਬਚ ਗਈ, ਜਿਨ੍ਹਾਂ ਵਿੱਚ ਉਨ੍ਹਾਂ ਦਾ ਆਪਣਾ ਪੋਤਾ ਵੀ ਸ਼ਾਮਲ ਸੀ। ਹਾਲਾਂਕਿ ਖ਼ੁਦ ਕੰਚਨ ਬਾਈ ਮਧੂਮੱਖੀਆਂ ਦੇ ਹਮਲੇ ਵਿੱਚ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਈ।

ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ।

ਨੀਮਚ ਦੇ ਪੁਲਿਸ ਸੁਪਰਡੈਂਟ ਅੰਕਿਤ ਜੈਸਵਾਲ ਨੇ ਮੀਡੀਆ ਨੂੰ ਦੱਸਿਆ, "ਇਹ ਸੋਮਵਾਰ ਦੁਪਹਿਰ ਦੀ ਘਟਨਾ ਹੈ, ਜਦੋਂ ਜਾਵਦ ਥਾਣਾ ਖੇਤਰ ਦੇ ਰਾਨਪੁਰ ਪਿੰਡ ਦੀ ਆਂਗਨਵਾੜੀ ਵਿੱਚ ਮਧੂਮੱਖੀਆਂ ਨੇ ਹਮਲਾ ਕੀਤਾ। ਇਸ ਦੌਰਾਨ ਉੱਥੇ ਕੰਮ ਕਰਨ ਵਾਲੀ ਕੰਚਨ ਬਾਈ ਨੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਕੰਚਨ ਬਾਈ ਨੂੰ ਮਧੂਮੱਖੀਆਂ ਨੇ ਜਖ਼ਮੀ ਕਰ ਦਿੱਤਾ ਸੀ ਅਤੇ ਜਿਕ ਕਾਰਨ ਉਨ੍ਹਾਂ ਦੀ ਮੌਤ ਹੋ ਗਈ।"

ਨਕਲੇ ਨੇੜੇ ਇੱਕ ਵੱਡਾ ਮਧੂ-ਮੱਖੀਆਂ ਦਾ ਛੱਤਾ ਸੀ

ਤਸਵੀਰ ਸਰੋਤ, Aakash Srivastava

ਤਸਵੀਰ ਕੈਪਸ਼ਨ, ਨਕਲੇ ਨੇੜੇ ਇੱਕ ਵੱਡਾ ਮਧੂ-ਮੱਖੀਆਂ ਦਾ ਛੱਤਾ ਸੀ

ਪਰਿਵਾਰ ਵਿੱਚ ਸੋਗ, ਪੁੱਤਰ ਨੇ ਕਿਹਾ 'ਮਾਂ 'ਤੇ ਮਾਣ ਹੈ'

ਕੰਚਨ ਬਾਈ ਦੇ ਪਰਿਵਾਰ ਵਿੱਚ ਇੱਕ ਪੁੱਤਰ ਰਵੀ ਮੇਘਵਾਲ ਅਤੇ ਪਤੀ ਸ਼ਿਵਲਾਲ ਹਨ। ਪੁੱਤਰ ਦਾ ਵਿਆਹ ਹੋ ਗਿਆ ਹੈ ਅਤੇ ਕੰਚਨ ਬਾਈ ਦਾ ਇੱਕ ਪੋਤਾ ਹੈ, ਜੋ ਉਸ ਵੇਲੇ ਸਕੂਲ ਵਿੱਚ ਹੀ ਮੌਜੂਦ ਸੀ।

ਕੰਚਨ ਬਾਈ ਦੇ ਪਤੀ ਕੁਝ ਸਾਲ ਪਹਿਲਾਂ ਲਕਵੇ ਦਾ ਸ਼ਿਕਾਰ ਹੋ ਗਏ ਸਨ ਅਤੇ ਉਸ ਤੋਂ ਬਾਅਦ ਤੋਂ ਹੀ ਬਿਸਤਰ 'ਤੇ ਹਨ।

ਪੂਰਾ ਪਰਿਵਾਰ ਸੋਗ ਵਿੱਚ ਹੈ ਪਰ ਉਨ੍ਹਾਂ ਦੇ ਪੁੱਤਰ ਰਵੀ ਮੇਘਵਾਲ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੀ ਮਾਂ 'ਤੇ ਬਹੁਤ ਮਾਣ ਹੈ।

ਰਵੀ ਨੇ ਬੀਬੀਸੀ ਨੂੰ ਕਿਹਾ, "ਮੈਂ ਉਸ ਵੇਲੇ ਪਿੰਡ ਵਿੱਚ ਨਹੀਂ ਸੀ ਪਰ ਸਭ ਨੇ ਦੱਸਿਆ ਕਿ ਮੇਰੀ ਮਾਂ ਨੇ ਕਿਵੇਂ ਦਰਜਨਾਂ ਬੱਚਿਆਂ ਦੀ ਜਾਨ ਬਚਾਈ। ਮੇਰੀ ਮਾਂ ਦਾ ਸੁਭਾਅ ਬਹੁਤ ਚੰਗਾ ਸੀ। ਉਹ ਹਰ ਕਿਸੇ ਨਾਲ ਪਿਆਰ ਕਰਦੀ ਸੀ ਪਰ ਬੱਚਿਆਂ ਨਾਲ ਸਭ ਤੋਂ ਵੱਧ।"

"ਉਹ ਹਮੇਸ਼ਾ ਕਹਿੰਦੀ ਸੀ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ। ਉਹ ਉਨ੍ਹਾਂ ਨੂੰ ਆਪਣੇ ਬੱਚਿਆਂ ਵਾਂਗ ਨਹੀਂ, ਸਗੋਂ ਰੱਬ ਵਾਂਗ ਮੰਨਦੀ ਸੀ।"

ਕੰਚਨਬਾਈ ਦੇ ਪੁੱਤਰ ਰਵੀ ਮੇਘਵਾਲ

ਤਸਵੀਰ ਸਰੋਤ, Aakash Srivastava

ਤਸਵੀਰ ਕੈਪਸ਼ਨ, ਕੰਚਨਬਾਈ ਦੇ ਪੁੱਤਰ ਰਵੀ ਮੇਘਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਮਾਂ 'ਤੇ ਬਹੁਤ ਮਾਣ ਹੈ

ਕੰਚਨ ਬਾਈ ਪਿੰਡ ਦੇ ਜੈ ਮਾਤਾ ਦੀ ਸਵੈ-ਸਹਾਇਤਾ ਸਮੂਹ ਦੀ ਪ੍ਰਧਾਨ ਵੀ ਸਨ ਅਤੇ ਆਂਗਨਵਾੜੀ ਨਾਲ ਜੁੜੇ ਕੰਮ ਸੰਭਾਲਦੇ ਸਨ। ਬੱਚਿਆਂ ਲਈ ਖਾਣਾ ਬਣਾਉਣਾ, ਪਾਣੀ ਪਿਆਉਣਾ ਅਤੇ ਉਨ੍ਹਾਂ ਦੀ ਦੇਖਭਾਲ ਕਰਨਾ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਮੇਵਾਰੀ ਸੀ।

ਰਵੀ ਕਹਿੰਦੇ ਹਨ ਕਿ ਜਿਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਨੇ ਬਚਾਇਆ, ਉਨ੍ਹਾਂ ਵਿੱਚ ਉਨ੍ਹਾਂ ਦਾ ਆਪਣਾ ਬੱਚਾ ਵੀ ਸ਼ਾਮਲ ਹੈ। "ਉਸ ਦੇ ਸਰੀਰ ਤੋਂ ਵੀ ਪੰਜ-ਛੇ ਮਧੂਮੱਖੀਆਂ ਦੇ ਡੰਕ ਕੱਢੇ ਗਏ ਸਨ।"

ਮਾਂ ਨੂੰ ਯਾਦ ਕਰਦੇ ਹੋਏ ਰਵੀ ਕਹਿੰਦੇ ਹਨ, "ਉਨ੍ਹਾਂ ਨੇ ਕਦੇ ਇਸ ਕੰਮ ਨੂੰ ਸਿਰਫ਼ ਨੌਕਰੀ ਨਹੀਂ ਸਮਝਿਆ। ਇਹ ਉਨ੍ਹਾਂ ਲਈ ਜ਼ਿੰਦਗੀ ਦਾ ਅਟੁੱਟ ਹਿੱਸਾ ਸੀ। ਉਹ ਕਦੇ ਦੇਰ ਨਾਲ ਨਹੀਂ ਪਹੁੰਚੀ ਅਤੇ ਨਾ ਹੀ ਕਦੇ ਛੁੱਟੀ ਲੈਂਦੀ ਸੀ। ਜੇ ਕਦੇ ਉਹ ਬਹੁਤ ਮੁਸ਼ਕਲ ਵਿੱਚ ਵੀ ਹੁੰਦੀ, ਤਾਂ ਵੀ ਸਭ ਤੋਂ ਪਹਿਲਾਂ ਬੱਚਿਆਂ ਦੇ ਖਾਣ-ਪੀਣ ਦੀ ਵਿਵਸਥਾ ਕਰਦੀ ਸੀ।"

ਕੰਚਨ ਬਾਈ
ਤਸਵੀਰ ਕੈਪਸ਼ਨ, ਪਿੰਡ ਵਾਸੀ ਕੰਚਨਬਾਈ ਨੂੰ ਸਿਰਫ਼ ਇੱਕ ਆਂਗਣਵਾੜੀ ਵਰਕਰ ਵਜੋਂ ਹੀ ਨਹੀਂ, ਸਗੋਂ ਆਂਗਣਵਾੜੀ ਵਿੱਚ ਇੱਕ ਭਰੋਸੇਮੰਦ ਵਜੋਂ ਵੀ ਯਾਦ ਕਰਦੇ ਹਨ

ਸੁਰੇਸ਼ ਚੰਦਰ ਮੇਘਵਾਲ, ਜਿਨ੍ਹਾਂ ਦਾ ਪੁੱਤਰ ਉਸੇ ਆਂਗਨਵਾੜੀ ਵਿੱਚ ਪੜ੍ਹਦਾ ਹੈ, ਉਸ ਸਮੇਂ ਬੱਚਿਆਂ ਨੂੰ ਲੈਣ ਪਹੁੰਚੇ ਹੋਏ ਸਨ।

ਉਹ ਕਹਿੰਦੇ ਹਨ, "ਜਦੋਂ ਮੈਂ ਬਾਹਰ ਪਹੁੰਚਿਆ ਤਾਂ ਮੈਡਮਾਂ ਚੀਕ ਰਹੀਆਂ ਸਨ ਅਤੇ ਅੰਦਰੋਂ ਬੱਚਿਆਂ ਦੇ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਥੋੜ੍ਹਾ ਨੇੜੇ ਗਿਆ ਤਾਂ ਪਤਾ ਲੱਗਿਆ ਕਿ ਮਧੂਮੱਖੀਆਂ ਨੇ ਹਮਲਾ ਕਰ ਦਿੱਤਾ ਹੈ।"

"ਕੰਚਨ ਬਾਈ ਬੱਚਿਆਂ ਨੂੰ ਦਰੀਆਂ, ਚਾਦਰਾਂ ਅਤੇ ਆਪਣੀ ਸਾੜੀ ਨਾਲ ਢੱਕ ਰਹੇ ਸੀ। ਉੱਥੇ ਮਧੂਮੱਖੀਆਂ ਦਾ ਬਹੁਤ ਵੱਡਾ ਝੁੰਡ ਸੀ।"

ਉਨ੍ਹਾਂ ਦੇ ਮੁਤਾਬਕ, ਬੱਚਿਆਂ ਨੂੰ ਬਚਾਉਂਦੇ ਸਮੇਂ ਕੰਚਨ ਬਾਈ ਨੇ ਮਧੂਮੱਖੀਆਂ ਦੇ ਕਈ ਹਮਲੇ ਸਹੇ। ਸੁਰੇਸ਼ ਕਹਿੰਦੇ ਹਨ, "ਜੇ ਉਹ ਉਸ ਦਿਨ ਉੱਥੇ ਨਾ ਹੁੰਦੇ, ਤਾਂ ਕਈ ਬੱਚਿਆਂ ਦੀ ਜਾਨ ਜਾ ਸਕਦੀ ਸੀ।"

ਸਭ ਤੋਂ ਪਹਿਲਾਂ ਬਚਾਅ ਲਈ ਪਹੁੰਚੇ ਪਿੰਡ ਵਾਲਿਆਂ ਨੇ ਕੀ ਦੱਸਿਆ

ਕੰਚਨ ਬਾਈ ਦੇ ਦਿਓਰ ਦਿਲੀਪ ਮੇਘਵਾਲ

ਤਸਵੀਰ ਸਰੋਤ, Aakash Srivastava

ਤਸਵੀਰ ਕੈਪਸ਼ਨ, ਜਦੋਂ ਤੱਕ ਕੰਚਨ ਬਾਈ ਦੇ ਦਿਓਰ ਦਿਲੀਪ ਮੇਘਵਾਲ ਆਂਗਣਵਾੜੀ ਪਹੁੰਚਿਆ, ਕੰਚਨ ਬਾਈ ਜ਼ਮੀਨ 'ਤੇ ਡਿੱਗ ਚੁੱਕੀ ਸੀ

ਦਿਲੀਪ ਮੇਘਵਾਲ, ਜੋ ਰਿਸ਼ਤੇ ਵਿੱਚ ਕੰਚਨ ਬਾਈ ਦੇ ਦਿਓਰ ਲੱਗਦੇ ਹਨ, ਦੱਸਦੇ ਹਨ ਕਿ ਉਨ੍ਹਾਂ ਨੂੰ ਪਿੰਡ ਦੇ ਹੀ ਇੱਕ ਵਿਅਕਤੀ ਦਾ ਫੋਨ ਆਇਆ ਸੀ ਅਤੇ ਉਸ ਨੇ ਦੱਸਿਆ ਕਿ ਆਂਗਨਵਾੜੀ ਵਿੱਚ ਮਧੂਮੱਖੀਆਂ ਨੇ ਹਮਲਾ ਕਰ ਦਿੱਤਾ ਹੈ।

ਦਿਲੀਪ ਦੱਸਦੇ ਹਨ ਕਿ ਜਦੋਂ ਉਹ ਆਂਗਨਵਾੜੀ ਪਹੁੰਚੇ, ਉਦੋਂ ਤੱਕ ਹਾਲਾਤ ਬੇਕਾਬੂ ਹੋ ਚੁੱਕੇ ਸਨ।

ਉਹ ਕਹਿੰਦੇ ਹਨ, "ਮੈਂ ਵੇਖਿਆ ਕਿ ਕੰਚਨ ਬਾਈ ਜ਼ਮੀਨ 'ਤੇ ਡਿੱਗੀ ਪਈ ਸੀ। ਉਨ੍ਹਾਂ ਦੇ ਸਰੀਰ 'ਤੇ ਮਧੂਮੱਖੀਆਂ ਦੇ ਬਹੁਤ ਜ਼ਿਆਦਾ ਡੰਕ ਲੱਗੇ ਹੋਏ ਸਨ ਅਤੇ ਕੁਝ ਮਧੂਮੱਖੀਆਂ ਅਜੇ ਵੀ ਉੱਥੇ ਮੌਜੂਦ ਸਨ। ਕੰਚਨ ਬਾਈ ਹੋਸ਼ ਵਿੱਚ ਨਹੀਂ ਸਨ, ਉਨ੍ਹਾਂ ਦੇ ਮੂੰਹ ਤੋਂ ਝਾਗ ਨਿਕਲ ਰਹੀ ਸੀ ਅਤੇ ਉਨ੍ਹਾਂ ਕੋਲੋਂ ਬੋਲਿਆ ਵੀ ਨਹੀਂ ਜਾ ਰਿਹਾ ਸੀ।"

ਘਟਨਾ ਦਾ ਮੰਜ਼ਰ ਯਾਦ ਕਰਦੇ ਹੋਏ ਦਿਲੀਪ ਕਹਿੰਦੇ ਹਨ, "ਆਲੇ-ਦੁਆਲੇ ਬੱਚੇ ਰੋ ਰਹੇ ਸਨ ਅਤੇ ਲੋਕ ਘਬਰਾਏ ਹੋਏ ਸਨ। ਮੈਂ ਕੰਚਨ ਬਾਈ ਨੂੰ ਚੁੱਕਿਆ ਅਤੇ ਇੱਕ ਬੱਚੇ ਦੇ ਨਾਲ ਬਾਹਰ ਲੈ ਕੇ ਆਇਆ। ਉਦੋਂ ਤੱਕ ਸੁਰੇਸ਼ ਚੰਦਰ ਵੀ ਪਹੁੰਚ ਚੁੱਕੇ ਸਨ। ਉਨ੍ਹਾਂ ਨੇ ਐਂਬੂਲੈਂਸ ਅਤੇ ਪੁਲਿਸ ਨੂੰ ਫੋਨ ਕੀਤਾ।"

ਪੁਲਿਸ ਦੀ ਗੱਡੀ ਆਉਣ ਤੋਂ ਬਾਅਦ ਕੰਚਨ ਬਾਈ ਨੂੰ ਸਭ ਤੋਂ ਨੇੜਲੇ ਸਰਵਾਨੀਆ ਮਹਾਰਾਜ ਪ੍ਰਾਇਮਰੀ ਸਿਹਤ ਕੇਂਦਰ (ਪੀਐੱਚਸੀ) ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ।

ਕੰਚਨ ਬਾਈ

ਤਸਵੀਰ ਸਰੋਤ, Aakash Srivastava

ਤਸਵੀਰ ਕੈਪਸ਼ਨ, ਕੰਚਨ ਬਾਈ ਪਿੰਡ ਦੇ ਜੈ ਮਾਤਾ ਦੀ ਸਵੈ-ਸਹਾਇਤਾ ਸਮੂਹ ਦੀ ਪ੍ਰਧਾਨ ਸੀ ਅਤੇ ਆਂਗਣਵਾੜੀ ਦਾ ਕੰਮ ਸੰਭਾਲਦੀ ਸੀ

ਸਰਵਾਨੀਆ ਮਹਾਰਾਜ ਪ੍ਰਾਇਮਰੀ ਸਿਹਤ ਕੇਂਦਰ ਦੇ ਇੰਚਾਰਜ ਅਤੇ ਇਕੱਲੇ ਡਾਕਟਰ ਸੰਦੀਪ ਸ਼ਰਮਾ ਨੇ ਬੀਬੀਸੀ ਨੂੰ ਕਿਹਾ, "ਮੈਂ ਉਸ ਦਿਨ ਕਲੇਕਟੋਰੇਟ ਵਿੱਚ ਮੀਟਿੰਗ ਲਈ ਗਿਆ ਸੀ। ਇਸ ਦੌਰਾਨ ਸ਼ਾਮ ਨੂੰ ਮੈਨੂੰ ਪੀਐੱਚਸੀ ਤੋਂ ਫੋਨ ਆਇਆ ਕਿ ਇੱਕ ਔਰਤ ਨੂੰ ਮਧੂਮੱਖੀਆਂ ਦੇ ਭਿਆਨਕ ਹਮਲੇ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ ਹੈ।"

ਉਹ ਕਹਿੰਦੇ ਹਨ, "ਉਸ ਵੇਲੇ ਮੌਜੂਦ ਹਸਪਤਾਲ ਸਟਾਫ਼ ਮੁਤਾਬਕ, ਔਰਤ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਮਧੂਮੱਖੀਆਂ ਦੇ ਹਮਲੇ ਵਿੱਚ ਇਹ ਬਿਲਕੁਲ ਸੰਭਵ ਹੈ ਕਿਉਂਕਿ ਵਿਅਕਤੀ ਐਨਾਫ਼ਿਲੈਕਟਿਕ ਸ਼ੌਕ ਵਿੱਚ ਚਲਾ ਜਾਂਦਾ ਹੈ, ਜੋ ਜਾਨਲੇਵਾ ਹੋ ਸਕਦਾ ਹੈ।"

ਐਨਾਫ਼ਿਲੈਕਟਿਕ ਸ਼ੌਕ ਇੱਕ ਗੰਭੀਰ, ਅਚਾਨਕ ਹੋਣ ਵਾਲੀ ਅਤੇ ਜਾਨਲੇਵਾ ਐਲਰਜਿਕ ਪ੍ਰਤੀਕਿਰਿਆ ਹੁੰਦੀ ਹੈ, ਜੋ ਐਲਰਜੀ ਪੈਦਾ ਕਰਨ ਵਾਲੀ ਚੀਜ਼ ਦੇ ਸੰਪਰਕ ਵਿੱਚ ਆਉਣ ਤੋਂ ਕੁਝ ਮਿੰਟਾਂ ਦੇ ਅੰਦਰ ਹੋ ਸਕਦੀ ਹੈ। ਡਾਕਟਰ ਸੰਦੀਪ ਮੁਤਾਬਕ, ਮਧੂਮੱਖੀਆਂ ਦਾ ਹਮਲਾ ਇਸ ਤਰ੍ਹਾਂ ਦੇ ਸ਼ੌਕ ਦਾ ਵਾਜਬ ਕਾਰਨ ਬਣ ਸਕਦਾ ਹੈ।

ਕੰਚਨ ਬਾਈ ਦੀ ਮੌਤ ਨੇ ਪੂਰੇ ਰਾਨਪੁਰ ਪਿੰਡ ਨੂੰ ਸੋਗ ਵਿੱਚ ਡੁੱਬੋ ਦਿੱਤਾ ਹੈ। ਪਿੰਡ ਵਾਲੇ ਉਨ੍ਹਾਂ ਨੂੰ ਸਿਰਫ਼ ਆਂਗਨਵਾੜੀ ਨਾਲ ਜੁੜੀ ਔਰਤ ਹੀ ਨਹੀਂ, ਬਲਕਿ ਆਂਗਨਵਾੜੀ ਵਿੱਚ ਇੱਕ ਭਰੋਸੇਯੋਗ ਮੌਜੂਦਗੀ ਵਜੋਂ ਯਾਦ ਕਰਦੇ ਹਨ।

ਇੱਕ ਪਿੰਡ ਵਾਲੇ ਨੇ ਕਿਹਾ, "ਜਦੋਂ ਕੰਚਨ ਬਾਈ ਉੱਥੇ ਹੁੰਦੇ ਸਨ ਤਾਂ ਸਾਨੂੰ ਭਰੋਸਾ ਹੁੰਦਾ ਸੀ ਕਿ ਬੱਚੇ ਸੁਰੱਖਿਅਤ ਹੱਥਾਂ ਵਿੱਚ ਹਨ ਅਤੇ ਉਨ੍ਹਾਂ ਦੀ ਦੇਖਭਾਲ ਦੀ ਕੋਈ ਚਿੰਤਾ ਨਹੀਂ ਰਹਿੰਦੀ ਸੀ।"

ਦਿਲੀਪ ਦੱਸਦੇ ਹਨ ਕਿ ਉਹ ਬੱਚਿਆਂ ਨੂੰ ਇਕੱਠੇ ਬਿਠਾ ਕੇ ਖਾਣਾ ਖਵਾਉਂਦੇ ਸਨ ਅਤੇ ਉਨ੍ਹਾਂ ਨਾਲ ਹੱਸ-ਮਜ਼ਾਕ ਕਰਦੇ ਸਨ।

ਆਰਥਿਕ ਹਾਲਤ ਕਮਜ਼ੋਰ, ਸਰਪੰਚ ਨੇ ਸਹਾਇਤਾ ਦਾ ਭਰੋਸਾ ਦਿੱਤਾ

ਪਿੰਡ

ਤਸਵੀਰ ਸਰੋਤ, Aakash Srivastava

ਤਸਵੀਰ ਕੈਪਸ਼ਨ, ਕੰਚਨਬਾਈ ਦੇ ਘਰ ਦੇ ਬਾਹਰ ਪਿੰਡ ਵਾਸੀ ਇਕੱਠੇ ਹੋਏ

ਪਰਿਵਾਰ ਦੀ ਆਰਥਿਕ ਹਾਲਤ ਪਹਿਲਾਂ ਹੀ ਮੁਸ਼ਕਲ ਸੀ। ਰਵੀ ਦੇ ਪਿਤਾ ਨੂੰ ਚਾਰ-ਪੰਜ ਸਾਲ ਪਹਿਲਾਂ ਦਿਮਾਗ਼ ਵਿੱਚ ਬਲੀਡਿੰਗ ਹੋਣ ਤੋਂ ਬਾਅਦ ਲਕਵਾ ਮਾਰ ਗਿਆ ਸੀ।

ਰਵੀ ਨੇ ਦੱਸਿਆ, "ਘਰ ਦੀ ਸਾਰੀ ਜ਼ਿੰਮੇਵਾਰੀ ਮਾਂ 'ਤੇ ਸੀ। ਪਿਤਾ ਦੇ ਇਲਾਜ ਵਿੱਚ ਪੰਜ-ਛੇ ਲੱਖ ਰੁਪਏ ਖਰਚ ਹੋ ਚੁੱਕੇ ਹਨ। ਇਸ ਲਈ ਮੈਨੂੰ ਜ਼ਮੀਨ ਤੱਕ ਵੇਚਣੀ ਪਈ। ਅੱਜ ਵੀ ਹਰ ਮਹੀਨੇ ਦਵਾਈਆਂ 'ਤੇ ਢਾਈ ਤੋਂ ਸਾਢੇ ਤਿੰਨ ਹਜ਼ਾਰ ਰੁਪਏ ਲੱਗਦੇ ਹਨ।"

ਰਵੀ ਕਹਿੰਦੇ ਹਨ, "ਮਾਂ ਸਿਰਫ਼ ਘਰ ਅੰਦਰ ਹੀ ਨਹੀਂ, ਬਲਕਿ ਬਾਹਰ ਵੀ ਪਰਿਵਾਰ ਲਈ ਮਜ਼ਬੂਤੀ ਨਾਲ ਸੰਘਰਸ਼ ਕਰ ਰਹੀ ਸੀ। ਸਵੇਰੇ ਘਰ ਦੀ ਜ਼ਿੰਮੇਵਾਰੀ, ਪਿਤਾ ਜੀ ਦੀ ਦੇਖਭਾਲ, ਫਿਰ ਸਕੂਲ ਅਤੇ ਇਸ ਦੇ ਨਾਲ-ਨਾਲ ਸਵੈ-ਸਹਾਇਤਾ ਸਮੂਹ ਦਾ ਕੰਮ। ਪਤਾ ਨਹੀਂ ਕਿਵੇਂ, ਪਰ ਉਹ ਸਭ ਕੁਝ ਸੰਭਾਲ ਲੈਂਦੀ ਸੀ।"

ਪਿੰਡ ਦੇ ਸਰਪੰਚ ਲਾਲਾਰਾਮ ਰਾਵਤ ਕਹਿੰਦੇ ਹਨ, "ਮਧੂਮੱਖੀਆਂ ਦਾ ਹਮਲਾ ਬਹੁਤ ਵੱਡਾ ਸੀ। ਕੰਚਨ ਬਾਈ ਬੱਚਿਆਂ ਨੂੰ ਬਚਾਉਂਦੇ-ਬਚਾਉਂਦੇ ਆਪਣੀ ਜਾਨ ਗੁਆ ਬੈਠੀਆਂ। ਪਰਿਵਾਰ ਦੀ ਹਾਲਤ ਬਹੁਤ ਗੰਭੀਰ ਹੈ।"

ਉਹ ਕਹਿੰਦੇ ਹਨ ਕਿ ਗ੍ਰਾਮ ਪੰਚਾਇਤ ਆਪਣੇ ਨਿਯਮਾਂ ਅਨੁਸਾਰ ਪਰਿਵਾਰ ਦੀ ਮਦਦ ਕਰੇਗੀ। "ਅਸੀਂ ਸਰਕਾਰ ਨੂੰ ਵੀ ਅਪੀਲ ਕਰਾਂਗੇ ਕਿ ਪਰਿਵਾਰ ਨੂੰ ਆਰਥਿਕ ਸਹਾਇਤਾ ਮਿਲੇ ਅਤੇ ਪੁੱਤਰ ਦੇ ਰੁਜ਼ਗਾਰ ਬਾਰੇ ਵੀ ਵਿਚਾਰ ਕੀਤਾ ਜਾਵੇ।"

ਪਿੰਡ ਵਿੱਚ ਡਰ ਦਾ ਮਾਹੌਲ

ਲੋਕ ਅਜੇ ਵੀ ਹੈਂਡ ਪੰਪ ਦੇ ਨੇੜੇ ਜਾਣ ਤੋਂ ਡਰਦੇ ਹਨ

ਤਸਵੀਰ ਸਰੋਤ, Aakash Srivastava

ਤਸਵੀਰ ਕੈਪਸ਼ਨ, ਲੋਕ ਅਜੇ ਵੀ ਹੈਂਡ ਪੰਪ ਦੇ ਨੇੜੇ ਜਾਣ ਤੋਂ ਡਰਦੇ ਹਨ

ਘਟਨਾ ਤੋਂ ਬਾਅਦ ਪਿੰਡ ਵਿੱਚ ਡਰ ਦਾ ਮਾਹੌਲ ਹੈ। ਆਂਗਨਵਾੜੀ ਦੇ ਕੋਲ ਲੱਗਿਆ ਹੈਂਡਪੰਪ ਪੂਰੇ ਪਿੰਡ ਲਈ ਪਾਣੀ ਦਾ ਇਕੱਲਾ ਸਰੋਤ ਹੈ। ਉਸੇ ਥਾਂ ਮਧੂਮੱਖੀਆਂ ਦਾ ਛੱਤਾ ਹੋਣ ਕਾਰਨ ਲੋਕ ਉੱਥੇ ਜਾਣ ਤੋਂ ਡਰ ਰਹੇ ਹਨ।

ਰਵੀ ਕਹਿੰਦੇ ਹਨ, "ਸਕੂਲ ਦੀ ਇਮਾਰਤ ਦੀ ਖ਼ਸਤਾ ਹਾਲਤ ਹੈ, ਇਸ ਲਈ ਬੱਚਿਆਂ ਨੂੰ ਆਂਗਨਵਾੜੀ ਵਿੱਚ ਪੜ੍ਹਨਾ ਪੈਂਦਾ ਹੈ। ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਸਕੂਲ ਦੀ ਹਾਲਤ ਸੁਧਾਰੀ ਜਾਵੇ, ਬਾਊਂਡਰੀ ਅਤੇ ਪਾਣੀ ਦੀ ਵਿਵਸਥਾ ਕੀਤੀ ਜਾਵੇ, ਤਾਂ ਜੋ ਬੱਚਿਆਂ ਨੂੰ ਆਂਗਨਵਾੜੀ ਵਿੱਚ ਨਾ ਬੈਠਣਾ ਪਵੇ। ਜੇ ਸਭ ਕੁਝ ਠੀਕ ਹੁੰਦਾ ਤਾਂ ਮੇਰੀ ਮਾਂ ਉਸ ਵੇਲੇ ਆਂਗਨਵਾੜੀ ਵਿੱਚ ਹੁੰਦੀ ਹੀ ਨਹੀਂ।"

ਸਥਾਨਕ ਪੱਤਰਕਾਰ ਆਕਾਸ਼ ਸ਼੍ਰੀਵਾਸਤਵ ਦੀ ਰਿਪੋਰਟਿੰਗ ਨਾਲ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)