You’re viewing a text-only version of this website that uses less data. View the main version of the website including all images and videos.
ਪੰਜਾਬ ਵਿੱਚ ਅਨਾਜ ਭੰਡਾਰਨ ਕਿਵੇਂ ਕੀਤਾ ਜਾਂਦਾ ਹੈ, ਗੋਦਾਮਾਂ ਨੂੰ ਚਲਾਉਂਦਾ ਕੌਣ ਹੈ, ਟੈਂਡਰ ਦੇਣ ਦੀ ਕੀ ਪ੍ਰਕਿਰਿਆ ਹੈ
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 7 ਮਿੰਟ
ਸਾਬਕਾ ਕੈਬਿਨਟ ਮੰਤਰੀ ਲਾਲਜੀਤ ਭੁੱਲਰ ਦੀ ਪੰਜਾਬ ਰਾਜ ਭੰਡਾਰਨ ਨਿਗਮ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਹੋ ਚੁੱਕੀ ਹੈ।
ਲਾਲਜੀਤ ਭੁੱਲਰ ਉੱਤੇ ਇਲਜ਼ਾਮ ਹਨ ਕਿ ਉਨ੍ਹਾਂ ਵੱਲੋਂ ਕਥਿਤ ਤੌਰ 'ਤੇ ਆਪਣੇ ਪਿਤਾ ਦੇ ਹੱਕ ਵਿੱਚ ਪੰਜਾਬ ਰਾਜ ਭੰਡਾਰਨ ਨਿਗਮ ਦੇ ਇੱਕ ਗੋਦਾਮ ਦਾ ਟੈਂਡਰ ਪਾਸ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਸੀ।
ਭਾਵੇਂ ਲਾਲਜੀਤ ਭੁੱਲਰ ਆਪਣੇ ਉੱਤੇ ਲੱਗੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਤੇ ਝੂਠਾ ਕਰਾਰ ਦੇ ਚੁੱਕੇ ਹਨ।
ਇਸ ਸਾਰੇ ਘਟਨਾਕ੍ਰਮ ਵਿੱਚ ਪੰਜਾਬ ਰਾਜ ਭੰਡਾਰਨ ਨਿਗਮ, ਅਨਾਜ ਭੰਡਾਰਨ ਅਤੇ ਗੋਦਾਮਾਂ ਬਾਰੇ ਚਰਚਾ ਹੋ ਰਹੀ ਹੈ। ਇਹ ਗੋਦਾਮ ਕਿਸ ਕੰਮ ਲਈ ਵਰਤੇ ਜਾਂਦੇ ਹਨ, ਇਹ ਕਿੰਨਾ ਮੁਨਾਫ਼ੇ ਵਾਲਾ ਧੰਦਾ ਹੈ ਅਤੇ ਅਨਾਜ ਭੰਡਾਰਨ ਸਿਸਟਮ ਕਿਵੇਂ ਕੰਮ ਕਰਦਾ ਹੈ, ਇਸ ਬਾਰੇ ਪੇਸ਼ ਹੈ ਬੀਬੀਸੀ ਪੰਜਾਬੀ ਦੀ ਇਹ ਰਿਪੋਰਟ।
ਗੋਦਾਮਾਂ ਦੀ ਕੀ ਅਹਿਮੀਅਤ ਹੈ?
ਪੰਜਾਬ ਦੇਸ਼ ਦੇ ਕੇਂਦਰੀ ਅਨਾਜ ਭੰਡਾਰ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਸੂਬਿਆਂ ਵਿੱਚੋਂ ਇੱਕ ਹੈ। ਇੱਥੇ ਸਰਕਾਰ ਵੱਲੋਂ ਹਰ ਸਾਲ ਲੱਖਾਂ ਟਨ ਕਣਕ ਅਤੇ ਝੋਨੇ ਦੀ ਖਰੀਦ ਐੱਮਐੱਸਪੀ ਉੱਤੇ ਕੀਤੀ ਜਾਂਦੀ ਹੈ। ਇਸ ਵੱਡੀ ਮਾਤਰਾ ਦੇ ਅਨਾਜ ਨੂੰ ਸੰਭਾਲਣ ਲਈ ਸੂਬੇ ਵਿੱਚ ਇੱਕ ਵਿਸ਼ਾਲ ਭੰਡਾਰਨ ਢਾਂਚੇ ਦੀ ਲੋੜ ਪੈਂਦੀ ਹੈ।
ਗੋਦਾਮ ਇਸ ਭੰਡਾਰਨ ਢਾਂਚੇ ਵਿੱਚ ਅਨਾਜ ਦੀ ਸਾਂਭ-ਸੰਭਾਲ, ਢੋਆ-ਢੁਆਈ ਅਤੇ ਹੋਰਨਾਂ ਸੂਬਿਆਂ ਨੂੰ ਅਨਾਜ ਸਪਲਾਈ ਕਰਨ ਵਾਲੀ ਕੜੀ ਦਾ ਸਭ ਤੋਂ ਅਹਿਮ ਹਿੱਸਾ ਹਨ।
ਫੂਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ 25 ਮਾਰਚ 2025 ਨੂੰ ਰਾਜ ਸਭਾ ਵਿੱਚ ਦਿੱਤੇ ਇੱਕ ਜਵਾਬ ਵਿੱਚ ਦੱਸਿਆ ਗਿਆ ਸੀ ਕਿ ਉਸ ਕੋਲ ਅਨਾਜ ਦੀ ਸੰਭਾਲ ਲਈ ਪੰਜਾਬ ਵਿੱਚ ਕੁੱਲ 581 ਗੋਦਾਮ ਉਪਲਬਧ ਹਨ।
ਮੌਜੂਦਾ ਸਮੇਂ ਪੰਜਾਬ ਦੀ ਕੁੱਲ ਸਟੋਰੇਜ ਸਮਰੱਥਾ ਲਗਭਗ 174 ਲੱਖ ਮੀਟਰਕ ਟਨ ਤੋਂ ਵੱਧ ਹੈ।
ਗੋਦਾਮਾਂ ਦਾ ਸੰਚਾਲਨ ਕੌਣ ਕਰਦਾ ਹੈ?
ਪੰਜਾਬ ਰਾਜ ਭੰਡਾਰਨ ਨਿਗਮ ਦੇ ਫ਼ੀਲਡ ਸਟਾਫ ਯੂਨੀਅਨ ਦੇ ਪ੍ਰਧਾਨ ਵਿਜੇ ਸ਼ਰਮਾ ਦੱਸਦੇ ਹਨ, "ਪੰਜਾਬ ਵਿੱਚ ਪੰਜਾਬ ਰਾਜ ਭੰਡਾਰਨ ਨਿਗਮ, ਪਨਗ੍ਰੇਨ, ਪਨਸਪ, ਮਾਰਕਫੈੱਡ ਅਤੇ ਕੇਂਦਰੀ ਭੰਡਾਰਨ ਨਿਗਮ ਸੂਬੇ ਵਿੱਚ ਭੰਡਾਰਨ ਢਾਂਚੇ ਦਾ ਸੰਚਾਲਨ ਅਤੇ ਨਿਗਰਾਨੀ ਕਰਦੇ ਹਨ। ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫਸੀਆਈ) ਇਸ ਸਾਰੇ ਢਾਂਚੇ ਦਾ ਕੇਂਦਰ ਹੈ।"
"ਇਨ੍ਹਾਂ ਸਾਰੀਆਂ ਅਨਾਜ ਖਰੀਦ ਏਜੰਸੀਆਂ ਦੇ ਆਪਣੇ ਗੋਦਾਮ ਵੀ ਹਨ, ਜੋ ਜਨਤਕ-ਨਿੱਜੀ ਭਾਈਵਾਲੀ (ਪੀਪੀਪੀ ਮੋਡ) ਅਤੇ ਕਿਰਾਏ 'ਤੇ ਵੀ ਹਨ।"
ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ, "ਗੋਦਾਮਾਂ ਦੇ ਟੈਂਡਰ ਦੀ ਪ੍ਰਕਿਰਿਆ ਪਹਿਲਾਂ ਹੀ ਪੂਰੀ ਤਰ੍ਹਾਂ ਪਾਰਦਰਸ਼ੀ ਹੈ। ਅਨਾਜ ਦੇ ਭੰਡਾਰਨ ਨੂੰ ਲੈ ਕੇ ਚੁਣੌਤੀਆਂ ਜ਼ਰੂਰ ਪੇਸ਼ ਆਉਂਦੀਆਂ ਹਨ ਪਰ ਉਨ੍ਹਾਂ ਦਾ ਤੁਰੰਤ ਹੱਲ ਹੋ ਜਾਂਦਾ ਹੈ।"
"ਕਈ ਵਾਰੀ ਉਤਪਾਦਨ ਵੱਧ ਜਾਣ ਅਤੇ ਕਈ ਵਾਰੀ ਪੁਰਾਣਾ ਸਟਾਕ ਘੱਟ ਕਲੀਅਰ ਹੋਣ ਨਾਲ ਸਟੋਰੇਜ ਦੀ ਘਾਟ ਆ ਜਾਂਦੀ ਹੈ। ਪਰ ਵਿਭਾਗ ਨੇ ਪਹਿਲਾਂ ਹੀ ਸਥਿਤੀ ਮੁਤਾਬਕ ਤਿਆਰ ਕੀਤੀ ਹੁੰਦੀ ਹੈ।"
ਅਨਾਜ ਭੰਡਾਰਨ ਦਾ ਧੰਦਾ ਕਿੰਨਾ ਲਾਹੇਵੰਦ ਹੈ?
ਪੰਜਾਬ ਰਾਜ ਭੰਡਾਰਨ ਨਿਗਮ ਦੇ ਫ਼ੀਲਡ ਸਟਾਫ ਯੂਨੀਅਨ ਦੇ ਪ੍ਰਧਾਨ ਵਿਜੇ ਸ਼ਰਮਾ ਦੱਸਦੇ ਹਨ, "ਅਨਾਜ ਖਰੀਦ ਅਤੇ ਸੰਭਾਲ ਏਜੰਸੀਆਂ ਗੋਦਾਮਾਂ ਨੂੰ 7 ਜਾਂ 10 ਸਾਲ ਲਈ ਕਿਰਾਏ 'ਤੇ ਲੈ ਲੈਂਦੀਆਂ ਹਨ। ਇਸ ਸਮੇਂ ਦੌਰਾਨ ਭਾਵੇਂ ਗੋਦਾਮ ਭਰੇ ਰਹਿਣ ਜਾਂ ਖਾਲ੍ਹੀ, ਆਮਦਨ ਆਉਂਦੀ ਰਹਿੰਦੀ ਹੈ।"
"ਕਵਰ ਅਤੇ ਪਲਿੰਥ ਕਿਸਮ ਦੇ ਗੋਦਾਮ (ਆਰਜ਼ੀ ਇੰਤਜ਼ਾਮ ਵਾਲੇ ਗੋਦਾਮ) ਕਵਰਡ ਗੋਦਾਮਾਂ ਦੇ ਮੁਕਾਬਲੇ ਘੱਟ ਸਮੇਂ ਲਈ ਕਿਰਾਏ 'ਤੇ ਲਏ ਜਾਂਦੇ ਹਨ।"
ਉਹ ਦੱਸਦੇ ਹਨ, "ਗੋਦਾਮ ਟੈਂਡਰ ਪ੍ਰਕਿਰਿਆ ਰਾਹੀਂ ਕਿਰਾਏ 'ਤੇ ਲਏ ਜਾਂਦੇ ਹਨ। ਐੱਫਸੀਆਈ ਅਤੇ ਸੂਬੇ ਦੀਆਂ ਸਬੰਧਤ ਖਰੀਦ ਏਜੰਸੀਆਂ ਟੈਂਡਰ ਪ੍ਰਕਿਰਿਆ ਦਾ ਹਿੱਸਾ ਹੁੰਦੀਆਂ ਹਨ। ਗੋਦਾਮਾਂ ਤੋਂ ਹੋਣ ਵਾਲੀ ਆਮਦਨ ਟੈਂਡਰ ਵਿੱਚ ਭਰੇ ਗਏ ਰੇਟ ਮੁਤਾਬਕ ਹੁੰਦੀ ਹੈ।"
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜਗਮੋਹਨ ਸਿੰਘ ਕਹਿੰਦੇ ਹਨ, "ਜਦੋਂ ਖਰੀਦ ਏਜੰਸੀਆਂ ਗੋਦਾਮ ਕਿਰਾਏ 'ਤੇ ਲੈਣ ਲਈ ਜਗ੍ਹਾ ਚੁਣਨ ਮਗਰੋਂ ਕੰਟਰੈਕਟ ਕਰਦੀਆਂ ਹਨ ਤਾਂ ਸਬੰਧਤ ਧਿਰ ਨੂੰ ਗੋਦਾਮਾਂ ਦੀ ਉਸਾਰੀ ਲਈ ਬੈਂਕ ਤੋਂ ਆਸਾਨੀ ਨਾਲ ਕਰਜ਼ਾ ਮਿਲ ਜਾਂਦਾ ਹੈ। ਠੇਕੇ ਦੇ ਦੌਰਾਨ ਹੀ ਇਹ ਕਰਜ਼ਾ ਉਤਰ ਵੀ ਜਾਂਦਾ ਹੈ।"
ਉਹ ਕਹਿੰਦੇ ਹਨ, "ਅਨਾਜ ਭੰਡਾਰਨ ਦਾ ਠੇਕਾ ਮਿਲਣ ਮਗਰੋਂ ਸਬੰਧਤ ਧਿਰ ਦੀ ਸੱਤ ਜਾਂ 10 ਸਾਲ ਲਈ ਆਮਦਨ ਪੱਕੀ ਹੋ ਜਾਂਦੀ ਹੈ।"
ਮਾਰਕਫੈੱਡ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਜਸਬੀਰ ਸਿੰਘ ਕਹਿੰਦੇ ਹਨ, "ਜਦੋਂ ਸੱਤ ਜਾਂ ਦਸ ਸਾਲ ਬਾਅਦ ਕੰਟਰੈਕਟ ਖ਼ਤਮ ਹੁੰਦਾ ਹੈ ਤਾਂ ਫਿਰ ਇਹ ਅੱਗੇ ਵੀ ਵਧਾ ਦਿੱਤਾ ਜਾਂਦਾ ਹੈ। ਅਨਾਜ ਦੀ ਸੰਭਾਲ ਲਈ ਹਮੇਸ਼ਾ ਜਗ੍ਹਾ ਦੀ ਘਾਟ ਰਹਿੰਦੀ ਹੈ ਅਤੇ ਜੇਕਰ ਇੱਕ ਵਾਰੀ ਸਬੰਧਤ ਧਿਰ ਨੂੰ ਠੇਕਾ ਮਿਲ ਜਾਂਦਾ ਹੈ ਤਾਂ ਇਹ ਅੱਗੇ ਵੀ ਜਾਰੀ ਰਹਿੰਦਾ ਹੈ।"
ਪੰਜਾਬ ਰਾਜ ਭੰਡਾਰਨ ਨਿਗਮ ਕੀ ਹੈ?
ਨਿਗਮ ਦੀ ਵੈਬਸਾਈਟ ਮੁਤਾਬਕ ਪੰਜਾਬ ਰਾਜ ਭੰਡਾਰਨ ਨਿਗਮ ਦੇਸ਼ ਦੇ ਸਭ ਤੋਂ ਪੁਰਾਣੇ ਨਿਗਮਾਂ ਵਿੱਚੋਂ ਇੱਕ ਹੈ।
ਇਹ ਦੇਸ਼ ਦਾ ਸਭ ਤੋਂ ਵੱਡਾ ਭੰਡਾਰਨ ਨਿਗਮ ਹੈ। ਇਸਦੀ ਭੰਡਾਰਨ ਸਮਰੱਥਾ ਦੇਸ਼ ਦੇ ਸਾਰੇ ਭੰਡਾਰਨ ਕਾਰਪੋਰੇਸ਼ਨਾਂ ਦੀ ਕੁੱਲ ਭੰਡਾਰਨ ਸਮਰੱਥਾ ਦਾ ਤੀਜਾ (33.63%) ਹਿੱਸਾ ਹੈ।
ਇਸਦੇ ਦੋ ਸ਼ੇਅਰਹੋਲਡਰ ਕੇਂਦਰੀ ਵੇਅਰਹਾਊਸਿੰਗ ਕਾਰਪੋਰੇਸ਼ਨ (ਸੀਡਬਲਯੂਸੀ) ਅਤੇ ਪੰਜਾਬ ਸਰਕਾਰ ਹਨ। ਦੋਵਾਂ ਦੀ ਹਿੱਸੇਦਾਰੀ 50-50 ਫੀਸਦੀ ਹੈ।
ਇਸਦੇ ਬੋਰਡ ਆਫ ਡਾਇਰੈਕਟਰਜ਼ ਵਿੱਚ 11 ਡਾਇਰੈਕਟਰ ਪੰਜਾਬ ਸਰਕਾਰ ਵੱਲੋਂ ਨਾਮਜ਼ਦ ਕੀਤੇ ਜਾਂਦੇ ਹਨ, ਜਦਕਿ 5 ਕੇਂਦਰੀ ਵੇਅਰਹਾਊਸਿੰਗ ਕਾਰਪੋਰੇਸ਼ਨ ਵੱਲੋਂ ਕੀਤੇ ਜਾਂਦੇ ਹਨ।
ਪੰਜਾਬ ਰਾਜ ਭੰਡਾਰਨ ਨਿਗਮ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਹੋਈ?
ਪੰਜਾਬ ਰਾਜ ਭੰਡਾਰਨ ਨਿਗਮ ਦੀ ਵੈਬਸਾਈਟ ਮੁਤਾਬਕ ਅਨਾਜ ਭੰਡਾਰਨ ਦੀ ਧਾਰਨਾ ਦੀ ਸ਼ੁਰੂਆਤ ਸਾਲ 1951 ਵਿੱਚ ਰੂਰਲ ਕ੍ਰੇਡਿਟ ਸਰਵੇਖਣ ਕਮੇਟੀ ਵੱਲੋਂ ਦਿੱਤੀਆਂ ਸਿਫ਼ਾਰਸ਼ਾਂ ਨਾਲ ਹੋਈ। ਇਸ ਕਮੇਟੀ ਦਾ ਗਠਨ ਭਾਰਤੀ ਰਿਜ਼ਰਵ ਬੈਂਕ ਵੱਲੋਂ ਕੀਤਾ ਗਿਆ ਸੀ।
ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਖੇਤੀਬਾੜੀ ਉਤਪਾਦ (ਵਿਕਾਸ ਅਤੇ ਭੰਡਾਰਨ) ਨਿਗਮ ਕਾਨੂੰਨ, 1956 (ਦਿ ਐਗਰੀਕਲਚਰਲ ਪ੍ਰੋਡਿਊਸ (ਡਿਵੈਲਮੈਂਟ ਐਂਡ ਵੇਅਰਹਾਊਸ) ਕਾਰਪੋਰੇਸ਼ਨ ਐਕਸ, 1956) ਲਾਗੂ ਕੀਤਾ ਗਿਆ ਸੀ। ਮਗਰੋਂ ਇਸ ਕਾਨੂੰਨ ਦੀ ਥਾਂ ਭੰਡਾਰਨ ਨਿਗਮ ਕਾਨੂੰਨ, 1962 (ਦਿ ਵੇਅਰਹਾਊਸ ਕਾਰਪੋਰੇਸ਼ਨ ਐਕਟ, 1962) ਨੇ ਲੈ ਲਈ।
ਇਸ ਕਾਨੂੰਨ ਦੇ ਪਹਿਲੇ ਰੂਪ ਤਹਿਤ ਸਾਲ 1958 ਵਿੱਚ ਪੰਜਾਬ ਰਾਜ ਭੰਡਾਰਨ ਨਿਗਮ ਦੀ ਸਥਾਪਨਾ ਕੀਤੀ ਗਈ ਸੀ।
ਹੋਰ ਕਿਹੜੀਆਂ ਸੰਸਥਾਵਾਂ ਅਨਾਜ ਭੰਡਾਰਨ ਵਾਸਤੇ ਜ਼ਿੰਮੇਵਾਰ ਹਨ?
ਪੰਜਾਬ ਰਾਜ ਭੰਡਾਰਨ ਨਿਗਮ ਤੋਂ ਇਲਾਵਾ ਪਨਗ੍ਰੇਨ, ਪਨਸਪ, ਮਾਰਕਫੈੱਡ, ਕੇਂਦਰੀ ਭੰਡਾਰਨ ਨਿਗਮ ਅਤੇ ਕੇਂਦਰੀ ਭੰਡਾਰਨ ਨਿਗਮ ਅਨਾਜ ਭੰਡਾਰਨ ਦੇ ਕੰਮ ਖੁਦ ਵੀ ਕਰਦੀਆਂ ਹਨ ਅਤੇ ਨਿਗਰਾਨੀ ਵੀ ਕਰਦੀਆਂ ਹਨ।
ਪੰਜਾਬ ਰਾਜ ਭੰਡਾਰਨ ਨਿਗਮ ਦੇ ਫ਼ੀਲਡ ਸਟਾਫ ਯੂਨੀਅਨ ਦੇ ਪ੍ਰਧਾਨ ਵਿਜੇ ਸ਼ਰਮਾ ਮੁਤਾਬਕ ਪੰਜਾਬ ਵਿੱਚ ਅਨਾਜ ਭੰਡਾਰਨ ਮੁੱਖ ਤੌਰ 'ਤੇ ਤਿੰਨ ਕਿਸਮਾਂ ਦਾ ਹੈ। ਇਸ ਵਿੱਚ ਕਵਰਡ ਗੋਦਾਮ, ਕਵਰ ਅਤੇ ਪਲਿੰਥ (ਸੀਏਪੀ) ਗੋਦਾਮ ਅਤੇ ਆਧੁਨਿਕ ਸਾਇਲੋ ਸ਼ਾਮਲ ਹਨ।
ਉਹ ਦੱਸਦੇ ਹਨ ਕਿ ਕਈ ਵਾਰ ਸਟੋਰੇਜ ਲਈ ਸ਼ੈਲਰਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ।
"ਜਦੋਂ ਅਨਾਜ ਦੇ ਭੰਡਾਰਨ ਲਈ ਜਗ੍ਹਾ ਦੀ ਕਮੀ ਆ ਜਾਂਦੀ ਹੈ, ਤਾਂ ਸ਼ੈਲਰਾਂ ਵਿੱਚ ਵੀ ਅਨਾਜ ਭੰਡਾਰ ਕਰ ਲਿਆ ਜਾਂਦਾ ਹੈ।"
ਕਵਰਡ ਗੋਦਾਮ ਕੀ ਹਨ?
ਸ਼ਰਮਾ ਦੱਸਦੇ ਹਨ ਕਿ ਕਵਰਡ ਗੋਦਾਮ ਪੱਕੇ ਇਮਾਰਤੀ ਗੋਦਾਮ ਹੁੰਦੇ ਹਨ। ਇੱਥੇ ਅਨਾਜ ਦੀ ਲੰਬੇ ਸਮੇਂ ਲਈ ਸੰਭਾਲ ਕੀਤੀ ਜਾਂਦੀ ਹੈ। ਕਵਰਡ ਅਤੇ ਪਲਿੰਥ (ਸੀਏਪੀ) ਗੋਦਾਮਾਂ ਦੇ ਮੁਕਾਬਲੇ ਅਜਿਹੇ ਗੋਦਾਮ ਬਣਾਉਣ ਵਿੱਚ ਖ਼ਰਚਾ ਵੱਧ ਆਉਂਦਾ ਹੈ।
ਇਹ ਗੋਦਾਮ ਹੋਰ ਗੋਦਾਮਾਂ ਵਾਂਗ ਹੀ ਐੱਫਸੀਆਈ, ਕੇਂਦਰੀ ਭੰਡਾਰਨ ਨਿਗਮ ਅਤੇ ਪੰਜਾਬ ਰਾਜ ਭੰਡਾਰਨ ਨਿਗਮ, ਪਨਸਪ, ਪਨਗ੍ਰੇਨ ਅਤੇ ਮਾਰਕਫੈੱਡ ਅਤੇ ਐੱਫਸੀਆਈ ਵੱਲੋਂ ਚਲਾਏ ਜਾਂਦੇ ਹਨ।
ਮਾਰਕਫੈੱਡ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਜਸਬੀਰ ਸਿੰਘ ਕਹਿੰਦੇ ਹਨ, "ਕਵਰਡ ਗੋਦਾਮਾਂ ਵਿੱਚ ਕਣਕ ਅਤੇ ਝੋਨੇ ਦੋਵਾਂ ਦਾ ਭੰਡਾਰ ਕੀਤਾ ਜਾ ਸਕਦਾ ਹੈ।"
ਕਵਰ ਅਤੇ ਪਲਿੰਥ (ਸੀਏਪੀ) ਕੀ ਹਨ?
ਸ਼ਰਮਾ ਦੱਸਦੇ ਹਨ ਕਿ ਇਸ ਤਰ੍ਹਾਂ ਦੇ ਗੋਦਾਮਾਂ ਵਿੱਚ ਕਿਸੇ ਤਰ੍ਹਾਂ ਦਾ ਇਮਾਰਤੀ ਢਾਂਚਾ ਨਹੀਂ ਹੁੰਦਾ। ਇਸ ਵਿੱਚ ਅਨਾਜ ਨੂੰ ਖੁੱਲ੍ਹੇ ਮੈਦਾਨ ਵਿੱਚ ਉੱਚੇ ਪਲਿੰਥ 'ਤੇ ਰੱਖ ਕੇ ਤਿਰਪਾਲ ਨਾਲ ਢੱਕਿਆ ਜਾਂਦਾ ਹੈ।
ਇਨ੍ਹਾਂ ਗੋਦਾਮਾਂ ਵਿੱਚ ਇੱਟਾਂ ਅਤੇ ਸੀਮੈਂਟ ਦੇ ਥੜ੍ਹੇ ਬਣੇ ਹੁੰਦੇ ਹਨ, ਜਿਨ੍ਹਾਂ ਨੂੰ ਪਲਿੰਥ ਕਿਹਾ ਜਾਂਦਾ ਹੈ। ਇਨ੍ਹਾਂ ਪਲਿੰਥਾਂ ਉੱਪਰ ਅਨਾਜ ਦੀਆਂ ਬੋਰੀਆਂ ਨੂੰ ਇੱਕ-ਦੂਜੇ ਉੱਪਰ ਰੱਖਿਆ ਜਾਂਦਾ ਹੈ। ਮਗਰੋਂ ਮੌਸਮੀ ਅਸਰ ਤੋਂ ਬਚਾਉਣ ਲਈ ਤਿਰਪਾਲ ਨਾਲ ਢੱਕ ਦਿੱਤਾ ਜਾਂਦਾ ਹੈ।
ਉਹ ਕਹਿੰਦੇ ਹਨ, "ਪਲਿੰਥਾਂ ਵਿੱਚ ਅਨਾਜ ਦੀ ਖਰਾਬੀ ਕਵਰਡ ਗੋਦਾਮਾਂ ਦੇ ਮੁਕਾਬਲੇ ਘੱਟ ਹੁੰਦਾ ਹੈ। ਅਜਿਹੇ ਗੋਦਾਮ ਬਣਾਉਣ ਵਿੱਚ ਲਾਗਤ ਵੀ ਘੱਟ ਆਉਂਦੀ ਹੈ।"
ਸਾਇਲੋ ਕੀ ਹਨ?
ਅਨਾਜ ਭੰਡਾਰਨ ਦੀ ਇਹ ਨਵੀਂ ਵਿਵਸਥਾ ਹੈ। ਇਸ ਵਿੱਚ ਅਨਾਜ ਨੂੰ ਆਧੁਨਿਕ ਢੰਗ ਨਾਲ ਸਟੋਰ ਕੀਤਾ ਜਾਂਦਾ ਹੈ। ਇਹ ਵਿਵਸਥਾ ਜ਼ਿਆਦਾ ਸੁਰੱਖਿਅਤ ਅਤੇ ਘੱਟ ਨੁਕਸਾਨ ਵਾਲੀ ਮੰਨੀ ਜਾਂਦੀ ਹੈ।
ਸ਼ਰਮਾ ਕਹਿੰਦੇ ਹਨ, "ਸਾਇਲੋ ਬਣਾਉਣ ਦੀ ਲਾਗਤ ਬਹੁਤ ਵੱਧ ਹੈ, ਪਰ ਇਹ ਅਨਾਜ ਭੰਡਾਰਨ ਦਾ ਸਭ ਤੋਂ ਵਧੀਆ, ਸੁਰੱਖਿਅਤ ਅਤੇ ਹਾਈਟੈਕ ਪ੍ਰਬੰਧ ਹੈ।"
ਪੰਜਾਬ ਦਾ ਅਨਾਜ ਸਟੋਰੇਜ ਸਿਸਟਮ ਹੁਣ ਹੌਲੀ-ਹੌਲੀ ਰਵਾਇਤੀ ਗੋਦਾਮਾਂ ਤੋਂ ਆਧੁਨਿਕ ਤਕਨਾਲੋਜੀ ਵੱਲ ਵੱਧ ਰਿਹਾ ਹੈ। ਇਹ ਬਦਲਾਅ ਦੇਸ਼ ਦੀ ਭੋਜਨ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਸ਼ੈਲਰਾਂ ਦੀ ਵਰਤੋਂ ਕਦੋਂ ਹੁੰਦੀ ਹੈ?
ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਕਹਿੰਦੇ ਹਨ, "ਭੰਡਾਰਨ ਲਈ ਸ਼ੈਲਰਾਂ ਦੀ ਵਰਤੋਂ ਸਿਰਫ਼ ਕਣਕ ਦੇ ਭੰਡਾਰਨ ਲਈ ਕੀਤੀ ਜਾਂਦੀ ਹੈ। ਇਸ ਲਈ ਸ਼ੈਲਰ ਮਾਲਕਾਂ ਨਾਲ ਸੀਜ਼ਨ ਦੇ ਮੁਤਾਬਕ ਠੇਕਾ ਕੀਤਾ ਜਾਂਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ