You’re viewing a text-only version of this website that uses less data. View the main version of the website including all images and videos.
ਕੀਟਨਾਸ਼ਕ ਨਾਲ ਜੁੜੀ ਇੱਕ ਅਜਿਹੀ ਤ੍ਰਾਸਦੀ ਜੋ ਭਾਰਤ ਦੇ ਇਸ ਸੂਬੇ ਨੂੰ ਅੱਜ ਵੀ ਸਤਾ ਰਹੀ
- ਲੇਖਕ, ਸ਼ਰਲਿਨ ਮੋਲਾਨ
- ਪੜ੍ਹਨ ਦਾ ਸਮਾਂ: 8 ਮਿੰਟ
ਚੇਤਾਵਨੀ: ਇਸ ਕਹਾਣੀ ਵਿੱਚ ਅਜਿਹੀਆਂ ਤਸਵੀਰਾਂ ਹਨ, ਜੋ ਕੁਝ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੀਆਂ ਹਨ।
ਵਿਗੜੇ ਹੋਏ ਅੰਗਾਂ ਅਤੇ ਸੁੱਜੇ ਹੋਏ ਸਿਰ ਵਾਲੇ ਬੱਚਿਆਂ ਦੀ ਦਿਲ ਦਹਲਾ ਦੇਣ ਵਾਲੀਆਂ ਤਸਵੀਰਾਂ, ਕੋਚੀ-ਮੁਜ਼ਿਰਿਸ ਬੀਏਨਾਲੇ ਵਿੱਚ ਲੱਗੀਆਂ ਪ੍ਰਦਰਸ਼ਨੀਆਂ ਵਿੱਚੋਂ ਇੱਕ ਦਾ ਹਿੱਸਾ ਹਨ। ਸਮਕਾਲੀ ਕਲਾ ਦੀ ਇਹ ਪ੍ਰਦਰਸ਼ਨੀ ਹਰ ਸਾਲ ਦੱਖਣੀ ਭਾਰਤੀ ਸੂਬੇ ਕੇਰਲ ਵਿੱਚ ਆਯੋਜਿਤ ਕੀਤੀ ਜਾਂਦੀ ਹੈ।
ਫੋਟੋ ਪੱਤਰਕਾਰ ਮਧੁਰਾਜ (ਜੋ ਸਿਰਫ਼ ਇੱਕ ਨਾਮ ਦਾ ਇਸਤੇਮਾਲ ਕਰਦੇ ਹਨ) ਵੱਲੋਂ ਖਿੱਚੀਆਂ ਗਈਆਂ ਇਹ ਤਸਵੀਰਾਂ 1990 ਅਤੇ 2000 ਦੇ ਦਹਾਕਿਆਂ ਵਿੱਚ ਕੇਰਲ ਦੇ ਕਾਸਰਗੋਡ ਜ਼ਿਲ੍ਹੇ ਵਿੱਚ ਸੈਂਕੜਿਆਂ ਬੱਚਿਆਂ ਦੀ ਸਿਹਤ 'ਤੇ ਐਂਡੋਸਲਫਾਨ ਕੀਟਨਾਸ਼ਕ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੀਆਂ ਹਨ, ਜੋ ਕਿ ਇੱਕ ਸਸਤਾ ਪਰ ਬਹੁਤ ਹੀ ਜ਼ਹਿਰੀਲਾ ਕੀਟਨਾਸ਼ਕ ਹੈ।
1970 ਦੇ ਦਹਾਕੇ ਤੋਂ ਸ਼ੁਰੂ ਹੋ ਕੇ 20 ਸਾਲ ਤੋਂ ਵੀ ਵੱਧ ਸਮੇਂ ਤੱਕ ਕੇਰਲ ਦੇ ਪਲਾਂਟੇਸ਼ਨ ਕਾਰਪੋਰੇਸ਼ਨ ਨੇ ਕਾਸਰਗੋਡ ਵਿੱਚ ਕਾਜੂ ਦੇ ਬਾਗਾਂ 'ਤੇ ਸਾਲ ਵਿੱਚ ਦੋ ਤੋਂ ਤਿੰਨ ਵਾਰ ਐਂਡੋਸਲਫਾਨ ਦਾ ਛਿੜਕਾਅ ਕੀਤਾ। ਬਾਅਦ ਵਿੱਚ, ਇਸ ਕੀਟਨਾਸ਼ਕ ਦਾ ਇਸਤੇਮਾਲ ਚਾਹ, ਚੌਲ ਅਤੇ ਅੰਬ ਵਰਗੀਆਂ ਫ਼ਸਲਾਂ 'ਤੇ ਵੀ ਕੀਤਾ ਗਿਆ।
1990 ਦੇ ਦਹਾਕੇ ਵਿੱਚ, ਸਥਾਨਕ ਨਿਵਾਸੀਆਂ ਨੇ ਜਾਨਵਰਾਂ ਅਤੇ ਬੱਚਿਆਂ ਵਿੱਚ ਜਨਮਜਾਤ ਵਿਗਾੜਾਂ ਦੀ ਸ਼ਿਕਾਇਤ ਕੀਤੀ, ਜਿਨ੍ਹਾਂ ਵਿੱਚ ਸੇਰੇਬਰਲ ਪਾਲਸੀ, ਮਿਰਗੀ ਅਤੇ ਹਾਈਡਰੋਸੇਫ਼ਲਸ (ਦਿਮਾਗ ਵਿੱਚ ਤਰਲ ਪਦਾਰਥ ਇਕੱਠਾ ਹੋਣਾ) ਵਰਗੀਆਂ ਸਰੀਰਕ ਅਤੇ ਨਰਵਸ ਸਿਸਟਮ ਨਾਲ ਸੰਬੰਧਿਤ ਸਮੱਸਿਆਵਾਂ ਸ਼ਾਮਲ ਸਨ।
ਸਥਾਨਕ ਲੋਕਾਂ ਨੇ ਚਮੜੀ 'ਤੇ ਚਕਤੇ, ਹਾਰਮੋਨ ਨਾਲ ਸੰਬੰਧਿਤ ਸਮੱਸਿਆਵਾਂ, ਦਮਾ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦੀ ਵੀ ਸ਼ਿਕਾਇਤ ਕੀਤੀ, ਅਜਿਹੀਆਂ ਬਿਮਾਰੀਆਂ ਜਿਨ੍ਹਾਂ ਨੂੰ ਬਾਅਦ ਵਿੱਚ ਕੁਝ ਵਾਤਾਵਰਨ ਸੰਸਥਾਵਾਂ ਅਤੇ ਕੇਰਲ ਸਰਕਾਰ ਨੇ ਐਂਡੋਸਲਫਾਨ ਜ਼ਹਿਰ ਨਾਲ ਜੋੜਿਆ।
ਭਾਰਤ ਦੇ ਕੁਝ ਵਿਗਿਆਨੀਆਂ ਨੇ ਐਂਡੋਸਲਫਾਨ ਨੂੰ ਇਨ੍ਹਾਂ ਬਿਮਾਰੀਆਂ ਨਾਲ ਜੋੜਨ 'ਤੇ ਸਵਾਲ ਉਠਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਲਈ ਕਾਫ਼ੀ ਸਬੂਤ ਨਹੀਂ ਹਨ। ਪਰ 2004 ਵਿੱਚ ਕੇਰਲ ਦੇ ਪ੍ਰਦੂਸ਼ਣ ਨਿਯੰਤਰਣ ਬੋਰਡ ਨੇ ਇਸ ਕੀਟਨਾਸ਼ਕ ਦੇ ਇਸਤੇਮਾਲ 'ਤੇ ਰੋਕ ਲਗਾ ਦਿੱਤੀ।
2011 ਵਿੱਚ, ਸਟਾਕਹੋਮ ਕਨਵੇਂਸ਼ਨ ਆਨ ਪਰਸਿਸਟੈਂਟ ਆਰਗੈਨਿਕ ਪੋਲਿਊਟੈਂਟਸ' ਨੇ ਇਸ ਦੇ ਉਤਪਾਦਨ ਅਤੇ ਇਸਤੇਮਾਲ 'ਤੇ ਦੁਨੀਆ ਭਰ ਵਿੱਚ ਪਾਬੰਦੀ ਲਗਾ ਦਿੱਤੀ।
ਉਸੇ ਸਾਲ, ਭਾਰਤ ਦੇ ਸੁਪਰੀਮ ਕੋਰਟ ਨੇ ਪੂਰੇ ਦੇਸ਼ ਵਿੱਚ ਐਂਡੋਸਲਫਾਨ ਦੇ ਇਸਤੇਮਾਲ, ਵਿੱਕਰੀ, ਉਤਪਾਦਨ ਅਤੇ ਨਿਰਯਾਤ (ਬਰਾਮਦ) 'ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ।
ਸਾਲ 2017 ਵਿੱਚ ਸੁਪਰੀਮ ਕੋਰਟ ਨੇ ਕੇਰਲ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ 5,000 ਪੀੜਤਾਂ ਵਿੱਚੋਂ ਹਰੇਕ ਨੂੰ ਮੁਆਵਜ਼ੇ ਵਜੋਂ 500,000 ਰੁਪਏ ਦੀ ਅਦਾਇਗੀ ਕਰੇ। ਪਰ ਮਧੁਰਾਜ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਕੁਝ ਪੀੜਤਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਇਹ ਰਕਮ ਨਹੀਂ ਮਿਲੀ ਹੈ।
ਚੇਤਾਵਨੀ: ਇਨ੍ਹਾਂ ਤਸਵੀਰਾਂ ਵਿੱਚ ਕੁਝ ਅਜਿਹੇ ਦ੍ਰਿਸ਼ ਹਨ ਜੋ ਕੁਝ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।
ਬੀਬੀਸੀ ਨੇ ਇਸ ਮਾਮਲੇ 'ਤੇ ਸੂਬਾ ਸਰਕਾਰ ਦੀ ਪ੍ਰਤੀਕਿਰਿਆ ਜਾਣਨ ਲਈ ਸੂਬੇ ਦੇ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਹੈ। ਪੀੜਤਾਂ ਵਿੱਚੋਂ ਕਈ ਗਰੀਬ ਮਜ਼ਦੂਰ ਸਨ ਅਤੇ ਉਨ੍ਹਾਂ ਦੇ ਪਰਿਵਾਰ ਉਨ੍ਹਾਂ ਪੱਛੜੀਆਂ ਜਾਤੀਆਂ ਅਤੇ ਕਬਾਇਲੀ ਸਮੂਹਾਂ ਤੋਂ ਆਉਂਦੇ ਸਨ, ਜਿਨ੍ਹਾਂ ਨੂੰ ਠੀਕ ਪੋਸ਼ਣ ਅਤੇ ਸਿਹਤ ਸੇਵਾਵਾਂ ਬਹੁਤ ਘੱਟ ਮਿਲਦੀਆਂ ਸਨ।
ਮਧੁਰਾਜ ਨੇ ਕਾਸਰਗੋਡ ਵਿੱਚ ਐਂਡੋਸਲਫਾਨ ਦੀ ਸਮੱਸਿਆ ਦਾ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੱਕ ਦਸਤਾਵੇਜ਼ੀਕਰਨ ਕੀਤਾ। ਉਨ੍ਹਾਂ ਨੇ ਇਸ ਕੀਟਨਾਸ਼ਕ ਨਾਲ ਪ੍ਰਭਾਵਿਤ ਮੰਨੇ ਜਾਣ ਵਾਲੇ ਲੋਕਾਂ ਦੇ ਘਰਾਂ ਵਿੱਚ ਕਈ ਵਾਰ ਜਾ ਕੇ, ਉਨ੍ਹਾਂ ਦੇ ਜੀਵਨ 'ਤੇ ਇਸ ਦੇ ਅਸਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।
ਮਧੁਰਾਜ ਨੇ ਬੀਬੀਸੀ ਨੂੰ ਦੱਸਿਆ, "ਮੈਂ ਪੀੜਤਾਂ 'ਤੇ ਪੈਣ ਵਾਲੇ ਕਮਜ਼ੋਰ ਕਰ ਦੇਣ ਵਾਲੇ ਪ੍ਰਭਾਵ ਨੂੰ ਆਪਣੀ ਅੱਖੀਂ ਦੇਖਿਆ ਹੈ ਅਤੇ ਇਹ ਵੀ ਦੇਖਿਆ ਹੈ ਕਿ ਕਿਵੇਂ ਇਸ ਕੀਟਨਾਸ਼ਕ ਨੇ ਪੂਰੇ ਦੇ ਪੂਰੇ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਹੈ।"
ਉਹ ਅੱਗੇ ਕਹਿੰਦੇ ਹਨ, "ਕਈ ਘਰਾਂ ਵਿੱਚ, ਜੋੜਿਆਂ ਦੇ ਕਈ ਬੱਚੇ ਅਜਿਹੇ ਹਨ ਜੋ ਸਰੀਰਕ ਅਤੇ ਮਾਨਸਿਕ ਤੌਰ 'ਤੇ ਅਪਾਹਜ ਹਨ, ਜਿਸ ਕਾਰਨ ਉਨ੍ਹਾਂ ਦੀ ਦੇਖਭਾਲ ਕਰਨੀ ਬਹੁਤ ਮੁਸ਼ਕਲ ਹੋ ਜਾਂਦੀ ਹੈ। ਮੈਂ ਬਜ਼ੁਰਗ ਲੋਕਾਂ ਨੂੰ ਵੀ ਆਪਣੇ ਅਜਿਹੇ ਜੀਵਨ ਸਾਥੀ ਦੀ ਦੇਖਭਾਲ ਲਈ ਸੰਘਰਸ਼ ਕਰਦੇ ਦੇਖਿਆ ਹੈ, ਜਿਨ੍ਹਾਂ ਨੂੰ ਇਸ ਕੀਟਨਾਸ਼ਕ ਦੇ ਲੰਮੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਕਾਰਨ ਬਿਮਾਰੀਆਂ ਹੋ ਗਈਆਂ ਹਨ।"
ਇਸ ਪ੍ਰਦਰਸ਼ਨੀ ਵਿੱਚ ਮਧੁਰਾਜ ਦੁਆਰਾ ਲਈਆਂ ਗਈਆਂ ਕੁਝ ਤਸਵੀਰਾਂ ਹਨ, ਜੋ ਪਿਛਲੇ ਢਾਈ ਦਹਾਕਿਆਂ ਵਿੱਚ ਖਿੱਚੀਆਂ ਗਈਆਂ ਹਨ।
1990 ਦੇ ਦਹਾਕੇ ਦੇ ਅੰਤ ਅਤੇ 2000 ਦੇ ਦਹਾਕੇ ਦੀ ਸ਼ੁਰੂਆਤ ਵਿੱਚ, ਸਿਵਲ ਸੋਸਾਇਟੀ ਸਮੂਹਾਂ, ਵਾਤਾਵਰਨ ਸੰਗਠਨਾਂ ਅਤੇ ਸਥਾਨਕ ਲੋਕਾਂ ਨੇ ਐਂਡੋਸਲਫਾਨ 'ਤੇ ਪਾਬੰਦੀ ਦੀ ਮੰਗ ਕਰਦੇ ਹੋਏ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕੀਤੇ। ਕਈ ਸਾਲਾਂ ਤੱਕ, ਉਹ ਮਾਪੇ ਜਿਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੇ ਬੱਚੇ ਇਸ ਕੀਟਨਾਸ਼ਕ ਨਾਲ ਪ੍ਰਭਾਵਿਤ ਹੋਏ ਹਨ, ਆਪਣੇ ਬਿਮਾਰ ਬੱਚਿਆਂ ਨੂੰ ਨਾਲ ਲੈ ਕੇ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੁੰਦੇ ਰਹੇ, ਅਤੇ ਸਰਕਾਰ ਤੋਂ ਚਿਕਿਤਸਾ ਸਹਾਇਤਾ ਅਤੇ ਮੁਆਵਜ਼ੇ ਦੀ ਮੰਗ ਕਰਦੇ ਰਹੇ।
ਮਧੁਰਾਜ ਕਹਿੰਦੇ ਹਨ ਕਿ ਇਨ੍ਹਾਂ ਮਾਪਿਆਂ ਨੇ ਨਿੱਜੀ ਅਤੇ ਜਨਤਕ, ਦੋਵੇਂ ਪੱਧਰਾਂ 'ਤੇ ਲੜਾਈ ਲੜੀ ਅਤੇ ਇਸ ਵਿੱਚ ਕਈ ਸਾਲ ਬਿਤਾ ਦਿੱਤੇ ਹਨ। ਅਤੇ ਇਸ ਵਿੱਚ ਸਭ ਤੋਂ ਮੁਸ਼ਕਲ ਲੜਾਈ ਆਪਣੇ ਬੱਚਿਆਂ ਨੂੰ ਜ਼ਿੰਦਾ ਰੱਖਣ ਦੀ ਰਹੀ ਹੈ।
ਮਧੁਰਾਜ ਕਹਿੰਦੇ ਹਨ, "ਪ੍ਰਭਾਵਿਤ ਇਲਾਕਿਆਂ ਵਿੱਚ ਮੈਂ ਜਿੰਨੀਆਂ ਵੀ ਯਾਤਰਾਵਾਂ ਕੀਤੀਆਂ ਹਨ, ਉਨ੍ਹਾਂ ਸਭ ਤੋਂ ਮੈਨੂੰ ਇਹ ਪੱਕਾ ਯਕੀਨ ਹੋ ਗਿਆ ਹੈ ਕਿ ਕੇਰਲ, ਜਿਸ ਨੇ ਸਿਹਤ ਦੇ ਖੇਤਰ ਵਿੱਚ ਬਹੁਤ ਤਰੱਕੀ ਕੀਤੀ ਹੈ, ਉਸ ਨੇ ਐਂਡੋਸਲਫਾਨ ਤ੍ਰਾਸਦੀ ਦੇ ਪੀੜਤਾਂ ਨਾਲ ਇਨਸਾਫ਼ ਨਹੀਂ ਕੀਤਾ ਹੈ।"
ਵਿਮਲਾ ਅਤੇ ਉਨ੍ਹਾਂ ਦੀ ਧੀ ਰੇਸ਼ਮਾ ਦੀ ਦੁਖਦਾਈ ਕਹਾਣੀ ਐਂਡੋਸਲਫਾਨ ਤ੍ਰਾਸਦੀ ਦੇ ਦਿਲ ਦਹਲਾ ਦੇਣ ਵਾਲੇ ਰੂਪ ਨੂੰ ਉਜਾਗਰ ਕਰਦੀ ਹੈ। ਜਿਸ ਸਮੇਂ ਰੇਸ਼ਮਾ ਦੀ ਮੌਤ ਹੋਈ, ਉਹ 28 ਸਾਲ ਦੀ ਸੀ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਰੇਸ਼ਮਾ ਜਨਮ ਤੋਂ ਹੀ ਮਾਨਸਿਕ ਤੌਰ 'ਤੇ ਅਪਹਾਜ ਸੀ ਅਤੇ ਉਸਦੀ ਦੇਖਭਾਲ ਉਸਦੀ ਦਾਦੀ ਕਰਦੀ ਸੀ, ਜਦਕਿ ਉਸ ਦੀ ਮਾਂ ਕੰਮ 'ਤੇ ਜਾਂਦੀ ਸੀ। ਜਦੋਂ ਰੇਸ਼ਮਾ ਛੋਟੀ ਸੀ, ਉਦੋਂ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। 2014 ਵਿੱਚ ਉਸ ਦੀ ਦਾਦੀ ਦਾ ਵੀ ਦੇਹਾਂਤ ਹੋ ਗਿਆ।
ਸਾਲ 2019 ਵਿੱਚ, ਕੋਵਿਡ-19 ਮਹਾਮਾਰੀ ਦੌਰਾਨ ਉਹ ਖਾਸ ਸਕੂਲ ਬੰਦ ਹੋ ਗਿਆ ਜਿੱਥੇ ਰੇਸ਼ਮਾ ਪੜ੍ਹਨ ਜਾਂਦੀ ਸੀ। ਪੁਲਿਸ ਨੇ ਦੱਸਿਆ ਕਿ 2022 ਵਿੱਚ ਵਿਮਲਾ ਨੇ ਕਥਿਤ ਤੌਰ 'ਤੇ ਆਪਣੀ ਧੀ ਦੀ ਹੱਤਿਆ ਕਰਨ ਤੋਂ ਬਾਅਦ ਖੁਦ ਵੀ ਆਪਣੀ ਜਾਨ ਦੇ ਦਿੱਤੀ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਵਿਮਲਾ ਨੂੰ ਇੱਕਲੇ ਆਪਣੀ ਧੀ ਦੀ ਦੇਖਭਾਲ ਕਰਨ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਮਧੁਰਾਜ ਨੇ ਦੱਸਿਆ ਕਿ ਉਨ੍ਹਾਂ ਨੇ ਕੋਚੀ ਬੀਏਨਾਲੇ ਵਿੱਚ ਐਂਡੋਸਲਫਾਨ ਤ੍ਰਾਸਦੀ ਨਾਲ ਜੁੜੀਆਂ ਆਪਣੀਆਂ ਤਸਵੀਰਾਂ ਨੂੰ ਪ੍ਰਦਰਸ਼ਿਤ ਕਰਨ ਦਾ ਫ਼ੈਸਲਾ ਇਸ ਲਈ ਕੀਤਾ, ਕਿਉਂਕਿ ਉਹ ਚਾਹੁੰਦੇ ਸਨ ਕਿ ਇਸ ਮਸਲੇ 'ਤੇ ਲੋਕਾਂ ਦਾ ਧਿਆਨ ਵੱਧ ਤੋਂ ਵੱਧ ਜਾਵੇ।
ਉਨ੍ਹਾਂ ਅੱਗੇ ਕਿਹਾ, "ਇਸ ਤਰ੍ਹਾਂ ਦੀਆਂ ਤ੍ਰਾਸਦੀਆਂ ਅਤੇ ਉਨ੍ਹਾਂ ਤੋਂ ਹੋਣ ਵਾਲੇ ਮਨੁੱਖੀ ਨੁਕਸਾਨ ਨੂੰ ਕਦੇ ਭੁੱਲਿਆ ਨਹੀਂ ਜਾਣਾ ਚਾਹੀਦਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ